ਮੀਰ ਦਾਦ ਖਾਂ ਦਾ ਚਾਚਾ

ਗੁਰਚਰਨ ਸਿੰਘ ਸਹਿੰਸਰਾ ਹਿੰਦੋਸਤਾਨ ਦੀ ਜੰਗ-ਏ-ਆਜ਼ਾਦੀ ਦਾ ਇਨਕਲਾਬੀ ਯੋਧਾ ਸੀ। ਉਨ੍ਹਾਂ ‘ਇਤਿਹਾਸ ਸਬ ਕਮੇਟੀ’ ਦੀ ਰਹਿਨੁਮਾਈ ਹੇਠ ਗਦਰ ਪਾਰਟੀ ਦਾ ਸ਼ਾਨਾਂਮੱਤਾ ਇਤਿਹਾਸ ਵੀ ਲਿਖਿਆ। ਉਨ੍ਹਾਂ ਦੀਆਂ ਦੋ ਜਾਣਕਾਰੀ ਭਰਪੂਰ ਇਤਿਹਾਸਕ ਕਿਤਾਬਾਂ ਹਨ, ‘ਕਦੇ ਉਹ ਵੀ ਦਿਨ ਸਨ’ ਅਤੇ ‘ਅੱਖੀਂ ਡਿੱਠੇ ਸੁਣੇ ਪਠਾਣ।’ ਇਹ ਲੇਖ ਮੀਰ ਦਾਦ ਖਾਂ ਬਾਰੇ ਹੈ, ਜੋ ਸਾਨੂੰ ਕਸ਼ਮੀਰ ਸਿੰਘ ਕਾਂਗਣਾ (ਬੇਕਰਜ਼ਫੀਲਡ, ਫੋਨ: 661-331-5651) ਰਾਹੀਂ ਹਾਸਲ ਹੋਇਆ ਹੈ।

-ਸੰਪਾਦਕ

ਗੁਰਚਰਨ ਸਿੰਘ ਸਹਿੰਸਰਾ
1938 ਦਾ ਸਿਆਲ ਟੱਪ ਚਲਿਆ ਸੀ, ਅੰਮ੍ਰਿਤਸਰ ਕਿਸਾਨ ਮੋਰਚੇ ਦੀ ਸਿਕੰਦਰ ਵਜ਼ਾਰਤ ਨਾਲ ਸੁਲ੍ਹਾ ਹੋ ਜਾਣ ਕਰਕੇ ਅਸੀਂ ਸ਼ਾਹਪੁਰ ਜੇਲ੍ਹ ਵਿਚੋਂ ਰਿਹਾ ਹੋ ਕੇ ਆਏ ਸਾਂ ਕਿ ਅਮਰੀਕਾ ਤੋਂ ਗਦਰ ਪਾਰਟੀ ਦਾ ਵਰਕਰ ਮੀਰ ਦਾਦ ਖਾਂ ਆਇਆ। ਅਸੀਂ ਉਸ ਦਾ ਨਾਂ ਨੂਰ ਦਾਦ ਖਾਂ ਰੱਖ ਕੇ ਆਪਣੇ ਨਾਲ ਹੀ ਕੰਮ ਕਰਨ ਲਈ ਅੰਮ੍ਰਿਤਸਰ ਰੱਖ ਲਿਆ। ਉਹ ਪਿੰਡ ਮੱਲੂ, ਇਲਾਕਾ ਛਛ, ਜ਼ਿਲ੍ਹਾ ਕੈਮਲਪੁਰ ਦਾ ਬੜਾ ਗੋਰਾ ਨਿਛੋਹ ਪਠਾਣ ਗੱਭਰੂ ਸੀ। ਅੱਖਾਂ ਮੋਟੀਆਂ ਤੇ ਬਿੱਲੀਆਂ ਅਤੇ ਮੱਕੀ ਦੇ ਸੂਤ ਵਰਗੀ ਨਿੱਕੀ-ਨਿੱਕੀ ਦਾੜ੍ਹੀ, ਠੋਡੀ ਤੋਂ ਲੈ ਕੇ ਕੰਨਾਂ ਤਕ ਇਕੋ ਜਿਹੀ, ਸਿਰ ਦੇ ਕੱਕੇ ਸੋਹਣੇ ਚਿਲਕਦੇ ਵਾਲ, ਕੱਦ ਵੱਲੋਂ ਲੰਮਾ ਤਾਂ ਨਹੀਂ ਸੀ ਪਰ ਮਧਰਾ ਵੀ ਨਹੀਂ ਸੀ। ਸੁਭਾਅ ਦਾ ਬੜਾ ਗਰਮ, ਪੂਰਾ ਪਠਾਣ। ਉਹ ਜਹਾਜੀ ਵਰਕਰ ਸੀ ਅਤੇ ਸ਼ੰਘਾਈ ਵਿਚ ਗਦਰ ਪਾਰਟੀ ਦਾ ਮੈਂਬਰ ਬਣ ਕੇ ਅਮਰੀਕਾ ਤੋਂ ਗਦਰ ਆਸ਼ਰਮ ਵਿਚੋਂ ਕਿਰਤੀ ਪਾਰਟੀ ਦੇ ਨਾਂ ਸਿਆਣ ਲੈ ਕੇ ਆਇਆ ਸੀ।
ਉਸ ਨੂੰ ਪੁਲਿਸ ਨੇ 1939 ਦੇ ਅਪਰੈਲ ਦੇ ਅਖੀਰਲੇ ਦਿਨਾਂ ਵਿਚ ਫੜ ਕੇ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚ ਜਾ ਡੱਕਿਆ। ਅਸਾਂ ਆਪਣੇ ਇਕ ਬੰਦੇ ਨੂੰ ਉਸ ਦੇ ਪਿੰਡ ਭੇਜਿਆ ਕਿ ਉਹ ਉਸ ਦੇ ਕਿਸੇ ਰਿਸ਼ਤੇਦਾਰ ਨੂੰ ਮੁਲਾਕਾਤ ਵਾਸਤੇ ਲੈ ਆਏ ਪਰ ਉਹ ਲੋਕ ਐਨਾ ਡਰ ਗਏ ਕਿ ਉਸ ਦਾ ਕਿਸੇ ਨੇ ਇਤਬਾਰ ਨਾ ਕੀਤਾ ਤੇ ਕੋਈ ਵੀ ਉਸ ਦੀ ਮੁਲਾਕਾਤ ਨੂੰ ਨਾ ਆਇਆ।
ਉਧਰੋਂ ਸਾਡੀ ਜਾਨ ਜਾਵੇ ਕਿ ਸੀ. ਆਈ. ਡੀ. ਦੇ ਜੱਲਾਦ ਉਸ ਨੂੰ ਕੋਹੀ ਜਾਂਦੇ ਹੋਣਗੇ। ਅਖੀਰ ਮੈਂ ਆਪ ਗਿਆ। ਕਿਸੇ ਆਸਰੇ ਜਾਂ ਥਹੁ ਪਤੇ ਤੋਂ ਜਾਣਾ ਠੀਕ ਨਹੀਂ ਸੀ। ਇਸ ਲਈ ਮੈਂ ਪਹਿਲਾਂ ਪਿੰਡ ਘੇਪ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫਤਰ ਗਿਆ। ਉਥੋਂ ਮੀਰ ਦਾਦ ਖਾਂ ਦੇ ਇਲਾਕੇ ਦੀ ਸਿਆਸੀ ਹਾਲਤ ਪੁੱਛੀ। ਪਤਾ ਲੱਗਾ ਕਿ ਉਸ ਦੇ ਪਿੰਡ ਦਾ ਸਿਕੰਦਰ ਖਾਂ ਸੁਰਖ ਪੋਸ਼ਾਂ (ਪਖਤੂਨਾਂ ਵਲੋਂ ਅੰਰਗੇਜ਼ਾਂ ਖਿਲਾਫ ਸ਼ੁਰੂ ਕੀਤੀ ਖੁਦਾਈ ਖਿਦਮਤਗਾਰ ਨੂੰ ਸੁਰਖ ਪੋਸ਼ ਲਹਿਰ ਵੀ ਕਹਿੰਦੇ ਹਨ) ਵਿਚ ਰਹਿ ਚੁਕਾ ਸੀ। ਮੈਨੂੰ ਉਸ ਦੇ ਥਾਂ-ਟਿਕਾਣੇ ਦਾ ਪਤਾ ਵੀ ਦਿੱਤਾ ਗਿਆ। ਮੈਂ ਜਾਣ-ਬੁਝ ਕੇ ਹਨੇਰਾ ਕਰਕੇ ਉਥੇ ਪਹੁੰਚਿਆ ਤੇ ਪਿੰਡੋਂ ਬਾਹਰ ਸਿਕੰਦਰ ਖਾਂ ਦੇ ਖੂਹ ‘ਤੇ ਜਾ ਬੈਠਾ। ਦੁਆ ਸਲਾਮ ਕਰਕੇ ਆਪਣਾ ਨਾਂ-ਥਾਂ ਦੱਸਿਆ ਤੇ ਕਾਂਗਰਸ ਕਮੇਟੀ ਦੇ ਦਫਤਰੋਂ ਉਸ ਦੇ ਨਾਂ ਲਿਖਵਾਇਆ ਰੁੱਕਾ ਉਸ ਨੂੰ ਦਿੱਤਾ। ਜਦ ਉਸ ਨੇ ਮੈਨੂੰ ਪ੍ਰਵਾਨ ਕਰ ਲਿਆ ਤਾਂ ਮੈਂ ਉਸ ਨਾਲ ਸਾਰੀ ਗੱਲਬਾਤ ਕੀਤੀ।
ਉਸ ਨੇ ਹੋਰ ਵਾਕਫੀ ਲੈਣ ਲਈ ਬੜੇ ਸਵਾਲ ਕੀਤੇ। ਮੈਂ ਉਸ ਦਾ ਹਰ ਘਰ ਪੂਰਾ ਕੀਤਾ ਤੇ ਉਸ ਦੇ ਮਨ ਵਿਚੋਂ ਪੁਲਿਸ ਦੇ ਜਬਰ ਦਾ ਸਾਰਾ ਡਰ ਕੱਢਿਆ। ਉਹ ਕੁਝ ਦਿਲ ਧਰ ਆਇਆ।
ਉਹ ਮੇਰੇ ਲਈ ਰੋਟੀ ਲਿਆਇਆ ਤੇ ਨਾਲ ਪਿੰਡ ਦੇ ਤਿੰਨ-ਚਾਰ ਹੋਰ ਰਹਿ ਚੁਕੇ ਸੁਰਖ ਪੋਸ਼ਾਂ ਨੂੰ ਲੈ ਆਇਆ। ਮੈਂ ਉਸ ਨੂੰ ਸਾਰੀ ਵਿਥਿਆ ਦੱਸੀ। ਸਿਕੰਦਰ ਖਾਂ ਮੇਰੀ ਹਾਮੀ ਭਰਦਾ ਰਿਹਾ। ਉਹ ਵੀ ਮੰਨ ਗਏ। ਉਨ੍ਹਾਂ ਦੱਸਿਆ ਕਿ ਅੱਗੇ ਇਕ ਹਿੰਦੂ ਆਇਆ ਸੀ, ਉਹ ਸਾਨੂੰ ਪਤੀਜ ਨਾ ਸਕਿਆ। ਉਸ ਸਾਡੇ ਘਰ ਦੀ ਰੋਟੀ ਵੀ ਨਾ ਖਾਧੀ। ਉਪਰੰਤ ਅਸੀਂ ਮੀਰ ਦਾਦ ਖਾਂ ਦੇ ਘਰ ਗਏ। ਉਸ ਦੇ ਚਾਚੇ ਤੇ ਮਾਂ ਨੂੰ ਜਗਾਇਆ। ਮੈਂ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ।
ਮਾਂ ਨੂੰ ਜਦੋਂ ਪਤਾ ਲੱਗਾ ਕਿ ਮੀਰ ਦਾਦ ਪਾਸੋਂ ਆਇਆ ਹਾਂ ਤਾਂ ਉਹ ਮੇਰੇ ਦਾੜ੍ਹੀ, ਕੇਸਾਂ ਵਾਲਾ ਸਿੱਖ ਹੁੰਦਿਆਂ ਮੈਨੂੰ ਉਠ ਕੇ ਚਿੰਬੜ ਗਈ, ਘੁੱਟ ਕੇ ਜੱਫੀ ਵਿਚ ਲੈ ਲਿਆ, ਤੇ ਰੋ-ਰੋ ਮੀਰ ਦਾਦ ਦੇ ਵੈਣ ਪਾਉਣ ਲੱਗੀ। ਮੇਰਾ ਤੇ ਮੇਰੇ ਨਾਲ ਦਿਆਂ ਦਾ ਵੀ ਜੀ ਭਰ ਆਇਆ। ਸਭ ਨੇ ਉਸ ਨੂੰ ਦਮ-ਦਿਲਾਸਾ ਦਿਤਾ ਤੇ ਬੜੀ ਮੁਸ਼ਕਿਲ ਨਾਲ ਚੁਪ ਕਰਾਇਆ। ਉਹ ਹੰਝੂ ਭਰੀਆਂ ਅੱਖਾਂ ਤੇ ਰੁਗ ਭਰੇ ਗਲੇ ਨਾਲ ਮੀਰ ਦਾਦ ਬਾਰੇ ਗੱਲਾਂ ਪੁੱਛਣ ਲਗ ਪਈ। ਇਸ ਤਰ੍ਹਾਂ ਅੱਧੀ ਰਾਤ ਟੱਪ ਗਈ। ਅਖੀਰ ਗੱਲ ਸਵੇਰ ਉਤੇ ਜਾ ਪਈ। ਅਸੀਂ ਉਠ ਕੇ ਤੁਰਨ ਲੱਗੇ ਤਾਂ ਮੈਨੂੰ ਫੇਰ ਘੁਟ ਲਿਆ ਤੇ ਮੇਰਾ ਮੱਥਾ ਚੁੰਮ ਕੇ ਮੈਨੂੰ ਵਿਦਾ ਕੀਤਾ।
ਮੈਂ ਸਿਕੰਦਰ ਖਾਂ ਦੇ ਹੁਜਰੇ ਵਿਚ ਜਾ ਸੁੱਤਾ। ਸਵੇਰੇ ਚਹੁੰ-ਪੰਜਾਂ ਘਰਾਂ ਤੋਂ ਚਾਹ ਆਈ, ਜੋ ਮੈਨੂੰ ਪੀਣੀ ਪਈ। ਚਾਹ ਪਿਛੋਂ ਪਿੰਡ ਦੇ ਵੀਹ-ਪੰਝੀ ਬੰਦੇ ਹੁਜਰੇ ਵਿਚ ਆ ਇਕੱਠੇ ਹੋਏ। ਸਿਕੰਦਰ ਖਾਂ ਦੇਸ਼-ਪਰਦੇਸ ਦਾ ਹਾਲ ਜਾਣਨ ਲਈ ਮੇਰੇ ਉਤੇ ਸਵਾਲ ਕਰਨ ਲੱਗ ਪਿਆ। ਮੈਂ ਜਵਾਬ ਦੇਣੇ ਅਤੇ ਸਮਝਾਉਣੇ ਸ਼ੁਰੂ ਕੀਤੇ। ਦੁਪਹਿਰ ਤਕ ਚੰਗਾ ਸਟੱਡੀ ਸਰਕਲ ਲੱਗਾ ਰਿਹਾ। ਦੁਪਹਿਰ ਦੀ ਰੋਟੀ ਪਿਛੋਂ ਮੀਰ ਦਾਦ ਖਾਂ ਦੇ ਚਾਚੇ ਅਕਬਰ ਖਾਂ ਨੇ ਆ ਕੇ ਦਸਿਆ ਕਿ ਉਹ ਤਾਂ ਬੰਬਈ ਜਾ ਰਿਹਾ ਹੈ, ਪਰ ਕੱਲ੍ਹ ਸਵੇਰੇ ਮੀਰ ਦਾਦ ਦਾ ਛੋਟਾ ਭਾਈ ਸ਼ਾਹਾਨਚੀ ਖਾਂ ਮੇਰੇ ਨਾਲ ਜਾਏਗਾ। ਮੈਨੂੰ ਇਕ ਰਾਤ ਹੋਰ ਅਟਕਣਾ ਪਿਆ। ਮੇਰਾ ਪਿੰਡ ਦੇ ਪਠਾਣਾਂ ਵਿਚ ਬੜਾ ਆਦਰ ਮਾਣ ਬਣ ਗਿਆ। ਮੀਰ ਦਾਦ ਦੀ ਮਾਂ ਨੇ ਮੈਨੂੰ ਫੇਰ ਘਰ ਸੱਦਿਆ, ਜਿਥੇ ਮੀਰੇ ਦੀਆਂ ਕੇਵਲ ਚਾਚੀਆਂ, ਤਾਈਆਂ ਹੀ ਨਹੀਂ ਸਗੋਂ ਆਂਢ-ਗਵਾਂਢ ਦੀਆਂ ਸਭ ਤੀਵੀਆਂ ਤੇ ਕੁੜੀਆਂ ਪਰਦਾ ਛੱਡ ਕੇ ਮੈਨੂੰ ਵੇਖਣ-ਸੁਣਨ ਆਈਆਂ।
ਸਵੇਰੇ ਸ਼ਾਹਾਨਚੀ ਵਲੋਂ ਚਾਹ ਤੇ ਪਰੌਂਠੇ ਛਕ ਕੇ ਅਸੀਂ ਦੋਵੇਂ ਤੁਰ ਪਏ ਤੇ ਤਿੰਨ ਕੁ ਮੀਲ ਪਦ ਯਾਤਰਾ ਕਰਕੇ ਪੇਸ਼ਾਵਰ ਤੋਂ ਰਾਵਲਪਿੰਡੀ ਜਾ ਰਹੀ ਸੜਕ ਉਤੇ ਆ ਕੇ ਮੋਟਰ ‘ਚ ਬੈਠ ਕੇ ਰਾਵਲਪਿੰਡੀ ਪੁੱਜ ਗਏ।
ਸ਼ਾਹਾਨਚੀ ਜਵਾਨੀ ਚੜ੍ਹ ਤੁਰਿਆ ਸੀ, ਪਰ ਮੁੱਛ (ਮੱਸ) ਅਜੇ ਨਹੀਂ ਸੀ ਫੁੱਟੀ। ਉਹ ਮੀਰ ਦਾਦ ਖਾਂ ਨਾਲੋਂ ਵਧੇਰੇ ਲੰਮਾ ਤੇ ਭਰਵਾਂ ਜਵਾਨ ਸੀ। ਉਸ ਨੇ ਪਠਾਣ ਗੱਭਰੂਆਂ ਵਾਲੇ ਸਾਰੇ ਟੌਹਰ ਕੱਢੇ ਹੋਏ ਸਨ।
ਰਾਵਲਪਿੰਡੀ ਆ ਕੇ ਉਸ ਨੂੰ ਲਾਹੌਰ ਜਾਣ ਵਾਲੀ ਮੋਟਰ ਪਾਸ ਖੜ੍ਹਾ ਕੇ ਮੈਂ ਟਿਕਟਾਂ ਲੈਣ ਗਿਆ। ਵਾਪਸ ਆਇਆ ਤਾਂ ਸ਼ਾਹਾਨਚੀ ਮੋਟਰ ਲਾਗੇ ਨਹੀਂ ਸੀ। ਮੈਂ ਇਧਰ-ਉਧਰ ਵੇਖਿਆ, ਕਿਤੇ ਨਾ ਦਿਸਿਆ। ਲਾਗੇ-ਚਾਗੇ ਭਾਲਿਆ, ਕਿਤੇ ਨਾ ਲੱਭਾ। ਮੋਟਰ ਤੁਰ ਗਈ ਪਰ ਉਸ ਦਾ ਕੋਈ ਪਤਾ ਨਾ ਲੱਗਾ। ਮੈਂ ਬਹੁਤ ਘਬਰਾਇਆ ਕਿ ਮੁੰਡਾ ਕਿਧਰ ਗਿਆ? ਉਸ ਦੇ ਘਰ ਵਾਲੇ ਮੈਨੂੰ ਤੇ ਮੇਰੀ ਪਾਰਟੀ ਨੂੰ ਕੀ ਆਖਣਗੇ? ਅਸੀਂ ਮੁੰਡਾ ਕਿਥੋਂ ਭਰਾਂਗੇ? ਛਛ ਦੇ ਪਠਾਣਾਂ ਵਿਚ ਰਖਿਆ ਸਾਡਾ ਪਹਿਲਾ ਹੀ ਕਦਮ ਔਝੜ ਪੈ ਗਿਆ। ਬਹੁਤ ਨਮੋਸ਼ੀ ਦੀ ਗੱਲ ਸੀ। ਮੇਰੇ ਤਾਂ ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾ ਰਹੀ ਸੀ।
ਅੰਤ ਹਾਰ-ਹੰਭ ਕੇ ਮੈਂ ਰਾਤ ਨੂੰ ਫੇਰ ਮੱਲੂ ਗਿਆ। ਸਿਕੰਦਰ ਖਾਂ ਨੂੰ ਸਾਰੀ ਗੱਲ ਦੱਸੀ। ਉਸ ਆਖਿਆ, ਫਿਕਰ ਨਾ ਕਰੋ। ਮੁੰਡਾ ਨਿਆਣਾ ਸੀ, ਡਰ ਗਿਆ ਹੋਣਾ ਏ ਕਿ ਮਤਾ ਸਿਧਾ ਲਿਜਾ ਕੇ ਕੈਦ ਹੀ ਨਾ ਕਰਵਾ ਦੇਵੇ। ਉਸ ਕਿਧਰ ਜਾਣਾ ਏ, ਆਪੇ ਮੁੜ ਆਵੇਗਾ। ਤੁਸੀਂ ਇਥੇ ਖੂਹ ‘ਤੇ ਹੀ ਸਵੋਂ। ਸਵੇਰੇ ਮੂੰਹ ਹਨੇਰੇ ਇਥੋਂ ਮੁੜ ਜਾਇਓ। ਕਿਸੇ ਨੂੰ ਤੁਹਾਡਾ ਆਇਆਂ ਦਾ ਪਤਾ ਨਾ ਲੱਗੇ। ਤੜਕੇ ਉਹ ਮੂੰਹ ਹਨੇਰੇ ਹੀ ਚਾਹ-ਪਰੌਂਠੇ ਲੈ ਆਇਆ ਤੇ ਮੈਨੂੰ ਛਕਾ ਕੇ ਪਿਛੋਂ ਦੋ ਕੁ ਮੀਲ ਲੰਘਾ ਕੇ ਛੱਡ ਗਿਆ।
ਇਹ ਪਹਿਲੀ ਵਾਰੀ ਸੀ ਕਿ ਅਸੀਂ ਕਿਸੇ ਗਦਰੀ ਦੀ ਮੁਲਾਕਾਤ ਕਰਾਉਣ ਤੋਂ ਅਸਮਰਥ ਰਹੇ। ਦੋ ਮਹੀਨੇ ਦੀ ਕੁਹਾ-ਕੁਹਾਈ ਪਿਛੋਂ ਉਸ ਨੂੰ ਆਪਣੇ ਪਿੰਡ ਮੱਲੂ ਵਿਚ ਬੰਦ ਕਰ ਕੇ ਉਸ ਦਾ ਪੰਜਾਂ ਬੰਦਿਆਂ ਵਿਚ ਬੈਠਣਾ ਤੇ ਬੋਲਣਾ ਮਨ੍ਹਾਂ ਕਰ ਦਿੱਤਾ ਗਿਆ।
ਕੰਮ ਦੇ ਰੁਝੇਵੇਂ ਕਰਕੇ ਸਾਥੋਂ ਉਸ ਨੂੰ ਮਿਲਣ ਲਈ ਛੇਤੀ ਤਾਂ ਨਾ ਜਾ ਹੋਇਆ, ਅੰਤ ਜੁਲਾਈ ਦੇ ਅਖੀਰ ‘ਤੇ ਮੈਂ ਆਪ ਉਸ ਨੂੰ ਮਿਲਣ ਗਿਆ ਤਾਂ ਜੋ ਪਤਾ ਕੀਤਾ ਜਾਏ ਕਿ ਕਿਲ੍ਹੇ ਵਿਚ ਉਸ ਨਾਲ ਕਿਵੇਂ ਬੀਤੀ ਤੇ ਕਿਹੜੀ-ਕਿਹੜੀ ਗੱਲ ਦਾ ਪੁਲਿਸ ਨੇ ਉਸ ਤੋਂ ਪਤਾ ਕੱਢ ਲਿਆ। ਜਾ ਕੇ ਪਤਾ ਲੱਗਾ ਕਿ ਉਹ ਕਈ ਦਿਨਾਂ ਤੋਂ ਬੀਮਾਰ ਪਿਆ ਹੈ। ਮੰਜੀ ਉਤੋਂ ਨਹੀਂ ਉਠਦਾ ਤੇ ਟੱਟੀ, ਪਿਸ਼ਾਬ ਵੀ ਉਤੇ ਹੀ ਕਰਦਾ ਹੈ। ਉਸ ਦਾ ਸੁਭਾਅ ਬੜਾ ਹੀ ਕੌੜਾ ਹੋ ਗਿਆ ਹੈ। ਕਿਸੇ ਨੂੰ ਅੰਦਰ ਨਹੀਂ ਵੜਨ ਦਿੰਦਾ।
ਸਿਕੰਦਰ ਖਾਂ ਨੇ ਕਿਹਾ, ਤੁਸੀਂ ਚੱਲੋ, ਸ਼ਾਇਦ ਤੁਹਾਨੂੰ ਮਿਲ ਪਏ। ਸਾਨੂੰ ਉਹ ਆਪਣੇ ਘਰ ਤਾਂ ਕੁਜਾਅ ਵਿਹੜੇ ਵਿਚ ਵੀ ਨਹੀਂ ਵੜਨ ਦਿੰਦਾ।
ਮੈਂ ਉਹਦੇ ਆਖੇ ਉਸ ਦੇ ਘਰ ਜਾ ਕੇ ਰਵਾਂ ਰਵੀ ਸਾਹਮਣੇ ਕੋਠੇ ਉਤੇ ਚੜ੍ਹ ਗਿਆ, ਜਿਥੇ ਮੈਂ ਉਸ ਦੀ ਮਾਂ ਨੂੰ ਪਹਿਲਾਂ ਮਿਲਿਆ ਸਾਂ। ਸਾਹਮਣੇ ਕੰਧ ਨਾਲ ਬੀਮਾਰ ਦੀ ਮੰਜੀ ਬਾਹਰੋਂ ਹੀ ਨਜ਼ਰ ਆਉਂਦੀ ਸੀ। ਉਸ ਉਤੇ ਕੋਈ ਜਣਾ ਰਜਾਈ ਉਤੋਂ ਚਿੱਟੀ ਚਾਦਰ ਲਈ ਮੂੰਹ ਸਿਰ ਵਲੇਟੀ ਲੰਮਾ ਪਿਆ ਜਾਪਦਾ ਸੀ। ਲਾਗੇ ਮਾਂ ਗੋਡਿਆਂ ਵਿਚ ਸਿਰ ਦਿੱਤੀ ਪੀੜ੍ਹੀ ਉਤੇ ਮਾਯੂਸੀ ਦੀ ਮੂਰਤ ਬਣੀ ਬੈਠੀ ਸੀ।
ਮੈਂ ਮਾਂ ਨੂੰ ਸਲਾਮ-ਦੁਆ ਬੁਲਾਈ ਤੇ ਉਸ ਦੇ ਹਿਲਣ-ਬੋਲਣ ਤੋਂ ਪਹਿਲਾਂ ਅਚਨਚੇਤ ਹੀ ਬੀਮਾਰ ਦੀ ਮੰਜੀ ਉਤੇ ਜਾ ਬੈਠਾ, “ਮੀਰ ਕੀ ਹਾਲ ਆ?” ਆਖ ਕੇ ਰਜਾਈ ਚੁੱਕ ਦਿਤੀ ਤਾਂ ਉਹ ਮੀਰ ਦਾਦ ਨਹੀਂ ਸੀ। ਰਜਾਈ ਲਪੇਟ ਕੇ ਬੰਦੇ ਵਾਂਗ ਲੰਮੀ ਪਾਈ ਹੋਈ ਸੀ, ਜੋ ਬਾਹਰੋਂ ਦੇਖਣ ਵਾਲੇ ਨੂੰ ਕਿਸੇ ਦੇ ਬੀਮਾਰ ਪਏ ਹੋਣ ਦਾ ਪੂਰਾ ਝੌਲਾ ਪਾਉਂਦੀ ਸੀ।
ਮੈਂ ਹੈਰਾਨ ਰਹਿ ਗਿਆ। ਮਾਂ ਮਾੜੀ ਜਿਹੀ ਮੁਸਕਰਾ ਕੇ ਉਠੀ ਅਤੇ ਉਸ ਨੇ ਸੱਦਕੇ ਵਾਰੀ ਕਰਦੀ ਨੇ ਮੈਨੂੰ ਜੱਫੀ ਪਾ ਲਈ।
“ਮੇਰਾ ਮੀਰ ਕਿਥੇ ਈ?” ਉਸ ਡਡੋਲਿਕੀ ਹੋ ਕੇ ਧਾਹ ਮਾਰਦੀ ਨੇ ਪੁੱਛਿਆ।
“ਮੈਂ ਤਾਂ ਉਸ ਨੂੰ ਆਪ ਮਿਲਣ ਆਇਆਂ ਹਾਂ।” ਮੈਂ ਝੂਠਾ ਜਿਹਾ ਪੈ ਕੇ ਉਤਰ ਦਿੱਤਾ।
“ਉਸਾਂ ਵੰਝਿਆ ਤਰੈ ਦਿਹਾੜੇ ਥੀ ਗਏ। ਉਹ ਤੁਸਾਂ ਨੂੰ ਮਿਲਣੇ ਕਲੋਕਾ ਵੰਝਿਆ ਹਈ।” ਮਾਂ ਹੈਰਾਨ ਹੋਈ ਨਿਰਾਸ਼ਾ ਵਿਚ ਡੋਬੂ ਲੈ ਰਹੀ ਸੀ।
“ਪਰਸੋਂ ਰਾਤ ਉਹ ਤੁਰ ਗਿਆ ਤੇ ਸਾਨੂੰ ਮੰਜੀ ਉਤੇ ਬੀਮਾਰ ਪਾਈ ਰੱਖਣ ਦਾ ਬਹਾਨਾ ਬਣਾਈ ਜਾਣ ਦਾ ਹੁਕਮ ਦੇ ਗਿਆ, ਜਿਸ ਨੂੰ ਅਸੀਂ ਬੜੀ ਆਗਿਆਕਾਰੀ ਤੇ ਕਾਮਯਾਬੀ ਨਾਲ ਪੂਰਾ ਕਰੀ ਜਾ ਰਹੇ ਹਾਂ।” ਮੈਨੂੰ ਆਏ ਨੂੰ ਵੇਖ ਕੇ ਮੀਰ ਦਾਦ ਖਾਂ ਦੀ ਅੰਦਰ ਆ ਵੜੀ ਚਾਚੀ ਆਖਿਆ।
ਉਨ੍ਹਾਂ ਦਾ ਸਾਂਗ ਕਾਮਯਾਬ ਸੀ। ਉਸ ਦੀ ਉਡੀਕ ਵਿਚ ਮੈਨੂੰ ਵੀ ਇਸ ਸਾਂਗ ਦਾ ਦੋ ਦਿਨ ਪਾਤਰ ਬਣ ਕੇ ਉਸ ਬੀਮਾਰ ਕੋਲ ਬੈਠਣਾ ਪਿਆ ਪਰ ਉਹ ਨਾ ਆਇਆ। ਤੀਜੇ ਦਿਨ ਮੈਂ ਉਥੋਂ ਤੁਰ ਪਿਆ। ਉਹ ਅੰਮ੍ਰਿਤਸਰ ਵੀ ਨਾ ਮਿਲਿਆ। ਉਥੇ ਉਹ ਸਾਈਂ ਫਕੀਰ ਦਾ ਵੇਸ ਧਾਰ ਕੇ ਆਇਆ ਤੇ ਤਿੰਨ ਦਿਨ ਮੈਨੂੰ ਉਡੀਕ ਕੇ ਵਾਪਸ ਮੁੜ ਗਿਆ ਸੀ।
ਅਗਸਤ ਦੇ ਅਖੀਰ ਵਿਚ ਖਬਰ ਆਈ ਕਿ ਉਸ ਨੂੰ ਨਜ਼ਰਬੰਦੀ ਤੋੜਨ ਦੇ ਅਪਰਾਧ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ। ਦਰਅਸਲ ਗੱਲ ਇਹ ਸੀ ਕਿ ਉਹ ਸਿਕੰਦਰ ਖਾਂ ਤੇ ਹੋਰ ਜਣਿਆਂ ਨੂੰ ਲਾਗਲੇ ਪਿੰਡਾਂ ਵਿਚ ਭੇਜ ਕੇ ਬੰਦਿਆਂ ਨੂੰ ਕਿਸੇ ਮਸੀਤੇ ਜਾਂ ਹੁਜਰੇ ਵਿਚ ਰਾਤ ਨੂੰ ਇਕੱਠਿਆਂ ਕਰ ਲੈਂਦਾ ਤੇ ਆਪ ਚੋਰੀ ਜਾ ਕੇ ਉਥੇ ਬੋਲ ਆਉਂਦਾ। ਇਸ ਪ੍ਰਚਾਰ ਦਾ ਸਰਕਾਰ ਨੂੰ ਵੀ ਪਤਾ ਲੱਗ ਗਿਆ ਤੇ ਉਸ ਉਤੇ ਪਿੰਡ ਬੰਦੀ ਦਾ ਹੁਕਮ ਤੋੜਨ ਦਾ ਮੁਕੱਦਮਾ ਚਲਾ ਦਿਤਾ। ਉਸ ਨੂੰ ਅਕਤੂਬਰ ਵਿਚ ਡੇਢ ਸਾਲ ਸਖਤ ਕੈਦ ਬੋਲ ਗਈ। ਮੁਕੱਦਮੇ ਵਿਚ ਵੀ ਉਸ ਨਾਲ ਸਾਡਾ ਕੋਈ ਜੋੜ ਨਾ ਜੁੜ ਸਕਿਆ। ਉਸ ਨੂੰ ਕੈਦ ਕਟਾਉਣ ਲਈ ਮਿੰਟਗੁਮਰੀ ਜੇਲ੍ਹ ਭੇਜ ਦਿਤਾ ਗਿਆ।
ਏਨੇ ਨੂੰ ਦੂਜੀ ਵੱਡੀ ਜੰਗ ਛਿੜ ਪਈ। ਅੰਗਰੇਜ਼ ਹਕੂਮਤ ਨੇ ਗਰਮ ਦਲਾਂ, ਜਥੇਬੰਦੀਆਂ, ਪਾਰਟੀਆਂ ‘ਤੇ ਹੱਲਾ ਬੋਲ ਦਿੱਤਾ। ਫੜੋ-ਫੜਾਈਆਂ ਅਤੇ ਜੇਲ੍ਹਬੰਦੀਆਂ ਸ਼ੁਰੂ ਹੋ ਗਈਆਂ। ਅਸੀਂ ਬਚੇ ਰਹੇ ਬੰਦੇ ਲੁਕ-ਛਿਪ ਕੇ ਕੰਮ ਕਰਨ ਲੱਗ ਪਏ। ਸੀ. ਆਈ. ਡੀ. ਤੋਂ ਬਚਣ ਲਈ ਮੋਨੇ ਕੇਸ ਰੱਖਣ ਲੱਗ ਪਏ ਤੇ ਕੇਸਧਾਰੀ ਮੋਨੇ ਹੋ ਗਏ। ਮੇਰੀ ਡਿਊਟੀ ਸਰਹੱਦ ਵਲ ਪਠਾਣਾਂ ਵਿਚ ਲੱਗੀ, ਜਿਸ ਕਰਕੇ ਮੈਨੂੰ ਪਠਾਣੀ ਭੇਸ ਵਿਚ ਹਦਾਇਤ ਖਾਂ ਦੇ ਨਾਂ ਹੇਠ ਕੰਮ ਕਰਨਾ ਪਿਆ।
ਮੀਰ ਦਾਦ ਖਾਂ ਨੂੰ ਮਿਲਣਾ ਜ਼ਰੂਰੀ ਹੋ ਗਿਆ ਤਾਂ ਜੋ ਪਠਾਣਾਂ ਵਿਚ ਕੰਮ ਕਰਨ ਲਈ ਉਸ ਤੋਂ ਛਛ ਦੇ ਨਿੱਗਰ ਤੇ ਭਰੋਸੇਯੋਗ ਬੰਦਿਆਂ ਦਾ ਪਤਾ ਕੀਤਾ ਜਾਵੇ ਤੇ ਉਥੇ ਕਿਰਤੀ ਪਾਰਟੀ ਦਾ ਕੰਮ ਤੋਰਿਆ ਜਾਵੇ। ਮੈਂ ਫੇਰ ਮੱਲੂ ਗਿਆ ਅਤੇ ਸ਼ਾਹਾਨਚੀ ਨੂੰ ਲੈ ਕੇ ਮਿੰਟਗੁਮਰੀ ਆ ਗਿਆ। ਮੀਰ ਦਾਦ ਦੇ ਪਿੰਡ ਤੇ ਘਰ ਵਾਲਿਆਂ ਵਿਚ ਮੇਰਾ ਚੰਗਾ ਇਤਬਾਰ ਹੋ ਗਿਆ। ਉਸ ਦਾ ਚਾਚਾ ਅਕਬਰ ਖਾਂ ਡੰਗਰਾਂ ਦਾ ਵਪਾਰੀ ਸੀ। ਉਹ ਪੰਜਾਬੋਂ ਡੰਗਰ ਖਰੀਦ ਕੇ ਬੰਬਈ ਜਾ ਵੇਚਦਾ ਤੇ ਬਾਹਲਾ ਉਥੇ ਹੀ ਰਹਿੰਦਾ। ਮੈਂ ਉਸ ਦੇ ਨਾਂ ‘ਤੇ ਮੀਰ ਦਾਦ ਦੀ ਮੁਲਾਕਾਤ ਕਰਨ ਦਾ ਫੈਸਲਾ ਕੀਤਾ। ਅਸੀਂ ਸਵੇਰੇ ਮਿੰਟਗੁਮਰੀ ਜੇਲ੍ਹ ਦੇ ਬੂਹੇ ਉਤੇ ਆ ਗਏ ਤੇ ਜਦ ਕੈਦੀਆਂ ਦੀਆਂ ਮੁਲਾਕਾਤਾਂ ਲਿਖੀਆਂ ਜਾ ਕੇ ਕਾਗਜ਼ ਅੰਦਰ ਆ ਗਏ ਤਾਂ ਦਰਬਾਨ ਸਾਨੂੰ ਆਵਾਜ਼ ਦੇਣ ਆਇਆ। ਅਸੀਂ ਦਰਵਾਜੇ ਦੇ ਪਾਸੇ ਜਾ ਕੇ ਦੇਖਿਆ ਤਾਂ ਦਰਬਾਨ ਵੀ ਪਠਾਣ ਸੀ। ਉਹ ਬਾਰੀ ਖੋਲ੍ਹ ਕੇ ਬਾਹਰ ਨਿਕਲ ਆਇਆ ਤੇ ਸਲਾਮ-ਦੁਆ ਪਿਛੋਂ ਉਸ ਨੇ ਮੈਨੂੰ ਮਾਮਾ-ਮਾਮਾ ਕਹਿ ਕੇ ਜੱਫੀ ਪਾ ਲਈ।
“ਉਏ ਮਾਮਾ ਅਕਬਰ ਖਾਨਾਂ, ਤੂੰ ਬੰਬਈਓ ਕਦੋਂ ਆਇਆਂ ਏਂ?” ਉਸ ਬੜੇ ਮਿਲਾਪੜੇ ਜਿਹੇ ਚਾਅ ਵਿਚ ਮੈਨੂੰ ਪੁੱਛਿਆ।
“ਮੀਰੇ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਤਾਂ ਆਉਣਾ ਹੀ ਪਿਆ।”
“ਬੜਾ ਚੰਗਾ ਕੀਤਾ ਈ।” ਉਸ ਨੇ ਪ੍ਰਸ਼ੰਸਾ ਪ੍ਰਗਟ ਕੀਤੀ।
“ਕੀ ਕਰਦਾ, ਪਿਉ ਤਾਂ ਗਰੀਬ ਸ਼ੁਹਦਿਆਂ ਦਾ ਹੈ ਨਹੀਂ, ਮੈਨੂੰ ਹੀ ਆਉਣਾ ਪੈਣਾ ਸੀ।” ਮੈਂ ਬੜੇ ਸਿਆਣਿਆਂ ਵਾਂਗ ਤਰਸਾਈਆਂ ਜਿਹੀਆਂ ਅੱਖਾਂ ਬਣਾ ਕੇ ਤੇ ਹਉਕਾ ਭਰ ਕੇ ਆਪਣੇ ਆਉਣ ਦੀ ਮਜਬੂਰੀ ਦਰਸਾਈ।
“ਚਲੋ ਘਰ ਵੰਝੋ!” ਉਸ ਨੇ ਸਾਨੂੰ ਘਰ ਜਾਣ ਦੀ ਸੁਲਾਹ ਮਾਰੀ, “ਮੈਂ ਅੰਦਰ ਚਾਬੀਆਂ ਦੇ ਕੇ ਹੁਣੇ ਆਇਆ।”
ਉਹ ਡਿਉੜੀ ਅੰਦਰ ਗਿਆ। ਮੈਂ ਅੰਦਰੋਂ ਬੜਾ ਘਾਬਰ ਗਿਆ ਸਾਂ ਪਰ ਉਤੋਂ ਤਕੜਾ ਰਿਹਾ। ਸ਼ਾਹਾਨਚੀ ਤੋਂ ਪੁਛਿਆ ਕਿ ਇਹ ਕੌਣ ਹੈ ਪਰ ਉਸ ਨੂੰ ਵੀ ਪਤਾ ਨਹੀਂ ਸੀ। ਹੁਣ ਕੀ ਕੀਤਾ ਜਾਏ? ਸਾਡੇ ਅੱਗੇ ਇਹ ਵੱਡਾ ਸਵਾਲ ਸੀ, ਰਹੀਏ ਜਾਂ ਨੱਠ ਜਾਈਏ। ਚਲੋ ਹੁਣ ਨਿਭੋ। ਫਸੀ ਨੂੰ ਫਟਕਣ ਕਾਹਦਾ? ਮਨ ਵਿਚ ਫੈਸਲਾ ਕਰਕੇ ਮੈਂ ਦਿਲ ਤਕੜਾ ਕਰ ਲਿਆ। ਉਹ ਕੋਈ ਪੰਜਾਂ ਕੁ ਮਿੰਟਾਂ ਪਿਛੋਂ ਆ ਗਿਆ। ਉਸ ਨੇ ਸਾਡੇ ਚਿਹਰਿਆਂ ‘ਤੇ ਇਸ ਮਿਲਣੀ ਦੀ ਖੁਸ਼ੀ ਦੀ ਕੋਈ ਨਿਸ਼ਾਨੀ ਨਾ ਵੇਖ ਕੇ ਪੁਛਿਆ, “ਮਾਮਾ, ਤੁਸਾਂ ਮੈਨੂੰ ਸਿਆਤਾ ਨਹੀਂ?”
“ਨਹੀਂ।” ਅਸੀਂ ਦੋਵਾਂ ਜਵਾਬ ਦਿੱਤਾ।
“ਮੈਂ ਲਹਿੰਦੇ ਵਾਲੇ ਮਾਮੇ ਵਾਰਸ ਖਾਂ ਦਾ ਦੁਹਤਰਾ ਹਾਂ। ਇਸ ਨੱਡੇ ਨੂੰ ਤਾਂ ਮੈਂ ਅੱਜ ਹੀ ਵੇਖਿਆ ਹੈ। ਅੱਛਾ, ਮੈਂ ਤੈਨੂੰ ਨਿੱਕੇ ਹੁੰਦਿਆਂ ਦਾ ਵੇਖਿਆ ਹੋਇਆ ਏ, ਤਦੇ ਸਿਆਣ ਭੁੱਲ ਗਈ ਏ।”
ਮੇਰੇ ਅੰਦਰਲਾ ਧੁੜਕੂ ਦੂਰ ਹੋ ਗਿਆ। ਮੈਂ ਜ਼ਿਆਦਾ ਦਲੇਰੀ ਨਾਲ ਗੱਲਾਂ ਕਰਨ ਲੱਗ ਪਿਆ। ਸਾਡੇ ਸਭ ਦੀ ਕਾਮਯਾਬੀ ਵਿਚ ਹੁਣ ਕੋਈ ਸ਼ੱਕ ਨਹੀਂ ਸੀ ਦਿਸ ਰਿਹਾ। ਹੁਣ ਕੋਈ ਖਤਰਾ ਨਹੀਂ ਸੀ। ਮੈਂ ਉਸ ਨੂੰ ਉਲੂ ਬਣਾ ਸਕਦਾ ਸੀ।
ਉਸ ਨੇ ਸਾਨੂੰ ਆਪਣੇ ਕਵਾਟਰ ਵਿਚ ਲਿਜਾ ਬਿਠਾਇਆ। ਚਾਹ ਤੇ ਰੋਟੀ ਤਿਆਰ ਕਰ ਕੇ ਖਵਾਈ। ਬੜੀਆਂ ਗੱਲਾਂ ਹੋਈਆਂ। ਸ਼ਾਹਾਨਚੀ ਨੇ ਬੀਬੇ ਕਾਕਿਆਂ ਵਾਂਗ ਚੁੱਪ ਰੱਖੀ ਤੇ ਮੈਨੂੰ ਬੋਲਣ-ਕੂਣ ਦਾ ਮੌਕਾ ਦੇਈ ਗਿਆ। ਉਹ ਪਿੰਡ ਦੇ ਕਈ ਜੀਆਂ ਦੇ ਨਾਂ ਲੈ ਕੇ ਉਨ੍ਹਾਂ ਦੀ ਖਬਰਸਾਰ ਪੁੱਛਦਾ ਰਿਹਾ। ਮੈਂ ਬੰਬਈ ਰਹਿਣ ਦਾ ਬਹਾਨਾ ਲਾ ਕੇ ਆਖ ਛਡਦਾ, “ਪਤਾ ਨਹੀਂ, ਅੱਜ ਕੀ ਹਾਲ ਏ।” ਇਥੇ ਸ਼ਾਹਾਨਚੀ ਆਪਣਾ ਪਾਰਟ ਅਦਾ ਕਰਦਾ। ਉਹ ਉਨ੍ਹਾਂ ਦੀ ਖਬਰ ਆਦਿ ਦੇ ਛੱਡਦਾ। ਅਸੀਂ ਦੋਵੇਂ ਸਫਲ ਪਾਰਟ ਅਦਾ ਕਰ ਰਹੇ ਸੀ। ਮੈਂ ਅੰਮ੍ਰਿਤਸਰ, ਤਰਨ ਤਾਰਨ ਤੇ ਮੁਕਤਸਰ ਆਦਿ ਦੀਆਂ ਮਾਲ ਮੰਡੀਆਂ ਵਿਚੋਂ ਮਾਲ ਡੰਗਰ ਖਰੀਦਣ ਤੇ ਬੰਬਈ ਵਿਚ ਵੇਚਣ ਦੀਆਂ ਗੱਲਾਂ ਕਰੀ ਗਿਆ। ਉਹ ਆਪਣੇ ਜਵਾਨ ਹੋਣ, ਨੌਕਰੀ ਭਾਲਣ, ਵਾਰਡਰ ਬਣਨ, ਦਰਬਾਨ ਹੋਣ, ਆਪਣੇ ਨਾਲ ਵਾਹ ਪਏ ਦਰੋਗਿਆਂ ਤੇ ਸਾਹਿਬਾਂ ਦੀਆਂ ਗੱਲਾਂ ਸੁਣਾਈ ਗਿਆ। ਇਨ੍ਹਾਂ ਵਿਚ ਦੋਹਾਂ ਪਾਸਿਆਂ ਤੋਂ ਕੱਟਣ-ਕਟਾਉਣ ਵਾਲੀ ਕੋਈ ਗੱਲ ਨਹੀਂ ਸੀ। ਇਸ ਲਈ ਸਮਾਂ ਚੰਗਾ ਲੰਘ ਗਿਆ।
ਮੁਲਾਕਾਤ ਦੇ ਵਕਤ ਉਹ ਸਾਨੂੰ ਡਿਉੜੀ ਅੰਦਰ ਲੈ ਗਿਆ ਤੇ ਨਿਵੇਕਲੇ ਕਮਰੇ ਅੰਦਰ ਬੈਂਚ ‘ਤੇ ਬਿਠਾ ਕੇ ਚਲਾ ਗਿਆ। ਕੋਈ ਪੰਜਾਂ ਕੁ ਮਿੰਟਾਂ ਬਾਅਦ ਡਿਪਟੀ, ਮੀਰ ਦਾਦ ਖਾਂ ਨੂੰ ਲੈ ਕੇ ਆ ਗਿਆ।
ਅੰਦਰ ਵੜਦਿਆਂ ਹੀ ਮੇਰੇ ਵੱਲ ਵੇਖ ਕੇ ਮੀਰ ਦਾਦ ਕੁਝ ਨਾਂ-ਮਾਤਰ ਠਠੰਬਰਿਆ ਤੇ ਝਟ ਹੀ ਸੰਭਲ ਗਿਆ। ਉਹ ਮਾੜਾ ਜਿਹਾ ਮੁਸਕਰਾਇਆ। ਮੈਂ ਵੀ ਕਸਰ ਨਾ ਛੱਡੀ ਤੇ ਸੱਚੀਂਮੁਚੀਂ ਦੇ ਚਿਰੀਂ ਵਿਛੁੰਨੇ ਚਾਚਿਆਂ ਵਾਂਗ ਅੱਖਾਂ ਵਿਚ ਗਲੇਡੂ ਅਤੇ ਚਿਹਰੇ ‘ਤੇ ਗਮੀ ਲਿਆ ਕੇ ‘ਹਾਇ ਬੱਚਿਆ! ਤੂੰ ਕਿਥੇ?’ ਦੀ ਧਾਹ ਮਾਰੀ ਤੇ ਉਸ ਨੂੰ ਜੱਫੀ ਵਿਚ ਘੁੱਟ ਲਿਆ। ਉਸ ਨੇ ਵੀ ਅੱਗੋਂ ਬਰਖੁਰਦਾਰਾਂ ਵਾਂਗ ਅਫਸੋਸੀ ਸ਼ਕਲ ਬਣਾ ਲਈ। ਫੇਰ ਉਹ ਸ਼ਾਹਾਨਚੀ ਨੂੰ ਮਿਲਿਆ। ਡਿਪਟੀ ਸਾਡੇ ਨਾਲ ਹੀ ਬੈਠ ਗਿਆ। ਖੈਰ-ਖਬਰ ਪੁਛਣ ਪਿਛੋਂ ਉਸ ਨੇ ਘਰ ਦੀਆਂ ਅਤੇ ਮੈਂ ਜੇਲ੍ਹ ਦੀਆਂ ਪੁਛਣੀਆਂ ਸ਼ੁਰੂ ਕਰ ਦਿੱਤੀਆਂ। ਸ਼ਾਹਾਨਚੀ ਨੇ ਮਾਂ ਤੇ ਚਾਚੀਆਂ, ਫੁੱਫੀਆਂ ਦੀਆਂ ਖੈਰਾਂ ਦਿੱਤੀਆਂ। ਅਖੀਰ ਅਸੀਂ ਆਪਣੇ ਮਤਲਬ ਵੱਲ ਆਏ। ਮੈਂ ਮੀਰ ਦਾਦ ਵੱਲ ਤਾਸ਼ ਦੇ ਹਾਣੀਆਂ ਵਾਂਗ ਅੱਖਾਂ ਪੁੱਟ ਕੇ ਵੇਖਿਆ। ਉਸ ਦੀਆਂ ਅੱਖਾਂ ਵਿਚੋਂ ਆਪਣਾ ਜਵਾਬ ਲੱਭ ਕੇ ਮੈਂ ਗੱਲ ਚਲਾਈ।
“ਮੀਰਿਆ ਦਸ ਸਾਲ ਹੋ ਗਏ ਤੈਨੂੰ ਬਾਹਰ ਗਏ ਨੂੰ, ਯਾਰ ਦੋਸਤ ਤਾਂ ਸਾਰੇ ਭੁੱਲ ਗਏ ਹੋਣਗੇ। ਕਿਸੇ ਤੈਨੂੰ ਸਿਆਤਾ ਵੀ ਸੀ ਕਿ ਨਹੀਂ?”
“ਕਾਕਾ ਬਹੁਤਿਆਂ ਤਾਂ ਮੈਨੂੰ ਸਿਆਤਾ ਹੀ ਨਹੀਂ।” ਉਹ ਮੇਰਾ ਭਾਵ ਤਾੜ ਗਿਆ।
“ਉਏ ਤੂੰ ਹੈ ਵੀ ਤੇ ਅਜੇ ਬਾਲੜਾ ਸੈਂ।” ਮੈਂ ਗੱਲ ਨੂੰ ਅਗਾਂਹ ਤੋਰਨ ਲਈ ਆਖਿਆ।
“ਪਰ ਕਾਕਾ (ਪਠਾਣਾਂ ਵਿਚ ਚਾਚੇ ਨੂੰ ਕਾਕਾ ਆਖਦੇ ਹਨ) ਸ਼ਮਸਾਬਾਦ ਵਾਲੇ ਮੁਹੰਮਦ ਖਾਂ ਨੇ ਮੈਨੂੰ ਵੇਖਦਿਆਂ ਹੀ ਸਿਆਣ ਲਿਆ।”
“ਕਿਹੜਾ ਮੁਹੰਮਦ ਖਾਂ?” ਮੈਂ ਹੋਰ ਵੀ ਭੋਲਾ ਹੋ ਗਿਆ।
“ਜਿਸ ਦਾ ਆਪਣੇ ਪਿੰਡ ਵਾਲੇ ਰਾਹ ਉਤੇ ਖੂਹ ਹੈ ਤੇ ਸ਼ਮਸਾਬਾਦ ਦੇ ਮਲਕ ਦੀ ਭੋਇੰ ਵਾਹੁੰਦਾ ਹੈ। ਹੁਣ ਦਾੜ੍ਹੀ ਨੂੰ ਵਸਮਾ ਲਾ ਕੇ ਰੰਗਦਾ ਹੈ।”
“ਹੱਛਾ! ਉਹ।” ਮੈਂ ਸਵੀਕਾਰ ਕਰ ਲਿਆ।
“ਫੇਰ ਵੈਸੇ ਵਾਲੇ ਮੌਲਵੀ ਕੁਤਬਦੀਨ ਦਾ ਪੁੱਤਰ ਯੂਬ ਖਾਂ ਵੀ ਮੈਨੂੰ ਬੜਾ ਨਿੱਘਾ ਹੋ ਕੇ ਮਿਲਿਆ।”
“ਹੱਛਾ।” ਮੈਂ ਹੁੰਗਾਰਾ ਦਿੱਤਾ।
“ਆਪਣੇ ਪਿੰਡ ਵਾਲੇ ਸਿਕੰਦਰ ਨੇ ਤਾਂ ਮੈਨੂੰ ਵੇਖਦਿਆਂ ਹੀ ਜੱਫੀ ਪਾ ਲਈ। ਮੇਰੇ ਮੁਕੱਦਮੇ ਵਿਚ ਉਸ ਬੜੀ ਦੌੜ ਭੱਜ ਕੀਤੀ।”
ਮੈਂ ਉਹ ਵੀ ਗਿਣ ਲਿਆ।
“ਕੁਤਬੇ ਦਾ ਆਜ਼ਮ ਖਾਂ, ਜੋ ਮੇਰੇ ਨਾਲ ਹਜ਼ਰੋਂ ਪੜ੍ਹਦਾ ਹੁੰਦਾ ਸੀ, ਮੈਨੂੰ ਉਚੇਚਾ ਮਿਲਣ ਆਉਂਦਾ ਰਿਹਾ।” ਇਸ ਤਰ੍ਹਾਂ ਉਹ ਸਾਰੇ ਉਘੇ ਬੰਦੇ ਦੱਸੀ ਗਿਆ ਤੇ ਮੈਂ ਦਿਲ ਉਤੇ ਲਿਖੀ ਗਿਆ। ਏਨੇ ਨੂੰ ਮੁਲਾਕਾਤ ਦਾ ਸਮਾਂ ਹੋ ਗਿਆ। ਅਸਾਂ ਵਿਛੜਨ ਲੱਗੇ ਜੱਫੀਆਂ ਪਾਈਆਂ।
ਤੁਰਨ ਲੱਗੇ ਤਾਂ ਡਿਪਟੀ ਕਹਿਣ ਲੱਗਾ, “ਤੁਸਾਂ ਪਸ਼ਤੋ ਨਹੀਂ ਬੋਲੀ?”
“ਇਸ ਲਈ ਕਿ ਤੁਹਾਨੂੰ ਦੁਭਾਸ਼ੀਆ ਨਾ ਲੱਭਣਾ ਪਏ।” ਮੈਂ ਤੁਰੰਤ ਜਵਾਬ ਦਿਤਾ (ਮੈਂ ਉਦੋਂ ਪਸ਼ਤੋਂ ਜਾਣਦਾ ਵੀ ਨਹੀਂ ਸਾਂ)।
ਡਿਪਟੀ ਹੱਸ ਪਿਆ। ਆਖਰੀ ਸਲਾਮ-ਦੁਆ ਬੁਲਾ ਕੇ ਅਸੀਂ ਬਾਹਰ ਆ ਗਏ। ਮੇਰੇ ਦੋਹਤੇ ਦਰਬਾਨ ਨੇ ਸਾਨੂੰ ਫੇਰ ਆ ਘੇਰਿਆ। ਚਾਹ ਪਿਆਈ ਤੇ ਰਾਹ ਵਾਸਤੇ ਅੱਠ-ਨੌਂ ਪਰੌਂਠੇ ਬੰਨ੍ਹ ਦਿੱਤੇ। ਅਸਾਂ ਵੀ ਉਸ ਦੇ ਬੱਚਿਆਂ ਨੂੰ ਦੋ ਰੁਪਏ ਦਿਤੇ ਅਤੇ ਸੁਖੀ-ਸਾਂਦੀ ਵਿਦਾ ਹੋ ਕੇ ਆ ਗਏ।
____________________________
ਮੀਰ ਦਾਦ ਖਾਂ ਭਾਰਤੀ ਦੀ ਜੰਗ-ਏ-ਆਜ਼ਾਦੀ ਦਾ ਸੂਰਮਾ ਸਰਹੱਦੀ ਪਠਾਣ ਸੀ, ਜੋ ਉਸ ਵਕਤ ਆਮ ਨੌਜਵਾਨਾਂ ਵਾਂਗ ਰੋਜ਼ੀ-ਰੋਟੀ ਦੀ ਭਾਲ ਵਿਚ ਅਮਰੀਕਾ ਗਿਆ। ਜਗਜੀਤ ਸਿੰਘ ਆਨੰਦ ਅਨੁਸਾਰ ਉਹ ਜਹਾਜਾਂ ਦੀ ਖਲਾਸੀ (ਕੁਲੀ) ਦਾ ਕੰਮ ਕਰਦਾ ਸੀ। ਰੂਸ ਥਾਣੀਂ ਆਉਂਦਾ ਹੋਇਆ ਆਜ਼ਾਦੀ ਦੀ ਉਹ ਚਿਣਗ ਲੈ ਕੇ ਆਇਆ ਕਿ ਆਪਣੀ ਜਵਾਨੀ ਦੇਸ਼, ਲੋਕ ਲਹਿਰਾਂ, ਲੋਕ ਹਿਤਾਂ ਖਾਤਰ ਕੁਰਬਾਨ ਕਰ ਦਿੱਤੀ। ਰੂਸ ਵਿਚ ਮਾਸਕੋ ਤੋਂ ਚਾਰ ਸਾਲ ਦੀ ਇਨਕਲਾਬੀ ਪੜ੍ਹਾਈ ਪਿਛੋਂ ਸਮੁੰਦਰੀ ਰਸਤੇ ਬੰਬਈ ਪੁੱਜਾ। ਇਕ ਸਾਲ ਗੋਦੀ ਮਜ਼ਦੂਰਾਂ ਵਿਚ ਕੰਮ ਕੀਤਾ ਤੇ ਦੂਜੀ ਵੱਡੀ ਜੰਗ ਦੇ ਪਹਿਲੇ ਮਹੀਨਿਆਂ ਵਿਚ ਵਤਨ ਮੁੜ ਆਇਆ। ਪਠਾਣਾਂ ਵਿਚ ਗੁਪਤ ਕੰਮ ਕਰਨਾ ਕੋਈ ਸੌਖਾ ਨਹੀਂ ਸੀ। ਛੇਤੀ ਫੜਿਆ ਗਿਆ। ਲਾਹੌਰ ਦੇ ਕਿਲ੍ਹੇ ਦਾ ਵਹਿਸ਼ੀਆਨਾ ਤਸ਼ੱਦਦ ਝੱਲਿਆ ਪਰ ਬਿਰਕਿਆ ਕੁਝ ਵੀ ਨਾ। ਸੈਂਟਰਲ ਜੇਲ੍ਹ ਦੀ 12 ਨੰਬਰ ਬੈਰਕ ਵਿਚ ਬੰਦ ਕਰ ਦਿੱਤਾ। ਲਾਹੌਰੋਂ ਮਿੰਟਗੁਮਰੀ ਨੂੰ ਚਲਾਣ ਦੌਰਾਨ ਉਕਾੜੇ ਕੋਲੋਂ ਸਣੇ ਹੱਥਕੜੀਆਂ ਬੇੜੀਆਂ ਦੇ ਤੇਜ਼ ਰਫਤਾਰ ਕਰਾਚੀ ਮੇਲ ਵਿਚੋਂ ਛਾਲ ਮਾਰ ਗਿਆ। ਉਸ ਦੀ ਸੂਰਮਤਾਈ ਦੀਆਂ ਧੁੰਮਾਂ ਪੈ ਗਈਆਂ। 1946 ਦੀ ਸਮੁੰਦਰੀ ਬੇੜੇ ਦੀ ਬਗਾਵਤ ਸਮੇਂ ਬੰਬਈ ਵਿਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।