ਬੂਟਾ ਸਿੰਘ
ਫੋਨ: +91-94634-74342
ਵੈਂਜ਼ੂਏਲਾ ਵਿਚ 23 ਜਨਵਰੀ ਨੂੰ ਹੋਏ ਰਾਜ ਪਲਟੇ ਵਿਚ ਦੋ ਨੁਕਤੇ ਖਾਸ ਉਘੜਵੇ ਹਨ। ਪਹਿਲਾ, ਇਹ ਖਾਸ ਤੌਰ ‘ਤੇ ਪ੍ਰਤੱਖ ਹੈ; ਹਾਲਾਂਕਿ ਆਪਣੀ ਖਸਲਤ ਅਨੁਸਾਰ ਟਰੰਪ ਪ੍ਰਸ਼ਾਸਨ ਰਾਜ ਪਲਟੇ ਅਤੇ ਇਸ ਵਿਚ ਆਪਣੀ ਘਿਨਾਉਣੀ ਭੂਮਿਕਾ ਉਪਰ ਪਰਦਾ ਪਾਉਣ ਦੀ ਪੂਰੀ ਵਾਹ ਲਾ ਰਿਹਾ ਹੈ। ਦੂਜਾ, ਰਾਜ ਪਲਟੇ ਨੂੰ ਨੰਗੇ ਝੂਠਾਂ ਉਪਰ ਉਸਾਰਿਆ ਗਿਆ ਹੈ, ਇਹਨਾਂ ਨੂੰ ਵਾਸ਼ਿੰਗਟਨ ਅਤੇ ਉਸ ਦੇ ਜੋਟੀਦਾਰ ਮੁੜ-ਮੁੜ ਦੁਹਰਾ ਕੇ ਸੱਚ ਬਣਾਉਣ ਦੀ ਕਵਾਇਦ ਕਰ ਰਹੇ ਹਨ। ਡੋਨਾਲਡ ਟਰੰਪ ਨੇ ਟਵੀਟ ਕੀਤਾ, “ਵੈਂਜ਼ੂਏਲਾ ਦੇ ਨਾਗਰਿਕ ਲੰਬੇ ਸਮੇਂ ਤੋਂ ਨਿਕੋਲਸ ਮਾਦੁਰੋ ਦੇ ਨਾਜਾਇਜ਼ ਰਾਜ ਦਾ ਸੰਤਾਪ ਝੱਲਦੇ ਆ ਰਹੇ ਸਨ।
ਅੱਜ ਮੈਂ ਵੈਂਜ਼ੂਏਲਾ ਦੀ ਨੈਸ਼ਨਲ ਅਸੈਂਬਲੀ ਦੇ ਰਾਸ਼ਟਰਪਤੀ ਜੂਆਨ ਗਿਆਦੋ ਨੂੰ ਵੈਂਜ਼ੂਏਲਾ ਦੇ ਅੰਤ੍ਰਿਮ ਰਾਸ਼ਟਰਪਤੀ ਵਜੋਂ ਅਧਿਕਾਰਤ ਤੌਰ ‘ਤੇ ਮਾਨਤਾ ਦੇ ਦਿੱਤੀ ਹੈ।” ਅਮਰੀਕਾ ਸਮੇਤ 20 ਮੁਲਕਾਂ ਨੇ ਆਪੇ ਬਣੇ ‘ਅੰਤ੍ਰਿਮ ਰਾਸ਼ਟਰਪਤੀ’ ਨੂੰ ਮਾਨਤਾ ਦੇ ਦਿੱਤੀ ਹੈ। ਦੁਨੀਆ ਭਰ ਦਾ ਕਾਰਪੋਰੇਟ ਕਬਜ਼ੇ ਵਾਲਾ ਮੀਡੀਆ ਹਮੇਸ਼ਾ ਵਾਂਗ ਵ੍ਹਾਈਟ ਹਾਊਸ ਦੇ ਕੂੜ ਨੂੰ ਪ੍ਰਚਾਰਨ ਦਾ ਸੰਦ ਬਣਿਆ ਹੋਇਆ ਹੈ। ਅਮਰੀਕਨ ਹੁਕਮਰਾਨ ਵੈਂਜ਼ੂਏਲਾ ਦੇ ਅਵਾਮ ਦੇ ਫਤਵੇ ਨੂੰ ਉਲਟਾਉਣ ਲਈ ਐਨਾ ਤਾਹੂ ਕਿਉਂ ਹਨ?
ਡੇਢ ਦਹਾਕਾ ਪਹਿਲਾਂ ਕਿਊਬਾ ਨੂੰ ਛੱਡ ਕੇ ਪੂਰਾ ਲਾਤੀਨੀ ਅਮਰੀਕਾ, ਇਕ ਤਰ੍ਹਾਂ ਨਾਲ ਅਮਰੀਕਾ ਦੀ ਗ੍ਰਿਫਤ ਵਿਚ ਸੀ। ਇਸ ਨੂੰ ਉਹ ਆਪਣਾ ਪਿਛਵਾੜਾ ਕਹਿੰਦੇ ਸਨ। ਇਤਿਹਾਸ ਗਵਾਹ ਹੈ ਕਿ ਬੀਤੇ ਵਿਚ ਜਿਸ ਰਾਸ਼ਟਰਪਤੀ ਨੇ ਵੀ ਬਦਲਾਓ ਦਾ ਰਸਤਾ ਚੁਣਿਆ, ਜਿਵੇਂ ਚਿੱਲੀ, ਉਸੇ ਨੂੰ ਕਤਲ ਕਰਵਾ ਦਿੱਤਾ ਗਿਆ। ਫਿਰ ਇਕ ਵਕਤ ਆਇਆ ਜਦੋਂ ਹਿਊਗੋ ਸ਼ਾਵੇਜ਼ ਦੀ ਅਗਵਾਈ ਵਿਚ ਵੈਂਜ਼ੂਏਲਾ ਨੇ ਅਮਰੀਕਨ ਜਕੜ ਨੂੰ ਤੋੜਿਆ। ਦੇਖਦੇ-ਦੇਖਦੇ ਚਿੱਲੀ, ਬੋਲੀਵੀਆ, ਅਰਜਨਟਾਈਨਾ, ਬਰਾਜ਼ੀਲ, ਪੇਰੂਗੁਏ, ਉਰੂਗੁਏ ਸਮੇਤ (ਕੋਲੰਬੀਆ ਨੂੰ ਛੱਡ ਕੇ ਜਿਥੇ ਖੱਬਾ ਉਮੀਦਵਾਰ ਮਹਿਜ਼ ਅੱਧੀ ਫੀਸਦੀ ਵੋਟ ਦੇ ਫਰਕ ਨਾਲ ਹਾਰ ਗਿਆ) ਤਮਾਮ ਲਾਤੀਨੀ ਅਮਰੀਕੀ ਮੁਲਕਾਂ ਵਿਚ ਅਮਰੀਕਨ ਪਿੱਠੂ ਸੱਤਾ ਤੋਂ ਬਾਹਰ ਹੁੰਦੇ ਗਏ। ਕਾਰਪੋਰੇਟ ਕੰਪਨੀਆਂ ਅਤੇ ਅਜਾਰੇਦਾਰ ਵਿਤੀ ਸੰਸਥਾਵਾਂ ਦੀਆਂ ਮਨਮਾਨੀਆਂ ਨੂੰ ਲਗਾਮ ਪਾਈ ਗਈ ਅਤੇ ਇਥੋਂ ਦੇ ਵਿਤੀ ਵਸੀਲਿਆਂ ਦਾ ਚੋਖਾ ਹਿੱਸਾ ਕਾਰਪੋਰੇਟਾਂ ਦੇ ਸੁਪਰ ਮੁਨਾਫੇ ਬਣਨ ਦੀ ਬਜਾਏ ਸਿੱਖਿਆ, ਸਿਹਤ ਸੇਵਾਵਾਂ ਅਤੇ ਘਰ ਮੁਹੱਈਆ ਕਰਵਾਉਣ ਲਈ ਖਰਚਿਆ ਜਾਣ ਲੱਗਿਆ। ਇਹਨਾਂ ਮੁਲਕਾਂ ਨੇ ਮਿਲ ਕੇ ਆਪਸੀ ਮਦਦ ਲਈ ਸਾਮਰਾਜਵਾਦੀ ਸੰਸਥਾਵਾਂ ਆਲਮੀ ਬੈਂਕ ਅਤੇ ਆਈ.ਐਮ.ਐਫ਼ ਦੇ ਮੁਕਾਬਲੇ ਆਪਣਾ ਬੈਂਕ ਬਣਾਇਆ। ਅਮਰੀਕਾ ਨੂੰ ਦੱਖਣੀ ਅਮਰੀਕਨ ਮੁਲਕਾਂ ਦੀ ਸੰਸਥਾ ‘ਆਰਗੇਨਾਈਜੇਸ਼ਨ ਆਫ ਅਮੈਰੀਕਨ ਸਟੇਟਸ’ ਵਿਚੋਂ ਬਾਹਰ ਕਰ ਦਿੱਤਾ ਗਿਆ। ਪੰਜ ਸਦੀਆਂ ਪੁਰਾਣੇ ਬਸਤੀਵਾਦ ਵਿਰੋਧੀ ਨਾਇਕ ਸਾਈਮਨ ਦ ਬੋਲੀਵਰ ਦੇ ਨਾਂ ਉਪਰ ਮਸ਼ਹੂਰ ਹੋਇਆ ਇਹ ‘ਬੋਲੀਵੇਰੀਅਨ ਬਦਲ’ ਆਲਮੀ ਕਾਰਪੋਰੇਟ ਸਰਮਾਏ ਅਤੇ ਅਮਰੀਕਨ ਰਾਜ ਲਈ ਵੱਡੀ ਸਿਰਦਰਦੀ ਬਣ ਗਿਆ। ਸ਼ਾਵੇਜ਼ ਦੇ ਜਿਊਂਦੇ ਜੀਅ ਅਤੇ ਉਸ ਦੀ ਮੌਤ ਤੋਂ ਬਾਅਦ ਵੈਂਜ਼ੂਏਲਾ ਦੇ ਖਿਲਾਫ ਸਿਰਤੋੜ ਅਮਰੀਕੀ ਸਾਜ਼ਿਸ਼ਾਂ ਕਦੇ ਬੰਦ ਨਹੀਂ ਹੋਈਆਂ। ਹਾਲ ਹੀ ਵਿਚ ਬਰਾਜ਼ੀਲ ਦੀਆਂ ਚੋਣਾਂ ਵਿਚ ਘੋਰ ਸੱਜੇਪੱਖੀ ਜਨੂੰਨੀ ਦੀ ਜਿੱਤ ਨਾਲ ਟਰੰਪ ਕੁਝ ਜ਼ਿਆਦਾ ਹੀ ਤੱਤਾ ਵਗਣ ਲੱਗ ਪਿਆ।
ਦਰਅਸਲ, ਰੂਸ ਅਤੇ ਚੀਨ ਨਾਲ ਵੈਂਜ਼ੂਏਲਾ ਦੀ ਨੇੜਤਾ ਵੀ ਅਮਰੀਕਾ ਲਈ ਵੱਡੀ ਚੁਣੌਤੀ ਬਣ ਚੁੱਕੀ ਹੈ। ਵੈਂਜ਼ੂਏਲਾ ਕੋਲ ਦੁਨੀਆ ਦੇ ਸਭ ਤੋਂ ਵੱਡੇ ਤੇਲ-ਭੰਡਾਰ ਹਨ ਅਤੇ ਤੇਲ ਦਾ ਉਸ ਦੀ ਆਰਥਿਕਤਾ ਵਿਚ ਵੱਡਾ ਯੋਗਦਾਨ ਹੈ। ਵੈਂਜ਼ੂਏਲਾ ਸੋਨੇ ਦੇ ਦੂਜੇ ਸਭ ਤੋਂ ਵੱਡੇ ਭੰਡਾਰਾਂ ਨਾਲ ਭਰਪੂਰ ਹੋਣ ਦੇ ਨਾਲ-ਨਾਲ ਹੀਰੇ ਅਤੇ ਕੋਲਟਨ ਵਰਗੇ ਹੋਰ ਖਣਿਜਾਂ ਦੇ ਅਮੀਰ ਭੰਡਾਰਾਂ ਦਾ ਮਾਲਕ ਵੀ ਹੈ ਜੋ ਇਲੈਕਟ੍ਰਿਕ ਯੰਤਰ ਬਣਾਉਣ ਲਈ ਵਰਤੋਂ ਵਿਚ ਆਉਂਦਾ ਹੈ। ਵੈਂਜ਼ੂਏਲਾ ਦਾ ਓਪੇਕ (ਤੇਲ ਉਤਪਾਦਕ ਮੁਲਕਾਂ ਦੀ ਸੰਸਥਾ) ਦਾ ਪ੍ਰਧਾਨ ਬਣਨਾ ਅਮਰੀਕੀ-ਯੂਰਪੀ ਕਾਰਪੋਰੇਟ ਸਰਮਾਏ ਦੇ ਹਿਤਾਂ ਦੇ ਖਿਲਾਫ ਹੈ ਜੋ ਤੇਲ ਭੁਗਤਾਨ ਲਈ ਗ਼ੈਰ-ਡਾਲਰ ਕਾਰੰਸੀ ਜਾਂ ਕ੍ਰਿਪਟੋਕਰੰਸੀ ਨੂੰ ਅਮਲ ਵਿਚ ਲਿਆ ਕੇ ਅਮਰੀਕੀ ਡਾਲਰ ਦੀ ਸਰਦਾਰੀ ਨੂੰ ਸੱਟ ਮਾਰ ਸਕਦਾ ਹੈ।
ਤੱਥ ਇਹ ਹੈ ਕਿ ਰਾਸ਼ਟਰਪਤੀ ਮਾਦੁਰੋ ਦੀ ਚੋਣ ਪੂਰੀ ਤਰ੍ਹਾਂ ਵੈਂਜ਼ੂਏਲਾ ਦੇ ਸੰਵਿਧਾਨ ਅਨੁਸਾਰ ਹੋਈ। ਮਈ 2018 ‘ਚ 46 ਫੀਸਦੀ ਯੋਗ ਵੋਟਰਾਂ ਨੇ ਚੋਣਾਂ ਵਿਚ ਵੋਟ ਪਾਈ ਜਿਹਨਾਂ ਦੀ ਤਾਦਾਦ 9,389,056 ਬਣਦੀ ਹੈ। ਚੋਣਾਂ ਵਿਚ ਹਿੱਸਾ ਲੈ ਰਹੀਆਂ ਸੋਲਾਂ ਪਾਰਟੀਆਂ ਵਲੋਂ ਰਾਸ਼ਟਰਪਤੀ ਲਈ ਛੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ। ਚੋਣਾਂ ਅੱਠ ਮੁਲਕਾਂ ਦੇ 14 ਚੋਣ ਕਮਿਸ਼ਨਾਂ ਦੀ ਨਿਗਰਾਨੀ ਹੇਠ ਹੋਈਆਂ। ਦੁਨੀਆ ਦੇ 18 ਪੱਤਰਕਾਰ ਵੀ ਚੋਣਾਂ ਦੌਰਾਨ ਮੌਜੂਦ ਰਹੇ। ਮਾਦੁਰੋ 6,248,864 ਯਾਨੀ 67.6ਫੀਸਦੀ ਵੋਟਾਂ ਹਾਸਲ ਕਰਕੇ ਵੱਡੇ ਫਰਕ ਨਾਲ ਮੁੜ ਰਾਸ਼ਟਰਪਤੀ ਚੁਣੇ ਗਏ। 10 ਜਨਵਰੀ ਨੂੰ ਮਾਦੁਰੋ ਨੇ ਅਹੁਦਾ ਸੰਭਾਲਿਆ ਅਤੇ ਦੋ ਹਫਤੇ ਵੀ ਨਹੀਂ ਸੀ ਹੋਏ ਕਿ ਚੋਣਾਂ ਵਿਚ ਬੁਰੀ ਤਰ੍ਹਾਂ ਹਾਰੇ ਸ਼ਖਸ ਜੂਆਨ ਗਾਇਦੋ ਨੇ ਟਰੰਪ ਪ੍ਰਸ਼ਾਸਨ ਦੇ ਇਸ਼ਾਰੇ ‘ਤੇ ਕਰਾਕਸ ਦੇ ਚੌਕ ਵਿਚ ਖੜ੍ਹ ਕੇ ਖੁਦ ਨੂੰ ਰਾਸ਼ਟਰਪਤੀ ਐਲਾਨ ਦਿੱਤਾ ਅਤੇ ਪਹਿਲਾਂ ਟਰੰਪ ਤੇ ਉਸ ਤੋਂ ਬਾਅਦ ਉਸ ਦੇ ਪਿਛਲੱਗਾਂ ਨੇ ਉਸ ਨੂੰ ਝਟਪਟ ਮਾਨਤਾ ਦੇ ਦਿੱਤੀ। ਲਿਹਾਜ਼ਾ, ਟਰੰਪ ਅਤੇ ਉਸ ਦੇ ਜੋਟੀਦਾਰਾਂ ਦਾ ਇਲਜ਼ਾਮ ਕੋਰਾ ਝੂਠ ਹੈ ਕਿ ਮਾਦੁਰੋ ਦੀ ਚੋਣ ਗ਼ੈਰ-ਸੰਵਿਧਾਨਕ ਹੈ। ਇਹ ਆਪੇ ਬਣਿਆ ਰਾਸ਼ਟਰਪਤੀ ਗਾਇਦੋ ਹੈ ਜਿਸ ਦੀ ਚੋਣ ਗ਼ੈਰ-ਕਾਨੂੰਨੀ ਹੈ। ਵੈਸੇ ਵੀ ਵੈਂਜ਼ੂਏਲਾ ਦਾ ਮੁਖੀ ਕੌਣ ਹੋਵੇ, ਇਸ ਦਾ ਫੈਸਲਾ ਉਸ ਮੁਲਕ ਦੇ ਲੋਕਾਂ ਨੇ ਕਰਨਾ ਹੈ, ਅਮਰੀਕਨ ਹੁਕਮਰਾਨਾਂ ਨੂੰ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦਾ ਕੋਈ ਹੱਕ ਹੀ ਨਹੀਂ। ਮਾਦੁਰੋ ਦੇ ਰਾਜ ਵਿਚ ਸੰਕਟ, ਨਾਕਾਮੀਆਂ ਅਤੇ ਧੱਕੇਸ਼ਾਹੀਆਂ ਦੀਆਂ ਮਿਸਾਲਾਂ ਹੋਣਗੀਆਂ ਜਿਹਨਾਂ ਦੇ ਮੱਦੇਨਜ਼ਰ ਉਸ ਨੂੰ ਸੱਤਾ ਤੋਂ ਬਾਹਰ ਕਰਨ ਦਾ ਫੈਸਲਾ ਅਵਾਮ ਨੇ ਕਰਨਾ ਹੈ। ਅਮਰੀਕਾ ਦੀ ਧੱਕੜ ਦਖਲਅੰਦਾਜ਼ੀ ਵੈਂਜ਼ੂਏਲਾ ਦੀ ਪ੍ਰਭੂਸੱਤਾ ਉਪਰ ਸਿੱਧਾ ਹਮਲਾ ਹੈ। ਦੂਸਰੇ ਮੁਲਕਾਂ ਦੀ ਕੁਲ ਅਖਤਿਆਰ ਹੈਸੀਅਤ (ਪ੍ਰਭੂਸੱਤਾ) ਨੂੰ ਖਤਮ ਕਰਕੇ ਆਪਣੀ ਈਨ ਮੰਨਵਾਉਣ ਲਈ ਸਾਜ਼ਿਸ਼ਾਂ, ਰਾਜ ਪਲਟਿਆਂ ਤੋਂ ਲੈ ਕੇ ਧਾੜਵੀ ਹਮਲਿਆਂ ਦਾ ਸਹਾਰਾ ਲੈਣਾ ਅਮਰੀਕਾ ਦੀ ਹਮੇਸ਼ਾ ਹੀ ਨੀਤੀ ਰਹੀ ਹੈ।
ਅਗਸਤ 2017 ਤੋਂ ਹੀ ਟਰੰਪ ਵੈਂਜ਼ੂਏਲਾ ਵਿਰੁਧ ਫੌਜੀ ਦਖਅੰਦਾਜ਼ੀ ਦੀ ਸਪਸ਼ਟ ਸੰਭਾਵਨਾ ਦੇ ਸੰਕੇਤ ਦਿੰਦਾ ਆ ਰਿਹਾ ਸੀ। 4 ਅਗਸਤ ਨੂੰ ਕਾਰਾਕਸ ਵਿਚ ਬੋਲੀਵਰ ਅਵੈਨਿਊ ਉਪਰ ਬੋਲੀਵੇਰੀਅਨ ਨੈਸ਼ਨਲ ਗਾਰਡ ਦੀ 18ਵੀਂ ਵਰ੍ਹੇਗੰਢ ਸਮਾਰੋਹ ਦੇ ਦੌਰਾਨ ਵਿਸਫੋਟਕਾਂ ਨਾਲ ਭਰੇ ਡਰੋਨ ਜ਼ਰੀਏ ਨਿਕੋਲਸ ਮਾਦੁਰੋ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਨਾਕਾਮ ਹੋ ਗਈ। ਇਹ ਰਿਪੋਰਟਾਂ ਵੀ ਹਨ ਕਿ ਟਰੰਪ ਵੱਲੋਂ ਆਪਣੇ ਸਹਿਯੋਗੀ ਅਤੇ ਲਾਤੀਨੀ ਅਮਰੀਕੀ ਮੁਲਕਾਂ ਉਪਰ ਵੈਂਜ਼ੂਏਲਾ ਉਪਰ ਹਮਲਾ ਕਰਨ ਲਈ ਲਗਾਤਾਰ ਦਬਾਓ ਪਾਇਆ ਜਾ ਰਿਹਾ ਹੈ। ਸਤੰਬਰ ਮਹੀਨੇ ਨਿਊ ਯਾਰਕ ਟਾਈਮਜ਼ ਨੇ ਰਿਪੋਰਟ ਛਾਪੀ ਕਿ ਟਰੰਪ ਪ੍ਰਸ਼ਾਸਨ 2017 ਦੇ ਅੱਧ ਤੋਂ ਹੀ ਤਖਤਾ ਪਲਟਣ ਦੇ ਸਾਜ਼ਿਸ਼ਘਾੜਿਆਂ ਨਾਲ ਮੀਟਿੰਗਾਂ ਕਰ ਰਿਹਾ ਸੀ। ਵਾਲਸਟਰੀਟ ਜਰਨਲ ਅਨੁਸਾਰ ਇਰਾਨ ਅਤੇ ਉਤਰੀ ਕੋਰੀਆ ਦੇ ਨਾਲ ਵੈਂਜ਼ੂਏਲਾ ਐਨ ਸ਼ੁਰੂ ਤੋਂ ਹੀ ਟਰੰਪ ਸਰਕਾਰ ਦੀ ਵਿਦੇਸ਼ ਨੀਤੀ ਦੀਆਂ ਤਿੰਨ ਸਿਖਰਲੀਆਂ ਤਰਜੀਹਾਂ ਵਿਚੋਂ ਇਕ ਚਲਿਆ ਆ ਰਿਹਾ ਹੈ। ਲਿਹਾਜ਼ਾ, ਰਾਜ ਪਲਟਾ ਇਸੇ ਨੀਤੀ ਤਹਿਤ ਕਰਵਾਇਆ ਗਿਆ ਹੈ।
ਚੁਣੇ ਹੋਏ ਰਾਸ਼ਟਰਪਤੀ ਦੇ ਰਾਜ ਪਲਟੇ ਦੀ ਆਪਣੀ ਸਾਜ਼ਿਸ਼ ਨੂੰ ਵਾਜਬੀਅਤ ਦੇਣ ਲਈ ਟਰੰਪ ਪ੍ਰਸ਼ਾਸਨ ਪ੍ਰਚਾਰ ਰਿਹਾ ਹੈ ਕਿ ਆਰਥਿਕ ਸੰਕਟ ਉਪਰ ਕਾਬੂ ਪਾਉਣ ਵਿਚ ਅਸਫਲ ਰਹਿਣ ਕਾਰਨ ਵੈਂਜ਼ੂਏਲਾ ਦੇ ਲੋਕ ਮਾਦੁਰੋ ਨੂੰ ਹਟਾਉਣਾ ਚਾਹੁੰਦੇ ਹਨ। ਨਿਸ਼ਚੇ ਹੀ ਵੈਂਜ਼ੂਏਲਾ ਡੂੰਘੇ ਆਰਥਿਕ ਸੰਕਟ ਵਿਚ ਘਿਰਿਆ ਹੋਇਆ ਹੈ ਜਿਸ ਦੀ ਅਸਲ ਵਜ੍ਹਾ ਉਹ ਨਹੀਂ ਜੋ ਟਰੰਪ ਅਤੇ ਇਸ ਦੇ ਜੋਟੀਦਾਰ ਦੱਸ ਰਹੇ ਹਨ। ਅਸਲ ਵਜ੍ਹਾ ਅਮਰੀਕਾ ਵਲੋਂ ਵੈਂਜ਼ੂਏਲਾ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਵਿੱਢਿਆ ਆਰਥਿਕ ਹਮਲਾ, ਤੇਲ ਕੀਮਤਾਂ ਵਿਚ ਆਈ ਵੱਡੀ ਗਿਰਾਵਟ ਅਤੇ ਵਿਰੋਧੀ ਧਿਰ ਵਲੋਂ ਕੀਤੀ ਜਾ ਰਹੀ ਆਰਥਿਕ ਭੰਨਤੋੜ ਹੈ। ਵਸਤਾਂ ਦੀ ਜ਼ਖੀਰੇਬਾਜ਼ੀ ਅਤੇ ਵੈਂਜ਼ੂਏਲਾ ਦਾ ਸਮਾਨ ਕੋਲੰਬੀਆ ਵਿਚ ਵੇਚ ਕੇ ਜ਼ਰੂਰੀ ਵਸਤਾਂ ਦਾ ਸੰਕਟ ਪੈਦਾ ਕੀਤਾ ਜਾ ਰਿਹਾ ਹੈ। ਅਮਰੀਕਾ ਅਤੇ ਇਸ ਦੀਆਂ ਪਿੱਠੂ ਤਾਕਤਾਂ ਮਾਦੁਰੋ ਨੂੰ ਸੱਤਾ ਤੋਂ ਹਟਾਉਣ ਲਈ ਇਸ ਸੰਕਟ ਨੂੰ ਬਹਾਨੇ ਵਜੋਂ ਵਰਤ ਰਹੀਆਂ ਹਨ। ਪੂਰੇ ਸਿਲਸਿਲੇਵਾਰ ਤਰੀਕੇ ਨਾਲ ਸਮਾਜੀ ਬੇਚੈਨੀ ਅਤੇ ਮਾਦੁਰੋ ਸਰਕਾਰ ਵਿਚ ਬੇਭਰੋਸਗੀ ਪੈਦਾ ਕੀਤੀ ਜਾ ਰਹੀ ਹੈ।
ਭਾਵੇਂ ਕਿ ਵੈਂਜ਼ੂਏਲਾ ਵਿਰੁਧ ਆਰਥਿਕ ਪਾਬੰਦੀਆਂ ਓਬਾਮਾ ਦੇ ਕਾਰਜਕਾਲ ਦੌਰਾਨ ਲਗਾਈਆਂ ਗਈਆਂ, ਟਰੰਪ ਸਰਕਾਰ ਨੇ ਵਿੱਤੀ ਪਾਬੰਦੀਆਂ ਥੋਪ ਕੇ ਇਹਨਾਂ ਵਿਚ ਹੋਰ ਵੀ ਬੇਤਹਾਸ਼ਾ ਇਜ਼ਾਫਾ ਕਰ ਦਿੱਤਾ। ਆਰਥਿਕ ਮਾਹਰਾਂ ਅਨੁਸਾਰ ਵੈਂਜ਼ੂਏਲਾ ਨੂੰ ਅਮਰੀਕੀ ਪਾਬੰਦੀਆਂ ਨਾਲ ਪਿਛਲੇ ਸਾਲ ਅਗਸਤ ਤੋਂ ਲੈ ਕੇ 6 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਹਨਾਂ ਹਾਲਾਤ ਕਾਰਨ ਮੁਲਕ ਦੀ ਮੁੱਖ ਕੰਪਨੀ ਸਿਟਗੋ ਆਪਣੇ ਮੁਨਾਫੇ ਵੈਂਜ਼ੂਏਲਾ ਲਿਆਉਣ ਵਿਚ ਅਸਫਲ ਰਹੀ, ਜਿਸ ਦਾ ਸਰਕਾਰ ਨੂੰ ਹਰ ਸਾਲ ਇਕ ਅਰਬ ਡਾਲਰ ਦਾ ਘਾਟਾ ਝੱਲਣਾ ਪੈ ਰਿਹਾ ਹੈ। ਟਰੰਪ ਸਰਕਾਰ ਦੇ ਨੁਮਾਇੰਦਿਆਂ ਦੀ ਵੈਂਜ਼ੂਏਲਾ ਨੂੰ ਵਿਦੇਸ਼ੀ ਕਮਾਈ ਤੋਂ ਵਿਰਵਾ ਕਰਨ ਲਈ ਚੱਲੀਆਂ ਜਾ ਰਹੀਆਂ ਚਾਲਾਂ ਦਾ ਨਤੀਜਾ ਹੈ ਕਿ ਬੈਂਕ ਆਫ ਇੰਗਲੈਂਡ ਵੀ 1.2 ਅਰਬ ਡਾਲਰ ਦੇ ਗੋਲਡ ਰਿਜ਼ਰਵ ਦੇਣ ਤੋਂ ਮੁੱਕਰ ਰਿਹਾ ਹੈ।
ਮਾਦੁਰੋ ਸਰਕਾਰ ਦਾ ਅਕਸ ਵਿਗਾੜਨ ਦੀ ਮੁਹਿੰਮ ਪੂਰੇ ਜ਼ੋਰਾਂ ‘ਤੇ ਹੈ। ਵਿਰੋਧੀ-ਧਿਰ ਹਿੰਸਾ ਭੜਕਾ ਕੇ ਅਤੇ ਇਸ ਪ੍ਰਤੀ ਸਰਕਾਰ ਦੇ ਪ੍ਰਤੀਕਰਮ ਨੂੰ ਫਿਲਮਾ ਕੇ ਉਸ ਨੂੰ ਭੰਡਣ ਦਾ ਸਾਧਨ ਬਣਾ ਰਹੀ ਹੈ। ਇਸੇ ਦੇ ਹਿੱਸੇ ਵਜੋਂ ਹਸਪਤਾਲਾਂ ਉਪਰ ਹਮਲੇ ਕੀਤੇ ਗਏ, ਹਾਊਸਿੰਗ ਮੰਤਰਾਲਾ ਸਾੜ ਦਿੱਤਾ ਗਿਆ। ਬੱਸ ਚਾਲਕਾਂ ਨੂੰ ਬਾਹਰ ਧੁਹ ਕੇ ਬੱਸਾਂ ਸਾੜੀਆਂ ਗਈਆਂ। ਅਫਰੀਕੀ-ਵੈਂਜ਼ੂਏਲਾ ਲੋਕਾਂ ਨੂੰ ਜਿਊਂਦੇ ਸਾੜਿਆ ਗਿਆ। ਐਸੀਆਂ ਨਾਗਰਿਕ ਕਮਿਊਨਾਂ ਉਪਰ ਹਮਲੇ ਕੀਤੇ ਗਏ ਜੋ ਸਥਾਨਕ ਬੱਚਿਆਂ ਨੂੰ ਮੁਫਤ ਗੀਤ-ਸੰਗੀਤ ਸਿਖਾਉਂਦੀਆਂ ਹਨ। ਸਰਕਾਰੀ ਅਧਿਕਾਰੀਆਂ ਅਤੇ ਆਮ ਨਾਗਰਿਕਾਂ ਨੂੰ ਗੋਲੀਆਂ ਮਾਰਨ ਲਈ ਵਿਰੋਧੀ-ਧਿਰ ਵਲੋਂ ਸਨਾਈਪਰਾਂ ਨੂੰ ਇਸਤੇਮਾਲ ਕਰਨ ਦੀਆਂ ਵੀ ਰਿਪੋਰਟਾਂ ਹਨ।
ਦੂਜੇ ਪਾਸੇ, ਲਾਤੀਨੀ ਅਮਰੀਕਾ ਦੇ ਅਵਾਮ ਅਮਰੀਕਨ ਰਾਜ ਦੀਆਂ ਬੀਤੇ ਦੀਆਂ ਸਾਮਰਾਜਵਾਦੀ ਸਾਜ਼ਿਸ਼ਾਂ ਨੂੰ ਭਲੀਭਾਂਤ ਸਮਝਦੇ ਹਨ। ਵੈਂਜ਼ੂਏਲਾ ਵੀ ਫੌਜ ਵੀ ਅਜੇ ਤਕ ਮਾਦੁਰੋ ਦੇ ਨਾਲ ਹੈ। ਹਾਲੀਆ ਰਾਜ ਪਲਟੇ ਦਾ ਵੀ ਲਾਤੀਨੀ ਅਮਰੀਕਨ ਮੁਲਕਾਂ ਸਮੇਤ ਦੁਨੀਆ ਭਰ ਦੇ ਇਨਸਾਫਪਸੰਦਾਂ ਨੇ ਤਿੱਖਾ ਵਿਰੋਧ ਕੀਤਾ ਹੈ। ਇਹ ਹਿੰਦੁਸਤਾਨ ਦੀ ਮੋਦੀ ਸਰਕਾਰ ਵਰਗੇ ਅਮਰੀਕਨ ਸਾਮਰਾਜਵਾਦ ਦੇ ਪਿਛਲੱਗ ਬੇਜ਼ਮੀਰੇ ਹੁਕਮਰਾਨ ਹੀ ਹਨ ਜਿਹਨਾਂ ਨੇ ਇਕ ਮੁਲਕ ਦੀ ਕੁਲ ਅਖਤਿਆਰ ਹੈਸੀਅਤ ਉਪਰ ਇਸ ਸਾਮਰਾਜਵਾਦੀ ਹਮਲੇ ਪ੍ਰਤੀ ਨਹਾਇਤ ਬੇਸ਼ਰਮੀ ਭਰੀ ਚੁੱਪ ਵੱਟੀ ਹੋਈ ਹੈ ਅਤੇ ਇਸ ਨੂੰ ਜਾਇਜ਼ ਠਹਿਰਾਉਣ ਵਾਲਿਆਂ ਦੀ ਵੀ ਕਮੀ ਨਹੀਂ ਹੈ।
ਲਾਤੀਨੀ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਮਾਦੁਰੋ ਨੇ ਅਮਰੀਕਾ ਵਿਰੁਧ ਜੱਦੋਜਹਿਦ ਦਾ ਅਹਿਦ ਮੁੜ ਦੁਹਰਾਇਆ ਹੈ, “ਅਸੀਂ ਰਾਜ ਪਲਟੇ ਦੇ ਯਤਨਾਂ, ਦਖਲਅੰਦਾਜ਼ੀ, ਸਾਮਰਾਜਵਾਦ ਨੂੰ ਨਕਾਰਦੇ ਹਾਂ… ਮੈਂ ਅਮਰੀਕਾ ਦੀ ਸਰਕਾਰ ਦੇ ਨਾਲ ਰਾਜਕੀ ਅਤੇ ਰਾਜਨੀਤਕ ਰਿਸ਼ਤਿਆਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਥੋਂ ਬਾਹਰ ਨਿਕਲੋ! ਵੈਂਜ਼ੂਵੇਲਾ ਛੱਡੋ!”