ਇਕ ਪੰਥ, ਇਕ ਗ੍ਰੰਥ

ਮਾਸਟਰ ਦੀਵਾਨ ਸਿੰਘ
ਕਾਰਟਰੇਟ, ਨਿਊ ਜਰਸੀ
ਫੋਨ: 732-850-2719
ਮੁਗਲਾਂ ਦੀ ਚਾਰ ਸੌ ਸਾਲ ਦੀ ਗੁਲਾਮੀ ਨੇ ਹਿੰਦੂਆਂ ਦਾ ਘਾਣ ਕੀਤਾ ਹੋਇਆ ਸੀ। ਹਿੰਦੂਆਂ ਦੀਆਂ ਬਹੂ-ਬੇਟੀਆਂ ਕਾਬਲ ਅਤੇ ਗਜ਼ਨੀ ਦੇ ਬਾਜ਼ਾਰਾਂ ਵਿਚ ਸ਼ੱਰੇਆਮ ਨਿਲਾਮ ਹੁੰਦੀਆਂ ਸਨ। ਹਿੰਦੂ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ, ਪੱਗ ਨਹੀਂ ਸੀ ਬੰਨ੍ਹ ਸਕਦਾ, ਕੋਠੇ ਦੀ ਛੱਤ ‘ਤੇ ਸੌਂ ਨਹੀਂ ਸੀ ਸਕਦਾ। ਜਦੋਂ ਕਿਸੇ ਹਿੰਦੂ ਦਾ ਵਿਆਹ ਹੁੰਦਾ ਤਾਂ ਉਸ ਦੀ ਪਤਨੀ ਪਹਿਲੀ ਰਾਤ ਨਵਾਬ ਦੇ ਘਰ ਕੱਟਦੀ। ਜੇ ਕਿਸੇ ਹਿੰਦੂ ਦੀ ਧੀ ਸੋਹਣੀ ਹੁੰਦੀ ਤਾਂ ਮੁਗਲ ਉਸ ਨੂੰ ਜਬਰੀ ਚੁੱਕ ਕੇ ਲੈ ਜਾਂਦੇ। ਹਿੰਦੂਆਂ ਨੂੰ ਰੱਜ ਕੇ ਜ਼ਲੀਲ ਕੀਤਾ ਜਾਂਦਾ। ਹਿੰਦੂਆਂ ਦੀ ਇੰਨੀ ਮਾੜੀ ਦਸ਼ਾ ਗੁਰੂ ਸਾਹਿਬਾਨ ਤੋਂ ਦੇਖੀ ਨਾ ਗਈ ਅਤੇ ਉਨ੍ਹਾਂ ਨੇ ਹਿੰਦੂਆਂ ਨੂੰ ਆਜ਼ਾਦ ਕਰਵਾਉਣ ਵਾਸਤੇ ਸੰਘਰਸ਼ ਅਰੰਭ ਕੀਤਾ।

ਹਿੰਦੂਆਂ ਵਿਚ ਏਕਤਾ ਬਣਾਉਣ ਅਤੇ ਜ਼ੁਲਮ ਵਿਰੁਧ ਆਵਾਜ਼ ਉਠਾਉਣ ਵਾਸਤੇ ‘ਮਾਰਿਆ ਸਿਕਾ ਜਗਤਿ ਵਿਚ ਨਾਨਕ ਨਿਰਮਲ ਪੰਥ ਚਲਾਇਆ’ ਅਤੇ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ। ਤਿੰਨ ਮੁੱਢਲੇ ਸਿਧਾਂਤ ਸੱਚ ਬੋਲਣਾ, ਧਰਮ ਦੀ ਕਿਰਤ ਕਰਨੀ ਅਤੇ ਨਾਮ ਜਪਣਾ ਦਿੱਤੇ। ਬਾਬਰ ਨੂੰ ਜਾਬਰ ਆਖਿਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪਣਾ ਬਲੀਦਾਨ ਦੇ ਕੇ ਸਿੱਖੀ ਦੇ ਬੂਟੇ ਨੂੰ ਸਿੰਜਿਆ। ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੀ ਖਾਤਰ ਸੀਸ ਵਾਰ ਦਿੱਤਾ, ਪਰ ਸੀ ਨਾ ਕੀਤੀ। ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਲੜਦੇ ਲੜਦੇ ਜੰਗ ਵਿਚ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਨੇ ਨੀਂਹਾਂ ਵਿਚ ਚਿਣਵਾ ਦਿੱਤਾ। ‘ਪੰਥ ਵਸੇ ਮੈਂ ਉਜੜਾਂ’ ਵਾਲਾ ਨਾਹਰਾ ਬੁਲੰਦ ਕੀਤਾ।
ਕਹਿੰਦੇ ਨੇ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਅੰਤਮ ਸਮਾਂ ਨੇੜੇ ਆਉਣ ਲੱਗਾ ਤਾਂ ਸਿੱਖਾਂ ਨੇ ਗੁਰੂ ਜੀ ਤੋਂ ਪੁਛਿਆ ਕਿ ਤੁਹਾਡੇ ਜਾਣ ਪਿਛੋਂ ਸਾਡਾ ਕੀ ਬਣੇਗਾ? ਗੁਰੂ ਜੀ ਨੇ ਆਖਿਆ, ਇਸ ਦਾ ਜਵਾਬ ਕੱਲ੍ਹ ਨੂੰ ਦੇਵਾਂਗੇ। ਦੂਜੇ ਦਿਨ ਉਨ੍ਹਾਂ ਨੇ ਸਿੱਖਾਂ ਕੋਲੋਂ ਖੀਰ ਦਾ ਕੜਾਹਾ ਬਣਵਾਇਆ ਅਤੇ ਉਸ ਨੂੰ ਗਲੀ ਵਿਚ ਸੁੱਟ ਦਿੱਤਾ। ਸਾਰਾ ਦਿਨ ਕੁੱਤੇ ਆ ਆ ਖੀਰ ਖਾਂਦੇ ਰਹੇ ਅਤੇ ਇਕ ਦੂਜੇ ਨਾਲ ਲੜ ਕੇ ਲਹੂ-ਲੁਹਾਣ ਹੁੰਦੇ ਰਹੇ। ਗੁਰੂ ਜੀ ਪੁਕਾਰ ਉਠੇ: ਸਿੱਖੋ! ਜੇ ਤੁਸੀਂ ਆਪਸ ਵਿਚ ਪਿਆਰ ਨਾਲ ਰਹੋਗੇ ਤੇ ਆਪਸ ਵਿਚ ਏਕਾ ਰਖੋਗੇ ਤਾਂ ਤੁਹਾਡੀ ਚੜ੍ਹਦੀ ਕਲਾ ਰਹੇਗੀ; ਨਹੀਂ ਤਾਂ ਤੁਹਾਡਾ ਹਾਲ ਇਨ੍ਹਾਂ ਵਰਗਾ ਹੋਵੇਗਾ। ਅੱਜ ਕੱਲ੍ਹ ਸਿੱਖਾਂ ਦਾ ਹਾਲ ਇਹੀ ਹੋ ਗਿਆ ਹੈ।
ਕੌਮ ਖਾਤਰ ਗੁਰੂ ਸਾਹਿਬਾਨ ਨੇ ਕਰੀਬ 239 ਸਾਲ ਮਿਹਨਤ ਕੀਤੀ, ਕੁਰਬਾਨੀਆਂ ਦਿੱਤੀਆਂ ਪਰ ਮਸੰਦਾਂ ਨੇ ਪਿਛਲੇ ਕੁਝ ਦਹਾਕਿਆਂ ਵਿਚ ਕੌਮ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਜਿੰਨਾ ਚਿਰ ਸਿੱਖਾਂ ਦਾ ਇਕੱਠ ਰਿਹਾ, ਸਿੱਖਾਂ ਨੇ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ। ਸਿੱਖ ਕੌਮ ਨੇ ਹਰੀ ਸਿੰਘ ਨਲੂਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਜਰਨੈਲ ਪੈਦਾ ਕੀਤੇ। ਮਹਾਰਾਜਾ ਰਣਜੀਤ ਸਿੰਘ ਦੀ ਛਤਰ-ਛਾਇਆ ਹੇਠ 50 ਸਾਲ ਸਿੱਖਾਂ ਦਾ ਰਾਜ ਰਿਹਾ। ਸਿੱਖ ਦੁਨੀਆਂ ਵਿਚ ਬਹਾਦਰ ਕੌਮ ਵਜੋਂ ਜਾਣੇ ਜਾਣ ਲੱਗੇ। ਲੋਕਾਂ ਵਿਚ ਸਿੱਖਾਂ ਬਾਰੇ ਧਾਰਨਾ ਬਣ ਗਈ ਕਿ ਸਿੱਖ ਕਦੇ ਝੂਠ ਨਹੀਂ ਬੋਲਦਾ, ਕਦੇ ਚੋਰੀ ਨਹੀਂ ਕਰਦਾ, ਇਸਤਰੀਆਂ ਦੀ ਇੱਜਤ ਦੀ ਰਾਖੀ ਕਰਦਾ ਹੈ ਤੇ ਹਰ ਵੇਲੇ ਨਿਮਾਣਿਆਂ ਦੀ ਮਦਦ ਕਰਦਾ ਹੈ।
ਕਿਥੇ ਗਈ ਉਹ ਇਕੋ ਪੰਥ ਵਾਲੀ ਗੱਲ? ਗੁਰੂ ਗੋਬਿੰਦ ਸਿੰਘ ਨੇ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਨੀਂਹ ਰੱਖੀ ਤਾਂ ਉਨ੍ਹਾਂ ਦਾ ਵੱਡਾ ਮਕਸਦ ਸੀ, ਜਾਤਾਂ-ਪਾਤਾਂ ਵਿਚ ਵੰਡੇ ਹੋਏ ਲੋਕਾਂ ਨੂੰ ਇਕੱਠਿਆਂ ਕਰਨਾ ਤਾਂ ਜੋ ਉਹ ਜ਼ੁਲਮ ਵਿਰੁਧ ਆਵਾਜ਼ ਉਠਾ ਸਕਣ। ਅਸੀਂ ਬਾਣਾ ਪਾ ਕੇ ਗੁਰੂ ਦੇ ਸਿੰਘ ਤਾਂ ਅਖਵਾਉਣ ਲੱਗ ਪਏ, ਪਰ ਅੰਦਰ ਦੀ ਕਾਲਖ ਤਾਂ ਉਸੇ ਤਰ੍ਹਾਂ ਹੀ ਹੈ। ਅਸੀਂ ਆਪਣੀਆਂ ਧੀਆਂ ਦੇ ਰਿਸ਼ਤੇ ਤਾਂ ਦੂਸਰੀਆਂ ਜਾਤਾਂ ਵਿਚ ਕੀ ਕਰਨੇ ਹਨ, ਕਿਸੇ ਦੂਜੀ ਜਾਤ ਦਾ ਸ਼ਖਸ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਵੀ ਬਣ ਜਾਵੇ ਤਾਂ ਉਹ ਵੀ ਨਹੀਂ ਸੁਖਾਉਂਦਾ। ਇਹੀ ਕਾਰਨ ਹੈ ਕਿ ਥਾਂ-ਥਾਂ ਵੱਖਰੀਆਂ ਜਾਤਾਂ ਦੇ ਨਾਂ ‘ਤੇ ਗੁਰਦੁਆਰੇ ਬਣੇ ਹੋਏ ਹਨ। ਇਕ ਅੰਦਾਜ਼ੇ ਅਨੁਸਾਰ 80 ਫੀਸਦੀ ਸਿੱਖ ਸਿੱਖੀ ਛੱਡ ਕੇ ਡੇਰਿਆਂ, ਟਕਸਾਲਾਂ ਅਤੇ ਬਾਬਿਆਂ ਦੇ ਮਗਰ ਤੁਰੇ ਫਿਰਦੇ ਹਨ, ਜਦਕਿ ਸਭ ਨੂੰ ਗੁਰੂ ਗ੍ਰੰਥ ਸਾਹਿਬੀਏ ਹੋਣਾ ਚਾਹੀਦਾ ਹੈ।
ਬਾਣੀ ਦਾ ਫੁਰਮਾਨ ਹੈ, “ਜੋਤ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥” ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਗੁਰੂ ਸਾਹਿਬਾਨ ਦੀ ਜੋਤ ਇਕ ਹੀ ਸੀ, ਸਿਰਫ ਸਰੀਰ ਹੀ ਬਦਲੇ ਸਨ। ਸਾਰੇ ਗੁਰੂਆਂ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ‘ਤੇ ਹੀ ਪਹਿਰਾ ਦਿੱਤਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਗੁਰੂਆਂ ਦੀ ਬਾਣੀ ਅਤੇ ਹੋਰ ਭਗਤਾਂ ਦੀ ਬਾਣੀ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ। ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਗ੍ਰੰਥ ਵਿਚ ਦਰਜ ਕਰ ਕੇ 1430 ਅੰਗ ਦਾ ਗ੍ਰੰਥ ਬਣਾ ਦਿੱਤਾ। ਉਨ੍ਹਾਂ ਸਿੱਖਾਂ ਨੂੰ ਹੁਕਮ ਦਿੱਤਾ, “ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।” ਉਨ੍ਹਾਂ ਨੂੰ ਪਤਾ ਸੀ ਕਿ ਏਕੋ ਪੰਥ ਅਤੇ ਏਕੋ ਗ੍ਰੰਥ ਵਿਚ ਹੀ ਕੌਮ ਦਾ ਭਲਾ ਹੈ, ਪਰ ਕੁਝ ਲੋਕ ਦਸਵੇਂ ਪਾਤਿਸ਼ਾਹ ਦੀ ਹੁਕਮ-ਅਦੂਲੀ ਕਰਕੇ ਦਸਮ ਗ੍ਰੰਥ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਵਿਚ ਬਹੁਤ ਸਾਰੇ ਅਜਿਹੇ ਹਨ, ਜਿਨ੍ਹਾਂ ਨੇ ਕਦੇ ਦਸਮ ਗ੍ਰੰਥ ਪੜ੍ਹਿਆ ਵੀ ਨਹੀਂ। ਕਈ ਥਾਂ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੀਤਾ ਜਾ ਰਿਹਾ ਹੈ।
ਦਸਮ ਗ੍ਰੰਥ ਦੇ 1428 ਸਫੇ ਹਨ, ਜਿਨ੍ਹਾਂ ਨੂੰ 15 ਵੱਖ ਵੱਖ ਭਾਗਾਂ ਵਿਚ ਵੰਡਿਆ ਗਿਆ ਹੈ। ਚਰਿਤ੍ਰੋ ਪਾਖਿਆਨ ਐਸਾ ਭਾਗ ਹੈ, ਜਿਸ ਵਿਚ 404 ਕਹਾਣੀਆਂ ਹਨ ਅਤੇ ਇਨ੍ਹਾਂ ਨੇ ਗ੍ਰੰਥ ਦੇ ਕਰੀਬ 579 ਸਫੇ ਘੇਰੇ ਹੋਏ ਹਨ। ਇਨ੍ਹਾਂ ਕਹਾਣੀਆਂ ਦੀ ਸ਼ਬਦਾਵਲੀ ਅਤੇ ਵਿਚਾਰ ਐਨੇ ਪਲੀਤ ਹਨ ਕਿ ਅੱਜ ਤਕ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਸੰਗਤ ਵਿਚ ਸਟੇਜ ਤੋਂ ਪੜ੍ਹ ਕੇ ਸੁਣਾ ਸਕੇ। ਦੂਜੀ ਗੱਲ, ਜੋ ਬਹੁਤ ਮਹੱਤਤਾ ਰੱਖਦੀ ਹੈ, ਜਿਨ੍ਹਾਂ ਕਵੀਆਂ ਨੇ ਇਹ ਕੂੜ-ਕਬਾੜ ਲਿਖਿਆ ਹੈ, ਉਨ੍ਹਾਂ ਦੇ ਨਾਂ ਜਿਵੇਂ ਰਾਮ, ਸ਼ਾਮ ਅਤੇ ਕਲ ਕਈ ਕਾਰ ਇਸ ਵਿਚ ਆਉਂਦੇ ਹਨ। ਚੌਵੀਸ ਅਵਤਾਰ ਦੇ ਸਿਰਲੇਖ ਹੇਠ ਵੀ ਵੱਡੀ ਰਚਨਾ ਹੈ। ਕ੍ਰਿਸ਼ਨ ਅਵਤਾਰ ਦੀ ਕਥਾ ਸਭ ਤੋਂ ਵੱਡੀ ਹੈ ਜੋ ਭਗਵਤ ਪੁਰਾਣ ਵਿਚੋਂ ਲਈ ਗਈ ਹੈ। ਸ਼ਾਮ ਕਵੀ ਦਾ ਨਾਂ ਕਰੀਬ ਹਰ ਸਫੇ ‘ਤੇ ਇਕ ਦੋ ਵਾਰ ਆਉਂਦਾ ਹੈ। ਇਸ ਗ੍ਰੰਥ ਨੂੰ ਗੁਰਬਾਣੀ ਕਹਿਣਾ ਅਤੇ ਸਾਰਾ ਗ੍ਰੰਥ ਦਸਵੇਂ ਪਾਤਿਸ਼ਾਹ ਦੇ ਨਾਂ ਮੜ੍ਹਨਾ ਨਿਰੀ ਮੂਰਖਤਾ ਹੈ ਅਤੇ ਇਤਿਹਾਸਕ ਭੁੱਲ ਵੀ।
ਚਰਿਤ੍ਰੋ ਪਾਖਿਆਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜਨਾ ਉਨ੍ਹਾਂ ਨੂੰ ਮਾੜਾ ਦਰਸਾਉਣ ਦੀ ਕੋਸ਼ਿਸ਼ ਕਰਨ ਦੇ ਬਰਾਬਰ ਹੈ। ਇਸ ਗ੍ਰੰਥ ਵਿਚ ਕੁਝ ਰਚਨਾਵਾਂ ਜਿਵੇਂ ਜਾਪ ਸਾਹਿਬ, ਸਵੱਯੈ, ਚੌਪਈ, ਜ਼ਫਰਨਾਮਾ ਆਦਿ ਐਸੀਆਂ ਰਚਨਾਵਾਂ ਹਨ, ਜੋ ਸਿੱਖੀ ਦੇ ਸਿਧਾਂਤ ਨਾਲ ਮਿਲਦੀਆਂ ਹਨ। ਸਿੱਖ ਕੌਮ ਦਾ ਭਲਾ ਇਸੇ ਵਿਚ ਹੈ ਕਿ ਇਨ੍ਹਾਂ ਰਚਨਾਵਾਂ ਨੂੰ ਵੱਖਰਾ ਕਰਕੇ ਗੁਟਕਾ ਬਣਾਇਆ ਜਾਵੇ। ਹੈਂਕੜ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ ਜਾਏ।
ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਕਿਸੇ ਦੇ ਮਗਰ ਲੱਗਣ ਦੀ ਥਾਂ ਦਸਮ ਗ੍ਰੰਥ ਨੂੰ ਪੜ੍ਹੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਵੀ ਅਧਿਐਨ ਕਰੇ। ਆਪ ਦੇਖੇ, ਸੱਚਾਈ ਕੀ ਹੈ। ਧਰਮ ਦੇ ਖੇਤਰ ਵਿਚ ਅਸ਼ਲੀਲਤਾ ਲਈ ਕੋਈ ਥਾਂ ਨਹੀਂ ਹੈ। ਕੁਰਾਨ ਸ਼ਰੀਫ ਵਿਚ ਵੀ ਲਿਖਿਆ ਹੈ, “ਜਿਹੜੇ ਵੀ ਲੋਕ ਮੁਸਲਮਾਨਾਂ ਵਿਚ ਅਸ਼ਲੀਲਤਾ ਫੈਲਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਦੁਨੀਆਂ ਤੇ ਆਖਿਰਤ ਵਿਚ ਦੁੱਖਾਂ ਭਰਿਆ ਆਜ਼ਾਬ ਹੈ।’ (ਸੂਰਤ 24 ਅਨ-ਨੂਰ, ਆਇਤ 19) ਅਰਥਾਤ ਧਰਮ ਵਿਚ ਅਸ਼ਲੀਲਤਾ ਫੈਲਾਉਣ ਵਾਲਿਆਂ ਦਾ ਨਾਸ ਹੋਣਾ ਹੀ ਹੋਣਾ ਹੈ।
ਸਿਆਣੇ ਕਹਿੰਦੇ ਹਨ ਕਿ ਇਸ ਸੰਸਾਰ ਵਿਚ ਕਦੇ ਦੈਂਤਾਂ ਦਾ ਜ਼ੋਰ ਪੈ ਜਾਂਦਾ ਹੈ ਅਤੇ ਕਦੇ ਦੇਵਤਿਆਂ ਦਾ ਰਾਜ ਹੋ ਜਾਂਦਾ ਹੈ। ਅੱਜ ਕੱਲ੍ਹ ਸ਼ਾਇਦ ਦੈਂਤਾਂ ਦਾ ਜ਼ੋਰ ਹੈ। ਜੋ ਕੋਈ ਸੱਚ ਬੋਲਦਾ ਹੈ, ਉਸ ਨੂੰ ਪੰਥ ਵਿਚੋਂ ਛੇਕਿਆ ਜਾਂਦਾ ਹੈ, ਉਸ ਦੀ ਪੱਗ ਲਾਹੀ ਜਾਂਦੀ ਹੈ, ਉਸ ਨੂੰ ਕੁੱਟਿਆ-ਮਾਰਿਆ ਜਾਂਦਾ ਹੈ। ਇਨ੍ਹਾਂ ਦੈਂਤਾਂ ਨੂੰ ਚਾਹੀਦਾ ਹੈ ਕਿ ਕਦੇ ਕਦਾਈਂ ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਲਿਆ ਕਰਨ; ਜਿਵੇਂ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥’ ਬਾਣੀ ਸਾਨੂੰ ਸਿਖਿਆ ਦਿੰਦੀ ਹੈ ਕਿ ਜੇ ਤੁਹਾਡੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਤਾਂ ਉਸ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ ਹੈ। ਸਿੱਖ ਕਿਸੇ ਦੂਜੇ ਸਿੱਖ ਦੀ ਪੱਗ ਲਾਹੇ, ਉਸ ਦੀ ਕੁੱਟ-ਮਾਰ ਕਰੇ ਤਾਂ ਇਹ ਕੋਈ ਹੱਲ ਨਹੀਂ ਤੇ ਨਾ ਹੀ ਕੋਈ ਵੱਡੀ ਬਹਾਦਰੀ ਹੈ। ਸਾਧਾਰਨ ਸਿੱਖ ਨੂੰ ਘਬਰਾਉਣ ਦੀ ਲੋੜ ਨਹੀਂ। ਇਨ੍ਹਾਂ ਦੈਂਤਾਂ ਦਾ ਰਾਜ ਸਦਾ ਨਹੀਂ ਰਹਿਣਾ, ਭਲੇ ਦਿਨ ਜ਼ਰੂਰ ਆਉਣਗੇ। ਅਜੇ ਵੀ ਅਨੇਕਾਂ ਐਸੇ ਸਿੱਖ ਹਨ, ਜੋ ਸੱਚ ਬੋਲਦੇ ਹਨ, ਧਰਮ ਦੀ ਕਿਰਤ ਕਰਦੇ ਹਨ, ਗਰੀਬਾਂ ਦੀ ਮਦਦ ਕਰਦੇ ਹਨ, ਸੰਸਾਰ ਵਿਚ ਥਾਂ-ਥਾਂ ਜਾ ਕੇ ਭੁੱਖਿਆਂ ਨੂੰ ਲੰਗਰ ਛਕਾਉਂਦੇ ਹਨ।