ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਦੀਵੇ ਦੀ ਇਬਾਦਤ ਕਰਦਿਆਂ ਇਸ ਦੀਆਂ ਬਰਕਤਾਂ ਦਾ ਵਿਖਿਆਨ ਕੀਤਾ ਸੀ, “ਚਾਨਣ ਵਰਗੀ ਫਰਾਖ-ਦਿਲੀ ਜੇ ਮਨੁੱਖੀ ਸੋਚ ਦਾ ਹਾਸਲ ਹੋਵੇ ਤਾਂ ਇਹ ਹਰ ਮਨ ਵਿਚ ਚਾਨਣ ਦਾ ਜਾਗ ਲਾਉਂਦੀ।”
ਹਥਲੇ ਲੇਖ ਵਿਚ ਉਨ੍ਹਾਂ ਰਾਤ ਦੀਆਂ ਬਰਕਤਾਂ ਦਾ ਵਿਖਿਆਨ ਕੀਤਾ ਹੈ, “ਰਾਤ ਦਾ ਸਮਾਂ ਤਾਂ ਥੱਕੇ-ਹਾਰਿਆਂ ਲਈ ਅਰਾਮਗਾਹ। ਥਕਾਵਟ ਨਾਲ ਚੂਰ ਕਦਮਾਂ ਨੂੰ ਰਾਹਤ।…ਰਾਤ ਨੂੰ ਬਹੁਤਾ ਫਕੀਰ ਜਾਗਦੇ ਹਨ ਜਾਂ ਆਸ਼ਕ। ਰਾਤ ਨੂੰ ਜਾਗਦੇ ਨੇ ਧੁਖਦੀ ਧੂਣੀ ਵਰਗੇ ਲੋਕ, ਜੋ ਸੁਪਨਿਆਂ ਦੀ ਰਾਖ ਫਰੋਲਦੇ, ਸੁਪਨਹੀਣ ਦੀਦੇ ਮਲਦੇ, ਸੁਪਨ-ਕਬਰ ਦਾ ਹਟਕੋਰਾ ਭਰਦੇ ਚਿਰਾਗ ਹੀ ਬਣ ਜਾਂਦੇ।” ਪਰ ਹੁਣ ਉਲਟੇ ਜਮਾਨੇ ਆ ਗਏ ਹਨ, ਖਾਸ ਕਰ ਪੱਛਮੀ ਦੇਸ਼ਾਂ ਵਿਚ ਜਿੱਥੇ ਦੇਰ ਰਾਤ ਤੀਕ ਜਾਗਣਾ, ਨਵੀਂ ਪੀੜ੍ਹੀ ਦਾ ਜੀਵਨੀ ਰੰਗ-ਢੰਗ ਅਤੇ ਇਸ ‘ਚ ਰੰਗੀ ਜਾ ਰਹੀ ਹੈ ਮੌਜੂਦਾ ਦੌਰ ਦੀ ਜਵਾਨ-ਪੀੜ੍ਹੀ। -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਰਾਤ ਨੂੰ ਜਾਗਣ ਵਾਲੇ ਅੱਲ੍ਹਾ ਦੇ ਫਕੀਰ, ਬੰਦਗੀ ‘ਚੋਂ ਬੰਦਿਆਈ ਮਾਰਗ ਦੇ ਅਭਿਲਾਸ਼ੀ। ਰੱਬ ਦੇ ਬੰਦੇ, ਜਿਨ੍ਹਾਂ ਦੀ ਸੁਰਤ-ਸਾਧਨਾ ਵਿਚ ਅੰਤਰ-ਯਾਤਮਾ ਦੀ ਤਲਾਸ਼ ਅਤੇ ਉਹ ਖੁਦ ਤੋਂ ਖੁਦ ਦੇ ਤਲਬਗਾਰ।
ਰਾਤ ਦੇ ਰਮਤਿਆਂ ਨੇ ਰਾਤਾਂ ਦੀ ਰਹਿਬਰੀ ਵਿਚੋਂ ਹੀ ਜੀਵਨ-ਦਾਤਾਂ ਦੀ ਸਮਝ ਪਾਈ। ਇਨ੍ਹਾਂ ‘ਚੋਂ ਭਾਲੀ ਛੁਪੀ ਹੋਈ ਖੁਦਾਈ ਅਤੇ ਸਮਿਆਂ ਦੇ ਦਰਾਂ ‘ਤੇ ਸ਼ਬਦ-ਜੋਤ ਜਗਾਈ, ਜਿਸ ਨੇ ਭਰਮ ਭੁਲੇਖਿਆਂ ‘ਚ ਗਵਾਚੀ ਲੋਕਾਈ ਨੂੰ ਦਿੱਤੀ ਨਵੀਂ ਰੁਸ਼ਨਾਈ।
ਰਾਤ ਦੇ ਰਾਹੀਆਂ ਦੇ ਦੀਦਿਆਂ ਵਿਚ ਰਾਹ-ਰਮਤਾ, ਰਾਹਗੀਰੀ ਅਤੇ ਅਵਾਰਗੀ, ਜੋ ਰਾਤ ਨੂੰ ਵੀ ਬੇ-ਅਰਾਮ ਤੇ ਬੇਚੈਨ ਕਰਦੀ।
ਰਾਤ ਦੀ ਬੀਹੀ ਵਿਚ ਬੈਠਿਆਂ ਜਦ ਨੈਣਾਂ ਵਿਚ ਰਾਤ ਗੁਜਾਰਨ ਦਾ ਵਖਤ ਆਵਾਜ਼ ਲਾਵੇ ਤਾਂ ਤਾਰਿਆਂ ਦੀਆਂ ਖਿੱਤੀਆਂ ਦੀ ਸਾਹ-ਚਾਲ ਉਖੜ ਜਾਵੇ ਅਤੇ ਜ਼ਿੰਦਗੀ ਰਸਾਤਲ ਵੰਨੀਂ ਖਿਸਕਦੀ ਜਾਵੇ।
ਰਾਤਾਂ ਨੂੰ ਜਾਗਣ ਵਾਲਿਆਂ ਲਈ ਤਾਰੇ ਦਾ ਚੜ੍ਹਨਾ ਤੇ ਡੁੱਬਣਾ, ਚੰਨ ਦੀ ਫਾੜੀ ਦਾ ਥਾਲ ਬਣ ਜਾਣਾ ਅਤੇ ਇਸ ਸਫਰ ਦਾ ਪੁੰਨਿਆ ਅਤੇ ਮੱਸਿਆ ‘ਚ ਵੱਟ ਜਾਣਾ, ਸੋਚ ਜੂਹ ਵਿਚ ਤੈਰਨ ਲੱਗਦਾ।
ਰਾਤਾਂ ਨੂੰ ਜਾਗਣਾ, ਬਹੁਤ ਸਾਰੇ ਲੋਕਾਂ ਦਾ ਨਸੀਬਾ। ਵਿਭਿੰਨ ਸਰੋਕਾਰਾਂ, ਸੁਪਨਿਆਂ, ਸੰਤਾਪਾਂ ਤੇ ਸਬਜ਼ਬਾਗਾਂ ਦੀ ਸਾਰਥਕਤਾ ਨੂੰ ਵਿਉਂਤਣ ਲਈ ਜੀਵਨ-ਪੰਧ ਨੂੰ ਸੇਧ ਦੇਣਾ ਅਤੇ ਸਰ-ਅੰਜ਼ਾਮ ਤੀਕ ਪਹੁੰਚਾਉਣਾ।
ਪੱਛਮੀ ਦੇਸ਼ਾਂ ਵਿਚ ਦੇਰ ਰਾਤ ਤੀਕ ਜਾਗਣਾ, ਨਵੀਂ ਪੀੜ੍ਹੀ ਦਾ ਜੀਵਨੀ ਰੰਗ-ਢੰਗ ਅਤੇ ਇਸ ‘ਚ ਰੰਗੀ ਜਾ ਰਹੀ ਹੈ ਮੌਜੂਦਾ ਦੌਰ ਦੀ ਜਵਾਨ-ਪੀੜ੍ਹੀ।
ਰਾਤਾਂ ਨੂੰ ਜਾਗਣਾ, ਕੁਝ ਕੁ ਲੋਕਾਂ ਦੀ ਮਜਬੂਰੀ, ਜੋ ਚੌਵੀ ਘੰਟੇ ਖੁੱਲ੍ਹੇ ਰਹਿਣ ਵਾਲੇ ਵਪਾਰਕ ਅਦਾਰਿਆਂ ਦਾ ਪੁਰਜਾ ਬਣੇ, ਪੁਰਜਿਆਂ ਦੇ ਘਸਣ ਜਾਂ ਭੁਰਨ ਤੀਕ, ਸਾਹਾਂ ਨੂੰ ਸੂਲੀ ‘ਤੇ ਟੰਗੀ ਰੱਖਦੇ। ਉਹ ਲੋਕ ਕੁਦਰਤੀ ਪ੍ਰਕ੍ਰਿਆ ਦੀ ਅਵੱਗਿਆ ਕਰਕੇ, ਸਿਹਤਮੰਦੀ ਨੂੰ ਸਿਉਂਕਦੇ।
ਰਾਤ ਦਾ ਸਮਾਂ ਤਾਂ ਥੱਕੇ-ਹਾਰਿਆਂ ਲਈ ਅਰਾਮਗਾਹ। ਥਕਾਵਟ ਨਾਲ ਚੂਰ ਕਦਮਾਂ ਨੂੰ ਰਾਹਤ। ਪੈਰਾਂ ਦੇ ਛਾਲਿਆਂ ਦੀ ਪੀੜਾ ਤੋਂ ਨਿਜ਼ਾਤ ਅਤੇ ਰਾਤ ਪਿਛੋਂ ਫਿਰ ਨਵੇਂ ਸਫਰ ਦੀ ਤਿਆਰੀ।
ਰਾਤ ਦੇ ਰਾਹੀਆਂ ਦੇ ਪੱਲੇ ‘ਚ ਹਨੇਰਾ। ਸੰਘਣੇ ਹਨੇਰਿਆਂ ਵਿਚ ਗੁੰਮੀਆਂ ਪੈੜਾਂ ਤੇ ਅਦ੍ਰਿਸ਼ਟ ਦਿਸਹੱਦੇ। ਸੂਰਜ ਵਰਗਾ ਨਿੱਘ ਤੇ ਚਾਨਣ ਚੰਦਰਮਾ ਕਿੰਜ ਦੇਵੇਗਾ, ਜੋ ਖੁਦ ਉਧਾਰੇ ਚਾਨਣ-ਸਾਹੀਂ ਜਿਉਂਦਾ! ਸੂਰਜ ਨੂੰ ਤਰਸਦੇ ਲੋਕਾਂ ਨੂੰ ਤ੍ਰੇਲ-ਤੁਪਕਿਆਂ ‘ਚੋਂ ਛਲਕਦੇ ਰੰਗਾਂ ਅਤੇ ਹੌਲੀ-ਹੌਲੀ ਬਨੇਰਿਆਂ ਤੋਂ ਉਤਰਦੀ ਰਿਸ਼ਮਾਂ ਦੀ ਲਾਮਡੋਰੀ ਦਾ ਕੀ ਅਹਿਸਾਸ ਹੋਵੇਗਾ?
ਰਾਤਾਂ ਨੂੰ ਜਾਗਣਾ ਕੁਝ ਲੋਕਾਂ ਦਾ ਸ਼ੌਕ। ਜੀਵਨ ਨੂੰ ਆਧੁਨਿਕਤਾ ਰਾਹੀਂ ਪੁੱਠਾ ਗੇੜ ਦੇਣ ਲਈ ਕਾਹਲੇ। ਅਜਿਹੇ ਲੋਕ ਦਿਨ ਨਾਲੋਂ ਰਾਤ ਨੂੰ ਜ਼ਿਆਦਾ ਚਾਹੁੰਦੇ।
ਕਰਮ-ਯੋਗਤਾ ਨੂੰ ਸਾਹੀਂ ਜਿਉਣ ਵਾਲੀ ਮਾਂ ਸਾਰੀ ਰਾਤ ਆਪਣੇ ਬੱਚੇ ਦੀ ਤਾਮੀਰਦਾਰੀ ‘ਚ ਰੁੱਝੀ, ਲੋਰੀਆਂ ਸੁਣਾਉਂਦੀ, ਆਪਣੀ ਨੀਂਦ ਮੁਲਤਵੀ ਕਰਦੀ, ਬੱਚੇ ਦੀ ਸੁਪਨਈ ਨੀਂਦ ਦਾ ਆਧਾਰ ਬਣ, ਸੇਵਾ ਤੇ ਸਮਰਪਣ ਦਾ ਅਜਿਹਾ ਚਾਨਣ-ਬੁਰਜ ਸਿਰਜਦੀ, ਜਿਸ ਦੀ ਰੀਸ ਕੋਈ ਨਹੀਂ ਕਰ ਸਕਦਾ। ਤਾਂ ਹੀ ਰੱਬ ਤੋਂ ਉਚੇ ਦਰਜੇ ‘ਤੇ ਰਹਿੰਦੀਆਂ ਮਾਂਵਾਂ, ਰੱਬ ਤੋਂ ਵੀ ਪਹਿਲਾਂ ਹੁੰਗਾਰਾ ਭਰਦੀਆਂ ਅਤੇ ਬੱਚੇ ਦੀ ਸੁਪਨ-ਆਸ ਨੂੰ ਪੂਰਨਤਾ ਦਾ ਵਰ ਦਿੰਦੀਆਂ।
ਰਾਤ ਨੂੰ ਭਗਤੀ ਕਰਦੇ ਕੁਝ ਲੋਕ ਸਵੈ-ਲੀਨਤਾ ਵਿਚ ਕੁਝ ਨਵਾਂ ਖੋਜਣ ਦੀ ਕੋਸ਼ਿਸ਼ ਕਰਦੇ, ਪਰ ਸਭ ਤੋਂ ਉਚਤਮ ਹੈ ਗਿਆਨ-ਗੋਸ਼ਟਿ, ਸ਼ਬਦ-ਸਾਧਨਾ ਤੇ ਸੁਪਨ-ਸੰਪੂਰਨਤਾ ਦਾ ਸਫਰ, ਜੋ ਰਾਤ ਨੂੰ ਰਾਤ ਨਹੀਂ ਰਹਿਣ ਦਿੰਦਾ। ਦਿਨ-ਰਾਤ ਦੀ ਮਿਹਨਤ-ਮੁਸ਼ੱਕਤ ਨਾਲ ਸੁਪਨਿਆਂ ਦੀ ਫਸਲ ਮੌਲਦੀ। ਇਨ੍ਹਾਂ ਦੀ ਸੁਗੰਧ ਤੇ ਰੰਗ, ਜੀਵਨੀ-ਸਕਾਰਥ ਨੂੰ ਨਵੇਂ ਅਰਥ ਦਿੰਦੇ, ਜੀਵਨ ਨੂੰ ਜ਼ਿਕਰਯੋਗ ਪ੍ਰਾਪਤੀਆਂ ਦਾ ਸਿਰਲੇਖ ਬਣਾਉਂਦੇ। ਦੀਵਾ, ਲਾਲਟੈਣ ਜਾਂ ਗਲੀ ‘ਚ ਖੰਭੇ ਨਾਲ ਲਟਕਦੇ ਬਲਬ ਦੀ ਰੌਸ਼ਨੀ ‘ਚ, ਰਾਤ ਦੀ ਸੰਘਣੀ ਚੁੱਪ ਦੌਰਾਨ ਇਕਾਗਰਤਾ ਨਾਲ ਅਨਾਦੀ ਰਾਗਣੀ ‘ਚ ਗਵਾਚਿਆ ਰੂਹ ਦਾ ਸਾਜ਼, ਸਿਰੜ-ਸਾਧਨਾ ਨੂੰ ਮੱਥੇ ਦਾ ਲੇਖ ਬਣਾਉਂਦਾ। ਦਿਨੇ ਟੁੱਕਰ ਦਾ ਆਹਰ ਅਤੇ ਰਾਤੀਂ ਸੁਪਨਿਆਂ ਦੀ ਠਾਹਰ ਹੀ ਬਣਦੀ, ਸਫਲ ਜ਼ਿੰਦਗੀ ਦਾ ਆਧਾਰ ਜਦ ਗੁਰਬਤ ਤੇ ਦੁਸ਼ਵਾਰੀਆਂ ਬਣਦੀਆਂ ਨੇ ਮਨੁੱਖ ਲਈ ਵੰਗਾਰ। ਹੁਣ ਵੀ ਜਦ ਕੁੱਕੜ ਦੀ ਪਹਿਲੀ ਬਾਂਗ ਤੀਕ ਪੜ੍ਹਨ ਦਾ ਚੇਤਾ ਆਉਂਦਾ ਤਾਂ ਚਿੱਤ-ਚੰਗੇਰ ਮਹਿਕਣ ਲੱਗ ਪੈਂਦੀ।
ਰਾਤ ਨੂੰ ਸਾਰਥਕ ਪਾਸੇ ਲਾਉਣ ਅਤੇ ਸਾਥੀਆਂ ਤੇ ਸਮਾਜ ਤੋਂ ਕੁਝ ਵਧੇਰੇ ਤੇ ਚੰਗਾ ਕਰਨ ਦੀ ਚਾਹਤ ਜਦ ਮਨ ਮੱਲਦੀ ਤਾਂ ਦਿਨ-ਰਾਤ ਦਾ ਅੰਤਰ ਮਿਟਦਾ। ਬਾਪ ਦੀ ਜੀਵਨ-ਸ਼ੈਲੀ ਵੰਨੀਂ ਝਾਤ ਮਾਰਦਾਂ ਤਾਂ ਸੋਚਦਾਂ ਕਿ ਉਸ ਲਈ ਦਿਨ-ਰਾਤ ਦੀ ਇਕਸਾਰਤਾ ਅਜਿਹੀ ਚਾਹਤ ਬਣ ਗਈ ਸੀ ਕਿ ਉਹ ਅਕਸਰ ਹੀ ਰਾਤ ਨੂੰ ਖੂਹ ਜਾਂ ਖਰਾਸ ਦੀ ਵਾਰੀ ਲਾਉਂਦਾ ਤਾਂ ਕਿ ਦਿਨ ਵੇਲੇ ਖੇਤੀ ਦੇ ਦੂਸਰੇ ਕਾਰਜਾਂ ਨੂੰ ਨੇਪਰੇ ਚਾੜ੍ਹ ਸਕੇ। ਰਾਤ ਨੂੰ ਖੇਤਾਂ ਨੂੰ ਪਾਣੀ ਦੇ, ਤੜਕੇ ਹੀ ਗੱਡਾ ਜੋੜ ਸ਼ਹਿਰ ਨੂੰ ਤੁਰ ਪੈਣਾ। ਜਦ ਇਸ ਬੇ-ਅਰਾਮੀ ਬਾਰੇ ਪੁੱਛਣਾ ਤਾਂ ਕਹਿਣਾ ਕਿ ਸ਼ਹਿਰ ਜਾ ਕੇ ਪਸੂਆਂ ਨੇ ਅਰਾਮ ਹੀ ਕਰਨਾ। ਉਸ ਨੂੰ ਪਸੂਆਂ ਦੇ ਅਰਾਮ ਦਾ ਫਿਕਰ ਸੀ, ਖੁਦ ਦਾ ਨਹੀਂ। ਪਤਾ ਨਹੀਂ ਉਹ ਕਦ ਅਰਾਮ ਕਰਦਾ ਸੀ? ਸ਼ਾਇਦ ਦੁਪਹਿਰ ਨੂੰ ਕਿਸੇ ਰੁੱਖ ਦੀ ਡੱਬ-ਖੜੱਬੀ ਛਾਂਵੇਂ ਜਾਂ ਸ਼ਹਿਰ ਨੂੰ ਜਾਂਦਿਆਂ ਜਾਂ ਆਉਂਦਿਆਂ ਗੱਡੇ ‘ਤੇ ਲਾਇਆ ਠੌਂਕਾ।
ਰਾਤਾਂ ਨੂੰ ਜਾਗਣਾ ਕਿਸੇ ਮਰੀਜ਼ ਦੀ ਤ੍ਰਾਸਦੀ ਵੀ ਹੋ ਸਕਦੀ, ਜਦ ਅਸਹਿ ਹੋ ਜਾਂਦੀ ਪੀੜ, ਰਿਸਦੇ ਜਖਮਾਂ ‘ਚ ਪੈਂਦੀ ਚੀਸ ਅਤੇ ਵੱਟੀ ਹੋਈ ਕਸੀਸ ਵੀ ਜੀਭ ਨੂੰ ਟੁੱਕ, ਨੀਂਦ ਨੂੰ ਅਵਾਜ਼ਾਰ ਕਰ ਦਿੰਦੀ।
ਰਾਤ ਨੂੰ ਜਾਗਦੇ ਨੇ ਧੁਖਦੀ ਧੂਣੀ ਵਰਗੇ ਲੋਕ, ਜੋ ਸੁਪਨਿਆਂ ਦੀ ਰਾਖ ਫਰੋਲਦੇ, ਸੁਪਨਹੀਣ ਦੀਦੇ ਮਲਦੇ, ਸੁਪਨ-ਕਬਰ ਦਾ ਹਟਕੋਰਾ ਭਰਦੇ ਚਿਰਾਗ ਹੀ ਬਣ ਜਾਂਦੇ। ਧੂਣੀ ਦੇ ਧੂੰਏ ‘ਚ ਗਵਾਚੇ ਨਕਸ਼ ਲੱਭਦਿਆਂ ਹੀ ਰਾਤ ਦੀ ਸੁੰਨ-ਚੁੱਪ ‘ਚ ਤੜਫਣੀ ਧਰਨਾ ਜਦ ਜੀਵਨ-ਵਿਹਾਰ ਬਣ ਜਾਵੇ ਤਾਂ ਸਾਹਾਂ ‘ਚ ਸੋਗ ਵਿਛਦਾ।
ਰਾਤਾਂ ਨੂੰ ਤਾਂ ਆਸ਼ਕ ਤੇ ਚੋਰ ਵੀ ਜਾਗਦੇ। ਰਾਤ ਦੇ ਹਨੇਰੇ ‘ਚ ਸੋਹਣੀ ਦਾ ਮਹੀਂਵਾਲ ਨੂੰ ਮਿਲਣ ਦਾ ਵਿਸਮਾਦ ਅੱਖਾਂ ‘ਚ ਰਾਤ ਨਹੀਂ ਉਤਰਨ ਦਿੰਦਾ। ਪਰ ਆਖਰ ਨੂੰ ਝਨਾਂ ਦੀਆਂ ਛੱਲਾਂ ਆਖਰੀ ਮਿਲਣ-ਰਾਤ ਬਣ ਜਾਂਦੀਆਂ। ਅੱਖਾਂ ਵਿਚ ਉਗੀ ਮਿਲਣ-ਆਸ ਲਈ ਰਾਤਾਂ ਨੂੰ ਲੇਖੇ ਲਾਉਣਾ ਸੱਚੇ ਆਸ਼ਕਾਂ ਦਾ ਸਭ ਤੋਂ ਵੱਡਾ ਸੱਚ। ਉਹ ਇਸ ਸੱਚ ਨੂੰ ਜਿਉਂਦੇ ਅਤੇ ਜਿਉਣਾ ਝੂਠਾ ਕਰ ਜਾਂਦੇ।
ਕੁਝ ਲੋਕ ਤਾਂ ਪਾਪ ਕਮਾਉਣ ਲਈ ਰਾਤਾਂ ਹੰਘਾਲਦੇ। ਰਾਤ ਦੇ ਹਨੇਰੇ ਵਿਚ ਮਰ ਜਾਂਦੀ ਜ਼ਮੀਰ। ਧੁੰਦਲਾ ਜਾਂਦੀ ਜ਼ਿਹਨੀ ਤਸਵੀਰ। ਉਨ੍ਹਾਂ ਲਈ ਕੋਈ ਅਰਥ ਨਹੀਂ ਰੱਖਦੀ ਸੁੱਚਮਤਾ, ਉਚਮਤਾ ਅਤੇ ਸਾਫਗੋਈ ਦੀ ਤਾਮੀਰ। ਜਾਹਲਪੁਣੇ ਤੇ ਕਮੀਨਗੀ ਦਾ ਸਿਖਰ ਬਣ, ਕੁਤਾਹੀਆਂ ਤੇ ਕੁਰੀਤੀਆਂ ਵਿਚੋਂ ਬਦਸ਼ਗਨੀ ਤੇ ਕੁਸੰਗਤ ਨੂੰ ਪਹਿਲ ਦਿੰਦੇ। ਰਾਤ ਦੇ ਹਨੇਰੇ ਵਿਚ ਸੌਂ ਜਾਂਦੀ ਲੋਕਾਈ। ਤੁਸੀਂ ਸੋਚਦੇ ਕਿ ਹਨੇਰੇ ਦੀ ਚਾਦਰ ਤੁਹਾਡੇ ਕੁਕਰਮਾਂ ਨੂੰ ਦੁਨੀਆਂ ਤੋਂ ਲੁਕਾਉਂਦੀ ਏ, ਪਰ ਤੁਹਾਡਾ ਅੰਤਰੀਵ ਤਾਂ ਹਰਦਮ ਜਾਗਦਾ, ਹਮਦਮ ਬਣਿਆ ਚਸ਼ਮਦੀਦ ਗਵਾਹ ਹੁੰਦਾ ਏ ਤੁਹਾਡੀਆਂ ਕਰਤੂਤਾਂ ਦਾ। ਉਸ ਤੋਂ ਖੁਦ ਨੂੰ ਕਿਵੇਂ ਲੁਕੋਵੋਗੇ?
ਰਾਤ ਨੂੰ ਉਹ ਮਾਂ ਜਰੂਰ ਜਾਗਦੀ, ਜਿਸ ਦਾ ਪਰਦੇਸੀ ਬੱਚਾ ਹਾਕ ਦਾ ਹੁੰਗਾਰਾ ਬਣਨ ਤੋਂ ਮੁਨਕਰ। ਜਿਸ ਦੇ ਵਿਛੋੜੇ ‘ਚ ਸਿੱਲ-ਪੱਥਰ ਬਣੀਆਂ ਅੱਖਾਂ ਘਰ ਦੀਆਂ ਕੰਧਾਂ ਨੂੰ ਘੂਰਦੀਆਂ, ਕਮਰੇ ਦੀ ਸਿੱਥਲਤਾ ਵਿਚ ਖੁਦ ਸਿੱਥਲ ਹੋਣਾ ਲੋਚਦੀਆਂ। ਬੱਚਿਆਂ ਦੀਆਂ ਪੁਰਾਣੀਆਂ ਕਾਪੀਆਂ, ਕਿਤਾਬਾਂ, ਪੈਨਸਿਲਾਂ, ਖਿਡੌਣਿਆਂ, ਕੱਪੜਿਆਂ ਅਤੇ ਟਰਾਫੀਆਂ ‘ਚੋਂ ਬਚਪਨੀ ਨਕਸ਼ ਨਿਹਾਰ ਰਾਤ ਵਿਚੋਂ ਹੀ ਮਿਲਣ-ਉਜਿਆਰਾ ਲੋਚਦੀ। ਮਾਂ ਦੀ ਇਹ ਉਡੀਕ, ਆਖਰ ਨੂੰ ਪੁੱਤ ਦੇ ਮੜੀਆਂ ‘ਚ ਆ ਕੇ ਮਾਂ ਦੇ ਬਲਦੇ ਸਿਵੇ ਕੋਲ ਬੈਠਣ ‘ਤੇ ਹੀ ਪੂਰੀ ਹੁੰਦੀ, ਪਰ ਉਸ ਸਮੇਂ ਕੋਈ ਵੀ ਸੁਣਨ ਤੇ ਸੁਣਾਉਣ ਵਾਲਾ ਨਹੀਂ ਹੁੰਦਾ।
ਅੱਧੀ ਰਾਤ ਤੀਕ ਬੱਚਿਆਂ ਨੂੰ ਉਡੀਕਦੇ ਨੇ ਮਾਪੇ, ਜੋ ਬੁਢਾਪੇ ‘ਚ ਬੱਚਿਆਂ ਨਾਲ ਗੱਲਾਂ ਕਰਨ ਲਈ ਤਰਸਦੇ ਨੇ। ਦੇਰ ਰਾਤ ਦੀਆਂ ਪਾਰਟੀਆਂ ‘ਚ ਗੁਆਚੇ ਬੱਚੇ, ਮਾਪਿਆਂ ਨੂੰ ਗੱਲਾਂ ਕਰਨ ਲਈ ਵੀ ਤਰਸਾਉਂਦੇ ਨੇ। ਮਾਪੇ ਵੀ ਚਾਹੁੰਦੇ ਕਿ ਬੱਚਾ ਕੰਮ ਤੋਂ ਆ ਕੋਲ ਬੈਠੇ, ਕੁਝ ਬਾਹਰ ਦੀਆਂ ਅਤੇ ਮਨ ਦੀਆਂ ਗੱਲਾਂ ਸੁਣੇ ਤੇ ਸੁਣਾਏ। ਪਰ ਜੇ ਬੱਚਿਆਂ ਨੂੰ ਵਿਹਲ ਹੀ ਨਾ ਥਿਆਵੇ ਤਾਂ ਮਾਪਾ, ਕੰਧਾਂ ਨੂੰ ਕਿਹੜੀ ਗੱਲ ਸੁਣਾਵੇ? ਕਿਹੜੇ ਹੁੰਗਾਰੇ ਦੀ ਆਸ ਪਿੰਜਰ ਹੋਏ ਤਨ ‘ਚ ਉਪਜਾਏ, ਜੋ ਹੱਥਾਂ ‘ਚੋਂ ਕਿਰਦੇ ਪਲਾਂ ਨੂੰ ਕੋਲ ਬਿਠਾਏ?
ਰਾਤਾਂ ਨੂੰ ਉਹ ਸੱਜ-ਵਿਆਹੀ ਵੀ ਉਲਾਹਮਿਆਂ ਤੇ ਨਹੋਰਿਆਂ ਨਾਲ ਖੁਦ ਨੂੰ ਮੁਖਾਤਬ ਹੁੰਦੀ, ਜਿਸ ਦੇ ਸਾਹ-ਸੇਕ ਨੂੰ ਧੁਖਣ ਦਾ ਸਰਾਪ ਮਿਲਿਆ ਹੁੰਦਾ। ਮਿਲਣ-ਰੁੱਤ ਨੂੰ ਵਿਛੜਨ-ਯੁੱਗ ਦੀ ਤਸ਼ਬੀਹ ਮਿਲ ਜਾਵੇ ਤਾਂ ਸਿਲਵਟਾਂ ‘ਚ ਸਿਸਕੀ ਅਤੇ ਵੰਗਾਂ ‘ਚ ਵਿਰਲਾਪ ਉਪਜਦਾ।
ਕਲਮ ਵੀ ਰਾਤ ਦੇ ਪਿੰਡੇ ‘ਤੇ ਕੁਝ ਹਰਫ ਉਕਰਦੀ:
ਰਾਤ ਦੀ ਸੁਪਨਈ ਨੀਂਦ
ਹਰੇਕ ਦਾ ਹਾਸਲ ਨਹੀਂ ਹੁੰਦੀ
ਮੁਲਤਵੀ ਕਰ ਦਿੰਦਾ ਹੈ ਬਾਪ ਦੀ ਨੀਂਦ
ਕੋਠੇ ਜੇਡੀ ਧੀ ਨੂੰ ਵਿਆਹੁਣ ਦਾ ਫਿਕਰ
ਮਨਫੀ ਹੋ ਜਾਂਦਾ ਏ ਸੌਣਾ
ਜਦ ਕਰਜ਼ੇ ਦੀ ਭਾਰੀ ਪੰਡ
ਫਾਹੇ ਵਾਲਾ ਰੱਸਾ ਬਣ ਜਾਂਦੀ
ਉਡਾ ਦਿੰਦੀ ਹੈ ਨੀਂਦ
ਸੁਪਨਿਆਂ ਦੀ ਤਿੜਕਣ-ਆਹਟ
ਨੈਣਾਂ ‘ਚ ਆਉਣ ਤੋਂ ਤ੍ਰਭਕਦੀ ਹੈ ਨੀਂਦ
ਜਦ ਸੂਲੀ ‘ਤੇ ਲਟਕਦੀ ਏ ਸਾਹ-ਰਗ
ਰਾਤ ਨੂੰ ਜਾਗਣ ਵਾਲੇ ਆਸ਼ਕ ਨਹੀਂ
ਸਗੋਂ ਜਿਸਮ-ਫਰੋਸ਼ ਹੁੰਦੇ
ਰਾਤ ਨੂੰ ਚੋਰ ਵੀ ਨਹੀਂ ਜਾਗਦੇ
ਕਿਉਂਕਿ
ਅੱਜ ਕੱਲ ਵਕਤ-ਵਿਹੜੇ ‘ਚ
ਦਿਨ-ਦੀਵੀਂ ਡਾਕੇ ਪੈਂਦੇ।
ਰਾਤ ਨੂੰ ਜਾਗਦੇ ਨੇ
ਰੂਹ ਦੀਆਂ ਸੱਟਾਂ ਖਾਣ ਵਾਲੇ
ਸੋਚ-ਸੁਲਘਣ ਹੰਢਾਉਣ ਵਾਲੇ
ਅਤੇ ਦਰਦ ਤੱਕਲੇ ‘ਤੇ
ਪੀੜ-ਪਾਹੁਲ ਦੇ ਤੰਦ ਪਾਉਣ ਵਾਲੇ
ਹੰਘਾਲ ਦਿੰਦੀਆਂ ਨੇ
ਰਾਤ ਦੀਆਂ ਨੀਂਦਾਂ
ਪਰਿਵਾਰਕ ਜਿੰਮੇਵਾਰੀਆਂ।
ਰਾਤ ਨੂੰ ਜਾਗਣ ਵਾਲੇ
ਕਲਮ-ਕਿਰਤੀ
ਸ਼ਬਦ-ਸਾਧਵੀ
ਤੇ ਚਾਨਣ-ਵਣਜਾਰੇ ਹੁੰਦੇ
ਜਿਨ੍ਹਾਂ ਦੀ ਚਿਰਾਗ-ਚਿਣਗ
‘ਨੇਰਿਆਂ ਲਈ ਕਾਲ ਹੁੰਦੀ।
ਰਾਤਾਂ ‘ਚ ਰਾਹ-ਤਲਬ
ਤ੍ਰੌਂਕਣ ਵਾਲਿਆਂ ਨੂੰ ਸਲਾਮ।
ਰਾਤਾਂ ਨੂੰ ਉਹ ਵੀ ਜਾਗਦੇ ਨੇ, ਜਿਨ੍ਹਾਂ ਨੇ ਰਾਤ ਦੀ ਕੁੱਖ ਵਿਚ ਸਰਘੀ ਧਰਨੀ ਹੁੰਦੀ ਅਤੇ ਹਨੇਰ-ਬੀਹੀ ‘ਚ ਸੂਰਜ ਦਾ ਹੋਕਾ ਲਾਉਣਾ ਹੁੰਦਾ।
ਰਾਤ ਨੂੰ ਅਜਿਹੇ ਵਿਅਕਤੀ ਵੀ ਜਾਗਦੇ, ਜਿਨ੍ਹਾਂ ਦੀਆਂ ਤਰਜ਼ੀਹਾਂ ਵਿਚ ਰਾਤ ਨਾਲ ਆਢਾ ਲਾਉਣ, ਰਾਤ ਦੇ ਗਲ ਤਾਰਿਆਂ ਦਾ ਰਾਣੀਹਾਰ ਪਾਉਣ ਜਾਂ ਮੱਥੇ ਚੰਦਰਮਾ ਦਾ ਟਿੱਕਾ ਲਾਉਣਾ ਹੁੰਦਾ।
ਰਾਤ ਨੂੰ ਰਾਂਗਲੇ ਪਲੰਘ ‘ਤੇ ਮੋਹਵੰਤੀਆਂ ਮਹਿਫਿਲਾਂ ਸਜਾਉਣ ਵਾਲਿਆਂ ਦੇ ਨੈਣਾਂ ਵਿਚ ਨੀਂਦ ਨਹੀਂ ਉਤਰਦੀ ਅਤੇ ਉਹ ਰਾਤ ਨੂੰ ਰਾਂਗਲਾ-ਰਾਗ ਬਣਾ ਦਿੰਦੇ।
ਰਾਤ ਨੂੰ ਉਹ ਲੋਕ ਜਾਗਦੇ, ਜਿਨ੍ਹਾਂ ਨੂੰ ਦਿਨੇ ਸੁਪਨਿਆਂ ਦੇ ਸੱਚ ਨੂੰ ਦੇਖਣ ਦੀ ਆਦਤ ਹੁੰਦੀ ਅਤੇ ਸੌਂ ਕੇ ਸਿਰਫ ਸੁਪਨਿਆਂ ਵਿਚ ਹੀ ਜਿਉਣਾ ਨਹੀਂ ਚਾਹੁੰਦੇ।
ਰਾਤ ਨੂੰ ਉਹ ਵੀ ਜਾਗਦੇ, ਜਿਨ੍ਹਾਂ ਨੇ ਆਪਣੇ ਅੰਦਰਲੇ ਹਨੇਰ ਨੂੰ ਖਤਮ ਕਰਕੇ, ਅੰਤਰੀਵ ਵਿਚ ਚਿਰਾਗ ਧਰਨਾ ਹੁੰਦਾ। ਇਸ ਦੀ ਰੌਸ਼ਨੀ ਤੇ ਨਿੱਘ ਵਿਚ ਜੀਵਨ ਨੂੰ ਜਿਉਣਾ ਕਹਿਣਾ ਚੰਗਾ ਲੱਗਦਾ। ਉਨ੍ਹਾਂ ਦੀ ਕਮਜ਼ੋਰੀ ਤਾਕਤ ਵਿਚ ਬਦਲਦੀ ਅਤੇ ਆਤਮ-ਵਿਸ਼ਵਾਸ ਵਧਦਾ।
ਮੁਹੱਬਤ ਕਰਨ ਵਾਲੇ ਤਾਂ ਸਮੇਂ ਨੂੰ ਵੀ ਠਹਿਰਨ ਲਈ ਵੰਗਾਰਦੇ। ਉਨ੍ਹਾਂ ਲਈ ਰਾਤ ਨੂੰ ਸੋਚ-ਸਰਦਲ ‘ਚੋਂ ਮਨਫੀ ਕਰਨਾ, ਉਨ੍ਹਾਂ ਦੀ ਸਿਰੜ ਸਾਧਨਾ ਨੂੰ ਸਲਾਮ। ਇਹ ਮੁਹੱਬਤ ਸੁਪਨਿਆਂ ਦੀ ਸੰਪੂਰਨਤਾ ਨਾਲ ਹੋਵੇ, ਸਾਰਥਕ ਸੋਚ ਨੂੰ ਸਮਰਪਣ ਹੋਵੇ, ਸੱਜਣ ਨੂੰ ਮਿਲਣ ਦੀ ਤਾਂਘ ਹੋਵੇ ਜਾਂ ਆਪਣੇ ਸੰਗ ਗੁਫਤਗੂ ਕਰਨੀ ਹੋਵੇ।
ਰਾਤ ਦੇ ਰਾਹੀ ਕਦੇ ਨਾ ਸੌਂਦੇ, ਭਾਵੇਂ ਨੈਣੀਂ ਰੜਕੇ ਲਾਲੀ। ਅੰਦਰਲੇ ਸ਼ੋਰ ਨੂੰ ਚੁੱਪ ਕਰਾਂਦੇ, ਬਾਹਰੀ ਚੁੱਪ-ਭਿਆਲੀ। ਝੋਲੀ ਅੱਡ ਕੇ ਖੁਦ ਨੂੰ ਵੇਚਣ, ਬਣ ਕੇ ਸਾਹ-ਸਵਾਲੀ। ‘ਨੇਰ ਅੰਦਰ ਦਾ ਵੱਢ ਵੱਢ ਖਾਵੇ, ਭਾਲਣ ਸੂਰਜ-ਲਾਲੀ। ਅੰਦਰੋਂ ਹੁੰਦੇ ਭਰੇ-ਭਕੁੰਨੇ, ਭਾਵੇਂ ਹੱਥੋਂ ਖਾਲੀ। ਚੁੱਪ-ਚੰਗੇਰ ‘ਚ ਰਾਗਣੀ ਛਿੜਦੀ, ਜਦ ਵਜਾਉਂਦੇ ਤਾਲੀ। ਕਾਲੇ ਕੋਹੀਂ ਲੋਅ ਤ੍ਰੌਂਕਣ, ਤਾਬ ਨਾ ਜਾਵੇ ਸੰਭਾਲੀ। ਅਜਿਹੇ ਲੋਕਾਂ ਨੂੰ ਸਿਜਦਾ ਕਰਦੇ, ਮਨ ਕਿਰਸਾਨੀ ਹਾਲੀ।
ਰਾਤ, ਗੁੱਝੀਆਂ ਰਮਜ਼ਾਂ ਦੀ ਦਾਤੀ ਬਣ ਕੇ ਸਾਡੇ ਮਸਤਕ ਵਿਚ ਕ੍ਰਿਆਤਮਕ ਕਲਾਵਾਂ ਅਤੇ ਸੋਚਾਂ ਦੀ ਜਨਮਭੂਮੀ ਬਣਦੀ। ਇਸ ਨੂੰ ਕਰਮ ਭੂਮੀ ਬਣਾਉਣ ਲਈ ਮਨੁੱਖ ਹਾਜਰ। ਇਸ ‘ਚੋਂ ਪੈਦਾ ਹੁੰਦੀ ਕਰਾਮਾਤ। ਰਾਤ ਦੀ ਇਲਾਹੀ ਚੁੱਪ ਵਿਚ ਜਾਗਦੇ ਲੋਕਾਂ ਦੇ ਇਕ ਹੀ ਖਿਆਲ, ਸੋਚ, ਸੁਪਨੇ ਅਤੇ ਸ਼ਬਦ ਨੇ ਨਵੀਂ ਤਹਿਜ਼ੀਬ ਤੇ ਤਨਜ਼ੀਮ ਨੂੰ ਜਨਮ ਦਿੱਤਾ।
ਰਾਤ ਨੂੰ ਜਾਗਣ ਵਾਲੇ ਜਾਣਦੇ ਕਿ ਰਾਤ ਨੇ ਸਦਾ ਨਹੀਂ ਰਹਿਣਾ ਅਤੇ ਨਾ ਹੀ ਕਾਲੇ ਕੋਹਾਂ ਨੇ ਉਨ੍ਹਾਂ ਦੇ ਪੈੜ-ਸਫਰ ਨੂੰ ਸਦੀਵੀ ਉਲਝਾਈ ਰੱਖਣਾ। ਆਖਰ ਨੂੰ ਸੂਰਜ ਦੀ ਇਕ ਹੀ ਕਿਰਨ ਨੇ ਰਾਤ ਨੂੰ ਦਿਨ ਬਣਾ ਦੇਣਾ, ਜਿਸ ਵਿਚ ਦਿਸਦੇ ਦਿਸਹੱਦਿਆਂ ਨੇ ਬਹੁਤ ਦੂਰ ਤੀਕ ਫੈਲਣਾ ਏ।
ਕਦੇ ਵੀ ਕਿਸੇ ਨੂੰ ਰਾਤ ਦਾ ਦਰਦ ਨਾ ਦਿਓ, ਸਗੋਂ ਸਰਘੀ ਦੀ ਸੌਗਾਤ ਦਿਓ। ਡੁੱਬਦੀਆਂ ਤ੍ਰਿਕਾਲਾਂ ਦੀ ਥਾਂ ਚੜ੍ਹਦੇ ਸਵੇਰਿਆਂ ਦਾ ਤੋਹਫਾ ਦਿਓ। ਉਤਰਦੀ ਰਾਤ ਨਾਲੋਂ ਚੜ੍ਹਦੇ ਦਿਨ ਵਰਗਾ ਕੁਝ ਦੇਣਾ। ਛਿਪ ਰਹੇ ਦਿਨ ਨਾਲੋਂ ਰਾਤ ਵੱਧ ਆਸਵੰਦ ਹੁੰਦੀ।
ਰਾਤ ਨੂੰ ਜਾਗਣ ਵਾਲਿਆਂ ਨੂੰ ਇਹ ਅਹਿਸਾਸ ਬਹੁਤ ਸ਼ਿੱਦਤ ਨਾਲ ਮਹਿਸੂਸ ਹੁੰਦਾ ਕਿ ਦਿਨ ਦੀ ਕੀ ਮਹੱਤਤਾ ਏ? ਹਨੇਰੇ ਵਿਚ ਚਾਨਣ ਦੀ ਕੀ ਵੁੱਕਤ ਏ? ਰਾਤ ਵਿਚੋਂ ਅਸੀਂ ਦਿਨ ਦੀਆਂ ਦੇਣਾਂ ਅਤੇ ਦਰਿਆ-ਦਿਲੀ ਨੂੰ ਕਿਵੇਂ ਵਿਸਥਾਰ ਦੇ ਸਕਦੇ ਹਾਂ?
ਰਾਤ ਦੇ ਹਨੇਰੇ ਵਿਚ ਖੁਦ ਦਾ ਚਿਰਾਗ ਜਗਾਵੋ। ਆਪਣੇ ਆਪ ਵਿਚੋਂ ਰੌਸ਼ਨ-ਰਾਗ ਪੈਦਾ ਕਰਨ ਦੀ ਜੁਗਤ ਆ ਜਾਵੇ ਤਾਂ ਹਨੇਰੇ ਡਰਾਉਂਦੇ ਨਹੀਂ ਸਗੋਂ ਤੁਹਾਡੇ ਸਾਥ ਨੂੰ ਆਪਣਾ ਸ਼ਰਫ ਸਮਝਦੇ।
ਰਾਤ ਦੇ ਹਰ ਪਹਿਰ ਵਿਚ ਕੁਝ ਨਾ ਕੁਝ ਅਜਿਹਾ ਵਾਪਰਦਾ ਕਿ ਤੁਸੀਂ ਖੁਦ ਨੂੰ ਆਪਣੇ ਜ਼ਿਆਦਾ ਕਰੀਬ ਮਹਿਸੂਸ ਕਰਦੇ। ਇਸ ਨੇੜਤਾ ਵਿਚੋਂ ਹੀ ਨਗਮਿਆਂ, ਨੇਕ-ਨੀਅਤਾਂ ਅਤੇ ਨਰਮ-ਦਿਲੀ ਵਰਗੀਆਂ ਭਾਵਨਾਵਾਂ ਤੁਹਾਡੇ ਮਨ ਨੂੰ ਆਪਣਾ ਆਲ੍ਹਣਾ ਬਣਾਉਂਦੀਆਂ।
ਰਾਤ ਦੀ ਰਾਜ਼ਦਾਰੀ ਵਿਚੋਂ ਰਹਿਮਤਾਂ ਦੀ ਰਹਿਬਰੀ ਕਰਨ ਵਾਲੇ ਰਾਤ ਦੇ ਸਭ ਤੋਂ ਕਰੀਬੀ। ਉਨ੍ਹਾਂ ਦੀ ਰੰਗਰੇਜ਼ਤਾ ਹੀ ਹੁੰਦੀ, ਰਾਤ-ਵਹੀ ਦੀ ਤਾਂਘ-ਤਰਤੀਬੀ।
ਰਾਤ ਨੂੰ ਅਰਘ-ਅਰਦਾਸ ਬਣਾ, ਚੜ੍ਹਦੇ ਚੰਦਰਮਾ ਵਿਚੋਂ ਆਪਣੇ ਚੰਨ ਦੇ ਦੀਦਾਰ ਪਾਉਣੇ ਅਤੇ ਜੀਵਨ-ਬਰਕਤਾਂ ਲਈ ਅਰਜੋਈ ਕਰਨਾ, ਰਾਤ ਦੀ ਖੁਸ਼ਨਸੀਬੀ।
ਰਾਤ ਦੀਆਂ ਰਮਜ਼ਾਂ ਵਿਚੋਂ ਰਾਜ਼, ਰੱਜ, ਰਮਤਾ, ਰੂਹਾਨੀਅਤ ਅਤੇ ਰਮਣੀਕਤਾ ਨੂੰ ਅੰਤਰੀਵ ਦੇ ਨਾਮ ਕਰਨਾ, ਰਾਤ ਦਾ ਸਭ ਤੋਂ ਅਜ਼ੀਮ ਤੋਹਫਾ। ਇਸ ਦੀਆਂ ਅਸੀਮ ਪਰਤਾਂ ਵਿਚੋਂ ਹੀ ਮਨੁੱਖ ਦੀ ਉਘੜਦੀ ਤਸਵੀਰ।
ਰਾਤ ਜਦ ਰਾਤ-ਰਾਣੀ ਬਣ ਕੇ ਮਹਿਕਾਂ ਖਿਲਾਰਦੀ ਤਾਂ ਜੀਵਨੀ ਮਹਿਕਾਂ ਰਾਤ ਦੀ ਧੰਨ ਭਾਗਤਾ ਦਾ ਧਰਮ ਬਣਦੀਆਂ।
ਤੁਸੀਂ ਇਹ ਧਰਮ ਜਰੂਰ ਬਣਨਾ।