ਟੀ. ਵੀ. ਅਤੇ ਰਿਸ਼ਤਿਆਂ ਦਾ ਨਿੱਘ

ਅੰਦਲੀਬ ਕੌਰ
ਫੋਨ: 91-99157-56799
ਦੋ ਸਾਲਾਂ ਬਾਅਦ ਸਾਡਾ ਪਰਿਵਾਰ ਇਕੱਠਾ ਹੋਇਆ ਸੀ। ਅੱਧਾ ਪਰਿਵਾਰ ਆਸਟਰੇਲੀਆ ਤੇ ਅੱਧਾ ਅਮਰੀਕਾ। ਇਥੇ ਪੰਜਾਬ ਤਾਂ ਅਸੀਂ ਬਜੁਰਗ ਹੀ ਹਾਂ, ਦੋ ਅਸੀਂ ਤੇ ਦੋ ਬੇਜੀ-ਬਾਪੂ ਜੀ। ਕੱਲ ਅਜੇ ਆਏ ਸਾਰੇ, ਸਵੇਰੇ ਉਠਦਿਆਂ ਹੀ ਘੁੰਮਣ ਦੀ ਸਲਾਹ ਬਣਾ ਲਈ। ਸਾਡੇ ਤੋਂ ਤਾਂ ਬਹੁਤਾ ਤੁਰਿਆ ਨਹੀਂ ਜਾਂਦਾ। ਬੱਸ ਸਾਰੇ ਬੱਚੇ ਚਲੇ ਗਏ। ਮੈਂ ਸੋਚਿਆ ਉਨ੍ਹਾਂ ਦੇ ਆਉਣ ਤਕ ਸਬਜ਼ੀਆਂ ਬਣਾ ਲਵਾਂ, ਜਦੋਂ ਆਉਣਗੇ ਤਾਂ ਗਰਮ-ਗਰਮ ਰੋਟੀਆਂ ਨਾਲ ਖਾਣਾ ਪਰੋਸਾਂ। ਅਸੀਂ ਰੋਟੀ ਵੇਲੇ ਉਡੀਕਦੇ ਰਹੇ ਪਰ ਉਨ੍ਹਾਂ ਦੀ ਕੋਈ ਖਬਰ ਨਹੀਂ। ਬਈ ਘੁੰਮਣਾ ਹੁੰਦਾ ਤਾਂ ਆਪਣੇ ਅਮਰੀਕਾ-ਆਸਟਰੇਲੀਆ ਘੁੰਮਦੇ ਰਹੋ। ਭਾਰਤ ਆ ਕੇ ਤਾਂ ਟਿੱਕ ਕੇ ਬੈਠ ਜੋ, ਦੋ ਘੜੀ ਸਾਡੇ ਵੀ ਕਲੇਜੇ ਠੰਢ ਪਵੇ।

ਸ਼ਾਮ ਦੇ ਸੱਤ ਵੱਜ ਗਏ, ਫੋਨ ਕੀਤਾ ਤਾਂ ਪਤਾ ਲੱਗਾ ਕਿ ਲੇਟ ਆਉਣਗੇ। ਉਡੀਕ ਨਾ ਕਰਨਾ। ਹੁਣ ਇਹ ਫਿਲਮ ਵੇਖਣੀ ਵੀ ਅੱਜ ਪੰਜਾਬ ਆ ਕੇ ਹੀ ਯਾਦ ਆਉਣੀ ਸੀ, ਮੈਂ ਬੁੜ ਬੁੜ ਕਰਦਿਆਂ ਸਾਡੀ ਚਾਰਾਂ ਦੀ ਰੋਟੀ ਪਾਈ ਤੇ ਬੇਜੀ ਹੋਰਾਂ ਨੂੰ ਰੋਟੀ ਖਵਾਉਣ ਚਲੀ ਗਈ। ਬੇਜੀ ਨੇ ਸਭ ਤੋਂ ਪਹਿਲਾਂ ਪੁੱਛਿਆ, ਬੱਚੇ ਅਜੇ ਮੁੜੇ ਨ੍ਹੀਂ, ਕੁਵੇਲਾ ਹੋ ਗਿਆ। ਬੇਜੀ, ਉਹ ਫਿਲਮ ਵੇਖਣ ਚਲੇ ਗਏ ਨੇ, ਲੇਟ ਆਉਣਗੇ। ਮੈਂ ਪੁੱਛਿਆ, ਬੇਜੀ ਤੁਸੀਂ ਵੀ ਤਾਂ ਫਿਲਮ ਵੇਖਣ ਜਾਂਦੇ ਸੀ। ਬੇਜੀ ਮੁਸਕੁਰਾਉਂਦਿਆਂ ਬੋਲੇ, ਸਾਡੇ ਵੇਲੇ ਹਰ ਵੀਰਵਾਰ ਲੇਡੀਜ਼ ਸ਼ੋਅ ਹੁੰਦਾ ਸੀ, ਅਸੀਂ ਆਪਣਾ ਕੰਮ ਨਿਬੇੜ ਕੇ ਇਕੱਠੀਆਂ ਹੋ ਕੇ ਫਿਲਮ ਵੇਖਣ ਜਾਂਦੀਆਂ।
“ਹਾਂ ਬੇਜੀ ਯਾਦ ਹੈ, ਜਦੋਂ ਮੈਂ ਸਕੂਲ ਪੜ੍ਹਦੀ ਸੀ, ਸਾਨੂੰ ਸਕੂਲ ਵਲੋਂ ਕਿੰਨੀਆਂ ਫਿਲਮਾਂ ਦਿਖਾਉਂਦੇ ਸੀ। ਕਦੇ ਨਾਨਕ ਨਾਮ ਜਹਾਜ, ਕਦੇ ਸੰਤੋਸ਼ੀ ਮਾਂ। ਹਰ ਧਾਰਮਕ ਫਿਲਮ ਵੇਖਣ ਭੱਜੇ ਜਾਂਦੇ ਸੀ। ਮੇਰੇ ਜਨਮ ਦਿਨ ‘ਤੇ ਵਿਹੜੇ ਵਿਚ ਵੀ. ਸੀ. ਆਰ. ‘ਤੇ ਫਿਲਮ ਲਾਈ ਸੀ। ਸਾਰੇ ਕਿੰਨੇ ਖੁਸ਼ ਹੋਏ ਸਨ। ਕਿੰਨਾ ਮਜ਼ਾ ਆਉਂਦਾ ਸੀ। ਪਰ ਹੁਣ ਤਾ ਭਾਵੇਂ ਕਿੰਨੀਆਂ ਫਿਲਮਾਂ ਆਉਂਦੀਆਂ ਨੇ ਪਰ ਵੇਖਣ ਨੂੰ ਜੀਅ ਹੀ ਨਹੀਂ ਕਰਦਾ।”
“ਹਾਂ ਪੁੱਤ, ਉਦੋਂ ਇਕੱਠਿਆਂ ਦੇਖਣ ਵਿਚ ਮਜ਼ਾ ਹੀ ਕੁਝ ਹੋਰ ਸੀ।” ਹੁਣ ਬੇਜੀ ਆਪਣੀਆਂ ਪੁਰਾਣੀਆਂ ਯਾਦਾਂ ਵਿਚ ਗੁਆਚ ਗਏ, “ਮੈਨੂੰ ਅਜੇ ਤਕ ਯਾਦ ਹੈ ਕਿ ਸਾਡੀ ਗਲੀ ਵਿਚ ਸਭ ਤੋਂ ਪਹਿਲਾ ਟੀ. ਵੀ. ਲੱਗਾ ਸੀ। ਇੱਕ ਜਣਾ ਤਾਂ ਸਾਰਾ ਦਿਨ ਛੱਤ ‘ਤੇ ਟੀ. ਵੀ. ਦਾ ਐਂਟੀਨਾ ਹੀ ਸੈਟ ਕਰਦਾ ਰਹਿੰਦਾ। ਲੋਕ ਕਿੰਨੇ ਦਿਨ ਮੁਬਾਰਕਾਂ ਦੇਣ ਆਉਂਦੇ ਰਹੇ। ਦੂਰਦਰਸ਼ਨ ਦੀ ਸ਼ੁਰੂਆਤ ਸ਼ਾਮ ਨੂੰ ਇਕ ਚੱਕਰ ਨੁਮਾ ਚਿੱਤਰ ਤੇ ਮਧੁਰ ਸੰਗੀਤ ਨਾਲ ਹੁੰਦੀ। ਕਈ ਵਾਰ ਅੱਗੇ ਬੈਠਣ ਲਈ ਲੜਾਈ ਵੀ ਹੋ ਜਾਂਦੀ। ਇਕ ਟੱਕ ਵੇਖੀ ਜਾਣਾ। ਸਮਾਚਾਰ ਵੀ ਪੂਰੇ ਸੁਣਦੇ ਸੀ। ਹੁਣ ਵਾਂਗ ਸਾਰਾ ਦਿਨ ਤਾਂ ਟੀ. ਵੀ. ਚਲਦਾ ਨਹੀਂ ਸੀ, ਸ਼ਾਮ ਨੂੰ ਬੱਸ ਕੁਝ ਦੇਰ ਹੀ ਪ੍ਰੋਗਰਾਮ ਆਉਂਦਾ। ਫਸਲਾਂ ਦਾ ਪ੍ਰੋਗਰਾਮ ਕ੍ਰਿਸ਼ੀ ਦਰਸ਼ਨ ਵੀ ਪੂਰਾ ਵੇਖਦੇ। ਐਤਵਾਰ ਰਾਮਾਇਣ, ਮਹਾਭਾਰਤ ਆਉਂਦੇ ਸੀ। ਸਾਰੇ ਕੰਮ ਨਿਬੇੜ ਕੇ ਇਕੱਠੇ ਹੋ ਕੇ ਬੈਠ ਜਾਂਦੇ ਵੇਖਣ। ਕਈ ਲੋਕ ਤਾਂ ਰਾਮਾਇਣ ਸ਼ੁਰੂ ਹੋਣ ‘ਤੇ ਟੀ. ਵੀ. ਨੂੰ ਮੱਥਾ ਹੀ ਟੇਕਣ ਲੱਗ ਜਾਂਦੇ। ਆਲੇ ਦੁਆਲੇ ਦੀ ਪੂਰੀ ਭੀੜ ਵਿਹੜੇ ਵਿਚ ਇਕੱਠੀ ਹੋ ਜਾਂਦੀ।”
ਅਸੀਂ ਅਜੇ ਗੱਲਾਂ ਹੀ ਕਰ ਰਹੇ ਸਾਂ, ਬਾਹਰੋਂ ਬੱਚਿਆਂ ਦੇ ਰੌਲੇ ਤੋਂ ਪਤਾ ਲਗ ਗਿਆ, ਸਾਡੀਆਂ ਰੌਣਕਾਂ ਵਾਪਸ ਆ ਗਈਆਂ ਨੇ। ਸਾਰੇ ਬਹੁਤ ਖੁਸ਼ ਸਨ। ਮੈਂ ਪੁਛਿਆ, ਰੋਟੀ ਤਾਂ ਤੁਸੀਂ ਹੁਣ ਖਾਣੀ ਨਹੀਂ ਹੋਵੇਗੀ। ਪੀਜ਼ਾ, ਬਰਗਰ ਬਥੇਰਾ ਕੁਝ ਖਾ ਕੇ ਆਏ ਹੋਵੋਗੇ।
“ਨਹੀਂ ਮੰਮੀ ਖਾਧਾ ਤਾਂ ਸੀ ਪਰ ਹੁਣ ਸਾਨੂੰ ਤੁਹਾਡੇ ਹੱਥਾਂ ਦੇ ਬਣੇ ਖਾਣੇ ਦੀ ਭੁੱਖ ਲੱਗੀ ਹੈ।” ਸਭ ਨੂੰ ਮੇਰੇ ਹੱਥਾਂ ਦਾ ਬਣਿਆ ਖਾਣਾ ਬਹੁਤ ਪਸੰਦ ਸੀ। ਹੁੰਦਾ ਵੀ ਕਿਉਂ ਨਾ, ਕਿੰਨੇ ਘੰਟੇ ਲਾ ਕੇ ਸਭ ਦਾ ਮਨਪਸੰਦ ਬੈਂਗਣ ਦਾ ਭੜਥਾ, ਕਿਸੇ ਲਈ ਮਾਂਹ ਰਾਜਮਾਂਹ ਵਾਲੀ ਦਾਲ, ਸ਼ਾਹੀ ਪਨੀਰ, ਦਹੀਂ ਭੱਲੇ, ਖੀਰ ਤੇ ਪਤਾ ਨਹੀਂ ਹੋਰ ਕੀ ਚਾਵਾਂ ਨਾਲ ਬਣਾਇਆ ਸੀ। ਅੱਜ ਕਿੰਨੇ ਸਮੇਂ ਬਾਅਦ ਇਕੱਠੇ ਰੋਟੀ ਖਾ ਰਿਹਾ ਸੀ ਮੇਰਾ ਪੂਰਾ ਪਰਿਵਾਰ। ਬੱਚਿਆਂ ਨੇ ਰੱਜ ਕੇ ਰੋਟੀ ਖਾਧੀ, ਕਲੇਜੇ ਠੰਡ ਮੇਰੇ ਪਈ। ਸਕੂਨ ਮੇਰੇ ਅੰਦਰ ਆਇਆ, ਸਭ ਨੂੰ ਰਲ ਕੇ ਖਾਣਾ ਖਾਂਦਿਆਂ ਵੇਖ ਕੇ। ਜੀਅ ਕਰੇ ਇਹ ਪਲ ਇਥੇ ਹੀ ਰੋਕ ਲਵਾਂ।
ਅਜੇ ਇਸ ਤਾਣੇ-ਬਾਣੇ ਵਿਚ ਹੀ ਸੀ, ਛੋਟੀ ਸੰਮੀਆਂ ਨੇ ਆ ਕੇ ਪਿੱਛੋਂ ਘੁਟ ਕੇ ਗਲਵਕੜੀ ਵਿਚ ਲੈ ਲਿਆ। ਦਾਦੀ ਮਾਂ ਥੈਂਕਸ ਖੀਰ ਬਹੁਤ ਸੁਆਦ ਸੀ, ਬਹੁਤ ਮਜਾ ਆਇਆ। ਜੀਅ ਸਦਕੇ, ਮੇਰੇ ਬੱਚੇ ਨੂੰ ਮੈਂ ਹਰ ਰੋਜ਼ ਬਦਾਮਾਂ ਵਾਲੀ ਖੀਰ ਖਵਾਵਾਂਗੀ। ਸਾਰੇ ਉਠੇ ਤੇ ਮੇਰੇ ਬਣਾਏ ਖਾਣੇ ਦੀ ਤਾਰੀਫ ਕਰਦੇ ਕਦੋਂ ਖਿੰਡ ਪੁੰਡ ਆਪੋ ਆਪਣੇ ਕਮਰਿਆਂ ਵਿਚ ਜਾ ਵੜੇ। ਇਹ ਕੀ ਸੀ, ਬਸ ਅੱਧੇ ਕੁ ਘੰਟੇ ਲਈ ਝਲਕ ਦਿਖਾਈ, ਜਿਵੇਂ ਕੋਈ ਸੁਪਨਾ ਹੋਵੇ ਤੇ ਫਿਰ ਅੱਡੋ ਅੱਡ। ਹੁਣ ਤਾਂ ਟੀ. ਵੀ. ਦਾ ਵੀ ਕੋਈ ਬਹਾਨਾ ਨਹੀਂ ਇਕੱਠੇ ਹੋਣ ਲਈ, ਕਿਉਂਕਿ ਹਰ ਕਮਰੇ ਵਿਚ ਅੱਡੋ ਅੱਡ ਟੀ. ਵੀ.। ਪਤਾ ਨਹੀਂ ਇਹ ਸਾਰੀ ਦੁਨੀਆਂ ਇੰਨੀ ਅਮੀਰ ਕਿਉਂ ਹੋ ਗਈ। ਪੈਸਿਆਂ ਦੀ ਅਮੀਰੀ ਤੇ ਰਿਸ਼ਤਿਆਂ ਦੀ ਕੰਗਾਲੀ।
ਮੈਨੂੰ ਫੇਰ ਇਕ ਪੁਰਾਣੀ ਗੱਲ ਯਾਦ ਆ ਗਈ, ਜਦੋਂ ਮੈਂ ਆਪਣੀਆਂ ਭੈਣਾਂ ਨਾਲ ਕਿੰਨੀਆਂ ਝਿੜਕਾਂ ਖਾਧੀਆਂ ਸਨ, ਵੱਡੇ ਬਾਪੂ ਜੀ ਤੋਂ। ਬੜੀ ਜ਼ਿਦ ਕੀਤੀ ਤਾਂ ਵੀ. ਸੀ. ਆਰ. ਘਰ ਫਿਲਮ ਵੇਖਣ ਲਈ ਕਿਰਾਏ ‘ਤੇ ਲਿਆਏ। ਬੜੇ ਚਾਅ ਨਾਲ ਫਿਲਮ ਵੇਖ ਰਹੇ ਸੀ, ਉਤੋਂ ਆ ਗਏ ਪਿੰਡੋਂ ਵੱਡੇ ਬਾਪੂ ਜੀ, ਬਸ ਫਿਰ ਕੀ ਸੀ, ਸਾਡੀ ਸਭ ਦੀ ਸ਼ਾਮਤ ਆਈ। ਅਜੇ ਵੀ ਯਾਦ ਕਰਕੇ ਕੰਬ ਜਾਈਦਾ। ਅਸੀਂ ਫਿਰ ਵੀ ਬਚ ਗਏ, ਸਾਡੇ ਮਾਪਿਆਂ ਨੂੰ ਕਿਤੇ ਵੱਧ ਝਿੜਕਾਂ ਪਈਆਂ। ਬਾਪੂ ਜੀ ਬੋਲੇ, ਇਹ ਘਰ ਕੀ ਕੰਜਰਖਾਨਾ ਲਾਇਆ ਹੋਇਆ ਹੈ, ਬੰਦ ਕਰੋ। ਸਾਰੇ ਇਕ ਦੂਜੇ ਵਿਚ ਟੱਕਰਾਂ ਮਰਦੇ ਇਧਰ ਓਧਰ ਭੱਜੇ, ਸਾਨੂੰ ਲੁਕਣ ਨੂੰ ਕੋਈ ਥਾਂ ਨਾ ਲੱਭੇ। ਦੋ ਦਿਨ ਤਕ ਬਾਪੂ ਜੀ ਅੱਗੇ ਜਾਣ ਦਾ ਹੌਂਸਲੇ ਨਾ ਪਿਆ। ਅੱਜ ਕਲ ਵਾਂਗ ਨਹੀਂ, ਬਾਪ-ਦਾਦੇ ਕੋਲ ਬੈਠੇ ਵੀ ਬਿਲਕੁਲ ਬਕਵਾਸ ਸੀਨ ਬੇਝਿਜਕ ਵੇਖੀ ਜਾਂਦੇ ਨੇ।
ਇਨ੍ਹਾਂ ਸੋਚਾਂ ਵਿਚ ਕਾਫੀ ਦੇਰ ਹੋ ਗਈ ਤੇ ਮੈਂ ਸੋਚਾਂ ਵਿਚੋਂ ਉਦੋਂ ਨਿਕਲੀ ਜਦੋਂ ਨਿੱਕੀ ਮੇਰੀ ਗੋਦ ਵਿਚ ਘੁਸੜ ਕੇ ਪੈ ਗਈ ਤੇ ਕਹਿਣ ਲੱਗੀ, “ਦਾਦੀ ਮਾਂ ਇਕ ਸੋਹਣੀ ਜਿਹੀ ਪਰੀਆਂ ਵਾਲੀ ਕਹਾਣੀ ਸੁਣਾਓ।”
“ਜਾਹ, ਟੀ. ਵੀ. ‘ਤੇ ਆਪਣੇ ਕਾਰਟੂਨ ਵੇਖ।”
“ਨਹੀਂ ਦਾਦੀ ਮਾਂ, ਅਸੀਂ ਅਮਰੀਕਾ ਵੀ ਟੀ. ਵੀ. ਵੇਖਦੇ ਹੀ ਸੌਂਦੇ ਹਾਂ। ਮੰਮੀ-ਪਾਪਾ ਕੋਲ ਮੇਰੇ ਲਈ ਬਿਲਕੁਲ ਵਕਤ ਨਹੀਂ। ਤੁਸੀਂ ਸਾਡੇ ਨਾਲ ਚੱਲੋ, ਫਿਰ ਮੈਂ ਰੋਜ਼ ਤੁਹਾਡੇ ਤੋਂ ਕਹਾਣੀ ਸੁਣਾਂਗੀ।”
ਉਸ ਦੇ ਨਿੱਕੇ ਮਿੱਠੇ ਬੋਲਾਂ ਵਿਚ ਕਿੰਨਾ ਤਰਲਾ ਸੀ। ਬੱਚੇ ਹੋਣ ਭਾਵੇਂ ਬਜੁਰਗ ਹਮੇਸ਼ਾ ਸਾਥ ਚਾਹੁੰਦੇ ਹਨ। ਸਾਡੇ ਗਵਾਂਢ ਬਜੁਰਗ ਰਹਿੰਦੇ ਨੇ। ਸਾਰਾ ਦਿਨ ਸਵੇਰ ਤੋਂ ਸ਼ਾਮ ਉਨ੍ਹਾਂ ਦਾ ਟੀ. ਵੀ. ਚਲਦਾ ਹੈ, ਗੁਰਬਾਣੀ ਤੋਂ ਲੈ ਕੇ ਲੜੀਵਾਰ ਨਾਟਕ-ਬਸ ਚਲਦਾ ਹੀ ਰਹਿੰਦਾ ਹੈ। ਪੁੱਛਣ ‘ਤੇ ਕਹਿਣ ਲੱਗੇ, “ਟੀ. ਵੀ. ਲੱਗਾ ਹੋਵੇ ਤਾਂ ਮੈਨੂੰ ਲਗਦਾ ਹੈ, ਕੋਈ ਮੇਰੇ ਨਾਲ ਹੈ। ਮੈਂ ਇੱਕਲੀ ਨਹੀਂ। ਸਾਰਾ ਪਰਿਵਾਰ ਤਾਂ ਬਾਹਰ ਵਿਦੇਸ਼ ਹੈ। ਜੀਅ ਲਾਵਾਂ ਤਾਂ ਕੀਹਦੇ ਨਾਲ ਲਾਵਾਂ। ਤੁਰਿਆ ਤਕ ਤਾਂ ਜਾਂਦਾ ਨਹੀਂ।”
ਜੀਵਨ ਕਿੰਨਾ ਬੇਵੱਸ ਹੋ ਜਾਂਦਾ ਹੈ। ਦੇਸ਼ਾਂ ਦੀਆਂ ਦੂਰੀਆਂ ਕਿੰਨੀਆਂ ਘਟ ਗਈਆਂ ਨੇ, ਸੰਸਾਰ ਵਿਚ ਕਿਸੇ ਵੀ ਕੋਨੇ ਚਲੇ ਜਾਓ। ਪਰੰਤੂ ਰਿਸ਼ਤਿਆਂ ਦੀਆਂ ਦੂਰੀਆਂ ਕਿੰਨੀਆਂ ਵਧ ਗਈਆਂ ਨੇ। ਇਕ ਕਮਰੇ ਤੋਂ ਦੂਜੇ ਕਮਰੇ ਜਾਣ ਦਾ ਵੀ ਸਮਾਂ ਨਹੀਂ ਮਿਲਦਾ। ਟੀ. ਵੀ. ਆਦਿ ਨੂੰ ਜੀਵਨ ‘ਤੇ ਇੰਨਾ ਹਾਵੀ ਨਾ ਹੋਣ ਦਿਓ ਕਿ ਆਪਣੇ ਹੀ ਗੁਆਚ ਜਾਣ, ਵਿਛੜ ਜਾਣ ਤੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਨਾ ਕਰ ਸਕਣ।
ਵਕਤ ਨਿਕਾਲ ਕਰ
ਮਿਲ ਲੀਯਾ ਕਰੋ ਅਪਨੋ ਸੇ,
ਅਗਰ ਅਪਨੇ ਹੀ ਨਾ ਰਹੇਂਗੇ
ਤੋ ਵਕਤ ਕਾ ਕਯਾ ਕਰੋਗੇ।