ਸਮੁੰਦਰ ਹੇਠਲੀ ਦੁਨੀਆਂ ਦੀ ਸੈਰ-ਅਟਲਾਂਟਿਸ ਪਣਡੁੱਬੀ

ਚਰਨਜੀਤ ਸਿੰਘ ਪੰਨੂ
‘ਅਟਲਾਂਟਿਸ ਪਣਡੁੱਬੀ ਕੰਪਨੀ’ ਹਵਾਈ ਦੀ ਮਸ਼ਹੂਰ ਇਨਾਮੀ ਕੰਪਨੀ ਹੈ ਤੇ ਆਪਣੇ ਗਾਹਕਾਂ ਦੀ ਸਿਫਾਰਿਸ਼ ‘ਤੇ ਪਿਛਲੇ ਕਈ ਸਾਲਾਂ ਤੋਂ ‘ਅਵਾਰਡ ਆਫ ਐਕਸੇਲੈਂਸ’ ਜਿੱਤਦੀ ਆ ਰਹੀ ਹੈ। ਇਸ ਦੀਆਂ ਪੰਜ ਪਣਡੁੱਬੀਆਂ ਯਾਤਰੀਆਂ ਨੂੰ ਸਮੁੰਦਰ ਅੰਦਰਲੀ ਸੈਰ ਕਰਾਉਂਦੀਆਂ ਹਨ। ਟਿਕਟ ਅਗਾਊਂ ਰਿਜ਼ਰਵ ਕਰਾਉਣੀ ਪੈਂਦੀ ਹੈ। ਸ਼ਰਤ ਅਨੁਸਾਰ ਟਿਕਟ ਮੋੜਨ ‘ਤੇ ਵੀਹ ਫੀਸਦੀ ਜੁਰਮਾਨਾ ਲਗਦਾ ਹੈ ਤੇ ਅਖੀਰਲੇ ਚੌਵੀ ਘੰਟੇ ਵਿਚ ਇਹ ਕਿਸੇ ਹਾਲਤ ਵਿਚ ਵੀ ਮੋੜਨ ਯੋਗ ਨਹੀਂ।

ਸਾਢੇ ਗਿਆਰਾਂ ਵੱਜ ਗਏ। ਅਟਲਾਂਟਿਸ ਸ਼ਟਲ ਬੋਟ ਦੇ ਚੱਲਣ ਦਾ ਵਾਰਨਿੰਗ ਹਾਰਨ ਵੱਜ ਗਿਆ। ਅਸੀਂ ਦੌੜ ਕੇ ਲਾਈਨ ਵਿਚ ਖੜੋ ਗਏ ਤੇ ਵਾਰੀ ਵਾਰੀ ਉਪਰ ਜਾ ਚੜ੍ਹੇ। ਉਪਰ ਚੜ੍ਹ ਵੇਖ ਕੇ ਬਹੁਤ ਨਿਰਾਸ਼ਾ ਹੋਈ ਕਿ ਇਹ ਕਿਸ਼ਤੀ ਵੀ ਕੱਲ੍ਹ ਵਰਗੀ ਹੀ ਸੀ। ਸੋਚਿਆ ਸੀ ਇਹ ਪਾਣੀ ਅੰਦਰ ਥੱਲੇ ਟੁੱਭੀਆਂ ਲਾਵੇਗੀ ਤੇ ਸਮੁੰਦਰੀ ਨਜ਼ਾਰਾ ਦਿਖਾਏਗੀ, ਪਰ ਇਹ ਵੀ ਕੱਲ੍ਹ ਵਾਲੀ ਦੀ ਭੈਣ! ਚਾਰ ਚੁਫੇਰਿਓਂ ਖੁੱਲ੍ਹੀ ਥੱਲੇ ਪਾਣੀ ਵਿਚ ਕਿਵੇਂ ਜਾਵੇਗੀ! ਇਸ ਦੀ ਵੀ ਛੱਤ ਤਾਂ ਖੁੱਲ੍ਹੀ ਹੈ!
50 ਕੁ ਆਦਮੀ ਚੁਫੇਰੇ ਲੱਗੇ ਬੈਂਚਾਂ ‘ਤੇ ਬੈਠ ਗਏ। ‘ਅਲੋਹਾ’ ਦੇ ਜੈਕਾਰੇ ਨਾਲ ਕਿਸ਼ਤੀ ਆਪਣੇ ਸਮੇਂ ਅਨੁਸਾਰ ਸਮੁੰਦਰ ਵਿਚ ਠਿੱਲ੍ਹ ਪਈ। ਮਨ ਦਾ ਧੁੜਕੂ ਵਧ ਗਿਆ ਕਿ ਇੱਥੇ ਸਭ ਝੂਠ ਹੀ ਝੂਠ ਹੈ! ਕੱਲ੍ਹ ਵਾਂਗ ਸਾਡੇ ਨਾਲ ਅੱਜ ਵੀ ਧੋਖਾ ਹੋਊ। ਸਮੁੰਦਰ ਵਿਚ ਇਹ ਕਿਸ਼ਤੀ ਪਾਣੀ ਹੇਠ ਕਿਵੇਂ ਜਾਵੇਗੀ? ਕੈਪਟਨ ਨੇ ਅਨਾਊਂਸਮੈਂਟ ਸ਼ੁਰੂ ਕਰ ਦਿੱਤੀ। ਉਹ ਮੁਸਾਫਰ ਲੋਕਾਂ ਦੇ ਮਨੋਵਿਗਿਆਨਕ ਚਿਹਰੇ ਰੋਜ਼ਾਨਾ ਪੜ੍ਹਨ ਦਾ ਆਦੀ ਸੀ। ਉਹ ਆਸੇ ਪਾਸੇ ਦੀ ਜਾਣਕਾਰੀ ਦਿੰਦਾ ਸਾਡਾ ਧਿਆਨ ਅਸਲ ਮਨੋਰਥ ਤੋਂ ਪਾਸੇ ਹਟਾਈ ਜਾ ਰਿਹਾ ਸੀ। ਯਾਤਰੀ ਤਾਂ ਹਰ ਰੋਜ਼ ਉਸ ਕੋਲ ਨਵੇਂ ਆਉਂਦੇ ਹਨ ਪਰ ਉਹ ਤਾਂ ਇੱਕ ਹੀ ਹੈ ਜੋ ਅਨੇਕਾਂ ਸੈਲਾਨੀਆਂ ਦੀ ਮਾਨਸਿਕ ਸਥਿਤੀ ਵਿਸ਼ਲੇਸ਼ਣ ਕਰ ਸਕਦਾ ਹੈ। ਕਿਸ਼ਤੀ ਤੇਜ਼ੀ ਫੜਦੀ ਜਾ ਰਹੀ ਸੀ। ਅੱਜ ਛੱਲਾਂ ਦਾ ਜ਼ੋਰ ਘੱਟ ਸੀ। ਇਸ ਕਰ ਕੇ ਇਸ ਦੀ ਸਪੀਡ ਕੁੱਝ ਇਕਸਾਰ ਲੱਗ ਰਹੀ ਸੀ।
‘ਔਹ ਦੇਖੋ ਡਾਲਫਨ! ਉਹ ਦੇਖੋ ਸ਼ਾਰਕ’ ਇਹ ਕਹਿ ਕਹਿ ਕੇ ਕੈਪਟਨ ਲੋਕਾਂ ਨੂੰ ਹਸਾਈ ਜਾ ਰਿਹਾ ਸੀ, ਕਿਉਂਕਿ ਲੋਕ ਉਧਰ ਵੇਖਦੇ ਪਰ ਉਧਰ ਕੁੱਝ ਦਿਖਾਈ ਨਾ ਦਿੰਦਾ। ਮਜ਼ਾਕੀਆ ਕਿਸਮ ਦਾ ਇਹ ਕੈਪਟਨ ਨਵੇਂ ਨਿਵੇਕਲੇ ਚੁਟਕਲੇ ਸੁਣਾਈ ਜਾ ਰਿਹਾ ਸੀ।
“ਮੈਂ ਇਹ ਕੰਮ ਪਿਛਲੇ 30 ਸਾਲ ਤੋਂ ਕਰਦਾ ਹਾਂ। ਮੈਂ ਇਸ ਬੇੜੇ ਦਾ ਇੰਚਾਰਜ ਕੈਪਟਨ ਹਾਂ। ਮੈਂ ਪਾਣੀ ਦੇ ਉਪਰ ਵੀ ਜਹਾਜ ਚਲਾਉਂਦਾ ਹਾਂ ਤੇ ਸਮੁੰਦਰ ਦੇ ਪਾਣੀ ਥੱਲੇ ਵੀ। ਇਹ ਬਹੁਤ ਮਜੇ ਲੈਣ ਵਾਲਾ ਸਫਰ ਹੈ, ਡਰਨ ਦੀ ਲੋੜ ਨਹੀਂ। ਮੇਰੇ ‘ਤੇ ਯਕੀਨ ਰੱਖੋ, ਤੁਸੀਂ ਬਿਲਕੁਲ ਮਹਿਫੂਜ਼ ਹੋ। ਖੁਦਾ ਨਾ ਕਰੇ, ਜੇ ਕੋਈ ਭਾਣਾ ਵਰਤ ਗਿਆ ਤਾਂ ਸਮਝੋ ਤੁਹਾਡੀ ਲਾਟਰੀ ਖੁੱਲ੍ਹ ਗਈ। ਤੁਹਾਡੇ ਵਾਰਸਾਂ ਨੂੰ ਲੱਖਾਂ ਡਾਲਰ ਮੁਆਵਜ਼ਾ ਮਿਲੇਗਾ। ਮੁਆਫ ਕਰਨਾ! ਇਹ ਤਾਂ ਤੁਹਾਨੂੰ ਹਸਾ ਰਿਹਾ ਸੀ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਜਹਾਜ ਸਮੁੰਦਰ ਵਿਚ ਕਿਸ ਤਰ੍ਹਾਂ ਵੜੇਗਾ? ਧਰਵਾਸ ਰੱਖੋ! ਥੋੜ੍ਹੀ ਦੇਰ ਵਿਚ ਅਸੀਂ ਇਕ ਜਹਾਜ ਹੋਰ ਬਦਲਾਂਗੇ। ਜਿਸ ਬੇੜੀ ‘ਤੇ ਤੁਸੀਂ ਹੁਣ ਸਵਾਰ ਹੋਏ ਹੋ, ਇਹ ਇੱਕ ਮੈਰੀਨ ਸ਼ਟਲ ਹੈ, ਜੋ ਉਸ ‘ਸਬ-ਮੈਰੀਨ ਸਟੇਸ਼ਨ’ ਤੱਕ ਪਹੁੰਚਾਉਣ ਦਾ ਸਾਧਨ ਹੈ, ਜੋ ਡੂੰਘੇ ਸਮੁੰਦਰ ਵਿਚ ਹੈ। ਅਸੀਂ ਹੁਣੇ ਉਸ ਕਿਸ਼ਤੀ ਤੱਕ ਪਹੁੰਚਣ ਵਾਲੇ ਹਾਂ ਜਿੱਥੋਂ ਤੁਸੀਂ ਥੱਲੇ ਪਾਤਾਲ ਦੀ ਗਹਿਰਾਈ ਵਿਚ ਜਾਉਗੇ।”
ਦੂਰ ਦੂਰ ਤੱਕ ਕਿਸੇ ਜਹਾਜ ਦਾ ਕੋਈ ਨਾਂ ਨਿਸ਼ਾਨ ਨਾ ਦਿਸਿਆ। ਸਿਰਫ ਇੱਕ ਝਾਲਰਾਂ ਵਾਲੀ ਕਿਸ਼ਤੀ ਖੜ੍ਹੀ ਸੀ, ਜੋ ਉਸ ਨੇ ਹੁਣੇ ਦੱਸਿਆ ਹੈ ਕਿ ਇਹੀ ‘ਸਬ-ਮੈਰੀਨ ਸਟੇਸ਼ਨ’ ਸਾਡੇ ਇਨ੍ਹਾਂ ਸਮੁੰਦਰੀ ਜਹਾਜਾਂ ਦੀ ਨਿਗਰਾਨੀ ਤੇ ਹਿਫਾਜ਼ਤ ਵਾਸਤੇ ਖੜ੍ਹੀ ਰਹਿੰਦੀ ਹੈ। ਫਿਰ ਵੀ ਉਸ ਦੀਆਂ ਮੋਮੋ-ਠਗਣੀਆਂ ਗੱਲਾਂ ਨਾਲ ਮੁਸਾਫਰਾਂ ਨੇ ਹੌਸਲਾ ਨਾ ਫੜਿਆ। ਬੱਚੇ ਮੇਰੇ ਵੱਲ ਦੇਖ ਕੇ ਤਸੱਲੀ ਦੇਣ ਲੱਗੇ ‘ਡੈਡੀ ਹੌਸਲਾ ਕਰੋ, ਅੱਜ ਇਹ ਧੋਖਾ ਨਹੀਂ ਕਰੇਗਾ, ਜ਼ਰੂਰ ਕੋਈ ਕਰਾਮਾਤ ਕਰ ਕੇ ਦਿਖਾਏਗਾ।’
ਜਹਾਜ ਅਸਲੀ ਰੰਗ ਵਿਚ ਆ ਗਿਆ। ਮੈਂ ਸਮੁੰਦਰ ਥੱਲੇ ਜਾਣ ਦੇ ਸੁਪਨੇ ਦੇਖਣ ਲੱਗ ਪਿਆ। ਇਕ ਹੋਰ ਦੋ-ਮੰਜ਼ਲੀ ਬੇੜੀ ਸਮੁੰਦਰ ਵਿਚ ਤੈਰ ਰਹੀ ਹੈ। ਸੋਚਿਆ, ਸ਼ਾਇਦ ਜਹਾਜ ਹੋਵੇਗਾ ਤੇ ਉਸ ਵਿਚ ਚੜ੍ਹ ਕੇ ਅਸੀਂ ਥੱਲੇ ਜਾਵਾਂਗੇ। ਨੇੜੇ ਜਾ ਕੇ ਵੇਖਿਆ, ‘ਸਮੁੰਦਰੀ ਮੈਰੀਨ ਦੀ ਰਾਖੀ ਵਾਸਤੇ ਐਮਰਜੈਂਸੀ ਵਹੀਕਲ’ ਉਸ ‘ਤੇ ਲਿਖਿਆ ਹੈ। ਕੈਪਟਨ ਨੇ ਦੱਸਿਆ, “ਹੁਣ ਤੁਹਾਨੂੰ ਬਹੁਤੀ ਉਡੀਕ ਨਹੀਂ ਕਰਨੀ ਪਵੇਗੀ, ਮੈਂ ਹੁਣੇ ਮੰਤਰ ਮਾਰਾਂਗਾ ਤੇ ਥੱਲਿਓਂ ਫੜ ਫੜ ਕਰਦੀ ਇੱਕ (ਸਬ-ਮੈਰੀਨ) ਡੁਬਕਣੀ ਕਿਸ਼ਤੀ ਬਾਹਰ ਨਿਕਲੇਗੀ, ਜੋ ਪਹਿਲਾਂ ਹੋਰ ਮੁਸਾਫਰ ਲੈ ਕੇ ਹੇਠਾਂ ਗਈ ਹੈ। ਤੁਹਾਨੂੰ ਉਸ ਵਿਚ ਵਾੜ ਦਿਆਂਗੇ।”
ਸੱਚਮੁੱਚ ਬੜਾ ਅਲੋਕਾਰ ਨਜ਼ਾਰਾ ਸੀ। ਝਬਦੇ ਹੀ ਪਾਣੀ ਵਿਚੋਂ ਇੱਕ ਟੀਸੀ ਪ੍ਰਗਟ ਹੋਈ। ਹੌਲੀ ਹੌਲੀ ਉਪਰ ਉਠਦਾ ਇਹ ਆਕਾਰ ਵੱਡਾ ਹੁੰਦਾ ਗਿਆ ਤੇ ਆਖਰ ਚਿੱਟੇ ਰੰਗ ਦੀ ਇਕ ਹੋਰ ਕਿਸ਼ਤੀ/ਟਿਊਬ ਦਿਸਣ ਲੱਗੀ। ਹੜ ਹੜ ਕਰ ਕੇ ਉਸ ਦੀ ਉਪਰਲੀ ਛੱਤ, ਟੋਪੀ, ਗੁੰਬਦ ਤੇ ਫਿਰ ਸਾਰੀ ਪਣਡੁੱਬੀ ਬਾਹਰ ਆ ਗਈ। ਉਹ ਹੁਣ ਬਿਲਕੁਲ ਇਸੇ ਵਰਗਾ ਨੰਗਾ ਜਹਾਜ ਬਣ ਗਿਆ ਜੋ ਹੌਲੀ ਹੌਲੀ ਸਰਕਦਾ ਸਾਡੇ ਜਹਾਜ ਦੇ ਨੇੜੇ ਪਹੁੰਚ ਗਿਆ। ਸਿਕਿਉਰਿਟੀ ਜਹਾਜ ਵੀ ਇੱਧਰ ਸਰਕ ਆਇਆ। ਨਵੀਂ ਡੁਬਕਣੀ ਨੂੰ ਸਿਕਉਰਿਟੀ ਜਹਾਜ ਅਤੇ ਸਾਡੇ ਜਹਾਜ ਵਿਚਾਲੇ ਘੇਰ ਕੇ ਕਾਰਿੰਦਿਆਂ ਨੇ ਰੱਸਿਆਂ ਨਾਲ ਬੰਨ ਲਿਆ। ਯਾਤਰੀ ਇਹ ਅਦਿੱਖ ਨਜ਼ਾਰਾ ਸਾਹ ਰੋਕ ਕੇ ਵੇਖਦੇ ਰਹੇ। ਦੂਸਰੇ ਜਹਾਜ ਵਿਚੋਂ ਥੱਲਿਓਂ ਪੌੜੀਆਂ ਰਾਹੀਂ ਮੁਸਾਫਰ ਉਪਰ ਆਉਣੇ ਸ਼ੁਰੂ ਹੋ ਗਏ।
“ਤੁਹਾਨੂੰ ਉਸ ਜਹਾਜ ਵਿਚ ਉਪਰਲੀ ਛੱਤ ਤੋਂ ਪੌੜੀਆਂ ਰਾਹੀਂ ਥੱਲੇ ਤਹਿਖਾਨੇ ਵਿਚ ਜਾਣਾ ਪਵੇਗਾ। ਪੌੜੀਆਂ ਬਹੁਤ ਤੰਗ ਹਨ, ਸਹਿਜ ਨਾਲ ਜਾਇਓ। ਸਾਨੂੰ ਮੁਸ਼ਕਿਲ ਵਿਚ ਨਾ ਪਾ ਦਿਓ ਕਿ ਲੈਣੇ ਦੇ ਦੇਣਾ ਪੈ ਜਾਣ।” ਕੈਪਟਨ ਮੁੜ ਮੁੜ ਮੁਸਾਫਰਾਂ ਨੂੰ ਤਾੜਨਾ ਕਰ ਰਿਹਾ ਸੀ।
ਵੇਖਦੇ ਵੇਖਦੇ ਉਸ ਕਿਸ਼ਤੀ ਵਿਚੋਂ ਮੁਸਾਫਰ ਉਪਰ ਆ ਗਏ। ਅਸੀਂ ਸੋਚਦੇ ਸੀ ਕਿ ਸ਼ਾਇਦ ਸਮੁੰਦਰ ਵਿਚੋਂ ਉਹ ਭਿੱਜੇ ਹੋਏ ਨੁੱਚੜਦੇ ਆਉਣਗੇ, ਪਰ ਕੁੱਝ ਵੀ ਨਹੀਂ। ਉਹ ਸਾਫ ਸੁਥਰੇ ਹੱਸਦੇ, ਨੱਚਦੇ, ਟੱਪਦੇ ਆ ਰਹੇ ਸਨ। ਉਨ੍ਹਾਂ ਵਿਚ ਬੱਚੇ, ਬੁੱਢੇ, ਜਵਾਨ, ਕਾਲੇ, ਪੀਲੇ ਸਾਰੇ ਵਰਗਾਂ ਦੇ ਲੋਕ ਸ਼ਾਮਲ ਸਨ। ਇਸ ਤੋਂ ਪਹਿਲਾਂ ਸਾਡੇ ਕਪਤਾਨ ਦੇ ਦੱਸਣ ਤੋਂ ਜਾਪਿਆ ਸੀ ਕਿ ਦਸ ਸਾਲ ਤੋਂ ਛੋਟੇ ਬੱਚੇ ਹੇਠਾਂ ਨਹੀਂ ਜਾ ਸਕਦੇ। ਇਹ ਸੁਣ ਕੇ ਸਾਡਾ ਛੋਟਾ ਗੁਰਸ਼ਾਨ ਅੱਖਾਂ ਮੱਲਦਾ ਰੋਣਹਾਕਾ ਹੋ ਰਿਹਾ ਸੀ। ਕਿਸੇ ਸਵਾਰੀ ਨੇ ਦੱਸਿਆ ਸੀ ਪਈ ਗੁਰਸ਼ਾਨ ਜੋ ਨੌਂ ਸਾਲ ਦਾ ਹੈ, ਨਹੀਂ ਜਾ ਸਕੇਗਾ ਪਰ ਕਿਸ਼ਤੀ ਵਿਚੋਂ ਗੁਰਸ਼ਾਨ ਤੋਂ ਛੋਟੇ ਬੱਚੇ ਵੀ ਬਾਹਰ ਆ ਰਹੇ ਸਨ। ਮੈਂ ਗੁਰਸ਼ਾਨ ਨੂੰ ਦਿਲਾਸਾ ਦਿੱਤਾ ਕਿ ਕੋਈ ਚਿੰਤਾ ਨਾ ਕਰ, ਤੈਨੂੰ ਨਾਲ ਲੈ ਕੇ ਹੀ ਜਾਵਾਂਗੇ। ਉਹ ਖੁਸ਼ੀ ਨਾਲ ਉਛਲ ਪਿਆ। ਇਸ ਤਰ੍ਹਾਂ ਹੌਲੀ ਹੌਲੀ ਉਹ ਸਾਰੇ ਮੁਸਾਫਰ ਸਾਡੇ ਵਾਲੇ ਬੈਂਚਾਂ ‘ਤੇ ਬੈਠਦੇ ਗਏ ਤੇ ਅਸੀਂ ਥੱਲੇ ਦੂਸਰੀ ਕਿਸ਼ਤੀ ਵਿਚ ਚਲੇ ਗਏ। ਉਪਰਲੀ ਛੱਤ ਵਾਂਗ ਥੱਲੇ ਬੇਸਮੈਂਟ ਵਿਚ ਵੀ ਬਾਹਰਲੀਆਂ ਕੰਧਾਂ ਦੇ ਨਾਲ ਬੈਂਚ ਗੱਡੇ ਹੋਏ ਹਨ। ਉਨ੍ਹਾਂ ‘ਤੇ ਕੁਰਸੀਆਂ ਨੁਮਾ 48 ਕੱਟ ਲੱਗੇ ਹਨ ਯਾਨਿ ਕਿ ਇਹ 48 ਸਵਾਰਾਂ ਦੇ ਬੈਠਣ ਵਾਸਤੇ ਬਣੀ ਹੈ। ਕੁਰਸੀ ਸਾਹਮਣੇ ਬਾਹਰ ਵੱਲ ਨੂੰ ਮੋਟੇ ਗੋਲ ਸ਼ੀਸ਼ੇ ਦੀ ਬੰਦ ਖਿੜਕੀ ਸੀ। ਉਸ ਵਿਚੋਂ ਬਹੁਤ ਦੂਰ ਤੱਕ ਬਾਹਰਲਾ ਸੁੰਦਰ ਨਜ਼ਾਰਾ ਦਿਸਦਾ ਸੀ।
ਜਹਾਜ ਦੇ ਕੈਪਟਨ ਨੇ ‘ਅਲੋਹਾ’ ਦਾ ਜੈਕਾਰਾ ਛੱਡਿਆ ਤੇ ਸਾਰੇ ਮੁਸਾਫਰਾਂ ਨੇ ‘ਮਾਹਾਲੋ…ਅਲੋਹਾ…’ ਦੀ ਲੰਬੀ ਆਵਾਜ਼ ਨਾਲ ਹੁੰਗਾਰਾ ਭਰਿਆ। ਇਹ ਨਾਅਰਾ ਸ਼ੁੱਭ ਸ਼ਗਨਾਂ ਦੀ ਨਿਸ਼ਾਨੀ ਹੈ ਜੋ ‘ਬੋਲੇ ਸੋ ਨਿਹਾਲ਼.. ਜਾਂ ਬੋਲ ਸੀਆ ਪਤੀ ਰਾਮ…’ ਵਰਗਾ ਸਮਝਿਆ ਜਾਂਦਾ ਹੈ। ਕੈਪਟਨ ਨੇ ਗਿਅਰ ਬਦਲਿਆ, ਇੰਜਣ ਨੇ ਗਤੀ ਫੜੀ ਤੇ ਇਹ ਸਮੁੰਦਰ ਦੇ ਥੱਲੇ ਧਰਤੀ ਵੱਲ ਨੂੰ ਵਧਣਾ ਸ਼ੁਰੂ ਹੋ ਗਿਆ। ਕਿਸ਼ਤੀ ਅੰਦਰ ਅੱਗੇ ਪਿੱਛੇ ਦੋਹੀਂ ਪਾਸੀਂ ਲੱਗੀ ਮੀਟਰ ਪੱਟੀ ਇਸ ਦੀ ਸਪੀਡ ਤੇ ਡੂੰਘਾਈ ਦਾ ਪੈਮਾਨਾ ਦਰਸਾ ਰਹੀ ਸੀ। ਬੋਟ ਵੇਖਦੇ ਹੀ ਵੇਖਦੇ 120 ਫੁੱਟ ਦੀ ਡੂੰਘਾਈ ‘ਤੇ ਪਹੁੰਚ ਗਈ। ਅੰਦਰ ਨਾਲੋ ਨਾਲ ਲਾਲ ਅੱਖਰਾਂ ਵਿਚ ਜਗ ਰਿਹਾ ਨੋਟਿਸ ਬੋਰਡ ਕਿਸ਼ਤੀ ਦੀ ਹਾਥ ਦੱਸੀ ਜਾ ਰਿਹਾ ਸੀ। ਇਹ ਨਜ਼ਾਰਾ ਠੀਕ ਇਸ ਤਰ੍ਹਾਂ ਸੀ ਜਿਵੇਂ ਅਸੀਂ ਪਹਾੜੀ ਖੱਡਾਂ ਵਿਚੋਂ ਜਾ ਰਹੇ ਹੋਈਏ। ਸਮੁੰਦਰ ਤੋਂ ਥੱਲੇ ਵਾਲੇ ਹਿੱਸੇ ਵਿਚ ਵੀ ਬਾਹਰ ਵਾਂਗ ਪਹਾੜ ਦਿਸਦੇ ਹਨ। ਪੱਥਰ, ਖੱਡਾਂ, ਜੰਗਲ, ਰੰਗ ਬਰੰਗੀਆਂ ਮੱਛੀਆਂ ਦੇ ਝੁੰਡ, ਸਪੰਜ-ਬਾਬ ਤੇ ਹੋਰ ਅਨੇਕਾਂ ਕਿਸਮ ਦੇ ਨਵੇਂ ਨਿਵੇਕਲੇ ਸਮੁੰਦਰੀ ਜੀਵ ਅੱਖਾਂ ਵਿਚਦੀ ਲੰਘਦੇ ਪਿੱਛੇ ਦੌੜਦੇ ਜਾਂਦੇ ਹਨ।
ਧਰਤੀ ਵਾਂਗ ਸਮੁੰਦਰ ਵਿਚ ਵੀ ਤਕੜੇ ਮਾੜੇ ਦੇ ਫਰਕ ਵਾਲਾ ਸਿਧਾਂਤ ਚਾਲੂ ਹੈ। ਵੱਡੀ ਮੱਛੀ ਛੋਟੀ ਨੂੰ ਖਾਂਦੀ ਹੈ ਤੇ ਛੋਟੀ ਹੋਰ ਛੋਟੀ ਖੁਰਦਬੀਨੀ ਜੀਵਾਂ ਦਾ ਸ਼ਿਕਾਰ ਕਰਦੀ ਹੈ। ਸੂਖਮਦਰਸ਼ੀ ਜੰਤੂ ਕੇਕੜੇ, ਘੋਗੇ, ਮੱਛੀਆਂ ਠਿਗਣੀਆਂ ਬੌਣੀਆਂ, ਚਮਚਿੱਚੜ, ਝੀਂਗਾ ਮੱਛੀਆਂ ਦੀ ਖੁਰਾਕ ਬਣਦੇ ਹਨ। ਅੱਖਾਂ ਤੋਂ ਬਗੈਰ ਵੀ ਕਈ ਜੀਵ ਸਮੁੰਦਰ ਵਿਚ ਮੌਜੂਦ ਹਨ, ਜੋ ਆਪਣੀ ਹੋਰ ਸੁੰਘਣ ਸ਼ਕਤੀ ਨਾਲ ਇਨ੍ਹਾਂ ਛੋਟੇ ਟਿਊਬ-ਵਾਰਮ ਦਾ ਸ਼ਿਕਾਰ ਕਰਦੇ ਹਨ। ਬਹੁਤ ਸਾਰੀਆਂ ਉਪ-ਜਾਤੀਆਂ ਦੇ ਜੀਵ ਸਥਲ ਪੌਦੇ ਜਾਂ ਚੱਟਾਨ ਵਾਂਗ ਜਾਪਦੇ ਹਨ ਪਰ ਉਹ ਆਪਣੀ ਜਗ੍ਹਾ ਤੋਂ ਤੁਰ ਕੇ, ਹਿੱਲ ਕੇ ਅੱਗੇ ਪਿੱਛੇ ਜਾਂਦੇ ਵੇਖੇ ਜਾ ਸਕਦੇ ਹਨ। ਜ਼ੋਰਸਿਡ ਮੱਛੀ ਗੀਜ਼ਰ ਦੇ ਪਾਣੀਆਂ ‘ਤੇ ਪਲਣ ਵਾਲੇ ਜੀਵਾਂ ਨੂੰ ਖੁਰਾਕ ਬਣਾਉਣ ਵਿਚ ਸਭ ਤੋਂ ਅੱਗੇ ਹੈ। ਆਮ ਕਰਕੇ ਇਨ੍ਹਾਂ ਜਾਤੀਆਂ, ਉਪ-ਜਾਤੀਆਂ ਦੀ ਮਿਆਦ ਪੰਜਾਹ ਕੁ ਸਾਲ ਤੱਕ ਹੁੰਦੀ ਹੈ।”
“ਲਓ ਜੀ ਵੇਖ ਲਓ ਕਈ ਕਿਸਮ ਦੀਆਂ ਮੱਛੀਆਂ ਦੇ ਵਰਾਇਟੀ ਸ਼ੋ। ਅਨੇਕਾਂ ਕਿਸਮ ਦੀਆਂ ਰੰਗ-ਬਰੰਗੀਆਂ, ਸੱਪ ਵਰਗੀਆਂ ਮੱਛੀਆਂ, ਪੂੰਗ, ਬਿੱਛੂ-ਮੱਛੀਆਂ ਇੱਧਰ ਉਧਰ ਟੱਪਦੀਆਂ, ਦੌੜਦੀਆਂ ਨਜ਼ਰ ਆ ਰਹੀਆਂ ਹਨ। ਅਣਗਿਣਤ ਕਿਸਮ ਦੇ ਲੱਤਾਂ ਬਾਂਹਾਂ ਵਾਲੇ ਮੂੰਗਾ ਤੇ ਵੱਡੀਆਂ ਛੋਟੀਆਂ ਨਸਲਾਂ ਦੇ ਜੀਵ ਨਜ਼ਰ ਆ ਰਹੇ ਹਨ। ‘ਲੱਖਾਂ ਹਜ਼ਾਰਾਂ ਮੱਛੀਆਂ ਦੇ ਝੁੰਡ! ਜੇ ਹੋਰ ਵੱਡੀਆਂ ਮੱਛੀਆਂ ਨਾ ਨਿਗਲਣ ਤਾਂ ਸਮੁੰਦਰ ਗੰਧਲਾ ਹੋ ਜਾਏ।” ਕੈਪਟਨ ਨਾਲੋ ਨਾਲ ਵਿਖਿਆਨ ਕਰੀ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਹੁਣ ਤੁਸੀਂ ਵ੍ਹੇਲ ਵੀ ਦੇਖੋਗੇ। ਉਸ ਦੱਸਿਆ ਕਿ ਦੂਜੇ ਪਾਸੇ ਡੌਲਫਿਨ ਹਨ, ਇਹ ਮਨੁੱਖ ਨੂੰ ਪਿਆਰ ਕਰਦੀਆਂ ਹਨ, ਪਰ ਇਹ ਸਾਨੂੰ ਕਿਤੇ ਨਾ ਦਿਸੀਆਂ।
‘ਔਹ ਦੇਖੋ ਜੰਗਲ, ਪਹਾੜ…।’ ਕਿਸੇ ਕੁਮੈਂਟੇਟਰ ਵਾਂਗ ਕੈਪਟਨ ਦੀਆਂ ਟੋਕਾਂ, ਚੋਭਾਂ ਵੀ ਲਾਹੇਵੰਦ ਜਾਣਕਾਰੀ ਦਿੰਦੀਆਂ ਯਾਤਰੀਆਂ ਦਾ ਮਨੋਰੰਜਨ ਕਰ ਰਹੀਆਂ ਹਨ। ਮੱਛੀਆਂ ਦੇ ਝੁੰਡ ਜਹਾਜ ਦੇ ਨੇੜੇ ਦੌੜਦੇ ਆ ਰਹੇ ਹਨ। ਮੈਨੂੰ ਕਿਸੇ ਦੀ ਦੱਸੀ ਇਹ ਗੱਲ ਸਹੀ ਜਾਪੀ ਕਿ ਮੱਛੀਆਂ ਨੂੰ ਲੁਭਾਉਣ ਲਈ ਕੰਪਨੀ ਦਾ ਇੱਕ ਹੋਰ ਗੋਤਾ-ਖੋਰ ਜਹਾਜ ਦੇ ਅੱਗੇ ਜਾਂਦਾ ਫੀਡ ਖਿਲਾਰਦਾ ਰਹਿੰਦਾ ਹੈ ਭਾਵੇਂ ਅਜਿਹਾ ਕੋਈ ਬੰਦਾ ਸਾਡੇ ਨਜ਼ਰੀਂ ਨਾ ਪਿਆ। ਹਰੀਆਂ ਫਸਲਾਂ ਵਾਂਗ ਹੇਠਲਾ ਚਾਰ ਚੁਫੇਰਾ ਲਹਿਲਹਾ ਰਿਹਾ ਹੈ। ਇਹ ਖੜ੍ਹੀਆਂ ਫਸਲਾਂ ਹਿੱਲ ਕੇ ਤੁਰਨ ਲੱਗੀਆਂ ਹਨ। ਮੈਂ ਸਮਝਿਆ, ਇਹ ਜਹਾਜ ਦੇ ਪ੍ਰੈਸ਼ਰ ਦੀ ਛੱਲ ਨਾਲ ਹਿੱਲੇ ਹਨ ਪਰ ਕੈਪਟਨ ਨੇ ਦੱਸਿਆ ਕਿ ਇਹ ਹੀ ਅੰਨ੍ਹੇ ਜੀਵ ਹਨ, ਜੋ ਵੇਖਣ ਨੂੰ ਥਿਰ ਜਾਪਦੇ ਹਨ ਪਰ ਆਪਣੇ ਬਚਾਅ ਲਈ ਜਾਂ ਆਪਣੇ ਸ਼ਿਕਾਰ ਪਿੱਛੇ ਆਪਣੇ ਆਪ ਹਿੱਲ ਪੈਂਦੇ ਹਨ।
ਅਜੀਤ ਕੁੱਝ ਬੇਆਰਾਮੀ ਮਹਿਸੂਸ ਕਰਨ ਲੱਗੀ। ਸ਼ਾਇਦ ਹੇਠਲੀ ਹਵਾ ਦੇ ਦਬਾ ਕਰ ਕੇ ਜਾਂ ਮਨੋਵਿਗਿਆਨਕ ਕਾਰਨ ਉਸ ਨੇ ਘੁੱਟਣ ਜਿਹੀ ਮਹਿਸੂਸ ਕੀਤੀ। ਸਾਰੇ ਮੁਸਾਫਰ ਸਮੁੰਦਰ ਦੇ ਨਜ਼ਾਰੇ ਤੋਂ ਹਟ ਕੇ ਉਸ ਵੱਲ ਵੇਖਣ ਲੱਗੇ। ਮੈਂ ਕਪਤਾਨ ਨੂੰ ਕਿਹਾ ਕਿ ਇਸ ਨੂੰ ਆਕਸੀਜਨ ਦਾ ਸੈਲੰਡਰ ਦੇ ਦੇਵੇ। ਉਹ ਅਜੇ ਸੋਚ ਹੀ ਰਿਹਾ ਸੀ ਕਿ ਹਰਜੋਤ ਬੇਟੀ ਨੇੜੇ ਪਹੁੰਚ ਕੇ ਉਸ ਦਾ ਸਿਰ ਫੜ ਬੈਠੀ। ਉਸ ਨੇ ਇਕਦਮ ਪਰਸ ਵਿਚੋਂ ਮੋਸ਼ਨ ਸਿੱਕਨੈਸ ਵਾਸਤੇ ਡਰਾਮਾਮੀਨ ਗੋਲੀ ਕੱਢ ਕੇ ਆਪਣੀ ਮਾਂ ਨੂੰ ਦੇ ਦਿੱਤੀ ਜਿਸ ਨਾਲ ਉਸ ਨੇ ਕੁੱਝ ਰਾਹਤ ਮਹਿਸੂਸ ਕੀਤੀ। ਮੁਸਾਫਰਾਂ ਦਾ ਧਿਆਨ ਉਸ ਵਲ ਹੋ ਗਿਆ ਸੀ ਕਿ ਕਿਤੇ ਹੰਗਾਮੀ ਹਾਲਤ ਵਿਚ ਕਿਸ਼ਤੀ ਵਾਪਸ ਨਾ ਲੈ ਜਾਣੀ ਪਵੇ। ਉਹ ਠੀਕ ਹੋ ਗਈ। ਸਭ ਨੇ ਰਾਹਤ ਮਹਿਸੂਸ ਕੀਤੀ। ਮੈਂ ਕਿਹਾ, “ਜੇ ਘਬਰਾਹਟ ਮਹਿਸੂਸ ਹੁੰਦੀ ਹੈ ਤਾਂ ਅੱਖਾਂ ਬੰਦ ਕਰ ਲਓ।”
“ਤੁਸੀ ਮੇਰੀ ਮਹਿੰਗੀ ਟਿਕਟ ਖਰੀਦੀ ਹੈ, ਮੈਂ ਕਿਉਂ ਅੱਖਾਂ ਮੀਟਾਂ, ਮੈਂ ਹੁਣ ਠੀਕ ਹਾਂ, ਮੇਰਾ ਭੋਰਾ ਫਿਕਰ ਨਾ ਕਰੋ, ਮੈਂ ਸਮੁੰਦਰ ਵੇਖਾਂਗੀ।” ਉਸ ਦੇ ਕੋਰੇ ਜਿਹੇ ਜੁਆਬ ਨੇ ਸਭ ਨੂੰ ਹਸਾ ਦਿੱਤਾ।
ਪਣਡੁੱਬੀ ਅੰਦਰ ਪੈਰੀ-ਸਕੋਪ ਵੀ ਮੌਜੂਦ ਸੀ। ਇਸ ਨਾਲ ਨਾਲੋ ਨਾਲ ਬਾਹਰ ਦਾ ਨਜ਼ਾਰਾ ਵੀ ਵੇਖਿਆ ਜਾ ਸਕਦਾ ਹੈ, ਪਰ ਅੰਦਰ ਹੇਠਾਂ ਜਾ ਕੇ ਬਾਹਰ ਵੇਖਣ ਦੀ ਫੁਰਸਤ ਕਿਸੇ ਨੂੰ ਵੀ ਨਹੀਂ।
ਹੇਠਾਂ ਇਕ ਵੱਡਾ ਜਹਾਜ ਪਿਆ ਵੇਖ ਕੇ ਕੈਪਟਨ ਨੇ ਡੁੱਬੇ ਹੋਏ ਜਹਾਜ/ਬੇੜੇ ਦੇ ਆਸੇ ਪਾਸੇ ਚੱਕਰ ਕੱਟਿਆ। ਉਸ ਵਿਚ ਹਜ਼ਾਰਾਂ ਕਿਸਮ ਦੀਆਂ ਮੱਛੀਆਂ ਮੌਜ ਮੇਲਾ ਕਰਦੀਆਂ ਚੱਕਰ ਕੱਟ ਰਹੀਆਂ ਹਨ। ਮੈਂ ਸੋਚਿਆ ਕਿ ਸ਼ਾਇਦ ਇਹ ਜਹਾਜ ਸਮੁੰਦਰੀ ਅਧਿਕਾਰੀਆਂ ਨੇ ਸਾਡੇ ਵਰਗੇ ਯਾਤਰੂਆਂ ਦੀ ਦਿਲਚਸਪੀ ਵਾਸਤੇ ਨੁਮਾਇਸ਼ ਖਾਤਰ ਰੱਖਿਆ ਹੋਵੇਗਾ। ਕਪਤਾਨ ਨੇ ਦੱਸਿਆ ਕਿ ਇਸ ‘ਕਾਰਥਾਸਿਨੀਅਨ’ ਨਾਮੀ ਸਮੁੰਦਰੀ ਬੇੜੇ ਦੀ ਵੀਹ ਕੁ ਸਾਲ ਪਹਿਲਾਂ ਨਿਸ਼ਾਨਦੇਹੀ ਕੀਤੀ ਗਈ ਸੀ। ਇਹ ਪਿਛਲੀ ਸਦੀ ਦਾ ਡੁੱਬਿਆ ਹੋਇਆ ਸੀ। ਕਈ ਜਹਾਜ ਜੋ ਡੁੱਬ ਜਾਂਦੇ ਨੇ, ਇਸ ਤਰ੍ਹਾਂ ਸਮੁੰਦਰ ਦੇ ਢਿੱਡ ਅੰਦਰ ਪਏ ਰਹਿੰਦੇ ਨੇ। ਸੁਰੱਖਿਆ ਅਧਿਕਾਰੀ ਮੁਸਾਫਰਾਂ ਨੂੰ ਤੇ ਕੀਮਤੀ ਸਾਮਾਨ ਨੂੰ ਕੱਢ ਲੈਂਦੇ ਨੇ। ਜਹਾਜ ਨੂੰ ਬਾਹਰ ਕੱਢਣ ਦਾ ਐਨਾ ਸਮਾਂ ਜਾਂ ਸਰੋਤ ਨਹੀਂ ਹੁੰਦਾ ਤੇ ਨਾ ਕੋਈ ਏਨਾ ਤਰੱਦਦ ਕਰਦਾ ਹੈ। ਏਨਾ ਭਾਰਾ ਖਰਚ ਕਰ ਕੇ ਜਹਾਜ ਕੱਢਣ ਦੀ ਥਾਂ ਇੱਥੇ ਹੀ ਪਏ ਰਹਿਣ ਦਿੰਦੇ ਹਨ।
ਕੋਈ ਚਾਲੀ ਮਿੰਟ ਦੇ ਸਫਰ ਪਿਛੋਂ ਕਿਸ਼ਤੀ ਵਾਪਸ ਆਉਣੀ ਸ਼ੁਰੂ ਹੋ ਗਈ। ਇਸ ਸਫਰ ਨੇ ਕੱਲ੍ਹ ਵਾਲੀ ਕਿਸ਼ਤੀ ਦੇ ਭੁਲੇਖੇ ਤੇ ਉਲਾਂਭੇ ਲਾਹ ਦਿੱਤੇ। ਕੈਪਟਨ ਤੇ ਹੋਰ ਸਾਰਾ ਸਟਾਫ ਬਹੁਤ ਵਿਹਾਰਕ ਖੁਸ਼ਦਿਲ ਤੇ ਮਦਦਗਾਰ ਸਾਬਤ ਹੋਇਆ। ਉਨ੍ਹਾਂ ਨੇ ਆਪਣੇ ਸਿੱਧੜ ਜਿਹੇ ਮਜ਼ਾਕੀਆ ਅੰਦਾਜ਼ ਵਿਚ ਸਫਰ ਨੂੰ ਹੋਰ ਸੁਖਦਾਇਕ ਬਣਾਈ ਰੱਖਿਆ।
ਇਸੇ ਲਹਾਇਨਾ ਕਸਬੇ ਤੋਂ ਮੈਨੂੰ ਬਾਬਾ ਬੋਹੜ ਦੇ ਦਰਸ਼ਨ ਵੀ ਹੋ ਗਏ ਤੇ ਮੇਰੀ ਚਿਰਾਂ ਦੀ ਸਮੁੰਦਰ ਥੱਲੇ ਦੀ ਸੈਰ ਵਾਲੀ ਰੀਝ ਵੀ ਪੂਰੀ ਹੋ ਗਈ।