ਰਸਦ ਅਤੇ ਰਸੀਦ

ਬਲਜੀਤ ਬਾਸੀ
ਆਮ ਤੌਰ ‘ਤੇ ਰਸਦ ਖਾਣ-ਪੀਣ ਦੇ ਸਮਾਨ ਨੂੰ ਆਖਦੇ ਹਨ। ਇਸ ਨੂੰ ਬੋਲ-ਚਾਲ ਵਿਚ ਸੌਦਾ-ਪੱਤਾ, ਸੀਦਾ-ਪੱਤਾ, ਰਾਸ਼ਨ-ਪਾਣੀ, ਆਟਾ-ਦਾਲ ਵੀ ਕਹਿ ਦਿੱਤਾ ਜਾਂਦਾ ਹੈ। ਰਸਦ ਸ਼ਬਦ ਦੀ ਬਹੁਤੀ ਵਰਤੋਂ ਲੜਾਈ ਵਿਚ ਲੜਦੇ ਫੌਜੀ ਕੈਂਪਾਂ ਵਿਚ ਭੰਡਾਰ ਕੀਤੇ ਗਏ ਅੰਨ ਲਈ ਹੁੰਦੀ ਹੈ। ਇਸ ਤੋਂ ਅੱਗੇ ਵਿਸਥਾਰ ਹੋ ਕੇ ਇਸ ਦਾ ਅਰਥ ਰਾਸ਼ਨ, ਪੂਰਤੀ, ਭੱਤਾ, ਹਿੱਸਾ, ਯੋਗਦਾਨ, ਕੋਟਾ ਆਦਿ ਵੀ ਹੋ ਜਾਂਦਾ ਹੈ। ਪਹਿਲੀਆਂ ਵਿਚ ਫੌਜੀ ਲੜਾਈਆਂ ਦੌਰਾਨ ਰਸਦ ਲੁੱਟਣਾ ਵੀ ਇਕ ਨਿਸ਼ਾਨਾ ਹੁੰਦਾ ਸੀ। ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਇਸ ਦਾ ਪ੍ਰਮਾਣ ਦੇਖੋ,

ਮੁਹਕਮ ਦੀਨ, ਸਰਦਾਰ ਨੂੰ ਲਿਖੀ ਅਰਜ਼ੀ,
ਤੁਸਾਂ ਰਸਦ ਲੁੱਟੇ ਚੰਗੇ ਸ਼ਾਨ ਦੇ ਜੀ।
ਦੇਹੁ ਭੇਜ ਉਰਾਰ ਸਭ ਕਾਰਖਾਨੇ,
ਅਸੀਂ ਰੱਖਾਂਗੇ ਨਾਲ ਰਮਾਨ ਦੇ ਜੀ।
ਰਸਦ ਸ਼ਬਦ ਫਾਰਸੀ ਵਲੋਂ ਭਾਰਤੀ ਭਾਸ਼ਾਵਾਂ ਵਿਚ ਦਾਖਲ ਹੋਇਆ। ਇਸ ਦਾ ਮੁਢਲਾ ਅਰਥ ਕੋਈ ਪਹੁੰਚਾਈ ਹੋਈ ਚੀਜ਼, ਮੰਗਵਾਈ ਹੋਈ ਵਸਤ, ਦਰਾਮਦ ਆਦਿ ਹੈ। ਇਸ ਤਰ੍ਹਾਂ ਰਾਸ਼ਨ-ਪਾਣੀ ਦੇ ਪ੍ਰਸੰਗ ਵਿਚ ਇਸ ਦਾ ਭਾਵ ਹੈ, ਉਹ ਚੀਜ਼ ਜੋ ਜਿਉਂਦੇ ਰਹਿਣ ਲਈ ਮਨੁੱਖ-ਮਾਤਰ ਨੂੰ ਪਹੁੰਚਾਈ ਜਾਂਦੀ ਜਾਂ ਜੋ ਉਹ ਵਸੂਲਦਾ ਹੈ। ਜੀਵਨ ਨਿਰਬਾਹ ਲਈ ਖਾਧ-ਖੁਰਾਕ ਹੀ ਵੱਡੀ ਲੋੜ ਹੈ, ਇਸ ਲਈ ਇਹ ਸ਼ਬਦ ਰਾਸ਼ਨ ਦੇ ਅਰਥਾਂ ਵਿਚ ਰੂੜ ਹੋ ਗਿਆ ਹੈ। ਉਂਜ ਵੀ ਰਸਦ ਸ਼ਬਦ ਦੀ ਅਸੀਂ ਉਦੋਂ ਹੀ ਵਰਤੋਂ ਕਰਦੇ ਹਾਂ, ਜਦੋਂ ਅਸੀਂ ਇਸ ਨੂੰ ਘਰ ਪੁੱਜਦਾ ਕਰਨ ਲਈ ਹੱਟੀਓਂ ਲੈਣ ਜਾਂਦੇ ਹਾਂ। ਫਾਰਸੀ ਵਿਚ ਇਸ ਦੇ ਪੁੱਜਦਾ ਕਰਨ, ਅਪੜਾਉਣ ਦੇ ਭਾਵ ਵੀ ਹਨ। ਭਾਈ ਨੰਦ ਲਾਲ ਦੀ ਫਾਰਸੀ ਕਵਿਤਾ ਵਿਚ ਦੇਖੋ,
ਕਸੇ ਬਹਾਲਿ ਗਰੀਬਾਨਿ ਬੇ-ਨਵਾ ਨ-ਰਸਦ,
ਰਸੀਦਾਇਮ ਬਜਾਇ ਕਿ ਬਾਦਸ਼ਾ ਨ ਰਸਦ।
ਮਤਲਬ ਕੋਈ ਗਰੀਬ ਮੁਸਾਫਰਾਂ ‘ਤੇ ਤਰਸ ਨਹੀਂ ਕਰਦਾ, ਮੈਂ ਉਸ ਦਸ਼ਾ ਵਿਚ ਪਹੁੰਚ ਗਿਆ ਹਾਂ, ਜਿਥੇ ਬਾਦਸ਼ਾਹ ਵੀ ਪਹੁੰਚ ਨਹੀਂ ਸਕਦਾ।
ਫਾਰਸੀ ਵਿਚ ਰਸਦ ਤੋਂ ਰਸੀਦਨ ਕ੍ਰਿਆ ਬਣਦੀ ਹੈ, ਜਿਸ ਦਾ ਅਰਥ ਹੈ-ਪਹੁੰਚਾਉਣਾ, ਪੁੱਜਦਾ ਕਰਨਾ। ਭਾਈ ਨੰਦ ਲਾਲ ਦੀਆਂ ਫਾਰਸੀ ਗਜ਼ਲਾਂ ਵਿਚ ਹੀ ਇਸ ਦੀ ਭਾਲ ਕਰਦੇ ਹਾਂ, “ਦਰ ਕੂਚਾਇ ਇਸ਼ਕ ਅਰ ਚਿ ਮੁਹਾਲ ਅਸਤ ਰਸੀਦਨ।” ਅਰਥਾਤ ਭਾਵੇਂ ਪਿਆਰ ਦੇ ਮਾਰਗ ਵਿਚੀਂ ਪਹੁੰਚਣਾ ਕਠਿਨ ਹੈ। ਰਸੀਦਨ ਤੋਂ ਅੱਗੇ ਬਣਿਆ ਸ਼ਬਦ ਰਸੀਦ ਪੰਜਾਬੀ ਵਿਚ ਖਾਸਾ ਜਾਣਿਆ ਤੇ ਵਰਤਿਆ ਜਾਂਦਾ ਹੈ। ਦੁਕਾਨ ਤੋਂ ਰਸਦ ਲੈਣ ਜਾਂਦੇ ਹਾਂ ਤਾਂ ਰਸਦ ਦੇਣ ਪਿਛੋਂ ਦੁਕਾਨਦਾਰ ਸਾਨੂੰ ਪੈਸੇ ਵਸੂਲੀ ਦੇ ਸਬੂਤ ਵਜੋਂ ਇੱਕ ਲਿਖਤੀ ਜਾਂ ਛਪਿਆ ਕਾਗਜ਼ ਦਿੰਦਾ ਹੈ ਜਿਸ ਨੂੰ ਅਸੀਂ ਰਸੀਦ ਆਖਦੇ ਹਾਂ। ਰਸਦ ਲੈਣ ਪਿਛੋਂ ਇਸ ਦੀ ਵਸੂਲੀ ਦਾ ਸਬੂਤ ਇਹ ਰਸੀਦ ਹੈ। ਰਸੀਦ ਦਰਅਸਲ ਕਾਸੇ ਦੀ ਪਹੁੰਚ ਦਾ ਪ੍ਰਮਾਣ-ਪੱਤਰ ਹੈ। ਕਿਧਰੇ ਕਿਧਰੇ ਇਸ ਲਈ ਪਹੁੰਚ-ਰਸੀਦ ਸ਼ਬਦ ਵੀ ਚਲਦਾ ਹੈ। ਅੱਜ ਕਲ੍ਹ ਬਿਲ ਕਿਹਾ ਜਾਂਦਾ ਹੈ। ‘ਗੁਰ ਪ੍ਰਤਾਪ ਸੂਰਜ’ ਗ੍ਰੰਥ ਵਿਚ ਇਸ ਅਰਥ ਵਿਚ ਵਰਤੋਂ ਦੇਖੋ, ‘ਨਿਤ ਦੇਹੁ ਰਸੀਦ।’
ਧਨ ਆਦਿ ਪ੍ਰਾਪਤ ਕਰਨ/ਲੈਣ ਦੇ ਸਬੂਤ ਵਜੋਂ ਸਰਕਾਰੀ ਕਾਗਜ਼ਾਂ ਤੇ ਡਾਕ ਟਿਕਟਾਂ ਜਿਹੀ ਰਸੀਦੀ ਟਿਕਟ ਲਾਈ ਜਾਂਦੀ ਹੈ। ਅੰਮ੍ਰਿਤਾ ਪ੍ਰੀਤਮ ਦੀ ਸਵੈ-ਜੀਵਨੀ ਦਾ ਨਾਂ ਹੈ, ਰਸੀਦੀ ਟਿਕਟ। ਖੁਸ਼ਵੰਤ ਸਿੰਘ ਨੇ ਇੱਕ ਵਾਰੀ ਮਖੌਲ ਵਜੋਂ ਅੰਮ੍ਰਿਤਾ ਪ੍ਰੀਤਮ ਨੂੰ ਕਿਹਾ ਸੀ ਕਿ ਤੇਰੀ ਜੀਵਨੀ ਏਨੀ ਛੋਟੀ ਤੇ ਤੁੱਛ ਹੈ ਕਿ ਇਸ ਨੂੰ ਰਸੀਦੀ-ਟਿਕਟ ਦੇ ਪਿਛੇ ਲਿਖਿਆ ਜਾ ਸਕਦਾ ਹੈ। ਅੰਮ੍ਰਿਤਾ ਨੇ ਆਪਣੀ ਸਵੈ-ਜੀਵਨੀ ਦਾ ਨਾਂ ਹੀ ‘ਰਸੀਦੀ ਟਿਕਟ’ ਰੱਖ ਦਿੱਤਾ। ਸੁਣਿਆ ਹੈ, ਇਸ ‘ਤੇ ਫਿਲਮ ਵੀ ਬਣਨ ਵਾਲੀ ਹੈ। ਰਸੀਦ ਦਾ ਸ਼ਾਬਦਿਕ ਅਰਥ ਹੈ, ‘ਉਹ ਪਹੁੰਚਿਆ।’
ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਇਨ੍ਹਾਂ ਅਰਥਾਂ ਵਿਚ ਵਰਤੋਂ ਹੋਈ ਮਿਲਦੀ ਹੈ, “ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ॥” (ਗੁਰੂ ਨਾਨਕ ਦੇਵ) ਅਰਥਾਤ ਅਨੇਕਾਂ, ਸ਼ੇਖ, ਕਾਜ਼ੀ, ਮੁੱਲਾਂ ਤੇਰੇ ਦਰਵਾਜੇ ਤਕ ਪਹੁੰਚੇ ਹੋਏ ਦਰਵੇਸ਼ ਆਏ। ‘ਥੱਪੜ ਰਸੀਦ ਕੀਤਾ’ ਦਾ ਮਤਲਬ ਹੈ, ਕਿਸੇ ਦੇ ਮੂੰਹ ‘ਤੇ ਥੱਪੜ ਪਹੁੰਚਾਇਆ ਗਿਆ!
ਕੁਝ ਲੋਕ ਸਮਝਦੇ ਹਨ ਕਿ ਰਸੀਦ ਸ਼ਬਦ ਸ਼ਾਇਦ ਅੰਗਰੇਜ਼ੀ ਰਿਸੀਟ (੍ਰeਚeਪਿਟ) ਦਾ ਵਿਗੜਿਆ ਰੂਪ ਹੈ, ਪਰ ਅਜਿਹਾ ਨਹੀਂ ਹੈ। ਰਿਸੀਟ ਅਤੇ ਰਸੀਦ ਸ਼ਬਦਾਂ ਵਿਚਕਾਰ ਧੁਨੀ-ਸਮਾਨਤਾ ਵੀ ਹੈ, ਅਰਥ-ਸਮਾਨਤਾ ਵੀ ਪਰ ਦੋਨੋਂ ਸਜਾਤੀ ਨਹੀਂ ਹਨ। ਇਸ ਦੀ ਕੁਝ ਵਿਆਖਿਆ ਦੀ ਲੋੜ ਹੈ। ਅੰਗਰੇਜ਼ੀ ਰਿਸੀਟ ਵਿਚ ਕੁਝ ਪ੍ਰਾਪਤ ਕਰਨ ਦਾ ਭਾਵ ਹੈ। ਮੱਧਵਰਤੀ ਅੰਗਰੇਜ਼ੀ ਵਿਚ ਦਵਾਈਆਂ ਦੇ ਨੁਸਖੇ ਨੂੰ ਵੀ ਰਿਸੀਟ ਕਿਹਾ ਜਾਂਦਾ ਸੀ, ਜਿਸ ਲਈ ਰੈਸਿਪੀ ਸ਼ਬਦ ਵੀ ਹੈ। ਇਹ ਸ਼ਬਦ ਫਰਾਂਸੀਸੀ ਰਾਹੀਂ ਅੰਤਿਮ ਤੌਰ ‘ਤੇ ਲਾਤੀਨੀ ਤੋਂ ਆਇਆ ਹੈ, ਜਿਸ ਵਿਚ ਇਸ ਦਾ ਰੂਪ ਸੀ ੍ਰeਚeਪਟਅ ਅਤੇ ਅਰਥ ਸੀ, ਪ੍ਰਾਪਤ ਕੀਤਾ, ਸਮਝੋ ਅੰਗਰੇਜ਼ੀ ੍ਰeਚeਵਿeਦ, ਜਿਸ ਦੇ ਇਹੋ ਅਰਥ ਹੁੰਦੇ ਹਨ।
ਅਸਲ ਵਿਚ ਤਾਂ ੍ਰeਚeਵਿe ਵੀ ਅੰਤਿਮ ਤੌਰ ‘ਤੇ ਇਸੇ ਲਾਤੀਨੀ ਸ਼ਬਦ ਨਾਲ ਜਾ ਜੁੜਦਾ ਹੈ, ਪਰ ਫਰਾਂਸੀਸੀ ਵਿਚ ਆ ਕੇ ਇਸ ਦੇ ਸ਼ਬਦ-ਜੋੜ ਵਿਚ ‘ਪ’ ਧੁਨੀ ਦੀ ਥਾਂ ‘ਵ’ ਧੁਨੀ ਨੇ ਲੈ ਲਈ। ਰਿਸੀਟ ਸ਼ਬਦ ਵਿਚ ਆ ਕੇ ਤਾਂ ਇਸ ਦੀ ‘ਪ’ ਧੁਨੀ ਵੀ ਅਲੋਪ ਹੋ ਗਈ। ਰਿਸੀਵ ਦਾ ਅਰਥ ਪ੍ਰਾਪਤ ਕਰਨਾ ਹੁੰਦਾ ਹੈ ਤੇ ਰਿਸੀਟ ਪ੍ਰਾਪਤੀ-ਪੱਤਰ ਹੀ ਤਾਂ ਹੈ। ਨੁਸਖੇ ਦੇ ਅਰਥ ਵਿਚ ਇਸ ਗੱਲ ਵੱਲ ਸੰਕੇਤ ਹੈ ਕਿ ਡਾਕਟਰ ਨੇ ਮਰੀਜ਼ ਦਾ ਮੁਆਇਨਾ ਕਰਕੇ ਉਸ ਨੂੰ ਦਿੱਤੀ ਜਾਣ ਵਾਲੀ ਦਵਾਈ ਅਤੇ ਉਸ ਨੂੰ ਬਣਾਉਣ ਦੀ ਵਿਧੀ ਲਿਖ ਕੇ ਪ੍ਰਾਪਤ ਜਾਂ ਵਸੂਲ ਕਰਵਾਈ ਹੈ। ਰੈਸਿਪੀ (੍ਰeਚਪਿe) ਸ਼ਬਦ ਦਾ ਵੀ ਇਹੋ ਜਨਮ-ਸੂਤਰ ਹੈ ਪਰ ਰਿਸੀਟ ਭੂਤ ਕਾਲਕ ਹੈ, ਜਦਕਿ ਰੈਸਿਪੀ ਵਰਤਮਾਨ ਕਾਲਕ। ਪਕਵਾਨ ਬਣਾਉਣ ਦੀ ਵਿਧੀ ਅਰਥਾਤ ਵਿਅੰਜਨ ਦੇ ਅਰਥਾਂ ਵਿਚ ਇਸ ਦੀ ਵਰਤੋਂ 18ਵੀਂ ਸਦੀ ਦੇ ਅੱਧ ਵਿਚ ਸ਼ੁਰੂ ਹੋਈ।
ਕੁਝ ਵਿਦਵਾਨਾਂ ਨੇ ਰਸੀਦ ਸ਼ਬਦ ਨਾਲ ਮਿਲਦੇ-ਜੁਲਦੇ ਰਸ਼ੀਦ ਸ਼ਬਦ ਨੂੰ ਵੀ ਇਥੇ ਥਾਂ-ਸਿਰ ਰੱਖਿਆ ਹੈ। ‘ਮਹਾਨ ਕੋਸ਼’ ਨੇ ਇਸ ਦੇ ਅਰਥ ਇਸ ਤਰ੍ਹਾਂ ਕੀਤੇ ਹਨ, “ਹਦਾਯਤ ਪ੍ਰਾਪਤ ਕਰਨ ਵਾਲਾ; ਹਦਾਯਤ ਪੁਰ ਚਲਣ ਵਾਲਾ; ਸਮਝ ਵਾਲਾ।” ਰਸ਼ੀਦ ਅਰਬੀ ਦਾ ਸ਼ਬਦ ਹੈ, ਜਿਸ ਤੋਂ ਮੁਰਸ਼ਿਦ ਵੀ ਬਣਿਆ। ਇਸ ਨੂੰ ਰਸੀਦ ਨਾਲ ਜੋੜਨ ਪਿਛੇ ਬੜੀ ਟੇਢੀ ਜਿਹੀ ਦਲੀਲ ਹੈ, ਇਸ ਨੂੰ ਅੱਗੇ ਲਈ ਛੱਡਦੇ ਹਾਂ।
ਇਹ ਸਾਰੇ ਸ਼ਬਦ ਅੱਗੇ ਪਹਿਲਵੀ ਦੇ ‘ਰਸ਼’ ਤੇ ਜ਼ੈਂਦ ਦੇ ‘ਰਾਸ਼’ ਨਾਲ ਜਾ ਜੁੜਦੇ ਹਨ। ਇਨ੍ਹਾਂ ਵਿਚ ਪਹੁੰਚਣ, ਘਟਣ, ਛੂਹਣ ਦਾ ਭਾਵ ਹੈ। ਫਾਰਸੀ ਵਿਚ ਇਸ ਦੀ ਵਰਤੋਂ ਇੱਕ ਤਰ੍ਹਾਂ ਕਿਸੇ ਸ਼ਬਦ ਦੇ ਪਿਛੇਤਰ ਵਜੋਂ ਵੀ ਹੁੰਦੀ ਹੈ, ਜਿਸ ਵਿਚ ਇਸ ਦਾ ਅਰਥ ਹੁੰਦਾ ਹੈ, ਜਿਸ ਤੱਕ ਪਹੁੰਚਿਆ ਜਾਂ ਪਹੁੰਚਾਇਆ ਜਾਵੇ ਜਿਵੇਂ ਦਾਦਰਸ (ਜਿਸ ਨੂੰ ਦਾਦ ਦਿੱਤੀ ਜਾਵੇ), ਫਰਿਆਦਰਸ (ਜਿਸ ਕੋਲ ਫਰਿਆਦ ਕੀਤੀ ਜਾਵੇ)। ਇਸ ਤੋਂ ਪਹੁੰਚ ਦੇ ਅਰਥਾਂ ਵਾਲਾ ਇੱਕ ਹੋਰ ਸ਼ਬਦ ਬਣਦਾ ਹੈ, ਰਸਾਈ। ਇਹ ਸ਼ਬਦ ਪੰਜਾਬੀ ਵਿਚ ਵੀ ਜਾਣਿਆ ਤੇ ਵਰਤਿਆ ਜਾਂਦਾ ਹੈ, ‘ਕਿੰਜ ਘੱਲਾਂ ਕਾਸਦ ਕਰੇ ਰਸਾਈ ਨਾ ਰਹਿਬਰ ਹੀ ਭਟਕਿਆ ਫਿਰਦਾ ਏ ਤਾਂ ਹੀ ਤਾਂ ਮੰਜਿਲ ਥਿਆਈ ਨਾ।’
ਇਸੇ ਨਾਲ ਬਣਦਾ ਇੱਕ ਹੋਰ ਸ਼ਬਦ ਹੈ, ‘ਰਸਾਂ’ ਜਿਸ ਵਿਚ ਪਹੁੰਚਾਉਣ ਦਾ ਭਾਵ ਹੈ। ਇਹ ਵੀ ਆਮ ਤੌਰ ‘ਤੇ ਪਿਛੇਤਰ ਵਜੋਂ ਵਰਤਿਆ ਜਾਂਦਾ ਹੈ। ਪੰਜਾਬੀ ਵਿਚ ਡਾਕੀਆ ਦੇ ਅਰਥਾਂ ਵਜੋਂ ਜਾਣਿਆ ਜਾਂਦਾ ਸ਼ਬਦ ਹੈ, ਚਿੱਠੀ ਰਸਾਣ, ਜੋ ਫਾਰਸੀ ਵਿਚ ਚਿੱਠੀ-ਰਸਾਂ ਹੈ। ਇਸ ਦਾ ਸ਼ਾਬਦਿਕ ਅਰਥ ਬਣਦਾ ਹੈ, ਚਿੱਠੀ ਪਹੁੰਚਾਉਣ ਵਾਲਾ। ਰਸਦ-ਰਸਾਂ ਹੁੰਦਾ ਹੈ, ਰਸਦ ਪਹੁੰਚਾਉਣ ਵਾਲਾ।
ਉਕਤ ਪਹਿਲਵੀ ‘ਰਸ਼’ ਜਾਂ ਜ਼ੈਂਦ ‘ਰਾਸ਼’ ਸੰਸਕ੍ਰਿਤ ਰਿਸ਼ ਨਾਲ ਸਬੰਧਤ ਹਨ, ਜੋ ਅੱਗੇ ਸੰਸਕ੍ਰਿਤ ਸ਼ਬਦ ‘ਰਿ’ (ਰਿਸ਼ੀ ਵਾਲਾ) ਨਾਲ ਜਾ ਜੁੜਦਾ ਹੈ। ਇਸ ਧਾਤੂ ਵਿਚ ਆਉਣ-ਜਾਣ, ਘੁੰਮਣ, ਪਾਉਣ, ਰਸਾਈ ਕਰਨ ਦੇ ਮੁੱਖ ਭਾਵ ਹਨ। ਇਸ ਦਾ ਜ਼ਿਕਰ ਪਿਛਲੇ ਲੇਖ ਵਿਚ ਵੀ ਹੋਇਆ ਸੀ ਅਤੇ ਦੱਸਿਆ ਗਿਆ ਸੀ ਕਿ ਇਸੇ ਤੋਂ ਰੁੱਤ ਅਤੇ ਰੀਤ/ਰੀਤੀ ਸ਼ਬਦ ਵਿਕਸਿਤ ਹੋਏ ਹਨ। ਦਰਅਸਲ ‘ਰਿ’ ਤੋਂ ਹੀ ‘ਰਿਸ਼’ ਜਿਹੀ ਧਾਤੂ ਵਿਕਸਿਤ ਹੋਈ ਹੈ, ਜਿਸ ਵਿਚ ਆਉਣ-ਜਾਣ, ਪਹੁੰਚਾਉਣ, ਰਸਾਈ ਕਰਨ ਦੇ ਭਾਵ ਹਨ। ਰਿਸ਼ੀ ਸ਼ਬਦ ਵੀ ਇਸੇ ਤੋਂ ਬਣਿਆ ਹੈ। ‘ਰਿ’ ਦੇ ਸਕੇ ਬਹੁਤ ਸਾਰੀਆਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਮਿਲਦੇ ਹਨ। ਕੁਝ ਇੱਕ ਦੀ ਵਿਆਖਿਆ ਫਿਰ ਕਦੇ ਕਰਾਂਗੇ।