ਖਾਲਸਾ ਕਾਲਜ ਮਾਹਿਲਪੁਰ ਵਲੋਂ ਕੌਮਾਂਤਰੀ ਪੰਜਾਬੀ ਕਾਨਫਰੰਸ

ਗੁਲਜ਼ਾਰ ਸਿੰਘ ਸੰਧੂ
ਫਰਵਰੀ ਮਹੀਨੇ 8 ਅਤੇ 9 ਤਰੀਕ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਵਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਲਜ ਦੀ ਸਥਾਪਨਾ ਪ੍ਰਿੰਸੀਪਲ ਹਰਭਜਨ ਸਿੰਘ ਨੇ ਕੀਤੀ ਸੀ। ਉਨ੍ਹਾਂ ਨੂੰ ਖੇਡਾਂ ਦਾ ਏਨਾ ਸ਼ੌਕ ਸੀ ਕਿ ਇਸ ਕਾਲਜ ਦੇ ਪੜ੍ਹੇ ਫੁਟਬਾਲ ਦੇ ਖਿਡਾਰੀ ਅਰਜੁਨਾ ਐਵਾਰਡ ਨਾਲ ਵੀ ਸਨਮਾਨੇ ਗਏ। ਮੈਂ ਇਸ ਕਾਲਜ ਦਾ ਗਰੈਜੂਏਟ ਹਾਂ। ਮੇਰੇ ਸਮਕਾਲੀ ਵਿਦਿਆਰਥੀਆਂ ਵਿਚੋਂ ਯਸ਼ਦੀਪ ਸਿੰਘ ਬੈਂਸ ਸਿਨਸਿਨੈਟੀ ਯੂਨੀਵਰਸਟੀ, ਓਹਾਇਓ (ਅਮਰੀਕਾ) ਵਿਚ ਅੰਗਰੇਜ਼ੀ ਦੇ ਪ੍ਰੋਫੈਸਰ ਦੀ ਪਦਵੀ ਤੱਕ ਪਹੁੰਚਿਆ ਤੇ ਸ਼ੇਕਸਪੀਅਰ ਦੀ ਰਚਨਾਕਾਰੀ ਬਾਰੇ ਖੋਜ ਸਦਕਾ ਆਪਣੇ ਸਮਕਾਲੀਆਂ ਵਿਚ ਦੁਨੀਆਂ ਦਾ ਉਤਮ ਵਿਦਵਾਨ ਮੰਨਿਆ ਜਾਂਦਾ ਹੈ।

ਉਹ ਸੁਰਜੀਤ ਹਾਂਸ ਕੋਲੋਂ ਪੜ੍ਹਿਆ ਸੀ, ਜਿਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਾਸਤੇ ਸਮੁੱਚੀ ਸ਼ੇਕਸਪੀਅਰ ਰਚਨਾਵਲੀ ਦਾ ਅਨੁਵਾਦ ਕਰਕੇ ਨਾਮਣਾ ਖੱਟਿਆ ਹੈ। ਮੇਰਾ ਹਮਜਮਾਤੀ ਹੰਸ ਰਾਜ ਹੰਸ ਉਰਫ ਸਵੈਨ ਹਰਿਆਣਾ ਦੇ ਡੀ. ਜੀ. ਪੀ. ਦੀ ਪਦਵੀ ਤੱਕ ਪਹੁੰਚਿਆ। ਕਾਲਜ ਦੀਆਂ ਅਜਿਹੀਆਂ ਪ੍ਰਾਪਤੀਆਂ ਸਦਕਾ ਮੈਂ ਆਪਣੇ ਆਪ ਨੂੰ ਮਾਹਿਲਪੁਰ ਯੂਨੀਵਰਸਿਟੀ ਦਾ ਵਿਦਿਆਰਥੀ ਕਹਿੰਦਾ ਤੇ ਮੰਨਦਾ ਆਇਆ ਹਾਂ।
ਇਸ ਪੱਧਰ ਦੇ ਕਾਲਜ ਵਲੋਂ ਵੱਡੀ ਕਾਨਫਰੰਸ ਦਾ ਪ੍ਰਬੰਧ ਕਰਨਾ ਸ਼ਲਾਘਾਯੋਗ ਹੈ। ਇਸ ਵੱਡੇ ਕਾਰਜ ਦੀ ਸੰਭਾਵਨਾ ਸਿੱਖ ਐਜੂਕੇਸ਼ਨਲ ਕਾਨਫਰੰਸ ਮਾਹਿਲਪੁਰ ਦੀ ਵਾਗਡੋਰ ਸ਼ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਹੱਥ ਆਉਣ ਨਾਲ ਹੋਈ ਹੈ। ਕਾਨਫਰੰਸ ਦੌਰਾਨ ਚਾਰ ਅਕਾਦਮਿਕ ਸੈਸ਼ਨ ਵਿਉਂਤੇ ਗਏ ਹਨ, ਜੋ (1) ਪੰਜਾਬੀ ਕਵਿਤਾ: ਮੂਲ ਸਰੋਕਾਰ (2) ਪੰਜਾਬੀ ਨਾਟਕ: ਸਮਕਾਲੀ ਰੁਝਾਨ (3) ਪੰਜਾਬੀ ਗਲਪ: ਮੂਲ ਰੁਝਾਨ ਤੇ (4) ਲੋਕਧਾਰਾ ਚਿੰਤਨ: ਰੂਪ ਤੇ ਰੁਝਾਨ ਨੂੰ ਪ੍ਰਣਾਏ ਜਾਣੇ ਹਨ। ਵੱਡੀ ਗੱਲ ਇਹ ਕਿ ਇਸ ਕਾਨਫਰੰਸ ਨੂੰ ਹੁਸ਼ਿਆਰਪੁਰ ਜ਼ਿਲੇ ਦੇ ਜੰਮਪਲ ਮਹਿੰਦਰ ਸਿੰਘ ਰੰਧਾਵਾ ਦੀ ਸਥਾਪਤ ਕੀਤੀ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦਾ ਸਹਿਯੋਗ ਪ੍ਰਾਪਤ ਹੈ, ਜਿਸ ਦੀ ਵਾਗਡੋਰ ਪੰਜਾਬੀ ਦੇ ਉਘੇ ਕਵੀ ਸੁਰਜੀਤ ਪਾਤਰ (ਪਦਮਸ਼੍ਰੀ) ਦੇ ਹੱਥ ਹੈ।
ਕਾਨਫਰੰਸ ਦਾ ਉਦਘਾਟਨ ਉਚੇਰੀ ਸਿਖਿਆ ਮੰਤਰੀ ਮੁਹਤਰਮਾ ਰਜ਼ੀਆ ਸੁਲਤਾਨਾ ਕਰਨਗੇ ਅਤੇ ਮੁਖ ਮਹਿਮਾਨ ਉਘੇ ਵਿਦਿਆ ਸ਼ਾਸਤਰੀ ਤੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਐਸ਼ ਐਸ਼ ਜੌਹਲ ਹੋਣਗੇ। ਵਿਦਾਇਗੀ ਸਮਾਰੋਹ ਦੇ ਮੁੱਖ ਮਹਿਮਾਨ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਹੋਣਗੇ।
ਹਿੱਸਾ ਲੈਣ ਵਾਲੇ ਰਚਨਾਕਾਰਾਂ ਵਿਚ ਬਲਦੇਵ ਸਿੰਘ ਸੜਕਨਾਮਾ, ਸੁਖਵਿੰਦਰ ਅੰਮ੍ਰਿਤ, ਗੁਰਭਜਨ ਗਿੱਲ, ਬਲਵਿੰਦਰ ਗਰੇਵਾਲ, ਆਤਮਜੀਤ, ਸਵਰਾਜਬੀਰ, ਸਾਹਿਬ ਸਿੰਘ, ਲਖਵਿੰਦਰ ਜੌਹਲ, ਅਮਰੀਕ ਗਿੱਲ ਤੇ ਮਨਜੀਤ ਇੰਦਰਾ ਸ਼ਾਮਲ ਹਨ ਅਤੇ ਪੱਤਰਕਾਰਾਂ ਵਿਚੋਂ ਸਤਨਾਮ ਸਿੰਘ ਮਾਣਕ ਤੇ ਜਤਿੰਦਰ ਪੰਨੂੰ। ਇਥੇ ਹੀ ਬੱਸ ਨਹੀਂ, ਜਾਪਾਨ ਵਾਸੀ ਪਰਮਿੰਦਰ ਸੋਢੀ ਅਤੇ ਕੈਨੇਡਾ ਵਾਸੀ ਬਰਜ ਢਾਹਾਂ, ਸਾਧੂ ਸਿੰਘ ਤੇ ਸੁੱਖੀ ਬਾਠ ਵੀ ਦਰਸ਼ਨ ਦੇਣਗੇ। ਸ਼ਿਰਕਤ ਕਰਨ ਵਾਲਿਆਂ ਵਿਚ ਹੋਰ ਵੀ ਅਨੇਕਾਂ ਨਾਂ ਹਨ, ਜਿਵੇਂ ਜੋਗਿੰਦਰ ਕੈਰੋਂ, ਸੁਖਦੇਵ ਸ਼ਰਮਾ, ਗੁਰਭੇਜ ਗੋਰਾਇਆ, ਕਿਰਪਾਲ ਕਜ਼ਾਕ, ਸੁਖਦੇਵ ਮਾਦਪੁਰੀ, ਧਨਵੰਤ ਕੌਰ, ਰਜਨੀਸ਼ ਬਹਾਦਰ ਸਿੰਘ, ਸੁਰਜੀਤ ਤੇ ਕੁਲਦੀਪ ਧੀਰ। ਇਹ ਪ੍ਰੋਗਰਾਮ ਕਾਲਜ ਦੇ ਇਨਡੋਰ ਸਟੇਡੀਅਮ ਵਿਚ ਹੋਣਗੇ।
ਕਾਲਜ ਦੇ ਵਿਦਿਆਰਥੀਆਂ ਦਾ ਮੁਤਵਾਜ਼ੀ ਪ੍ਰੋਗਰਾਮ ਦੋਵੇਂ ਦਿਨ ਗਦਰੀ ਬਾਬਾ ਹਰਜਾਪ ਸਿੰਘ ਹਾਲ ਵਿਚ ਚੱਲੇਗਾ।
ਇਸ ਮੌਕੇ ਇਲਾਕੇ ਦੀਆਂ ਉਨ੍ਹਾਂ ਹਸਤੀਆਂ ਦਾ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਸੱਚ ਜਾਣੋ, ਇਹ ਕਾਨਫਰੰਸ ਮੇਰੇ ਵਲੋਂ ਮੰਨੀ ਜਾਂਦੀ ਯੂਨੀਵਰਸਿਟੀ ਨੂੰ ਅਮਲੀ ਰੂਪ ਦਿੱਤੇ ਜਾਣ ਦੀ ਸੰਭਾਵਨਾ ਰਖਦੀ ਹੈ। ਖਾਸ ਕਰਕੇ ਇਸ ਲਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਤੇ ਸਥਾਪਤ ਹੋਈ ਇਸ ਉਚ ਪੱਧਰੀ ਸੰਸਥਾ ਦਾ ਇੱਕ ਦਿਨ ਵਿਸ਼ਵ ਵਿਦਿਆਲਿਆ ਵਜੋਂ ਹੋਂਦ ਵਿਚ ਆਉਣਾ ਨਿਸ਼ਚਿਤ ਹੈ।
ਰੇਲਵੇ ਸਟੇਸ਼ਨਾਂ ‘ਤੇ ਲਾਲੂ ਯਾਦਵ ਦੇ ਕਸੋਰੇ: ਮੀਡੀਆ ਅਨੁਸਾਰ ਹੁਣ ਰੇਲਵੇ ਸਟੇਸ਼ਨ ਦੀਆਂ ਕੰਟੀਨਾਂ ਵਿਚ ਪਲਾਸਟਿਕ ਮਿਰਚ ਪਿਆਲਿਆਂ ਦੀ ਥਾਂ ਮਿੱਟੀ ਦੇ ਕਸੋਰੇ ਤੇ ਪਲੇਟਾਂ ਵਰਤੇ ਜਾਣਗੇ। ਰੇਲ ਮੰਤਰੀ ਪਿਊਸ਼ ਗੋਇਲ ਨੇ ਅਰੰਭਕ ਤੌਰ ‘ਤੇ ਰਾਇ ਬਰੇਲੀ ਤੇ ਵਾਰਾਨਸੀ ਦੇ ਸਟੇਸ਼ਨ ਮਾਸਟਰਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਇਸ ਉਤੇ ਛੇਤੀ ਅਮਲ ਕੀਤਾ ਜਾਵੇ। ਚੇਤੇ ਰਹੇ, ਕੋਈ ਪੰਦਰਾਂ ਸਾਲ ਪਹਿਲਾਂ ਲਾਲੂ ਪ੍ਰਸ਼ਾਦ ਯਾਦਵ ਨੇ ਰੇਲ ਮੰਤਰੀ ਹੁੰਦਿਆਂ ਮਿੱਟੀ ਦੇ ਕਸੋਰੇ ਚਾਲੂ ਕਰਵਾਏ ਸਨ, ਜਿਨ੍ਹਾਂ ਨੂੰ ਛੇਤੀ ਹੀ ਭੁਲਾ ਦਿੱਤਾ ਗਿਆ। ਇਨ੍ਹਾਂ ਦੀ ਵਰਤੋਂ ਸਸਤੀ ਹੋਣ ਦੇ ਨਾਲ-ਨਾਲ ਕਸੋਰੇ ਬਣਾਉਣ ਵਾਲਿਆਂ ਨੂੰ ਵਧੀਆ ਆਹਰੇ ਵੀ ਲਾਵੇਗੀ। ਇਹ ਵੀ ਕਿ ਇਨ੍ਹਾਂ ਦੀ ਆਮਦ ਪਲਾਸਟਿਕ ਵਲੋਂ ਪਾਏ ਜਾ ਰਹੇ ਕੂੜੇ-ਕਬਾੜੇ ਨੂੰ ਠੱਲ੍ਹ ਪਾਵੇਗੀ। ਲਾਲੂ ਪ੍ਰਸ਼ਾਦ ਯਾਦਵ ਦੀ ਸੋਚ ਦਾ ਨਵਾਂ ਆਦਰ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਲਾਲੂ ਨੂੰ ਵੀ ਚੰਗਾ ਲਗੇਗਾ। ਆਮੀਨ!
ਅੰਤਿਕਾ: ਸੁਨੀਤਾ ਮਹਿਮੀ
ਕਦੇ ਤਾਂ ਸ਼ਾਦਮਾਨੀ ਹੈ,
ਕਦੇ ਦੁਖ ਦਰਦ ਰੰਜ ਓ ਗਮ,
ਕਿਸੇ ਬੰਦੇ ਨੂੰ ਇਹ ਜੀਵਨ
ਕਦੇ ਇਕਸਾਰ ਨਾ ਮਿਲਿਆ।