ਡਾ. ਗੁਰਨਾਮ ਕੌਰ, ਕੈਨੇਡਾ
ਮੇਰੇ ਸਾਹਮਣੇ ਇੰਟਰਨੈਟ ਜ਼ਰੀਏ ਪਹੁੰਚੀ ਖਬਰ ਪਈ ਹੈ, ਜੋ ਕੁਲਦੀਪ ਸਿੰਘ ਬਰਾੜ ਦੀ ਲਿਖਤ ਅਤੇ ਡੇਰਾ ਬਾਬਾ ਨਾਨਕ, ਗੁਰਦਾਸਪੁਰ ਤੋਂ ਅਖਬਾਰ ‘ਦਾ ਇੰਡੀਅਨ ਐਕਸਪ੍ਰੈਸ’ ਵਿਚ ਛਪੀ ਹੈ| ਇਸ ਵਿਚ ਡੇਰਾ ਬਾਬਾ ਨਾਨਕ ਵਿਖੇ ਮਠਿਆਈ ਦੀ ਦੁਕਾਨ ਦੇ ਮਾਲਕ ਕਰਤਾਰ ਚੰਦ ਦੇ ਵਿਚਾਰ ਅਤੇ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਹਨ| ਕਰਤਾਰ ਚੰਦ ਦਾ ਕਹਿਣਾ ਹੈ ਕਿ ਉਹ ਕਰਤਾਰਪੁਰ ਦੇ ਦਰਸ਼ਨ ਉਵੇਂ ਹੀ ਕਰਨਾ ਚਾਹੁੰਦਾ ਹੈ, ਜਿਵੇਂ 1947 ਤੋਂ ਪਹਿਲਾਂ ਕਰਦਾ ਰਿਹਾ ਹੈ| “ਜਾਵਾਂਗੇ! ਕਿਉਂ ਨਹੀਂ ਜਾਵਾਂਗੇ…?” ਕਰਤਾਰ ਚੰਦ, ਜੋ ਹੁਣ ਉਮਰ ਦੇ ਅੱਸੀਵਿਆਂ ਵਿਚੋਂ ਗੁਜ਼ਰ ਰਿਹਾ ਹੈ, ਦਾ ਕਹਿਣਾ ਹੈ, “ਜੇ ਰਾਹ ਖੁਲ੍ਹ ਗਿਆ ਤਾਂ ਮੈਂ ਕਿਸੇ ਮੁੰਡੇ ਮਗਰ ਮੋਟਰ ਸਾਈਕਲ ‘ਤੇ ਬੈਠ ਕੇ ਕਰਤਾਰਪੁਰ ਸਾਹਿਬ ਮੱਥਾ ਟੇਕ ਆਵਾਂਗਾ|”
ਪਰ ਉਹ ਇਹ ਗੱਲ ਜਾਣ ਕੇ ਖੁਸ਼ ਨਹੀਂ ਕਿ ਸਰਹੱਦੋਂ ਪਾਰ ਦਰਸ਼ਨ ਕਰਨ ਜਾਣ ਲਈ ਉਸ ਨੂੰ ਪਾਸਪੋਰਟ ਦੀ ਲੋੜ ਪਵੇਗੀ| ਉਸ ਦਾ ਕਹਿਣਾ ਹੈ ਕਿ ਉਹ ਹੁਣ ਬੁੱਢਾ ਹੋ ਗਿਆ ਹੈ ਅਤੇ ਪਾਸਪੋਰਟ ਬਣਾਉਣ ਲਈ ਅੰਮ੍ਰਿਤਸਰ ਨਹੀਂ ਜਾ ਸਕਦਾ| ਉਸ ਨੂੰ ਕਰਤਾਰਪੁਰ ਜਾਣ ਦੀ ਉਸੇ ਤਰ੍ਹਾਂ ਖੁੱਲ੍ਹ ਹੋਣੀ ਚਾਹੀਦੀ ਹੈ, ਜਿਵੇਂ ਉਹ 1947 ਤੋਂ ਪਹਿਲਾਂ ਸੀ|
ਕਰਤਾਰ ਚੰਦ, ਜੋ ਇੱਕ ਹਿੰਦੂ ਦੁਕਾਨਦਾਰ ਹੈ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਬਾਰੇ 1947 ਤੋਂ ਪਹਿਲਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਦਾ ਹੈ ਕਿ ਵੰਡ ਤੋਂ ਪਹਿਲਾਂ ਉਹ ਅਕਸਰ ਜਾਇਆ ਕਰਦਾ ਸੀ ਅਤੇ ਉਦੋਂ ਉਹ ਉਮਰੋਂ ਛੋਟਾ ਸੀ| ਵਿਸਾਖੀ ਦੇ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਬਹੁਤ ਵੱਡਾ ਤਿਉਹਾਰ ਮਨਾਇਆ ਜਾਂਦਾ ਸੀ| ਡੇਰਾ ਬਾਬਾ ਨਾਨਕ ਤੋਂ ਹਰ ਕੋਈ ਕਿਸ਼ਤੀ ਵਿਚ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਜਾਣ ਲਈ ਰਾਵੀ ਪਾਰ ਕਰਿਆ ਕਰਦਾ ਸੀ| ਕਿਸ਼ਤੀਆਂ ਦੇ ਮਾਲਕ ਦੋ ਮੁਸਲਮਾਨ ਭਰਾ ਹੁੰਦੇ ਸਨ| ਕਰਤਾਰ ਚੰਦ ਦਾ ਕਹਿਣਾ ਹੈ ਕਿ ਉਸ ਦੇ ਬਹੁਤ ਸਾਰੇ ਗੁਆਂਢੀ ਮੁਸਲਮਾਨ ਹੁੰਦੇ ਸਨ| ਉਸ ਸਮੇਂ ਡੇਰਾ ਬਾਬਾ ਨਾਨਕ ਵਿਖੇ ਬਹੁਤ ਸਾਰੇ ਮੁਸਲਮਾਨਾਂ ਦੀਆਂ ਦੁਕਾਨਾਂ ਵੀ ਸਨ| ਸਾਰੇ ਬਹੁਤ ਹੀ ਅਮਨ-ਚੈਨ ਨਾਲ ਰਹਿੰਦੇ ਸਨ, ਪਰ ਫਿਰ 1947 ਆਇਆ ਤਾਂ ਸਭ ਕੁਝ ਹੀ ਵਿਗੜ ਗਿਆ ਅਤੇ ਉਹ ਮੁੜ ਕਦੀ ਵੀ ਕਰਤਾਰਪੁਰ ਦੇ ਦਰਸ਼ਨ ਕਰਨ ਨਾ ਜਾ ਸਕਿਆ|
ਕਰਤਾਰ ਚੰਦ ਨੇ ਇਤਿਹਾਸਕ ਅਸਥਾਨ ਗੁਰਦੁਆਰਾ ਕਰਤਾਰਪੁਰ ਦੀਆਂ ਯਾਦਾਂ ਨੂੰ ਮੁੜ ਚੇਤੇ ਵਿਚ ਸਿਮਰਦਿਆਂ ਬਹੁਤਾ ਸਮਾਂ ਆਪਣੀਆਂ ਅੱਖਾਂ ਮੀਚੀ ਰੱਖੀਆਂ| ਉਸ ਨੂੰ ਪਛਤਾਵਾ ਹੁੰਦਾ ਹੈ ਕਿ ਮੁਲਕ ਦੀ ਵੰਡ ਹੋਣ ਨਾਲ ਡੇਰਾ ਬਾਬਾ ਨਾਨਕ ਦਾ ਵਿਕਾਸ ਖੜੋਤ ਵਿਚ ਆ ਗਿਆ, ਕਿਉਂਕਿ ਰਾਤੋ-ਰਾਤ ਉਹ ਸਰਹੱਦੀ ਕਸਬਾ ਬਣ ਗਿਆ| ਜਿਉਂ ਹੀ ਉਹ ਵੰਡ ਤੋਂ ਬਾਅਦ ਦੇ ਸਾਲਾਂ ਨੂੰ ਯਾਦ ਕਰਦਾ ਹੈ, ਉਹ ਰਾਵੀ ਉਤੇ ਬਣੇ ਰੇਲਵੇ ਪੁਲ ਬਾਰੇ ਗੱਲ ਕਰਦਾ ਹੈ, ਜੋ 1971 ਦੀ ਹਿੰਦ-ਪਾਕਿ ਲੜਾਈ ਸਮੇਂ ਤਬਾਹ ਹੋ ਗਿਆ| ਉਸ ਦਾ ਕਹਿਣਾ ਹੈ ਕਿ ਉਹ ਰਾਵੀ ਉਤਲੇ ਬਣੇ ਰੇਲਵੇ ਪੁਲ ‘ਤੇ ਜਾਇਆ ਕਰਦੇ ਸਨ| ਉਦੋਂ ਮੁਸ਼ਕਿਲ ਨਾਲ ਹੀ ਕੋਈ ਰੋਕ-ਟੋਕ ਹੁੰਦੀ ਸੀ| ਹੁਣ ਉਨ੍ਹਾਂ ਨੂੰ ਸਰਹੱਦ ‘ਤੇ ਖੜ੍ਹਨ ਵੀ ਨਹੀਂ ਦਿੱਤਾ ਜਾਂਦਾ| ਉਸ ਦਾ ਕਹਿਣਾ ਹੈ ਕਿ ਉਸ ਨੂੰ ਹਾਲੇ ਵੀ ਉਹ ਮਿਲਣੀਆਂ ਯਾਦ ਹਨ, ਜੋ ਆਪਣੇ ਮੁਸਲਮਾਨ ਦੋਸਤਾਂ ਨਾਲ 1947 ਦੀ ਵੰਡ ਪਿਛੋਂ ਉਨ੍ਹਾਂ ਦੇ ਪਾਕਿਸਤਾਨ ਚਲੇ ਜਾਣ ਪਿੱਛੋਂ ਰੇਲਵੇ ਪੁਲ ‘ਤੇ ਹੋਇਆ ਕਰਦੀਆਂ ਸਨ| ਲੜਾਈ ਵਿਚ ਇਹ ਪੁਲ ਪੂਰੀ ਤਰ੍ਹਾਂ ਤਬਾਹ ਹੋ ਜਾਣ ‘ਤੇ ਇਹ ਸੰਪਰਕ ਬਿਲਕੁਲ ਹੀ ਖਤਮ ਹੋ ਗਿਆ| ਉਸ ਪਿੱਛੋਂ ਵੀ ਰੁਕਾਵਟਾਂ ਆ ਗਈਆਂ|
ਕਰਤਾਰ ਚੰਦ ਨਾਲ ਹੋਈ ਉਪਰ ਦੱਸੀ ਗੱਲਬਾਤ ਤੋਂ ਦੋ ਨੁਕਤਿਆਂ ‘ਤੇ ਗੌਰ ਕਰਨੀ ਜ਼ਰੂਰੀ ਜਾਪਦੀ ਹੈ। ਪਹਿਲੀ ਇਹ ਕਿ ਦਰਸ਼ਨ ਅਭਿਲਾਸ਼ੀਆਂ ਲਈ ਇਹ ਰੋਕ-ਟੋਕ ਨਹੀਂ ਹੋਣੀ ਚਾਹੀਦੀ ਕਿ ਉਹ ਕਿਸ ਭਾਈਚਾਰੇ ਨਾਲ ਸਬੰਧਤ ਹਨ, ਜਿਵੇਂ ਕਰਤਾਰ ਚੰਦ ਧਰਮ ਕਰਕੇ ਹਿੰਦੂ ਹੈ ਪਰ ਕਰਤਾਰਪੁਰ ਦੇ ਮੁੜ ਦਰਸ਼ਨਾਂ ਦੀ ਤਾਂਘ ਉਸ ਦੇ ਮਨ ਵਿਚ ਉਸੇ ਤਰ੍ਹਾਂ ਠਾਠਾਂ ਮਾਰ ਰਹੀ ਹੈ, ਜਿਸ ਤਰ੍ਹਾਂ ਉਹ ਵੰਡ ਤੋਂ ਪਹਿਲਾਂ ਬਚਪਨ ਵਿਚ ਵਿਸਾਖੀ ਦੇ ਮੇਲੇ ‘ਤੇ ਜਾਇਆ ਕਰਦਾ ਸੀ| ਦੂਜੀ ਗੱਲ, ਉਹ ਕਰਤਾਰਪੁਰ ਦੇ ਬਿਲਕੁਲ ਨੇੜੇ ਰਾਵੀ ਦੇ ਉਰਲੇ ਪਾਰ ਵਸੇ ਡੇਰਾ ਬਾਬਾ ਨਾਨਕ ਵਿਖੇ ਰਹਿੰਦਾ ਹੈ ਅਤੇ ਉਸ ਲਈ ਪਾਸਪੋਰਟ ਬਣਾਉਣ ਵਾਸਤੇ ਅੰਮ੍ਰਿਤਸਰ ਜਾਣਾ ਉਮਰ ਦੇ ਇਨ੍ਹਾਂ ਲਹਿੰਦੇ ਵਰ੍ਹਿਆਂ ਵਿਚ ਬਹੁਤ ਔਖਾ ਹੈ|
ਖਬਰਾਂ ਅਨੁਸਾਰ ਪਾਕਿਸਤਾਨ ਸਰਕਾਰ ਨੇ ਨਿਯਮਾਂ ਸਬੰਧੀ ਜੋ ਖਰੜਾ ਬਣਾ ਕੇ ਭੇਜਿਆ ਹੈ, ਉਸ ਅਨੁਸਾਰ ਸਿੱਖ ਯਾਤਰੂ ਹੀ ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨ ਕਰਨ ਜਾ ਸਕਦੇ ਹਨ| ਗੁਰੂ ਨਾਨਕ ਅਨੁਸਾਰ ਸਾਰੇ ਮਨੁੱਖ ਉਸੇ ਇੱਕ ਕਰਤਾਰੀ ਜੋਤਿ ਦੀ ਰੌਸ਼ਨੀ ਸਦਕਾ ਰੌਸ਼ਨ ਹਨ, ਸਭ ਅੰਦਰ ਉਸੇ ਇੱਕ ਪਰਵਰਦਗਾਰ ਦੀ ਜੋਤਿ ਵਸ ਰਹੀ ਹੈ| ਬਾਬੇ ਦੀ ਬਾਣੀ ਸਰਵਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ| ਇਸ ਲਈ ਇਹ ਤਸਲੀਮ ਕਰਕੇ ਚੱਲਣਾ ਚਾਹੀਦਾ ਹੈ ਕਿ ਬਾਬੇ ਨਾਨਕ ਦਾ ਦਰ ਹਰ ਮਾਈ ਭਾਈ ਲਈ, ਭਾਵੇਂ ਉਹ ਸਿੱਖ, ਹਿੰਦੂ, ਮੁਸਲਮਾਨ, ਈਸਾਈ ਜਾਂ ਕੋਈ ਵੀ ਹੈ, ਲਈ ਖੁੱਲ੍ਹਾ ਹੈ, ਕਿਸੇ ਕਿਸਮ ਦੀ ਕੋਈ ਰੋਕ-ਟੋਕ ਨਹੀਂ ਹੈ| ਦਰਸ਼ਨ ਅਭਿਲਾਸ਼ੀਆਂ ਨੂੰ ਬਿਨਾ ਕਿਸੇ ਧਾਰਮਕ ਜਾਂ ਜਾਤ ਦੇ ਭਿੰਨ-ਭੇਦ ਦੇ ਆਗਿਆ ਮਿਲਣੀ ਚਾਹੀਦੀ ਹੈ| ਸਿਕਿਉਰਿਟੀ ਚੈਕ ਵਗੈਰਾ ਦੀਆਂ ਸ਼ਰਤਾਂ ਭਾਵੇਂ ਲਾਈਆਂ ਜਾਣ ਪਰ ਧਰਮ ਆਦਿ ਦੇ ਵਖਰੇਵੇਂ ਵਾਲੀ ਗੱਲ ਗੁਰੂ ਫਲਸਫੇ ਨਾਲ ਮੇਲ ਨਹੀਂ ਖਾਂਦੀ, ਕਿਉਂਕਿ ਗੁਰੂਆਂ ਦੀ ਫਿਲਾਸਫੀ ਅਨੁਸਾਰ ਧਰਮ, ਜਾਤ ਆਦਿ ਦੇ ਆਧਾਰ ‘ਤੇ ਵਖਰੇਵਾਂ ਕਰਨਾ ਸਹੀ ਨਹੀਂ| ਗੁਰੂ ਨਾਨਕ ਦੇ ਦਰਬਾਰ ਵਿਚ ਤਾਂ ‘ਜੋ ਜੀਅ ਆਵੇ, ਸੋ ਰਾਜੀ ਜਾਵੇ’ ਦੇ ਮਹਾਂਵਾਕ ਅਤੇ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ’ ਅਨੁਸਾਰ ਸਭ ਦਾ ਭਲਾ ਮੰਗਿਆ ਜਾਂਦਾ ਹੈ|
ਬਾਬੇ ਨਾਨਕ ਦਾ ਸਥਾਪਤ ਕੀਤਾ ਧਰਮ ਸਰਵ-ਅਲਿੰਗਨਕਾਰੀ ਹੈ| ਭਾਈ ਮਰਦਾਨੇ ਨੇ ਆਪਣੀ ਉਮਰ ਦਾ ਸਮੁੱਚਾ ਸਮਾਂ ਗੁਰੂ ਨਾਨਕ ਦੀ ਸੰਗਤ ਵਿਚ ਗੁਜ਼ਾਰਿਆ| ਹਰ ਉਦਾਸੀ ਸਮੇਂ ਉਹ ਗੁਰੂ ਨਾਨਕ ਦੇ ਸਾਥ ਵਿਚ ਰਹੇ, ਬੇਸ਼ੱਕ ਉਹ ਧਰਮ ਪੱਖੋਂ ਮੁਸਲਮਾਨ ਸਨ। ਇਹ ਇੱਕ ਵੱਡਾ ਸੁਨੇਹਾ ਹੈ, ਸਮੁੱਚੀ ਮਨੁੱਖਤਾ ਵਾਸਤੇ|
ਦੂਜਾ ਮਸਲਾ ਪਾਸਪੋਰਟ ਅਤੇ ਪਾਕਿਸਤਾਨੀ ਵੀਜ਼ਾ ਲੈਣ ਦਾ ਹੈ| ਪਾਸਪੋਰਟ ਬਣਾਉਣ ਲਈ ਕਈ ਕੁਝ ਕਰਨਾ ਪੈਂਦਾ ਹੈ, ਪਰ ਗੁਰੂ ਦਰਬਾਰ ਦੇ ਦਰਸ਼ਨ ਕਰਨ ਦਾ ਮਨ ਤਾਂ ਹਰ ਇੱਕ ਦਾ ਕਰਦਾ ਹੈ| ਸਧਾਰਨ ਤੇ ਅਨਪੜ੍ਹ ਮਨੁੱਖ ਲਈ ਪਾਸਪੋਰਟ ਬਣਾਉਣਾ ਤੇ ਵੀਜ਼ਾ ਲੈਣਾ ਕੋਈ ਸੌਖਾ ਕੰਮ ਨਹੀਂ ਹੈ| ਪਿੰਡਾਂ ਵਿਚੋਂ ਉਠ ਕੇ ਕੋਈ ਬਜੁਰਗ, ਜਾਂ ਬਿਨਾ ਤਾਲੀਮ ਦੇ ਮਨੁੱਖ ਕਿੱਥੇ ਪਾਸਪੋਰਟ ਬਣਾਉਣ ਜਾਵੇਗਾ ਅਤੇ ਕਿਵੇਂ ਦਿੱਲੀ ਜਾ ਕੇ ਵੀਜ਼ਾ ਹਾਸਲ ਕਰੇਗਾ!
ਗੁਰੂ ਨਾਨਕ ਦਾ ਸਥਾਪਤ ਕੀਤਾ ਧਰਮ ਭਾਈ ਲਾਲੋਆਂ ਦਾ ਧਰਮ ਹੈ| ਪਿੰਡ ਵਿਚ ਬੈਠੇ ਕਿਸੇ ਕਿਰਤੀ ਲੇਕਿਨ ਸਾਧਨ ਵਿਹੂਣੇ ਮਨੁੱਖ ਦਾ ਮਨ ਵੀ ਗੁਰੂ ਨਾਨਕ ਦੇ ਚਰਨ ਕੰਵਲਾਂ ਨਾਲ ਵਰੋਸਾਈ ਧਰਤੀ ਦੀ ਮਿੱਟੀ ਚੁੰਮਣ ਨੂੰ ਉਵੇਂ ਹੀ ਕਰਦਾ ਹੈ, ਜਿਵੇਂ ਕਿਸੇ ਪੜ੍ਹੇ-ਲਿਖੇ ਅਤੇ ਸਾਧਨਾਂ ਨਾਲ ਭਰਪੂਰ ਬੰਦੇ ਦਾ| ਨਿੱਜੀ ਸ਼ਨਾਖਤ ਲਈ ਕੋਈ ਹੋਰ ਰਾਹ ਲੱਭਿਆ ਜਾ ਸਕਦਾ ਹੈ, ਜਿਵੇਂ ਆਧਾਰ ਕਾਰਡ ਵਗੈਰਾ| ਵੀਜੇ. ਦੀ ਥਾਂ ਸਰਹੱਦ ਨੇੜੇ ਅੰਦਰ ਜਾਣ ਦੀ ਆਗਿਆ ਦੇਣ ਦਾ ਕੋਈ ਹੋਰ ਹੱਲ ਕੱਢਿਆ ਜਾ ਸਕਦਾ ਹੈ|
ਤੀਜਾ ਨੁਕਤਾ, ਜੋ ਗੱਲਬਾਤ ਵਿਚੋਂ ਸਿੱਧਾ ਤਾਂ ਉਜਾਗਰ ਨਹੀਂ ਹੁੰਦਾ, ਪਰ ਜਿਸ ਨੂੰ ਇਸੇ ਸੰਦਰਭ ਵਿਚ ਸਮਝਿਆ ਜਾ ਸਕਦਾ ਹੈ, ਉਹ ਕਰਤਾਰ ਚੰਦ ਦੇ ਇਸ ਫਿਕਰੇ ਵਿਚੋਂ ਲੱਭਦਾ ਹੈ ਕਿ ਉਹ ਪਿੰਡ ਦੇ ਕਿਸੇ ਮੁੰਡੇ ਦੇ ਮੋਟਰ ਸਾਈਕਲ ਦੇ ਪਿੱਛੇ ਬੈਠ ਕੇ ਦਰਸ਼ਨ ਕਰਨ ਚਲਿਆ ਜਾਵੇਗਾ|
ਖਬਰਾਂ ਮੁਤਾਬਕ ਸ਼ਰਧਾਲੂਆਂ ਦੇ ਜਥੇ ਵਿਚ ਘੱਟੋ ਘੱਟ 15 ਜਣਿਆਂ ਦਾ ਹੋਣਾ ਜ਼ਰੂਰੀ ਹੈ| ਇਹ ਸ਼ਰਤ ਵੀ ਬਹੁਤੀ ਵਾਜਬ ਨਹੀਂ ਜਾਪਦੀ, ਕਿਉਂਕਿ ਕਿਸੇ ਵੇਲੇ ਕਿਸੇ ਇੱਕ ਪਰਿਵਾਰ ਦਾ ਜਾਂ ਜਿਵੇਂ ਕਰਤਾਰ ਚੰਦ ਨੇ ਕਿਹਾ ਹੈ, ਦੋ ਬੰਦਿਆਂ ਦਾ ਵੀ ਜਾਣ ਨੂੰ ਮਨ ਕਰ ਸਕਦਾ ਹੈ| ਇਸ ਲਈ ਗਿਣਤੀ ਦੀ ਬੰਦਿਸ਼ ਨਹੀਂ ਹੋਣੀ ਚਾਹੀਦੀ| ਪਾਕਿਸਤਾਨ ਸਰਕਾਰ, ਖਾਸ ਕਰ ਜਨਾਬ ਇਮਰਾਨ ਖਾਨ ਨੇ ਫਰਾਖਦਿਲੀ ਦਾ ਸਬੂਤ ਦਿੰਦਿਆਂ ਸੰਗਤਾਂ ਦੀ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਨੂੰ ਮੰਨਿਆ ਹੈ ਅਤੇ ਸ਼ਰਤਾਂ ਨਰਮ ਕਰਕੇ ਉਨ੍ਹਾਂ ਨੂੰ ਹੋਰ ਖੁਲ੍ਹਦਿਲੀ ਦਿਖਾਉਣੀ ਚਾਹੀਦੀ ਹੈ|
ਕੈਨੇਡਾ ਵਿਚ ਮੇਰਾ ਫੈਮਿਲੀ ਫਿਜੀਸ਼ੀਅਨ ਪਾਕਿਸਤਾਨ ਤੋਂ ਹੈ| ਉਸ ਦੇ ਦਾਦਾ ਜੀ ਲੁਧਿਆਣੇ ਤੋਂ ਸਨ, ਜਿਨ੍ਹਾਂ ਨੂੰ 1947 ਦੀ ਵੰਡ ਕਾਰਨ ਪਾਕਿਸਤਾਨ ਜਾਣਾ ਪਿਆ ਸੀ, ਉਸ ਦੇ ਦੱਸਣ ਅਨੁਸਾਰ ਉਸ ਦੇ ਦਾਦਾ ਜੀ ਹੁਣ ਵੀ ਲੁਧਿਆਣੇ ਨੂੰ ਯਾਦ ਕਰਕੇ ਰੋਣ ਲੱਗ ਪੈਂਦੇ ਹਨ| ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਦੇ ਐਲਾਨ ਪਿਛੋਂ ਜਿਸ ਦਿਨ ਮੈਂ ਡਾਕਟਰ ਕੋਲ ਗਈ ਤਾਂ ਉਸ ਦੇ ਚਿਹਰੇ ਦੀ ਖੁਸ਼ੀ ਦੇਖਣ ਵਾਲੀ ਸੀ| ਉਸ ਨੇ ਮੈਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਪਾਕਿਸਤਾਨ ਦੇ ਲੋਕ ਬਾਬੇ ਨਾਨਕ ਦਾ ਕਿੰਨਾ ਸਤਿਕਾਰ ਕਰਦੇ ਹਨ| ਉਸ ਦਾ ਕਹਿਣਾ ਸੀ ਕਿ ਕੀ ਜਦੋਂ ਦੋ ਭਰਾ ਵੱਖਰੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਸ ਵਿਚ ਵਰਤਣਾ ਛੱਡ ਦੇਣਾ ਚਾਹੀਦਾ ਹੈ? ਜਦੋਂ ਵੀ ਮੈਂ ਕਦੀ ਡਾਕਟਰ ਕੋਲ ਜਾਂਦੀ ਹਾਂ, ਉਹ ਹਮੇਸ਼ਾ ਦੱਸਣ ਲੱਗ ਪੈਂਦਾ ਹੈ ਕਿ ਉਨ੍ਹਾਂ ਦੀ ਤਰਫ ਕਿੰਨੀ ਤੇਜੀ ਨਾਲ ਲਾਂਘੇ ਦਾ ਕੰਮ ਹੋ ਰਿਹਾ ਹੈ| ਇਸ ਪੱਖੋਂ ਦੋਹਾਂ ਮੁਲਕਾਂ ਦੇ ਆਮ ਆਵਾਮ, ਖਾਸ ਕਰ ਪੰਜਾਬੀਆਂ ‘ਚ ਬਹੁਤ ਉਤਸ਼ਾਹ ਹੈ ਅਤੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਆਵਾਮ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਸ਼ਰਤਾਂ ਨਰਮ ਕਰਨੀਆਂ ਚਾਹੀਦੀਆਂ ਹਨ|
ਅੰਤਿਕਾ: ਮੀਡੀਆ ਦੀ ਇੱਕ ਖਬਰ ਅਨੁਸਾਰ ਉਪ-ਮੰਡਲ ਧੂਰੀ ਅਧੀਨ ਪੈਂਦੇ ਪਿੰਡ ਮਾਨਵਾਲਾ ਵਿਚ ਇੱਕ ਦਲਿਤ ਪਰਿਵਾਰ ਨੂੰ ਪਿੰਡ ਦੇ ਗੁਰੂ ਘਰ ਵਿਚ ਬਜੁਰਗ ਔਰਤ ਦੇ ਪਾਠ ਦਾ ਭੋਗ ਪਾਉਣ ਅਤੇ ਅੰਤਿਮ ਅਰਦਾਸ ਕਰਨ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ| ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦਲਿਤ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਘਰ ਵਿਚ ਪਾਠ ਦਾ ਭੋਗ ਪਾਉਣ ਤੋਂ ਰੋਕਿਆ ਗਿਆ| ਮਾਨਵਾਲਾ ਦੇ ਵਸਨੀਕ ਕਾਕਾ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਭੋਗ ਪਾਉਣਾ ਸੀ ਅਤੇ ਉਸ ਦਾ ਘਰ ਛੋਟਾ ਹੋਣ ਕਰਕੇ ਉਹ ਆਪਣੀ ਮੰਗ ਲੈ ਕੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਕੋਲ ਗਿਆ, ਜਿਨ੍ਹਾਂ ਨੇ ਗੁਰੂ ਘਰ ‘ਚ ਭੋਗ ਦੀ ਰਸਮ ਲਈ ਪ੍ਰਵਾਨਗੀ ਦੇ ਦਿੱਤੀ| 17 ਜਨਵਰੀ ਨੂੰ ਭੋਗ ਪੈਣਾ ਸੀ, ਪਰ 16 ਜਨਵਰੀ ਦੀ ਰਾਤ ਨੂੰ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਨੇ ਉਸ ਕੋਲ ਆ ਕੇ ਗੁਰੂ ਘਰ ਵਿਚ ਪਾਠ ਦਾ ਭੋਗ ਪਾਉਣ ਤੋਂ ਮਨ੍ਹਾਂ ਕਰ ਦਿੱਤਾ| ਉਹ ਪਿੰਡ ਦੀ ਪੰਚਾਇਤ ਕੋਲ ਵੀ ਆਪਣੀ ਬੇਨਤੀ ਲੈ ਕੇ ਗਿਆ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ| ਉਸ ਦਾ ਕਹਿਣਾ ਹੈ ਕਿ ਦਲਿਤ ਹੋਣ ਕਰਕੇ ਉਸ ਨੂੰ ਗੁਰੂ ਘਰ ਵਿਚ ਪਾਠ ਦਾ ਭੋਗ ਪਾਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ|
ਗੁਰੂ ਨਾਨਕ ਦੇਵ ਨੇ ਮਲਕ ਭਾਗੋ ਦਾ ਕੀਮਤੀ ਅਤੇ ਸ਼ਾਹੀ ਪਕਵਾਨ ਛਕਣ ਨਾਲੋਂ ਭਾਈ ਲਾਲੋ ਦੀ ਕੋਧਰੇ ਦੀ ਰੁੱਖੀ-ਮਿੱਸੀ ਰੋਟੀ ਪ੍ਰਵਾਨ ਕੀਤੀ| ਆਪਣੀ ਬਾਣੀ ਵਿਚ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਦਾ ਸਾਥ ਨੀਵੇਂ ਕਹੇ ਜਾਣ ਵਾਲੇ ਲੋਕਾਂ ਨਾਲ ਬਣਿਆ ਰਹੇ ਅਤੇ ਉਹ ਨੀਵੇਂ ਤੋਂ ਵੀ ਨੀਵੇਂ ਕਹੇ ਜਾਣ ਵਾਲੇ ਲੋਕਾਂ ਦੇ ਸਾਥ ਵਿਚ ਖੜ੍ਹੇ ਰਹਿਣ ਕਿਉਂਕਿ ਉਨ੍ਹਾਂ ਨੂੰ ਵੱਡੇ ਕਹੇ ਜਾਣ ਵਾਲੇ ਜਾਂ ਮਾਇਆਧਾਰੀ ਲੋਕਾਂ ਦੇ ਸੰਗ ਤੁਰਨ ਦੀ ਕੋਈ ਤਾਂਘ ਨਹੀਂ ਹੈ, ਕੋਈ ਸਰੋਕਾਰ ਨਹੀਂ ਹੈ| ਜਿੱਥੇ ਨੀਵੇਂ ਕਹੇ ਜਾਂਦੇ, ਗਰੀਬ ਲੋਕਾਂ ਦੀ ਸਾਰ ਲਈ ਜਾਂਦੀ ਹੈ, ਉਥੇ ਉਸ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਪੈਂਦੀ ਹੈ| ਵਰਣ ਵੰਡ ਅਤੇ ਜਾਤ-ਪਾਤ ਹਿੰਦੂ ਧਰਮ ਦਾ ਸਿਧਾਂਤ ਹੈ, ਸਿੱਖ ਧਰਮ ਨਾਲ ਇਸ ਦਾ ਕੋਈ ਸਰੋਕਾਰ ਨਹੀਂ|
ਗੁਰੂ ਨਾਨਕ ਨੇ ਵਰਣ ਵੰਡ ਦੇ ਸਿਧਾਂਤ ਨੂੰ ਨਕਾਰਦਿਆਂ ਮਨੁੱਖੀ ਬਰਾਬਰੀ ਦਾ ਸਿਧਾਂਤ ਦਿੱਤਾ| ਭਾਈ ਗੁਰਦਾਸ ਗੁਰੂ ਨਾਨਕ ਵੱਲੋਂ ਚਲਾਏ ਧਰਮ ਦਾ ਵਰਣਨ ਕਰਦਿਆਂ ਆਪਣੀਆਂ ਵਾਰਾਂ ਵਿਚ ਸਪੱਸ਼ਟ ਕਰਦੇ ਹਨ ਕਿ ਗੁਰੂ ਨਾਨਕ ਨੇ ਇਸ ਕਲਿਜੁਗ ਦੇ ਸਮੇਂ ਵਿਚ ਪ੍ਰਗਟ ਹੋ ਕੇ ਮਨੁੱਖ ਨੂੰ ਇਹ ਦ੍ਰਿੜ ਕਰਵਾਇਆ ਕਿ ਇੱਕੋ ਇੱਕ ਪਰਮ ਹਸਤੀ ਅਕਾਲ ਪੁਰਖ ਹੈ ਅਤੇ ਉਸੇ ਇੱਕ ਅਕਾਲ ਪੁਰਖ ਵਿਚ ਵਿਸ਼ਵਾਸ ਕਰਨਾ ਹੈ, ਚਾਰ ਵਰਨਾਂ ਤੋਂ ਇੱਕ ਵਰਨ ਕਰਾ ਕੇ ਭਾਵ ਇੱਕ ਅਕਾਲ ਪੁਰਖ ਦੀ ਜੋਤਿ ਨਾਲ ਪ੍ਰਕਾਸ਼ਿਤ ਹੋਣਾ ਦ੍ਰਿੜ ਕਰਾ ਕੇ ਸਾਰੇ ਮਨੁੱਖਾਂ ਦੀ ਬਰਾਬਰੀ ਦਾ ਸਿਧਾਂਤ ਦਿੱਤਾ। ਚਾਰ ਵਰਨਾਂ ਦਾ ਇੱਕੋ ਵਰਨ ਤਸਲੀਮ ਕਰਕੇ ਧਰਮ ਨੂੰ ਆਪਣੇ ਚਾਰ ਪੈਰਾਂ ‘ਤੇ ਸਥਿਰ ਕੀਤਾ| ਮਨੁੱਖੀ ਬਰਾਬਰੀ ਦੇ ਇਸੇ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਸੰਗਤ ਅਤੇ ਪੰਗਤ ਦੀਆਂ ਸੰਸਥਾਵਾਂ ਕਾਇਮ ਕੀਤੀਆਂ ਗਈਆਂ|
ਗੁਰੂ ਗੋਬਿੰਦ ਸਿੰਘ ਨੇ ਇਸੇ ਸਿਧਾਂਤ ਨੂੰ ਹੋਰ ਪਰਪੱਕ ਕਰਦਿਆਂ ਵੱਖ ਵੱਖ ਜਾਤਾਂ ਨਾਲ ਸਬੰਧਤ ਪੰਜ ਪਿਆਰਿਆਂ ਨੂੰ ਇੱਕੋ ਬਾਟੇ ਵਿਚੋਂ ਅੰਮ੍ਰਿਤ ਪਾਨ ਕਰਾਇਆ| ਗੁਰੂ ਦੇ ਸਿੱਖ ਸਿਰਫ ਸਿੱਖੀ ਸਰੂਪ ਧਾਰਨ ਕਰਨ ਨਾਲ ਹੀ ਨਹੀਂ ਬਣ ਜਾਈਦਾ, ਗੁਰੂ ਦੇ ਸਿੱਖ ਅਖਵਾਉਣ ਲਈ ਗੁਰੂ ਦੇ ਦਿੱਤੇ ਸਿਧਾਂਤਾਂ ‘ਤੇ ਅਮਲ ਕਰਨਾ ਜ਼ਰੂਰੀ ਹੈ| ਕੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਆਪ ਨੂੰ ਗੁਰੂ ਤੋਂ ਉਪਰ ਸਮਝਦੀਆਂ ਹਨ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਸਿਰਫ ਅਖੰਡ ਪਾਠ ਬੁੱਕ ਕਰਨੇ ਅਤੇ ਅਕਾਲੀ ਕਾਨਫਰੰਸਾਂ ਸਮੇਂ ਲੰਗਰ ਛਕਾਉਣਾ ਹੀ ਰਹਿ ਗਿਆ ਹੈ? ਜਾਂ ਪਿੰਡਾਂ-ਥਾਂਵਾਂ ਵਿਚ ਜਾ ਕੇ ਗੁਰੂ ਦੀ ਸਿੱਖਿਆ ਸਮਝਾਉਣ ਅਤੇ ਧਰਮ ਪ੍ਰਚਾਰ ਕਰਕੇ ਲੋਕਾਂ ਨੂੰ ਰਸਤੇ ‘ਤੇ ਪਾਉਣਾ ਵੀ ਕਿਸੇ ਫਰਜ਼ ਵਿਚ ਸ਼ਾਮਲ ਹੈ?
ਅਫਸੋਸ ਦੀ ਗੱਲ ਹੈ ਕਿ ਇੱਕ ਪਾਸੇ ਗੁਰੂ ਨਾਨਕ ਦੇਵ ਦਾ 550ਵਾਂ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਦਾ ਪ੍ਰਚਾਰ ਹੋਰ ਰਿਹਾ ਹੈ ਅਤੇ ਦੂਜੇ ਪਾਸੇ ਕਿਸੇ ਨੂੰ ਇਹ ਚਿੰਤਾ ਨਹੀਂ ਹੈ ਕਿ ਗੁਰੂ ਘਰਾਂ ਵਿਚ ਗੁਰੂ ਨਾਨਕ ਦੇ ਸਿਧਾਂਤਾਂ ਦੀ ਹੀ ਸ਼ੱਰੇਆਮ ਉਲੰਘਣਾ ਹੋ ਰਹੀ ਹੈ| ਪਿੰਡ ਮਾਨਵਾਲਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਸਿਧਾਂਤਾਂ ਦੀ ਉਲੰਘਣਾ ਕਰਨ ਹਿਤ ਅਕਾਲ ਤਖਤ ਵਲੋਂ ਤੁਰੰਤ ਭੰਗ ਕਰਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪੰਚਾਇਤ ਤੇ ਪ੍ਰਬੰਧਕ ਕਮੇਟੀ ਨੂੰ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਨ ਦੇ ਜ਼ੁਰਮ ਵਿਚ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੋਂ ਇਸ ਕਿਸਮ ਦੀ ਉਲੰਘਣਾ ਕਰਨ ਤੋਂ ਕਮੇਟੀਆਂ ਗੁਰੇਜ ਕਰਨ|