ਮੋਦੀ ਖਿਲਾਫ ਉਠੀ ਸਾਂਝੀ ਲਹਿਰ, ਇਕ ਮੰਚ ‘ਤੇ ਆਈਆਂ 22 ਵਿਰੋਧੀ ਪਾਰਟੀਆਂ

ਕੋਲਕਾਤਾ: ਆਉਂਦੀਆਂ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਦਾ ਅਹਿਦ ਲੈਂਦਿਆਂ ਇਥੇ ਬ੍ਰਿਗੇਡ ਪਰੇਡ ਗਰਾਊਂਡ ‘ਚ 22 ਵਿਰੋਧੀ ਪਾਰਟੀਆਂ ਦੇ ਆਗੂ ਇਕ ਮੰਚ ਉਤੇ ਇਕੱਠੇ ਹੋਏ। ਆਗੂਆਂ ਨੇ ਸੱਦਾ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ। ਤ੍ਰਿਣਮੂਲ ਕਾਂਗਰਸ ਆਗੂ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੀਤੀ ਗਈ ਵੱਡੀ ਰੈਲੀ ‘ਚ ਵਿਰੋਧੀ ਧਿਰ ਨੇ ਇਕਜੁੱਟਤਾ ਦਿਖਾਈ। ਮਮਤਾ ਬੈਨਰਜੀ ਨੇ ਸਭ ਤੋਂ ਅਖੀਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦੀ ਮਿਆਦ ਪੁੱਗ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ‘ਚ ਸਾਂਝੀ ਵਿਰੋਧੀ ਧਿਰ ਦੀ ਜਿੱਤ ਹੋਵੇਗੀ। ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਦਾ ਮੁੱਦਾ ਕੋਈ ਸਮੱਸਿਆ ਨਹੀਂ ਹੈ।

ਵੱਖ ਵੱਖ ਆਗੂਆਂ ਨੇ ਪਾਰਟੀਆਂ ਵਿਚਕਾਰ ਮਤਭੇਦਾਂ ਨੂੰ ਦਰਕਿਨਾਰ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦਾ ਮੁੱਦਾ ਚੋਣਾਂ ਮਗਰੋਂ ਵੀ ਨਿਬੇੜ ਸਕਦੇ ਹਨ। ਕੁਝ ਆਗੂਆਂ ਨੇ ਸੁਝਾਅ ਦਿੱਤਾ ਕਿ ਵਿਰੋਧੀ ਧਿਰ ਨੂੰ ਹਰੇਕ ਹਲਕੇ ‘ਚ ਭਾਜਪਾ ਉਮੀਦਵਾਰ ਖਿਲਾਫ ਇਕੋ ਸਾਂਝਾ ਉਮੀਦਵਾਰ ਖੜ੍ਹਾ ਕਰਨਾ ਚਾਹੀਦਾ ਹੈ। ਉਨ੍ਹਾਂ ਚੋਣਾਂ ਤੋਂ ਪਹਿਲਾਂ ਹੋਰ ਸਾਂਝੀਆਂ ਰੈਲੀਆਂ ਕਰਨ ਦਾ ਫੈਸਲਾ ਵੀ ਲਿਆ। ਅਗਲੀਆਂ ਰੈਲੀਆਂ ਦਿੱਲੀ ਅਤੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਅਮਰਾਵਤੀ ‘ਚ ਹੋਣਗੀਆਂ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਕੋਲਕਾਤਾ ਰੈਲੀ ‘ਚੋਂ ਗ਼ੈਰਹਾਜ਼ਰ ਰਹੇ। ਉਂਜ ਮਲਿਕਾਰਜੁਨ ਖੜਗੇ ਅਤੇ ਅਭਿਸ਼ੇਕ ਮਨੂੰ ਸਿੰਘਵੀ ਪਾਰਟੀ ਵੱਲੋਂ ਰੈਲੀ ‘ਚ ਮੌਜੂਦ ਸਨ। ਲੋਕ ਸਭਾ ‘ਚ ਪਾਰਟੀ ਦੇ ਆਗੂ ਸ੍ਰੀ ਖੜਗੇ ਨੇ ਆਪਣੇ ਸੰਬੋਧਨ ਦੌਰਾਨ ਸੋਨੀਆ ਗਾਂਧੀ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਅਤੇ ਰੈਲੀ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪਾਰਟੀਆਂ ਵਿਚਕਾਰ ਮਤਭੇਦਾਂ ਦੇ ਸੰਦਰਭ ‘ਚ ਉਨ੍ਹਾਂ ਦੋਹਾ ਸੁਣਾਇਆ ਜਿਸ ਦਾ ਮਤਲਬ ਸੀ ਕਿ ਜੇਕਰ ਉਨ੍ਹਾਂ ਦੇ ਦਿਲ ਨਹੀਂ ਜੁੜਦੇ ਤਾਂ ਵੀ ਉਨ੍ਹਾਂ ਨੂੰ ਇਕ-ਦੂਜੇ ਦੇ ਹੱਥ ਫੜਨੇ ਚਾਹੀਦੇ ਹਨ।
ਰੈਲੀ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ, ਕਰਨਾਟਕ ਦੇ ਮੁੱਖ ਮੰਤਰੀ ਐ ਡੀ ਕੁਮਾਰਾਸਵਾਮੀ (ਜਨਤਾ ਦਲ-ਸੈਕੁਲਰ), ਸ਼ਰਦ ਪਵਾਰ (ਐਨ.ਸੀ.ਪੀ.), ਅਖਿਲੇਸ਼ ਯਾਦਵ (ਸਮਾਜਵਾਦੀ ਪਾਰਟੀ), ਫਾਰੂਕ ਅਬਦੁੱਲਾ, ਐਮ ਕੇ ਸਟਾਲਿਨ (ਡੀ.ਐਮ.ਕੇ.), ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (ਆਪ), ਸ਼ਰਦ ਯਾਦਵ, ਅਰੁਣ ਸ਼ੌਰੀ, ਯਸ਼ਵੰਤ ਸਿਨਹਾ, ਭਾਜਪਾ ਦੇ ਬਾਗ਼ੀ ਆਗੂ ਸ਼ਤਰੂਘਣ ਸਿਨਹਾ ਅਤੇ ਹੋਰ ਆਗੂ ਵੀ ਮੰਚ ‘ਤੇ ਹਾਜ਼ਰ ਸਨ। ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਕੋਲਕਾਤਾ ਨਹੀਂ ਆਈ ਪਰ ਪਾਰਟੀ ਦੇ ਜਨਰਲ ਸਕੱਤਰ ਸਤੀਸ਼ ਚੰਦਰਾ ਮਿਸ਼ਰਾ ਨੇ ਆਪਣੇ ਸੰਬੋਧਨ ‘ਚ ਉੱਤਰ ਪ੍ਰਦੇਸ਼ ਵਿਚ ਬਸਪਾ ਵੱਲੋਂ ਸਮਾਜਵਾਦੀ ਪਾਰਟੀ ਨਾਲ ਕੀਤੇ ਗਏ ਗੱਠਜੋੜ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੂਰਾ ਮੁਲਕ ਭਾਜਪਾ ਨੂੰ ਸੱਤਾ ਤੋਂ ਉਖਾੜਨ ਦੀ ਮੰਗ ਕਰ ਰਿਹਾ ਹੈ ਅਤੇ ਉਹ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਇਕੱਠੇ ਹੋਏ ਹਨ।
____________________
ਜਿਨ੍ਹਾਂ ਨੂੰ ਲੁੱਟਣ ਤੋਂ ਰੋਕਿਆ, ਉਨ੍ਹਾਂ ਬਣਾਇਆ ਮਹਾਗੱਠਜੋੜ: ਮੋਦੀ
ਸਿਲਵਾਸਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਜਵੀਜ਼ਸ਼ੁਦਾ ‘ਮਹਾਗੱਠਜੋੜ’ ਉਨ੍ਹਾਂ ਲੋਕਾਂ ਦਾ ਸਮੂਹ ਹੈ ਜਿਨ੍ਹਾਂ ਨੂੰ ਉਨ੍ਹਾਂ ਦੇਸ਼ ‘ਲੁੱਟਣ’ ਤੋਂ ਰੋਕਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਗੱਠਜੋੜ ਉਨ੍ਹਾਂ ਖਿਲਾਫ ਨਹੀਂ ਪਰ ਦੇਸ਼ ਦੇ ਲੋਕਾਂ ਖਿਲਾਫ ਹੈ। ਕੋਲਕਾਤਾ ਵਿਚ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੀ ਰੈਲੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨਾਂ ਲਏ ਬਗੈਰ ਉਨ੍ਹਾਂ ਕਿਹਾ ਕਿ ਸੂਬੇ ਵਿਚ ਭਾਜਪਾ ਦਾ ਸਿਰਫ ਇਕ ਵਿਧਾਇਕ ਹੈ, ਪਰ ਫੇਰ ਵੀ ਵਿਰੋਧੀ ਐਨੇ ਸਹਿਮੇ ਹੋਏ ਹਨ ਕਿ ‘ਬਚਾਅ’ ਦਾ ਰੌਲਾ ਪਾ ਰਹੇ ਹਨ।
____________________
ਭਾਜਪਾ ਦੇ ਆਪਣੇ ਆਗੂਆਂ ਵੱਲੋਂ ਸੱਤਾ ਤਬਦੀਲੀ ਦਾ ਸੱਦਾ
ਕੋਲਕਾਤਾ: ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਮੰਤਰੀਆਂ ਦੇ ਅਹੁਦੇ ਉਤੇ ਰਹੇ ਭਾਜਪਾ ਆਗੂਆਂ ਅਰੁਣ ਸ਼ੋਰੀ, ਯਸ਼ਵੰਤ ਸਿਨ੍ਹਾ ਤੇ ਸ਼ਤਰੂਘਨ ਸਿਨ੍ਹਾ ਨੇ ਮਮਤਾ ਬੈਨਰਜੀ ਵੱਲੋਂ ਕਰਵਾਈ ਮੈਗਾ ਰੈਲੀ ‘ਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੱਦਾ ਦਿੱਤਾ ਹੈ। ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੋਰੀ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ‘ਚ ਭਾਜਪਾ ਸਰਕਾਰ ਨੂੰ ਕੇਂਦਰ ਵਿਚੋਂ ਬਾਹਰ ਕਰਨ ਲਈ ਸਾਰੀਆਂ ਵਿਰੋਧੀ ਧਿਰਾਂ ਨੂੰ ਮਿਲ ਕੇ ਲੜਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ‘ਚ ਦੋ ਰਾਵਾਂ ਨਹੀਂ ਹਨ ਕਿ ਭਾਜਪਾ ਨੂੰ ਬਾਹਰ ਕੱਢਣਾ ਜ਼ਰੂਰੀ ਹੈ ਤੇ ਸਾਡਾ ਸਾਰਿਆਂ ਦਾ ਇਕੋ ਇੱਕ ਟੀਚਾ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਹਰਾਉਣਾ ਹੈ। ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਸਰਕਾਰ ਹੈ ਜਿਸ ਨੇ ਵਿਕਾਸ ਸਬੰਧੀ ਅੰਕੜਿਆਂ ਨਾਲ ਸ਼ਰਾਰਤ ਕੀਤੀ ਹੈ। ਇਸੇ ਤਰ੍ਹਾਂ ਸ਼ਤਰੂਘਨ ਵਿਰੋਧੀ ਧਿਰ ਨਾਲ ਮੰਚ ਸਾਂਝਾ ਕਰਦਿਆਂ ਭਾਜਪਾ ਤੋਂ ਖਫਾ ਆਗੂ ਸ਼ਤਰੂਘਨ ਸਿਨਹਾ ਨੇ 2019 ਵਿਚ ਕੇਂਦਰ ‘ਚ ਸੱਤਾ ਬਦਲੀ ਦਾ ਸੱਦਾ ਦਿੱਤਾ ਹੈ।