ਸ੍ਰੀ ਆਨੰਦਪੁਰ ਸਾਹਿਬ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਵਿਕਾਸ ਅਥਾਰਿਟੀ ਦੇ ਗਠਨ ਦਾ ਐਲਾਨ ਕੀਤਾ ਜੋ ਕਿ ਨਵੰਬਰ ਮਹੀਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਕਾਸ ਯੋਜਨਾਵਾਂ ਨੂੰ ਅਮਲ ਵਿਚ ਲਿਆਏਗੀ। ਉਨ੍ਹਾਂ ਨੇ ਤੁਪਕਾ ਤੇ ਲਿਫਟ ਸਿੰਜਾਈ ਸਕੀਮਾਂ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਇਹ ਪ੍ਰੋਜੈਕਟ 9 ਪੜਾਵਾਂ ਵਿਚ ਪੂਰਾ ਹੋਵੇਗਾ ਅਤੇ ਪਹਿਲੇ ਪੜਾਅ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਸਕੀਮ ਨਾਲ 80 ਪਿੰਡਾਂ ਦੀ ਪਾਣੀ ਦੀ ਲੋੜ ਪੂਰੀ ਹੋਵੇਗੀ ਜਿਸ ਵਿਚੋਂ ਪਹਿਲੇ ਪੜਾਅ ਵਿਚ 4 ਪਿੰਡਾਂ ਦੀ ਚੋਣ ਕੀਤੀ ਗਈ ਹੈ।
ਕੈਪਟਨ ਨੇ ਦੱਸਿਆ ਕਿ 9.52 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਅਗਲੇ ਤਿੰਨ ਸਾਲਾਂ ਵਿਚ ਪੂਰਾ ਹੋਵੇਗਾ। ਉਨ੍ਹਾਂ ਐਲਾਨ ਕੀਤਾ ਕਿ ਆਨੰਦਪੁਰ ਸਾਹਿਬ ਵਿਕਾਸ ਅਥਾਰਿਟੀ, ਡੇਰਾ ਬਾਬਾ ਨਾਨਕ ਵਿਕਾਸ ਅਥਾਰਿਟੀ ਦੀ ਤਰਜ਼ ‘ਤੇ ਬਣਾਈ ਜਾਵੇਗੀ। ਉਨ੍ਹਾਂ ਨੇ ਆਨੰਦਪੁਰ ਸਾਹਿਬ ਦੇ ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ 26 ਕਰੋੜ ਰੁਪਏ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨੂਰਪੁਰ ਬੇਦੀ ਇਲਾਕੇ ਦੇ ਪਿੰਡਾਂ ਨੂੰ ਵੀ ਜਲ ਸਪਲਾਈ ਲਈ ਫੰਡ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ ਗੜ੍ਹਸ਼ੰਕਰ-ਆਨੰਦਪੁਰ ਸਾਹਿਬ ਸੜਕ ਦੀ ਮੁਰੰਮਤ ਦਾ ਕੰਮ ਛੇਤੀ ਸ਼ੁਰੂ ਹੋਵੇਗਾ। ਇਹ ਪ੍ਰੋਜੈਕਟ 7 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸਾਲ 2026 ਵਿਚ 400 ਸਾਲਾ ਸਮਾਗਮ ਦੇ ਮੱਦੇਨਜ਼ਰ ਕੀਰਤਪੁਰ ਸਾਹਿਬ ਲਈ ਵਿਸ਼ੇਸ਼ ਵਿਕਾਸ ਯੋਜਨਾ ਉਲੀਕੀ ਜਾਵੇਗੀ। ਕੀਰਤਪੁਰ ਬੱਸ ਅੱਡੇ ਅਤੇ ਮਾਰਕੀਟ ਦਰਮਿਆਨ ਪੁਲ ਦਾ ਨਿਰਮਾਣ ਕੀਤਾ ਜਾਵੇਗਾ। ਸਥਾਨਕ ਖੇਤਰ ਵਿਕਾਸ ਯੋਜਨਾ ਤਹਿਤ ਰੂਪਨਗਰ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਲਈ 15 ਕਰੋੜ ਰੁਪਏ ਦੇ ਫੰਡਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਵਿਕਾਸ ਮੰਤਵਾਂ ਲਈ ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਅਤੇ ਨੰਗਲ ਨਗਰ ਕੌਂਸਲ ਨੂੰ 2-2 ਕਰੋੜ ਰੁਪਏ ਦਾ ਫੰਡ ਵੱਖਰੇ ਤੌਰ ‘ਤੇ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੀਰਤਪੁਰ ਸਾਹਿਬ ਲਈ 50 ਲੱਖ ਰੁਪਏ, ਰੋਪੜ ਲਈ 1.5 ਕਰੋੜ ਰੁਪਏ, ਚਮਕੌਰ ਸਾਹਿਬ ਲਈ 50 ਲੱਖ ਰੁਪਏ ਅਤੇ ਮੋਰਿੰਡਾ ਲਈ 1.5 ਕਰੋੜ ਰੁਪਏ ਦੇ ਫੰਡ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਚਮਕੌਰ ਸਾਹਿਬ, ਰੋਪੜ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਪੇਂਡੂ ਖੇਤਰਾਂ ਲਈ ਕ੍ਰਮਵਾਰ 4 ਕਰੋੜ ਰੁਪਏ, 3 ਕਰੋੜ ਰੁਪਏ ਅਤੇ 6 ਕਰੋੜ ਰੁਪਏ ਦੀ ਵੱਖਰੀ ਗ੍ਰਾਂਟ ਦਾ ਵੀ ਐਲਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਯਾਦਗਾਰ ਦੇ ਨਿਰਮਾਣ ਅਤੇ ਚਮਕੌਰ ਸਾਹਿਬ ਦੇ ਸੁੰਦਰੀਕਰਨ ‘ਤੇ 11 ਕਰੋੜ ਰੁਪਏ ਖਰਚੇ ਜਾਣਗੇ। ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚਮਕੌਰ ਸਾਹਿਬ ਵਿਖੇ ਸਕਿੱਲ ਯੂਨੀਵਰਸਿਟੀ ਸਥਾਪਤ ਹੋਣ ਨਾਲ ਪੰਜਾਬ, ਮੁਲਕ ਦੀ ਹੁਨਰਮੰਦ ਰਾਜਧਾਨੀ ਵਜੋਂ ਉਭਰੇਗਾ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੰਢੀ ਖੇਤਰ ਵਿਚ ਵੱਡੇ ਉਦਯੋਗਿਕ ਯੂਨਿਟ ਸਥਾਪਤ ਕਰਨ ਦੀ ਅਪੀਲ ਕੀਤੀ।