ਬਲਬੀਰ ਸਿੰਘ ਡੁਮੇਲੀ ਰਚਿਤ ‘ਮੈਂ ਮਿੱਟੀ ਦਾ ਰੂਪ’ ਪੁਖਤਾ ਦੋਹਿਆਂ ਦਾ ਸਰੂਪ

ਸੁਰਿੰਦਰ ਸੋਹਲ
ਦੋਹਰਾ ਭਾਰਤੀ ਮਾਨਸਿਕਤਾ ਵਿਚ ਖੁਸ਼ਬੂ ਵਾਂਗ ਰਚਿਆ ਹੋਇਆ ਕਾਵਿ-ਰੂਪ ਹੈ। ਗਾਥਾ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਵਿਚ ਇਸ ਨੂੰ ‘ਦੂਹਾ’ ਕਿਹਾ ਜਾਂਦਾ ਹੈ। ਦੋਹਰਾ ‘ਦੂਹਾ’ ਦਾ ਤਤਭਵ ਰੂਪ ਹੈ। ਗੁਜਰਾਤੀ ਭਾਸ਼ਾ ਵਿਚ ਵੀ ਇਹ ‘ਦੋਹਿਰਾ’ ਕਰਕੇ ਪ੍ਰਚਲਿਤ ਹੈ। ਆਮ ਤੌਰ ‘ਤੇ ਇਸ ਨੂੰ ‘ਦੋਹਾ’ ਵੀ ਕਹਿ ਦਿੱਤਾ ਜਾਂਦਾ ਹੈ। ‘ਦੋਹਰਾ’ ਦੀ ਲੋਕਪ੍ਰਿਅਤਾ ਇਥੋਂ ਵੀ ਦੇਖੀ ਜਾ ਸਕਦੀ ਹੈ ਕਿ ਕਾਲੀ ਦਾਸ ਨੇ ‘ਵਿਕ੍ਰਮੋਰਵਸ਼ੀ’ ਵਿਚ ਇਸ ਦੀ ਵਰਤੋਂ ਸਦੀਆਂ ਪਹਿਲਾਂ ਕੀਤੀ ਸੀ।

ਪੰਜਾਬੀ ਦੇ ਪਹਿਲੇ ਪ੍ਰਮਾਣਿਕ ਕਵੀ ਬਾਬਾ ਫਰੀਦ ਨੇ ਬਾਰਵੀਂ ਸਦੀ ਵਿਚ ਪੰਜਾਬੀ ਕਵਿਤਾ ਦਾ ਮੁੱਢ ਦੋਹਿਆਂ ਨਾਲ ਹੀ ਬੰਨਿਆ ਸੀ; ਭਾਵੇਂ ਇਹ ਪੰਜਾਬੀ ਵਿਚ ‘ਸਲੋਕ’ ਦੇ ਨਾਂ ਨਾਲ ਪ੍ਰਚਲਿਤ ਹਨ। ਇਥੇ ਇਕ ਗੱਲ ਸਪੱਸ਼ਟ ਕਰ ਦੇਣੀ ਬਣਦੀ ਹੈ ਕਿ ਸਲੋਕ ਦੀ ਰਚਨਾ ਵਾਸਤੇ ਪਿੰਗਲ ਵਿਚ ਭਾਂਤ-ਭਾਂਤ ਦੇ ਤੋਲ ਮੌਜੂਦ ਹਨ। ਦੂਜੇ ਸ਼ਬਦਾਂ ‘ਚ ਕਹਿਣਾ ਹੋਵੇ ਤਾਂ ਹਰ ਸਲੋਕ ‘ਦੋਹਾ’ ਨਹੀਂ ਹੋ ਸਕਦਾ ਪਰ ਹਰ ਦੋਹਾ ਸਲੋਕ ਜ਼ਰੂਰ ਹੁੰਦਾ ਹੈ।
ਆਧੁਨਿਕ ਯੁਗ ਵਿਚ ‘ਦੋਹਾ’ ਬਲਬੀਰ ਸਿੰਘ ਡੁਮੇਲੀ ਵਲੋਂ ਰਚੀ ਕਿਤਾਬ ‘ਮੈਂ ਮਿੱਟੀ ਦਾ ਰੂਪ’ ਦੇ ਰੂਪ ‘ਚ ਫਿਰ ਆਪਣੀ ਦਿਲਕਸ਼ ਝਲਕ ਤੇ ਸੁਨਹਿਰੀ ਇਤਿਹਾਸ ਲੈ ਕੇ ਆਪਣੀ ਹੋਂਦ ਜਤਾ ਰਿਹਾ ਹੈ।
ਵਰਣਾਂ ਅਤੇ ਮਾਤਰਾ ਦੀ ਗਿਣਤੀ ਬੇਹੱਦ ਖੁਸ਼ਕ ਕਾਰਜ ਹੈ, ਪਰ ਕਵੀ ਇਨ੍ਹਾਂ ਗਿਣਤੀਆਂ-ਮਿਣਤੀਆਂ ਵਿਚੋਂ ਵੀ ਸੁਹਜ ਦੀ ਸਤਰੰਗੀ ਪੈਦਾ ਕਰ ਦਿੰਦੇ ਹਨ। ਦੋਹਰੇ ਦੀ ਸੰਚਰਨਾ ਵਿਚ ਅਜਿਹੀ ਕਲਾਤਮਕਤਾ ਨਿਹਿਤ ਹੈ ਕਿ ਜੇ ਇਸ ਦੇ ਪਿਛਲੇ ਅੱਧ ਨੂੰ ਚੁੱਕ ਕੇ ਅੱਗੇ ਲੈ ਆਂਦਾ ਜਾਵੇ ਤਾਂ ਇਹ ਸੋਰਠਾ ਛੰਦ ਬਣ ਜਾਂਦਾ ਹੈ। ਦੋਹਰੇ ਤੇ ਸੋਰਠੇ ਦੀ ਬਣਤਰ ਤੇ ਬੁਣਤਰ ਨੂੰ ਯਾਦ ਰੱਖਣ ਲਈ ਪਿੰਗਲ ਦੇ ਰਚਨਹਾਰਿਆਂ ਨੇ ਦਿਲਚਸਪ ਦੋਹਰਾ ਰਚਿਆ ਹੋਇਆ ਹੈ,
ਦੋਹਰਾ ਪੁੱਠਾ ਜੇ ਪੜ੍ਹੇ, ਬਣੇ ਸੋਰਠਾ ਆਪ।
ਪਿੰਗਲ ਰਿਸ਼ੀ ਨੇ ਕਹਿ ਗਏ, ਪਿੰਗਲ ਦੇ ਜੋ ਬਾਪ।
ਇਸ ਦੋਹਰੇ ਨੂੰ ਜੇ ਪੁੱਠਾ ਪੜ੍ਹਿਆ ਜਾਵੇ ਤਾਂ ਇਹ ਸੋਰਠਾ ਬਣ ਜਾਂਦਾ ਹੈ,
ਬਣੇ ਸੋਰਠਾ ਆਪ, ਦੋਹਰਾ ਪੁੱਠਾ ਜੇ ਪੜ੍ਹੇ।
ਪਿੰਗਲ ਦੇ ਜੋ ਬਾਪ, ਪਿੰਗਲ ਰਿਸ਼ੀ ਨੇ ਕਹਿ ਗਏ।
ਰਤਾ ਕੁ ਹੋਰ ਵਿਸਤਾਰ ਦੇਣਾ ਹੋਵੇ ਤਾਂ 24 ਮਾਤਰਾ ਦੇ ਇਸ ਛੰਦ ਵਿਚ ਪਹਿਲੇ ਅੱਧ ਵਿਚ 13 ਮਾਤਰਾ ਅਤੇ ਮਗਰਲੇ ਅੱਧ ਵਿਚ 11 ਮਾਤਰਾ ਆਉਣ ਤਾਂ ਇਹ ਦੋਹਰਾ ਹੈ। ਪਹਿਲੇ ਅੱਧ ਵਿਚ 11 ਮਾਤਰਾ ਅਤੇ ਮਗਰਲੇ ਅੱਧ ਵਿਚ 13 ਮਾਤਰਾ ਆਉਣ ਤਾਂ ਇਹ ਸੋਰਠਾ ਬਣ ਜਾਂਦਾ ਹੈ। ਦੋਹਰੇ ਦੇ ਅੰਤ ਵਿਚ ਤੁਕਾਂਤ ਆਉਂਦਾ ਹੈ, ਸੋਰਠੇ ਦੇ ਵਿਚਕਾਰ।
ਇਹ ਛੰਦ ਅਰੂਜ਼ ਮੁਤਾਬਕ ‘ਫੇਲੁਨ ਫੇਲੁਨ ਫਾਇਲੁਨ, ਫੇਲੁਨ ਫੇਲੁਨ ਫੇਲ ਜਾਂ ਫੇ’ (ੰੰ ੰੰ ੰੀੰ ੰੰ ੰੰ ੰੀ ਜਾਂ ੰ) ਦੇ ਬਰਾਬਰ ਹੈ।
ਦੋ ਸਤਰਾਂ ਦਾ ਇਹ ਕਾਵਿ-ਰੂਪ ਜਿੱਥੇ ਬਣਤਰ ਵਿਚ ਬੇਹੱਦ ਸੰਖੇਪ ਅਤੇ ਸੁਤੰਤਰ ਹੁੰਦਾ ਹੈ, ਉਥੇ ਇਸ ਵਿਚਲੇ ਵਿਸ਼ੇ ਦਾ ਵਿਸਤਾਰ ਦੇਖਣਯੋਗ, ਮਾਣਨਯੋਗ ਅਤੇ ਸਮਝਣਯੋਗ ਹੁੰਦਾ ਹੈ। ਦੋਹਰਾ ਪ੍ਰਿਜ਼ਮ ਵਰਗਾ ਹੈ, ਜਦੋਂ ਖਿਆਲ ਦੀ ਕਿਰਨ ਇਸ ਵਿਚ ਦੀ ਗੁਜ਼ਰਦੀ ਹੈ ਤਾਂ ਚੇਤਨਾ ਵਿਚ ਚਾਨਣ ਦੇ ਫੁੱਲ ਖਿੜਾਉਂਦੀ ਜਾਂਦੀ ਹੈ। ਅਧਿਆਤਮਵਾਦ ਦੋਹਰੇ ਦਾ ਪ੍ਰਮੁੱਖ ਰੰਗ ਹੈ, ਪਰ ਇਸ ਕਾਵਿ-ਰੂਪ ਵਿਚ ਅਜਿਹੀ ਮਿਕਨਾਤੀਸੀ ਖਿੱਚ ਹੈ ਕਿ ਇਹ ਜੀਵਨ ਦੇ ਬਾਕੀ ਰੰਗਾਂ ਨੂੰ ਵੀ ਆਪਣੇ ਵੱਲ ਨਾ ਸਿਰਫ ਖਿੱਚਦਾ ਹੀ ਹੈ ਸਗੋਂ ਆਪਣੇ ਵਜੂਦ ਵਿਚ ਸਮੋ ਕੇ ਗਹਿਰ-ਗੰਭੀਰ ਅਰਥ ਵੀ ਪ੍ਰਦਾਨ ਕਰ ਦਿੰਦਾ ਹੈ।
ਬਲਬੀਰ ਸਿੰਘ ਡੁਮੇਲੀ ਪਿੰਗਲ ਤੇ ਅਰੂਜ਼ ਦਾ ਪਾਬੰਦ ਸ਼ਾਇਰ ਹੈ। ਇਸ ਦਾ ਪ੍ਰਮਾਣ ਉਸ ਦੀ ਪਹਿਲਾਂ ਪ੍ਰਕਾਸ਼ਿਤ ਹੋ ਚੁਕਾ ਗਜ਼ਲ ਸੰਗ੍ਰਿਹ ‘ਬਰਫ ਦੇ ਘਰ’ ਹੈ, ਜਿਸ ਵਿਚ ਉਸ ਦੀਆਂ ਉਚ-ਪਾਏ ਦੀਆਂ ਗਜ਼ਲਾਂ ਸ਼ੁਮਾਰ ਹਨ।
ਜਿਵੇਂ ਉਸ ਨੇ ਗਜ਼ਲ ਦੇ ਖੇਤਰ ਵਿਚ ਸਾਬਿਤ ਕਦਮੀਂ ਹਾਜ਼ਰੀ ਭਰੀ ਸੀ, ਇਵੇਂ ਹੀ ‘ਮੈਂ ਮਿੱਟੀ ਦਾ ਰੂਪ’ ਕਿਤਾਬ ਰਾਹੀਂ ਦੋਹਿਆਂ ਦੇ ਸੰਸਾਰ ‘ਚ ਬੜੀ ਪਰਪੱਕਤਾ ਨਾਲ ਪੈਰ ਟਿਕਾਇਆ ਹੈ। ਦੋਹਿਆਂ ਦੇ ਰੂਪਕ ਪੱਖ ਬਾਰੇ ਪੁਖਤਗੀ ਹਾਸਿਲ ਕਰਨ ਮਗਰੋਂ ਉਹ ਰੂਪਕ ਪੱਖ ਦਾ ਗੁਲਾਮ ਹੋ ਕੇ ਐਵੇਂ ਹੀ ਕਾਫੀਏ ਜੋੜਨ ਤੱਕ ਸੀਮਤ ਨਹੀਂ ਰਿਹਾ। ਰੂਪਕ ਪੱਖ ਨੂੰ ਉਸ ਨੇ ਮਹਿਜ ਸਾਧਨ ਵਜੋਂ ਹੀ ਵਰਤਿਆ ਹੈ, ਅਸਲ ਕਮਾਲ ਤਾਂ ਉਸ ਨੇ ਵਿਸ਼ਾ-ਪੱਖ ‘ਚ ਕਰ ਦਿਖਾਇਆ ਹੈ। ਜੀਵਨ, ਕੁਦਰਤ, ਰੱਬ, ਦਿੱਖ-ਅਣਦਿੱਖ ਤਾਕਤਾਂ ਰਾਹੀਂ ਬਣਾਈ ਜਾ ਰਹੀ ਜੀਵਨ-ਜਾਚ ਨੂੰ ਦੋਹਿਆਂ ‘ਚ ਪੇਸ਼ ਕਰਨ ਵੇਲੇ ਉਸ ਦੀ ਪ੍ਰਤਿਭਾ ਆਪਣੇ ਪੂਰੇ ਜਲੌਅ ‘ਚ ਹੁੰਦੀ ਹੈ,
ਤੜਫਣ ਬੁੱਲੇ ਪੌਣ ਦੇ, ਆ ਕੇ ਬਿਰਖਾਂ ਪਾਸ।
ਸਾਗਰ ਕੰਢੇ ਫੈਲਦੀ ਜਾਂਦੀ ਸਖਤ ਪਿਆਸ। (ਪੰਨਾ 90)

ਬੁੱਤ ਤਰਾਸ਼ਣ ਬਹਿ ਗਿਆ, ਲੈ ਸੋਚਾਂ ਦੇ ਸੰਦ।
ਪੈਰੀਂ ਰੁਲਦੇ ਸੰਗ ਨੂੰ ਕੀਤਾ ਕਿਵੇਂ ਬੁਲੰਦ। (ਪੰਨਾ 38)
ਪ੍ਰਤੀਕ, ਚਿੰਨ੍ਹ, ਇਸ਼ਾਰੇ ਕਵੀ ਨੇ ਬੜੀ ਪ੍ਰਬੀਨਤਾ ਨਾਲ ਦੋਹਿਆਂ ‘ਚ ਇਸਤੇਮਾਲ ਕੀਤੇ ਹਨ। ਉਹ ਖਿਲਾਰੇ ‘ਚ ਨਹੀਂ ਪੈਂਦਾ। ਸਿਰਫ ਇਕ ਇਸ਼ਾਰੇ ਨਾਲ ਹੀ ਪਾਠਕ ਦੀ ਸੋਚ ਨੂੰ ਇਤਿਹਾਸ ਦੀਆਂ ਗਲੀਆਂ ‘ਚ ਘੁੰਮਾ ਲਿਆਉਂਦਾ ਹੈ ਤੇ ਵਰਤਮਾਨ ਸਥਿਤੀ ਦਾ ਵਰਣਨ ਵੀ ਕਰ ਜਾਂਦਾ ਹੈ। ਮਿਸਾਲ ਵਜੋਂ ਪੂਰੀ ਸਾਖੀ ਸੁਣਾਉਣ ਦੀ ਥਾਂ ‘ਕੌੜੇ ਰੀਠਿਆਂ ‘ਚ ਮਿਠਾਸ’ ਭਰਨ ਵੱਲ ਇਸ਼ਾਰਾ ਕਾਫੀ ਹੈ। ਵਿਡੰਬਨਾ ਇਹ ਹੈ ਕਿ ਇਨ੍ਹਾਂ ‘ਮਿੱਠੇ ਰੀਠਿਆਂ’ ਦੀ ਰਮਜ਼ ਅੱਜ ਦਾ ਬੰਦਾ ਸਮਝ ਹੀ ਨਹੀਂ ਰਿਹਾ,
ਤੇਰੇ ਮਿੱਠੜੇ ਬੋਲ ਸੁਣ, ਰੀਠੀਂ ਭਰੀ ਮਿਠਾਸ।
ਜ਼ਹਿਰੀਂ ਭਰਿਆ ਆਦਮੀ, ਬੈਠਾ ਰੀਠੇ ਪਾਸ। (ਪੰਨਾ 39)
‘ਵਹਿੰਗੀ’ ਦੀ ਵਰਤੋਂ ਨਾਲ ਕਵੀ ਅਤੀਤ ਤੇ ਵਰਤਮਾਨ ਨੂੰ ਇਉਂ ਇਕ-ਮਿਕ ਕਰ ਦਿੰਦਾ ਹੈ, ਜਿਵੇਂ ਇਹ ਸਮੇਂ ਦੀ ਕੋਈ ਨਵੀਂ ‘ਡਾਇਮੈਨਸ਼ਨ’ ਹੋਵੇ। ਮਾਨਵੀਕਰਣ ਦੀ ਜੁਗਤ ਰਾਹੀਂ ਕਵੀ ਮੌਜੂਦਾ ਸਥਿਤੀ ਦਾ ਵਰਣਨ ਕਰਦਾ ਦਰਦ ਦੀ ਇੰਤਹਾ ਪੇਸ਼ ਕਰ ਦਿੰਦਾ ਹੈ। ਕਵੀ ਦੀ ਸੂਖਮ ਸੋਚ ਦਾ ਕਮਾਲ ਹੈ ਕਿ ਜਦੋਂ ਸਾਡੇ ਕੋਲ ਆਪਣੇ ਪਿਆਰਿਆਂ ਦੀਆਂ ਆਹਾਂ ਸੁਣਨ ਦੀ ਵੀ ਵਿਹਲ ਨਹੀਂ, ਕਵੀ ਸਨੇਹ ਦੀ ਉਸ ਵਹਿੰਗੀ ਦਾ ਵਿਰਲਾਪ ਵੀ ਸੁਣ ਰਿਹਾ ਹੈ, ਜੋ ਨਵੇਂ ਯੁਗ ‘ਚ ਬਦਲੀਆਂ ਕਦਰਾਂ-ਕੀਮਤਾਂ ਦੇ ਭਾਰ ਹੇਠ ਟੁੱਟ ਰਹੀ ਹੈ,
ਨਸ਼ੇ ‘ਚ ਡੁੱਬੇ ਪੁੱਤ ਨੂੰ ਚੁੱਕ ਕੇ ਤੁਰਿਆ ਬਾਪ।
ਏਥੇ ਸੁਣਦਾ ਕੌਣ ਹੈ, ਵਹਿੰਗੀ ਦੇ ਵਿਰਲਾਪ। (ਪੰਨਾ 86)
ਆਪਣੇ-ਆਪ ਤੋਂ ਟੁੱਟੇ ਮਨੁੱਖ ਨੂੰ ਕਵੀ ਪੋਲਾ ਜਿਹਾ ਆਖਦਾ ਹੈ,
ਜੰਗਲ-ਬੇਲੇ ਘੁੰਮ ਲਏ, ਘੁੰਮ ਲਿਆ ਸੰਸਾਰ।
ਘੁੰਮ ਕੇ ਪਰ ਨਾ ਦੇਖਿਆ, ਮੈਂ ਆਪਾ ਇਕ ਵਾਰ। (ਪੰਨਾ 90)
ਦੋਹਾ ਬੀਜ ਵਰਗਾ ਹੁੰਦਾ ਹੈ। ਦੋਫਾੜ ਹੁੰਦੇ ਬੀਜ ਵਾਂਗ ਹੁੰਦੇ ਨੇ ਉਸ ਦੇ ਦੋ ਮਿਸਰੇ, ਜਿਸ ‘ਚੋਂ ਖਿਆਲ ਦਾ ਰੰਗ-ਬਰੰਗਾ ਪੌਦਾ ਫੁੱਟਦਾ ਹੈ ਤੇ ਡੂੰਘੀਆਂ ਰਮਜ਼ਾਂ ਦੇ ਭਰਪੂਰ ਫੁੱਲ ਖਿੜਦੇ ਜਾਂਦੇ ਨੇ। ਇਨ੍ਹਾਂ ਦੀ ਮਹਿਕ ਅਰਥਾਂ, ਭਾਵ-ਅਰਥਾਂ ਅਤੇ ਪਰਮ-ਅਰਥਾਂ ਵਾਂਗ ਸਮੇਂ ਦੇ ਆਰ-ਪਾਰ ਫੈਲਦੀ ਜਾਂਦੀ ਹੈ। ਦੋਹਾ ਲਿਖਣ ਵਾਸਤੇ ਕਵੀ ਅੰਦਰ ਵੀ ਰਮਜ਼ਾਂ-ਰਹੱਸਾਂ ਨੂੰ ਖੋਲ੍ਹਣ ਦੀ ਸਮਰੱਥਾ ਚਾਹੀਦੀ ਹੈ। ਸਿਰਫ ਦੋ ਮਿਸਰਿਆਂ ‘ਚ ਜੀਵਨ-ਅਨੁਭਵ ਦੀ ਨਦੀ ਨੂੰ ਬੰਨੀ ਰੱਖਣ ਲਈ ਕਵੀ ਕੋਲ ਦੋਹੇ ਦੇ ਕਾਵਿ-ਸ਼ਾਸਤਰ, ਭਾਸ਼ਾ, ਕਾਵਿ ਦੇ ਗੁਣਾਂ-ਔਗੁਣਾਂ ਬਾਰੇ ਗਹਿਰ-ਗੰਭੀਰ ਸੂਝ ਹੋਣੀ ਲਾਜ਼ਮੀ ਹੈ।
ਬਲਬੀਰ ਸਿੰਘ ਡੁਮੇਲੀ ਨੇ ਲੰਮੀ ਕਾਵਿ-ਸਾਧਨਾ ਪਿਛੋਂ ਉਕਤ ਗੁਣ ਆਪਣੀ ਰੂਹ ‘ਚ ਸਮੋਏ ਹਨ। ਉਸ ਨੇ ਨਿਰੀਆਂ ਪੰਜਾਬੀ ਕਾਵਿ-ਪੁਸਤਕਾਂ ਦਾ ਅਧਿਐਨ ਹੀ ਨਹੀਂ ਕੀਤਾ, ਸੰਸਾਰ ਦਾ ਕਲਾਸਿਕ ਸਾਹਿਤ ਨਿੱਠ ਕੇ ਪੜ੍ਹਿਆ ਹੈ। ਉਸ ਨੇ ਗਜ਼ਲ ਵੀ ਲਿਖੀ ਹੈ, ਪਰ ਦੋਹਾ-ਕਾਵਿ ਨਾਲ ਉਸ ਨੂੰ ਇਸ਼ਕ ਹੈ। ਉਹ ਵੱਧ ਪੜ੍ਹਨ ਵਾਲਾ ਤੇ ਘੱਟ ਲਿਖਣ ਵਾਲਾ ਕਵੀ ਹੈ। ਇਹੀ ਕਾਰਨ ਹੈ ਕਿ ਉਸ ਦੇ ਦੋਹਿਆਂ ‘ਚੋਂ ਮੌਲਿਕਤਾ ਦੀ ਧੁੱਪ ਚੜ੍ਹਦੀ ਦਿਖਾਈ ਦਿੰਦੀ ਹੈ।
__________________________
ਕੁਝ ਦੋਹੇ
ਬੀਅ ਮਿੱਟੀ ਵਿਚ ਸੌਂ ਗਿਆ ਲੈ ਕੇ ਬੁੱਧ ਵਿਵੇਕ
ਫੁੱਲ ਬਣ ਕੇ ਫਿਰ ਮੌਲਿਆ ਲੈ ਕੇ ਰੰਗ ਅਨੇਕ।

ਮਿੱਟੀ ਮਿੱਟੀ ਆਖ ਨਾ, ਮਿੱਟੀ ਨਈਂ ਬੇਜਾਨ
ਮਿੱਟੀ ‘ਚੋਂ ਹੀ ਉਪਜਦੇ ਰੁੱਖ, ਪੰਛੀ, ਇਨਸਾਨ।

ਆਪਣੇ ਮਨ ਦੀ ਕੋਠੜੀ ਅੰਦਰ ਝਾਤੀ ਮਾਰ
ਚਾਨਣ ਦਾ ਦਰਿਆ ਤਾਂ ਵਹਿੰਦਾ ਮਾਰੋ-ਮਾਰ।

ਇਸ ਨੂੰ ਮੱਧਮ ਨਾ ਕਰੀਂ ਅੰਦਰ ਬਲਦੀ ਲਾਟ
ਇਸ ਕਰਕੇ ਹੀ ਦਿਸ ਰਿਹਾ ਕਣ-ਕਣ ਵਿਚ ਵਿਰਾਟ।

ਪੰਛੀ ਰੁੱਖ ‘ਤੇ ਬੈਠ ਕੇ ਕਰਦੇ ਸੀ ਗੱਲਬਾਤ
ਬੰਦੇ ਜ਼ਹਿਰਾਂ ਘੋਲਦੇ ਪੌਣਾਂ ਵਿਚ ਦਿਨ ਰਾਤ।

ਤੇਰੇ ਰੰਗ ਜਹਾਨ ‘ਤੇ ਤੱਕੇ ਬੜੇ ਕਮਾਲ
ਕੁੱਤੇ ਖਾਂਦੇ ਬੋਟੀਆਂ ਮਿੱਟੀ ਖਾਂਦੇ ਬਾਲ।

ਰੁੱਖ ਦਸਤੇ ਵੱਲ ਤੱਕ ਕੇ ਮਨ ਵਿਚ ਕਰੇ ਮਲਾਲ
ਵਾਰ ਮੇਰੇ ‘ਤੇ ਕਰ ਰਿਹਾ ਰਲ ਕੇ ਲੋਹੇ ਨਾਲ।

ਵੰਡਾਂ ਵੰਡਣ ਵਾਲਿਆ ਕਰਦੈਂ ਕਾਣੀ ਵੰਡ
ਇਕ ਦੀ ਝੋਲੀ ਲੂਣ ਹੈ, ਇਕ ਦੀ ਝੋਲੀ ਖੰਡ।