ਤਬਲੇ ਦੀ ਤਾਲ: ਪੰਜਾਬੀਆਂ ਨੇ ਕਿੰਜ ਮਾਰੀਆਂ ਮੱਲਾਂ

ਪ੍ਰੋ. ਅਜੀਤ ਸਿੰਘ ਪੇਂਟਲ
ਧਰੁਪਦ ਗਾਇਨ ਦੀ ਖੋਜ ਸਭ ਤੋਂ ਪਹਿਲਾਂ 15ਵੀਂ ਸਦੀ ਵਿਚ ਗਵਾਲੀਅਰ ਦੇ ਰਾਜਾ ਮਾਨ ਸਿੰਘ ਤੋਮਰ ਨੇ ਕੀਤੀ ਸੀ। ਇਹ ਗਾਇਕੀ ਦੀ ਸਭ ਤੋਂ ਪੁਰਾਣੀ ਸ਼ੈਲੀ ਸੀ ਜਿਸ ਨੂੰ ਧਰੁਪਦ ਵੀ ਕਿਹਾ ਜਾਂਦਾ ਹੈ। ਧਰੁਪਦ ਗਾਇਕੀ ਦੇ ਪ੍ਰਚਾਰ ਵਿਚ ਪੰਜਾਬ ਨੇ ਵੱਡੀ ਭੂਮਿਕਾ ਨਿਭਾਈ ਹੈ। ਸਵਾਮੀ ਹਰੀਦਾਸ ਜੋ ਧਰੁਪਦ ਗਾਇਕੀ ਦੇ ਸੰਤ ਸੰਗੀਤਕਾਰ ਸਨ, ਉਹ ਵੀ ਪੰਜਾਬ ਦੇ ਸਨ। ਉਨ੍ਹਾਂ ਦੇ ਪਿਤਾ ‘ਅਸ਼ੁਧੀਰ’ ਸਰਸਵਤ ਬ੍ਰਾਹਮਣ ਸਨ ਅਤੇ ਸਰਸਵਤ ਬ੍ਰਾਹਮਣਾਂ ਨੂੰ ਬੁਨਿਆਦੀ ਤੌਰ ‘ਤੇ ਹੀ ਪੰਜਾਬ ਦਾ ਮੰਨਿਆ ਜਾਂਦਾ ਹੈ। ਕੁਝ ਹੋਰਾਂ ਦਾ ਕਹਿਣਾ ਹੈ ਕਿ ਸਵਾਮੀ ਹਰੀਦਾਸ ਦੇ ਪੁਰਖੇ ਮੁਲਤਾਨ (ਪੰਜਾਬ) ਦੇ ਨੇੜੇ ਪਿੰਡ ਦੇ ਨਿਵਾਸੀ ਸਨ। ਪ੍ਰਸਿਧ ਵਿਦਵਾਨ ਦਲੀਪ ਚੰਦਰ ਦੇਵੀ ਅਨੁਸਾਰ ਸਵਾਮੀ ਹਰੀਦਾਸ ਦਾ ਜਨਮ ਪੰਜਾਬ ਦੇ ਪਿੰਡ ‘ਹਰਿਆਣਾ’ ਵਿਖੇ ਹੋਇਆ।

ਸਵਾਮੀ ਹਰੀਦਾਸ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਸਨ। ਸਵਾਮੀ ਜੀ ਨੇ ਸੰਗੀਤ ਦੀ ਸਿੱਖਿਆ ਪ੍ਰਸਿਧ ਬੈਜੂ, ਤਾਨਸੇਨ, ਗੋਪਾਲ ਲਾਲ, ਮਦਨ ਰਾਜ, ਦੀਵਾਕਰ ਪੰਡਤ, ਸੋਮਨਾਥ ਪੰਡਤ ਆਦਿ ਨੂੰ ਦਿੱਤੀ। ਸਵਾਮੀ ਜੀ ਕੋਲੋਂ ਸੰਗੀਤ ਦੀ ਸਿੱਖਿਆ-ਦੀਖਿਆ ਲੈ ਕੇ ਇਨ੍ਹਾਂ ਦੇ ਸ਼ਾਗਿਰਦ ਅਲੱਗ-ਅਲੱਗ ਥਾਵਾਂ ‘ਤੇ ਜਾ ਵਸੇ ਅਤੇ ਧਰੁਪਦ, ਧਮਾਰ, ਤਿਰਵਟ, ਤਰਾਨਾ ਤੇ ਰਾਗਮਾਲਾ ਆਦਿ ਵਿਚ ਰਚਨਾਵਾਂ ਰਚ ਕੇ ਦੇਸ਼ ਦੇ ਭਿੰਨ-ਭਿੰਨ ਖੇਤਰਾਂ ‘ਚ ਜਾ ਕੇ ਇਨ੍ਹਾਂ ਦਾ ਪ੍ਰਚਾਰ ਕੀਤਾ।
ਸਵਾਮੀ ਹਰੀਦਾਸ ਦੇ ਦੋ ਸ਼ਾਗਿਰਦ ਦੀਵਾਕਰ ਪੰਡਤ (ਸੂਰਜ ਖਾਂ) ਅਤੇ ਸੁਧਾਕਰ ਪੰਡਤ (ਚਾਂਦ ਖਾਂ) ਪੰਜਾਬ ਵਿਚ ਜਾ ਕੇ ਵਸ ਗਏ ਅਤੇ ਧਰੁਪਦ ਦੇ ਚਾਰ ਘਰਾਣਿਆਂ ਤਲਵੰਡੀ, ਸ਼ਾਮ ਚੌਰਾਸੀ, ਕਪੂਰਥਲਾ ਅਤੇ ਹਰਿਆਣਾ ਦੀ ਸਥਾਪਨਾ ਕੀਤੀ। ਧਰੁਪਦੀਆਂ ਦਾ ਸਭ ਤੋਂ ਪੁਰਾਣਾ ਘਰਾਣਾ ਤਲਵੰਡੀ ਘਰਾਣਾ ਹੈ ਜੋ ਅਕਬਰ ਦੇ ਰਾਜ ਵਿਚ ਹੋਂਦ ਵਿਚ ਆਇਆ। ਕੁਝ ਪ੍ਰਸਿਧ ਰਬਾਬੀ ਅਤੇ ਰਾਗੀ ਜੋ ਕਿ ਸ਼ਬਦ ਕੀਰਤਨ ਗਾਇਕੀ ਲਈ ਮਸ਼ਹੂਰ ਸਨ ਜਿਵੇਂ ਭਾਈ ਚਾਂਦ, ਗੁਰਮੁਖ ਸਿੰਘ, ਭਾਈ ਉਤਮ ਸਿੰਘ, ਭਾਈ ਲਾਲ ਸਿੰਘ, ਭਾਈ ਸੁੰਦਰ ਸਿੰਘ ਆਦਿ ਜੋ ਧਰੁਪਦ ਸ਼ੈਲੀ ਵਿਚ ਕੀਰਤਨ ਕਰਦੇ ਸਨ, ਇਹ ਸਭ ਤਲਵੰਡੀ ਘਰਾਣੇ ਨਾਲ ਸਬੰਧਤ ਸਨ।
ਗੁਰੂ ਨਾਨਕ ਦੇਵ ਦੇ ਸਮੇਂ ਤੋਂ ਕੀਰਤਨ ਸ਼ਾਸਤਰੀ ਰਾਗਾਂ ਵਿਚ ਹੁੰਦਾ ਸੀ ਅਤੇ ਸਿੱਖ ਗੁਰੂਆਂ ਦੇ ਸ਼ਬਦ ਧਰੁਪਦ ਸ਼ੈਲੀ ਵਿਚ ਗਾਏ ਜਾਂਦੇ ਸਨ। ਇਸ ਲਈ ਕਿਹਾ ਜਾਂਦਾ ਹੈ ਕਿ ਗੁਰਬਾਣੀ ਨੇ ਪੰਜਾਬ ਵਿਚ ਧਰੁਪਦ ਸ਼ੈਲੀ ਦੇ ਪ੍ਰਚਾਰ ਵਿਚ ਨਿਵੇਕਲਾ ਰੋਲ ਅਦਾ ਕੀਤਾ ਹੈ। ਧਰੁਪਦ ਅੰਗ ‘ਚ ਗਾਈ ਜਾਣ ਵਾਲੀ ਗੁਰਬਾਣੀ ਸ਼ਬਦ ਕੀਰਤਨ ਨੂੰ ‘ਟਕਸਾਲੀ’ ਜਾਂ ‘ਸ਼ਬਦ ਗੀਤ’ ਕਿਹਾ ਜਾਂਦਾ ਹੈ। ਟਕਸਾਲੀ ਯਾਨੀ ਕਿ ਪ੍ਰਮਾਣਿਕ। ਇਹ ਸ਼ਬਦ ਰੀਤਾਂ ਅੱਜ ਵੀ ਸਾਨੂੰ ਆਪਣੇ ਬਜ਼ੁਰਗ ਰਾਗੀਆਂ ਤੋਂ ਸੁਣਨ ਨੂੰ ਮਿਲਦੀਆਂ ਹਨ ਜੋ ਉਨ੍ਹਾਂ ਨੇ ਆਪਣੇ ਵੱਡੇ-ਵਡੇਰਿਆਂ ਤੋਂ ਵਿਰਾਸਤ ਵਿਚ ਸਿੱਖੀਆਂ ਹਨ। ਤਲਵੰਡੀ ਘਰਾਣੇ ਦੇ ਕੁਝ ਹੋਰ ਗਾਇਕ ਛੱਜੂ ਖਾਂ, ਮੌਲਾ ਬਖਸ਼, ਮੌਲਾ ਦਾਦ, ਬੱਘਰ ਖਾਂ, ਮੁਬਾਰਕ ਅਲੀ ਖਾਂ, ਭੀਕੇ ਖਾਂ, ਮਹਾਸ਼ਯ ਰੰਗਾ ਸਿੰਘ ਆਰਯਾ, ਪੰਡਤ ਵੈਸ਼ਨਵ ਦਾਸ ਆਦਿ ਸਨ।
ਪੰਜਾਬ ਦਾ ਸ਼ਾਮ ਚੌਰਾਸੀ ਘਰਾਣਾ ਵੀ ਧਰੁਪਦ ਗਾਇਕੀ ਲਈ ਪ੍ਰਸਿਧ ਹੈ। ਇਸ ਘਰਾਣੇ ਦੇ ਕੁਝ ਸੰਗੀਤਕਾਰਾਂ ਨੇ ਪ੍ਰਸਿਧ ਸੰਗੀਤਕਾਰ ਬੈਜੂ ਬਾਵਰਾ ਤੋਂ ਵੀ ਸਿਖਲਾਈ ਲਈ। ਕਪੂਰਥਲਾ ਘਰਾਣਾ ਵੀ ਧਰੁਪਦ ਗਾਇਕੀ ਲਈ ਪ੍ਰਸਿੱਧ ਹੈ। ਇਸ ਘਰਾਣੇ ਦਾ ਪਹਿਲਾ ਸੰਗੀਤਕਾਰ ਸਾਈਂ ਇਲਿਆਸ ਮੰਨਿਆ ਜਾਂਦਾ ਹੈ ਜਿਸ ਨੇ ਆਪਣੀ ਤਾਲੀਮ ਤਲਵੰਡੀ ਘਰਾਣੇ ਦੇ ਇਕ ਉਸਤਾਦ ਪਾਸੋਂ ਲਈ ਸੀ। ਪੰਡਤ ਅਮੀਰ ਚੰਦ ਸਲਤਾਨਪੁਰੀਏ ਅਤੇ ਪੰਡਤ ਨੱਥੂ ਰਾਮ ਸਾਈਂ ਇਲਿਆਸ ਦੇ ਮਨਪਸੰਦ ਸ਼ਾਗਿਰਦ ਸਨ। ਪੰਡਤ ਅੰਮੀ ਚੰਦ ਸੁਲਤਾਨਪੁਰੀਏ ਅਤੇ ਪੰਡਤ ਨੱਥੂ ਰਾਮ ਸਾਈਂ ਇਲਿਆਸ ਦੇ ਖ਼ਾਸ ਸ਼ਾਗਿਰਦ ਸਨ। ਭਾਈ ਬੂਬਾ ਸਿੰਘ (ਮਹਿਬੂਬ ਅਲੀ) ਕਪੂਰਥਲਾ ਨਿਵਾਸੀ ਮੀਰ ਰਹਿਮਤ ਅਲੀ ਦਾ ਸ਼ਾਗਿਰਦ ਸੀ ਜੋ ਬਹੁਤ ਸਾਰੇ ਧਰੁਪਦ ਅਤੇ ਸਾਦਰਾ ਦੀਆਂ ਬੰਦਿਸ਼ਾਂ ਜਾਣਦਾ ਸੀ। ਮੀਰ ਰਹਿਮਤ ਅਲੀ ਕਪੂਰਥਲਾ ਦੇ ਮਹਾਰਾਜਾ ਨਿਹਾਲ ਸਿੰਘ ਦੇ ਪੁੱਤਰ ਕੰਵਰ ਬਿਕਰਮ ਸਿੰਘ ਦੇ ਦਰਬਾਰੀ ਸੰਗੀਤਕਾਰ ਸਨ ਜੋ ਸਾਜ਼ ‘ਸੁਰ ਬਹਾਰ’ ਵਜਾਉਣ ‘ਚ ਬੜੇ ਨਿਪੁੰਨ ਸਨ। ਇਹ ਮੀਆਂ ਤਾਨਸੇਨ ਅਤੇ ਸ਼ਾਹ ਸਦਾ ਰੰਗ ਦੇ ਵੰਸ਼ਜ਼ ਸਨ (ਸ਼ਾਹ ਸਦਾ ਰੰਗ ਜਿਨ੍ਹਾਂ ਨੇ ਸ਼ਾਸਤਰੀ ਸੰਗੀਤ ਵਿਚ ਖ਼ਯਾਲ ਸ਼ੈਲੀ ਨੂੰ ਜਨਮ ਦਿੱਤਾ) ਭਗਵਾਨ ਦਾਸ ਸੈਣੀ ਅਤੇ ਮਹੰਤ ਗੱਜਾ ਸਿੰਘ ਵੀ ਕਪੂਰਥਲੇ ਦੇ ਮਸ਼ਹੂਰ ਸੰਗੀਤਕਾਰ ਸਨ।
ਜ਼ਿਲ੍ਹਾ ਹੁਸ਼ਿਆਰਪੁਰ ਦਾ ‘ਹਰਿਆਣਾ ਘਰਾਣਾ’ ਵੀ ਧਰੁਪਦ ਗਾਇਕੀ ਲਈ ਪ੍ਰਸਿਧ ਹੈ ਜਿਸ ਵਿਚ ਛੱਜੂ ਰਾਮ ਭਗਤ ਅਤੇ ਉਸ ਦੇ ਚੇਲੇ, ਗੁੱਜਰ ਰਾਮ ਵਾਸਦੇਵ ‘ਰਾਗੀ’ ਆਦਿ ਸਨ। ਹਰਿਆਣਾ ਦੇ ਘਰਾਣੇ ਦੇ ਕੁਝ ਹੋਰ ਗਾਇਕ ਮੁਹੰਮਦ ਹੁਸੈਨ, ਹਿਦਾਇਤ ਹੁਸੈਨ, ਖੁਦਾ ਬਖਸ਼ ਅਤੇ ਅਹਿਮਦ ਬਖਸ਼ ਸਨ।
ਇਕ ਗੱਲ ਬੜੀ ਹੈਰਤ ਦੀ ਹੈ ਕਿ ਖ਼ਯਾਲ, ਟੱਪਾ, ਠੁਮਰੀ ਅਤੇ ਸਾਦਰਾ ਜਿਵੇਂ ਸਾਨੂੰ ਪੰਜਾਬੀ ਵਿਚ ਪ੍ਰਾਪਤ ਹਨ, ਪਰ ਧਰੁਪਦ ਸਾਨੂੰ ਪੰਜਾਬੀ ਵਿਚ ਨਹੀਂ ਮਿਲਦਾ ਜਦਕਿ ਪੰਜਾਬ ਵਿਚ ਧਰੁਪਦ ਸ਼ੈਲੀ ਦੀ ਗਾਇਕੀ ਨੂੰ ਗਾਉਣ ਵਿਚ ਪੰਜਾਬੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਦੇ ਪ੍ਰਚਾਰ ਕਰਨ ਵਿਚ ਵੀ ਤੇ ਗਾਉਣ ਵਿਚ ਵੀ। ਇਸ ਦਾ ਮੁੱਖ ਕਾਰਨ ਇਹ ਹੋ ਸਕਦਾ ਹੈ ਕਿ ਭਾਵੇਂ ਹਰੀਦਾਸ ਸਵਾਮੀ ਪੰਜਾਬ ਦੇ ਜੰਮਪਲ ਸਨ, ਪਰ ਉਨ੍ਹਾਂ ਨੇ ਆਪਣਾ ਜ਼ਿਆਦਾ ਸਮਾਂ ਵ੍ਰਿੰਦਾਵਨ ਵਿਚ ਗੁਜ਼ਾਰਿਆ ਅਤੇ ਬ੍ਰਜ ਭਾਸ਼ਾ ਵਿਚ ਹੀ ਆਪਣੀਆਂ ਰਚਨਾਵਾਂ ਰਚੀਆਂ ਸਨ ਪਰ ਇਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਬ੍ਰਜ ਤੋਂ ਇਲਾਵਾ ਧਰੁਪਦ ਦੀ ਹੋਰ ਕਿਸੇ ਵੀ ਭਾਸ਼ਾ ਵਿਚ ਬੰਦਿਸ਼ ਨਹੀਂ ਹੋਈ।
ਇਸ ਸਮੇਂ ਤਕ ਪੁਰਾਣੀਆਂ ਸ਼ਾਸਤਰੀ ਬੰਦਿਸ਼ਾਂ ਜਿਵੇਂ ਕਿ ਧਰੁਪਦ, ਧਮਾਰ, ਸਾਦਰਾ ਆਦਿ ਪਖਾਵਜ ਦੇ ਨਾਲ ਹੀ ਗਾਈਆਂ ਜਾਂਦੀਆਂ ਸਨ। ਮੱਧਕਾਲ ਵਿਚ ਪਖਾਵਜ ਬਹੁਤ ਹੀ ਪ੍ਰਸਿਧ ਵਾਦਯ (ਸਾਜ਼) ਸੀ। ਰਬਾਬੀਏ ਅਤੇ ਸਿੰਘ ਰਾਗੀ ਸ਼ਬਦ ਬੰਦਿਸ਼, ਅਰਥਾਤ ਸ਼ਬਦ ਰੀਤ ਦੇ ਨਾਲ ਪਖਾਵਜ ਦਾ ਹੀ ਪ੍ਰਯੋਗ ਕਰਦੇ ਸਨ। ਸ਼ਬਦ ਰੀਤਾਂ ਧਰੁਪਦ, ਧਮਾਰ ਅਤੇ ਸਾਦਰਾ ਸ਼ੈਲੀਆਂ ਦੀ ਪਰੰਪਰਾ ਉਪਰ ਰਚੀਆਂ ਗਈਆਂ ਸਨ। ਇਸ ਲਈ ਤਦ ਗੁਰਬਾਣੀ ਕੀਰਤਨ ਵਿਚ ਪਖਾਵਜ ਦੇ ਸੰਗ ਇਸ ਦੀ ਗਾਇਕੀ ਵਿਚ ਹੋਰ ਵੀ ਨਿਖਾਰ ਤੇ ਇਲਾਹੀ ਸਰੂਰ ਭਰਦਾ ਸੀ। ਇਥੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਸੰਗੀਤ ਵਿਚ ਧਰੁਪਦ ਪਰੰਪਰਾ ਵਿਚ ਪਖਾਵਜ ਦਾ ਅਹਿਮ ਰੋਲ ਜਾਂ ਹਿੱਸਾ ਰਿਹਾ ਹੈ।
ਕੁਝ ਵਿਦਵਾਨਾਂ ਦਾ ਮੱਤ ਹੈ ਕਿ ਤਬਲੇ ਦੀ ਉਤਪਤੀ ਪਖਾਵਜ ਤੋਂ ਹੋਈ ਹੈ ਜਦਕਿ ਕੁਝ ਇਸ ਨੂੰ ਅਮੀਰ ਖੁਸਰੋ ਦੀ ਕਾਢ ਮੰਨਦੇ ਹਨ। ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਢੋਲਕ ਨੂੰ ਦੋ ਹਿੱਸਿਆਂ ਵਿਚ ਕੱਟ ਕੇ ਤਬਲੇ ਦੀ ਕਾਢ ਕੱਢੀ ਗਈ। ਕੁਝ ਦਾ ਕਹਿਣਾ ਹੈ ਕਿ ਤਬਲੇ ਦੀ ਉਤਪਤੀ ਅਰਬੀ ਫ਼ਾਰਸੀ ਸ਼ਬਦ ‘ਤਬਲ’ ਤੋਂ ਹੋਈ ਹੈ। ‘ਮਾਝ ਦੀ ਵਾਰ’ ਗੁਰੂ ਨਾਨਕ ਦੇਵ ਵੱਲੋਂ ਰਚਿਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 142 ਵਿਚ ਮਹਲਾ ਪਹਿਲਾ ਵਿਚ ‘ਤਬੀ’ ਸ਼ਬਦ ਵੀ ਆਉਂਦਾ ਹੈ, ਕੁਝ ਇਸ ਸ਼ਬਦ ਤੋਂ ਵੀ ਤਬਲਾ ਦੇ ਅਰਥ ਕੱਢਦੇ ਹਨ, ਪਰ ਇੰਜ ਮਹਿਸੂਸ ਹੁੰਦਾ ਹੈ ਕਿ ਤਬਲੇ ਦੀ ਆਪਣੀ ਨਿੱਜੀ ਹੋਂਦ ਤੇ ਉਤਪਤੀ ਹੈ।
ਸੋਲ੍ਹਵੀਂ ਸਦੀ ਤੋਂ ਪਹਿਲਾਂ ਤਬਲਾ ਕੋਈ ਪ੍ਰਸਿਧ ਵਾਦਯ ਯੰਤਰ ਨਹੀਂ ਸੀ, ਕਿਉਂਕਿ ਇਸ ਨੂੰ ਤਦ ਧਰੁਪਦ-ਧਮਾਰ ਗਾਣ ਲਈ ਉਚਿਤ ਨਹੀਂ ਸਮਝਿਆ ਜਾਂਦਾ ਸੀ। ਬਾਅਦ ਵਿਚ ਜਦੋਂ ਖ਼ਯਾਲ, ਟੱਪਾ ਅਤੇ ਸ਼ਾਸਤਰੀ ਸੰਗੀਤ ਦੀਆਂ ਕਈ ਹੋਰ ਸ਼ੈਲੀਆਂ ਹੋਂਦ ਵਿਚ ਆਈਆਂ ਤਾਂ 16-17ਵੀਂ ਸਦੀ ਵਿਚ ਤਦ ਹੌਲੀ-ਹੌਲੀ ਤਬਲਾ ਇਨ੍ਹਾਂ ਸ਼ੈਲੀਆਂ ਦੇ ਮੇਚ ਆਉਣ ਲੱਗਾ।
ਤਬਲਾ ਵਾਦਨ ਦੇ ਵੀ ਕਈ ਘਰਾਣੇ ਹੋਂਦ ਵਿਚ ਆਏ ਜਿਵੇਂ ਕਿ ਦਿੱਲੀ ਘਰਾਣਾ, ਲਖਨਊ ਘਰਾਣਾ, ਅਜਰਾੜਾ ਘਰਾਣਾ, ਫਰੁਖਾਬਾਦ ਘਰਾਣਾ, ਬਨਾਰਸ ਘਰਾਣਾ, ਪੰਜਾਬ ਘਰਾਣਾ ਆਦਿ। ਇਨ੍ਹਾਂ ਸਾਰਿਆਂ ਨੂੰ ‘ਪੰਜਾਬ ਬਾਜ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਪਰ ‘ਪੰਜਾਬ ਘਰਾਣਾ’ ਅਜਿਹਾ ਘਰਾਣਾ ਹੈ ਜਿਸ ਦੀ ਆਪਣੀ ਨਿੱਜੀ ਹੋਂਦ ਹੈ। ਉਸਤਾਦ ਫਕੀਰ ਬਖਸ਼ ਪੰਜਾਬ ਘਰਾਣੇ ਨਾਲ ਸਬੰਧਤ ਹੋਣ ਕਾਰਨ ਇਸ ਘਰਾਣੇ ਦੇ ਪ੍ਰਵਰਤਕਾਂ ਨੇ ਪਖਾਵਜ ਦੇ ਖੁੱਲ੍ਹੇ ਬੋਲਾਂ ਨੂੰ ਬੰਦ ਕਰਕੇ ਤਬਲੇ ਉਤੇ ਇਕ ਨਵੀਂ ਸ਼ੈਲੀ ਅਪਣਾਈ ਜਿਸ ਵਿਚ ਸਾਰੀਆਂ ਪਖਾਵਜ ਦੀਆਂ ਖੂਬੀਆਂ ਵੀ ਸਨ।
ਤਬਲਾ ਵਾਦਨ ਦੇ ਪੰਜਾਬ ਵਿਚ ਸਿਰਫ਼ ਤਿੰਨ ਘਰਾਣੇ ਹਨ। ਇਕ ਪੰਜਾਬ ਘਰਾਣਾ ਜਾਂ ਲਾਹੌਰ ਘਰਾਣਾ, ਦੂਜਾ ਕਸੂਰ ਘਰਾਣਾ ਅਤੇ ਤੀਜਾ ਅੰਮ੍ਰਿਤਸਰ ਘਰਾਣਾ ਜਾਂ ਨਾਈਆਂ ਦਾ ਘਰਾਣਾ। ਪੰਜਾਬ ਘਰਾਣੇ ਦਾ ਸੰਸਥਾਪਕ ਲਾਹੌਰ ਦਾ ਫਕੀਰ ਬਖਸ਼ ਸੀ ਜੋ ਜੰਮੂ ਕਸ਼ਮੀਰ ਦੇ ਮਹਾਰਾਜਾ ਪ੍ਰਤਾਪ ਸਿੰਘ ਦੇ ਦਰਬਾਰੀ ਸੰਗੀਤਕਾਰਾਂ ਲਾਹੌਰ ਦੇ ਪ੍ਰਸਿਧ ਤਬਲਾ ਵਾਦਕ ਹੁਸੈਨ ਬਖਸ਼ ਦਾ ਪੁੱਤਰ ਸੀ। ਹੁਸੈਨ ਬਖਸ਼ ਤੋਂ ਬਾਅਦ ਉਸ ਦਾ ਬੇਟਾ ਫਕੀਰ ਬਖਸ਼ ਤੇ ਪੋਤਾ ਕਾਦਿਰ ਬਖਸ਼ ਵੀ ਪੰਜਾਬ ਦੇ ਪ੍ਰਸਿਧ ਤਬਲਾ ਵਾਦਕ ਰਹੇ। ਜਿਵੇਂ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ ਪੰਜਾਬ ਸ਼ੈਲੀ ਵਿਚ ਤਬਲੇ ਦੇ ਸੰਸਥਾਪਕ ਫਕੀਰ ਬਖਸ਼ ਸਨ। ਬਾਅਦ ਵਿਚ ਇਹ ਸ਼ੈਲੀ ‘ਪੰਜਾਬ ਬਾਜ’ ਦੇ ਨਾਂ ਤੋਂ ਹਰਮਨਪਿਆਰੀ ਹੋਈ। ਉਸਤਾਦ ਫਕੀਰ ਬਖਸ਼ ਦੇ ਅਨੇਕਾਂ ਸ਼ਾਗਿਰਦਾਂ ਵਿਚੋਂ ਕਰਮ ਇਲਾਹੀ ਖਾਂ, ਬਾਬਾ ਮਲੰਗ, ਫੀਰੋਜ਼ ਖਾਂ (ਢਾਡੀ) ਆਦਿ ਸਨ। ਉਸ ਦੇ ਪੁੱਤਰ ਕਾਦਰ ਬਖਸ਼ ਦੇ ਵੀ ਅਨੇਕਾਂ ਸ਼ਾਗਿਰਦਾਂ ਵਿਚੋਂ ਪ੍ਰਸਿਧ ਤਬਲਾ ਵਾਦਕ ਜੋ ਬਣੇ ਉਹ ਹਨ, ਅੱਲਾ ਰੱਖਾ ਖਾਂ, ਭਾਈ ਨਸੀਰਾ, ਭਾਈ ਰੱਖਾ ਅਤੇ ਜ਼ਾਕਿਰ ਹੁਸੈਨ ਖਾਂ ਆਦਿ।
ਨਾਈਆਂ ਦਾ ਘਰਾਣਾ/ਅੰਮ੍ਰਿਤਸਰ ਘਰਾਣਾ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਵਿਚ ਹੋਂਦ ਵਿਚ ਆਇਆ। ਇਸ ਘਰਾਣੇ ਦੇ ਸੰਸਥਾਪਕ ਮੱਝਾ ਸਿੰਘ ਸਨ। ਭਾਈ ਮੱਝਾ ਸਿੰਘ ਦੇ ਚਾਰ ਪੁੱਤਰ ਸਨ। ਭਾਈ ਭੂਪ ਸਿੰਘ, ਸ਼ਾਮ ਸਿੰਘ, ਦੇਵਾ ਸਿੰਘ ਅਤੇ ਭਾਈ ਗੁਰਦਿਤ ਸਿੰਘ। ਇਨ੍ਹਾਂ ਸਾਰਿਆਂ ਨੇ ਤਬਲੇ ਦੀ ਤਾਲੀਮ ਆਪਣੇ ਪਿਤਾ ਕੋਲੋਂ ਲਈ। ਉਨ੍ਹੀਵੀਂ ਸਦੀ ਦੇ ਅੰਤ ਤਕ ਭਾਈ ਭੂਪ ਸਿੰਘ ਅਤੇ ਭਾਈ ਗੁਰਦਿਤ ਸਿੰਘ ਨੇ ਇਸ ਕਿੱਤੇ ਵਿਚ ਵਿਸ਼ੇਸ਼ ਪ੍ਰਸਿਧੀ ਹਾਸਲ ਕੀਤੀ।
ਨਾਈਆਂ ਦਾ ਘਰਾਣਾ, ਜਿਸ ਨੂੰ ਅੰਮ੍ਰਿਤਸਰ ਘਰਾਣਾ ਵੀ ਕਿਹਾ ਜਾਂਦਾ ਹੈ। ਇਸ ਦਾ ਭੂਪ ਸਿੰਘ ਪ੍ਰਸਿਧ ਵਾਦਕ ਰਿਹਾ ਹੈ। ਭੂਪ ਸਿੰਘ ਨੇ ਪੰਡਤ ਦਿੱਧੇ ਸਿੰਘ ਕੋਲੋਂ ਪਖਾਵਜ ਦੀ ਸਿਖਲਾਈ ਵੀ ਲਈ। ਇਸ ਘਰਾਣੇ ਦੇ ਕੁਝ ਹੋਰ ਵੰਸ਼ਜ਼ ਭਾਈ ਹਰਨਾਮ ਸਿੰਘ (ਵੱਡੇ), ਭਾਈ ਗੋਪਾਲ ਸਿੰਘ, ਭਾਈ ਅਰਜੁਨ ਸਿੰਘ, ਭਾਈ ਹਰਨਾਮ ਸਿੰਘ (ਛੋਟੇ), ਭਾਈ ਰਣਜੀਤ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਰਿਖੀ ਸਿੰਘ ਅਤੇ ਭਾਈ ਸੰਤਾ ਸਿੰਘ ਆਦਿ ਸਨ।
ਕਸੂਰ ਘਰਾਣੇ ਦੀ ਸਥਾਪਨਾ ਕਸੂਰ ਸ਼ਹਿਰ ਦੇ ਨਿਵਾਸੀ ਫਤਹਿ-ਦੁਲ-ਕਸੂਰ ਨੇ ਕੀਤੀ। ਉਸ ਨੇ ਜ਼ਿਆਦਾ ਸਮਾਂ ਦਿੱਲੀ ਵਿਚ ਰਹਿ ਕੇ ਪ੍ਰਸਿਧ ਤਬਲਾ ਵਾਦਕਾਂ ਕੋਲੋਂ ਇਸ ਦੀ ਤਾਲੀਮ ਹਾਸਲ ਕੀਤੀ ਅਤੇ ਫਿਰ ਪੰਜਾਬ ਆ ਗਏ ਅਤੇ ਪੰਜਾਬ ਆ ਕੇ ਕਰਮ ਇਲਾਹੀ, ਮੀਰ ਬਖਸ਼ ਗਿਲਵਾਲੀਆਂ ਅਤੇ ਪੇਸ਼ਾਵਰ ਦੇ ਫਕੀਰ ਬਖਸ਼ ਨੂੰ ਤਿਆਰ ਕੀਤਾ। ਮੀਰ ਬਖਸ਼ ਨੇ ਅਗਾਂਹ ਭਾਈ ਬਹਾਦੁਰ ਸਿੰਘ ਅਤੇ ਕਰੀਮ ਬਖਸ਼ ਨੂੰ ਤਬਲੇ ਦੀ ਸਿੱਖਿਆ ਦੇ ਕੇ ਤਿਆਰ ਕੀਤਾ।
ਅੱਜ ਨਾਈਆਂ ਦੇ ਘਰਾਣੇ ਅਤੇ ਕਸੂਰ ਘਰਾਣੇ ਦੀ ਪ੍ਰਥਾ ਗੁਆਚ ਗਈ ਹੈ ਪਰ ਲਾਹੌਰ ਘਰਾਣਾ ਅਤੇ ਪੰਜਾਬ ਘਰਾਣੇ ਦੇ ਅਨੁਯਾਈ ਅੱਜ ਵੀ ਸਾਰੇ ਭਾਰਤ ਵਿਚ ਫੈਲੇ ਹੋਏ ਹਨ।