ਨਿਤਨੇਮ

ਸ਼ਮਿੰਦਰ ਕੌਰ
ਸ੍ਰੀ ਮੁਕਤਸਰ ਸਾਹਿਬ
ਫੋਨ: 91-75268-08047
ਰਣਜੀਤ ਕੌਰ ਰੋਜ਼ ਵਾਂਗ ਨਵੇਂ ਘਰ ਦੀ ਲਾਬੀ ਵਿਚ ਬੈਠੀ ਹੈ ਤੇ ਰੋਜ਼ ਵਾਂਗ ਉਸ ਦੀ ਦੋ ਸਾਲ ਦੀ ਪੜਪੋਤੀ ਖੁਸ਼ਨੂਰ ਉਸ ਕੋਲ ਛਾਲਾਂ ਮਾਰ-ਮਾਰ ਖੇਡ ਰਹੀ ਹੈ। ਇਸ ਨਵੇਂ ਘਰ ਆਏ ਉਨ੍ਹਾਂ ਨੂੰ ਤਿੰਨ ਸਾਲ ਹੀ ਹੋਏ ਹਨ। ਖੁਸ਼ਨੂਰ ਦੇ ਮਾਂ-ਪਿਓ ਦੇ ਵਿਆਹ ਸਮੇਂ ਹੀ ਤਾਂ ਨਵੇਂ ਘਰ ਰਿਹਾਇਸ਼ ਕੀਤੀ ਸੀ।

ਰਣਜੀਤ ਕੌਰ ਤੇ ਉਸ ਦੇ ਪਤੀ ਦਾ ਡੇਰਾ ਲਾਬੀ ਵਿਚ ਹੀ ਹੈ। ਇਥੇ ਲੇਟੇ ਉਹ ਆਪੋ-ਆਪਣੇ ਕੰਮ ਲੱਗੇ ਸਾਰੇ ਜੀਆਂ ਨੂੰ ਦੇਖਦੇ ਰਹਿੰਦੇ ਹਨ। ਕੋਈ ਖਾਸ ਤੌਰ ‘ਤੇ ਬੁਲਾਵੇ ਜਾਂ ਨਾ, ਬੋਲ-ਬੁਲਾਰਾ ਚਲਦਾ ਰਹਿੰਦਾ ਹੈ। ਆਇਆ-ਗਿਆ ਸਿੱਧਾ ਉਨ੍ਹਾਂ ਕੋਲ ਆ ਕੇ ਹੀ ਬੈਠਦਾ ਹੈ। ਖੁਸ਼ਨੂਰ ਰੌਲਾ ਪਾ ਰਹੀ ਹੈ। ਕੰਮ ਖਤਮ ਕਰ ਕੇ ਨੌਕਰ ਮੁੰਡਾ-ਕੁੜੀ ਵੀ ਉਸ ਨਾਲ ਖੇਡਣ ਲੱਗਦੇ ਹਨ, ਗੇਂਦ ਨੂੰ ਛੱਤ ਵੱਲ ਉਛਾਲਦੇ ਹਨ ਤੇ ਰੌਲਾ ਪਾਉਂਦੇ ਹਨ। ਰਣਜੀਤ ਕੌਰ ਇਸ ਰੌਲੇ-ਰੱਪੇ ਤੋਂ ਅੱਕੀ ਖਿਝ ਰਹੀ ਹੈ,
“ਕੁੜੇ ਫੜ ਲਓ ਕੁੜੀ ਨੂੰ, ਕੋਈ ਸੱਟ-ਫੇਟ ਲਵਾ ਲਊ। ਕਿਵੇਂ ਘਰ ਸਿਰ ‘ਤੇ ਚੱਕਿਐ।…ਜਾਓ ਜਵਾਕੋ, ਬੱਸ ਕਰੋ ਹੁਣ, ਅੰਦਰ ਜਾ ਕੇ ਟੀ. ਵੀ. ਦੇਖ ਲਓ।…ਨੀ ਕੁੜੀਏ ਸੰਵਾ ਦੇ ਇਹਨੂੰ ਬਹੁਤ ਖੇਡ ਲਿਆ।…ਮੇਰੇ ਤਾਂ ਜੀਅ ਨੂੰ ਕੁਛ ਹੋਈ ਜਾਂਦੈ।”
ਘਬਰਾਹਟ ਤਾਂ ਹੋ ਹੀ ਜਾਂਦੀ ਹੈ। ਆਖਿਰ ਰਣਜੀਤ ਕੌਰ ਪਚਾਸੀਆਂ ਨੂੰ ਪਹੁੰਚ ਗਈ ਹੈ। ਬਸ ਗੁਸਲਖਾਨੇ ਤਕ ਜਾ ਆਉਂਦੀ ਹੈ। ਆਪਣੀ ਕ੍ਰਿਆ ਸਾਧ ਲੈਂਦੀ ਹੈ। ਕਦੇ ਕੋਈ ਜੀਅ ਉਸ ਕੋਲ ਬੈਠ ਜਾਂਦਾ, ਪਰ ਅਕਸਰ ਸਾਰੇ ਆਪੋ-ਆਪਣੇ ਕੰਮ ਲੱਗੇ ਰਹਿੰਦੇ। ਸਾਰਾ ਦਿਨ ਬੈਡ ‘ਤੇ ਬੈਠੀ ਰਣਜੀਤ ਕੌਰ ਦੇ ਮਸਤਕ ਵਿਚ ਪਿਛਲੇ 85 ਸਾਲ ਅਤੇ ਆਉਣ ਵਾਲਾ ਅੰਤਿਮ ਸਮਾਂ ਘੁੰਮਦੇ ਰਹਿੰਦੇ। ਪਿਛਲੇ 15-20 ਸਾਲ ਤੋਂ ਕਿਸੇ ਆਏ-ਗਏ ਦੇ ਮਿਲਣ-ਵਿਛੜਨ ਸਮੇਂ ਉਹ ਰੋਣ ਲੱਗਦੀ ਕਿ ਹੁਣ ਦੇ ਮਿਲੇ ਫੇਰ ਮਿਲਾਂਗੇ ਜਾਂ ਨਹੀਂ, ਪਰ ਅਜੇ ਤੱਕ ਉਹ ਜਿਉਂਦੀ ਹੈ।
ਸਰੀਰ ਜ਼ਰੂਰ ਜਵਾਬ ਦੇ ਗਿਆ ਪਰ ਸੁਰਤ-ਹੋਸ਼ ਪੂਰਾ ਕਾਇਮ ਹੈ। ਨਿਗ੍ਹਾ ਕਮਜ਼ੋਰ ਹੋ ਗਈ, ਮੋਤੀਆ ਉਤਰ ਆਇਆ ਸੀ। ਉਹ ਯਾਦ ਕਰਦੀ ਹੈ ਕਿ ਮੈਂ ਕੋਹ ਵਾਟ ਤੋਂ ਆਉਂਦਾ ਬੰਦਾ ਪਛਾਣ ਲੈਂਦੀ ਸਾਂ। ਕੁੜੀਆਂ ਉਸ ਦੀ ਤੇਜ਼ ਨਿਗ੍ਹਾ ‘ਤੇ ਹੈਰਾਨ ਹੁੰਦੀਆਂ, ਪਰ ਉਦੋਂ ਸਮਾਂ ਹੋਰ ਸੀ। ਉਦੋਂ ਉਹ ਰਣਜੀਤ ਕੌਰ ਨਹੀਂ, ਦੀਪੋ ਸੀ। ਆਪਣੇ ਦਾਦੇ ਦੀ ਲਾਡਲੀ ਦੀਪੋ।
ਆਪਣੇ ਬਾਪ ਨਾਲੋਂ ਵੱਧ, ਜਿਸ ਨੂੰ ਉਹ ਆਪਣੇ ਚਾਚੇ ਦੀ ਰੀਸੇ ਬਾਈ ਆਖਦੀ, ਦਾਦੇ ਨੂੰ ਯਾਦ ਕਰਦੀ।
ਦਾਦਾ ਰੋਜ਼ ਦੁਪਹਿਰ ਨੂੰ ਚਾਹ ਬਣਾਉਂਦਾ। ਆਪ ਪੀਂਦਾ ਤੇ ਦੀਪੋ ਨੂੰ ‘ਵਾਜ ਮਾਰਦਾ। ਹੋਰ ਕਿਸੇ ਨੂੰ ਘੁੱਟ ਵੀ ਨਹੀਂ ਮਿਲਦੀ ਸੀ। ਉਸ ਸਮੇਂ ਚਾਹ ਦਾ ਚਲਨ ਏਨਾ ਨਹੀਂ ਸੀ, ਕਦੇ ਹੀ ਕੋਈ ਬਣਾਉਂਦਾ ਸੀ।
ਅਜੇ ਦੀਪੋ ਸੋਲਾਂ ਸਾਲ ਦੀ ਹੀ ਸੀ ਕਿ ਉਸ ਦਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ। ਨਾ ਬਾਪ-ਦਾਦਾ ਦੇਖਣ ਗਏ, ਨਾ ਕੁਝ ਪਤਾ ਕੀਤਾ। ਨਾ ਮੁੰਡੇ ਵਾਲਿਆਂ ਨੇ ਕੁੜੀ ਦੇਖੀ। ਜਿਸ ਪਰਿਵਾਰ ਨਾਲ ਜਮੀਨ ਦੀ ਵੱਟ ਸਾਂਝੀ ਸੀ, ਉਸੇ ਨੇ ਆਪਣੀ ਰਿਸ਼ਤੇਦਾਰੀ ਵਿਚ ਦੀਪੋ ਦਾ ਰਿਸ਼ਤਾ ਪੱਕਾ ਕਰ ਦਿੱਤਾ। ਦੀਪੋ ਦੇ ਦਾਦੇ ਨੇ ਮਾਨੇਆਣੇ ਵਾਲੇ ਸੱਜਣ ਸਿਓਂ ਨੂੰ ਕਿਹਾ ਸੀ, “ਬਸ ਸੱਜਣ ਸਿਆਂ, ਜਿਹੋ ਜਿਹੀ ਮੇਰੀ ਧੀ, ਓਹੋ ਜਿਹੀ ਤੇਰੀ, ਤੂੰ ਜਿਵੇਂ ਕਰੇਂਗਾ, ਚੰਗਾ ਹੀ ਕਰੇਂਗਾ।”
ਫੇਰ ਵੀ ਦੀਪੋ ਦੀ ਮਾਂ ਨੇ ਨਿਰੰਜਨ ਨਾਈ ਤੋਂ ਘਰ-ਬਾਰ ਬਾਰੇ ਪਤਾ ਕਰਵਾਇਆ। ਆਖਰ ਮਾਂ ਜੋ ਸੀ। ਨਾਈ ਨੇ ਦੱਸਿਆ ਕਿ ਜਮੀਨ-ਜਾਇਦਾਦ ਸਭ ਠੀਕ ਹੈ, ਦੋ ਭਾਈ ਨੇ, ਪਰ ਘਰ ਸੋਹਣਾ ਨਹੀਂ। ਤੇ ਮਾਂ ਚੁੱਪ ਕਰ ਰਹੀ।
ਸਹੁਰੇ ਘਰ ਪੇਕਿਆਂ ਵਾਲੀ ਮੌਜ ਨਹੀਂ ਸੀ। ਬੜੀਆਂ ਔਖਾਂ ਕੱਟੀਆਂ। ਦੀਪੋ ਦੀ ਸੱਸ ਤਾਂ ਪਹਿਲੇ-ਪਹਿਰ ਹੀ ਵਿਧਵਾ ਹੋ ਗਈ ਸੀ। ਦੀਪੋ ਦਾ ਪਤੀ ਆਪਣੇ ਪਿਤਾ ਦੀ ਮੌਤ ਤੋਂ ਤਿੰਨ ਮਹੀਨੇ ਪਿੱਛੋਂ ਪੈਦਾ ਹੋਇਆ। ਇਸ ਕਰਕੇ ਘਰ ਦੇ ਹਾਲਾਤ ਠੀਕ ਨਹੀਂ ਸਨ। ਨਾਨਾ ਵਿਧਵਾ ਧੀ ਦੇ ਘਰ ਨੂੰ ਸਾਂਭਦਾ, ਨਾਲ ਲੋਕਾਂ ਦੀਆਂ ਜਰਦਾ। ਸ਼ਰੀਕ ਘਰ ਦਾ ਮੁਖੀ ਨਾ ਹੋਣ ਕਰਕੇ ਲੁੱਟਣ ਨੂੰ ਪੈਂਦੇ। ਫਿਰ ਮੁੰਡੇ ਉਡਾਰ ਹੋ ਕੇ ਜਿੰਮੇਵਾਰੀ ਸਾਂਭਣ ਲੱਗੇ, ਪਰ ਚਲਦੀ ਉਨ੍ਹਾਂ ਦੀ ਮਾਂ ਦੀ ਹੀ ਸੀ। ਜੋ ਕੁਝ ਉਸ ਨਾਲ ਵਾਪਰਿਆ ਸੀ, ਉਹਦਾ ਸੁਭਾਅ ਹੀ ਕੰਜੂਸੀ ਵਾਲਾ ਬਣ ਗਿਆ ਸੀ। ਖਾਣ ਨੂੰ ਰੋਟੀ ਵੀ ਰੱਜਵੀਂ ਨਾ ਦਿੰਦੀ। ਦੋਵੇਂ ਦਰਾਣੀ-ਜਠਾਣੀ ਚਟਣੀ ਕੁੱਟ ਕੇ ਰੱਖ ਦਿੰਦੀਆਂ ਤੇ ਕੂੰਡੇ ਵਿਚ ਰੋਟੀ ਘਸਾ ਕੇ ਖਾ ਲੈਂਦੀਆਂ। ਖੀਰ ਬਣਦੀ ਤਾਂ ਸੱਸ ਪੁੱਤਾਂ ਨੂੰ ਦੇ ਦਿੰਦੀ ਤੇ ਨੂੰਹਾਂ ਨੂੰ ਟਾਲਦੀ ਰਹਿੰਦੀ, “ਹੁਣ ਤਾਂ ਰੋਟੀ ਖਾ ਲਈ, ਫੇਰ ਖਾ ਲਿਓ,…ਹੁਣ ਤਾਂ ਚਾਹ ਪੀ ਲਈ, ਫੇਰ ਖਾ ਲਿਓ।” ਸ਼ਾਮ ਤੱਕ ਗਰਮੀ ਵਿਚ ਪਈ ਖੀਰ ਜਦ ਖੱਟੀ ਹੋ ਜਾਂਦੀ ਤਾਂ ਕਹਿ ਦਿੰਦੀ, ਹੁਣ ਖਾ ਲਓ।
ਘਰ ਸਭ ਹੁੰਦੇ-ਸੁੰਦੇ ਵੀ ਨਾ ਚੰਗਾ ਖਾਣ ਨੂੰ ਮਿਲਦਾ, ਨਾ ਪਹਿਨਣ ਨੂੰ। ਦੀਪੋ ਆਪਣੀ ਮਾਂ ਦੇ ਦਿੱਤੇ ਘੱਗਰੇ ਉਧੇੜ ਕੇ ਕੁੜਤੀਆਂ ਸੰਵਾ ਕੇ ਪਾਉਂਦੀ।
ਦੀਪੋ ਦੀ ਉਮਰ ਛੋਟੀ ਹੋਣ ਕਰਕੇ ਪਹਿਲੀ ਧੀ ਬਹੁਤ ਕਮਜ਼ੋਰ ਪੈਦਾ ਹੋਈ, ਜੋ ਤਿੰਨ-ਚਾਰ ਸਾਲ ਦੀ ਹੀ ਹੋ ਕੇ ਤੁਰਨ ਲੱਗੀ। ਜਦ ਤੱਕ ਮੁੰਡਾ ਨਾ ਹੋਇਆ, ਸੱਸ ਦੇ ਤਾਅਨੇ ਸੁਣੇ। ਉਹ ਆਪਣੇ ਪੁੱਤਾਂ ਦੇ ਪੁੱਤ ਛੇਤੀ ਵੇਖਣਾ ਚਾਹੁੰਦੀ ਸੀ, ਤੇ ਨਹੀਂ ਹੋਰ ਨੂੰਹ ਲੈ ਆਉਣ ਦੀ ਧਮਕੀ ਦਿੰਦੀ। ਉਨ੍ਹਾਂ ਦਿਨਾਂ ਨੂੰ ਯਾਦ ਕਰ ਕੇ ਦੀਪੋ ਦੀਆਂ ਅੱਖਾਂ ਹੁਣ ਵੀ ਭਰ ਆਉਂਦੀਆਂ ਹਨ।
ਮਾਂ ਪਿੱਛੇ ਪੁੱਤਾਂ ਦਾ ਸੁਭਾਅ ਵੀ ਸੂਮ ਹੀ ਸੀ। ਦੀਪੋ ਅੱਜ ਵੀ ਇਸ ਗੱਲ ਨੂੰ ਲੈ ਕੇ ਆਪਣੇ ਪਤੀ ਨਾਲ ਨਾਰਾਜ਼ਗੀ ਜਾਹਰ ਕਰਦੀ ਗਲਾ ਭਰ ਲੈਂਦੀ ਹੈ।
ਜਦ ਦੀਪੋ ਨੇ ਚਾਰੇ ਬੱਚਿਆਂ ਨੂੰ ਲੈ ਕੇ ਪੇਕੇ ਜਾਣਾ ਹੁੰਦਾ ਤਾਂ ਪੈਸੇ ਨਾ ਦੇਣ ਦਾ ਮਾਰਾ ਉਸ ਦਾ ਪਤੀ ਸੁਵਖਤੇ ਹੀ ਖੇਤ ਚਲਾ ਜਾਂਦਾ ਜਾਂ ਗੁਰਦੁਆਰੇ ਤੋਂ ਮੁੜਦਾ ਹੀ ਨਾ। ਦੀਪੋ ਤਿੰਨ ਧੀਆਂ ਤੇ ਇਕ ਪੁੱਤ ਨਾਲ ਪੇਕੇ ਜਾਣ ਲਈ ਖੜ੍ਹੀ ਸੀ। ਜੇਠ ਨੇ ਬਾਰਾਂ ਰੁਪਏ ਦਿੱਤੇ ਤੇ ਕੁਝ ਪੈਸੇ ਪੱਲਿਓਂ ਪਾ ਕੇ ਉਹ ਪੇਕੇ ਅੱਪੜੀ। ਮਾਂ ਕੋਲ ਜਾ ਕੇ ਬਹੁਤ ਰੋਸਾ ਕੀਤਾ, ਉਸ ਦੇ ਜਵਾਈ ਬਾਰੇ। ਇੱਕ ਕੁੜੀ ਦੇ ਪੈਰੀਂ ਟੁੱਟੀ ਚੱਪਲ ਸੀ। ਨਾਨੀ ਨੇ ਨਾਲ ਲੱਗਦੇ ਸ਼ਹਿਰ ਫਿਰੋਜ਼ਪੁਰ ਤੋਂ ਬੱਚਿਆਂ ਨੂੰ ਨਵੇਂ ਜੁੱਤੇ ਪਵਾ ਕੇ ਦਿੱਤੇ।
ਦੀਪੋ ਨੇ ਮਾਂ ਕੋਲ ਰੋਸ ਕੀਤਾ ਕਿ ਘਰੇ ਇੰਨਾ ਹੱਡ-ਭੰਨਵਾਂ ਕੰਮ ਕਰਨ ਦੇ ਬਾਵਜੂਦ ਉਸ ਨੂੰ ਪੇਕੇ ਆਉਣ ਲਈ ਕਿਰਾਇਆ ਵੀ ਪੂਰਾ ਨਹੀਂ ਮਿਲਦਾ। ਮਾਂ ਨੇ ਹੌਸਲਾ ਦਿੱਤਾ, “ਪੁੱਤ ਸੁੱਖ ਨਾਲ ਤੇਰੇ ਘਰ ਤਾਂ ਬਥੇਰਾ ਰਿਜ਼ਕ ਆ।” ਦੀਪੋ ਦਾ ਉਤਰ ਸੀ, “ਕੱਟੇ ਨੂੰ ਦੁੱਧ ਦਾ ਕੀ ਆਸਰਾ! ਜਦੋਂ ਮੈਨੂੰ ਦਿੰਦੇ ਨ੍ਹੀਂ, ਮੈਨੂੰ ਕੀ? ਮਾਂ-ਪੁੱਤ ਸਾਂਭ ਲੈਂਦੇ ਆ।”
ਅਸਲ ਵਿਚ ਉਸ ਦਾ ਪਤੀ ਸਾਉਣ ਸਿਓਂ ਬੜਾ ਭਗਤ ਬੰਦਾ ਹੈ। ਸਾਂਝੇ ਘਰ ਵਿਚੋਂ ਆਪਣਾ ਹੱਕ ਵੀ ਨਾ ਵਰਤਦਾ। ਖੁਦ ਵੀ ਪਾਟੇ-ਪੁਰਾਣੇ ਪਾ ਕੇ ਫਿਰਦਾ ਰਹਿੰਦਾ। ਤਿੰਨ ਧੀਆਂ ਤੇ ਇਕ ਪੁੱਤ ਰਣਜੀਤ ਕੌਰ ਦੇ। ਚਾਰ ਧੀਆਂ ਤੇ ਇਕ ਪੁੱਤ ਰਣਜੀਤ ਕੌਰ ਦੇ ਜੇਠ ਦੇ ਸਨ।
ਧੀਆਂ-ਪੁੱਤਾਂ ਦੇ ਵਿਆਹ ਹੁੰਦੇ ਤਾਂ ਰਣਜੀਤ ਕੌਰ ਨੂੰ ਸਲਾਮੀ ਦੇਣ ਨੂੰ ਪੈਸੇ ਨਾ ਮਿਲਦੇ। ਹੁਣ ਸਾਰੇ ਪੁੱਤ-ਧੀਆਂ ਵੀ ਦੋਹਤੇ-ਪੋਤਿਆਂ ਵਾਲੇ ਹੋ ਗਏ ਹਨ। ਆਪੋ-ਆਪਣੇ ਘਰਾਂ ਵਿਚ ਮਗਨ ਹਨ। ਹੁਣ ਉਹ ਉਮਰ ਦੇ ਆਖਰੀ ਪੜਾਅ ਵਿਚ ਹੈ। ਮਾਂ-ਪਿਓ, ਭਰਾ-ਭਰਜਾਈਆਂ, ਹੋਰ ਕਈ ਰਿਸ਼ਤੇਦਾਰ, ਭਤੀਜੇ, ਭਤੀਜ-ਨੂੰਹਾਂ ਵੀ ਅਕਾਲ ਚਲਾਣਾ ਕਰ ਗਏ ਹਨ।
ਇਹ ਸਭ ਚੇਤੇ ਕਰਦਿਆਂ ਰਣਜੀਤ ਕੌਰ ਲਾਬੀ ਵਿਚੋਂ ਸਾਹਮਣੇ ਦਿਸਦੇ ਵੇਲਾਂ-ਬੂਟੇ ਦੇਖਦੀ ਰਹਿੰਦੀ ਹੈ। ਕਿਸ ਬੂਟੇ ਨੂੰ ਕਿੰਨੇ ਫੁੱਲ ਲੱਗੇ ਹਨ, ਕਿਹੜਾ ਸੁੱਕ ਗਿਆ ਹੈ-ਦੂਰ ਬੈਠੀ ਇਹੀ ਦੇਖਦੀ ਰਹਿੰਦੀ ਹੈ। ਜਾਂ ਫੇਰ ਘਰ ਦੇ ਜੋ-ਜੋ ਪੱਖੇ ਉਸ ਦੀ ਨਜ਼ਰ ਪੈਂਦੇ ਹਨ, ਉਨ੍ਹਾਂ ਨੂੰ ਬੰਦ ਕਰਨ ਲਈ ਕਹਿੰਦੀ ਰਹਿੰਦੀ ਹੈ। ਪੋਤੀ ਫੋਨ ‘ਤੇ ਕੰਨਾਂ ਵਿਚ ਕਥਾ-ਕੀਰਤਨ ਲਾ ਦਿੰਦੀ। ਰਣਜੀਤ ਕੌਰ ਸੁਣਦੀ ਰਹਿੰਦੀ। ਫੇਰ ਕਹਿੰਦੀ, “ਬੱਸ ਮੇਰੀ ਧੌਣ ਥੱਕ ਗਈ, ਲਾਹ-ਲੈ ਇਸ ਨੂੰ।”
ਪੋਤੀ ਪੁੱਛਦੀ, “ਬੇਬੇ ਕੀ ਦੱਸਿਆ ਫੇਰ ਬਾਬੇ ਨੇ?”
“ਬਹੁਤ ਕੁਝ ਦੱਸਿਆ।”
“ਕੀ ਕੁਝ, ਮੈਨੂੰ ਵੀ ਦੱਸ ਦੇ।”
“ਹੁਣ ਇੰਨਾ ਕੁਝ ਕਿਥੇ ਯਾਦ ਰਹਿੰਦਾ, ਸੁਣ ਲਿਆ, ਏਨਾ ਬੜਾ।”
ਕਦੇ ਜਦ ਪੋਤੀ ਆਖਦੀ, “ਕਿਵੇਂ ਆ ਦੀਪੋ?” ਤਾਂ ਬੜੇ ਦੁੱਖ ਨਾਲ ਆਖਦੀ, “ਦੀਪੋ ਕਹਿਣ ਵਾਲਾ ਤਾਂ ਕੋਈ ਵੀ ਨਹੀਂ ਰਿਹਾ।”
ਪੋਤੀ ਹੱਸ ਕੇ ਆਖਦੀ, “ਲੈ, ਇਹ ਕਿਹੜੀ ਵੱਡੀ ਗੱਲ ਹੈ, ਮੈਂ ਕਹਿ ਦਿਆਂ ਕਰੂੰ ਤੈਨੂੰ ਦੀਪੋ।”
ਰੋਜ਼ ਵਾਂਗ ਅੱਜ ਖੁਸ਼ਨੂਰ ਨੇ ਲਾਬੀ ਵਿਚ ਧਮੱਚੜ ਨਹੀਂ ਸੀ ਪਾਇਆ। ਵੱਡੇ ਰੋਟੀ-ਪਾਣੀ ਖਾ ਰਹੇ ਸਨ। ਘਰ ਵਿਚ ਚੁੱਪ-ਚਾਂ ਸੀ, ਪਰ ਰਣਜੀਤ ਕੌਰ ਨੂੰ ਅੱਜ ਵੀ ਠੀਕ ਮਹਿਸੂਸ ਨਹੀਂ ਸੀ ਹੋ ਰਿਹਾ। ਉਹ ਬੋਲੀ, “ਕੁੜੇ, ਨਿੱਕੀ ਕਿੱਥੇ ਐ? ਅੱਜ ਖੇਡਦੀ ਕਿਉਂ ਨ੍ਹੀਂ ਉਹ? ਸੌਂ ਗਈ? ਕੋਈ ਬੋਲਦਾ ਈ ਨ੍ਹੀਂ, ਮੇਰੇ ਤਾਂ ਜੀਅ ਨੂੰ ਕੁਛ ਹੋਈ ਜਾਂਦਾ।”