ਪੰਜਾਬੀ ਸਿਨੇਮਾ ਦਾ ਕੱਦ ਹੋਰ ਉਚਾ ਕਰੇਗੀ ਫਿਲਮ ‘ਹਾਈਐਂਡ ਯਾਰੀਆਂ’

ਪੰਜਾਬੀ ਸਿਨੇਮਾ ਇਸ ਵੇਲੇ ਸਿਖਰਾਂ ਛੋਹ ਰਿਹਾ ਹੈ। ਨਵੇਂ ਵਿਸ਼ਿਆਂ ‘ਤੇ ਨਵੇਂ ਤਜਰਬਿਆਂ ਨਾਲ ਫਿਲਮਾਂ ਬਣਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਨਿਰਦੇਸ਼ਕ ਪੰਕਜ ਬਤਰਾ ਨੇ ਇਕ ਨਵੇਂ ਵਿਸ਼ੇ ‘ਤੇ ਤਜਰਬਾ ਕਰਦਿਆਂ ਪੰਜਾਬੀ ਫਿਲਮ ‘ਹਾਈਐਂਡ ਯਾਰੀਆਂ’ ਬਣਾਈ ਹੈ। ਇਹ ਪਹਿਲੀ ਪੰਜਾਬੀ ਫਿਲਮ ਕਹੀ ਜਾ ਸਕਦੀ ਹੈ, ਜਿਸ ਦੀ 95 ਫੀਸਦੀ ਸ਼ੂਟਿੰਗ ਲੰਡਨ ਵਰਗੇ ਮਹਿੰਗੇ ਮੁਲਕ ‘ਚ ਕੀਤੀ ਗਈ ਹੈ।

22 ਫਰਵਰੀ ਨੂੰ ਰਿਲੀਜ਼ ਹੋ ਰਹੀ ਇਹ ਫਿਲਮ ਪੰਜਾਬੀ ਸਿਨੇਮਾ ਦਾ ਮਿਆਰ ਹੋਰ ਉਚਾ ਚੁੱਕਣ ਦਾ ਦਮ ਰੱਖਦੀ ਹੈ। ‘ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ’, ‘ਪੰਕਜ ਬੱਤਰਾ ਫਿਲਮਜ਼’ ਅਤੇ ‘ਸਪੀਡ ਰਿਕਾਰਡਜ਼’ ਦੇ ਬੈਨਰ ਹੇਠ ਬਣੀ ਨਿਰਮਾਤਾ ਸੰਦੀਪ ਬਾਂਸਲ, ਪੰਕਜ ਬੱਤਰਾ, ਰੂਬੀ ਅਤੇ ਦਿਨੇਸ਼ ਔਲਖ ਦੀ ਇਸ ਫਿਲਮ ਦੀ ਦਿਲਚਸਪ ਕਹਾਣੀ ਤਿੰਨ ਨੌਜਵਾਨਾਂ ‘ਤੇ ਆਧਾਰਤ ਹੈ, ਜੋ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਲੰਡਨ ਪੜ੍ਹਾਈ ਕਰਨ ਗਏ ਹੁੰਦੇ ਹਨ। ਇਹ ਪੰਜਾਬੀ ਦੀ ਅਜਿਹੀ ਪਹਿਲੀ ਫਿਲਮ ਹੋਵੇਗੀ ਜਿਸ ਵਿਚ ਪੰਜਾਬ ਦੇ ਤਿੰਨ ਵੱਡੇ ਸਟਾਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਇਕੱਠੇ ਨਜ਼ਰ ਆਉਣਗੇ।
ਰਣਜੀਤ ਬਾਵਾ ਨੇ ਇਸ ਫਿਲਮ ‘ਚ ਇੱਕ ਦੇਸੀ ਤੇ ਸਾਧਾਰਨ ਜਿਹੇ ਮੁੰਡੇ ਦਾ ਕਿਰਦਾਰ ਨਿਭਾਇਆ ਹੈ, ਜੋ ਬਠਿੰਡੇ ਤੋਂ ਲੰਡਨ ਪੜ੍ਹਾਈ ਲਈ ਜਾਂਦਾ ਹੈ। ਉਸ ਦਾ ਇਸ ਫਿਲਮ ਵਿਚਲਾ ਕਿਰਦਾਰ ਉਸ ਦੀਆਂ ਪਹਿਲੀਆਂ ਫਿਲਮਾਂ ਨਾਲੋ ਬਿਲਕੁੱਲ ਵੱਖਰਾ ਹੋਵੇਗਾ। ਫਿਲਮ ‘ਚੰਨਾ ਮੇਰਿਆ’ ਰਾਹੀਂ ਫਿਲਮ ਖੇਤਰ ਨਾਲ ਜੁੜਿਆ ਗਾਇਕ ਨਿੰਜਾ ਵੀ ਇਸ ਫਿਲਮ ‘ਚ ਵੱਖਰੇ ਰੂਪ ‘ਚ ਦਿਖੇਗਾ, ਉਹ ਇਸ ਫਿਲਮ ਵਿਚ ਚੰਡੀਗੜ੍ਹ ਦੇ ਇੱਕ ਹਿੰਦੂ ਪਰਿਵਾਰ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਇਸ ਫਿਲਮ ਰਾਹੀਂ ਵੱਖਰੀ ਦਿੱਖ ‘ਚ ਨਜ਼ਰ ਆਉਣ ਵਾਲਾ ‘ਯੈਂਕੀ ਬੁਆਏ’ ਜੱਸੀ ਗਿੱਲ ਫਿਲਮ ‘ਚ ਅੰਮ੍ਰਿਤਸਰ ਦੇ ਇੱਕ ਪੜ੍ਹੇ-ਲਿਖੇ ਤੇ ਆਮੀਰ ਪਰਿਵਾਰ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਪੜ੍ਹਾਈ ਕਰਨ ਲਈ ਲੰਡਨ ਗਏ ਜਦੋਂ ਇਹ ਤਿੰਨੋਂ ਨੌਜਵਾਨ ਇਕੱਠੇ ਹੁੰਦੇ ਹਨ, ਫਿਰ ਉਥੇ ਜੋ ਮਾਹੌਲ ਬਣਦਾ ਹੈ, ਉਸੇ ‘ਤੇ ਇਸ ਫਿਲਮ ਦੀ ਕਹਾਣੀ ਟਿਕੀ ਹੈ।
ਨਿਰਦੇਸ਼ਕ ਪੰਕਜ ਬੱਤਰਾ ਇਸ ਫਿਲਮ ਤੋਂ ਪਹਿਲਾਂ ‘ਨੌਟੀ ਜੱਟਸ’, ‘ਗੋਰਿਆਂ ਨੂੰ ਦਫਾ ਕਰੋ’, ‘ਬੰਬੂਕਾਟ’, ‘ਦਿਲਦਾਰੀਆਂ’ ਅਤੇ ‘ਸੱਜਣ ਸਿੰਘ ਰੰਗਰੂਟ’ ਵਰਗੀਆਂ ਹਿੱਟ ਫਿਲਮਾਂ ਬਣਾ ਚੁਕਾ ਹੈ। ਇਸ ਫਿਲਮ ਜ਼ਰੀਏ ਉਹ ਆਪਣੇ ਪ੍ਰੋਡਕਸ਼ਨ ਹਾਊਸ ‘ਪੰਕਜ ਬੱਤਰਾ ਫਿਲਮਜ਼’ ਦੀ ਸ਼ੁਰੂਆਤ ਵੀ ਕਰਨਗੇ। ਪੰਕਜ ਬੱਤਰਾ ਮੁਤਾਬਕ ਉਨ੍ਹਾਂ ਦੀ ਇਹ ਫਿਲਮ ਇੱਕ ਵੱਖਰੀ ਕਿਸਮ ਦੀ ਹੋਵੇਗੀ। ਫਿਲਮ ਦੀਆਂ ਹੀਰੋਇਨਾਂ ਆਰੂਸ਼ੀ ਸ਼ਰਮਾ, ਮੁਸਕਾਨ ਸੇਠੀ ਤੇ ਨਵਨੀਤ ਕੌਰ ਢਿੱਲੋਂ ਹਨ। ਫਿਲਮ ਦੀ ਕਹਾਣੀ ਗੁਰਜੀਤ ਸਿੰਘ ਨੇ ਲਿਖੀ ਹੈ ਤੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਫਿਲਮ ਦਾ ਸੰਗੀਤ ਬੀ. ਪਰੈਕ, ਗੋਲਡ ਬੁਆਏ ਅਤੇ ਜੈ ਦੇਵ ਨੇ ਤਿਆਰ ਕੀਤਾ ਹੈ। ਗੀਤ ਜਾਨੀ, ਵਿੰਦਰ ਨੱਥੂਮਾਜਰਾ ਤੇ ਨਿਰਮਾਣ ਨੇ ਲਿਖੇ ਹਨ, ਜੋ ਗਾਏ ਜੱਸੀ ਗਿੱਲ, ਨਿੰਜਾ, ਰਣਜੀਤ ਬਾਵਾ ਸਮੇਤ ਹੋਰ ਨਾਮੀ ਗਾਇਕਾਂ ਨੇ ਹਨ। ਪੰਜਾਬ ਤੋਂ ਪੜ੍ਹਾਈ ਲਈ ਵਿਦੇਸ਼ ਪਹੁੰਚੇ ਤਿੰਨ ਨੌਜਵਾਨਾਂ ਦੇ ਵੱਖੋ ਵੱਖਰੇ ਮਾਹੌਲ ਨੂੰ ਦਰਸਾਉਦੀ ਇਹ ਫਿਲਮ ਸ਼ਹਿਰੀ ਅਤੇ ਪੇਂਡੂ ਨੌਜਵਾਨਾਂ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ।
-ਸਾਕਾ ਨੰਗਲ
ਫੋਨ: 91-70094-76970