ਸਿੱਖੀ ਦੇ ਵਿਰੋਧ ਅਤੇ ਟਕਰਾਓ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਗੁਰੂ ਨਾਨਕ ਗੁਰਮਤਿ ਦੇ ਸੰਸਥਾਪਕ ਹਨ। ਉਨ੍ਹਾਂ ਦੇ ਸਮੇਂ ਭਾਰਤ ਭੂਖੰਡ ਦਰਮਿਆਨ ਦੋ ਸਮਾਜ ਆਪੋ ਵਿਚ ਇੱਕ ਦੂਜੇ ਨੂੰ ਪ੍ਰਭਾਵਤ ਵੀ ਕਰ ਰਹੇ ਸਨ, ਇੱਕ ਦੂਜੇ ਦੇ ਪ੍ਰਭਾਵ ਗ੍ਰਹਿਣ ਵੀ ਕਰ ਰਹੇ ਸਨ, ਇੱਕ ਦੂਜੇ ਦਾ ਵਿਰੋਧ ਵੀ ਕਰ ਰਹੇ ਸਨ ਅਤੇ ਆਪਸ ਵਿਚ ਟਕਰਾ ਵੀ ਰਹੇ ਸਨ।

ਵੈਸੇ ਤਾਂ ਇਹ ਸਥਿਤੀ ਹਰ ਸਮਾਜਕ ਸਮੂਹ ਦੇ ਅੰਦਰ ਹੁੰਦੀ ਹੈ, ਜੋ ਬੜੀ ਸੂਖਮ ਅਤੇ ਪ੍ਰੋਖ ਹੁੰਦੀ ਹੈ, ਪਰ ਇਸ ਦੇ ਉਲਟ ਬਾਹਰੀ ਵਿਰੋਧ ਅਤੇ ਟਕਰਾਓ ਹਸਤਾਮਲ ਦੀ ਤਰ੍ਹਾਂ ਪ੍ਰਤੱਖ ਨਜ਼ਰ ਆਉਂਦੇ ਹਨ।
ਭਾਰਤ ‘ਚ ਸਨਾਤਨੀ ਸੱਚ ਤੇ ਮੱਤ ਵਿਚ ਵੀ ਕਈ ਸਵੈ-ਵਿਰੋਧ ਉਭਰ ਰਹੇ ਸਨ ਅਤੇ ਇਸੇ ਤਰ੍ਹਾਂ ਇਸਲਾਮੀ ਫਿਰਕਿਆਂ ਤੇ ਸੂਫੀ ਸਿਲਸਿਲਿਆਂ ਅੰਦਰ ਵੀ ਸਵੈ-ਵਿਰੋਧ ਪਣਪ ਰਹੇ ਸਨ।
ਇਤਿਹਾਸ ਅਤੇ ਇਤਿਹਾਸਕਾਰੀ ਦੀ ਮਾਸਾ ਕੁ ਵੀ ਮੱਸ ਰੱਖਣ ਵਾਲੇ ਜਾਣਦੇ ਹਨ ਕਿ ਕਰਮਕਾਂਡ ਅਤੇ ਬੁੱਧਮੱਤ ਦਰਮਿਆਨ ਕਿੱਡਾ ਵੱਡਾ ਟਕਰਾਓ ਪੈਦਾ ਹੋ ਗਿਆ ਸੀ, ਜਿਸ ਦੇ ਹੱਲ ਲਈ ਕੁਮਾਰਲ ਭੱਟ ਬੋਧੀ ਭਿਕਸ਼ੂ ਦਾ ਭੇਸ ਵਟਾ ਕੇ ਬੁੱਧ ਮੱਤ ਦਾ ਗਿਆਨ ਹਾਸਲ ਕਰਨ ਲਈ ਨਾਲੰਦਾ ਵਿਸ਼ਵਵਿੱਦਿਆਲੇ ਚਲਾ ਗਿਆ ਸੀ ਅਤੇ ਪਛਾਣੇ/ਪਕੜੇ ਜਾਣ ‘ਤੇ ਉਥੋਂ ਕੱਢ ਦਿੱਤਾ ਗਿਆ ਸੀ। ਇਸੇ ਕੁਮਾਰਲ ਭੱਟ ਦੇ ਤੇਜ਼ ਪ੍ਰਤਾਪ ਕਰਕੇ ਬੁੱਧ ਮੱਤ ਦਾ ਪ੍ਰਭਾਵ ਖੀਣ ਹੋਣਾ ਸ਼ੁਰੂ ਹੋ ਗਿਆ ਸੀ।
ਕੁਮਾਰਲ ਭੱਟ ਦੇ ਵਿਦਵਾਨ ਚੇਲੇ ਮੰਡਨ ਮਿਸ਼ਰਾ ਅਤੇ ਆਦੀ ਸ਼ੰਕਰਾਚਾਰੀਆ ਦਰਮਿਆਨ ਵੇਦਾਂ ਦੇ ਕਰਮ ਕਾਂਡ ਅਤੇ ਗਿਆਨ ਕਾਂਡ ਨੂੰ ਲੈ ਕੇ ਮਹਾਂ ਬਹਿਸ ਹੋਈ ਸੀ, ਜਿਸ ਵਿਚ ਮੰਡਨ ਮਿਸ਼ਰਾ ਤੇ ਉਸ ਦੀ ਵਿਦਵਾਨ ਪਤਨੀ ਭਾਰਤੀ ਨੇ ਹਾਰਨ ਪਿਛੋਂ ਸ਼ੰਕਰਾਚਾਰੀਆ ਦਾ ਮੱਤ ਅਖਤਿਆਰ ਕਰ ਲਿਆ ਸੀ।
ਇਹ ਤੱਥ ਅਤੇ ਸੱਚ ਉਕਤ ਭਿੜੰਤ ਅਤੇ ਟਕਰਾਓ ਵਾਲੇ ਵਾਤਾਵਰਣ ਦੇ ਜਾਹਰਾ ਸਬੂਤ ਹਨ। ਹਿੰਦੁਸਤਾਨ ਦਾ ਇਤਿਹਾਸ ਕਰਮ ਕਾਂਡ ਤੇ ਗਿਆਨ ਕਾਂਡ, ਪ੍ਰਵਿਰਤੀ ਮਾਰਗ ਤੇ ਨਵਿਰਤੀ ਮਾਰਗ, ਗ੍ਰਹਿਸਥ ਤੇ ਸੰਨਿਆਸ, ਅਨੇਕਤਾ ਤੇ ਏਕਤਾ ਦੇ ਵਿਰੋਧ ਅਤੇ ਟਕਰਾਓ ਤੇ ਭਿੜੰਤ ਦਾ ਅਖਾੜਾ ਬਣਿਆ ਰਿਹਾ ਹੈ।
ਇਸਲਾਮ ਅਤੇ ਸੂਫੀਮੱਤ ਦਰਮਿਆਨ ਨੇੜਤਾ (ੀਮਮਨਿeਨਚe) ਤੇ ਏਕਤਾ (ੀਮਮਅਨeਨਚe) ਦੇ ਟਕਰਾਓ ਕਾਰਨ ਸ਼ਮਸਤਬਰੇਜ ਅਤੇ ਮਨਸੂਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਸਲਾਮੀ ਇਤਿਹਾਸ ‘ਚ ਪੀਰ ਰੌਸ਼ਨੀਆ ਨੇ ਅਕਬਰ ਦੇ ਦੀਨ-ਏ-ਇਲਾਹੀ ਦੇ ਵਿਰੋਧ ਵਿਚ ਇੱਕ ਜ਼ਬਰਦਸਤ ਮੁਹਿੰਮ ਚਲਾਈ ਸੀ। ਉਸ ਨੇ ਅਰਬੀ ਲਿਪੀ ਵਿਚ ਕੁਝ ਫੇਰਬਦਲ ਕਰਕੇ ਇਸਲਾਮ ‘ਚ ਜਨ ਹਿਤ ਭਾਸ਼ਾਈ ਮੁਹਿੰਮ (ੜeਰਨਅਚੁਲਅਰਸਿਮ) ਦਾ ਆਗਾਜ਼ ਕੀਤਾ ਸੀ।
ਇਤਿਹਾਸ ਦੱਸਦਾ ਹੈ ਕਿ ਇੰਨਾ ਜ਼ੁਲਮ ਅਤੇ ਤੱਦੀ ਔਰੰਗਜ਼ੇਬ ਨੇ ਵੀ ਅਣਧਰਮੀਆਂ ‘ਤੇ ਨਹੀਂ ਸੀ ਕੀਤੀ, ਜਿੰਨੀ ਅਕਬਰ ਨੇ ਜਨ ਹਿਤ ਨੂੰ ਪ੍ਰਣਾਏ ਇਸ ਪੀਰ ਰੌਸ਼ਨੀਆਂ ਅਤੇ ਉਸ ਦੇ ਪੈਰੋਕਾਰੀ ਲਾਮਲਸ਼ਕਰ ਨੂੰ ਤਬਾਹ ਕਰਨ ਲਈ ਕੀਤੀ ਸੀ।
ਅਕਬਰ ਦੀ ਇਸ ਮਹਾਂ ਤੱਦੀ ਤੋਂ ਸਿਰਫ ਤੇ ਸਿਰਫ ਪੀਰ ਰੌਸ਼ਨੀਆਂ ਦਾ ਇੱਕ ਬੇਟਾ ਪੀਰ ਜਲਾਲਾ ਹੀ ਬਚ ਸਕਿਆ ਸੀ, ਜਿਸ ਨੇ ਮੁਗਲ ਹਕੂਮਤ ਦੇ ਖਿਲਾਫ ਮੁੜ ਝੰਡਾ ਚੁੱਕ ਲਿਆ ਸੀ।
ਇਤਿਹਾਸ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਔਰੰਗਜ਼ੇਬ ਦੀ ਤੱਦੀ ਤੋਂ ਤਾਂ ਹਿੰਦੂ ਵੀ ਬਚ ਗਏ ਸਨ ਤੇ ਸਿੱਖ ਵੀ ਬਚ ਨਿਕਲੇ, ਪਰ ਅਕਬਰ ਦੀ ਤੱਦੀ ਤੋਂ ਕੋਈ ਵੀ ਰੌਸ਼ਨੀਆਂ ਪੈਰੋਕਾਰ ਬਚ ਨਾ ਸਕਿਆ।
ਹੁਣ ਪੀਰ ਰੌਸ਼ਨੀਆਂ ਦੀ ਯਾਦ ਕਰਾਉਣ ਵਾਲੇ ਸਿਰਫ ਕੁਝ ਰੌਸ਼ਨੀ ਮੇਲੇ ਹੀ ਲੱਗਦੇ ਹਨ।
ਹਿੰਦੁਸਤਾਨ ਵਿਚ ਅਵਤਾਰ ਤੇ ਪੈਗੰਬਰ, ਮਲੇਛ ਤੇ ਕਾਫਰ, ਮੂਰਤ ਤੇ ਅਮੂਰਤ, ਬੁੱਤ ਤੇ ਸੰਕਲਪ, ਜਾਤੀ ਤੇ ਵਿਅਕਤੀ, ਹਿੰਦੂ ਤੇ ਮੁਸਲਿਮ ਦਾ ਭਿਅੰਕਰ ਵਿਰੋਧ ਅਤੇ ਟਕਰਾਓ ਰਿਹਾ ਹੈ।
ਅਜੋਕੇ ਯੁੱਗ ਵਿਚ ਇਹ ਟਕਰਾਓ ਅਤੇ ਵਿਰੋਧ ਧਰਮ ਤੇ ਸਾਇੰਸ, ਪੂਰਬ ਤੇ ਪੱਛਮ ਦੇ ਰੂਪ ਵਿਚ ਵੀ ਤਬਦੀਲ ਹੋ ਰਹੇ ਹਨ ਤੇ ਵਿਸ਼ਵ ਦੀ ਸਹਿਜ ਚਾਲ ਨੂੰ ਨਿਖੇਧਾਤਮਕ ਤਰੀਕੇ ਨਾਲ ਪ੍ਰਭਾਵਤ ਕਰ ਰਹੇ ਹਨ।
ਸਿੱਖੀ ਦਾ ਸੱਚ ਅਤੇ ਇਤਿਹਾਸਕ ਅਮਲ ਇਸ ਵਿਰੋਧ ਤੇ ਟਕਰਾਓ ਨੂੰ ਸਮਝਦਾ, ਸਮੇਟਦਾ ਅਤੇ ਮੇਟਦਾ ਹੈ। ਅਸਲ ਵਿਚ ਸਿੱਖੀ ਵਿਚ ਕਿਸੇ ਵੀ ਸੱਚ ਦਾ ਨਿਖੇਧ ਜਾਂ ਵਿਰੋਧ ਨਹੀਂ ਹੈ, ਪਰ ਸਿੱਖੀ ਉਨ੍ਹਾਂ ਵਿਰੋਧਾਂ ਦਾ ਨਿਖੇਧ ਜ਼ਰੂਰ ਕਰਦੀ ਹੈ, ਜੋ ਵਿਰੋਧ ਕਿਸੇ ਨਾ ਕਿਸੇ ਤਰ੍ਹਾਂ ਅਗਿਆਨਾਸ਼ਰਿਤ ਜਾਂ ਬੇਬੁਨਿਆਦ ਹਨ।
ਕਿਸੇ ਵਿਰੋਧ ਦਾ ਕੋਈ ਧਰਾਤਲ ਨਹੀਂ ਹੁੰਦਾ। ਵਿਰੋਧ ਸਿਰਫ ਪਸੰਦ ਜਾਂ ਨਾਪਸੰਦ ਦਾ ਹੁੰਦਾ ਹੈ। ਕੋਈ ਗੱਲ ਮੈਨੂੰ ਪਸੰਦ ਨਹੀਂ, ਕੋਈ ਕਿਸੇ ਹੋਰ ਨੂੰ ਪਸੰਦ ਨਹੀਂ ਹੈ। ਕੋਈ ਆਪਣੀ ਪਸੰਦ ਮੇਰੇ ‘ਤੇ ਕਿਉਂ ਥੋਪੇ? ਮੈਂ ਆਪਣੀ ਪਸੰਦ ਕਿਸੇ ‘ਤੇ ਕਿਉਂ ਥੋਪਾਂ? ਨਿਜੀ ਪਸੰਦ ਅਤੇ ਨਾਪਸੰਦ ਦੀ ਸੁਤੰਤਰਤਾ ਦਾ ਦਾਇਰਾ ਨਿਜੀ ਹੁੰਦਾ ਹੈ ਅਤੇ ਇਸ ਦੀ ਸੀਮਾ ਉਥੇ ਤੱਕ ਹੀ ਹੁੰਦੀ ਹੈ, ਜਿਥੇ ਦੂਜੇ ਦੀ ਪਸੰਦ ਨਾਪਸੰਦ ਦੀ ਅਧਿਕਾਰ ਰੇਖਾ ਅਰੰਭ ਨਹੀਂ ਹੁੰਦੀ। ਇਸ ਨਜ਼ਰੇ ਦੇਖਿਆਂ ਸਪਸ਼ਟ ਹੁੰਦਾ ਹੈ ਕਿ ਸਿੱਖੀ ਵਿਚ ਵਿਰੋਧ ਨਹੀਂ ਹੈ, ਸਗੋਂ ਵਿਰੋਧ ਦਾ ਵਿਰੋਧ ਹੈ ਜਾਂ ਟਕਰਾਓ ਦਾ ਟਕਰਾਓ ਹੈ।
ਜਿਵੇਂ ਕੋਈ ਅਧਿਆਪਕ ਕਿਸੇ ਵਿਦਿਆਰਥੀ ਦੇ ਠੀਕ ਸਵਾਲ ‘ਤੇ ਅਣਜਾਣਪੁਣੇ ‘ਚ ਕਾਟਾ ਮਾਰ ਦਿੰਦਾ ਹੈ, ਪਰ ਦੂਜਾ ਮਰਮੱਗ ਅਧਿਆਪਕ ਪੁਨਰ ਮੁਲਾਂਕਣ ਕਰਦਿਆਂ ਉਸ ਸਵਾਲ ‘ਤੇ ਵੱਜੇ ਕਾਟੇ ‘ਤੇ ਕਾਟਾ ਮਾਰ ਦਿੰਦਾ ਹੈ।
ਦਸਮ ਪਾਤਿਸ਼ਾਹ ਦੇ ਪਰਲੋਕ ਗਮਨ ਉਪਰੰਤ ਸਿੱਖਾਂ ਨੇ ਹਕੂਮਤ ਨਾਲ ਆਢਾ ਲਾਇਆ ਤਾਂ ਬਹਾਦਰ ਸ਼ਾਹ ਨੇ ਦਸ ਦਸੰਬਰ 1710 ਈਸਵੀ ਨੂੰ ਸ਼ਾਹੀ ਫੁਰਮਾਨ ਜਾਰੀ ਕੀਤਾ, “ਨਾਨਕ ਪ੍ਰਸਤਾਂ ਰਾ ਹਰਕੁਜਾ ਕਿਹ ਬਿਯਾਬੰਦ ਬਾ ਕਤਲ ਰਸਾਨੰਦ।” (ਜਦ ਵੀ ਕਿਤੇ ਸਿੱਖ ਲੱਭੇ ਜਾਂ ਦਿਸ ਪਵੇ ਤਾਂ ਬੇਝਿਜਕ ਕਤਲ ਕਰ ਦਿੱਤਾ ਜਾਵੇ।)
ਹਿਟਲਰ ਦੇ ‘ਫਾਈਨਲ ਸੋਲਿਊਸ਼ਨ ਆਫ ਦ ਜਿਊਜ਼ ਪ੍ਰਾਬਲਮ’ ਜਿਹੇ ਇਸ ਸ਼ਾਹੀ ਫੁਰਮਾਨ ਦਾ ਜਵਾਬ 7 ਅਪਰੈਲ 1711 ਈਸਵੀ ਨੂੰ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਲੜ ਰਹੇ ਖਾਲਸੇ ਨੇ ਇਸ ਤਰ੍ਹਾਂ ਦਿੱਤਾ:
ਸਾਡਾ ਇਸਲਾਮ ਅਤੇ ਮੁਸਲਮਾਨਾਂ ਨਾਲ ਕੋਈ ਝਗੜਾ ਨਹੀਂ, ਅਸੀਂ ਤਾਂ ਤਾਨਾਸ਼ਾਹੀ ਅਤੇ ਸ਼ਕਤੀ ਦੀ ਦੁਰਵਰਤੋਂ ਦੇ ਪੁੱਜ ਕੇ ਬਰਖਿਲਾਫ ਹਾਂ।
ਕਹਿੰਦੇ ਹਨ, ਪਿਆਰ ਅਤੇ ਜੰਗ ਵਿਚ ਸਭ ਕੁਝ ਜਾਇਜ਼ ਹੁੰਦਾ ਹੈ। ਪਰ ਸਿੱਖੀ ਵਿਚ ਪਿਆਰ ਦੇ ਵੀ ਅਤੇ ਜੰਗ ਦੇ ਵੀ ਅਸੂਲ ਹਨ। ਸਿੱਖੀ ਵਿਚ ਸੁਹਾਗ ਦਾ ਪਿਆਰ ਹੀ ਪ੍ਰਵਾਨ ਹੈ। ਜੰਗ ਦੇ ਅਸੂਲਾਂ ਵਿਚ ਸਿੱਖੀ ਦਾ ਕੋਈ ਮੁਕਾਬਲਾ ਨਹੀਂ ਹੈ। ਗੁਰੂ ਦਾ ਹੁਕਮ ਹੈ ਕਿ ਯੁੱਧ ਸਮੇਂ ਸਿੱਖ ਨੇ ਬਾਲ, ਬਿਰਧ ਅਤੇ ਔਰਤ ਉਤੇ ਵਾਰ ਨਹੀਂ ਕਰਨਾ। ਇਸ ਦੇ ਇਲਾਵਾ ਨਿਹੱਥੇ, ਡਿੱਗੇ ਹੋਏ ਜਾਂ ਭੱਜੇ ਜਾਂਦੇ ‘ਤੇ ਵਾਰ ਨਹੀਂ ਕਰਨਾ। ਇਹ ਅਸੂਲ ਗੁਰੂ ਨਾਨਕ ਦੇ ਸੱਚ ਦਾ ਪ੍ਰਗਟਾਵਾ ਹਨ।
ਮਹਾਂਰਿਸ਼ੀਆਂ ਨੇ ਪਾਰਬ੍ਰਹਮ ਦੀ ਖੋਜ ਕੀਤੀ। ਕਵੀਆਂ ਨੇ ਉਸ ਨੂੰ ਮਾਨਵੀ ਰੂਪ ਪ੍ਰਦਾਨ ਕੀਤਾ; ਪਰ ਅਨਾੜੀਆਂ ਨੇ ਉਸੇ ਨੂੰ ਹੂਬਹੂ ਪਾਰਬ੍ਰਹਮ ਅਨੁਮਾਨ ਲਿਆ; ਸਿੱਖੀ ਨੇ ਇਸ ਪ੍ਰਚਲਨ ਨੂੰ ਦਰੁਸਤ ਕੀਤਾ ਕਿ ਪਾਰਬ੍ਰਹਮ ਦਾ ਮਾਨਵੀਕ੍ਰਿਤ ਰੂਪ ਅਰੰਭਕ ਹੁਲਾਰੇ ਵਜੋਂ ਕਾਰਗਰ ਹੋ ਸਕਦਾ ਹੈ, ਪਰ ਅੰਤਿਮ ਉਪਲਕਸ਼ ਨਹੀਂ।
ਮਹਾਂਰਿਸ਼ੀਆਂ ਨੇ ਮਾਨਵੀ ਅਨੇਕਤਾ ਦੀ ਸੂਝ ਹਾਸਲ ਕੀਤੀ। ਕਵੀਆਂ ਨੇ ਇਸ ਨੂੰ ਪੁਰਸ਼ ਸੂਕਤ ਦ੍ਰਿਸ਼ਟਾਂਤ ਦਿੱਤਾ, ਪਰ ਅਨਾੜੀਆਂ ਨੇ ਇਸ ਨੂੰ ਜਾਤੀ ਪ੍ਰਥਾ ਬਣਾ ਧਰਿਆ। ਸਿੱਖੀ ਨੇ ਇਸ ਦਾ ਖੰਡਨ ਤੇ ਵਿਰੋਧ ਕੀਤਾ ਕਿ ਮਾਨਵੀ ਵਖਰੇਵਾਂ ਅਤੇ ਭਿੰਨਤਾ ਕੁਦਰਤੀ ਹੈ, ਇਸ ਨੂੰ ਊਚ-ਨੀਚ ਵਜੋਂ ਦੇਖਣਾ ਤੇ ਸਮਝਣਾ ਉਪੱਦਰੀ ਅਨਿਆਂ ਹੈ।
ਸਨਾਤਨੀ ਮੱਤ ਅਨੁਸਾਰ ਸੰਸਾਰ ਨੂੰ ਬਦਲਣਹਾਰ ਹੋਣ ਕਾਰਨ ਅਸੱਤ ਮੰਨਿਆ ਗਿਆ ਹੈ; ਜਗਤ ਦਾ ਅਰਥ ਵੀ ਗਤੀਸ਼ੀਲ ਹੈ ਅਤੇ ਸੰਸਾਰ ਦਾ ਅਰਥ ਵੀ ਬਦਲਾਉ ਹੈ। ਕੁਦਰਤ ਤਬਦੀਲੀ ਦਾ ਹੀ ਦੂਜਾ ਨਾਂ ਹੈ। ਕੁਦਰਤ ਹਰ ਪਲ ਆਪਣੇ ਨਵੇਂਪਣ ਅਰਥਾਤ ਜੋਬਨ ਵਿਚ ਹੁੰਦੀ ਹੈ।
ਗੁਰਮਤਿ ਵਿਚ ਕੁਦਰਤ ਨੂੰ ਇਸ ਦੇ ਬਦਲਣਹਾਰ ਜਾਂ ਗਤੀਸ਼ੀਲ ਸੁਭਾਉ ਕਾਰਨ ਅਸੱਤ ਨਹੀਂ ਸਗੋਂ ਸੱਚੇ ਦੀ ਕੋਠੜੀ ਅਰਥਾਤ ਸੱਚ ਦਾ ਨਿਵਾਸ ਅਸਥਾਨ ਮੰਨਿਆ ਗਿਆ ਹੈ।
ਸੱਚ ਦਾ ਨਿਰਗੁਣ ਸਰੂਪ ਕਾਦਰ ਹੈ, ਸਰਗੁਣ ਸਰੂਪ ਕੁਦਰਤ ਹੈ, ਜਿਸ ਦਾ ਮਾਨਵੀ ਪ੍ਰਗਟਾਵਾ ਸੱਭਿਆਚਾਰ ਹੈ, ਜਿਸ ਵਿਚ ਇਲਾਕੇ ਅਤੇ ਸਮੇਂ ਦੇ ਲਿਹਾਜ ਨਾਲ ਬਦਲਾਓ ਆਉਂਦੇ ਹਨ। ਲੋਕ ਆਪੋ-ਆਪਣੇ ਇਲਾਕਾਈ ਅਤੇ ਸਮਕਾਲੀ ਵਖਰੇਵੇਂ ਨੂੰ ਪ੍ਰਧਾਨ ਅਨੁਮਾਨ ਲੈਂਦੇ ਹਨ ਅਤੇ ਦੂਜੇ ਨੂੰ ਗੌਣ ਸਮਝ ਲੈਂਦੇ ਹਨ।
ਸਿੱਖੀ ਵਿਚ ਖੇਤਰੀ ਅਤੇ ਕਾਲਿਕ ਪੱਧਰ ਦੇ ਹਰੇਕ ਸੱਭਿਆਚਾਰਕ ਵਖਰੇਵੇਂ ਨੂੰ ਮਾਨਤਾ ਅਤੇ ਪ੍ਰਮੁੱਖਤਾ ਦਿੱਤੀ ਗਈ ਹੈ। ਦਸਮ ਪਾਤਿਸ਼ਾਹ ਦਾ ਫੁਰਮਾਨ ਹੈ,
ਸਭੈ ਅੱਛਰ ਬਿਦਿਆ ਸਭੈ ਦੇਸ ਬਾਨੀ॥
ਸਭੈ ਦੇਸ ਪੂਜਾ ਸਮਸਤੋ ਪ੍ਰਧਾਨੀ॥
ਮੁੱਕਦੀ ਗੱਲ, ਪੁਰਾਤਨ ਸਮਿਆਂ ਵਿਚ ਮਾਨਵੀ ਪ੍ਰਕਿਰਤੀ ‘ਤੇ ਵੱਜੇ ਕਾਟਿਆਂ ‘ਤੇ ਸਿੱਖੀ ਨੇ ਹੜਤਾਲ ਫੇਰੀ ਹੈ। ਇਹੀ ਹੜਤਾਲ ਸਿੱਖੀ ਦਾ ਵਿਰੋਧ ਅਤੇ ਟਕਰਾਓ ਹੈ।
ਗੁਰਬਾਣੀ ਵਿਚ ਗੁਰੂ ਨਾਨਕ ਪਾਤਿਸ਼ਾਹ ਨੂੰ ਸਭ ਤੋਂ ਪੁਰਾਤਨ ਅਰਥਾਤ ਆਦਿਪੁਰਖ ਕਿਹਾ ਗਿਆ ਹੈ, ਭਾਵ ਗੁਰੂ ਨਾਨਕ ਦਾ ਦਰਸਾਇਆ ਤੇ ਵਿਆਖਿਆਇਆ ਸੱਚ ਸਨਾਤਨ (ਓਟeਰਨਅਲ) ਅਰਥਾਤ ਮੁੱਢਕਦੀਮੀ ਅਤੇ ਸਦੀਵੀ ਹੈ।
ਇਸ ਦ੍ਰਿਸ਼ਟੀਕੋਣ ਤੋਂ ਸਿੱਖੀ ਨੂੰ ਸਮਝਿਆਂ ਜਾਂ ਸਮਝਦਿਆਂ ਵਿਸ਼ਵ ਨੂੰ ਅਮਰੀਕੀਕਰਣ (Aਮeਰਚਿਅਨਡਿਅਟਿਨ) ਤੋਂ ਰੋਕ ਕੇ ਅਤੇ ਬਚਾ ਕੇ ਸਰਬ ਸਾਂਝੀਵਾਲਤਾ ਦੀ ਦਿਸ਼ਾ ਵੱਲ ਮੋੜਿਆ ਜਾ ਸਕਦਾ ਹੈ। ਜੇ ਇਹ ਯਤਨ ਕਿਸੇ ਕੀਮਤ ‘ਤੇ ਵੀ ਜਾਰੀ ਹੋ ਅਤੇ ਰਹਿ ਸਕਣ ਤਾਂ ਇਹ ਸਿੱਖੀ ਦੀ ਵੱਡੀ ਤੇ ਅਸਲ ਕਰਾਮਾਤ ਹੋਵੇਗੀ।