ਭਾਂਤ-ਭਾਂਤ ਦੀਆਂ ਅਰਦਾਸਾਂ ਕਰਾਉਂਦੇ ਸਿੱਖ

ਗੁਰਜੀਤ ਕੌਰ ਬੇਟਾਊਨ (ਟੈਕਸਸ)
ਫੋਨ: 713-469-2474
ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਉਹ ਇਸ ਕਰ ਕੇ ਕਿ ਇਸ ਗ੍ਰੰਥ ਵਿਚ ਬਾਣੀ ਨੂੰ ਜੇ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਸਾਡੇ ਸਾਹਮਣੇ ਹਾਜ਼ਰ ਨਾਜ਼ਰ ਹਨ ਪਰ ਅੱਜ ਅਸੀਂ ਆਪਣੇ ਗੁਰੂ, ਇਕ ਅਲੌਕਿਕ ਗ੍ਰੰਥ ਨੂੰ ਬੁੱਤ ਵਾਂਗ ਪੂਜਦੇ ਹਾਂ। ਅਸੀਂ ਉਸ ਸਮੇਂ ਇਹ ਭੁੱਲੇ ਹੁੰਦੇ ਹਾਂ ਕਿ ਇਸ ਗ੍ਰੰਥ ਨੂੰ ਪੂਜਣਯੋਗ ਬਣਾਇਆ ਇਸ ਵਿਚ ਦਰਜ ਗੁਰੂਆਂ ਦੀ ਬਾਣੀ ਨੇ। ਜੇ ਕੋਈ ਇਹ ਕਹੇ ਕਿ ਅਸੀਂ ਤਾਂ ਬਾਣੀ ਨੂੰ ਮੱਥਾ ਟੇਕਦੇ ਹਾਂ, ਤਾਂ ਫਿਰ ਇਹ ਸੁਆਲ ਬਣਦਾ ਹੈ ਕਿ ਆਪ ਤੋਂ ਵੱਡਿਆਂ ਅੱਗੇ ਅਸੀਂ ਰੋਜ਼ ਸਿਰ ਤਾਂ ਨਿਵਾਈਏ ਪਰ ਉਨ੍ਹਾਂ ਦੀ ਗੱਲ ਮੰਨੀਏ ਨਾ, ਤਾਂ ਭਲਾ ਇਹ ਕਿਹੜਾ ਸਤਿਕਾਰ ਹੋਇਆ?
ਗੁਰਦੁਆਰੇ ਵਿਚ ਹੁੰਦੀ ਹਰ ਅਰਦਾਸ ਦੀਆਂ ਅਖੀਰਲੀਆਂ ਪੰਕਤੀਆਂ ਸੰਗਤਾਂ ਪਾਸੋਂ ਕੀਤੀਆਂ ਮੰਗਾਂ ਨਾਲ ਭਰੀਆਂ ਹੁੰਦੀਆਂ ਨੇ। ਕੋਈ ਸੁੱਖ ਸ਼ਾਂਤੀ ਮੰਗਦਾ ਹੈ, ਕੋਈ ਗੁਰੂ ਨੂੰ ਹਿਊਮਨ ਰਿਸੋਰਸ ਡਿਪਾਰਟਮੈਂਟ ਦਾ ਕਰਮਚਾਰੀ ਸਮਝ ਕੇ ਨੌਕਰੀ। ਕੋਈ ਤੰਦਰੁਸਤੀ ਤੇ ਕੋਈ ਗੁਰੂ ਨੂੰ ਟਰੱਕਾਂ, ਕਾਰਾਂ ਦਾ ਬੀਮਾ ਅਧਿਕਾਰੀ ਬਣਾ ਕੇ ਬੈਠਾ ਹੁੰਦਾ ਹੈ, ਤੇ ਕਈ ਮੇਰੇ ਵਰਗੇ ਕਰਮਾਂ ਵਾਲੇ ਗੁਪਤ ਅਰਦਾਸਾਂ ਕਰਾਉਂਦੇ ਨੇ। ਕਿੰਨਾ ਹੈਰਾਨੀਜਨਕ ਹੈ ਇਹ ਸਭ! ਜੇ ਰੱਬ ਨੂੰ ਬੰਦੇ ਦਾ ਨਾਂ ਉਸ ਦੇ ਬਿਨਾਂ ਦੱਸੇ ਹੀ ਪਤਾ ਹੈ, ਤਾਂ ਕੀ ਇਹ ਨਹੀਂ ਪਤਾ ਕਿ ਉਸ ਨੇ ਅਰਦਾਸ ਕਿਉਂ ਕਰਾਈ?
ਜਿਸ ਗੁਰੂ ਗ੍ਰੰਥ ਸਾਹਮਣੇ ਖੜ੍ਹੇ ਹੋ ਕੇ ਮੰਗਾਂ ਰੱਖੀਆਂ ਜਾਂਦੀਆਂ ਨੇ, ਉਸ ਵਿਚ ਕਿਤੇ ਵੀ ਨਹੀਂ ਦਰਜ ਕਿ ਮੇਰੇ ਅੱਗੇ ਹਫ਼ਤੇ ਵਿਚ ਇਕ ਵਾਰ ਦਸ ਮਿੰਟ ਖਲੋਤਿਆਂ ਜ਼ਿੰਦਗੀ ਵਿਚ ਕਦੇ ਮੁਸ਼ਕਿਲ ਨਹੀਂ ਆਉਣੀ। ਠੀਕ ਹੈ, ਜੀਵਨ ਵਿਚ ਅਣਸੁਖਾਵਾਂ ਵਾਪਰਨ ਦੇ ਡਰ ਤੋਂ ਅਸੀਂ ਕਈ ਅਰਦਾਸਾਂ ਕਰਦੇ ਹਾਂ, ਤੇ ਜਦੋਂ ਕੁਝ ਵਾਪਰਦਾ ਹੈ ਤਾਂ ਫਿਰ ਅਸੀਂ ਉਸੇ ਹੀ ਗੁਰੂ ਦੀ ਸ਼ਰਨ ਵਿਚ, ਭਾਣਾ ਮੰਨਣ ਦੀ ਤਾਕਤ ਦੀ ਮੰਗ ਕਰਦੇ ਹਾਂ।
ਅਸੀਂ ਆਪਣੇ ਮਨ ਨੂੰ ਟਟੋਲ ਕੇ ਦੇਖੀਏ ਕਿ ਜੋ ਕੁਝ ਸਾਨੂੰ ਬਿਨਾਂ ਮੰਗਿਆਂ ਹੀ ਮਿਲਿਆ ਹੈ, ਕੀ ਉਸ ਸਭ ਦਾ ਸ਼ੁਕਰਾਨਾ ਕਰਨ ਲਈ ਸਾਡੇ ਹੱਥ ਕਦੀ ਉਠੇ ਨੇ? ਕੁਦਰਤ ਨੇ ਸਾਨੂੰ ਦਿਮਾਗ ਦਿੱਤਾ ਤੇ ਬਾਹਾਂ ਦਾ ਬਲ ਬਖ਼ਸ਼ਿਆ ਹੈ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦਾ ਟੀਚਾ ਮਿੱਥ ਕੇ ਉਸ ਮਗਰ ਦ੍ਰਿੜਤਾ ਨਾਲ ਤੁਰੀਏ। ਨੌਕਰੀ ਮੰਗਣ ਤੋਂ ਪਹਿਲਾਂ ਕੀ ਅਸੀਂ ਮਾਲਕ ਦਾ ਸ਼ੁਕਰਾਨਾ ਕੀਤਾ ਜਿਸ ਨੇ ਵਿੱਦਿਆ ਪ੍ਰਾਪਤ ਕਰਨ ਲਈ ਬੁੱਧੀ ਤੇ ਸੰਕਲਪ ਬਖ਼ਸ਼ਿਆ? ਤੇ ਜਿਹੜੀ ਹਿੰਮਤ ਕੀਤਿਆਂ ਪੜ੍ਹਾਈ ਹੋਈ ਹੈ, ਕੀ ਉਹੀ ਹਿੰਮਤ ਕੀਤਿਆਂ ਨੌਕਰੀ ਨਹੀਂ ਮਿਲੇਗੀ?
ਜਦੋਂ ਸਾਡੇ ਨਾਲ ਕੁਝ ਚਾਣਚੱਕ ਭਾਣਾ ਵਾਪਰਦਾ ਹੈ, ਉਦੋਂ ਸਾਡੇ ਕੋਲ ਉਸ ਕਰਤੇ ਅੱਗੇ ਅਰਦਾਸ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ, ਪਰ ਜਦੋਂ ਅਸੀਂ ਭਾਣੇ ਨੂੰ ਆਪ ਦਾਅਵਤ ਦਿੰਦੇ ਹਾਂ ਤਾਂ ਫਿਰ ਕਾਹਦੀ ਅਰਦਾਸ? ਮਿਸਾਲ ਵਜੋਂ ਸ਼ਰਾਬ ਪੀ ਕੇ ਗੁਰਦੇ, ਪਿੱਤਾ ਤੇ ਜਿਗਰ ਖਰਾਬ ਕਰਨ ਨੂੰ ਕੌਣ ਕਹਿੰਦਾ ਹੈ? ਊਟ-ਪਟਾਂਗ ਖਾ ਕੇ ਸ਼ੂਗਰ ਤੇ ਜੋੜਾਂ ਵਿਚ ਦਰਦ ਉਪਜਾਉਣ ਦਾ ਕੀ ਫਾਇਦਾ? ਅੱਧੀ ਰਾਤ ਟੀæਵੀæ ਅੱਗੇ ਜਾਗ ਕੇ ਅਤੇ ਵੱਡੇ ਦਿਨ ਤੱਕ ਬਿਸਤਰੇ ਵਿਚ ਪਏ ਰਹਿਣ ਨਾਲ ਬਲੱਡ ਪ੍ਰੈਸ਼ਰ ਵਧਾਓ ਤੇ ਗੁਰਦੁਆਰੇ ਚੰਦ ਸਿੱਕੇ ਦੇ ਕੇ ਅਰਦਾਸ ਕਰਾ ਕੇ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਹਾਸਲ ਕਰੋ। ਸ਼ਾਇਦ ਇਹੀ ਹੁਣ ਗੁਰ ਮੰਤਰ ਹੈ!
ਮੈਨੂੰ ਅੱਜ ਤੱਕ ਇਸ ਗੱਲ ਦਾ ਜੁਆਬ ਨਹੀਂ ਮਿਲ ਸਕਿਆ ਕਿ ਸਾਰੀਆਂ ਅਰਦਾਸਾਂ ਭਾਈ ਸਾਹਿਬ ਤੋਂ ਕਰਾਉਣੀਆਂ ਕਿਉਂ ਜ਼ਰੂਰੀ ਨੇ? ਕੀ ਸਾਡੀ ਪਹੁੰਚ ਗੁਰੂ ਨਾਲ ਕਿਸੇ ਪਾਸਿਓਂ ਘੱਟ ਹੈ? ਕੋਈ ਮੰਨੀ-ਪ੍ਰਮੰਨੀ ਹਸਤੀ ਮਿਲ ਜਾਵੇ ਤਾਂ ਅਸੀਂ ਸਾਰੇ ਉਸ ਨਾਲ ਆਪ ਫੋਟੋ ਖਿਚਵਾਉਣ ਲਈ ਨੱਠਦੇ ਹਾਂ, ਉਦੋਂ ਕਿਉਂ ਨਹੀਂ ਅਸੀਂ ਗੁਰਦੁਆਰਿਓਂ ਭਾਈ ਸਾਹਿਬ ਨੂੰ ਫੜ ਲਿਆਉਂਦੇ? ਕਦੇ ਇਹ ਵੀ ਕਹਿੰਦੇ ਹਾਂ ਕਿ ਜਿਹੜਾ ਬੰਦਾ 10-15 ਮਿੰਟ ਖੜ੍ਹਾ ਹੋ ਕੇ ਸਾਡੀਆਂ ਮੰਗਾਂ ਰੱਬ ਅੱਗੇ ਰੱਖਦਾ ਹੈ, ਉਹ ਵੀ ਤੰਦਰੁਸਤ ਰਹੇ। ਕੀ ਭਾਈ ਸਾਹਿਬ ਨੂੰ ਕੋਈ ਸਰੀਰਕ ਤਕਲੀਫ ਨਹੀਂ ਹੋ ਸਕਦੀ? ਹੋ ਸਕਦਾ ਹੈ ਕਿ ਉਨ੍ਹਾਂ ਲਈ ਇੰਨਾ ਚਿਰ ਖੜ੍ਹੇ ਹੋਣਾ ਔਖਾ ਹੋਵੇ, ਕਿਉਂਕਿ ਫਲੂ ਦਾ ਮੌਸਮ ਤਾਂ ਸਭ ਲਈ ਇਕੋ ਜਿਹਾ ਹੁੰਦਾ ਹੈ। ਨਾਲੇ ਸਾਨੂੰ ਕਿਸੇ ਵੀ ਚੀਜ਼ ਦੀ ਕਿੰਨੀ ਲੋੜ ਹੈ, ਇਹ ਸਾਨੂੰ ਪਤਾ ਹੈ; ਜੇ ਰੱਬ ਆਖੇ ਕਿ ਦਵਾਈ ਤੁਸੀਂ ਖਾ ਰਹੇ ਹੋ ਤੇ ਅਰਦਾਸ ਕੋਈ ਦੂਜਾ ਕਰ ਰਿਹਾ ਹੈ, ਇਹ ਕੀ ਗੱਲ ਹੋਈ? ਅਸਲ ਵਿਚ ਤਾਂ ਸਾਨੂੰ ਕਹਿਣਾ ਚਾਹੀਦਾ ਹੈ ਕਿ ਭਾਈ ਸਾਹਿਬ ਅਰਦਾਸ ਤੋਂ ਪਹਿਲਾਂ ਸਾਡੀਆਂ ਦੋ ਖੁਰਾਕਾਂ ਵੀ ਖਾ ਲੈਣਾ, ਤਾਂ ਜੋ ਰੱਬ ਉਤੇ ਸਾਡੀ ਮੰਗ ਦਾ ਪੂਰਾ ਅਸਰ ਹੋਵੇ।
ਹੁਣ ਗੱਲ ਕਰੀਏ ਸੁੱਖ ਸ਼ਾਂਤੀ ਦੀ ਅਰਦਾਸ ਦੀ। ਕੋਈ ਅੰਗਰੇਜ਼ ਦਾਰਸ਼ਨਿਕ ਲਿਖਦਾ ਹੈ ਕਿ ਖੁਸ਼ ਜਾਂ ਸੁਖੀ ਹੋਣਾ ਬੜੀ ਸਰਲ ਗੱਲ ਹੈ, ਪਰ ਸਰਲ ਹੋਣਾ ਅਤਿਅੰਤ ਮੁਸ਼ਕਿਲ। ਅਸੀਂ ਸੁੱਖ ਕਿਸ ਗੱਲ ਵਿਚ ਭਾਲਦੇ ਹਾਂ ਤੇ ਉਸ ਸੁੱਖ ਸ਼ਾਂਤੀ ਦੀ ਪ੍ਰਾਪਤੀ ਲਈ ਅਸੀਂ ਕੀ ਯਤਨ ਕਰ ਰਹੇ ਹਾਂ? ਇਕ ਇਸਤਰੀ ਜੋ ਆਪਣੇ ਪਤੀ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਤਲਾਕ ਲੈਂਦੀ ਹੈ, ਇਹ ਉਸ ਦੇ ਲਈ ਜ਼ਿੰਦਗੀ ਵਿਚ ਅਮਨ ਲਿਆਉਣ ਲਈ ਚੁੱਕਿਆ ਕਦਮ ਹੈ। ਇਕ ਪਾਸੇ ਕਹਿੰਦੇ ਹਾਂ ਕਿ ਸਭ ਕੁਝ ਰੱਬ ਦੇ ਹੱਥ ਹੈ, ਕੀ ਫਿਰ ਇਹ ਚੰਗਾ ਨਹੀਂ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਵਿਵੇਕ ਦੀ ਵਰਤੋਂ ਨੂੰ ਪਹਿਲ ਦਈਏ? ਜਿਸ ਗੱਲ ਵਿਚ ਸੁੱਖ ਸ਼ਾਂਤੀ ਸਮਝਦੇ ਹਾਂ, ਉਸ ਦੀ ਪ੍ਰਾਪਤੀ ਲਈ ਰੱਬ ਵੱਲੋਂ ਦਿੱਤੀ ਬੁੱਧੀ ਦਾ ਪ੍ਰਯੋਗ ਕਰਦੇ ਹੰਭਲਾ ਮਾਰੀਏ!
ਸਾਡੇ ਵਰਗੇ ਸਾਧਾਰਨ ਬੰਦਿਆਂ ਨੂੰ ਬਾਣੀ ਦੀਆਂ ਕਈ ਪੰਕਤੀਆਂ ‘ਤੇ ਗੁਮਾਨ ਹੈ ਕਿ ਰੱਬ ਤੋਂ ਜੋ ਮੰਗੋ, ਮਿਲਦਾ ਹੈ। ਜੇ ਸਾਨੂੰ ਯਕੀਨ ਹੈ ਕਿ ਰੱਬ ਤੋਂ ਮੰਗਿਆਂ ਸਭ ਕੁਝ ਮਿਲ ਜਾਣਾ ਹੈ, ਤਾਂ ਆਪਣੇ ਹੱਥ ਪੈਰ ਕਿਉਂ ਹਿਲਾਉਂਦੇ ਹਾਂ? ਕਿਉਂ ਪਾਣੀ ਪੀਣ ਲਈ ਰੋਜ਼ ਖੂਹ ਪੁੱਟਦੇ ਹਾਂ? ਅਸੀਂ ਕਿਉਂ ਨਹੀਂ ਰੱਬ ਕੋਲੋਂ ਉਸ ਦੇ ਭੈਅ ਦੀ ਮੰਗ ਕਰਦੇ ਤਾਂ ਜੋ ਸਾਰੀ ਉਮਰ ਸਾਡੀ ਅਕਲ ਟਿਕਾਣੇ ਰਹੇ। ਆਤਮ ਬਲ ਕਿਉਂ ਨਹੀਂ ਮੰਗਦੇ? ਸਿਦਕ ਦੇਣ ਵੱਲ ਰੱਬ ਦਾ ਧਿਆਨ ਕਿਉਂ ਨਹੀਂ ਦਿਵਾਉਂਦੇ? ਗੋਰੇ ਲੋਕ ਕਹਿੰਦੇ ਨੇ ਕਿ ਜ਼ਿੰਦਗੀ ਇਹ ਸੋਚ ਕੇ ਜੀਉ ਕਿ ਤੁਸੀਂ ਆਪਣੀ ਮਈਅਤ ‘ਤੇ ਲੋਕਾਂ ਦੇ ਮੂੰਹੋਂ ਆਪਣੇ ਬਾਰੇ ਕੀ ਸੁਣਨਾ ਚਾਹੋਗੇ।
ਭਗਤ ਆਪਣੇ ਸਮੇਂ ਵਿਚ ਸਭ ਤੋਂ ਵੱਧ ਤ੍ਰਿਸਕਾਰੀਆਂ ਹੋਈਆਂ ਜਾਤਾਂ ਵਿਚੋਂ ਸਨ ਜਿਨ੍ਹਾਂ ਨੂੰ ਤਾਲੀਮ ਹਾਸਲ ਕਰਨ ਦਾ ਵੀ ਕੋਈ ਹੱਕ ਨਹੀਂ ਸੀ। ਉਨ੍ਹਾਂ ਵੀ ਸਾਡੇ ਵਰਗੇ ਪੜ੍ਹਿਆਂ-ਲਿਖਿਆਂ ਨੂੰ ਇਹ ਕਹਿ ਕੇ ਚੁਣੌਤੀ ਦਿੱਤੀ ਕਿ ਮਿੱਟੀ ਦਾ ਪੁਤਲਾ ਕਿੱਦਾਂ ਨੱਚਦਾ ਹੈ ਤੇ ਜਦੋਂ ਮਾਇਆ ਹੱਥੋਂ ਨਿਕਲ ਜਾਵੇ ਤਾਂ ਵਿਲਕਦਾ ਫਿਰਦਾ ਹੈ। ਰੱਬ ਤੋਂ ਉਹ ਵੀ ਆਪਣੀ ਹਾਲਤ ਸੁਧਾਰਨ ਲਈ ਅਰਦਾਸਾਂ ਕਰ ਸਕਦੇ ਸਨ, ਫਿਰ ਵੀ ਉਹ ਕਹਿੰਦੇ ਨੇ ਕਿ ਅਸੀਂ ਤੇਰੇ ਦਰਬਾਰ ਦੇ ਕੁੱਤੇ ਹਾਂ ਜਿਹੜੇ ਤੇਰੇ ਅੱਗੇ ਬਦਨ ਪਸਾਰ ਕੇ ਭੌਂਕਦੇ ਹਾਂ। ਕਦੇ ਅਸੀਂ ਸੋਚਦੇ ਹਾਂ ਕਿ ਜਿਸ ਬਾਣੀ ਨੂੰ ਬਗੈਰ ਵਿਚਾਰਿਆਂ ਅਸੀਂ ਦੁਨੀਆਂ ਭਰ ਦੀਆਂ ਮੰਗਾਂ ਉਸ ਅੱਗੇ ਰੱਖਦੇ ਹਾਂ, ਉਸ ਦੇ ਸਿਰਜਣਹਾਰਾਂ ਨੂੰ ਪਤਾ ਸੀ ਕਿ ਸਾਨੂੰ ਸਰਬੰਸ ਦਾਨ ਕਰਨੇ ਪੈਣੇ ਨੇ? ਉਨ੍ਹਾਂ ਕਿਉਂ ਨਹੀਂ ਰੱਬ ਕੋਲੋਂ ਭਾਣੇ ਤੋਂ ਬਚਣ ਦੇ ਤਰੀਕੇ ਦੀ ਮੰਗ ਕੀਤੀ?
ਅਰਦਾਸ ਵਿਚ ਛੇ ਦਾਨਾਂ ਦੀ ਮੰਗ ਹੁੰਦੀ ਹੈ। ਅਸਲ ਵਿਚ ਉਹੀ ਜ਼ਰੂਰੀ ਨੇ ਤੇ ਉਹੀ ਦਾਨ ਅਪਨਾਉਣੇ ਸਭ ਤੋਂ ਔਖੇ ਨੇ, ਪਰ ਸਾਨੂੰ ਮੰਗਣ ਦੀ ਕੋਈ ਲੋੜ ਨਹੀਂ। ਭਾਈ ਸਾਹਿਬ ਨੂੰ ਕਮੇਟੀ ਕਿਸ ਗੱਲ ਦੀ ਤਨਖਾਹ ਦਿੰਦੀ ਹੈ। ਮੰਗ ਅਸੀਂ ਅਣਮੁੱਲੀਆਂ ਚੀਜ਼ਾਂ ਦੀ ਕੀਤੀ, ਪਰ ਰੱਬ ਨਾਲ ਸੌਦਾ ਕੀਤਾ ਚੰਦ ਸਿੱਕਿਆਂ ਦਾ, ਇਕ ਰੁਮਾਲੇ ਦਾ, ਗੁਰਦੁਆਰੇ ਦੇ ਪੱਖੇ ਜਾਂ ਨਿਸ਼ਾਨ ਸਾਹਿਬ ਦੇ ਚੋਲੇ ਦਾ। ਸੋ, ਰੱਬ ਨੂੰ ਪ੍ਰੇਰਨਾ ਵਾਂਗ ਵਰਤਣ ਵਿਚ ਹੀ ਭਲਾਈ ਹੈ, ਕਿਉਂਕਿ ਸਿਰਫ ਇਕੋ ਹੀ ਥਾਂ ਹੈ ਜਿਥੇ ‘ਸਕਸੈਸ’, ‘ਵਰਕ’ ਤੋਂ ਪਹਿਲਾਂ ਆਉਂਦਾ ਹੈæææਉਹ ਹੈ ਅੰਗਰੇਜ਼ੀ ਦਾ ਸ਼ਬਦ ਕੋਸ਼।

Be the first to comment

Leave a Reply

Your email address will not be published.