ਰਹਿਮਤ

ਗੁਰਨਾਮ ਸਿੰਘ ਚੌਹਾਨ ਪੱਤਰਕਾਰ ਵੀ ਹੈ ਤੇ ਕਹਾਣੀਕਾਰ ਵੀ। ਪੰਜਾਬ ਵਿਚ ਅਤਿਵਾਦ ਦੇ ਦੌਰ ਵਿਚ ਉਪਜੇ ਤਸ਼ੱਦਦ ਦੀ ਪੀੜਾ ਨੂੰ ਉਸ ਨੇ ਆਪਣੇ ਨਾਵਲ ‘ਤਬੈ ਰੋਸ ਜਾਗਿਓ’ ਵਿਚ ਹਕੀਕੀ ਰੂਪ ਦਿੱਤਾ ਹੈ। ਉਸ ਦਾ ਇਹ ਨਾਵਲ ਕੇਂਦਰੀ ਭਾਸ਼ਾ ਸੰਸਥਾਨ, ਮੈਸੂਰ (ਕਰਨਾਟਕ) ਵੱਲੋਂ ਖੋਜ ਵਿਦਿਆਰਥੀਆਂ ਲਈ ਵੀ ਚੁਣਿਆ ਗਿਆ ਹੈ। ਪੇਸ਼ ਹੈ ਪਾਠਕਾਂ ਲਈ ਉਸ ਦੀ ਇਕ ਨਵੀਂ ਕਹਾਣੀ, ‘ਰਹਿਮਤ’, ਜਿਸ ਵਿਚ ਉਸ ਨੇ ਸਾਡੇ ਸਮਾਜ ਵਿਚ ਧੀਆਂ ਨਾਲ ਹੁੰਦੀ ਬੇਇਨਸਾਫੀ ਨੂੰ ਬਿਆਨਦਿਆਂ ਅਜਿਹਾ ਮੋੜ ਦਿੱਤਾ ਹੈ ਕਿ ਪਾਠਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।

-ਸੰਪਾਦਕ

ਗੁਰਨਾਮ ਸਿੰਘ ਚੌਹਾਨ
ਪਾਤੜਾਂ, ਪਟਿਆਲਾ।
ਫੋਨ: 91-97815-74100

ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਉਡੀਕਵਾਨਾਂ ਦੀ ਭੀੜ ਲੱਗੀ ਹੋਈ ਸੀ। ਲੋਕ ਬਾਬੂਆਂ ਤੋਂ ਸਾਹਿਬ ਬਾਰੇ ਪੁੱਛਦੇ ਤਾਂ ਉਹ ਉਖੜੀ ਕੁਹਾੜੀ ਵਾਂਗ ਪਂੈਦੇ। ਹਾਲ ਵਿਚ ਇਕ ਬਜੁਰਗ ਹੱਥ ਵਿਚ ਸੋਟਾ ਤੇ ਮੈਲਾ ਜਿਹਾ ਝੋਲਾ ਲਈ ਕੁਰਸੀ ‘ਤੇ ਬੈਠਾ ਸੀ। ਉਸ ਦਾ ਕੁੜਤਾ-ਪਜਾਮਾ ਥਾਂ ਥਾਂ ਤੋਂ ਪਾਟਿਆ ਹੋਇਆ ਤੇ ਜੇਬ ਵੱਖਰੇ ਰੰਗ ਦੇ ਧਾਗੇ ਨਾਲ ਸੀਤੀ ਹੋਈ ਸੀ।
ਇਕ ਸਫੈਦਪੋਸ਼ ਆਇਆ ਤੇ ਬਜੁਰਗ ਨੂੰ ਜਬਰੀ ਉਠਾ ਕੇ ਕੁਰਸੀ ‘ਤੇ ਬੈਠ ਗਿਆ। ਬੇਵੱਸ ਤੇ ਭਰੇ ਪੀਤੇ ਬਜੁਰਗ ਨੇ ਔਲਾਦ ਨੂੰ ਕੋਸਦਿਆਂ ਬਾਬੂ ਤੋਂ ਪੁੱਛਿਆ, “ਕਾਕਾ ਜੀ! ਸਾਹਿਬ ਨੇ ਕਦੋਂ ਆਉਣਾ?”
“ਮੈਨੂੰ ਕੋਈ ਪਤਾ ਨਹੀਂ, ਐਵੇ ਨਾ ਦਿਮਾਗ ਖਾਈ ਜਾ?”
ਕੋਲ ਬੈਠੀ ਪ੍ਰੀਤੀ ਨੇ ਕਿਹਾ,”ਬਜੁਰਗਾਂ ਦਾ ਸਨਮਾਨ ਕਰਨਾ ਸਿੱਖੋ।”
“ਕੁੜੀਆਂ ਕਿੰਨੀਆਂ ਦਇਆਵਾਨ, ਮਿੱਠ ਬੋਲੜੀਆਂ, ਨਿਆਂ-ਪਸੰਦ ਹੁੰਦੀਆਂ ਨੇ, ਪਰ ਸਮਾਜ ਧੀਆਂ-ਧਿਆਣੀਆਂ ਉਤੇ ਅੱਤਿਆਚਾਰ ਤੇ ਬੇਇਨਸਾਫੀ ਦੀਆਂ ਹੱਦਾਂ ਪਾਰ ਕਰਕੇ ਪੁੱਤਰਾਂ ਨੂੰ ਘਰ ਅਤੇ ਜਮੀਨ-ਜਾਇਦਾਦ ਦਾ ਮਾਲਕ ਬਣਾ ਦਿੰਦਾ ਹੈ। ਧੀਆਂ ਫੇਰ ਵੀ ਮਾਪਿਆਂ ਦੀ ਸੁੱਖ ਮਨਾਉਂਦੀਆਂ ਨੇ। ਕਾਸ਼! ਮੇਰੀ ਧੀ ਜਿਉਂਦੀ ਹੁੰਦੀ ਤਾਂ ਮੇਰੀ ਹਾਲਤ ਦੇਖ ਕੇ ਉਸ ਨੇ ਮਰ-ਮਰ ਜਾਣਾ ਸੀ, ਜਿਸ ਨਾਲਾਇਕ ਨੂੰ ਪੜ੍ਹਾਇਆ ਲਿਖਾਇਆ, ਹਰ ਲੋੜ ਪੂਰੀ ਕੀਤੀ। ਉਸ ਨੇ ਘਰੋਂ ਕੱਢ ਕੇ ਭੀਖ ਮੰਗਣ ਲਈ ਮਜ਼ਬੂਰ ਕਰ ਦਿਤੈ, ਕਿਥੇ ਭਲਾ ਹੋਊ ਇਸ ਦਾ?” ਸੋਚਾਂ ਵਿਚ ਗਵਾਚੇ ਬਜੁਰਗ ਦਾ ਧਿਆਨ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਲੱਗੀ ਨੇਮ ਪਲੇਟ ਉਤੇ ਗਿਆ, “ਰੱਖਸ਼ਾ ਅਨਾਥ। ਇਹ ਤਖੱਲਸ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ ਹੈ, ‘ਅਨਾਥ’ ਕੋਈ ਜਾਤ-ਗੋਤ ਨਹੀਂ, ਫਿਰ ਇੰਨੇ ਵੱਡੇ ਅਫਸਰ ਦੇ ਨਾਂ ਨਾਲ ਕਿਵੇਂ ਜੁੜਿਆ? ਇਹ ਸ਼ਬਦ ਸਨਮਾਨ ਯੋਗ ਵੀ ਨਹੀਂ। ‘ਅਨਾਥ’ ਤਾਂ ਉਹ ਹੁੰਦੈ, ਜਿਸ ਦਾ ਮਾਂ-ਬਾਪ ਨਾ ਹੋਵੇ। ਨਹੀਂ! ਇਥੇ ‘ਅਨਾਥ’ ਦੀ ਥਾਂ ‘ਨਾਥ’ ਹੋਣਾ ਏ, ਗਲਤੀ ਨਾਲ ‘ਐੜਾ’ ਲਿਖਿਆ ਗਿਆ ਹੋਵੇਗਾ। ਇੰਨੀ ਵੱਡੀ ਗਲਤੀ ਨਹੀਂ ਹੋ ਸਕਦੀ, ਨੇਮ ਪਲੇਟ ਲਿਖੇ ਜਾਣ ਮਗਰੋਂ ਪੜ੍ਹੀ ਜ਼ਰੂਰ ਹੋਵੇਗੀ? ਚਲੋ ਆਪਾਂ ਕੀ ਲੈਣਾ ਇਸ ਤੋਂ?…ਨਹੀਂ ਯਾਰ! ਇਸ ਦਾ ਕੋਈ ਅਰਥ ਜਰੂਰ ਐ।”
ਉਹ ‘ਅਨਾਥ’ ਸ਼ਬਦ ਦੀ ਘੁੰਮਣ ਘੇਰੀ ਵਿਚੋਂ ਨਿਕਲਣਾ ਚਾਹੁੰਦਾ ਸੀ ਪਰ ਉਸ ਦੀ ਹਾਲਤ ਮੱਕੜੀ ਜਾਲ ਵਿਚ ਫਸੇ ਕੀੜੇ ਵਰਗੀ ਸੀ।
ਬੱਤੀ ਵਾਲੀ ਗੱਡੀ ਦੀ ਤਾਕੀ ਕਰਮਚਾਰੀ ਨੇ ਬੜੀ ਫੁਰਤੀ ਨਾਲ ਖੋਲ੍ਹੀ। ਉਸ ਵਿਚੋਂ ਨਿਕਲੀ ਔਰਤ ਨੇ ਉਡੀਕਵਾਨਾਂ ਨੂੰ ਮੁਖਾਤਬ ਹੁੰਦਿਆਂ ਕਿਹਾ, “ਮੁਆਫ ਕਰਨਾ ਤੁਹਾਨੂੰ ਉਡੀਕਣਾ ਪਿਆ। ਮੈਨੂੰ ਸੈਂਟਰਲ ਲਾਇਬਰੇਰੀ ਵਿਚ ਇਕ ਸੈਮੀਨਾਰ ਦੀ ਤਿਆਰੀ ਦਾ ਜਾਇਜ਼ਾ ਲੈਣ ਜਾਣਾ ਪੈ ਗਿਆ ਸੀ।”
ਇਕ ਪਾਸੇ ਖੜ੍ਹਾ ਬਜੁਰਗ ‘ਅਨਾਥ’ ਸ਼ਬਦ ਦੇ ਚੱਕਰਵਿਊ ਵਿਚ ਫਸਿਆ ਹੋਇਆ ਸੀ। ਡਿਪਟੀ ਕਮਿਸ਼ਨਰ ਦੇ ਮਿਠਾਸ ਭਰੇ ਬੋਲਾਂ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ। ਨਿਮਰਤਾ ਤੇ ਇਨਸਾਨੀਅਤ ਨੂੰ ਇੰਨੀ ਮਹੱਤਤਾ ਦੇਣ ਵਾਲੀ ਇਹ ਔਰਤ ਆਮ ਨਹੀਂ, ਦੇਵੀ ਹੈ। ਇਸ ਨੂੰ ਮੁਆਫੀ ਮੰਗਣ ਦੀ ਕੀ ਲੋੜ ਸੀ?” ਸੋਚਾਂ ਦੇ ਵਹਿਣ ਵਿਚ ਪਏ ਬਜੁਰਗ ਨੂੰ ਕਰਮਚਾਰੀ ਨੇ ਅੰਦਰ ਜਾਣ ਲਈ ਕਿਹਾ।
ਬਜੁਰਗ ਸਤਿ ਸ੍ਰੀ ਆਕਾਲ ਆਖ ਰਿਹਾ ਸੀ। ਡਿਪਟੀ ਕਮਿਸ਼ਨਰ ਨੇ ਬੈਠਣ ਲਈ ਆਖਦਿਆਂ ਕੰਮ ਬਾਰੇ ਪੁਛਿਆ।
ਪਲ ਦੀ ਖਾਮੋਸ਼ੀ ਮਗਰੋਂ ਬਜੁਰਗ ਨੇ ਤਰਲਾ ਜਿਹਾ ਪਾਇਆ, “ਬੀਬਾ ਜੀ, ਨੇਮ ਪਲੇਟ ਉਤੇ ਲਿਖੇ ਅਨਾਥ ਸ਼ਬਦ ਦਾ ਕੀ ਮਤਲਬ ਹੈ?”
“ਬਾਪੂ ਜੀ! ਤੁਸੀਂ ਕੀ ਲੈਣਾ, ਕੰਮ ਦੱਸੋ?”
ਬਜੁਰਗ ਨੇ ਹੱਥ ਜੋੜਦਿਆਂ ਕਿਹਾ, “ਬੀਬਾ, ਕੰਮ ਤਾਂ ਆਪੇ ਹੋ ਜਾਊ, ਕ੍ਰਿਪਾ ਕਰਕੇ ਮੈਨੂੰ ਇਸ ਬਾਰੇ ਦੱਸ ਦਿਓ।”
“ਕੋਈ ਨਹੀਂ!”
ਘੰਟੀ ਦੀ ਆਵਾਜ਼ ਸੁਣ ਕੇ ਆਏ ਸੇਵਾਦਾਰ ਨੇ ਆਖਿਆ, “ਹਾਂ ਜੀ।”
“ਦੋ ਕੱਪ ਚਾਹ ਲਿਆ।” ਉਹ ਕਾਗਜ਼ਾਂ ਦੀ ਫੋਲਾ ਫਾਲੀ ਕਰਦੀ ਸੋਚ ਰਹੀ ਸੀ, ਇਹ ਪਹਿਲਾ ਇਨਸਾਨ ਹੈ, ਜਿਸ ਨੇ ‘ਅਨਾਥ’ ਸ਼ਬਦ ਬਾਰੇ ਜਾਣਨਾ ਚਾਹਿਆ ਹੈ। ਇਸ ਨੂੰ ਇਹ ਪੁੱਛਣ ਦੀ ਕੀ ਲੋੜ ਪਈ? ਉਸ ਨੂੰ ਲੱਗਾ ਬਜੁਰਗ ਇਸ ਸ਼ਬਦ ਦੀ ਘੁੰਮਣ ਘੇਰੀ ਵਿਚ ਫਸਿਆ ਹੋਇਆ ਹੈ।
ਚਾਹ ਰੱਖਦੇ ਸੇਵਾਦਾਰ ਨੂੰ ਰੱਖਸ਼ਾ ਅਨਾਥ ਨੇ ਪੁੱਛਿਆ, “ਹੋਰ ਕੋਈ ਮਿਲਣ ਵਾਲਾ ਹੈ?”
“ਨਹੀਂ ਜੀ।”
ਰੱਖਸ਼ਾ ਅਨਾਥ ਨੇ ਬਜੁਰਗ ਨੂੰ ਚਾਹ ਲੈਣ ਲਈ ਆਖਦਿਆਂ ਨਾਂ-ਪਤਾ ਪੁੱਛਿਆ। ਚਾਹ ਦੀ ਚੁਸਕੀ ਲੈਂਦਿਆਂ ਉਹ ਬੋਲਣ ਹੀ ਲੱਗਾ ਸੀ ਕਿ ਫੋਨ ਦੀ ਘੰਟੀ ਵੱਜ ਗਈ, “ਹਾਂ ਜੀ ਸਰ। ਆ ਰਹੀ ਹਾਂ।”
ਬਜੁਰਗ ਨੇ ਕੱਪ ਰੱਖਦਿਆਂ ਕਿਹਾ, “ਬੀਬਾ ਜੀ! ਹੁਣ ਤੁਸੀਂ ਸੈਂਟਰਲ ਲਾਇਬਰੇਰੀ ਵਿਚ ਜਾਣਾ ਹੋਊ?”
“ਤੁਸੀਂ ਨਹੀਂ ਜਾਣਾ?” ਰੱਖਸ਼ਾ ਨੇ ਕਿਹਾ।
“ਇਹ ਕਿਵੇਂ ਹੋ ਸਕਦਾ ਹੈ ਜੀ।” ਬਜੁਰਗ ਨੇ ਝੋਲਾ ਸੰਭਾਲਦਿਆਂ ਕਿਹਾ।
ਰੱਖਸ਼ਾ ‘ਅਨਾਥ’ ਦੇ ਮਿਲਣਸਾਰ ਰਵੱਈਏ, ਮਿੱਠ ਬੋਲੜੇ ਸੁਭਾਅ ਤੋਂ ਪ੍ਰਭਾਵਿਤ ਹੋਇਆ ਬਜੁਰਗ ਸੋਚ ਰਿਹਾ ਸੀ, ਕਿੰਨੀ ਚੰਗੀ ਅਫਸਰ ਹੈ।
ਲਾਇਬਰੇਰੀ ਵਿਚ ਪ੍ਰਵੇਸ਼ ਕਰਦੇ ਸਮੇਂ ਬਜੁਰਗ ਡਿੱਗ ਪਿਆ। ਮਾਮੂਲੀ ਜਿਹੀ ਹਫੜਾ-ਤਫੜੀ ਹੋਈ ਤੇ ਰੱਖਸ਼ਾ ‘ਅਨਾਥ’ ਤੇਜ਼ੀ ਨਾਲ ਬਜੁਰਗ ਵੱਲ ਵਧੀ, ਉਦੋਂ ਤੱਕ ਕਰਮਚਾਰੀ ਉਸ ਨੂੰ ਉਠਾ ਕੇ ਪੁੱਛਣ ਲੱਗਾ, “ਬਾਬਾ, ਸੱਟ ਤਾਂ ਨ੍ਹੀਂ ਲੱਗੀ।”
“ਤੁਸੀਂ ਬਜੁਰਗ ਨੂੰ ਫੜ ਕੇ ਨਹੀਂ ਲਿਆ ਸਕਦੇ, ਜੇ ਇਨ੍ਹਾਂ ਦੇ ਸੱਟ ਲੱਗ ਜਾਂਦੀ ਤਾਂ…?” ਰੱਖਸ਼ਾ ਅਨਾਥ ਨੇ ਕਰਮਚਾਰੀਆਂ ਨੂੰ ਘੂਰਿਆ।
ਬਜੁਰਗ ਨੇ ਮੁਲਾਜ਼ਮ ਨੂੰ ਕਿਹਾ, “ਮੁਆਫ ਕਰਨਾ, ਮੇਰੇ ਕਰਕੇ ਤੁਹਾਨੂੰ ਝਿੜਕਾਂ ਪਈਆਂ ਨੇ।”
ਕਮਿਸ਼ਨਰ ਸ੍ਰੀਮਤੀ ਜਸਪ੍ਰੀਤ ਕੌਰ ਵੱਲੋਂ ਸੈਮੀਨਾਰ ਦਾ ਉਦਘਾਟਨ ਕੀਤੇ ਜਾਣ ਉਪਰੰਤ ਸਟੇਜ ਸੈਕਟਰੀ ਨੇ ਕਿਹਾ, “ਇਹ ਸੈਮੀਨਾਰ ਡਿਪਟੀ ਕਮਿਸ਼ਨਰ ਰੱਖਸ਼ਾ ਅਨਾਥ ਦੀ ਉਸਾਰੂ ਸੋਚ ਦਾ ਸਿੱਟਾ ਹੈ, ਉਹ ਇਕ ਬੇਦਾਗ, ਇਨਸਾਫ ਪਸੰਦ ਸ਼ਖਸੀਅਤ ਹਨ, ਔਰਤਾਂ ਉਤੇ ਹੁੰਦੇ ਜ਼ਬਰ ਜ਼ੁਲਮ ਵਿਰੁਧ ਨੰਗੇ ਧੜ ਲੜਨਾ ਉਨ੍ਹਾਂ ਦੀ ਫਿਤਰਤ ਹੈ।”
ਸੈਮੀਨਾਰ ਦੇ ਮੁੱਖ ਬੁਲਾਰੇ ਡਿਪਟੀ ਕਮਿਸ਼ਨਰ ਰੱਖਸ਼ਾ ‘ਅਨਾਥ’ ਨੇ ਆਪਣੇ ਕੂੰਜੀਵਤ ਭਾਸ਼ਣ ਦੌਰਾਨ ਕਿਹਾ, “ਮਰਦ ਪ੍ਰਧਾਨ ਸਮਾਜ ਵਿਚ ਕੁੜੀਆਂ ਨੂੰ ਮਾਰਨ ਦੀ ਸ਼ੁਰੂਆਤ ਕੋਈ ਨਵੀਂ ਨਹੀਂ, ਇਹ ਵਰਤਾਰਾ ਮੁੱਢ ਕਦੀਮ ਤੋਂ ਚੱਲਿਆ ਆਉਂਦਾ ਹੈ। ਪਹਿਲਾਂ ਕੁੜੀਆਂ ਨੂੰ ਜਨਮ ਲੈਣ ਉਪਰੰਤ ਦਾਈ, ਮਾਪੇ ਗਲ ਅੰਗੂਠਾ ਦੇ ਕੇ ਜਾਂ ਨੀਲੇ ਥੋਥੇ ਨਾਲ ਮਾਰ ਕੇ ਰੌਲਾ ਪਾਉਂਦੇ ਸਨ ਕਿ ਜਨਮ ਲੈਣ ਮਗਰੋਂ ਕੁੜੀ ਦੀ ਮੌਤ ਹੋ ਗਈ ਹੈ। ਸਾਇੰਸ ਦੀ ਤਰੱਕੀ ਨਾਲ ਕੁੜੀਆਂ ਨੂੰ ਮਾਰਨ ਦੇ ਤਰੀਕੇ ਅਸਾਨ ਹੋਏ ਹਨ। ਅਲਟਰਾ ਸਾਊਂਡ ਰਾਹੀਂ ਮਾਂ ਦੇ ਪੇਟ ਵਿਚ ਕੁੜੀ ਹੋਣ ਦਾ ਪਤਾ ਲੱਗਣ ਸਾਰ ਮਰਦਾਂ ਦੇ ਹੌਸਲੇ ਢਹਿ ਜਾਂਦੇ ਹਨ। ਉਹ ਆਨੇ ਬਹਾਨੇ ਜਨਮ ਤੋਂ ਪਹਿਲਾਂ ਹੀ ਧੀਆਂ ਦਾ ਖਾਤਮਾ ਕਰ ਦਿੰਦੇ ਨੇ।
ਪੰਦਰਵੀਂ ਸਦੀ ਦੇ ਹਾਕਮਾਂ ਵੱਲੋਂ ਔਰਤ ਜਾਤ ਉਤੇ ਕੀਤੇ ਜਾਂਦੇ ਜੁਲਮ ਵਿਰੁਧ ਇਨਕਲਾਬੀ ਸੋਚ ਦੇ ਧਾਰਨੀ ਮਹਾਨ ਸ਼ਖਸੀਅਤ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਬੁਲੰਦ ਕਰਦਿਆਂ ਸ਼ਬਦ ਉਚਾਰਿਆ ਸੀ, ‘ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ।’ ਗੁਰੂ ਸਾਹਿਬ ਦੇ ਸੰਦੇਸ਼ ਨੇ ਸਮੇਂ ਦੇ ਹਾਕਮਾਂ ਤੇ ਮਰਦ ਪ੍ਰਧਾਨ ਸਮਾਜ ਨੂੰ ਜਦੋਂ ਝੰਜੋੜਿਆ ਤਾਂ ਔਰਤ ਜਾਤ ਨੇ ਕੁਝ ਰਾਹਤ ਤਾਂ ਮਹਿਸੂਸ ਕੀਤੀ ਪਰ ਉਹ ਜੁਲਮ ਦੇ ਜੂਲੇ ਤੋਂ ਮੁਕਤ ਨਾ ਹੋ ਸਕੀ, ਕਿਉਂਕਿ ਉਹ ਪੜ੍ਹੀ-ਲਿਖੀ ਨਾ ਹੋਣ ਕਰਕੇ ਹੱਕ ਵਿਚ ਉਠੀ ਆਵਾਜ਼ ਦਾ ਪ੍ਰਚਾਰ ਨਾ ਕਰ ਸਕੀ।”
ਤਕਰੀਰ ਨੂੰ ਲੰਬੀ ਕਰਦਿਆਂ ਰੱਖਸ਼ਾ ‘ਅਨਾਥ’ ਨੇ ਕਿਹਾ, “ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਉਤੇ ਪਹਿਰਾ ਦਿੰਦਿਆਂ ਹੋਰ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਨੇ ਔਰਤਾਂ ਨੂੰ ਮਰਦਾਂ ਬਰਾਬਰ ਸਨਮਾਨ ਦਿਵਾਉਣ ਲਈ ਕਈ ਲਹਿਰਾਂ ਪੈਦਾ ਕੀਤੀਆਂ ਪਰ ਬਦਕਿਸਮਤੀ ਔਰਤਾਂ ਦੀ ਕਿ ਉਹ ਇਨ੍ਹਾਂ ਦਾ ਫਾਇਦਾ ਉਠਾਉਣ ਤੋਂ ਅਸਮਰੱਥ ਰਹੀਆਂ ਤੇ ਪੁੱਤਰ ਮੋਹ ਨੂੰ ਅਹਿਮੀਅਤ ਦਿੰਦਿਆਂ ਧੀਆਂ ਦਾ ਕਤਲ ਹੁੰਦਾ ਰਿਹਾ।
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕਾਬਲ ਦੀਆਂ ਸੰਗਤਾਂ ਦੇ ਨਾਮ 24 ਮਈ 1699 ਨੂੰ ਜਾਰੀ ਕੀਤੇ ਹੁਕਮਨਾਮੇ ਵਿਚ ਬੜੀ ਪ੍ਰਮੁੱਖਤਾ ਨਾਲ ਲਿਖਿਆ ਹੈ, ‘ਭਾਦਣੀ ਤਥਾ ਕੰਨਿਆ ਮਾਰਨ ਵਾਲੇ ਸੇ ਨਾ ਮੇਲ ਰੱਖੇਂ।’ ਅੱਜ ਸਿੱਖ ਅਖਵਾਉਣ ਵਾਲੇ ਲੋਕ ਆਪਣੇ ਅੰਦਰ ਝਾਤ ਮਾਰਨ, ਉਹ ਗੁਰੂ ਸਾਹਿਬਾਨ ਦੀ ਸਿੱਖਿਆ ਉਤੇ ਕਿੰਨਾ ਕੁ ਪਹਿਰਾ ਦਿੰਦੇ ਹਨ? ਕੀ ਅਜਿਹੀਆਂ ਘਿਨੌਣੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ ਬਖਸ਼ਿਆ ਜਾ ਸਕਦਾ ਹੈ?”
ਖਚਾਖਚ ਭਰੇ ਸੈਮੀਨਾਰ ਵਿਚ ਰੱਖਸ਼ਾ ਅਨਾਥ ਦਾ ਇਕ ਇਕ ਬੋਲ ਸਰੋਤਿਆਂ ਦੇ ਅੰਦਰ ਲਹਿ ਰਿਹਾ ਸੀ। ਉਹ ਜੋਸ਼ ਵਿਚ ਸੀ ਤੇ ਕਹਿ ਰਹੀ ਸੀ, “ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਖਾਲਸਾ ਪੰਥ ਦੀ ਮਾਂ ਹੋਣ ਦਾ ਖਿਤਾਬ ਦੇ ਕੇ ਔਰਤਾਂ ਨੂੰ ਬਰਾਬਰੀ ਦਿੱਤੀ। ਮਾਈ ਭਾਗ ਕੌਰ ਤੇ ਝਾਂਸੀ ਦੀ ਰਾਣੀ ਨੇ ਮੈਦਾਨੇ ਜੰਗ ਵਿਚ ਜੂਝ ਕੇ ਸਾਬਤ ਕਰ ਦਿੱਤਾ ਕਿ ਔਰਤਾਂ ਕਿਸੇ ਤੋਂ ਘੱਟ ਨਹੀਂ। ਜੋ ਲੋਕ ਮਾਦਾ ਭਰੂਣ ਹੱਤਿਆ ਰਾਹੀਂ ਕੁੜੀਆਂ ਨੂੰ ਖਤਮ ਕਰ ਰਹੇ ਹਨ, ਅੱਜ ਦੀ ਸਭਾ ਉਨ੍ਹਾਂ ਕਾਤਲਾਂ ਨੂੰ ਪੁੱਛਦੀ ਹੈ ਕਿ ਕੁੜੀਆਂ ਦੀ ਹੋਂਦ ਬਿਨਾ ਉਹ ਸਮਾਜ ਦੇ ਰਿਸ਼ਤੇ-ਨਾਤਿਆਂ ਦਾ ਸਵਾਦ ਚੱਖ ਸਕਣਗੇ?” ਮਰਦ ਹੇਠਾਂ ਮੂੰਹ ਕਰੀ ਬੈਠੇ ਸਨ। ਔਰਤਾਂ ਹਰ ਸ਼ਬਦ ਦਾ ਸਵਾਗਤ ਕਰ ਰਹੀਆਂ ਸਨ।
ਭਾਸ਼ਣ ਦੇ ਅੰਤਲੇ ਬੋਲਾਂ ਵਿਚ ਉਸ ਦਾ ਮਨ ਭਰ ਗਿਆ ਤੇ ਉਸ ਕਿਹਾ, “ਮੈਂ ਬੜੀ ਬਦਨਸੀਬ ਹਾਂ, ਜਿਸ ਨੇ ਕਰਮਾਂ ਮਾਰੇ ਮਾਪਿਆਂ ਦਾ ਮੂੰਹ ਨਹੀਂ ਦੇਖਿਆ।”
ਇਨ੍ਹਾਂ ਸ਼ਬਦਾਂ ਨੇ ਹਾਲ ਵਿਚਲੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਬਹੁਤਿਆਂ ਦੀਆਂ ਅੱਖਾਂ ਤ੍ਰਿਪ ਤ੍ਰਿਪ ਵਗ ਪਈਆਂ। ਰੱਖਸ਼ਾ ਅਨਾਥ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ, “ਤੁਹਾਡੇ ਸਾਹਮਣੇ ਬਾਪੂ ਅਮਰੀਕ ਸਿੰਘ ਤੇ ਮਾਤਾ ਨਸੀਬ ਕੌਰ-ਉਹ ਦੋ ਸ਼ਖਸੀਅਤਾਂ ਹਨ, ਜਿਨ੍ਹਾਂ ਮਾਤਾ-ਪਿਤਾ ਦਾ ਪਿਆਰ ਦਿੰਦਿਆਂ, ਮੈਨੂੰ ਇਸ ਅਹੁਦੇ ਦੇ ਕਾਬਲ ਬਣਾਇਆ ਹੈ। ਮੇਰਾ ਰੋਮ ਰੋਮ ਇਨ੍ਹਾਂ ਦਾ ਕਰਜ਼ਾਈ ਹੈ। ਇਨ੍ਹਾਂ ਝਾੜੀ ਕੋਲੋਂ ਚੁੱਕ ਕੇ ਸਮਾਜ ਦੇ ਤਾਹਨੇ ਮਿਹਣਿਆਂ ਦੀ ਪ੍ਰਵਾਹ ਨਾ ਕਰਦਿਆਂ, ਮਾੜੀ ਆਰਥਕਤਾ ਦੇ ਬਾਵਜੂਦ ਵਧੀਆ ਪਰਵਰਿਸ਼ ਕੀਤੀ। ਇਨ੍ਹਾਂ ਦੇ ਅਸ਼ੀਰਵਾਦ ਸਦਕਾ ਮੈਂ ਆਈ. ਏ. ਐਸ਼ ਅਫਸਰ ਬਣੀ ਹਾਂ।”
ਇਸ ਤੋਂ ਪਹਿਲਾਂ ਉਹ ਕੁਝ ਹੋਰ ਬੋਲਦੀ, ਕੁਰਸੀ ‘ਤੇ ਬੈਠਾ ਬਜੁਰਗ ਸੋਟੇ ਦੇ ਸਹਾਰੇ ਖੜ੍ਹਾ ਹੋਇਆ ਤੇ ਥਰਥਰਾਉਂਦੇ ਹੱਥ ਜੋੜ ਕੇ ਕਹਿਣ ਲੱਗਾ, “ਧੀਏ ਮੁਆਫ ਕਰ ਦੇ, ਮੈਂ ਹੀ ਉਹ ਬਦਨਸੀਬ ਬਾਪ ਹਾਂ, ਜਿਸ ਨੇ ਪੁੱਤਰ ਮੋਹ ਵਿਚ ਭਾਗਾਂ ਵਾਲੀ ਧੀ ਨੂੰ ਮਾਰਨਾ ਚਾਹਿਆ ਸੀ। ਮਨੁੱਖੀ ਆਵਾਜ਼ ਸੁਣ ਕੇ ਤੈਨੂੰ ਝਾੜੀ ਉਹਲੇ ਰੱਖ ਕੇ ਚਲਾ ਗਿਆ ਸਾਂ। ਮੁੜ ਕੇ ਆਇਆ ਤਾਂ ਉਥੇ ਕੁਝ ਨਹੀਂ ਸੀ। ਬੱਸ ਉਦੋਂ ਤੋਂ ਹੀ ਤੇਰੀ ਭਾਲ ਵਿਚ ਹਾਂ। ਰੱਬ ਦੇ ਵਾਸਤੇ ਧੀਏ ਮੁਆਫ ਕਰ ਦੇ।”
ਇਹ ਸੁਣਦੇ ਸਾਰ ਕਮਿਸ਼ਨਰ ਸ੍ਰੀਮਤੀ ਜਸਪ੍ਰੀਤ ਕੌਰ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਇਸ ਦੇ ਖਿਲਾਫ ਅਜਿਹਾ ਕੇਸ ਦਰਜ ਕਰੋ ਕਿ ਆਉਣ ਵਾਲੀਆਂ ਪੁਸ਼ਤਾਂ ਨੂੰ ਇਹ ਦੱਸ ਕੇ ਜਾਵੇ ਕਿ ਧੀ ਨੂੰ ਮਾਰਨ ਦੀ ਕੀ ਸਜ਼ਾ ਹੁੰਦੀ ਹੈ?”
ਜਿਉਂ ਹੀ ਪੁਲਿਸ ਬਜੁਰਗ ਵੱਲ ਵਧੀ ਤਾਂ ਰੱਖਸ਼ਾ ਅਨਾਥ ਦਾ ਦਿਲ ਪਿਘਲ ਗਿਆ ਤੇ ਉਸ ਕਿਹਾ, “ਪਲੀਜ਼! ਇਸ ਨੂੰ ਮੁਆਫ ਕਰ ਦਿਓ। ਪੁੱਤਰ ਦਾ ਸਤਾਇਆ ਪਹਿਲਾਂ ਹੀ ਦਰ ਦਰ ਭਟਕ ਰਿਹਾ ਹੈ।”
ਇਕੱਠੀ ਹੋਈ ਭੀੜ ਵਿਚ ਖੜ੍ਹੀ ਰੱਖਸ਼ਾ ਅਨਾਥ ਤੇ ਬਜੁਰਗ ਨਸੀਬਾਂ ਨੂੰ ਖੁਦਾਈ ਤੱਕੜੀ ਦੇ ਪੱਲੜਿਆਂ ਵਿਚ ਡੋਲਦੇ ਤੱਕ ਰਹੇ ਸਨ।