ਡੇਰਾ ਸਿਰਸਾ ਮੁਖੀ ਦੇ ਬਚਾਅ ਲਈ ਪੁਲਿਸ ਤੇ ਸਿਆਸਤਦਾਨਾਂ ਨੇ ਹਰ ਹੀਲਾ ਵਰਤਿਆ

ਮੋਗਾ: ਹਰਿਆਣਾ ਪੁਲਿਸ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦੀ ਸੀ। ਹਰਿਆਣਾ ਪੁਲਿਸ ਨੇ ਸੀ.ਬੀ.ਆਈ. ਨੂੰ ਕੇਸ ਤਬਦੀਲ ਹੋਣ ਤੋਂ ਪਹਿਲਾਂ 10 ਦਸੰਬਰ 2002 ਨੂੰ ਡੇਰਾ ਮੁਖੀ ਨੂੰ ਛੱਡ ਕੇ ਬਾਕੀ ਤਿੰਨਾਂ ਮੁਲਜ਼ਮਾਂ ਖਿਲਾਫ ਅਦਾਲਤ ‘ਚ ਦੋਸ਼ ਪੱਤਰ ਦਾਇਰ ਕਰ ਦਿੱਤਾ ਸੀ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਦੀ ਅਦਾਲਤ ਨੇ ਇਸ ਫੈਸਲੇ ਦੀ 178 ਪੰਨਿਆਂ ਦੀ ਜੱਜਮੈਂਟ ਲਿਖੀ ਹੈ। ਇਸ ਜੱਜਮੈਂਟ ‘ਚ ਕਈ ਅਹਿਮ ਵੇਰਵੇ ਹਨ।

ਇਸ ਕੇਸ ਦੀ ਸੁਣਵਾਈ ਦੌਰਾਨ ਵੱਖ ਵੱਖ ਅਖਬਾਰਾਂ ਦੇ ਪੱਤਰਕਾਰਾਂ ਸਮੇਤ 46 ਸਰਕਾਰੀ ਤੇ ਬਚਾਅ ਪੱਖ ਵੱਲੋਂ 21 ਗਵਾਹ ਅਦਾਲਤ ‘ਚ ਭੁਗਤੇ। ਹਰਿਆਣਾ ਪੁਲਿਸ ਨੇ ਤਫਤੀਸ਼ ਮੁਕੰਮਲ ਕਰ ਕੇ 5 ਦਸੰਬਰ 2002 ਨੂੰ ਕੁਲਦੀਪ ਸਿੰਘ, ਨਿਰਮਲ ਸਿੰਘ ਤੇ ਕ੍ਰਿਸ਼ਨ ਲਾਲ ਖਿਲਾਫ ਦੋਸ਼ ਪੱਤਰ ਤਿਆਰ ਕਰ ਕੇ 10 ਦਸੰਬਰ 2002 ਨੂੰ ਖੇਤਰੀ ਮੈਜਿਸਟ੍ਰੇਟ, ਸਿਰਸਾ ਦੀ ਅਦਾਲਤ ਵਿਚ ਪੇਸ਼ ਕੀਤਾ ਸੀ। ਹਰਿਆਣਾ ਪੁਲਿਸ ਦੀ ਤਫਤੀਸ਼ ‘ਚ ਖੁਲਾਸਾ ਹੋਇਆ ਕਿ ਪੱਤਰਕਾਰ ਛਤਰਪਤੀ ਦੀ ਹੱਤਿਆ ਲਈ ਵਰਤਿਆ 32 ਬੋਰ ਰਿਵਾਲਵਰ ਡੇਰਾ ਪ੍ਰਬੰਧਕ ਮੁਲਜ਼ਮ ਕ੍ਰਿਸ਼ਨ ਲਾਲ ਦਾ ਲਾਇਸੈਂਸੀ ਸੀ। ਇਹ ਕਤਲ ਕੇਸ ਖੇਤਰੀ ਮੈਜਿਸਟ੍ਰੇਟ ਨੇ 13 ਜਨਵਰੀ 2003 ਨੂੰ ਸੁਣਵਾਈ ਲਈ ਸੈਸ਼ਨ ਜੱਜ ਦੀ ਅਦਾਲਤ ‘ਚ ਭੇਜ ਦਿੱਤਾ। ਇਸ ਦੌਰਾਨ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਵੱਡੇ ਪੁੱਤ ਅੰਸ਼ੁਲ ਛਤਰਪਤੀ ਨੇ ਹਰਿਆਣਾ ਪੁਲਿਸ ਦੀ ਤਫਤੀਸ਼ ‘ਤੇ ਸਵਾਲ ਉਠਾਉਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਹ ਕੇਸ ਸੀ.ਬੀ.ਆਈ. ਨੂੰ ਤਬਦੀਲ ਕਰਨ ਦੀ ਪਟੀਸ਼ਨ ਦਾਇਰ ਕਰ ਦਿੱਤੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 10 ਨਵੰਬਰ 2003 ਨੂੰ ਇਹ ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤਾ ਅਤੇ ਸੀ.ਬੀ.ਆਈ. ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਜਾਂਚ ਦੇ ਘੇਰੇ ਵਿਚ ਲੈ ਲਿਆ। ਸੀ.ਬੀ.ਆਈ. ਨੇ ਸਬ-ਇੰਸਪੈਕਟਰ ਰਾਮ ਚੰਦਰ ਦਾ ਦੋ ਵਾਰ ਪੌਲੀਗ੍ਰਾਫ ਟੈਸਟ ਵੀ ਕਰਵਾਇਆ ਸੀ।
ਇਸ ਕੇਸ ਦੀ ਸੁਣਵਾਈ ਪੂਰੀ ਹੋਣ ਅਤੇ ਫੈਸਲੇ ਮੌਕੇ ਡੇਰਾ ਮੁਖੀ ਨੇ ਸਫਾਈ ਦਿੱਤੀ ਕਿ ਉਸ ਨੇ 1991 ‘ਚ ਡੇਰਾ ਮੁਖੀ ਬਣਨ ਮਗਰੋਂ ਮਾਨਵਤਾ ਦੀ ਭਲਾਈ ਅਤੇ ਨਸ਼ਿਆਂ ਤੇ ਹੋਰ ਸਮਾਜਿਕ ਕੁਰੀਤੀਆਂ ਖਿਲਾਫ ਤਕਰੀਬਨ 6 ਕਰੋੜ ਲੋਕਾਂ ਨੂੰ ਜਾਗਰੂਕ ਕੀਤਾ। ਪਹਿਲੇ ਕੇਸ ਵਿਚ ਵੀ ਕੈਦ ਦੌਰਾਨ ਜੇਲ੍ਹ ਵਿਭਾਗ ਵੱਲੋਂ ਉਸ ਖਿਲਾਫ ਕੋਈ ਸ਼ਿਕਾਇਤ ਨਹੀਂ ਹੈ ਤੇ ਉਸ ਦਾ ਜੇਲ੍ਹ ‘ਚ ਵਿਵਹਾਰ ਚੰਗਾ ਹੈ। ਇਸ ਤਰ੍ਹਾਂ ਦੂਜੇ ਮੁਲਜ਼ਮਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਹੈ। ਦੱਸਣਯੋਗ ਹੈ ਕਿ ਪੱਤਰਕਾਰ ਰਾਮ ਚੰਦਰ ਛਤਰਪਤੀ ‘ਪੂਰਾ ਸੱਚ’ ਅਖਬਾਰ ਦੇ ਸੰਪਾਦਕ ਸਨ ਤੇ ਉਨ੍ਹਾਂ ਨੇ 30 ਮਈ 2002 ਨੂੰ ਅਤੇ 4 ਜੂਨ 2002 ਨੂੰ ਸਾਧਵੀਆਂ ਦੇ ਸ਼ੋਸ਼ਣ ਆਦਿ ਬਾਰੇ ਖਬਰਾਂ ਛਾਪੀਆਂ ਸਨ। ਪੱਤਰਕਾਰ ਛਤਰਪਤੀ ਨੂੰ 24 ਅਕਤੂਬਰ 2002 ਨੂੰ ਰਾਤ ਦੇ ਤਕਰੀਬਨ 8 ਵਜੇ ਉਨ੍ਹਾਂ ਦੇ ਘਰ ਨੇੜੇ ਗੋਲੀਆਂ ਮਾਰੀ ਦਿੱਤੀਆਂ ਗਈਆਂ ਸਨ ਅਤੇ 21 ਨਵੰਬਰ 2002 ਨੂੰ ਉਨ੍ਹਾਂ ਹਸਪਤਾਲ ‘ਚ ਦਮ ਤੋੜ ਦਿੱਤਾ ਸੀ।
_____________________________
ਸਮਝੌਤੇ ਲਈ ਕਈ ਸਿਆਸਤਦਾਨਾਂ ਨੇ ਦਬਾਅ ਬਣਾਇਆ: ਅੰਸ਼ੁਲ
ਸਿਰਸਾ: ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਚਾਰ ਮੁਲਜ਼ਮਾਂ ਨੂੰ ਉਮਰ ਕੈਦ ਸੁਣਾਏ ਜਾਣ ਨੂੰ ਨਿਆਂ ਦੀ ਜਿੱਤ ਕਰਾਰ ਦਿੰਦਿਆਂ ਅੰਸ਼ੁਲ ਛਤਰਪਤੀ ਨੇ ਖੁਲਾਸਾ ਕੀਤਾ ਕਿ ਹਰਿਆਣਾ ਦੇ ਇਕ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਦੇ ਇਕ ਸਾਬਕਾ ਕੈਬਨਿਟ ਮੰਤਰੀ ਨੇ ਡੇਰਾ ਮੁਖੀ ਨਾਲ ਸਮਝੌਤਾ ਕਰਨ ਲਈ ਦਬਾਅ ਬਣਾਇਆ ਸੀ। ਉਨ੍ਹਾਂ ਕਿਹਾ ਕਿ ਨਿਆਂ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਦੀ ਲੜਾਈ ਇਕ ਤਾਕਤਵਰ ਵਿਅਕਤੀ ਨਾਲ ਸੀ ਜਿਸ ਦੀ ਪਹੁੰਚ ਰਾਜਸੀ ਆਗੂਆਂ ਤੱਕ ਸੀ। ਉਨ੍ਹਾਂ ਦੱਸਿਆ ਹੈ ਕਿ ਡੇਰਾ ਮੁਖੀ ਨਾਲ ਸਮਝੌਤਾ ਕਰਨ ਲਈ ਉਨ੍ਹਾਂ ‘ਤੇ ਕਈ ਪਾਸਿਆਂ ਤੋਂ ਦਬਾਅ ਰਿਹਾ ਹੈ।
_____________________________
ਅਦਾਲਤੀ ਫੈਸਲਾ ਸੁਣ ਕੇ ਸੁੰਨ ਹੋਇਆ ਡੇਰਾ ਮੁਖੀ ਦਾ ਜੱਦੀ ਪਿੰਡ
ਬਠਿੰਡਾ: ਡੇਰਾ ਸਿਰਸਾ ਮੁਖੀ ਦੇ ਜੱਦੀ ਪਿੰਡ ਗੁਰੂਸਰ ਮੋਡੀਆ (ਹਨੂਮਾਨਗੜ੍ਹ) ‘ਚ ਸੰਨਾਟਾ ਛਾਇਆ ਰਿਹਾ। ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸਬੰਧੀ ਅਦਾਲਤੀ ਫੈਸਲੇ ਦੀ ਖਬਰ ਜਿਵੇਂ ਹੀ ਪਿੰਡ ਪੁੱਜੀ ਤਾਂ ਲੋਕ ਆਪੋ ਆਪਣੇ ਘਰਾਂ ਵਿਚ ਚਲੇ ਗਏ। ਗੁਰੂਸਰ ਮੋਡੀਆ ਵਿਚ ਬਣੇ ਡੇਰੇ ਵਿਚ ਦੋ ਦਰਜਨ ਪੈਰੋਕਾਰ ਹਾਜ਼ਰ ਸਨ ਜਿਨ੍ਹਾਂ ਵੱਲੋਂ ਟੀਵੀ ਦੀਆਂ ਖਬਰਾਂ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਡੇਰਾ ਮੁਖੀ ਦਾ ਜੋ ਜੱਦੀ ਘਰ ਹੈ, ਉਹ ਹੁਣ ਡੇਰੇ ਵਿਚ ਤਬਦੀਲ ਕੀਤਾ ਹੋਇਆ ਹੈ ਅਤੇ ਉਨ੍ਹਾਂ ਦਾ ਵੱਖਰਾ ਘਰ ਖੇਤ ਵਿਚ ਵੀ ਹੈ। ਡੇਰਾ ਮੁਖੀ ਦਾ ਪੂਰਾ ਪਰਿਵਾਰ ਹੁਣ ਸਿਰਸਾ ਡੇਰਾ ਵਿਚ ਰਹਿ ਰਿਹਾ ਹੈ। ਜੱਦੀ ਪਿੰਡ ਵਿਚ ਡੇਰਾ ਮੁਖੀ ਦਾ ਪਰਿਵਾਰ ਆਖਰੀ ਵਾਰ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਵੋਟਾਂ ਪਾਉਣ ਵਾਸਤੇ ਆਇਆ ਸੀ।
ਗੁਰੂਸਰ ਮੋਡੀਆ ਦੇ ਡੇਰਾ ਦੇ ਇੰਚਾਰਜ ਨਵਜੋਤ ਸਿੰਘ ਦਾ ਕਹਿਣਾ ਸੀ ਕਿ ਅਸਲ ਵਿਚ ਇਹ ਮਾਮਲਾ ਹੁਣ ਸਿਆਸੀ ਰੰਗਤ ਲੈ ਚੁੱਕਾ ਹੈ ਅਤੇ ਮਾਮਲੇ ਵਿੱਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਆਖਿਆ ਕਿ ਆਖਰ ਸੱਚ ਸਾਹਮਣੇ ਆ ਜਾਵੇਗਾ। ਡੇਰਾ ਮੁਖੀ ਦੇ ਘਰਾਂ ਨੇੜਲੇ ਬਜ਼ੁਰਗ ਸਰਦੂਲ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਵਿਚ ਕਦੇ ਵੀ ਕੋਈ ਅਜਿਹੀ ਗੱਲ ਨਹੀਂ ਦਿਖੀ ਅਤੇ ਸਚਾਈ ਉਸ ਮਾਲਕ ਨੂੰ ਪਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨੂੰ ਅੱਜ ਦੂਜੀ ਵਾਰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਪੈਰੋਕਾਰਾਂ ਕੋਲ ਹੁਣ ਘਰਾਂ ਵਿਚ ਬੈਠਣ ਤੋਂ ਸਿਵਾਏ ਹੋਰ ਕੀ ਬਚਿਆ ਹੈ। ਸੁਣਨ ਵਿਚ ਆਇਆ ਕਿ ਲੋਕਾਂ ਨੇ ਇਸ ਮਾਮਲੇ ‘ਤੇ ਚੁੱਪ ਹੀ ਵੱਟੀ ਰੱਖੀ। ਹਨੂਮਾਨਗੜ੍ਹ ਦੀ ਪੁਲਿਸ ਪਾਰਟੀ ਨੇ ਦੁਪਹਿਰ ਵਕਤ ਪਿੰਡ ਵਿਚ ਗਸ਼ਤ ਕੀਤੀ ਪਰ ਪਿੰਡ ਵਿਚ ਕਿਧਰੇ ਵੀ ਕੋਈ ਪੁਲਿਸ ਪਹਿਰਾ ਨਹੀਂ ਸੀ।
ਪਤਾ ਲੱਗਾ ਹੈ ਕਿ ਗੁਰੂਸਰ ਮੋਡੀਆ ਦੇ ਡੇਰੇ ਵਿਚ ਪੰਜ ਜਨਵਰੀ ਤੋਂ ਨਾਮ ਚਰਚਾ ਬੰਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਸਲਾਬਤਪੁਰਾ ਡੇਰੇ ਵਿਚ ਵੀ ਸੁੰਨਸਾਨ ਹੀ ਪਸਰੀ ਰਹੀ। ਡੇਰਾ ਆਗੂਆਂ ਨੇ ਪਹਿਲਾਂ ਹੀ ਪੈਰੋਕਾਰਾਂ ਨੂੰ ਡੇਰੇ ਵਿਚ ਆਉਣ ਤੋਂ ਰੋਕਿਆ ਹੋਇਆ ਸੀ। ਬਠਿੰਡਾ ਪੁਲਿਸ ਨੇ ਜ਼ਿਲ੍ਹੇ ਵਿਚਲੇ ਡੇਰਿਆਂ ਵਿਚ ਪੁਲਿਸ ਪਹਿਰਾ ਲਾਇਆ ਹੋਇਆ ਸੀ ਅਤੇ ਸਲਾਬਤਪੁਰਾ ਵਿਚ ਵੀ ਕਰੀਬ ਦੋ ਦਰਜਨ ਪੁਲਿਸ ਮੁਲਾਜ਼ਮ ਤਾਇਨਾਤ ਸਨ।