ਸ਼ਮਸ਼ੇਰ ਸ਼ੇਰੀ ਤੇ ਵਿਦਿਆਰਥੀ ਅੰਦੋਲਨ

ਸਾਲ 1968 ‘ਚ ਗੌਰਮਿੰਟ ਕਾਲਜ, ਲੁਧਿਆਣਾ ਤੋਂ ਸ਼ੁਰੂ ਹੋ ਕੇ ਪੰਜਾਬ ਭਰ ਵਿਚ ਫੈਲੀ ਵਿਦਿਆਰਥੀ ਹੜਤਾਲ ਅਤੇ ਉਸ ਦੇ ਸੂਤਰਧਾਰ ਸ਼ਮਸ਼ੇਰ ਸਿੰਘ ਸ਼ੇਰੀ ਦੇ ਪਿਛੋਕੜ ਬਾਰੇ ਮੋਟੇ ਜਿਹੇ ਵੇਰਵੇ ਪਾਠਕ ਪਹਿਲੀ ਕਿਸ਼ਤ ਵਿਚ ਪੜ੍ਹ ਹੀ ਚੁੱਕੇ ਹਨ ਅਤੇ ਇਹ ਵੀ ਜਾਣ ਚੁੱਕੇ ਹਨ ਕਿ ਉਨ੍ਹਾਂ ਸਮਿਆਂ ‘ਚ ਖਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਸ਼ ਬਿਸ਼ਨ ਸਿੰਘ ਸਮੁੰਦਰੀ ਨੇ ਕਿਸ ਡਿਪਲੋਮੇਸੀ ਨਾਲ ਸ਼ੇਰੀ ਦੇ ਕਾਲਜ ਵਿਚ ਦੂਜੇ ਸਾਲ ਲਈ ਦਾਖਲੇ ਦਾ ਰਾਹ ਰੋਕਿਆ। ਖਾਲਸਾ ਕਾਲਜ ਵਿਚ ਦਾਖਲੇ ਤੋਂ ਜਵਾਬ ਮਿਲ ਜਾਣ ‘ਤੇ ਮਜਬੂਰੀਵਸ ਸ਼ਮਸ਼ੇਰ ਸਿੰਘ ਸ਼ੇਰੀ ਨੇ ਗੌਰਮਿੰਟ ਕਾਲਜ, ਲੁਧਿਆਣਾ ਵਿਚ ਆ ਦਾਖਲਾ ਲਿਆ। ਪੰਜਾਬ ਵਿਚ ਇਸ ਸਮੇਂ ਤੱਕ ਪਹਿਲੀ ਅਕਾਲੀ ਸਰਕਾਰ ਭੰਗ ਹੋ ਜਾਣ ਪਿੱਛੋਂ ਗਵਰਨਰੀ ਰਾਜ ਲਾਗੂ ਹੋ ਚੁੱਕਿਆ ਸੀ। ਗੌਰਮਿੰਟ ਕਾਲਜ ਵਿਚ ਵੀ ‘ਗਵਰਨਰੀ ਰਾਜ’ ਵਰਗਾ ਹੀ ਮਾਹੌਲ ਸੀ, ਕਿਉਂਕਿ ਕਾਲਜ ਦਾ ਪ੍ਰਿੰਸੀਪਲ ਓæਪੀæ ਭਾਰਦਵਾਜ ਸ਼ ਸਮੁੰਦਰੀ ਦੇ ਉਲਟ ਬੜੇ ਕੈੜੇ ਸੁਭਾਅ ਦਾ ਸੀ ਅਤੇ ਉਸ ਨੇ ਕਾਲਜ ਵਿਚ ਬਹੁਤ ਜ਼ਿਆਦਾ ਸਖਤ ਜ਼ਾਬਤਾ ਲਾਗੂ ਕੀਤਾ ਹੋਇਆ ਸੀ। ਸਥਾਪਤੀ ਦੀਆਂ ਸਮਾਂ ਵਿਹਾ ਚੁੱਕੀਆਂ ਕਦਰਾਂ ਦੀ ਰਾਖੀ ਲਈ ਤਾਨਾਸ਼ਾਹ ਕਿਸਮ ਦਾ ਇਹੋ ਸਖਤ ਜ਼ਾਬਤਾ ਹੀ ਪੁਆੜੇ ਦੀ ਜੜ੍ਹ ਸੀ ਜਿਸ ਦੇ ਖਿਲਾਫ ਚੀਨ, ਜਪਾਨ, ਮੈਕਸੀਕੋ ਅਤੇ ਮਈ 1968 ਵਿਚ ਆ ਕੇ ਪੈਰਿਸ ਦੇ ਵਿਦਿਆਰਥੀਆਂ ਨੇ ਵਿਦਰੋਹ ਦਾ ਬਿਗਲ ਵਜਾਇਆ ਸੀ। ਇਸ ਕਿਸ਼ਤ ਵਿਚ ਪਾਠਕ ਸ਼ਮਸ਼ੇਰ ਦੇ ਆਪਣੇ ਲਫਜ਼ਾਂ ਵਿਚ ਪੜ੍ਹਨਗੇ ਕਿ ਪੰਜਾਬ ਅੰਦਰ ਉਸ ਦੌਰ ਦੇ ਨੌਜਵਾਨਾਂ ਦੇ ਸਥਾਪਨਾ ਵਿਰੋਧੀ ਅਜਿਹੇ ਜਜ਼ਬਾਤ ਨੂੰ ਉਸ ਨੇ ਅਤੇ ਪੀæਐਸ਼ਯੂæ ਦੇ ਮੋਢੀ ਰਹਿਨੁਮਾਵਾਂ ਨੇ ਅਮਲ ਵਿਚ ਕਿੰਜ ਅਨੁਵਾਦ ਦਿੱਤਾ। -ਸੰਪਾਦਕ

ਪੀæਐਸ਼ਯੂæ ਅਤੇ ਪੰਜਾਬ ਦੀ ਨਕਸਲੀ ਲਹਿਰ-2
ਗੁਰਦਿਆਲ ਸਿੰਘ ਬੱਲ
ਫੋਨ: 91-98150-85277
ਮੈਂ ਦੱਸ ਚੁੱਕਾ ਹਾਂ ਕਿ ਸ਼ਮਸ਼ੇਰ ਸਿੰਘ ਸ਼ੇਰੀ ਮਾਲਵਾ ਪਿਛੋਕੜ ‘ਚੋਂ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਅਰਥ ਸ਼ਾਸਤਰ ਦੀ ਐਮæਏæ ਕਰਨ ਲਈ ਆਇਆ ਸੀ। ਉਹ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ ਅਤੇ ਉਸ ਦਾ ਆਦਰਸ਼ ਚੀ ਗੁਵੇਰਾ ਸੀ। ਅੰਮ੍ਰਿਤਸਰ ਵਿਚ ਸਾਡੇ ਨਾਲ ਉਸ ਦੇ ਵਿਦਿਆਰਥੀ ਜਥੇਬੰਦੀ ਦੇ ਜੋੜਾਂ-ਤੋੜਾਂ ਤੋਂ ਉਪਰ ਉਠ ਕੇ ਬਹੁਤ ਜਲਦ ਹੀ ਭਰਾਵਾਂ ਵਰਗੇ ਸਬੰਧ ਬਣ ਗਏ ਸਨ। ਲੁਧਿਆਣਾ ਹੜਤਾਲ ਤੋਂ ਬਾਅਦ ਉਸ ਦੀ ਜ਼ਿੰਦਗੀ ਨੇ ਫੈਸਲਾਕੁਨ ਕਰਵਟ ਲੈਣੀ ਸੀ। ਉਹ ਉਦੋਂ ਹੀ ਅੰਡਰਗਰਾਊਂਡ ਹੋ ਗਿਆ ਅਤੇ ਫਿਰ ਕੁਝ ਵਰ੍ਹੇ ਪਹਿਲਾਂ ਆਪਣੇ ਆਖਰੀ ਸਾਹਾਂ ਤੱਕ ਆਪਣੇ ਵਿੱਤ ਅਤੇ ਸਮਝ ਅਨੁਸਾਰ ਉਨ੍ਹਾਂ ਹੀ ਆਦਰਸ਼ਾਂ/ਆਸ਼ਿਆਂ ਨੂੰ ਅਮਲੀ ਰੂਪ ਦੇਣ ਲਈ ਜੂਝਦਾ ਰਿਹਾ ਜੋ ਉਹਨੇ ਉਸ ਦੌਰ ਵਿਚ ਆਪਣੇ ਮਨ ਅੰਦਰ ਆਤਮਸਾਤ ਕਰ ਲਏ ਹੋਏ ਸਨ।
1968 ਦੀ ਹੜਤਾਲ ਤੋਂ ਤਿੰਨ ਕੁ ਦਹਾਕੇ ਬਾਅਦ ਉਹ ਮੈਨੂੰ ਮਿਲਣ ਆਇਆ ਤਾਂ ਉਸ ਦੌਰ ਅਤੇ ਉਸ ਬੇਮਿਸਾਲ ਵਿਦਿਆਰਥੀ ਹੜਤਾਲ ਦੀਆਂ ਗੱਲਾਂ ਚੱਲ ਪਈਆਂ। ਸ਼ੇਰੀ ਦੇ ਦੱਸਣ ਅਨੁਸਾਰ ਗੌਰਮਿੰਟ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਓæਪੀæ ਭਾਰਦਵਾਜ ਹਿਸਾਬ ਕਿਤਾਬ ‘ਚ ਸ਼ ਬਿਸ਼ਨ ਸਿੰਘ ਸਮੁੰਦਰੀ ਤੋਂ ਮੂਲੋਂ ਹੀ ਭਿੰਨ ਸੀ। ਪ੍ਰਿੰæ ਭਾਰਦਵਾਜ ਬਹੁਤ ਪੜ੍ਹਿਆ ਲਿਖਿਆ ਸੀ, ਉਸ ਦੀ ਅਜਿਹੀ ਯੋਗਤਾ ਬਾਰੇ ਉਕਾ ਹੀ ਕੋਈ ਸੰਦੇਹ ਨਹੀਂ ਸੀ, ਪਰ 1968 ਯੁੱਗ-ਗਰਦੀਆਂ ਦਾ ਸਾਲ ਸੀ ਅਤੇ ਪ੍ਰਿੰਸੀਪਲ ਸਖਤ ਜ਼ਾਬਤੇ ਦੇ ਸਿਧਾਂਤ ਦਾ ਇੰਨਾ ਕਾਇਲ ਸੀ ਕਿ ਉਸ ਨੂੰ ਮਾਹੌਲ ਜਾਂ ਵਿਦਿਆਰਥੀਆਂ ਦੇ ਰੌਂਅ ਵਿਚ ਆਈ ਤਬਦੀਲੀ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ।
ਕਾਲਜ ਵਿਚ ਕੋਈ ਵਿਦਿਆਰਥੀ ਸੀ ਜਿਸ ਦਾ ਨਾਂ ਸ਼ੇਰੀ ਨੂੰ ਯਾਦ ਨਹੀਂ ਸੀ ਪਰ ਇੰਨਾ ਪੱਕਾ ਪਤਾ ਸੀ ਕਿ ਉਹ ਮਜ਼ਾਕੀਆ ਬਹੁਤ ਸੀ। ਉਸ ਦਾ ਆਪਣੇ ਹਾਸੇ ‘ਤੇ ਕਾਬੂ ਨਹੀਂ ਸੀ ਅਤੇ ਕਹਿੰਦੇ ਹਨ ਕਿ ਵਿਅੰਗ ਦੀ ਕਲਾ ਵਿਚ ਉਸ ਦਾ ਕੋਈ ਸਾਨੀ ਵੀ ਨਹੀਂ ਸੀ। ਖਾਲਸਾ ਕਾਲਜ ਵਿਚ ਦਾਖਲੇ ਤੋਂ ਜਵਾਬ ਮਿਲ ਜਾਣ ‘ਤੇ ਸ਼ੇਰੀ ਨੇ ਜਿਸ ਦਿਨ ਗੌਰਮਿੰਟ ਕਾਲਜ ਲੁਧਿਆਣਾ ਵਿਚ ਆ ਕੇ ਦਾਖਲਾ ਲਿਆ, ਤਾਂ ਇਤਫਾਕ ਇਹ ਬਣਿਆ ਕਿ ਉਸ ਲੜਕੇ ਦਾ ਪ੍ਰਿੰæ ਭਾਰਦਵਾਜ ਦੇ ਕਿਸੇ ਦਬਕੜੇ ‘ਤੇ ਮੱਲੋ-ਮੱਲੀ ਹਾਸਾ ਨਿਕਲ ਗਿਆ। ਹੜਤਾਲ ਦੀ ਦੰਤਕਥਾ ਅਨੁਸਾਰ ਪ੍ਰਿੰਸੀਪਲ ਨੇ ਮੁੰਡੇ ਦਾ ਕੰਨ ਮਚਕੋੜ ਦਿੱਤਾæææ।
ਸ਼ੇਰੀ ਅਨੁਸਾਰ ਉਸ ਨੂੰ ਤਾਂ ਉਸ ਸਮੇਂ ਹੀ ਪਤਾ ਲੱਗਾ ਜਦੋਂ ਕਾਲਜ ਵਿਚ ਪ੍ਰਿੰਸੀਪਲ ਦੇ ਇਸ ‘ਘਾਤਕ’ ਐਕਟ ਵਿਰੁਧ ਜ਼ਬਰਦਸਤ ਲਾ-ਲਾ ਲਾ-ਲਾ ਮੱਚੀ ਹੋਈ ਸੀ। ਅੱਲ੍ਹਾ ਜਾਣੇ ਕਾਲਜ ਦੇ ਵਿਦਿਆਰਥੀਆਂ ਵਿਚ ਪ੍ਰਿੰਸੀਪਲ ਦੀ ਜ਼ਾਬਤਾ ਲਾਗੂ ਕਰਨ ਦੀ ਸ਼ੈਲੀ ਵਿਰੁਧ ਕੇਹਾ ਰੋਹ ਦੱਬਿਆ ਪਿਆ ਸੀ ਕਿ ਮੂੰਹੋਂ-ਮੂੰਹੀਂ ਘਟਨਾ ਦਾ ਪਤਾ ਲੱਗਦਿਆਂ ਹੀ ਵਿਦਿਆਰਥੀ ਆਪਮੁਹਾਰੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ ਪ੍ਰਿੰæ ਭਾਰਦਵਾਜ ਦੀ ਤਾਨਾਸ਼ਾਹੀ ਤੋਂ ਮੁਕਤੀ ਹਾਸਲ ਕਰਨ ਦੀ ਖਾਤਰ ਜਲੂਸ ਦੀ ਸ਼ਕਲ ਵਿਚ ਅਦਾਲਤਾਂ ਵੱਲ ਮਾਰਚ ਕਰਨ ਦਾ ਡਗਾ ਵਜਾ ਦਿੱਤਾ। ਜ਼ਾਹਿਰ ਹੈ ਕਿ ਇਥੋਂ ਤੱਕ ਸਾਡੇ ਇਸ ਬਿਰਤਾਂਤ ਦੇ ਨਾਇਕ ਦੀ ਵਿਦਿਆਰਥੀਆਂ ਨੂੰ ‘ਬਗਾਵਤ’ ਲਈ ਪ੍ਰੇਰਨ ਜਾਂ ਹੜਤਾਲ ਦਾ ਪੜੁੱਲ ਬੰਨ੍ਹਣ ਵਿਚ ਸਿੱਧੀ ਜਾਂ ਅਸਿੱਧੀ ਕੋਈ ਭੂਮਿਕਾ ਨਹੀਂ ਸੀ।
ਸ਼ੇਰੀ ਦੱਸਦਾ ਹੈ, “ਤੈਨੂੰ ਪਤਾ ਹੀ ਹੈ ਕਿ ਮੈਂ ਤੁਹਾਡੇ ਕੋਲੋਂ ਕਿੰਜ ਆਇਆ ਸਾਂ। ਮੈਨੂੰ ਤਾਂ ਕਾਲਜ ਅੰਦਰ ਕੋਈ ਵੀ ਜਾਣਦਾ ਨਹੀਂ ਸੀ। ਕਾਲਜ ਪ੍ਰਿੰਸੀਪਲ ਦੇ ਜ਼ਾਬਤੇ ਬਾਰੇ ਮੈਨੂੰ ਪਤਾ ਸੀ ਅਤੇ ਦਾਖਲੇ ਲਈ ਤੁਰਨ ਤੋਂ ਪਹਿਲਾਂ ਲੁਧਿਆਣੇ ਦੇ ਇਕ-ਦੋ ਸਾਥੀਆਂ ਨੇ ਮੈਨੂੰ ਸਾਵਧਾਨ ਵੀ ਕਰ ਦਿੱਤਾ ਸੀ। ਹਾਂ, ਵਿਦਿਆਰਥੀਆਂ ਦੇ ਹਜ਼ੂਮ ਦੇ ਰੌਂਅ ਨੂੰ ਵੇਖ ਕੇ ਮੇਰਾ ਮਨ ਪ੍ਰਸੰਨ ਜ਼ਰੂਰ ਹੋ ਗਿਆ ਸੀ। ਨਤੀਜੇ ਵਜੋਂ ਜਦੋਂ ਵਿਦਿਆਰਥੀਆਂ ਦਾ ਜਲੂਸ ਅਦਾਲਤਾਂ ਵੱਲ ਤੁਰਿਆ ਤਾਂ ਆਪਣੀ ਲੱਤ ਵਿਚ ਸੱਟ ਵੱਜੀ ਹੋਣ ਕਾਰਨ ਦਰਦ ਦੇ ਬਾਵਜੂਦ ਮੈਂ ਵੀ ਨਾਲ ਤੁਰ ਪਿਆ, ਪਰ ਤੁਰਿਆ ਮੈਂ ਮੂਹਰਲੇ ਆਦਮੀ ਵਜੋਂ ਹੀ ਸਾਂ। ਉਹ ਤੈਨੂੰ ਪਤਾ ਹੀ ਹੈ ਜਿਵੇਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਕਰਦਾ ਰਿਹਾ ਸਾਂ। ਵੱਖਰੀ ਗੱਲ ਹੈ ਕਿ ਉਥੇ ਕੰਵਲ ਦਾ ਮੈਨੂੰ ਅਕਸਰ ਬੜਾ ਆਸਰਾ ਹੁੰਦਾ ਸੀ। ਲੁਧਿਆਣੇ ਕਾਲਜ ਪਹਿਲਾ ਹੀ ਦਿਨ ਹੋਣ ਕਰ ਕੇ ਉਸ ਵਕਤ ਅਜੇ ਅਜਿਹਾ ਕੋਈ ਸਾਥੀ ਨਾਲ ਨਹੀਂ ਸੀ, ਪਰ ਮੇਰੇ ਮਨ ਅੰਦਰ ਕੋਈ ਸ਼ੰਕਾ ਜਾਂ ਝਿਜਕ ਨਹੀਂ ਸੀ ਅਤੇ ਨਾ ਇਕੱਲੇ ਹੋਣ ਦਾ ਕੋਈ ਅਹਿਸਾਸ ਹੀ ਸੀ।æææਐਕਸਟੈਨਸ਼ਨ ਲਾਇਬਰੇਰੀ ਵਾਲੇ ਚੌਕ ਵਿਚ ਅੱਗਿਓਂ ਪੁਲਿਸ ਦੀ ਧਾੜ ਤਾਇਨਾਤ ਸੀ। ਪੁਲਿਸ ਨੇ ਜਲੂਸ ਰੋਕ ਲਿਆ। ਅਖੇ, ਡੀæਸੀæ ਦਾ ਆਦੇਸ਼ ਹੈ ਕਿ ਵਿਦਿਆਰਥੀਆਂ ਦੇ ਮੋਹਰੀ ਆਗੂ ਉਸ ਨਾਲ ਗੱਲ ਕਰਨ।” ਸ਼ਮਸ਼ੇਰ ਅਨੁਸਾਰ ਮੂਹਰੇ ਕੁਝ ਜਨਸੰਘੀ ਕਿਸਮ ਦੇ ਲੜਕੇ ਸਨ। ਉਹ ਅਚਾਨਕ ਆਪਸ ਵਿਚ ਸਲਾਹ ਕਰਨ ਲੱਗ ਪਏ ਕਿ ਕਿਹੜੇ-ਕਿਹੜੇ ਚੱਲੀਏ। ਉਨ੍ਹਾਂ ‘ਚੋਂ ਇਕ ਮੈਨੂੰ ਵੀ ਪੁੱਛ ਬੈਠਾ।
ਸ਼ੇਰੀ ਨੇ ਨਿੰਮਾ ਜਿਹਾ ਹੱਸਦਿਆਂ ਕਿਹਾ, “ਮੈਂ ਕਿਹਾ ਮੈਂ ਤਾਂ ਜਾਊਂਗਾ ਹੀ ਜਾਊਂਗਾ।æææਕੁਝ ਹੀ ਪਲਾਂ ਵਿਚ ਫੈਡਰੇਸ਼ਨ ਵਾਲੇ ਕੁਲਤਾਰ ਭਾਗ ਸਿੰਘ ਸਮੇਤ ਸਾਡਾ 7 ਵਿਦਿਆਰਥੀਆਂ ਦਾ ਵਫਦ ਡੀæਸੀæ ਨਾਲ ਗੱਲ ਕਰ ਰਿਹਾ ਸੀ। ਪਾਣੀ-ਧਾਣੀ ਪੁੱਛਣ ਪਿਛੋਂ ਡੀæਸੀæ ਨੇ ਦੋ-ਟੁੱਕ ਅੰਦਾਜ਼ ਵਿਚ ਫੈਸਲਾ ਸੁਣਾਇਆ ਕਿ ਵਿਦਿਆਰਥੀ ਤੁਰੰਤ ਕਲਾਸਾਂ ਵਿਚ ਵਾਪਸ ਚਲੇ ਜਾਣ, ਉਹ ਮਾਮਲੇ ਦੀ ਇਨਕੁਆਰੀ ਕਰਵਾ ਦਿੰਦਾ ਹੈ।”
ਸ਼ੇਰੀ ਨੇ ਦੱਸਿਆ, “ਉਹ ਮੰਨ ਗਏ ਸੀ ਸਾਰੇ, ਤੇ ਮੈਂ ਝਾਕਾਂ ਖੜ੍ਹਾ ਕਿ ਭੋਲੇ ਵਿਦਿਆਰਥੀ ਸ਼ਾਤਰ ਅਧਿਕਾਰੀ ਦੀ ਪਹਿਲੀ ਹੀ ਚਾਲ ਵਿਚ ਕਿੰਜ ਪੈਂਦੀ ਸੱਟੇ ਹੀ ਆ ਗਏ ਸਨ, ਪਰ ਸ਼ੁਕਰ ਇਸ ਗੱਲ ਦਾ ਕਿ ਮੈਨੂੰ ਖੜ੍ਹੇ ਪੈਰ ਆਈਡੀਆ ਸੁੱਝਿਆ-ਮੈਂ ਕਿਹਾ ਕਿ ਇਨਕੁਆਰੀ ਕੌਣ ਕਰੂਗਾ? ਡੀæਸੀæ ਕਹਿੰਦਾ, ਮੈਂ ਖੁਦ ਕਰੂੰਗਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਦਊਂਗਾ। ਮੈਂ ਕਿਹਾ, ਠੀਕ ਹੈ ਜੀ, ਬੜੀ ਚੰਗੀ ਗੱਲ ਹੈ, ਪਰ ਉਸ ਸਮੇਂ ਤੱਕ ਤੁਸੀਂ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿਉ। ਵਿਦਿਆਰਥੀਆਂ ਦੇ ਗਿਲੇ-ਸ਼ਿਕਵੇ ਵੀ ਢਿੱਲੇ ਪੈ ਜਾਣਗੇ।æææਗੁਰਦਿਆਲ! ਬੱਸ ਮੇਰੇ ਇੰਨਾ ਕਹਿਣ ਦੀ ਦੇਰ ਸੀ; ਪੰਗਾ ਪੈ ਗਿਆ, ਡੀæਸੀæ ਤਿਲਮਿਲਾ ਉਠਿਆ। ਮੈਂ ਸੋਚਿਆ ਮਨਾਂ, ਹੁਣ ਤੇਰਾ ਪਹਿਲਾ ਇਮਤਿਹਾਨ ਪੈ ਗਿਆ ਹੈ। ਡੀæਸੀæ ਵੀ ਬਾਕੀਆਂ ਨੂੰ ਛੱਡ ਕੇ ਸਿੱਧਾ ਮੈਨੂੰ ਮੁਖਾਤਬ ਹੋ ਗਿਆ। ਕਹਿੰਦਾ, ਮੈਂ ਤੇਰੇ ਕਹੇ ਪ੍ਰਿੰਸੀਪਲ ਨੂੰ ਸਸਪੈਂਡ ਕਿੰਜ ਕਰ ਦਿਆਂ। ਵਫਦ ਦੇ ਬਾਕੀ ਮੈਂਬਰ ਝਾਕਣ ਕਿ ਇਹ ਕੀ ਹੋ ਰਿਹਾ ਹੈ। ਉਧਰ ਡੀæਸੀæ ਹੋਰ ਵੀ ਵੱਧ ਕਰੜਾਈ ਨਾਲ ਮੇਰੇ ‘ਤੇ ਫੋਕਸ ਹੁੰਦਿਆਂ ਕਹਿਣ ਲੱਗਾ, ਤੂੰ ਦੱਸ? ਮੈਂ ਜਵਾਬ ਦਿੱਤਾ ਕਿ ਬਾਹਰ ਵਿਦਿਆਰਥੀ ਬੈਠੇ ਆ। ਚੱਲੋ, ਉਨ੍ਹਾਂ ਤੋਂ ਪੁੱਛ ਲੈਂਦੇ ਹਾਂ। ਉਹ ਕਹਿ ਬੈਠਾ ਕਿ ਚਲੋ ਠੀਕ ਹੈ। ਬੱਸ ਜੀ, ਅੱਖ ਦੇ ਫੋਰ ਵਿਚ ਮੈਂ ਉਠਿਆ ਅਤੇ ਦਫਤਰੋਂ ਬਾਹਰ ਨਿਕਲ ਕੇ ਵਿਦਿਆਰਥੀਆਂ ਵੱਲ ਹੋ ਤੁਰਿਆ।”
ਪਲ ਦੀ ਪਲ ਸਾਹ ਲੈਣ ਪਿਛੋਂ ਸ਼ੇਰੀ ਫਿਰ ਬੋਲਿਆ, “ਹਾਂ ਸੱਚ, ਤੈਨੂੰ ਪਤਾ ਹੀ ਹੈ, ਮੈਨੂੰ ਬੋਲਣਾ ਤਾਂ ਆਉਂਦਾ ਨਹੀਂ ਸੀ। ਤੂੰ ਖੁਦ ਮੈਨੂੰ ਟੋਕਦਾ ਰਿਹਾ ਸੈਂ। ਬੱਸ ਮੈਂ ਜਾਂਦੇ ਸਾਰ ਆਪਣੀ ਦੋ ਹਰਫੀ ਗੱਲ ਵਿਦਿਆਰਥੀਆਂ ਅੱਗੇ ਛੱਡ ਦਿੱਤੀ। ਸਾਰਾ ਹਜੂਮ ਜਦੇ ਹੀ ਚੀਕ ਉਠਿਆ: ਤਾਨਾਸ਼ਾਹ ਪ੍ਰਿੰਸੀਪਲ ਨੂੰ ਸਸਪੈਂਡ ਕਰੋ; ਸਸਪੈਂਡ ਕਰੋ!”
ਸ਼ੇਰੀ ਜਦੋਂ ਇਹ ਕਥਾ ਸੁਣਾ ਰਿਹਾ ਸੀ ਤਾਂ ਮੈਨੂੰ ਮਈ 1968 ਦੌਰਾਨ ਪੈਰਿਸ ਵਿਦਿਆਰਥੀ ਅੰਦੋਲਨ ਦੇ ਨਾਇਕ ਕੋਹਨ ਬੇਨੀ ਦੀ ਯਾਦ ਆ ਗਈ। ਮੈਂ ਉਸੇ ਵਕਤ ਬੇਨੀ ਦੀ ਪੇਂਗੂਇਨ ਵਿਚ ਛਪੀ ਪੁਸਤਕ ‘ੌਬਸੋਲeਟe ਛੋਮਮੁਨਸਿਮ’ ਲਿਆ ਕੇ ਸ਼ੇਰੀ ਨੂੰ ਉਹ ਪਹਿਰੇ ਪੜ੍ਹਨ ਲਈ ਕਿਹਾ ਕਿ ਕਿਸ ਪ੍ਰਕਾਰ ਕੋਹਨ ਬੇਨੀ ਨੇ ਵੀ ਐਨ ਇਸੇ ਤਰ੍ਹਾਂ ਪੈਰਿਸ ਅੰਦਰ ਇਕ ਦੂਜੇ ਦੇ ਹੋਸਟਲਾਂ ਵਿਚ ਦਿਨੇ ਰਾਤ ਆਉਣ ਜਾਣ ਦੀ ਇਜਾਜ਼ਤ ਦੀ ਮੰਗ ਨੂੰ ਲੈ ਕੇ ਅਚਨਚੇਤੀ ਹੜਤਾਲ ‘ਤੇ ਉਤਰੇ ਨੌਜਵਾਨ ਕੁੜੀਆਂ-ਮੁੰਡਿਆਂ ਦੇ ਹਜੂਮ ਨੂੰ ਮੁਖਾਤਬ ਕੀਤਾ ਸੀ ਅਤੇ ਉਨ੍ਹਾਂ ਦੇ ਗੁੱਸੇ ਨੂੰ ਕਿਵੇਂ ਸਥਾਪਤੀ ਵਿਰੁਧ ਵਿਦਰੋਹ ਦੇ ਵਿਆਪਕ ਸਰੋਕਾਰਾਂ ਨਾਲ ਜੋੜ ਦਿੱਤਾ ਸੀ। ਬੇਸ਼ਕ ਲੁਧਿਆਣਾ ਪੈਰਿਸ ਨਹੀਂ ਸੀ, ਪਰ ਸਪਿਰਟ ਸ਼ੇਰੀ ਦੀ ਵੀ ਕੋਹਨ ਬੇਨੀ ਨਾਲੋਂ ਘੱਟ ਪ੍ਰਚੰਡ ਨਹੀਂ ਸੀ। ਹਾਂ, ਇਕ ਹੋਰ ਵੱਡਾ ਫਰਕ ਇਹ ਸੀ ਕਿ ਸ਼ੇਰੀ ਬੁਲਾਰਾ ਬਿਲਕੁਲ ਹੀ ਨਹੀਂ ਸੀ, ਇਸ ਮਾਮਲੇ ਵਿਚ ਕੋਹਨ ਬੇਨੀ ਉਪਰ ਕੁਦਰਤ ਦੀ ਵਿਸ਼ੇਸ਼ ਮਿਹਰ ਸੀ।
ਸ਼ੇਰੀ ਨੇ ਦੱਸਿਆ ਕਿ ਡੀæਸੀæ, ਪ੍ਰਿੰਸੀਪਲ ਵਾਂਗ ਹੀ ਤਾਨਾਸ਼ਾਹੀ ਹੰਕਾਰ ਦਾ ਸ਼ਿਕਾਰ ਹੋ ਗਿਆ। ਉਸ ਨੇ ਹਾਕਮਾਨਾ ਅੰਦਾਜ਼ ਵਿਚ ਮੁਅੱਤਲੀ ਤੋਂ ਨਾਂਹ ਕਰ ਕੇ ਵਿਦਿਆਰਥੀ ਅੰਦੋਲਨ ਸ਼ਰੂ ਕਰਨ ਲਈ ਸਾਨੂੰ ਜ਼ਮੀਨ ਤਾਂ ਤਿਆਰ ਕਰ ਦਿੱਤੀ ਪਰ ਮਸਲਾ ਫਿਰ ਉਹੋ ਸੀ ਕਿ ਮੈਨੂੰ ਬੋਲਣਾ ਨਾ ਆਉਂਦਾ ਹੋਣ ਦੇ ਨਾਲ-ਨਾਲ ਕੋਈ ਜਾਣਦਾ ਤੱਕ ਵੀ ਨਹੀਂ ਸੀ। ਇਹ ਵੀ ਇਤਫਾਕ ਹੀ ਸੀ ਕਿ ਉਨ੍ਹੀਂ ਦਿਨੀਂ ਉਥੇ ਈਵਨਿੰਗ ਕਲਾਸਾਂ ਲੱਗਦੀਆਂ ਸਨ। ਉਥੇ ਹਜ਼ਾਰ ਕੁ ਬੰਦਾ ‘ਕੱਠਾ ਹੋ ਜਾਂਦਾ ਸੀ। ਮੈਂ ਹਰਭਜਨ ਹਲਵਾਰਵੀ ਨੂੰ ਨਾਲ ਲਿਆ ਅਤੇ ਉਥੇ ਪਹੁੰਚ ਗਿਆ। ਵਿਦਿਆਰਥੀਆਂ ਅੰਦਰ ਚਰਚਾ ਚੱਲ ਰਹੀ ਸੀ ਕਿ ਕਿਵੇਂ ਸਾਦਾ ਜਿਹਾ ਨਜ਼ਰ ਆਉਂਦਾ ਲੰਗੜਾ ਮੁੰਡਾ ਡੀæਸੀæ ਅੱਗੇ ਅੜ ਗਿਆ ਸੀ! ਹਰ ਇਕ ਨੂੰ ਸੀ ਕਿ ਉਸ ਸ਼ਖਸ ਨੂੰ ਦੇਖਿਆ ਜਾਵੇ ਅਤੇ ਪਤਾ ਕੀਤਾ ਜਾਵੇ ਕਿ ਆਖਰ ਉਹ ਕੌਣ ਸੀ ਅਤੇ ਕੀ ਚਾਹੁੰਦਾ ਸੀ!
ਸ਼ਮਸ਼ੇਰ ਦੇ ਦੱਸਣ ਅਨੁਸਾਰ ਹੁਣ ਇਹ ਸੀ ਉਹ ਮੋੜ ਜਦੋਂ ਹਰਭਜਨ ਹਲਵਾਰਵੀ ਉਸ ਦੇ ਡਾਢਾ ਕੰਮ ਆਇਆ। ਹਲਵਾਰਵੀ ਉਦੋਂ ਹੀ ਬਹੁਤ ਵਧੀਆ ਬੋਲ ਲੈਂਦਾ ਸੀ। ਵਿਦਿਆਰਥੀ ਮੰਗ ਕਰਨ ਕਿ ਉਹ ਆਦਮੀ ਦਿਖਾਉ, ਪਰ ਮੈਂ ਬੋਲਣ ਤੋਂ ਡਰਾਂ। ਇਸ ਮੌਕੇ ਹਲਵਾਰਵੀ ਅਤੇ ਇਕ ਦੋ ਹੋਰਾਂ ਨੇ ਮੇਜ਼ ਖਿੱਚ ਲਿਆਂਦਾ। ਮੈਨੂੰ ਜ਼ਬਰਦਸਤੀ ਮੇਜ਼ ‘ਤੇ ਖੜ੍ਹਾ ਕਰ ਦਿੱਤਾ ਅਤੇ ਮੈਂ ਆਪਣੇ ਪਿਛੋਕੜ ਸਮੇਤ ਡੀæਸੀæ ਨਾਲ ਹੋਈ ਵਾਰਤਾ ਅਤੇ ਆਪਣਾ ਪੱਖ ਸਾਦੇ ਸ਼ਬਦਾਂ ਵਿਚ ਸੱਚੋ-ਸੱਚ ਸੁਣਾ ਦਿੱਤਾ। ਵਿਦਿਆਰਥੀਆਂ ਨੂੰ ਮੇਰੀ ਸਾਦਗੀ ਅਤੇ ਮੇਰਾ ਤਰਕ ਜਚ ਗਿਆ। ਉਨ੍ਹਾਂ ਉਸੇ ਰਾਤ ਮੈਨੂੰ ਆਪਣਾ ਆਗੂ ਮੰਨ ਲਿਆ।
ਦਰਸ਼ਨ ਬਾਗੀ ਅਤੇ ਭੁਪਿੰਦਰ ਸਿੰਘ, ਸ਼ੇਰੀ ਨੂੰ ਗਾਈਡ ਕਰਨ ਲਈ ਅਗਲੇ ਹੀ ਦਿਨ ਉਸ ਕੋਲ ਪਹੁੰਚ ਗਏ। ਉਨ੍ਹੀਂ ਦਿਨੀਂ ਉਹ ਸਥਾਪਤੀ ਦੇ ਕੱਟੜ ਵਿਰੋਧੀ ਸਨ ਅਤੇ ਉਨ੍ਹਾਂ ਦੀਆਂ ਨਿਗਾਹਾਂ ਵਿਚ ਪ੍ਰਿੰæ ਭਾਰਦਵਾਜ ਸਥਾਪਤੀ ਦਾ ਬੜਾ ਵੱਡਾ ਸਿੰਬਲ ਸੀ। ਪੰਜਾਬ ਦੇ ਨੌਜਵਾਨਾਂ ਵਿਚ ਪੈਰਿਸ ਅਤੇ ਮੈਕਸੀਕੋ ਦੇ ਪੈਟਰਨ ‘ਤੇ ਵਿਦਿਆਰਥੀ ਅੰਦੋਲਨ ਸ਼ੁਰੂ ਕਰਨ ਦਾ ਇਸ ਤੋਂ ਵੱਧ ਢੁਕਵਾਂ ਮੌਕਾ ਹੋਰ ਕਿਹੜਾ ਮਿਲਣਾ ਸੀ! ਵਿਦਿਆਰਥੀਆਂ ਨੂੰ ਅਗਵਾਈ ਦੇਣ ਲਈ ਤਾਲਮੇਲ ਕਮੇਟੀ ਬਣ ਗਈ ਅਤੇ ਅਗਲੇ ਦਿਨ ਅੰਦੋਲਨ ਦੇ ਪਹਿਲੇ ਪੜਾਅ ਨੂੰ ਸ਼ਾਂਤਮਈ ਰੱਖਦਿਆਂ ਲੜੀਵਾਰ ਭੁੱਖ ਹੜਤਾਲਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ।
ਸ਼ੇਰੀ ਦੱਸ ਰਿਹਾ ਸੀ, “ਗੁਰਦਿਆਲ, ਤੈਨੂੰ ਪਤਾ ਹੀ ਹੈ ਕਿ ਸਾਡਾ ਅਸਲ ਉਦੇਸ਼ ਤਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਸਥਾਪਤੀ ਅਤੇ ਹਾਕਮ ਧਿਰਾਂ ਦੀ ਲੋਕ ਦੁਸ਼ਮਣ ਖਸਲਤ ਤੋਂ ਜਾਣੂ ਕਰਵਾਉਣਾ ਸੀ। ਭੁੱਖ ਹੜਤਾਲਾਂ ਦਾ ਸਿਲਸਿਲਾ ਮਹੀਨਾ ਭਰ ਚੱਲਿਆ। ਭੁੱਖ ਹੜਤਾਲਾਂ ਵਾਲੇ ਦੌਰ ਵਿਚ ਮੈਥੇਮੈਟਿਕਸ ਵਾਲੇ ਪ੍ਰਮਿੰਦਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ। ਹਲਵਾਰਵੀ ਨੇ ਵੀ ਦਿਨ-ਰਾਤ ਇਕ ਕਰੀ ਰੱਖਿਆ ਸੀ। ਹਾਂ ਸੱਚ, ਤੇਰੇ (ਹੁਣ ਖਾਲਿਸਤਾਨੀ) ਮਿੱਤਰ ਕਰਮਜੀਤ ਸਿੰਘ ਨੇ ਵੀ ਸਾਨੂੰ ਬੜਾ ਸਹਿਯੋਗ ਦਿੱਤਾ ਸੀ। ਉਹ ਉਦੋਂ ਪੀæਏæਯੂæ ਵਿਚ ਸੀ। ਭੁੱਖ ਹੜਤਾਲ ਕਰ ਕੇ ਉਹ ਤਾਂ ਉਦੋਂ ਹੀ ਸ਼ਹੀਦ ਹੋਣ ਤੱਕ ਚਲਿਆ ਗਿਆ ਸੀ। ਉਹ ਬਹੁਤ ਬੀਬਾ ਸੀ। ਮਗਰੋਂ ਮੈਨੂੰ ਬੜੀ ਹੈਰਾਨੀ ਹੁੰਦੀ ਰਹੀ ਕਿ ਉਹ ਇਨ੍ਹਾਂ ਹਿੰਸਕ ਖਾਲਿਸਤਾਨੀਆਂ ਦਾ ਮੁੱਖ ਅਧਿਆਪਕ ਕਿਵੇਂ ਬਣ ਗਿਆ? ਮੇਰਾ ਉਸ ਨੂੰ ਮਿਲਣ ਨੂੰ ਸਦਾ ਹੀ ਦਿਲ ਕਰਦਾ ਰਿਹਾ, ਪਰ ਫਿਰ ਝਿਜਕ ਆ ਜਾਂਦੀ ਰਹੀ। ਖੈਰ! ਹੜਤਾਲ ਦੇ ਇਸ ਸ਼ਾਂਤਮਈ ਦੌਰ ਦੌਰਾਨ ਮੈਂ ਅਖਬਾਰੀ ਬਿਆਨਾਂ ਨਾਲ ਡੀਲ ਕਰਨ ਵਿਚ ਕਾਫੀ ਤਾਕ ਹੋ ਗਿਆ ਸਾਂ, ਪਰ ਗਵਰਨਰੀ ਰਾਜ ਸੀ। ਹਾਕਮ ਧਿਰ ਨੇ ਸ਼ਾਂਤਮਈ ਹੜਤਾਲਾਂ ਦਾ ਸਿਲਸਿਲਾ ਕਦੋਂ ਕੁ ਤੱਕ ਚੱਲਣ ਦੇਣਾ ਸੀ। ਅੰਦੋਲਨ ਦੀ ਹਰ ਫਾਰਮ ਦੀ ਉਂਜ ਵੀ ਆਪਣੀ ਸੀਮਾ ਹੁੰਦੀ ਹੈ।
ਵਿਦਿਆਰਥੀ ਅੱਕਣ ਅਤੇ ਥੱਕਣ ਲੱਗ ਪਏ ਸਨ। ਸਾਨੂੰ ਡਰ ਸੀ ਕਿ ਸਾਡਾ ਅੰਦੋਲਨ ਕਿਤੇ ਬਿਨਾਂ ਕਿਸੇ ਕਿਨਾਰੇ ਲੱਗਿਆਂ ਹੀ ਠੁੱਸ ਨਾ ਹੋ ਜਾਵੇ, ਪਰ ਇਸ ਮੋੜ ‘ਤੇ ਫਿਰ ਬਿਫਰੀ ਹੋਈ ਸਥਾਪਤੀ ਸਾਡੀ ਮੱਦਦ ਲਈ ਬਹੁੜ ਪਈ। ਅੰਦੋਲਨ ਖਤਮ ਹੋਣ ਦੇ ਕੰਢੇ ਹੀ ਸੀ ਕਿ ਪੁਲਿਸ ਸ਼ਾਂਤਮਈ ਭੁੱਖ ਹੜਤਾਲੀਆਂ ਦੇ ਕੈਂਪ ਉਪਰ ਚਾਣਚੱਕ ਬਿੱਜ ਵਾਂਗੂੰ ਟੁੱਟੀ ਅਤੇ ਸਾਡੀ ਟਿੰਡ-ਫੂਹੜੀ ਚੁੱਕ ਕੇ ਲੈ ਗਈ। ਨਾਲ ਹੀ ਪ੍ਰਸ਼ਾਸਨ ਨੇ ਕਾਲਜ ਖੋਲ੍ਹਣ ਦਾ ਐਲਾਨ ਕਰ ਦਿੱਤਾ।
ਇਸ ਤਰ੍ਹਾਂ ਇਹ ਸੀ ਉਹ ਮੋੜ ਜਦੋਂ ਸਾਨੂੰ ਵਿਦਿਆਰਥੀ ਅੰਦੋਲਨ ਨੂੰ ਪੰਜਾਬ ਪੱਧਰ ‘ਤੇ ਲਿਜਾਣ ਦਾ ਮੌਕਾ ਜੁੜਿਆ। ਪੁਲਿਸ ਅਤੇ ਸਥਾਪਤੀ ਨੇ ਹੋਰ ਕੋਈ ਰਾਹ ਸਾਡੇ ਕੋਲ ਛੱਡਿਆ ਹੀ ਨਹੀਂ ਸੀ। ਇਸ ਮੌਕੇ ਸਠਿਆਲਾ ਕਾਲਜ ਵਾਲਾ ਤੁਹਾਡਾ ਗਰੁਪ ਸਾਡੇ ਬੜਾ ਕੰਮ ਆਇਆ। ਹੜਤਾਲਾਂ ਤਾਂ ਬੰਗਾ, ਬਰਨਾਲਾ, ਮਾਨਸਾ ਅਤੇ ਹੋਰ ਕਈ ਕਾਲਜਾਂ ਵਿਚ ਵੀ ਹੋਈਆਂ, ਪਰ ਸਭ ਤੋਂ ਵੱਧ ਉਸ ਹੜਤਾਲ ਵਿਚ ਇਕ ਪਾਸੇ ਬਠਿੰਡਾ ਅਤੇ ਦੂਜੇ ਪਾਸੇ ਖਾਲਸਾ ਕਾਲਜ, ਅੰਮ੍ਰਿਤਸਰ ਦੇ ਵਿਦਿਆਰਥੀ, ਅਧਿਕਾਰੀਆਂ ਦੇ ਰਵੱਈਏ ਵਿਰੁਧ ਚੱਟਾਨਾਂ ਵਾਂਗੂੰ ਖੜ੍ਹ ਗਏ। ਉਨ੍ਹਾਂ ਨੇ ਸ਼ਾਂਤਮਈ ਹੜਤਾਲਾਂ ਦਾ ਰਾਹ ਛੱਡ ਕੇ ਪੁਲਿਸ ਨੂੰ ਸਿੱਧੀਆਂ ਟੱਕਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।”
(ਚਲਦਾ)

Be the first to comment

Leave a Reply

Your email address will not be published.