ਬਹੁਪੱਖੀ ਸ਼ਖਸੀਅਤ ਸੰਤ ਅਤਰ ਸਿੰਘ ਮਸਤੂਆਣਾ

ਗੁਰਤੇਜ ਸਿੰਘ ਠੀਕਰੀਵਾਲਾ (ਡਾ.)
ਫੋਨ: 91-94638-61316
ਸੰਤ ਅਤਰ ਸਿੰਘ ਦੀ ਸ਼ਖਸੀਅਤ ਦੋ ਪੱਖਾਂ ਤੋਂ ਵਿਸ਼ੇਸ਼ ਹੈ। ਪਹਿਲਾ ਧਾਰਮਕ ਅਤੇ ਦੂਜਾ ਵਿਦਿਅਕ ਖੇਤਰ। ਜਿਥੇ ਉਨ੍ਹਾਂ ਦੀ ਅਧਿਆਤਮਕ ਅਵਸਥਾ ਅਤੇ ਬਿਰਤੀ ਅਕਹਿ ਸੀ, ਉਥੇ ਵਿਦਿਆ ਦੇ ਪ੍ਰਚਾਰ ਅਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਹਿਤ ਵਚਨਬੱਧਤਾ ਵੀ ਲਾਸਾਨੀ ਸੀ। ਉਨ੍ਹਾਂ ਗੁਰਮਤਿ ਅਭਿਆਸ ਦੇ ਹਰ ਪੱਖ ਨੂੰ ਆਪਣੇ ਜੀਵਨ ਵਿਚ ਢਾਲਿਆ ਹੋਇਆ ਸੀ।

ਪ੍ਰਿੰਸੀਪਲ ਗੰਗਾ ਸਿੰਘ ਨੇ ਸ਼ਿਮਲੇ ਦੇ ਨਾਭਾ ਹਾਊਸ ਵਿਚ ਸੰਤ ਅਤਰ ਸਿੰਘ ਦੇ ਰੂਹਾਨੀ ਜਾਹੋ-ਜਲਾਲ ਦੇ ਪ੍ਰਤਖ ਦਰਸ਼ਨਾਂ ਦਾ ਉਲੇਖ ਕੀਤਾ ਹੈ। ਵਾਰਤਾ ਇਉਂ ਹੈ ਕਿ ਪ੍ਰਿੰ. ਗੰਗਾ ਸਿੰਘ ਇਸ ਸਥਾਨ ‘ਤੇ ‘ਸਚਖੰਡ’ ਦੇ ਵਿਸ਼ੇ ਉਤੇ ਵਿਖਿਆਨ ਕਰਦਿਆਂ ਬਿਜਲੀਆਂ, ਸੂਰਜ ਅਤੇ ਹੋਰ ਤੇਜ਼ ਪ੍ਰਕਾਸ਼ ਵਸਤੂਆਂ ਦੇ ਦ੍ਰਿਸ਼ਟਾਂਤਾਂ ਨਾਲ ਇਸ ਅਵਸਥਾ ਦਾ ਵਰਣਨ ਕਰ ਰਹੇ ਸਨ ਤੇ ਸੰਤ ਅਤਰ ਸਿੰਘ ਵੀ ਉਥੇ ਮੌਜੂਦ ਸਨ। ਸਮਾਪਤੀ ਸਮੇਂ ਸੰਤ ਅਤਰ ਸਿੰਘ ਨੇ ਪਿੰ੍ਰ. ਗੰਗਾ ਸਿੰਘ ਨੂੰ ਇਸ ਉਤਮ ਅਧਿਆਤਮਕ ਅਵਸਥਾ ਦਾ ਕਦੇ ਅਨੁਭਵ ਹੋਣ ਬਾਰੇ ਪੁਛਿਆ ਤਾਂ ਆਪਣੀ ਅਸਮਰਥਾ ਪ੍ਰਗਟਾਉਂਦਿਆਂ ਪ੍ਰਿੰ. ਗੰਗਾ ਸਿੰਘ ਨੇ ਸੰਤਾਂ ਨੂੰ ਇਸ ਅਵਸਥਾ ਬਾਰੇ ਕੁਝ ਗਿਆਤ ਕਰਾਉਣ ਦੀ ਬੇਨਤੀ ਕੀਤੀ ਤਾਂ ਸੰਤ ਅਤਰ ਸਿੰਘ ਨੇ ਕੁਝ ਸਮਾਂ ਅੱਖਾਂ ਬੰਦ ਕੀਤੀਆਂ ਅਤੇ ਚਿਹਰੇ ‘ਤੇ ਬਿਜਲਈ ਪ੍ਰਕਾਸ਼ ਦਾ ਅਸਚਰਜਮਈ ਦ੍ਰਿਸ਼ ਪ੍ਰਗਟ ਹੋਇਆ। ਇਹ ਸੰਤ ਅਤਰ ਸਿੰਘ ਦੀ ਰੂਹਾਨੀ ਪ੍ਰਾਪਤੀ ਦੀ ਇਕ ਪ੍ਰਤਖ ਮਿਸਾਲ ਹੈ, ਜੋ ਪ੍ਰਿੰ. ਗੰਗਾ ਸਿੰਘ ਨੇ ਅੱਖੀਂ ਡਿੱਠੀ ਤੇ ਕਲਮਬੱਧ ਕੀਤੀ।
ਸੰਤ ਅਤਰ ਸਿੰਘ ਦੀ ਆਤਮਕ ਸ਼ਖਸੀਅਤ ਦੀ ਇਹ ਵੀ ਖਾਸੀਅਤ ਹੈ ਕਿ ਉਨ੍ਹਾਂ ਆਪਣੀ ਆਤਮਕ ਸ਼ਕਤੀ ਨੂੰ ਪੰਥਕ ਕਾਰਜਾਂ ਲਈ ਹੀ ਵਰਤਿਆ ਜਿਵੇਂ ਸਾਕਾ ਪੰਜਾ ਸਾਹਿਬ ਦੇ ਮੋਰਚੇ ਦੇ ਸਿੰਘ ਸ਼ਹੀਦਾਂ ਨੂੰ ਪ੍ਰਸ਼ਾਦਾ ਛਕਾਉਣ ਵੇਲੇ ਗੱਡੀ ਰੋਕਣ ਦਾ ਬਿਰਤਾਂਤ ਉਨ੍ਹਾਂ ਦੇ ਜੀਵਨ ਇਤਿਹਾਸ ਦਾ ਇਕ ਅਹਿਮ ਪੰਨਾ ਹੈ।
ਵਿਦਿਅਕ ਖੇਤਰ ਵਿਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਇਸ ਨੂੰ ਸਿਖਿਆ ਦੇ ਮਾਧਿਅਮ ਵਜੋਂ ਉਤਸ਼ਾਹਿਤ ਕਰਨ ਦੇ ਕਾਰਜ ਨੂੰ ਧਾਰਮਕ ਫਰਜ਼ ਸਮਝਦੇ ਸਨ। ਗੁਰਮੁਖੀ ਵਿਚ ਲਿਖਣ-ਪੜ੍ਹਨ ਲਈ ਸੰਗਤ ਨੂੰ ਉਤਸ਼ਾਹਿਤ ਕਰਦੇ ਸਨ। ਧਾਰਮਕ ਤੌਰ ‘ਤੇ ਉਨ੍ਹਾਂ ਦੀ ਸ਼ਖਸੀਅਤ ਦੀ ਵਿਸ਼ੇਸ਼ਤਾ ਇਹ ਸੀ ਕਿ ਬਤੌਰ ‘ਸੰਤ’ ਉਹ ਸਮੁੱਚੇ ਸਿੱਖ ਜਗਤ ਵਿਚ ਸਤਿਕਾਰੇ ਗਏ। ਕਾਰਨ ਇਹ ਸੀ ਕਿ ਉਨ੍ਹਾਂ ਨੇ ਕਿਸੇ ਸੰਪਰਦਾਏ ਜਾਂ ਡੇਰਾਵਾਦ ਦੀ ਪ੍ਰਥਾ ਦਾ ਰੁਝਾਨ ਨਹੀਂ ਪੈਦਾ ਕੀਤਾ, ਕੇਵਲ ਗੁਰਮਤਿ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਿਆਦਾ ਨੂੰ ਧਰਮ ਦੇ ਪ੍ਰਚਾਰ ਦਾ ਆਧਾਰ ਬਣਾ ਕੇ ਰੱਖਿਆ। ਸ਼ਬਦ ਗੁਰੂ ਦਾ ਪ੍ਰਚਾਰ ਅਤੇ ਸਰਵਉਚ ਸਤਿਕਾਰ ਕਰਨਾ ਉਨ੍ਹਾਂ ਦਾ ਮੁੱਖ ਮਿਸ਼ਨ ਸੀ। ਉਨ੍ਹਾਂ ਨੇ ਕੇਵਲ ਪੜ੍ਹੇ-ਲਿਖੇ ਲੋਕਾਂ ਨੂੰ ਹੀ ਨਹੀਂ, ਸਗੋਂ ਜਨ-ਸਧਾਰਨ ਨੂੰ ਵੀ ਸਿੱਖੀ ਦੇ ਮੂਲ ਆਸ਼ੇ ਨਾਲ ਜੋੜਦਿਆਂ ਅੰਮ੍ਰਿਤ ਪ੍ਰਚਾਰ ਲਹਿਰ ਤਹਿਤ ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਈ। ਇਸੇ ਪ੍ਰਸੰਗ ਵਿਚ ਗੁਰਬਾਣੀ ਦੀ ਟੇਕ ‘ਤੇ ਧਾਰਨਾ ਗਾਇਨ ਕਰਨ ਦਾ ਅਰੰਭ ਕਰਨਾ ਵੀ ਉਨ੍ਹਾਂ ਦਾ ਇਕ ਉਦਮ ਸੀ। ਉਹ ਗੁਰਬਾਣੀ ਦੀ ਪੁਰਾਤਨ ਗਾਇਨ ਸ਼ੈਲੀ ਅਤੇ ਰਾਗ ਵਿਦਿਆ ਦੇ ਆਪ ਵੀ ਜਾਣੂੰ ਸਨ।
ਪੋਠੋਹਾਰ (ਪਾਕਿਸਤਾਨ) ਵਿਚ ਸਿੰਘ ਸਭਾ ਲਹਿਰ ਦੇ ਅਰੰਭ ਅਤੇ ਇਸ ਦੀ ਸਫਲਤਾ ਸੰਤ ਅਤਰ ਸਿੰਘ ਦੀ ਅਣਥਕ ਅਤੇ ਸਮਰਪਿਤ ਘਾਲਣਾ ਦਾ ਸਿੱਟਾ ਸੀ। ਪੋਠੋਹਾਰ ਵਿਚ ਉਨ੍ਹਾਂ ਦਾ ਨਾਂ ‘ਭੂਰੀ ਵਾਲੇ ਸੰਤ’ ਵੀ ਪ੍ਰਸਿਧ ਹੋ ਗਿਆ ਸੀ, ਕਿਉਂਕਿ ਪਹਿਰਾਵੇ ਵਿਚ ਕੇਵਲ ਕਛਹਿਰਾ, ਛੋਟੀ ਦਸਤਾਰ ਅਤੇ ਮੋਢਿਆਂ ‘ਤੇ ਇਕ ਭੂਰੀ ਹੁੰਦੀ ਸੀ।
ਉਹ ਅਜਿਹੇ ਮਹਾਂਪੁਰਖ ਹਨ, ਜਿਨ੍ਹਾਂ ਨੇ ਗੁਰਮਤਿ ਦਾ ਪ੍ਰਚਾਰ ਵਿਆਪਕ ਪੱਧਰ ‘ਤੇ ਕੀਤਾ ਅਤੇ ਸਿੱਖਾਂ ਵਿਚ ਸਿੱਖੀ ਪ੍ਰਤੀ ਪਿਆਰ ਅਤੇ ਉਤਸ਼ਾਹ ਪੈਦਾ ਕਰਨ ਦੀ ਲਹਿਰ ਚਲਾਈ। ਉਨ੍ਹਾਂ ਦੀ ਦੈਵੀ ਸ਼ਖਸੀਅਤ ਤੋਂ ਹਰ ਕੋਈ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦੇ ਦਰਸ਼ਨਾਂ ਦੀ ਅਭਿਲਾਸ਼ਾ ਕਿੰਨੇ ਸਿੱਖ ਰੱਖਦੇ ਸਨ, ਇਸ ਦਾ ਪਤਾ ਸਮਕਾਲੀ ਅਖਬਾਰਾਂ ਤੋਂ ਲਗਦਾ ਹੈ। ਭਾਈ ਵੀਰ ਸਿੰਘ ਵਲੋਂ ਪ੍ਰਕਾਸ਼ਿਤ ‘ਖਾਲਸਾ ਸਮਾਚਾਰ’ ਵਿਚੋਂ ਇਸ ਦੀ ਇਕ ਮਿਸਾਲ ਦੇਖ ਸਕਦੇ ਹਾਂ:
“ਆਪ ਦੇ ਪਵਿਤ੍ਰ ਨਾਮਣੇ ਤੇ ਦਿਲ ਖਿਚ ਦਰਸ਼ਨਾਂ ਅਰ ਅਸਰ ਪਾਣ ਵਾਲੇ ਵਜੂਦ ਤੋਂ ਕੌਣ ਸਜਣ ਜਾਣੂੰ ਨਹੀਂ ਹੈ? ਰਿਸੈਪਸ਼ਨ ਕਮੇਟੀ ਦਾ ਡੈਪੂਟੇਸ਼ਨ ਸੰਤ ਦੀ ਸੇਵਾ ਵਿਚ ਹਾਜਰ ਹੋਯਾ ਅਰ ਦਰਸ਼ਨਾਂ ਵਾਸਤੇ ਬਿਨੈ ਕੀਤੀ। ਆਪ ਨੇ ਕ੍ਰਿਪਾਲਤਾ ਪੂਰਬਕ ਕਾਨਫਰੰਸ ਦੇ ਸਮਾਗਮ ਵਿਚ ਦਰਸ਼ਨ ਦੇਣ ਦਾ ਭਰੋਸਾ ਦਿਤਾ ਹੈ। ਪਯਾਰੇ ਸਜਨੋਂ! ਕੈਸਾ ਅਮੋਲਕ ਸਮਾਂ ਹੋਵੇਗਾ ਕਿ ਕਾਨਫਰੰਸ ਦੇ ਪੰਡਾਲ ਵਿਚ ਆਪ ਨੂੰ ਪਵਿਤ੍ਰ ਆਤਮਾ ਦੇ ਦਰਸ਼ਨ ਹੋਣਗੇ, ਕੇਵਲ ਇਹੋ ਖੁਸ਼ੀ ਇਤਨੀ ਭਾਰੀ ਹੈ ਕਿ ਆਪ ਜੁੜ-ਜੁੜ ਕੇ ਆਵੋ। ਸੰਤਾਂ ਦਾ ਭਜਨ ਪ੍ਰੇਮੀ ਸਰੀਰ ਹੁਣ ਅਪਨੇ ਰੰਗ ਵਿਚ ਇਤਨਾ ਰਹਿੰਦਾ ਹੈ ਕਿ ਸਾਰਾ ਦੇਸ ਦਰਸ਼ਨਾਂ ਨੂੰ ਸਹਕਦਾ ਹੈ, ਇਸ ਵੇਲੇ ਸਹ ਸੁਭਾ ਆਪ ਦੇ ਦਰਸ਼ਨ ਤੇ ਸਵੇਰੇ ਸ਼ਾਮ ਕੀਰਤਨਾਂ ਤੇ ਦੀਵਾਨਾ ਦੇ ਅਨੰਦ ਪ੍ਰਾਪਤ ਹੋਣਗੇ।” (ਨੋਟ: ਸੰਤ ਪ੍ਰਤੀ ਇਹ ਬੇਨਤੀ ਅੰਬਾਲੇ ਵਿਖੇ ਹੋਣ ਵਾਲੀ ਛੇਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਬਾਬਤ ਸੀ)।
ਇਸੇ ਅਖਬਾਰ ਵਿਚੋਂ ਇਕ ਹੋਰ ਵੰਨਗੀ ਉਨ੍ਹਾਂ ਦੀ ਨਾਮ ਰੱਤੀ ਸ਼ਖਸੀਅਤ ਪ੍ਰਥਾਇ ਹੈ:
“…ਸੰਤਾਂ ਦੇ ਸੁਭਾਗ ਵਜੂਦ ਨੇ ਲਗਭਗ ਸਾਰੀ ਆਯੂ ਭਜਨ, ਸਿਮਰਨ ਤੇ ਗੁਰਬਾਣੀ ਦੇ ਪ੍ਰਚਾਰ ਵਿਚ ਬਤਾਈ। ਸਿੰਘ ਸਭਾ ਮੂਵਮੈਂਟ ਨੂੰ ਆਪ ਦੇ ਪ੍ਰਚਾਰ ਤੋਂ ਬੜੀ ਸਹਾਇਤਾ ਮਿਲੀ, ਆਪ ਨੇ ਗੁਰਬਾਣੀ ਦੇ ਪ੍ਰਚਾਰ ਨਾਲ ਹਜ਼ਾਰਾਂ ਸੁਤਿਆਂ ਨੂੰ ਜਗਾਇਆ, ਗੁਰੂ ਤੋਂ ਬੇਮੁਖਾਂ ਨੂੰ ਸਿੱਖ ਬਣਾਇਆ, ਨਾਸਤਕਤਾ ਦੇ ਖਾਤੇ ਵਿਚੋਂ ਕਢ ਪ੍ਰਭੂ ਦੀ ਸ਼ਰਨ ਲਾਇਆ, ਨਸ਼ਿਆਂ, ਵਿਕਾਰਾਂ ਤੇ ਕੁਕਰਮਾਂ ਤੋਂ ਬਚਾਇਆ ਤੇ ਅੰਮ੍ਰਤ ਦਾ ਦਾਨ ਦੇ ਕੇ ਸਿੰਘ ਸਜਾ ਦਿਤਾ। ਆਪ ਦਾ ਉਚਾ ਲੰਮਾ ਕਦ, ਭਰਵਾਂ ਸਰੀਰ, ਗੁਰਮੁਖੀ ਦਸਤਾਰ, ਪੁਰ ਜਲਾਲ ਚੇਹਰਾ, ਨੂਰਾਨੀ ਮਸਤਕ, ਅਧਮੁੰਦੇ ਨੇਤਰ ਦੇਖਣ ਵਾਲੇ ਦੇ ਦਿਲ ਤੇ ਧਾਰਮਕ ਤੇ ਸ਼ੁਧ ਆਚਰਨ ਦੇ ਜਬਤ ਦਾ ਅਸਰ ਪਾਏ ਬਿਨਾ ਨਹੀਂ ਰਹਿੰਦੇ ਸਨ। ਆਪ ਦੀ ਆਸਾ ਦੀ ਵਾਰ ਦੇ ਦੀਵਾਨਾਂ ਵਿਚ ਪੁਰ ਅਸਰ ਸ਼ੇਰ ਵਾਂਗ ਗਰਜਵੀਂ ਆਵਾਜ਼ ਸ੍ਰੋਤਿਆਂ ਦੇ ਦਿਲ ਵਿਚ ਬਦੋ ਬਦੀ ਅਸਰ ਕਰੀ ਜਾਂਦੀ ਸੀ।”
ਮਾਲਵੇ ਦੇ ਮਾਰੂਥਲਾਂ ਵਿਚ ਜਿਹੜੇ ਲੋਕ ਪੰਜਾਬੀ ਲੱਚਰ ਗੀਤਾਂ ਦੀਆਂ ਹੇਕਾਂ ਲਾਇਆ ਕਰਦੇ ਸਨ, ਉਹ ਇਨ੍ਹਾਂ ਦੇ ਪ੍ਰਭਾਵ ਸਦਕਾ ਬਾਣੀ ਦੇ ਸ਼ਬਦਾਂ ਜਾਂ ਸ਼ਬਦ ਦੀ ਟੇਕ ‘ਤੇ ਧਾਰਨਾਵਾਂ ਦਾ ਗਾਇਨ ਕਰਨ ਲੱਗੇ। ਸਮੁੱਚੇ ਤੌਰ ‘ਤੇ ਸਿੱਖ ਪੁਨਰ-ਜਾਗ੍ਰਿਤੀ ਦੇ ਯਤਨਾਂ ਦਾ ਇਹ ਸਿੱਟਾ ਨਿਕਲਿਆ ਕਿ ਵਿਆਹ-ਸ਼ਾਦੀਆਂ ਦੇ ਮੌਕੇ ਰਵਾਇਤੀ ਪੰਜਾਬੀ ਗੀਤਾਂ ਦੀ ਥਾਂ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਅਰੰਭ ਹੋ ਗਿਆ ਸੀ। ਉਨ੍ਹਾਂ ਨੇ ‘ਸ਼ਬਦ ਗੁਰੂ’ ਦੇ ਸਿਧਾਂਤ ਨਿਰੰਤਰ ਤੇ ਉਤਸ਼ਾਹ ਪੂਰਵਕ ਪ੍ਰਚਾਰ ਕੀਤਾ।
ਸੰਤ ਅਤਰ ਸਿੰਘ ਮਸਤੂਆਣਾ ਇਕ ਵਾਰ ਕਟਾਸ (ਪਾਕਿਸਤਾਨ) ਦੇ ਸਥਾਨ ‘ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਦਰਬਾਰ ਦੀ ਹਾਜ਼ਰੀ ਭਰ ਰਹੇ ਸਨ ਕਿ ਇਕ ਬ੍ਰਿਧ ਮਹਾਤਮਾ ਨੇ ਉਨ੍ਹਾਂ ਦੇ ਪੈਰੀਂ ਹੱਥ ਲਾ ਦਿੱਤੇ ਜਿਸ ਦਾ ਸੰਤਾਂ ਨੂੰ ਬੜਾ ਦੁਖ ਹੋਇਆ ਅਤੇ ਘੋਸ਼ਣਾ ਕੀਤੀ ਕਿ ਕੋਈ ਵੀ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸਾਡੇ ਪੈਰੀਂ ਹੱਥ ਨਾ ਲਾਵੇ। ਵੈਸੇ ਵੀ ਆਪ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਤਾਬਿਆ ਹੀ ਬੈਠਦੇ ਸਨ ਤਾਂ ਜੋ ਗੁਰੂ ਦਰਬਾਰ ਵਿਚ ਕੋਈ ਆਪ ਦੇ ਪੈਰੀਂ ਹੱਥ ਨਾ ਲਾਏ, ਕਿਉਂਕਿ ਜੇ ਵਿਚਾਰਵਾਨ ਪੁਰਸ਼ ਜਾਂ ਪ੍ਰਚਾਰਕ ਹੀ ਮਰਿਆਦਾ ਦਾ ਉਲੰਘਣ ਕਰਨਗੇ ਤਾਂ ਹੋਰ ਕੌਣ ਇਸ ਦਾ ਪਾਲਣ ਕਰੇਗਾ?
ਸੰਤ ਅਤਰ ਸਿੰਘ ਦੀ ਦੂਜੀ ਵਿਸ਼ੇਸ਼ ਦੇਣ ਵਿਦਿਆ ਦੇ ਪ੍ਰਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਸਹਿਯੋਗ ਦੇਣਾ ਹੈ। ਖਾਲਸਾ ਉਪਦੇਸ਼ਕ ਕਾਲਜ ਯਤੀਮਖਾਨਾ ਗੁਜਰਾਂਵਾਲਾ, ਖਾਲਸਾ ਉਪਦੇਸ਼ਕ ਮਹਾਂ ਵਿਦਿਆਲਿਆ ਘਰਜਾਖ (ਫਰਵਰੀ 1907 ਈ.), ਸਿੱਖ ਕੰਨਿਆ ਹਾਈ ਸਕੂਲ ਰਾਵਲਪਿੰਡੀ, ਅਕਾਲ ਕਾਲਜ ਮਸਤੂਆਣਾ, ਸੰਤ ਸਿੰਘ ਖਾਲਸਾ ਸਕੂਲ ਚਕਵਾਲ (27 ਅਕਤੂਬਰ 1910 ਈ.), ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਆਦਿਕ ਵਿਦਿਅਕ ਅਦਾਰਿਆਂ ਦਾ ਨੀਂਹ ਪੱਥਰ ਸੰਤ ਅਤਰ ਸਿੰਘ ਨੇ ਹੀ ਰੱਖਿਆ ਸੀ। 5 ਮਈ 1917 ਈ. ਨੂੰ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਖੋਲ੍ਹਣ ਦੀ ਰਸਮ ਪੰਜ ਪਿਆਰਿਆਂ ਦੇ ਰੂਪ ਵਿਚ ਸੰਤ ਅਤਰ ਸਿੰਘ, ਸ਼ ਹਰਬੰਸ ਸਿੰਘ, ਸ਼ ਸੁੰਦਰ ਸਿੰਘ ਮਜੀਠੀਆ, ਮਾਸਟਰ ਜੋਧ ਸਿੰਘ ਅਤੇ ਭਾਈ ਵੀਰ ਸਿੰਘ ਵਲੋਂ ਕੀਤੀ ਗਈ। ਸੰਤ ਅਤਰ ਸਿੰਘ ਵਲੋਂ ਅਰਦਾਸ ਕੀਤੇ ਜਾਣ ਪਿਛੋਂ ਕਮਰੇ ਦਾ ਜਿੰਦਰਾ ਖੋਲ੍ਹਿਆ ਗਿਆ ਅਤੇ ਉਨ੍ਹਾਂ ਨੇ ਇਕ ਲੜਕੇ ਨੂੰ ਜਪੁਜੀ ਦੀਆਂ ਪਹਿਲੀਆਂ ਪੰਜ ਪਉੜੀਆਂ ਦੀ ਸੰਥਿਆ ਦੇ ਕੇ ਉਸ ਦਾ ਨਾਂ ਕਾਲਜ ਵਿਚ ਦਰਜ ਕੀਤਾ। ਇਸੇ ਤਰ੍ਹਾਂ ਅਗਸਤ 1901 ਈ. ਵਿਚ ਹਾਈ ਸਕੂਲ ਤਰਨਤਾਰਨ ਵਿਚ ਸੰਤ ਅਤਰ ਸਿੰਘ ਨੇ ਵਿਦਿਆਰਥੀਆਂ ਤੋਂ ਸ਼ਬਦ ਸੁਣੇ, ਉਨ੍ਹਾਂ ਦੇ ਸਿਹਤ ਤੇ ਸਰੀਰਕ ਸਿਖਿਆ ਹਿਤ ਕੀਤੇ ਜਾ ਰਹੇ ਅਭਿਆਸ ਦੇਖੇ ਅਤੇ ਖੇਡਾਂ ਦੇਖੀਆਂ। ਅਜਿਹੀ ਕਾਰਗੁਜਾਰੀ ਤੋਂ ਖੁਸ਼ ਹੋ ਕੇ ਬੱਚਿਆਂ ਨੂੰ ਆਪਣੇ ਵਲੋਂ ਖੁੱਲ੍ਹੀ ਮਠਿਆਈ ਦਿੱਤੀ। ਸੰਤ ਅਤਰ ਸਿੰਘ ਵਲੋਂ ਬੱਚਿਆਂ ਨੂੰ ਵਿਦਿਆ ਪ੍ਰਤੀ ਉਤਸ਼ਾਹਿਤ ਕੀਤੇ ਜਾਣ ਦੀਆਂ ਇਹ ਕੁਝ ਕੁ ਮਿਸਾਲਾਂ ਹਨ।
ਸੰਤ ਤੇਜਾ ਸਿੰਘ ਅਤੇ ਪਿੰ੍ਰ. ਧਰਮਾਨੰਤ ਸਿੰਘ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਉਚੇਰੀ ਵਿਦਿਆ ਲਈ ਭੇਜਣਾ ਸੰਤ ਅਤਰ ਸਿੰਘ ਦੀ ਵਿਦਿਅਕ ਭਵਿਖ-ਦ੍ਰਿਸ਼ਟੀ ਦਾ ਪ੍ਰਗਟਾਵਾ ਹੈ। ਮਾਲਵੇ ਦੀ ਪ੍ਰਸਿਧ ਪੁਰਾਤਨ ਵਿਦਿਅਕ ਸੰਸਥਾ ਅਕਾਲ ਡਿਗਰੀ ਕਾਲਜ ਮਸਤੂਆਣਾ ਦੀ ਸਥਾਪਨਾ ਅਤੇ ਇਸ ਦੇ ਸੰਚਾਲਨ ਦਾ ਪ੍ਰਬੰਧ ਸੰਤ ਅਤਰ ਸਿੰਘ ਦੀ ਇਸ ਖੇਤਰ ਨੂੰ ਵੱਡੀ ਵਿਦਿਅਕ ਦੇਣ ਹੈ। ਉਨ੍ਹਾਂ ਦੀ ਹਰਮਨ ਪਿਆਰੀ ਹਸਤੀ ਦਾ ਪ੍ਰਮਾਣ ਇਹ ਵੀ ਹੈ ਕਿ ਪੰਡਿਤ ਮਦਨ ਮੋਹਨ ਮਾਲਵੀਆ ਵਰਗੇ ਹਿੰਦੂ ਆਗੂਆਂ ਨੇ ਹਿੰਦੂ ਯੂਨੀਵਰਸਿਟੀ ਬਨਾਰਸ ਦਾ ਨੀਂਹ ਪੱਥਰ ਵੀ ਉਨ੍ਹਾਂ ਤੋਂ ਰਖਵਾਇਆ ਸੀ।
ਸੰਤ ਅਤਰ ਸਿੰਘ ਸਿੱਖ ਐਜੂਕੇਸ਼ਨਲ ਕਾਨਫਰੰਸਾਂ ਵਿਚ ਅਕਸਰ ਹੀ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਲਵਾਉਂਦੇ ਸਨ। ਇਨ੍ਹਾਂ ਕਾਨਫਰੰਸਾਂ ਵਿਚ ਬਤੌਰ ਪ੍ਰਧਾਨ ਸੁਸ਼ੋਭਿਤ ਹੋਣ ਦਾ ਮੌਕਾ ਵੀ ਉਨ੍ਹਾਂ ਨੂੰ ਮਿਲਦਾ ਰਿਹਾ। ਫਿਰੋਜਪੁਰ ਵਿਖੇ 15-16 ਅਕਤੂਬਰ 1915 ਈ. ਨੂੰ ਹੋਈ ਇਕ ਕਾਨਫਰੰਸ ਵਿਚ ਰਾਜਾ ਰਣਬੀਰ ਸਿੰਘ ਦੇ ਬੀਮਾਰ ਹੋਣ ਕਾਰਨ ਨਾ ਪੁੱਜਣ ‘ਤੇ ਸੰਤ ਅਤਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਨੇ ਸ਼ਬਦਾਂ ਦੀ ਧੁਨੀ ਰਾਹੀਂ ਆਪਣੀ ਹਾਜ਼ਰੀ ਲਵਾਈ ਅਤੇ ਆਪਣੇ ਅੰਤਿਮ ਭਾਸ਼ਣ ਵਿਚ ਗੁਰੂ ਗੋਬਿੰਦ ਸਿੰਘ ਦੇ ਇਕ ਸ਼ਬਦ ‘ਜਾਗਤ ਜੋਤਿ ਜਪੈ ਨਿਸ ਬਾਸੁਰ…’ ਦਾ ਗਾਇਨ ਕਰਕੇ ਇਸ ਦੇ ਭਾਵ-ਅਰਥ ਦਰਸਾਉਂਦਾ ਵਿਆਖਿਆਨ ਕੀਤਾ।
ਜੈਤੋ ਦੇ ਮੋਰਚੇ ਵਿਚ ਅਖੰਡ ਪਾਠ ਦੇ ਭੋਗ ਸਮੇਂ ਵੀ ਸੰਤ ਅਤਰ ਸਿੰਘ ਨੇ ਹਾਜ਼ਰੀ ਭਰੀ ਅਤੇ ਮੋਰਚੇ ਵਿਚ ਸ਼ਾਮਿਲ ਹੋਣ ਵਾਲੇ ਅਕਾਲੀਆਂ ਨੂੰ ਉਤਸ਼ਾਹਿਤ ਵੀ ਕਰਦੇ ਸਨ। ਪਟਿਆਲਾ ਰਿਆਸਤ ਦੀ ਰਜਵਾੜਾਸ਼ਾਹੀ ਸੱਤਾ-ਪ੍ਰਣਾਲੀ ਦੇ ਵਿਰੋਧੀ ਨਾਇਕ ਸ਼ ਸੇਵਾ ਸਿੰਘ ਠੀਕਰੀਵਾਲੇ ਨੂੰ ਉਸ ਵੇਲੇ ਕਾਲਜ ਕੌਂਸਲ ਮਸਤੂਆਣੇ ਦਾ ਪ੍ਰਧਾਨ ਬਣਾਉਣਾ, ਜਦ ਮਹਾਰਾਜਾ ਪਟਿਆਲਾ ਦਾ ਸਾਰਾ ਪਰਿਵਾਰ ਸੰਤਾਂ ਦੀ ਸੇਵਾ ਲਈ ਤਤਪਰ ਰਹਿੰਦਾ ਸੀ, ਸੰਤ ਅਤਰ ਸਿੰਘ ਮਸਤੂਆਣਾ ਦੀ ਲੋਕ ਲਹਿਰਾਂ ਨੂੰ ਨਿਵਾਜਣ ਦੀ ਦ੍ਰਿਸ਼ਟੀ ਦਾ ਪ੍ਰਗਟਾਵਾ ਹੈ।
ਜੇ ਸਮੁੱਚੇ ਤੌਰ ‘ਤੇ ਸਿੱਖ ਪੁਨਰ-ਜਾਗ੍ਰਿਤੀ ਦੀ ਲਹਿਰ ਦੇ ਸੰਦਰਭ ਵਿਚ ਦੇਖਿਆ ਜਾਵੇ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਸਿੰਘ ਸਭਾ ਲਹਿਰ ਅਤੇ ਚੀਫ ਖਾਲਸਾ ਦੀਵਾਨ ਦੇ ਨਾਲ ਹੀ ਸੰਤ ਅਤਰ ਸਿੰਘ ਮਸਤੂਆਣੇ ਦਾ ਸਿੱਖ ਪੁਨਰ-ਜਾਗ੍ਰਿਤੀ ਦੀ ਲਹਿਰ ਵਿਚ ਵਡਮੁੱਲਾ ਯੋਗਦਾਨ ਹੈ। ਗੁਰਮਤਿ ਪ੍ਰਚਾਰ ਪ੍ਰਸਾਰ ਬਾਬਤ ਉਨ੍ਹਾਂ ਦੀ ਘਾਲ ਕਮਾਈ ਜਿਗਿਆਸੂਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੀ ਰਹੇਗੀ।