ਰਣਜੀਤ ਸਿੰਘ ਦਾ ਰਾਜ: ਕੁਝ ਨੁਕਤੇ

ਰਾਜਮੋਹਨ ਗਾਂਧੀ
ਅਨੁਵਾਦਕ: ਹਰਪਾਲ ਸਿੰਘ ਪੰਨੂ
ਈਸਟ ਇੰਡੀਆ ਕੰਪਨੀ ਦਾ ਅਫਸਰ ਬਰਨਜ਼ 1831 ਵਿਚ ਪੰਜਾਬ ਆਇਆ ਦੱਸਦਾ ਹੈ ਕਿ ਰਣਜੀਤ ਸਿੰਘ ਦੇ ਰਾਜ ਵਿਚ ਕੇਵਲ ਇਕ ਲੱਖ ਸਿੱਖ ਸਨ। ਉਸ ਨੇ ਲਿਖਿਆ, “ਨਿਗੂਣੀ ਗਿਣਤੀ ਬਹੁਤ ਵੱਡੀ ਗਿਣਤੀ ‘ਤੇ ਰਾਜ ਕਰੇ, ਕਮਾਲ ਹੈ। ਜਿਥੇ ਉਨ੍ਹਾਂ ਦੀ ਸਭ ਤੋਂ ਸੰਘਣੀ ਵਸੋਂ ਹੈ, ਉਥੇ ਵੀ ਉਹ ਅਬਾਦੀ ਦਾ ਤੀਜਾ ਹਿੱਸਾ ਹਨ।” ਇਤਿਹਾਸਕਾਰ ਜੇ. ਐਸ਼ ਗਰੇਵਾਲ ਸਿੱਖਾਂ ਦੀ ਗਿਣਤੀ 15 ਲੱਖ ਦੱਸਦਾ ਹੈ, ਜੋ ਅਬਾਦੀ ਦਾ 12.5 ਫੀਸਦੀ ਬਣਦਾ ਹੈ, ਕੁੱਲ ਅਬਾਦੀ ਸਵਾ ਕਰੋੜ ਸੀ। ਇਕ ਹੋਰ ਵਿਦਵਾਨ ਕੁਲ ਅਬਾਦੀ ਡੇਢ ਕਰੋੜ ਲਿਖਦਾ ਹੈ।

ਬਰਨਜ਼ ਦਾ ਹਵਾਲਾ ਦੇ ਕੇ ਗਰੇਵਾਲ ਲਿਖਦਾ ਹੈ ਕਿ ਸਿੱਖ ਅਬਾਦੀ ਹਰ ਸਾਲ ਵਧ ਰਹੀ ਸੀ। ਕੁੱਲ ਸਿੱਖ ਅਬਾਦੀ ਵਿਚੋਂ 90 ਫੀਸਦੀ ਸਿੱਖ ਅੱਪਰ ਬਾਰੀ ਅਤੇ ਅੱਪਰ ਰਚਨਾ ਦੋਆਬ ਵਿਚ ਵਸਦੇ ਸਨ, ਜੋ ਅੱਜ ਅੰਮ੍ਰਿਤਸਰ, ਲਾਹੌਰ ਅਤੇ ਜਲੰਧਰ ਦੁਆਬ ਦਾ ਇਲਾਕਾ ਹੈ। ਇਨ੍ਹਾਂ ਇਲਾਕਿਆਂ ਵਿਚ ਸਿੱਖਾਂ ਦੀ ਬਹੁਗਿਣਤੀ ਸੀ।
ਅਬਾਦੀ ਦੇ ਅੰਕੜਿਆਂ ਵਿਚ ਮੱਤਭੇਦ ਹੁੰਦਾ ਰਹਿਣਾ ਹੈ, ਏਨੀ ਗੱਲ ਸਹੀ ਹੈ ਕਿ ਵੱਡੇ ਪੰਜਾਬ ਵਿਚਲੀ ਕੁਲ ਅਬਾਦੀ ਵਿਚੋਂ ਬਹੁਗਿਣਤੀ ਮੁਸਲਮਾਨਾਂ ਦੀ ਸੀ, ਉਨ੍ਹਾਂ ਤੋਂ ਘੱਟ ਪਰ ਸਿੱਖਾਂ ਤੋਂ ਵੱਧ ਹਿੰਦੂ ਸਨ। ਹਕੂਮਤ ਕਰਨ ਵਾਲਿਆਂ ਵਿਚ ਹਿੰਦੂ ਸਿੱਖ ਮਿਲਾ ਕੇ 50 ਫੀਸਦੀ ਤੋਂ ਵੱਧ ਸਨ ਤੇ ਇਨ੍ਹਾਂ ਵਿਚੋਂ ਜਾਤ ਦੀ ਸ਼੍ਰੇਣੀ ਵਜੋਂ ਦੇਖੀਏ ਤਾਂ ਜੱਟ ਸਭ ਤੋਂ ਵੱਧ ਸਨ।
ਸਦੀਆਂ ਬੀਤ ਗਈਆਂ, ਪਹਿਲੀ ਵਾਰ ਮੁਸਲਮਾਨਾਂ ‘ਤੇ ਗੈਰ ਮੁਸਲਮਾਨਾਂ ਨੇ ਹਕੂਮਤ ਕੀਤੀ, ਜਿਸ ਨੂੰ ਜੱਟ ਸਿੱਖ ਹਕੂਮਤ ਵੀ ਕਿਹਾ ਜਾ ਸਕਦਾ ਹੈ। ਮਹਾਰਾਜਾ ਬੇਸ਼ਕ ਸ਼ਰਧਾਲੂ ਸਿੱਖ ਸੀ, ਪਰ ਉਸ ਨੇ ਧਰਮ ਆਧਾਰਤ ਰਾਜ (ਥੀਓਕਰੇਸੀ) ਕਾਇਮ ਨਹੀਂ ਕੀਤਾ। ਸਿਵਲ ਅਤੇ ਫੌਜ ਵਿਚ ਮੁਸਲਮਾਨ ਅਫਸਰ ਤੇ ਮੁਲਾਜ਼ਮ ਸਨ। ਅਸੀਂ ਦੇਖ ਲਿਆ ਹੈ, ਅਜ਼ੀਜ਼-ਉਦ-ਦੀਨ ਵਿਦੇਸ਼ ਮੰਤਰੀ ਸੀ। ਉਸ ਦੇ ਭਰਾ ਵੀ ਅਹਿਮ ਥਾਂਵਾਂ ‘ਤੇ ਰਹੇ, ਤੋਪਖਾਨਾ ਰਿਹਾ ਹੀ ਮੁਸਲਮਾਨ ਜਰਨੈਲਾਂ ਕੋਲ। ਕਿੰਨੀਆਂ ਰਿਆਸਤਾਂ ਦੇ ਖੁਦਮੁਖਤਾਰ ਹਾਕਮ ਮੁਸਲਮਾਨ ਹੀ ਰਹੇ ਜੋ ਮਾਮਲਾ ਤਾਰ ਦਿੰਦੇ।
ਦਰਬਾਰ ਦੀ ਬੋਲੀ ਫਾਰਸੀ ਸੀ। ਮੁਸਲਮਾਨ ਚਾਹੁੰਦੇ ਸਨ ਸ਼ੱਰਾ ਮੁਤਾਬਕ ਨਿਆਂ ਮਿਲੇ, ਮੁਸਲਮਾਨ ਕਾਜ਼ੀ ਨਿਯੁਕਤ ਕੀਤੇ। ਅਨੇਕ ਸ਼ਫਾਖਾਨਿਆਂ ਵਿਚ ਯੂਨਾਨੀ ਦਵਾਈ ਮੁਫਤ ਮਿਲਦੀ। ਫਕੀਰ ਨੂਰ-ਉਦ-ਦੀਨ ਇਨ੍ਹਾਂ ਸ਼ਫਾਖਾਨਿਆਂ ਦੀ ਨਿਗਰਾਨੀ ਕਰਦੇ। ਸਕੂਲਾਂ ਵਿਚ ਅਰਬੀ ਅਤੇ ਕੁਰਾਨ ਪੜ੍ਹਾਏ ਜਾਂਦੇ ਤੇ ਪੜ੍ਹਾਉਣ ਵਾਸਤੇ ਵਧੇਰੇ ਕਰਕੇ ਵਿਧਵਾਵਾਂ ਹੁੰਦੀਆਂ, ਲੋੜਵੰਦ ਕੁੜੀਆਂ ਹੁੰਦੀਆਂ। ਮੁੰਡੇ ਅਤੇ ਕੁੜੀਆਂ ਪੜ੍ਹਦੇ। ਉਹ ਮਸਜਿਦਾਂ ਅਤੇ ਖਾਨਗਾਹਾਂ ਵਿਚ ਸ਼ਰਧਾਂਜਲੀ ਦੇਣ ਅਕਸਰ ਜਾਂਦਾ। ਮੁਸਲਮਾਨ ਔਰਤ ਮੋਰਾਂ ਨਾਲ ਵਿਆਹ ਕਰਵਾ ਲਿਆ ਤਾਂ ਉਸ ਨੂੰ ਧਰਮ ਬਦਲਣ ਲਈ ਨਹੀਂ ਕਿਹਾ, ਮੁਸਲਮਾਨ ਰਹੀ। ਇਨ੍ਹਾਂ ਗੱਲਾਂ ਕਾਰਨ ਇਹ ਸਿੱਧ ਕਰਨਾ ਔਖਾ ਹੈ ਕਿ ਉਹ ਮੁਸਲਮਾਨਾਂ ਦਾ ਵਿਰੋਧੀ ਸੀ।
ਪੰਜਾਬ ਦਾ ਇਤਿਹਾਸ ਲਿਖਣ ਵਾਲਾ ਫਰਾਂਸੀਸੀ ਯਾਂ ਮੇਰੀ ਲੇਫੋਨ ਹੈ, ਜਿਸ ਦਾ ਖਿਆਲ ਹੈ, ਡੇਢ ਕਰੋੜ ਪੰਜਾਬੀਆਂ ਦੀ ਵਸੋਂ ਵਾਲੇ ਪੰਜਾਬ ਵਿਚ “ਮਹਾਰਾਜੇ ਦਾ ਸਿਵਲ ਅਤੇ ਮਿਲਟਰੀ ਫਰੇਮ ਬਹੁਭਾਂਤੀ ਕਲਚਰ ਵਾਲਾ ਸੀ। ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਸਾਡਾ ਦੇਸ਼ ਹੈ, ਜਿਸ ਵਿਚ ਪੰਜਾਬੀ ਰੰਗ, ਪੰਜਾਬੀ ਸੁਗੰਧ ਹੈ। ਸਤਲੁਜ ਤੋਂ ਲੈ ਕੇ ਸਿੰਧ ਤੱਕ, ਹਿਮਾਲਾ ਦੀਆਂ ਜੜ੍ਹਾਂ ਤੋਂ ਲੈ ਕੇ ਸਿੰਧ ਫਰੰਟੀਅਰ ਤੱਕ ਵੰਨ-ਸੁਵੰਨਤਾ ਸੀ।”
ਸਹੀ ਹੈ ਕਿ ਸੱਤਾ ਪ੍ਰਬੰਧ ਵਿਚ ਮੁਸਲਮਾਨਾਂ ਦੀ ਤਾਕਤ ਘੱਟ ਸੀ। ਮਹਾਰਾਜੇ ਦੇ ਪਸੰਦੀਦਾ ਅਫਸਰ, ਵਜ਼ੀਰ, ਜਰਨੈਲ ਵਧੀਕ ਡੋਗਰੇ, ਸਿੱਖ ਅਤੇ ਬ੍ਰਾਹਮਣ ਸਨ। ਪੰਡਿਤ ਗੰਗਾ ਰਾਮ ਸਟੇਟ ਮਿਲਟਰੀ ਦਾ ਚੀਫ ਸੀ ਤੇ ਉਸ ਦੇ ਦੇਹਾਂਤ ਪਿਛੋਂ ਇਸੇ ਪਦਵੀ ‘ਤੇ ਉਸ ਦਾ ਵਾਰਸ ਪੰਡਿਤ (ਪਿਛੋਂ ਜਾ ਕੇ ਰਾਜਾ) ਦੀਨਾ ਨਾਥ ਹੋਇਆ। ਇਹ ਦੋਵੇਂ ਕਸ਼ਮੀਰੀ ਬ੍ਰਾਹਮਣ ਸਨ।
ਤਿੰਨੇ ਫਕੀਰ ਭਰਾ ਮਹਾਰਾਜੇ ਦਾ ਭਰੋਸਾ ਜਿੱਤ ਚੁਕੇ ਸਨ, ਪੂਰਾ ਦਬ-ਦਬਾਉ ਸੀ ਪਰ ਉਹ ਵਧੀਕ ਦਖਲ ਦੇਣ ਤੋਂ ਖੁਦ ਹੀ ਪਰਹੇਜ਼ ਕਰਦੇ ਸਨ। ਫੌਜ ਵਿਚ ਮੁਸਲਮਾਨ ਭਰਤੀ ਹੋਏ, ਬਹਾਦਰੀ ਦਿਖਾਈ ਤਾਂ ਇਨਾਮ ਮਿਲੇ ਪਰ ਇਹ ਨਹੀਂ ਕਿ ਉਨ੍ਹਾਂ ਦੀ ਸਲਾਹ ਨਾਲ ਯੁੱਧ ਨੀਤੀ ਤੈਅ ਹੋਵੇਗੀ। ਮੋਰਾਂ ਉਤੇ ਮਹਾਰਾਜਾ ਫਿਦਾ ਸੀ ਪਰ ਰਾਜ ਪ੍ਰਬੰਧ ਵਿਚ ਉਸ ਨੂੰ ਦਖਲ ਨਹੀਂ ਦੇਣ ਦਿੱਤਾ। ਦਰਬਾਰ ਵਿਚਲੇ ਹਿੰਦੂ, ਸਿੱਖ ਅਤੇ ਯੂਰਪੀਅਨਾਂ ਤੋਂ ਸਲਾਹ ਮਸ਼ਵਰਾ ਲੈਂਦਾ, ਇਸ ਦੇ ਮੁਕਾਬਲੇ ਮੁਸਲਮਾਨ ਘੱਟ ਹੁੰਦੇ। ਅਜਿਹਾ ਕਿਸੇ ਦੁਸ਼ਮਣੀ ਜਾਂ ਬਦਲਾਖੋਰੀ ਦੀ ਭਾਵਨਾ ਨਾਲ ਨਹੀਂ ਹੋਇਆ, ਉਨ੍ਹਾਂ ਦਿਨਾਂ ਵਿਚ ਹਾਲਾਤ ਦਾ ਪਿਛੋਕੜ ਹੀ ਸਿੱਖ-ਮੁਸਲਮਾਨ ਟੱਕਰ ਵਿਚ ਸੀ, ਉਸੇ ਟੱਕਰ ਵਿਚ ਰਣਜੀਤ ਸਿੰਘ ਨੇ ਸੱਤਾ ਹਾਸਲ ਕੀਤੀ।
ਕੁਲ ਮੁਸਲਮਾਨ ਮੁਖੀਆਂ ਵਿਰੁਧ, ਖਾਸ ਕਰ ਮੁਲਤਾਨ ਤੇ ਕਸੂਰ ਨੂੰ ਛੱਡ ਕੇ ਰਣਜੀਤ ਸਿੰਘ ਨੂੰ ਖੂਨੀ ਜੰਗਾਂ ਨਹੀਂ ਲੜਨੀਆਂ ਪਈਆਂ। ਇਨ੍ਹਾਂ ਦੋ ਹਾਕਮਾਂ ਨੂੰ ਵੀ ਉਨ੍ਹਾਂ ਦੇ ਹੀ ਇਲਾਕੇ ਵਿਚ ਸੱਤਾ ਤੇ ਸ਼ਾਨ ਸੌਂਪ ਦਿੱਤੀ। ਆਪਣੇ ਦੁਸ਼ਮਣ ਨੂੰ ਤਲਵਾਰ ਦੀ ਥਾਂ ਉਹ ਪਿਆਰ ਨਾਲ ਜਿੱਤਣ ਵਾਲਾ ਸ਼ਖਸ ਸੀ। ਲਾਹੌਰ ਤੇ ਰਾਵਲਪਿੰਡੀ ਡਿਵੀਜ਼ਨਾਂ ਵਿਚ ਚੱਠਿਆਂ ਤੇ ਭੱਟੀਆਂ ਨੇ ਬਗਾਵਤ ਕੀਤੀ ਪਰ ਇਹ ਬਗਾਵਤ ਨਾ ਧਾਰਮਿਕ ਰੰਗ ਦੀ ਸੀ ਤੇ ਨਾ ਕਾਮਯਾਬ ਹੀ ਹੋਈ। ਉਹ ਮੁਸਲਮਾਨ ਹੋ ਕੇ ਸਿੱਖ ਮਹਾਰਾਜੇ ਦੇ ਖਿਲਾਫ ਨਹੀਂ ਉਠੇ, ਸਾਬਕਾ ਹਾਕਮ ਤਤਕਾਲੀ ਹਾਕਮ ਵਿਰੁਧ ਬਾਗੀ ਹੋ ਗਿਆ ਸੀ। ਮੁਲਤਾਨ ਤੇ ਕਸੂਰ ਦੇ ਕਬਾਇਲੀ ਪਖਤੂਨ ਹਾਰ ਗਏ, ਹਾਰਨ ਤੋਂ ਬਾਅਦ ਫਿਰ ਮਹਾਰਾਜੇ ਵਲੋਂ ਹਾਕਮ ਹੋ ਗਏ।
ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਮੁਲਤਾਨ ਦੇ ਪਠਾਣ, ਚੱਠੇ ਜਾਂ ਭੱਟੀ, ਮਹਾਰਾਜੇ ਦੀ ਹਕੂਮਤ ਵਿਚ ਨਮਕ ਹਰਾਮ ਸਨ। ਆਧੁਨਿਕ ਪਾਕਿਸਤਾਨੀ ਇਤਿਹਾਸਕਾਰਾਂ ਨੇ ਦੋਸ਼ ਲਾਇਆ ਹੈ ਕਿ ਮਹਾਰਾਜੇ ਨੇ ਮਸਜਿਦਾਂ ਨੂੰ ਬਾਰੂਦ ਬਣਾਉਣ ਵਾਲੇ ਕਾਰਖਾਨੇ ਬਣਾ ਲਿਆ ਸੀ ਤੇ ਮਸਜਿਦਾਂ ਤਬੇਲੇ ਬਣ ਗਈਆਂ ਸਨ। ਕੀ ਪਤਾ ਬਾਦਸ਼ਾਹੀ ਮਸਜਿਦ ਵਿਚ, ਜਿਵੇਂ ਇਲਜ਼ਾਮ ਲਾਇਆ ਜਾਂਦਾ ਹੈ, ਤੋਪਾਂ, ਬੰਦੂਕਾਂ ਸਟੋਰ ਕੀਤੀਆਂ ਹੋਣ। ਇਸ ਪਿਛੇ ਧੌਂਸ ਜਮਾਉਣ ਦਾ ਇਰਾਦਾ ਵੀ ਹੋ ਸਕਦਾ ਹੈ।
ਮੁਗਲ ਅਫਸਰ ਨਵਾਬ ਭਿਖਾਰੀ ਖਾਨ ਨੇ 1753 ਵਿਚ ਜਿਹੜੀ ਸੁਨਹਿਰੀ ਮਸਜਿਦ ਤਾਮੀਰ ਕੀਤੀ, ਲੇਫੋਨ ਲਿਖਦਾ ਹੈ ਕਿ ਸਿੱਖਾਂ ਨੇ ਸੱਤਾ ਸੰਭਾਲਦਿਆਂ ਹੀ ਇਸ ਨੂੰ ਗੁਰਦੁਆਰੇ ਵਿਚ ਤਬਦੀਲ ਕਰ ਦਿੱਤਾ, ਇਹ ਹੋਇਆ ਸੀ ਪਰ ਮਿਸਲਦਾਰਾਂ ਨੇ ਕੀਤਾ; ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੰਭਾਲਣ ਤੋਂ ਪਹਿਲਾਂ ਦੀ ਘਟਨਾ ਹੈ। ਇਹ ਵੀ ਲੇਫੋਨ ਨੇ ਦੱਸਿਆ ਹੈ ਕਿ 1820 ਵਿਚ ਦਰਬਾਰ ਦੇ ਮੁਸਲਮਾਨਾਂ ਦਾ ਵਫਦ ਮਹਾਰਾਜੇ ਨੂੰ ਮਿਲਿਆ ਤੇ ਅਰਜ਼ ਕੀਤੀ ਕਿ ਮਸਜਿਦ, ਮਸਜਿਦ ਹੀ ਰਹਿਣੀ ਚਾਹੀਦੀ ਹੈ। ਫਕੀਰ ਅਜ਼ੀਜ਼-ਉਦ-ਦੀਨ ਅਤੇ ਫਰਾਂਸਿਸ ਐਲਰਡ ਨੇ ਮਹਾਰਾਜੇ ਅੱਗੇ ਮੁਸਲਮਾਨਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਗੱਲ ਠੀਕ ਹੈ। ਮਹਾਰਾਜੇ ਨੇ ਗੱਲ ਤਾਂ ਮੰਨੀ ਹੀ, ਐਲਰਡ ਦੀ ਹੀ ਡਿਊਟੀ ਲਾ ਦਿੱਤੀ ਕਿ ਗੁੰਬਦਾਂ ਦੀ ਪੁਰਾਣੀ ਸੁਨਹਿਰੀ ਦਿੱਖ ਕਾਇਮ ਕਰੋ।
1834 ਵਿਚ ਐਲਰਡ ਨੇ ਰਣਜੀਤ ਸਿੰਘ ਨੂੰ ਕਿਹਾ, ਮੈਨੂੰ ਹੁਣ ਫਰਾਂਸ ਜਾਣ ਦੀ ਆਗਿਆ ਦਿਉ। ਲਾਹੌਰ ਜੰਮੇ ਮੇਰੇ ਬੱਚੇ ਈਸਾਈ ਮਾਹੌਲ ਵਿਚ ਪੜ੍ਹ ਸਕਣਗੇ। ਮਹਾਰਾਜੇ ਨੇ ਆਗਿਆ ਤਾਂ ਦਿੱਤੀ ਹੀ, ਇਹ ਵੀ ਕਿਹਾ, ਹਰ ਬੰਦੇ ਨੂੰ ਹੱਕ ਹੈ ਕਿ ਉਹ ਆਪਣਾ ਧਰਮ ਚੁਣੇ ਤੇ ਨਿਭਾਏ। ਜਾਉ। ਫਰਾਂਸੀਸੀ ਅਖਬਾਰਾਂ ਵਿਚ ਇਹ ਬਿਆਨ ਛਪਿਆ।
ਜਦੋਂ ਮਹਾਰਾਜੇ ਨੇ ਲਾਹੌਰ ਦੀ ਵਾਗਡੋਰ ਸੰਭਾਲੀ, ਮਸੀਤਾਂ ਤੇ ਹੋਰ ਪਵਿਤਰ ਇਮਾਰਤਾਂ ਮੁਸਲਮਾਨਾਂ ਦੇ ਕੰਟਰੋਲ ਵਿਚ ਸਨ। ਸ਼ਾਹ ਸ਼ਰਾਜ਼ (ਮੌਤ 1692) ਦਾ ਮਕਬਰਾ ਇਸ ਕਰਕੇ ਢਾਹੁਣਾ ਪਿਆ ਕਿਉਂਕਿ ਕਈ ਹੋਰ ਵੱਡੀਆਂ ਇਮਾਰਤਾਂ ਨੂੰ ਬਚਾਉਣ ਵਾਸਤੇ ਖੰਦਕ ਪੁਟਣੀ ਜ਼ਰੂਰੀ ਸੀ। ਮੁਗਲ ਦੌਰ ਦੀਆਂ ਜੋ ਇਮਾਰਤਾਂ ਨੁਕਸਾਨੀਆਂ ਗਈਆਂ ਜਾਂ ਸੰਗਮਰਮਰ ਉਖਾੜੀ ਗਈ, ਉਨ੍ਹਾਂ ਵਿਚ ਜਹਾਂਗੀਰ ਦਾ ਮਕਬਰਾ ਵੀ ਸੀ।
ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੀ ਨਵ-ਉਸਾਰੀ ਵਾਸਤੇ, ਕਾਂਗੜੇ ਵਿਚ ਪ੍ਰਾਚੀਨ ਹਿੰਦੂ ਮੰਦਿਰ ਜਵਾਲਾਮੁਖੀ ਵਾਸਤੇ ਧਨ, ਸੋਨਾ ਅਤੇ ਸੰਗਮਰਮਰ ਦਿੱਤੇ। ਮਹਾਰਾਜੇ ਨੇ ਲਾਹੌਰ ਵਿਚ ਗੁਰੂ ਰਾਮਦਾਸ ਦੇ ਨਾਮ ‘ਤੇ ਗੁਰਦੁਆਰਾ ਅਤੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਅਸਥਾਨ ‘ਤੇ ਯਾਦਗਾਰ ਬਣਵਾਈ। ਗੁਰਮੁਖੀ ਲਿਪੀ ਲਈ ਉਤਸ਼ਾਹ ਵਧਿਆ। ਪਾਠ ਪੋਥੀਆਂ ਇਸ ਲਿਪੀ ਵਿਚ ਲਿਖਵਾਈਆਂ। ਕੁਝ ਮੁਸਲਮਾਨ ਕੁੜੀਆਂ ਨੇ ਗੁਰਮੁਖੀ ਸਿੱਖੀ। ਹਿੰਦੂਆਂ ਦੀ ਧਾਰਮਕ ਜਗਿਆਸਾ ਦੀ ਤ੍ਰਿਪਤੀ ਵਾਸਤੇ ਭਾਗਵਤ ਪੁਰਾਣ ਅਤੇ ਸ਼ਿਵ ਪੁਰਾਣ ਦੀਆਂ ਲਾਹੌਰ ਵਿਚ ਅਨੇਕ ਜਿਲਦਾਂ ਲਿਖਵਾਈਆਂ।
ਰਣਜੀਤ ਸਿੰਘ ਸਭ ਧਰਮਾਂ ਦਾ ਆਦਰ ਕਰਦਾ ਸੀ ਪਰ ਦਰਬਾਰ ਵਿਚ ਉਸ ਦੇ ਆਪਣੇ ਧਰਮ ਦੇ ਅਨੇਕ ਨਿਸ਼ਾਨ ਸਨ। ਕਦੀ ਕਦਾਈਂ ਹਾਥੀ ਉਤੇ ਸੁਨਹਿਰੀ ਪਾਲਕੀ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ, ਆਪਣਾ ਸੁਨਹਿਰੀ ਹੌਦੇ ਵਾਲਾ ਹਾਥੀ ਉਸ ਦੇ ਪਿਛੇ ਤੋਰਦਾ ਹੋਇਆ ਉਸ ਦਾ ਕਾਫਲਾ ਕੂਚ ਕਰਦਾ।
ਉਂਜ, ਦੇਸ਼ ਵਿਚ ਧਾਰਮਕ ਤਣਾਓ ਵਾਲੀਆਂ ਘਟਨਾਵਾਂ ਵੀ ਵਾਪਰਦੀਆਂ। ਕਈ ਥਾਂਵਾਂ ਉਤੇ ਗਊ ਹੱਤਿਆ ‘ਤੇ ਪਾਬੰਦੀ ਸੀ ਪਰ ਇਹ ਉਨ੍ਹਾਂ ਥਾਂਵਾਂ ‘ਤੇ ਸੀ ਜਿਥੇ ਹਿੰਦੂਆਂ ਦੀ ਗਿਣਤੀ ਵਧੀਕ, ਮੁਸਲਮਾਨਾਂ ਦੀ ਘੱਟ ਸੀ। ਕਿਹਾ ਜਾਂਦਾ ਹੈ ਕਿ 1780 ਤੋਂ 1849 ਤੱਕ ਮੁਸਲਮਾਨ ਪੰਜਾਬੀਆਂ ਅਤੇ ਪਠਾਣਾਂ ਉਪਰ ਸਿੱਖਾਂ ਵਲੋਂ ਧਾਰਮਿਕ ਸਖਤੀਆਂ ਹੋਈਆਂ। ਇਸ ਗੱਲ ਦੇ ਗਲਤ ਹੋਣ ਦਾ ਨਿਪਟਾਰਾ ਇਕ ਚਸ਼ਮਦੀਦ ਗਵਾਹ ਆਪਣੀ ਲਿਖਤ ਵਿਚ ਕਰ ਰਿਹਾ ਹੈ। ਅਲੈਗਜ਼ੈਂਡਰ ਬਰਨਜ਼ ਦਸਦਾ ਹੈ ਕਿ ਜੋ ਸਿੱਖ ਮਹਾਰਾਜੇ ਦੇ ਘੋੜਿਆਂ ਦੀ ਰਾਖੀ ਕਰਦੇ ਸਨ, ਉਨ੍ਹਾਂ ਨੇ ਇਕ ਮਸੀਤ ਦੀ ਮੁਰੰਮਤ ਕਰਵਾਈ ਤੇ ਇਉਂ ਲਿਸ਼ਕਾ ਦਿੱਤੀ ਕਿ ਧੁੱਪ ਵਿਚ ਅੱਖਾਂ ਚੁੰਧਿਆ ਜਾਂਦੀਆਂ ਕਿਉਂਕਿ ਜਿਸ ਹਕੀਮ ਨੇ ਬਿਮਾਰ ਘੋੜੇ ਠੀਕ ਕਰ ਦਿੱਤੇ ਸਨ, ਉਹ ਇਸ ਮਸਜਿਦ ਵਿਚ ਨਮਾਜ਼ ਪੜ੍ਹਨ ਜਾਂਦਾ ਹੁੰਦਾ ਸੀ।
ਯਹੂਦੀ ਡਾਕਟਰ ਜੋਸਫ ਵੋਲਫ ਯਾਤਰਾ ਦੌਰਾਨ ਮਹਾਰਾਜੇ ਨੂੰ ਮਿਲਿਆ ਤੇ ਲਿਖਿਆ, ਧਰਮ ਬਾਰੇ ਰਣਜੀਤ ਸਿੰਘ ਦੀ ਉਦਾਰਤਾ ਅਤੇ ਜਬਰਨ ਧਰਮ ਪਰਿਵਰਤਨ ਦੀ ਮੂਰਖਤਾ ਵਿਰੁਧ ਉਸ ਦੇ ਖਿਆਲਾਂ ਤੋਂ ਮੈਂ ਪ੍ਰਭਾਵਿਤ ਹੋਇਆ। ਅਨੇਕ ਮੁਸਲਮਾਨ ਹਾਕਮਾਂ ਨੂੰ ਹਰਾ ਕੇ ਮਹਾਰਾਜਾ ਕਿਹਾ ਕਰਦਾ ਸੀ, ਤਲਵਾਰ ਦੀ ਧਾਰ ਧਰਮ ਦੇ ਸੱਚ ਦਾ ਹਮੇਸ਼ਾ ਪ੍ਰਗਟਾਵਾ ਨਹੀਂ ਹੁੰਦੀ।
ਅਸੀਂ ਬਾਅਦ ਵਿਚ ਦੇਖਾਂਗੇ ਕਿ ਵੀਹਵੀਂ ਸਦੀ ਦੇ ਪੰਜਾਬੀ ਮੁਸਲਮਾਨ ਸਰਦਾਰਾਂ ਦੇ ਵਡੇਰੇ ਮਹਾਰਾਜੇ ਦੇ ਦਰਬਾਰ ਵਿਚ ਅਫਸਰ ਹੁੰਦੇ ਸਨ। ਇਸੇ ਗੱਲ ਤੋਂ ਮਹਾਰਾਜੇ ਦੇ ਇਸਲਾਮ ਬਾਬਤ ਖਿਆਲਾਂ ਦੀ ਝਲਕ ਦਿਸ ਜਾਂਦੀ ਹੈ। ਫਜ਼ਲਿ ਹੁਸੈਨ ਅਤੇ ਖਿਜ਼ਰ ਹਯਾਤ ਟਿਵਾਣਾ ਇਨ੍ਹਾਂ ਵਿਚੋਂ ਹੀ ਸਨ।

ਰਣਜੀਤ ਸਿੰਘ ਦੇ ਰਾਜ ਵਿਚ ਪੰਜਾਬ ਅੰਦਰ ਕੋਈ ਵੱਡੀ ਮੁਸਲਿਮ ਧਾਰਮਕ ਬਗਾਵਤ ਨਹੀਂ ਹੋਈ, ਸਿੰਧ ਦੇ ਪੱਛਮ ਵੱਲ ਪਖਤੂਨਾ ਨੇ ਛੁਟ-ਪੁਟ ਜਨੂੰਨੀ ਬਗਾਵਤਾਂ ਕੀਤੀਆਂ। 1824 ਵਿਚ ਅਕਾਲੀ ਫੂਲਾ ਸਿੰਘ ਨਿਹੰਗ ਚੀਫ ਅਤੇ ਬਲਭਦਰ ਗੋਰਖਿਆਂ ਦਾ ਚੀਫ ਮਹਾਰਾਜੇ ਵਲੋਂ ਪੇਸ਼ਾਵਰ ਦਾ ਕਬਜ਼ਾ ਛੁਡਾਉਣ ਭੇਜੇ, ਜਿਥੇ ਪਖਤੂਨਾਂ ਨੇ ਕਬਜ਼ਾ ਕਰ ਲਿਆ ਸੀ। ਲੜਦੇ ਹੋਏ ਦੋਵੇਂ ਜਰਨੈਲ ਮਾਰੇ ਗਏ ਪਰ ਚਾਰ ਹਜ਼ਾਰ ਪਖਤੂਨ ਵੀ ਮਰੇ ਤੇ ਕਿਲ੍ਹੇ ‘ਤੇ ਪੰਜਾਬ ਦੀ ਸੈਨਾ ਦਾ ਕਬਜ਼ਾ ਮੁੜ ਹੋ ਗਿਆ ਜਿਥੇ ਦੀਵਾਨ ਚੰਦ (ਮੌਤ 1825), ਹਰੀ ਸਿੰਘ ਨਲੂਆ ਅਤੇ ਦੋ ਫਰਾਂਸੀਸੀ ਜਰਨੈਲਾਂ-ਐਲਾਰਡ ਤੇ ਵੈਂਤੂਰਾ ਨੇ ਪ੍ਰਬੰਧ ਸੰਭਾਲਿਆ।
ਇਸ ਲੜਾਈ ਤੋਂ ਦੋ ਸਾਲ ਬਾਅਦ ਪੰਜਾਬ ਵਿਚ ਖਤਰਨਾਕ ਬਗਾਵਤ ਦੀ ਹਨੇਰੀ ਝੁੱਲੀ। ਬਾਗੀ ਨਾ ਪਖਤੂਨ ਸੀ, ਨਾ ਪੰਜਾਬੀ; ਹਿੰਦੁਸਤਾਨੀ ਸੀ ਸੱਯਦ ਅਹਿਮਦ, ਲਖਨਊ ਨੇੜੇ ਰਾਇ ਬਰੇਲੀ ਵਿਚ ਜੰਮਿਆ, ਦਿੱਲੀ ਦੇ ਮੁਸਲਮਾਨ ਸ਼ੱਰਈ ਵਿਦਵਾਨ ਸ਼ਾਹ ਵਲੀਉਲਾ (1703-62) ਦਾ ਮੁਰੀਦ। ਸੱਯਦ ਅਹਿਮਦ ਨੂੰ ਲੱਗਾ ਕਿ ਦਿੱਲੀ ਤੇ ਲਾਹੌਰ ਵਿਚੋਂ ਮੁਸਲਮਾਨ ਹਕੂਮਤ ਦਾ ਖਾਤਮਾ ਹੋਣਾ ਤਾਂ ਪਰਲੋ ਆਉਣ ਵਰਗੀ ਸਥਿਤੀ ਹੈ, ਇਹ ਨਹੀਂ ਬਰਦਾਸ਼ਤ ਹੁੰਦੀ।
ਅੰਗਰੇਜ਼ਾਂ ਅਤੇ ਸਿੱਖਾਂ-ਦੋਵਾਂ ਦਾ ਦੁਸ਼ਮਣ ਸੀ ਪਰ ਦੋਵਾਂ ਵਿਚੋਂ ਸਿੱਖਾਂ ਦਾ ਬਹੁਤਾ। ਉਤਰ ਪ੍ਰਦੇਸ਼ ਵਿਚੋਂ ਉਸ ਨੇ ਜਹਾਦੀਆਂ ਦੀ ਭਰਤੀ ਵੱਡੀ ਪੱਧਰ ‘ਤੇ ਕੀਤੀ। ਦਿਲਚਸਪ ਗੱਲ ਇਹ ਕਿ ਇੱਡੇ ਵੱਡੇ ਕਾਰਵਾਂ ਨੂੰ ਅੰਗਰੇਜ਼ਾਂ ਨੇ ਬਰਾਸਤਾ ਸਿੰਧ ਪੇਸ਼ਾਵਰ ਜਾਣ ਤੋਂ ਰੋਕਿਆ ਕਿਉਂ ਨਾ?
1825 ਵਿਚ ਉਤਰੀ ਹਿੰਦੁਸਤਾਨ ਵਿਚ ਜੋ ਪੈਂਫਲਿਟ ਵੰਡੇ, ਉਨ੍ਹਾਂ ਵਿਚੋਂ ਇਕ ‘ਤੇ ਲਿਖਿਆ, ਦੇਰ ਪਹਿਲਾਂ ਸਿੱਖ ਕੌਮ ਨੇ ਲਾਹੌਰ ਸਰ ਕਰ ਲਿਆ ਹੈ। ਉਨ੍ਹਾਂ ਦੀਆਂ ਜ਼ਿਆਦਤੀਆਂ ਸਭ ਹੱਦਾਂ ਪਾਰ ਕਰ ਗਈਆਂ ਹਨ। ਬਿਨਾਂ ਕਿਸੇ ਉਕਸਾਹਟ ਦੇ ਉਨ੍ਹਾਂ ਨੇ ਹਜ਼ਾਰਾਂ ਮੁਸਲਮਾਨ ਮਾਰ ਦਿੱਤੇ ਹਨ। ਮਸੀਤਾਂ ਵਿਚੋਂ ਅਜ਼ਾਨ ਦੇਣੀ ਬੰਦ ਕਰਵਾ ਦਿੱਤੀ ਹੈ ਤੇ ਗਊ ਹੱਤਿਆ ਉਪਰ ਪੂਰਨ ਪਾਬੰਦੀ ਹੈ।
ਭਾਰਤੀ ਸ਼ਹਿਰਾਂ ਵਿਚੋਂ ਜਹਾਦੀ, ਹਥਿਆਰ ਅਤੇ ਪੈਸੇ ਇਕੱਠੇ ਕਰਕੇ 1826 ਵਿਚ ਜਹਾਦ ਦਾ ਐਲਾਨ ਕਰਕੇ ਪੇਸ਼ਾਵਰ ਦੇ ਕਬਾਇਲੀ ਇਲਾਕੇ ਵਿਚ ਆਣ ਪੁੱਜਾ। ਕੁਝ ਸਮੇਂ ਲਈ ਯੂਸਫਜ਼ਈ, ਖੱਟਕ ਅਤੇ ਹੋਰ ਕਬਾਇਲੀਆਂ ਉਤੇ ਜਹਾਦੀਆਂ ਦਾ ਅਸਰ ਹੋਇਆ। ਮਹਾਰਾਜੇ ਵਲੋਂ ਥਾਪੇ ਪਖਤੂਨ ਹਾਕਮ ਨੇ ਪੇਸ਼ਾਵਰ ਖਾਲੀ ਕਰ ਦਿੱਤਾ। ਐਲਾਰਡ ਅਤੇ ਵੈਂਤੂਰਾ ਫਿਰ ਫੌਜਾਂ ਲੈ ਕੇ ਆ ਗਏ ਤੇ ਪੇਸ਼ਾਵਰ ਦਾ ਇਕ ਹਿੱਸਾ ਮੱਲ ਲਿਆ।
ਸਮੇਂ-ਸਮੇਂ ਮਹਾਰਾਜਾ ਕਬਾਇਲੀਆਂ ਨੂੰ ਪਾੜੀ ਰੱਖਣ ਲਈ ਪੈਸਾ ਅਤੇ ਉਨ੍ਹਾਂ ਵਿਚਲੀ ਜੱਦੀ ਦੁਸ਼ਮਣੀ ਨੂੰ ਹਥਿਆਰ ਬਣਾਉਂਦਾ, ਕਦੀ ਵੱਡੀ ਸੈਨਾ ਨਾਲ ਦਬਾਉਂਦਾ। 1830 ਦੀਆਂ ਗਰਮੀਆਂ ਵਿਚ ਕੰਵਰ ਸ਼ੇਰ ਸਿੰਘ, ਹਰੀ ਸਿੰਘ ਨਲਵਾ ਅਤੇ ਐਲਾਰਡ ਦੀ ਕਮਾਨ ਵਿਚ ਵੱਡੇ ਲਸ਼ਕਰ ਨੇ ਬਾਗੀਆਂ ਵਿਰੁਧ ਜੰਗ ਜਿੱਤ ਲਈ। ਲੁਧਿਆਣੇ ਵਿਚ ਪੰਜਾਬ ਦੇਸ਼ ਦੇ ਇੰਚਾਰਜ, ਕੰਪਨੀ ਦੇ ਅਫਸਰ ਨੇ ਦਿੱਲੀ ਰੈਜ਼ੀਡੈਂਟ ਨੂੰ ਰਿਪੋਰਟ ਭੇਜੀ, ਜਿਸ ਵਿਚ ਇਸ ਬਗਾਵਤ ਨੂੰ ਕੁਚਲਣ ਦਾ ਵਿਸਥਾਰ ਦਰਜ ਹੈ। ਲਿਖਿਆ ਕਿ ਹਰੀ ਸਿੰਘ ਨਲੂਏ ਤੋਂ ਮੂਲਵਾਦੀ ਸੱਯਦ ਅਹਿਮਦ ਹਾਰ ਗਿਆ।
ਬਾਗੀਆਂ ਨੇ ਹੁਣ ਦੂਜਾ ਰਾਹ ਅਪਨਾਇਆ। ਆਹਮੋ-ਸਾਹਮਣੇ ਲੜਨ ਦਾ ਤਰੀਕਾ ਛੱਡ ਕੇ ਲੁਕ ਛੁਪ ਕੇ ਉਹ ਘਾਤ ਲਾ ਕੇ ਹਮਲੇ ਕਰਨ ਲੱਗ ਪਏ। ਕੁਝ ਝੜਪਾਂ ਵਿਚ ਭਾਰੀ ਨੁਕਸਾਨ ਕਰਕੇ ਜਿੱਤ ਵੀ ਜਾਂਦੇ।
ਇਸ ਲੜਾਈ ਦਾ ਖਾਤਮਾ ਉਦੋਂ ਹੋਇਆ ਜਦੋਂ ਪਖਤੂਨਾਂ ਨੇ ਹਿੰਦੁਸਤਾਨੀ ਜਹਾਦੀਆਂ ਨੂੰ ਨਾਪਸੰਦ ਕਰਨਾ ਸ਼ੁਰੂ ਕਰ ਦਿੱਤਾ। ਉਸ ਉਤੇ ਦੋਸ਼ ਲੱਗੇ ਕਿ ਉਹ ਹਿੰਦੁਸਤਾਨੀ ਜਹਾਦੀਆਂ ਨੂੰ ਇਕ-ਇਕ ਕਰਕੇ ਪਖਤੂਨ ਕੁੜੀਆਂ ਵੰਡ ਰਿਹਾ ਸੀ। ਪੇਸ਼ਾਵਰ ਦੇ ਲੋਕ ਭੜਕ ਉਠੇ, ਬੇਸ਼ਕ ਇਹ ਵੀ ਕਿਹਾ ਗਿਆ ਕਿ ਦੋਸ਼ ਝੂਠੇ ਹਨ। ਪਖਤੂਨ ਇਤਿਹਾਸ ਦੇ ਵਿਦਿਆਰਥੀ ਓਲਫ ਕਾਰੋ ਨੇ ਇਹ ਭੇਤ ਖੋਲ੍ਹਿਆ ਹੈ, ਜੋ ਬਾਅਦ ਵਿਚ ਨੌਰਥ ਵੈਸਟ ਫਰੰਟੀਅਰ ਪ੍ਰੋਵਿੰਸ ਵਿਚ ਅੰਗਰੇਜ਼ਾਂ ਨੇ ਗਵਰਨਰ ਲਾਇਆ ਸੀ।
ਬੁਰੇ ਭਾਗ, ਉਸ ਦੇ ਜਹਾਦੀ ਸਾਥੀ ਸਾਥ ਛੱਡਣ ਲੱਗ ਪਏ, ਕਈ ਥਾਂਵਾਂ ‘ਤੇ ਕਤਲ ਹੋਏ। ਸੱਯਦ ਅਹਿਮਦ ਅੰਗਰੇਜ਼ ਫੌਜਾਂ ਅਤੇ ਬੇਰਹਿਮ ਪਖਤੂਨਾਂ ਦੇ ਫੰਦੇ ਵਿਚਕਾਰ ਫਸ ਗਿਆ। ਤ੍ਰਿਸਕਾਰੇ ਹੋਏ ਸੱਯਦ ਉਪਰ ਮਈ 1831 ਵਿਚ ਅਚਨਚੇਤੀ ਕੰਵਰ ਸ਼ੇਰ ਸਿੰਘ ਦੀ ਸੈਨਿਕ ਟੁਕੜੀ ਨੇ ਬਾਲਾਕੋਟ ਵਿਚ ਹੱਲਾ ਕਰਕੇ ਦਿਨ ਕਟੀ ਕਰਦੇ ਇਸ ਬਾਗੀ ਨੂੰ ਮਾਰ ਮੁਕਾਇਆ। ਕਾਬਲ ਦੀ ਸ਼ਹਿ ਉਤੇ ਗਾਹੇ-ਬਗਾਹੇ ਪੇਸ਼ਾਵਰ ਵਿਚ ਬਗਾਵਤਾਂ ਉਠਦੀਆਂ ਰਹੀਆਂ।
ਦਿਲਚਸਪ ਵਾਕਿਆ ਇਹ ਕਿ ਸੱਯਦ ਦੇ ਸੱਦੇ ਕਾਰਨ ਪੰਜਾਬ ਦੇ ਕਿਸੇ ਮੁਸਲਮਾਨ ਚੀਫ ਨੇ ਸਰਕਾਰ ਖਾਲਸਾ ਦਾ ਸਾਥ ਨਹੀਂ ਛੱਡਿਆ, ਇਉਂ ਪੰਜਾਬ ਵਿਚ ਪੱਤਾ ਤੱਕ ਨਾ ਹਿੱਲਿਆ।