ਧਰਮਾਂ ਦੇ ਸੰਬੋਧਨੀ ਸ਼ਬਦ

ਸੰਪਾਦਕ ਜੀਓ,
26 ਜਨਵਰੀ 2019 ਦੇ ‘ਪੰਜਾਬ ਟਾਈਮਜ਼’ ਵਿਚ ਸ਼ ਭਜਨ ਸਿੰਘ ਨੇ ਧਰਮਾਂ ਦੇ ਸੰਬੋਧਨੀ ਸ਼ਬਦਾਂ ਦੀ ਵਿਆਖਿਆ ਕੀਤੀ ਹੈ, ਜਿਨ੍ਹਾਂ ਵਿਚ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ” ਨੂੰ ਵੀ ਸ਼ਾਮਿਲ ਕੀਤਾ ਹੈ। ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅਨੋਖਾ ਸੰਕਲਪ ਹੈ, ਕਿਉਂਕਿ ਫਤਿਹ ਵੈਰੀ, ਵਿਰੋਧੀ, ਦੂਜੇ, ਔਕੜ ਜਾਂ ਰੋਗ ‘ਤੇ ਪਾਈ ਜਾਂਦੀ ਹੈ, ਜਦਕਿ ਗੁਰਬਾਣੀ ਅਨੁਸਾਰ ਪ੍ਰਭੂ ਦਾ ਕੋਈ ਵੈਰੀ, ਸਾਨੀ ਜਾਂ ਸ਼ਰੀਕ ਨਹੀਂ ਹੈ ਅਤੇ ਨਾ ਹੀ ਉਸ ਵਿਚ ਕੋਈ ਘਾਟ ਹੈ।

ਪ੍ਰਭੂ ਆਪ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਅਤੇ ਸਾਰੀ ਸ੍ਰਿਸ਼ਟੀ ਉਸੇ ਦੇ ਹੁਕਮ ਅਧੀਨ ਵਿਚਰਦੀ ਹੈ। ਗੁਰਬਾਣੀ ਹੋਰ ਕਿਸੇ ਦੂਜੇ ਦੀ ਹੋਂਦ ਅਤੇ ਸ਼ਕਤੀ ਨੂੰ ਪ੍ਰਵਾਨ ਨਹੀਂ ਕਰਦੀ ਜਿਸ ‘ਤੇ ਪ੍ਰਭੂ ਨੂੰ ਫਤਿਹ ਪਾਉਣ ਦੀ ਲੋੜ ਹੋਵੇ। ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਤਾਂ ‘ਵਾਹਿਗੁਰੂ ਜੀ ਕੀ ਫਤਿਹ’ ਦਾ ਸੰਕਲਪ ਪ੍ਰਭੂ ਨੂੰ ਛੁਟਿਆਉਂਦਾ ਹੈ।
ਅਸਲ ਵਿਚ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਬੋਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 20ਵੀਂ ਸਦੀ ਦੇ ਤੀਜੇ ਦਹਾਕੇ ਵਿਚ ‘ਸਿੱਖ ਰਹਿਤ ਮਰਯਾਦਾ’ ਪ੍ਰਕਾਸ਼ਤ ਕਰਕੇ ਪ੍ਰਚਲਿਤ ਕੀਤਾ। ਸ਼ ਭਜਨ ਸਿੰਘ ਨੇ ‘ਵਾਹਿਗੁਰੂ ਜੀ ਕੀ ਫਤਿਹ’ ਦੀ ਤਰਕਸ਼ੀਲ ਵਿਆਖਿਆ ਕਰਨ ਲਈ ਇਸ ਨੂੰ ‘ਖਾਲਸੇ ਦੀਆਂ ਉਪਲਬਧੀਆਂ, ਪ੍ਰਾਪਤੀਆਂ, ਜਿੱਤਾਂ ਵੀ ਪਰਮਾਤਮਾ ਦੀਆਂ ਹੀ ਹਨ’ ਆਖ ਕੇ ਵਾਹਿਗੁਰੂ ਅਤੇ ਖਾਲਸਾ ਦੇ ਭੇਦ ਨੂੰ ਹੀ ਮਿਟਾ ਦਿੱਤਾ ਹੈ।
ਵੈਸੇ ਤਾਂ ਪਰਮਾਤਮਾ ਲਈ ਵਾਹਗੁਰੂ ਸ਼ਬਦ-ਜੋੜ ਵੀ ਸਿੱਖ ਜਗਤ ਨੂੰ ਇਤਿਹਾਸਕਾਰਾਂ ਦੀ ਹੀ ਦੇਣ ਹੈ, ਕਿਉਂਕਿ ਗੁਰਬਾਣੀ ‘ਚ ਕਿਸੇ ਵੀ ਗੁਰੂ ਸਾਹਿਬ ਜਾਂ ਭਗਤ ਨੇ ਪਰਮਾਤਮਾ ਲਈ ਵਾਹਿਗੁਰੂ ਸ਼ਬਦ-ਜੋੜ ਨਹੀਂ ਵਰਤਿਆ। ਪਰਮਾਤਮਾ ਲਈ ਵਾਹੁ ਸ਼ਬਦ ਤਾਂ ਗੁਰੂ ਸਾਹਿਬ ਨੇ ਵਰਤਿਆ ਹੈ ਪਰ ਵਾਹਿਗੁਰੂ ਸ਼ਬਦ-ਜੋੜ ਨਹੀਂ। ਵਾਹਿਗੁਰੂ ਸ਼ਬਦ-ਜੋੜ ਕੇਵਲ ਭੱਟਾਂ ਨੇ ਗੁਰੂ ਸਾਹਿਬਾਨ ਦੀ ਮਹਿਮਾ ਵਿਚ ਰਚੇ ਸਵੱਯੀਆਂ ਵਿਚ ਹੀ ਵਰਤਿਆ ਹੈ।
-ਹਾਕਮ ਸਿੰਘ