ਵਿਸਾਖੀ, ਢੋਲ ਅਤੇ ਭੰਗੜਾ

ਜਸਵੰਤ ਸਿੰਘ ਵਿਰਦੀ
ਇਕ ਲੋਕ ਕਥਾ ਮੁਤਾਬਿਕ ਵਿਸਾਖੀ ਵਾਲੇ ਦਿਨ ਭੰਗੜੇ ਵਿਚ ਵਿਸ਼ਵ ਦਾ ਸਭ ਤੋਂ ਵੱਡਾ ਨਟਰਾਜ ਸ਼ਿਵ ਜੀ ਵੀ ਪੰਜਾਬੀਆਂ ਨਾਲ ਰਲ ਕੇ ਭੰਗੜਾ ਪਾਉਂਦਾ ਹੈ। ਕਿਹੀ ਰੰਗੀਨ ਕਲਪਨਾ ਹੈ ਲੋਕ ਕਥਾ ਦੀ!
ਵਿਸਾਖੀ ਦਾ ਤਿਉਹਾਰ ਸੰਸਾਰ ਭਰ ਦੇ ਦੇਸ਼ਾਂ ਵਿਚ ਵਸੇ ਹੋਏ ਪੰਜਾਬੀਆਂ ਦਾ ਕੌਮੀ ਜਸ਼ਨ ਹੈ। ਵਿਸਾਖੀ ਦਾ ਨਾਂ ਲੈਂਦਿਆਂ ਹੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਵਧ ਜਾਂਦੀ ਹੈ ਅਤੇ ਉਨ੍ਹਾਂ ਦੇ ਸਰੀਰ ਥਿਰਕਣ ਦੀ ਅਵਸਥਾ ਵਿਚ ਪੁੱਜ ਜਾਂਦੇ ਹਨ। ਫਿਰ ਜਿਹੜਾ ਨਾਚ ਸ਼ੁਰੂ ਹੁੰਦਾ ਹੈ, ਉਹ ਭੰਗੜਾ ਹੈ। ਭੰਗੜਾ ਪਾਉਣ ਵਾਲੇ ਧਰਤੀ ਆਕਾਸ਼ ਨੂੰ ਇਕ ਕਰ ਦਿੰਦੇ ਹਨ। ਇਸ ਲਈ ਇਹ ਸੱਚ ਹੀ ਹੈ ਕਿ ਭੰਗੜਾ ਪੰਜਾਬੀਆਂ ਦਾ ਕੌਮੀ ਨਾਚ ਹੈ। ਭੰਗੜਾ ਪਾਉਣ ਵਾਲੇ ਪੰਜਾਬੀ ਤਨ ਮਨ ਦੇ ਡਾਢੇ ਸਿਹਤਮੰਦ ਹੁੰਦੇ ਹਨ। ਕਮਜ਼ੋਰ ਤਨ ਮਨ ਵਾਲੇ ਲੋਕ ਭੰਗੜਾ ਨਹੀਂ ਪਾ ਸਕਦੇ। ਇਸੇ ਕਰ ਕੇ ਭੰਗੜਾ ਦੁਨੀਆਂ ਭਰ ਦੇ ਲੋਕਾਂ ਵਿਚ ਹਰਮਨ ਪਿਆਰਾ ਨਹੀਂ ਹੋ ਸਕਿਆ। ਹਰ ਦੇਸ਼ ਵਿਚ ਹਰ ਥਾਂ ਭੰਗੜਾ ਪਾਉਣ ਵਾਲੇ ਪੰਜਾਬੀ ਹੀ ਹੁੰਦੇ ਹਨ।
ਦੁਨੀਆਂ ਭਰ ਵਿਚ ਪੰਜਾਬੀ ਖੁਸ਼ ਰਹਿਣੇ ਲੋਕ ਹਨ। ਉਹ ਚੰਗਾ ਖਾਂਦੇ ਤੇ ਚੰਗਾ ਬੋਲਦੇ ਹਨ (ਕਈ ਵਾਰ ਮੰਦਾ ਵੀ ਬੋਲਦੇ ਹਨ) ਅਤੇ ਖੁੱਲ੍ਹ ਕੇ ਹੱਸਦੇ ਹਨ। ਜਿਥੇ ਕਿਤੇ ਵੀ ਤੁਹਾਨੂੰ ਖੁੱਲ੍ਹ ਕੇ ਹੱਸਣ ਵਾਲੇ ਲੋਕ ਦਿਸਣ, ਤੁਸੀਂ ਬਿਨਾਂ ਸੋਚੇ ਸਮਝੇ ਹੀ ਕਹਿ ਸਕਦੇ ਹੋ ਕਿ ਇਹ ਪੰਜਾਬੀ ਹਨ। ਇਹ ਵੀ ਪੰਜਾਬੀਆਂ ਨੂੰ ਕੁਦਰਤ ਦਾ ਵੱਡਾ ਵਰਦਾਨ ਹੈ। ਪੰਜਾਬੀ ਆਪਣੇ ਆਪ ‘ਤੇ ਵੀ ਹੱਸ ਸਕਦੇ ਹਨ।
ਦੁਨੀਆਂ ਭਰ ਵਿਚ ਪੰਜਾਬੀ ਖੁਸ਼ ਰਹਿਣੇ ਲੋਕ ਇਸ ਲਈ ਹਨ ਕਿਉਂਕਿ ਉਹ ਸਿਹਤਮੰਦ ਹੋਣ ਕਰ ਕੇ ਸਰੀਰਕ ਬਲ ਦੇ ਪੱਖੋਂ ਤਕੜੇ ਹਨ ਅਤੇ ਤਕੜੇ ਹੋਣ ਕਾਰਨ ਹੀ ਰੱਜ ਕੇ ਕੰਮ ਕਰਦੇ ਹਨ। ਰੱਜ ਕੇ ਕੰਮ ਕਰਨ ਵਾਲੇ ਨਿਸ਼ਚਿੰਤ ਅਤੇ ਖੁਸ਼ ਰਹਿਣੇ ਹੀ ਹੋਣਗੇ; ਇਹ ਕੁਦਰਤ ਦਾ ਅਸੂਲ ਹੈ। ਇਸ ਪੱਖੋਂ ਪੰਜਾਬੀ ਕੁਦਰਤ ਦੇ ਲਾਡਲੇ ਪੁੱਤਰ ਹਨ ਪਰ ਜੇ ਇਨ੍ਹਾਂ ਨੂੰ ਨਸ਼ੇ ਨਾ ਖਾ ਜਾਣ, ਤਾਂ।
ਕੁਦਰਤ ਦੇ ਇਹ ਲਾਡਲੇ ਪੁੱਤਰ ਦੁਨੀਆਂ ਭਰ ਵਿਚ ਸਭ ਤੋਂ ਵੱਧ ਅਨਾਜ ਪੈਦਾ ਕਰਦੇ ਹਨ, ਕਮਾਲ ਦੇ ਕਾਰੀਗਰ ਹਨ ਅਤੇ ਚਤੁਰ ਵਪਾਰੀ ਹਨ। ਗੋਰੀਆਂ ਕੌਮਾਂ ਦੇ ਮੁਕਾਬਲੇ ਇਹ ਕੁਝ ਘੱਟ ਹੀ ਚਤੁਰ ਹਨ। ਗੋਰੀਆਂ ਕੌਮਾਂ ਦੀ ਚਤਰਾਈ ਤਾਂ ਜੱਗ ਜ਼ਾਹਰ ਹੈ ਹੀæææ।
ਪੰਜਾਬ ਵਿਚ ਖਾਸ ਕਰ ਕੇ ਕਣਕ ਦੀ ਫ਼ਸਲ ਅਪ੍ਰੈਲ ਮਈ ਅਰਥਾਤ ਵਿਸਾਖ ਵਿਚ ਤਿਆਰ ਹੁੰਦੀ ਹੈ। ਉਸ ਵੇਲੇ ਪੀਲੇ ਰੰਗ ਦੀ ਇਹ ਫ਼ਸਲ ਸੋਨੇ ਵਾਂਗ ਲਗਦੀ ਹੈ। ਤਦੇ ਹੀ ਕਣਕ ਨੂੰ ਸੰਸਕ੍ਰਿਤੀ ਵਿਚ ਸੋਨਾ ਅਤੇ ਧਤੂਰਾ ਕਿਹਾ ਜਾਂਦਾ ਹੈ। ਸੋਨਾ ਅਤੇ ਧਤੂਰਾ ਦੋਵੇਂ ਹੀ ਪ੍ਰਾਪਤ ਹੋ ਜਾਣ ਤਾਂ ਬੰਦਾ ਨਸ਼ਈ ਹੋ ਜਾਂਦਾ ਹੈ। ਜਿਵੇਂ ਇਹ ਦੋਹਾ ਵੀ ਹੈ:
ਕਣਕ ਕਣਕ ਤੇ ਸੌ ਗੁਣੀ ਮਾਦਿਕਤਾ ਅਧਿਕਾਇ।
ਇਹ ਖਾਏ ਬੌਰਾਏ ਜੱਗ ਉਹ ਪਾਇ ਬੌਰਾਇ।
ਬਸ ਇਹੋ ਕਾਰਨ ਹੈ ਕਿ ਕਣਕ ਦੀ ਫ਼ਸਲ ਪ੍ਰਾਪਤ ਕਰ ਕੇ ਪੰਜਾਬੀਆਂ ਨੂੰ ਨਸ਼ਾ ਚੜ੍ਹ ਜਾਂਦਾ ਹੈ ਅਤੇ ਉਹ ਨੱਚਣ ਲੱਗ ਪੈਂਦੇ ਹਨ। ਇਨ੍ਹਾਂ ਨਸ਼ਈ ਪੰਜਾਬੀਆਂ ਦਾ ਨਾਚ ਹੀ ਭੰਗੜਾ ਹੈ ਜਿਹੜਾ ਵਿਸਾਖੀ ਤੋਂ ਆਰੰਭ ਹੋ ਕੇ ਸਾਲ ਭਰ ਚੱਲਦਾ ਰਹਿੰਦਾ ਹੈ। ਜਨਮ ਦਿਨ ਹੋਵੇ, ਪੁੱਤਰ ਦਾ ਜਨਮ ਹੋਵੇ, ਵਿਆਹ ਦਾ ਉਤਸਵ ਹੋਵੇ ਅਤੇ ਜਾਂ ਦੀਵਾਲੀ ਦਾ ਤਿਉਹਾਰ ਹੋਵੇ; ਪੰਜਾਬੀ ਹਰ ਹਾਲਤ ਵਿਚ ਨੱਚਦਾ ਹੈ, ਭੰਗੜਾ ਪਾਉਂਦਾ ਹੈ। ਸ਼ਿਵ ਜੀ ਵੀ ਪੰਜਾਬੀਆਂ ਦੇ ਜਸ਼ਨ ਵਿਚ ਪਹੁੰਚਣਾ ਜ਼ਰੂਰੀ ਸਮਝਦੇ ਹਨ, ਪਰ ਇਥੇ ਇਕ ਗੱਲ ਕਰਨੀ ਹੋਰ ਬਾਕੀ ਹੈ ਅਤੇ ਉਹ ਹੈ ਢੋਲ ਦੇ ਕਮਾਲ ਦੀ। ਢੋਲ ਆਦਿ ਕਾਲ ਤੋਂ ਹੀ ਪੰਜਾਬੀਆਂ ਦਾ ਸਾਥੀ ਰਿਹਾ ਹੈ। ਕੁਝ ਲੋਕਾਂ ਦਾ ਖਿਆਲ ਹੈ ਕਿ ਢੋਲ ਦੀ ਆਵਾਜ਼ ਪੰਜਾਬੀਆਂ ਦੇ ਸੁਭਾਅ ਵਾਂਗ ਹੀ ਕੁਰੱਖਤ ਹੈ, ਪਰ ਇਹ ਹਕੀਕਤ ਤਾਂ ਢੋਲੀ ਹੀ ਦੱਸ ਸਕਦੇ ਹਨ ਕਿ ਉਹ ਢੋਲ ‘ਤੇ ਧੀਮੇ ਤਾਲ ਨਾਲ ਕਿਵੇਂ ਮਨ ਭਾਉਂਦਾ ਸੰਗੀਤ ਪੈਦਾ ਕਰਦੇ ਹਨ। ਢੋਲ ਦੇ ਇਸ ਮਨ ਭਾਉਂਦੇ ਸੰਗੀਤ ਵਾਂਗ ਹੀ ਪੰਜਾਬੀਆਂ ਦੀ ਮੁਹੱਬਤ ਹੈ। ਹੋਰ ਦੇਸ਼ਾਂ ਵਿਚ ਵੀ ਆਸ਼ਿਕ ਹੋਏ ਹੋਣਗੇ ਪਰ ਪੰਜਾਬੀਆਂ ਦੇ ਇਸ਼ਕ ਨੇ ਤਾਂ ਸੰਸਾਰ ਭਰ ਦੀਆਂ ਸੁੰਦਰੀਆਂ ਨੂੰ ਪਾਗਲ ਕੀਤਾ ਹੋਇਆ ਹੈ। ਪੰਜਾਬੀਆਂ ਨੇ ਸਭ ਤੋਂ ਵੱਧ ਦੇਸ਼ਾਂ ਦੀਆਂ ਸੁੰਦਰੀਆਂ ਵਿਆਹੀਆਂ ਹਨ।
ਕਹਿੰਦੇ ਨੇ ਕਿ ਪਿਛਲੀਆਂ ਸਦੀਆਂ ‘ਚ ਢੋਲ ਨੂੰ ਖ਼ਤਰਨਾਕ ਧਾੜਵੀਆਂ ਦੇ ਹਮਲਿਆਂ ਵੇਲੇ ਲੋਕਾਂ ਨੂੰ ਖ਼ਬਰਦਾਰ ਕਰਨ ਵਾਸਤੇ ਵੀ ਇਸਤੇਮਾਲ ਕੀਤਾ ਜਾਂਦਾ ਸੀ। ਉਸ ਵੇਲੇ ਢੋਲ ਦੀ ਆਵਾਜ਼ ਖਾਸ ਪ੍ਰਭਾਵ ਵਾਲੀ ਹੁੰਦੀ ਸੀ ਜਿਸ ਨਾਲ ਲੋਕ ਜਾਗ ਪੈਂਦੇ, ਸੁੰਦਰੀਆਂ ਦੀਆਂ ਗਲਵਕੜੀਆਂ ਵਿਚੋਂ ਨਿਕਲ ਆਉਂਦੇ ਅਤੇ ਵੈਰੀ ਦਾ ਟਾਕਰਾ ਕਰਨ ਵਾਸਤੇ ਤਿਆਰ ਹੋ ਜਾਂਦੇ।
ਵੈਰੀਆਂ ਨਾਲ ਟਾਕਰਾ ਕਰਨ ਦੀ ਦਲੇਰੀ ਨੇ ਹੀ ਪੰਜਾਬੀ ਸਾਹਿਤ ਵਿਚ ਵਾਰ ਕਾਵਿ ਨੂੰ ਜਨਮ ਦਿੱਤਾ ਹੈ। ਪੰਜਾਬੀ ਵਿਚ ਵਾਰਾਂ ਦੋ ਤਰ੍ਹਾਂ ਦੀਆਂ ਹਨ। ਕੁਝ ਵਾਰਾਂ ਕਵੀਆਂ ਨੇ ਲਿਖੀਆਂ ਹਨ ਅਤੇ ਹੋਰ ਬਹੁਤ ਸਾਰੀਆਂ ਵਾਰਾਂ ਲੋਕਾਂ ਨੇ, ਲੋਕ ਕਵੀਆਂ ਨੇ ਤਿਆਰ ਕੀਤੀਆਂ ਹਨ। ਵਾਰ ਕਾਵਿ ਅਸਲ ਵਿਚ ਯੁੱਧ ਦੀ ਕਵਿਤਾ ਹੈ ਜਿਸ ਵਿਚ ਤਲਵਾਰਾਂ ਵਾਂਗ ਟਕਰਾਉਂਦੇ ਅਤੇ ਖੜਕਵੇਂ ਸ਼ਬਦਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ।
ਨਾਦਰ ਸ਼ਾਹ ਦੀ ਵਾਰ ਅਤੇ ਚੰਡੀ ਦੀ ਵਾਰ ਦੋ ਬਹੁਤ ਪ੍ਰਸਿੱਧ ਵਾਰਾਂ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਨ ਰਚਨਾ ਚੰਡੀ ਦੀ ਵਾਰ ਬਾਰੇ ਤਾਂ ਇਹ ਭਾਵਨਾ ਪ੍ਰਚਲਿਤ ਹੈ ਕਿ ਉਸ ਦਾ ਪਾਠ ਕਰ ਕੇ ਸੂਰਮੇ ਜੰਗ ਜਿੱਤ ਲੈਂਦੇ ਹਨ ਪਰ ਕਮਜ਼ੋਰ ਦਿਲਾਂ ਵਾਲੇ ਲੋਕ ਚੰਡੀ ਦੀ ਵਾਰ ਦਾ ਪਾਠ ਨਹੀਂ ਕਰਦੇ; ਤੇ ਹੁਣ ਨਸ਼ਿਆਂ ਨੇ ਪੰਜਾਬੀਆਂ ਨੂੰ ਵੀ ਕਮਜ਼ੋਰ ਦਿਲਾਂ ਵਾਲੇ ਬਣਾ ਦਿੱਤਾ ਹੈ ਪਰ ਹਾਲੇ ਢੋਲ ਦਾ ਤਾਲ ਅਤੇ ਧੌਂਸੇ ਦਾ ਡਗਾ ਉਨ੍ਹਾਂ ਨੂੰ ਬਚਾ ਰਿਹਾ ਹੈ।
ਭੰਗੜੇ ਅਤੇ ਢੋਲ ਦਾ ਤਾਂ ਲਹੂ-ਮਾਸ ਵਰਗਾ ਸਾਥ ਬਣ ਗਿਆ ਹੈ। ਪੰਜਾਬ ਦੇ ਢੋਲੀ ਦੁਨੀਆਂ ਭਰ ਦੇ ਦੇਸ਼ਾਂ ਵਿਚ ਢੋਲ ਦੇ ਸਹਾਰੇ ਹੀ ਜਾ ਵਸੇ ਹਨ। ਪੰਜਾਬੋਂ ਜਿਹੜਾ ਵੀ ਗੱਭਰੂ ਵਿਦੇਸ਼ਾਂ ਵਿਚ ਜਾਂਦਾ ਹੈ, ਵਾਹ ਲੱਗਦੀ ਨੂੰ ਭੰਗੜਾ ਸਿੱਖ ਕੇ ਅਤੇ ਕਈ ਹਾਲਾਤ ਵਿਚ ਢੋਲ ਨਾਲ ਲੈ ਕੇ ਜਾਂਦਾ ਹੈ।
ਅਖਾੜੇ ਵਿਚ ਘੁਲ ਰਹੇ ਭਲਵਾਨ ਤਾਂ ਢੋਲ ਦੇ ਤਾਲ ਨਾਲ ਹੀ ਹਰਕਤ ਵਿਚ ਆਉਂਦੇ ਹਨ। ਅਖਾੜੇ ਵਿਚ ਢੋਲ ਨਾ ਹੋਵੇ ਤਾਂ ਭਲਵਾਨਾਂ ਦੇ ਘੋਲ ਵਿਚ ਦਿਲਕਸ਼ੀ ਨਾ ਭਰ ਸਕੇ। ਉਨ੍ਹਾਂ ਦੇ ਸਰੀਰ ਵਿਰੋਧੀ ਨਾਲ ਨਾ ਟਕਰਾਅ ਸਕਣ।
ਵਿਸਾਖੀ ਦੀਆਂ ਰੌਣਕਾਂ ਲਈ ਵੀ ਢੋਲ ਜ਼ਰੂਰੀ ਹੋ ਗਿਆ ਹੈ। ਫ਼ਸਲਾਂ ਦੀ ਵਾਢੀ ਵੇਲੇ ਵੀ ਅਕਸਰ ਵਢਾਵਿਆਂ ਵਿਚ ਫੁਰਤੀ ਭਰਨ ਲਈ ਢੋਲ ਦਾ ਵੱਜਣਾ ਜ਼ਰੂਰੀ ਹੋ ਜਾਂਦਾ ਹੈ। ਵਾਢੀ ਉਪਰੰਤ ਦਾਰੂ ਤੇ ਭੰਗੜਾ ਕਿਸ ਨੂੰ ਨਹੀਂ ਮੋਹ ਲੈਂਦਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਰਤੀ ਅਤੇ ਖਾਸ ਕਰ ਕੇ ਪੰਜਾਬੀ ਸੂਰਮਿਆਂ ਨੂੰ ਦਾਰੂ ਵੱਲੋਂ ਮੋੜ ਕੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਸੀ ਤਾਂ ਕਿ ਸੂਰਮੇ ਜਵਾਨ ਆਪਣੀ ਜਵਾਨੀ ਨੂੰ ਅਜਾਈਂ ਤਬਾਹ ਨਾ ਕਰਨ ਸਗੋਂ ਦੇਸ਼ ਤੇ ਕੌਮ ਦੀ ਰਾਖੀ ਕਰ ਕੇ ਮਜ਼ਲੂਮਾਂ ਵਾਸਤੇ ਕੁਰਬਾਨੀ ਕਰ ਕੇ ਆਪਣੇ ਜੀਵਨ ਨੂੰ ਸਫ਼ਲ ਬਣਾ ਸਕਣ।
ਇਸ ਮੰਤਵ ਵਾਸਤੇ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਨੂੰ ਸ਼ੁਭ ਦਿਵਸ ਬਣਾ ਕੇ ਪਹਿਲਾਂ ਪੰਜ ਸੂਰਮੇ ਜਵਾਨਾਂ ਨੂੰ ਅੰਮ੍ਰਿਤ ਛਕਾ ਦੇ ਸਿੰਘ ਸਜਾਇਆ ਅਤੇ ਫਿਰ ਆਪ ਉਨ੍ਹਾਂ ਕੋਲੋਂ ਅੰਮ੍ਰਿਤ ਛੱਕ ਕੇ ਸਿੰਘ ਸਜੇ। ਇਸ ਤਰ੍ਹਾਂ ਹਜ਼ੂਰ ਆਪ ਗੁਰੂ ਵੀ ਹਨ ਅਤੇ ਚੇਲੇ  ਵੀ ਸਨ। ਪੰਜ ਪਿਆਰਿਆਂ ਦਾ ਸਨਮਾਨ ਪ੍ਰਾਪਤ ਕਰਨ ਵਾਲੇ ਸੂਰਮੇ ਭਾਰਤ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਆਏ ਹੋਏ ਸਨ, ਪਰ ਉਨ੍ਹਾਂ ਨੇ ਇਕੋ ਖਮਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਆਪਣੇ ਆਪ ਨੂੰ ਗੁਰੂ ਪ੍ਰਤੀ ਸਮਰਪਿਤ ਕਰ ਦਿੱਤਾ ਸੀ। ਫਿਰ ਖਾਲਸਾ ਪੰਥ ਵਿਚ ਹੋਰ ਸੂਰਮੇ ਰਲਦੇ ਗਏ, ਭਾਰਤ ਦਾ ਮਨੁੱਖ ਉਹ ਨਾ ਰਿਹਾ ਜਿਹੜਾ ਗੁਰੂ ਸਾਹਿਬ ਤੋਂ ਪਹਿਲਾਂ ਸੀ। ਗੁਰੂ ਮਹਾਰਾਜ ਦੇ ਸਿੰਘਾਂ ਵਿਚ ਸਿਫਤੀ ਤਬਦੀਲੀ ਪੈਦਾ ਹੋ ਗਈ। ਜਦੋਂ ਤੱਕ ਕਿਸੇ ਕੌਮ ਵਿਚ ਸਿਫਤੀ ਤਬਦੀਲੀ ਨਹੀਂ ਹੁੰਦੀ, ਉਹ ਕੌਮ ਚੜ੍ਹਦੀ ਕਲਾ ਦੇ ਮਤਲਬ ਨੂੰ ਨਹੀਂ ਸਮਝ ਸਕਦੀ ਅਤੇ ਨਾ ਹੀ ਵਿਸ਼ਵ ਦੀਆਂ ਕੌਮਾਂ ਵਿਚ ਮਹਾਨਤਾ ਪ੍ਰਾਪਤ ਕਰ ਸਕਦੀ ਹੈ।
ਗੁਰੂ ਸਾਹਿਬ ਦੇ ਸਮੇਂ ਉਪਰੰਤ ਸਿੱਖ ਮਿਸਲਾਂ ਦੇ ਵੇਲਿਆਂ ਵੇਲੇ ਸਭੋ ਹੀ ਮਿਸਲਦਾਰ ਸਰਦਾਰ ਵਿਸਾਖੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਪੁੱਜ ਕੇ ਕੌਮ ਨੂੰ ਆਪਣੀ ਆਪਣੀ ਮਿਸਲ ਦਾ ਹਿਸਾਬ-ਕਿਤਾਬ ਪੇਸ਼ ਕਰਦੇ ਹਨ। ਇਕ ਤਰ੍ਹਾਂ ਨਾਲ ਹਰਿਮੰਦਰ ਸਾਹਿਬ ਹੀ ਸਿੱਖਾਂ ਦੀ ਸਭ ਤੋਂ ਮਹਾਨ ਪਾਰਲੀਮੈਂਟ ਸੀ ਜਿਸ ਵਿਚ ਹਾਜ਼ਰ ਹੋ ਕੇ ਸਭੋ ਹੀ ਸਰਦਾਰ ਨਤਮਸਤਕ ਹੁੰਦੇ ਸਨ। ਉਹ ਮਿਸਲਦਾਰ ਸਿੱਖ ਸਰਦਾਰ ਭਾਵੇਂ ਕਈ ਵਾਰ ਆਪਸ ਵਿਚ ਵੀ ਲੜਦੇ ਸਨ ਪਰ ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਥਾਨ ‘ਤੇ ਪੁੱਜ ਕੇ ਆਪਣੀ ਆਪਣੀ ਮਿਸਲ ਦਾ ਹਿਸਾਬ ਦੇਣਾ ਲਾਜ਼ਮੀ ਸਮਝਦੇ ਸਨ ਜਿਸ ਸਦਕਾ ਹਰਿਮੰਦਰ ਸਾਹਿਬ ਨਾਲ ਵਿਸਾਖੀ ਦੇ ਸਮਾਗਮ ਦਾ ਸਬੰਧ ਅਟੁੱਟ ਹੋ ਗਿਆ ਸੀ। ਫਿਰ ਮਗਰੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵੇਲੇ ਤਾਂ ਹਰਿਮੰਦਰ ਸਾਹਿਬ ਦਾ ਮਹੱਤਵ ਹੋਰ ਵੀ ਵਧ ਗਿਆ ਸੀæææ।
ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਈਸਵੀ ਦੀ ਵਿਸਾਖੀ ਨੂੰ ਦੇਸ਼ ਦੇ ਜਵਾਨਾਂ ਕੋਲੋਂ ਦਾਰੂ ਛੁਡਵਾ ਕੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ, ਪਰ ਅੱਜ ਅਸੀਂ ਫਿਰ ਦੇਖ ਰਹੇ ਹਾਂ ਕਿ ਗੁਰੂ ਦੇ ਲਾਡਲੇ ਦਾਰੂ ਦੀ ਦਲਦਲ ਵਿਚ ਖੁੱਭਦੇ ਜਾ ਰਹੇ ਹਨ ਅਤੇ ਅੰਮ੍ਰਿਤ ਦੀ ਦਾਤ ਵੱਲੋਂ ਉਪਰਾਮ ਹੋ ਰਹੇ ਹਨ। ਇਹ ਕੋਈ ਵਧੀਆ ਜੀਵਨ ਨੀਤੀ ਨਹੀਂ ਹੈ। ਸ਼ਰਾਬ ਦੀ ਲਾਹਨਤ ਮਨੁੱਖ ਨੂੰ ਤਬਾਹੀ ਵੱਲ ਲੈ ਕੇ ਜਾਂਦੀ ਹੈ, ਜਦੋਂ ਕਿ ਅੰਮ੍ਰਿਤ ਦੀ ਦਾਤ ਉਸ ਨੂੰ ਗੁਰੂ ਦੇ ਲੜ ਲਾ ਕੇ ਸੰਤ ਸਿਪਾਹੀ ਬਣਾ ਦਿੰਦੀ ਹੈ। ਸੰਤ ਸਿਪਾਹੀ ਦੇਸ਼ ਤੇ ਕੌਮ ਦਾ ਰੱਖਿਅਕ ਹੈ।
ਇਹ ਗੱਲ ਪੰਜਾਬੀ ਸੂਰਮਾ ਹੀ ਕਹਿ ਸਕਦਾ ਹੈ:
ਵਿਚ ਰੰਗ ਦੇ ਦੇਵੀ ਹੈ ਨਾਰ ਸਾਡੀ
ਵਿਚ ਜੰਗ ਦੇ ਦੇਵੀ ਕਟਾਰ ਸਾਡੀ
ਇਹ ਵੀ ਸੱਚ ਹੈ ਕਿ ਇਤਿਹਾਸਕ ਜੁੱਗਾਂ ਵਿਚ ਜਿੰਨੀਆਂ ਜੰਗਾਂ ਪੰਜਾਬੀਆਂ ਨੇ ਲੜੀਆਂ, ਭਾਰਤ ਦੇ ਹੋਰ ਲੋਕਾਂ ਨੂੰ ਨਹੀਂ ਲੜਨੀਆਂ ਪਈਆਂ ਕਿਉਂਕਿ ਪੰਜਾਬ ਭਾਰਤ ਦੇ ਉੱਤਰ ਪੱਛਮ ਵਿਚ ਹੋਣ ਕਰ ਕੇ ਸਦਾ ਹੀ ਵਿਦੇਸ਼ੀ ਧਾੜਵੀਆਂ ਦਾ ਮੁਕਾਬਲਾ ਕਰਦਾ ਅਤੇ ਜਿੱਤਦਾ ਆਇਆ ਹੈ, ਪਰ ਇਹ ਜਿੱਤਾਂ ਉਸ ਨੂੰ ਹਰ ਵਾਰ ਹੀ ਮਹਿੰਗੀਆਂ ਪੈਂਦੀਆਂ ਰਹੀਆਂ ਹਨ।
ਤਦੇ ਹੀ ਲੋਕ ਕਹਾਵਤ ਪ੍ਰਚਲਿਤ ਹੈ:
ਜਦੋਂ ਜੰਗ ਦਾ ਝੱਖੜ ਝੁਲਦਾ ਹੈ
ਇਹਦੀ ਰੱਤ ਨਾਲ ਦੀਵਾ ਜਗਦਾ ਹੈ।
ਪਰ ਅਸ਼ਕੇ ਪੰਜਾਬੀ ਗੱਭਰੂ ਦੇ। ਉਸ ਨੂੰ ਵਿਸਾਖੀ ਦਾ ਰੰਗਾ ਰੰਗ ਸਮਾਗਮ ਕਦੀ ਨਹੀਂ ਭੁੱਲਦਾæææ
ਇਸ ਤਰ੍ਹਾਂ ਵਿਸਾਖੀ, ਭੰਗੜਾ ਅਤੇ ਢੋਲ ਪੰਜਾਬੀ ਰੂਹ ਦੀ ਵੱਡੀ ਪਛਾਣ ਹਨ। ਢੋਲ ਰੂਹ ਨੂੰ ਪ੍ਰਸੰਨ ਚਿੱਤ ਕਰ ਕੇ ਭੰਗੜਾ ਪਾਉਣ ਲਈ ਤਿਆਰ ਕਰਦਾ ਹੈ ਅਤੇ ਭੰਗੜਾ ਪਾ ਕੇ ਪੰਜਾਬੀ  ਚੜ੍ਹਦੀ ਕਲਾ ਵਿਚ ਚਲਾ ਜਾਂਦਾ ਹੈ। ਦਰਅਸਲ ਪੰਜਾਬੀ ਦਾ ਮਤਲਬ ਹੀ ਚੜ੍ਹਦੀ ਕਲਾ ਹੈ।
ਭੰਗੜਾ ਅਤੇ ਗਿੱਧਾ ਹੀ ਹਕੀਕਤ ਵਿਚ ਪੰਜਾਬੀ ਰੂਹ ਦੀ ਪਛਾਣ ਹੈ, ਤਦੇ ਹੀ ਪੰਜਾਬਣਾਂ ਵੀ ਗਿੱਧਾ ਪਾਉਂਦੀਆਂ ਹੋਈਆਂ ਸੁਰੀਲੀ ਸੁਰ ਵਿਚ ਗਾਉਂਦੀਆਂ ਨੇæææ
ਗਿੱਧਿਆਂ ਪਿੰਡ ਵੜ ਵੇ ਲਾਂਭ ਲਾਂਭ ਨਾ ਜਾਈਂ।
ਹਰ ਰੋਜ਼ ਸਵੇਰ ਸਾਰ ਸੂਰਜ ਵੀ ਮੁਸਕਰਾ ਕੇ ਕਹਿੰਦਾ ਹੈ:
ਪੰਜਾਬੀਆਂ ਦੀ ਇਸ ਖੁਸ਼ ਰਹਿਣੀ ਭਾਵਨਾ ਨੂੰ ਨਮਸਕਾਰ ਹੈ।

Be the first to comment

Leave a Reply

Your email address will not be published.