ਪੰਜਾਬ ਦੀਆਂ ਕੁੜੀਆਂ ਲਈ ਬਿਖੜੇ ਪੈਂਡੇ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਪੰਜਾਬ ਵਿਚ ਰੋਜ਼ ਬਲਾਤਕਾਰ ਹੋ ਰਹੇ ਹਨ ਅਤੇ ਗੁੰਡੇ-ਮੁਸ਼ਟੰਡੇ ਕੁੜੀਆਂ ‘ਤੇ ਤੇਜ਼ਾਬ ਸੁੱਟ ਕੇ ਉਨ੍ਹਾਂ ਦੇ ਚਿਹਰੇ ਵਿਗਾੜ ਰਹੇ ਹਨ। ਅਵਾਰਾ ਅਤੇ ਅੱਯਾਸ਼ ਮੁੰਡੇ, ਕੁੜੀਆਂ ਵੱਲ ਹੱਥ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹਥਿਆਰ ਵਰਤਦੇ ਹਨ। ਜੇ ਕੁੜੀਆਂ ਮੂੰਹ ਤੋੜ ਜਵਾਬ ਦਿੰਦੀਆਂ ਹਨ ਤਾਂ ਉਹੋ ਹੀ ਮੁੰਡੇ ਕੁੜੀ ਦੇ ਮੂੰਹ ਉਤੇ ਤੇਜ਼ਾਬ ਪਾ ਦਿੰਦੇ ਹਨ ਜਿਸ ਨਾਲ ਕੁੜੀ ਸਦਾ ਲਈ ਹੀ ਅਪਾਹਜ ਹੋ ਕੇ ਮਾਂ-ਬਾਪ ਲਈ ਸਰਾਪ ਬਣ ਜਾਂਦੀ ਹੈ। ਮਾਂ-ਬਾਪ ਮਿੱਟੀ ਦੀ ਪੰਡ ਬਣੀਆਂ ਇਨ੍ਹਾਂ ਅੱਧ-ਸੜੀਆਂ ਤੇ ਅੱਧ-ਮਰੀਆਂ ਧੀਆਂ ਨੂੰ ਇਕ ਤੋਂ ਦੂਜੇ ਸ਼ਹਿਰ ਦੇ ਹਸਪਤਾਲਾਂ ਵਿਚ ਲੈ ਕੇ ਤੁਰੇ ਫਿਰਦੇ ਹਨ।
ਦੂਜੇ ਪਾਸੇ ਹੋਰ ਖ਼ਬਰਾਂ ਵੀ ਹਨ; ਉਹ ਇਹ ਕਿ ਪੰਜਾਬ ਦੀਆਂ ਮੁਟਿਆਰਾਂ ਆਪਣੀ ਦਿੱਖ ਹੋਰ ਸੋਹਣੀ ਬਣਾਉਣ ਲਈ ਪਲਾਸਟਿਕ ਸਰਜਰੀ ਰਾਹੀਂ ਆਪਣੀਆਂ ਗੱਲ੍ਹਾਂ ਵਿਚ ਟੋਏ ਬਣਵਾ ਰਹੀਆਂ ਹਨ। ਇਹ ਨਿਰਾਲਾ ਤੇ ਅਨੋਖਾ ਕੰਮ ਚੰਡੀਗੜ੍ਹ ਦੇ ਪਲਾਸਟਿਕ ਸਰਜਨ ਡਾਕਟਰ ਕਰ ਰਹੇ ਹਨ। ਪਲਾਸਟਿਕ ਸਰਜਨ ਡਾæ ਵਿਕਰਮਜੀਤ ਸਿੰਘ ਢੀਂਗੜਾ ਅਨੁਸਾਰ ਪੰਜਾਬ ਦੇ ਦੁਆਬਾ ਤੇ ਮਾਲਵਾ ਖੇਤਰਾਂ ਦੀਆਂ ਮੁਟਿਆਰਾਂ ਸੋਹਣੀਆਂ ਦਿਸਣ ਲਈ ਆਪਣੀਆਂ ਗੱਲ੍ਹਾਂ ਵਿਚ ਟੋਏ (ਡਿੰਪਲ) ਬਣਵਾ ਰਹੀਆਂ ਹਨ। ਇਹ ਰੁਝਾਨ ਬੜੀ ਤੇਜ਼ੀ ਨਾਲ ਵਧ ਰਿਹਾ ਹੈ।
ਸਾਡਾ ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਮੁਗਲ ਤੇ ਹੋਰ ਲੁਟੇਰੇ ਭਾਰਤ ਉਤੇ ਹਮਲਾ ਕਰਦੇ ਤਾਂ ਉਹ ਮੁਲਕ ਦੇ ਬੇਸ਼ਕੀਮਤੀ ਧਨ-ਦੌਲਤਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਬੰਨ੍ਹ ਕੇ ਪਸ਼ੂਆਂ ਵਾਂਗ ਅੱਗੇ ਤੋਰ ਲੈਂਦੇ ਸਨ। ਇਨ੍ਹਾਂ ਦੀ ਜ਼ਿੰਦਗੀ ਬਾਰੇ ਸੋਚ ਕੇ ਹੀ ਇਨਸਾਨ ਦੀ ਆਤਮਾ ਕੰਬ ਉਠਦੀ ਹੈ ਪਰ ਮੇਰੇ ਧਰਮ ਦੇ ਰਾਖੇ ਸੂਰਬੀਰਾਂ ਨੇ ਕਈ ਵਾਰੀ ਉਨ੍ਹਾਂ ਬੇਸਹਾਰਾ ਮਜ਼ਲੂਮਾਂ ਨੂੰ ਜ਼ਾਲਮਾਂ ਕੋਲੋਂ ਆਜ਼ਾਦ ਕਰਵਾ ਕੇ ਘਰੋ-ਘਰੀ ਪਹੁੰਚਾਇਆ। ਇਨ੍ਹਾਂ ਹੀ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੇ ਆਪਣੀਆਂ ਧੀਆਂ ਦੇ ਨਿਆਣੀ ਉਮਰੇ ਵਿਆਹ ਕਰਨੇ ਸ਼ੁਰੂ ਕੀਤੇ ਅਤੇ ਇਸੇ ਮੁਸੀਬਤ ਤੋਂ ਬਚਣ ਲਈ ਹੀ ਔਰਤਾਂ ਨੇ ਆਪਣੇ ਅਤੇ ਆਪਣੀਆਂ ਧੀਆਂ ਦੇ ਚਿਹਰਿਆਂ ਅਤੇ ਹੱਥਾਂ ਪੈਰਾਂ ਉਤੇ ਤੰਦੋਲੇ ਖੁਦਵਾਉਣੇ ਸ਼ੁਰੂ ਕਰ ਦਿੱਤੇ; ਘੁੰਡ ਕੱਢਣਾ ਅਰੰਭ ਹੋ ਗਿਆ; ਫਿਰ ਪਰਦਾਦਾਰੀ ਜਿਹੇ ਰਿਵਾਜ਼ ਵੀ ਸ਼ੁਰੂ ਹੋਏ ਤਾਂ ਕਿ ਆਪਣੇ ਚਿਹਰੇ ਅਤੇ ਹੱਥਾਂ ਪੈਰਾਂ ਦੀ ਖੁਬਸੂਰਤੀ ਨੂੰ ਲੁਕਾ ਕੇ ਰੱਖਿਆ ਜਾ ਸਕੇ। ਇਹ ਤੰਦੋਲੇ ਅਸੀਂ ਆਪਣੀਆਂ ਦਾਦੀਆਂ-ਨਾਨੀਆਂ ਦੇ ਚਿਹਰਿਆਂ ਅਤੇ ਹੱਥਾਂ-ਪੈਰਾਂ ‘ਤੇ ਖੁਣੇ ਹੋਏ ਦੇਖੇ ਹੀ ਹੋਣਗੇ। ਅੱਜ ਦੀਆਂ ਮੁਟਿਆਰਾਂ ਦੇਖ ਰਹੀਆਂ ਹਨ ਕਿ ਸਮਾਂ ਕਿੰਨਾ ਭਿਆਨਕ ਹੈ ਪਰ ਇਸ ਦੇ ਬਾਵਜੂਦ ਆਪਣੇ ਜਿਸਮਾਂ ਦੀ ਨੁਮਾਇਸ਼ ਕਰਨ ਤੋਂ ਜ਼ਰਾ ਜਿੰਨਾ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ।
ਅੱਜ ਪੰਜਾਬ ਵਿਚ ਨਸ਼ਿਆਂ ਦਾ ਬੋਲਬਾਲਾ ਹੈ। ਹਰ ਜਵਾਨ ਮੁੰਡਾ-ਕੁੜੀ ਆਪਣੇ-ਆਪ ਨੂੰ ਮਾਡਰਨ ਅਤੇ ਸਮੇਂ ਦੇ ਹਾਣੀ ਬਣਾ ਕੇ ਪੇਸ਼ ਕਰ ਰਹੇ ਹਨ ਅਤੇ ਹੀਰੋ ਜਾਂ ਹੀਰੋਇਨਾਂ ਤੋਂ ਚਾਰ ਕਦਮ ਅੱਗੇ ਵਧਣਾ ਚਾਹੁੰਦੇ ਹਨ। ਅੱਜ ਸਕੂਲਾਂ-ਕਾਲਜਾਂ ਵਿਚ ਪੜ੍ਹਨ ਜਾਂਦੀਆਂ ਕੁੜੀਆਂ ਦੇ ਫੈਸ਼ਨ ਨੂੰ ਦੇਖ ਦੇ ਲੱਗਦਾ ਹੈ ਕਿ ਉਹ ਪੜ੍ਹਨ ਨਹੀਂ, ਜਿਵੇਂ ਕਿਸੇ ਫੈਸ਼ਨ ਮੁਕਾਬਲੇ ਵਿਚ ਹਿੱਸਾ ਲੈਣ ਜਾ ਰਹੀਆਂ ਹੋਣ। ਕਦੀ ਜਵਾਨ ਧੀਆਂ ਦੀ ਸਾਦਗੀ ਅਤੇ ਸਾਦਾਪਣ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸਮਝਿਆ ਜਾਂਦਾ ਸੀ, ਪਰ ਅੱਜ ਪੜ੍ਹੀਆਂ-ਲਿਖੀਆਂ ਤੇ ਵੱਡੇ ਘਰਾਂ ਦੀਆਂ ਕੁੜੀਆਂ ਵੀ ਆਪਣੇ ਫੈਸ਼ਨ, ਮਨ ਪਸੰਦ ਅਤੇ ਐਸ਼ਪ੍ਰਸਤੀ ਦੇ ਕੰਮ ਕਰਨ ਲਈ ਹਰ ਹਰਬਾ ਵਰਤ ਰਹੀਆਂ ਹਨ।
ਦੂਜੇ ਪਾਸੇ, ਇਹੋ ਜਿਹੀਆਂ ਮੁਟਿਆਰਾਂ ਦੀ ਖੁੱਲ੍ਹਦਿਲੀ ਦਾ ਖਾਮਿਆਜਾ ਭੁਗਤ ਰਹੀਆਂ ਹਨ ਉਹ ਕੁੜੀਆਂ ਜੋ ਆਪਣੇ ਸਰੀਰ ਉਤੇ ਕੱਪੜੇ ਵੀ ਪੂਰੇ ਪਾਉਂਦੀਆਂ ਹਨ ਅਤੇ ਆਪਣੇ ਮਾਂ-ਬਾਪ ਜਾਂ ਪਰਿਵਾਰ ਦੀ ਇੱਜ਼ਤ ਵੀ ਪਾਲ ਰਹੀਆਂ ਹਨ। ਅਸਲ ਵਿਚ ਇਨ੍ਹਾਂ ਕੁੜੀਆਂ ਨੂੰ ਮਾਰ ਸਭ ਤੋਂ ਜ਼ਿਆਦਾ ਪੈ ਰਹੀ ਹੈ, ਕਿਉਂਕਿ ਬਹੁਤੇ ਮਰਦਾਂ ਦੀ ਸੋਚਣੀ ਤਾਂ ਸ਼ੁਰੂ ਤੋਂ ਔਰਤ ਨੂੰ ਇਕ ਐਸ਼ਪ੍ਰਸਤੀ ਦੀ ਵਸਤ ਸਮਝਣ ਵਾਲੀ ਰਹੀ ਹੈ। ਮਰਦ ਸਮਾਜ ਵਿਚ ਵੀ ਕੁਝ ਨੇਕ ਖਿਆਲ ਹੁੰਦੇ ਹਨ ਜੋ ‘ਦੇਖ ਪਰਾਈਆਂ ਚੰਗੀਆਂ, ਮਾਂਵਾਂ ਭੈਣਾਂ ਧੀਆਂ ਜਾਣੈ’ ਅਨੁਸਾਰ ਹਰ ਉਮਰ ਦੀ ਔਰਤ ਦਾ ਸਤਿਕਾਰ ਕਰਦੇ ਹਨ ਪਰ ਜਦੋਂ ਔਰਤ ਖੁਦ ਹੀ ਔਰਤ ਬਣ ਕੇ ਨਾ ਵਿਚਰੇਗੀ ਤਾਂ ਉਹ ‘ਆਪ ਤਾਂ ਡੁੱਬੇ ਬਾਹਮਣਾਂ ਨਾਲ ਜਜ਼ਮਾਨ ਵੀ ਗਾਲੇ’ ਵਾਂਗ ਸਮੁੱਚੀ ਔਰਤ ਜਾਤ ਦਾ ਜੀਵਨ ਰਸਤਾ ਕੰਡਿਆਂ ਨਾਲ ਭਰ ਜਾਵੇਗੀ।
ਫਰੀਦਕੋਟ ਦੀ ਸ਼ਰੂਤੀ ਤੋਂ ਲੈ ਕੇ ਪੁਲਿਸ ਵੱਲੋਂ ਸੜਕ ਉਤੇ ਸ਼ਰ੍ਹੇਆਮ ਕੁੱਟੀ ਗਈ ਤਰਨ ਤਾਰਨ ਦੀ ਕੁੜੀ ਅਤੇ ਹੋਰ ਹਜ਼ਾਰਾਂ ਮਾਸੂਮ ਧੀਆਂ ਕੋਈ ਗੱਲਾਂ ਵਿਚ ਟੋਏ ਜਾਂ ਡਿੰਪਲ ਬਣਵਾ ਕੇ ਅਤੇ ਸਕਰਟਾਂ ਜਾਂ ਜੀਨਾਂ ਪਾ ਕੇ ਤਾਂ ਨਹੀਂ ਤੁਰੀਆਂ ਫਿਰਦੀਆਂ! ਬੱਸ, ਪਹਿਲੇ ਨੰਬਰ ਵਾਲੀਆਂ ਭਟਕ ਚੁੱਕੀਆਂ ਮੁਟਿਆਰਾਂ ਦੀ ਬਦੌਲਤ ਸ਼ਰ੍ਹੇਆਮ ਲੁੱਟੀਆਂ ਜਾ ਰਹੀਆਂ ਹਨ। ਇਸ ਵੱਲੋਂ ਸਾਡੇ ਧਾਰਮਿਕ ਤੇ ਸਮਾਜਕ ਖੇਤਰਾਂ ਵਿਚ ਵਿਚਰ ਰਹੇ ਲੋਕ ਕਿਉਂ ਅਣਜਾਣ ਹਨ ਤੇ ਚੁੱਪ ਹਨ, ਇਹ ਵੀ ਸਮਝ ਤੋਂ ਬਾਹਰ ਦੀ ਗੱਲ ਹੈ। ‘ਪੰਜਾਬ ਟਾਈਮਜ਼’ ਦੇ ਪਾਠਕਾਂ ਦੇ ਜਦ ਮੈਨੂੰ ਹੌਸਲਾਅਫਜ਼ਾਈ ਲਈ ਫੋਨ ਆਉਂਦੇ ਹਨ ਤਾਂ ਮੈਨੂੰ ਬੜੀ ਤਸੱਲੀ ਹੁੰਦੀ ਹੈ ਕਿ ਅਜੇ ਪੰਜਾਬ ਦੀ ਡੁੱਬਦੀ ਬੇੜੀ ਵੇਖ ਕੇ ਰੋਣ ਵਾਲੇ ਲੋਕ ਬੈਠੇ ਨੇ।
ਹੁਣ ਖਬਰ ਆਈ ਹੈ ਕਿ ਇਕ ਨੌਜਵਾਨ ਧੀ ਨਾਲ ਗੁੰਡਿਆਂ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਕਾਰ ਵਿਚ ਬਲਾਤਕਾਰ ਕੀਤਾ। ਕਦੋਂ ਸਾਡਾ ਕਾਨੂੰਨ ਸਖ਼ਤ ਹੋਵੇਗਾ? ਕਦੋਂ ਗੁੰਡਾਗਰਦੀ ਨੂੰ ਠੱਲ੍ਹ ਪਾਈ ਜਾਵੇਗੀ? ਮੇਰੀ ਤਮੰਨਾ ਹੈ ਕਿ ਮੇਰੇ ਪੰਜਾਬ ਦੀਆਂ ਬੇਟੀਆਂ ਗੱਲ੍ਹਾਂ ਵਿਚ ਟੋਏ ਬਣਵਾਉਣੇ ਛੱਡ ਕੇ ਪੜ੍ਹਾਈ ਕਰਕੇ ਸਵੈ-ਨਿਰਭਰ ਹੋਣ। ਫਿਰ ਨਾ ਕੋਈ ਗੁੰਡਾ ਉਨ੍ਹਾਂ ਨੂੰ ਲੁੱਟ ਸਕੇ, ਤੇ ਨਾ ਹੀ ਕੋਈ ਪੁਲਸੀਆ ਸੜਕਾਂ ‘ਤੇ ਕੁੱਟ ਸਕੇ।

Be the first to comment

Leave a Reply

Your email address will not be published.