ਅੰਮ੍ਰਿਤਸਰ: ਲੋਕ ਸਭਾ ਚੋਣਾਂ ਨੇੜੇ ਵੇਖ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਕਰਾਂ ਨੂੰ ਸਰਗਰਮ ਕਰਨ ਲਈ ਮੁਹਿੰਮ ਵਿੱਢ ਦਿੱਤੀ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਵਿਧਾਇਕ ਰਤਨ ਸਿੰਘ ਅਜਨਾਲਾ ਦੇ ਹਲਕੇ ਅਜਨਾਲਾ ਦੇ ਪਿੰਡ ਦਾਲਮ ਤੋਂ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰਕੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਅਕਾਲੀ ਵਰਕਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਉਨ੍ਹਾਂ ਇਸ ਹਲਕੇ ਦੀ ਜ਼ਿੰਮੇਵਾਰੀ ਬਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੂੰ ਸੌਂਪੀ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 30 ਤੋਂ ਵੱਧ ਵਿਧਾਨ ਸਭਾ ਹਲਕਿਆਂ ਵਿਚ ਜਾ ਚੁੱਕੇ ਹਨ। ਹਰ ਹਲਕੇ ਵਿਚ ਅਕਾਲੀ ਕਾਰਕੁਨਾਂ ਵਿਚ ਪੂਰਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ, ਜਿਸ ਕਾਰਨ ਲੋਕਾਂ ਵਿਚ ਕਾਂਗਰਸ ਪ੍ਰਤੀ ਭਾਰੀ ਰੋਹ ਹੈ। ਉਨ੍ਹਾਂ ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਆਖਿਆ ਕਿ ਕਾਂਗਰਸ ਸਰਕਾਰ ਨੇ ਭਾਵੇਂ ਵੱਡੀ ਗਿਣਤੀ ‘ਚ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾ ਦਿੱਤੇ ਸਨ ਪਰ ਉਸ ਦੇ ਬਾਵਜੂਦ ਅਕਾਲੀ ਪੰਚ ਸਰਪੰਚ ਵੱਡੀ ਗਿਣਤੀ ਵਿਚ ਜਿੱਤੇ ਹਨ।
ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਸੀਨੀਅਰ ਅਕਾਲੀ ਆਗੂਆਂ ਦਾ ਨਾਂ ਲਏ ਬਿਨਾਂ ਉਨ੍ਹਾਂ ਦੋਸ਼ ਲਾਇਆ ਕਿ ਕੁਝ ਆਗੂ ਆਪਣੇ ਨਿੱਜੀ ਹਿੱਤਾਂ ਕਾਰਨ ਪਾਰਟੀ ਨੂੰ ਪਿੱਠ ਦਿਖਾ ਕੇ ਗਏ ਹਨ ਪਰ ਇਸ ਦੇ ਬਾਵਜੂਦ ਅਕਾਲੀ ਕਾਰਕੁਨਾਂ ਵਿਚ ਪੂਰਾ ਉਤਸ਼ਾਹ ਅਤੇ ਇਕਜੁੱਟਤਾ ਹੈ। ਉਨ੍ਹਾਂ ਆਖਿਆ ਕਿ ਹਰ ਹਲਕੇ ‘ਚ ਵਰਕਰ ਮੀਟਿੰਗ ਮਗਰੋਂ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਉਹ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਦੋਵਾਂ ਦਾ ਦਿਲੋਂ ਸਤਿਕਾਰ ਕਰਦੇ ਹਨ। ਪਰ ਸਚਾਈ ਇਹ ਹੈ ਕਿ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਅਤੇ ਲੋਕਾਂ ਨੇ ਜਿੱਤ ਦਿਵਾਈ। ਉਨ੍ਹਾਂ ਆਖਿਆ ਕਿ ਪਾਰਟੀ ਤੋਂ ਵੱਖ ਹੋ ਕੇ ਅਤੇ ਮੁੱਖ ਧਾਰਾ ਤੋਂ ਬਾਹਰ ਜਾ ਕੇ ਕੋਈ ਹੋਂਦ ਨਹੀਂ ਹੈ। ਇਸ ਮਾਮਲੇ ਵਿੱਚ ਉਨ੍ਹਾਂ ਪ੍ਰੇਮ ਸਿੰਘ ਲਾਲਪੁਰਾ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਤੁੜ ਪਰਿਵਾਰ ਤੇ ਹੋਰਨਾਂ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਤੇ ਹੋਰਨਾਂ ‘ਤੇ ਵੀ ਕਾਂਗਰਸ ਦਾ ਹੱਥ ਠੋਕਾ ਹੋਣ ਦਾ ਦੋਸ਼ ਲਾਇਆ।
________________________
ਪਟਿਆਲਾ ‘ਚ ਕਿਸੇ ਬਾਦਲ ਨੂੰ ਮੈਦਾਨ ‘ਚ ਉਤਾਰ ਸਕਦੈ ਅਕਾਲੀ ਦਲ
ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪ੍ਰਮੁੱਖ ਹਲਕਿਆਂ ਵਿਚ ਕਾਂਗਰਸ ਖਿਲਾਫ਼ ਆਪਣੇ ਮੋਹਰੀ ਆਗੂਆਂ ਨੂੰ ਮੈਦਾਨ ਵਿਚ ਉਤਾਰਨ ਦੀ ਰਣਨੀਤੀ ਬਣਾਈ ਹੈ। ਸੂਤਰਾਂ ਨੇ ਦੱਸਿਆ ਕਿ ਘੱਟੋ ਘੱਟ ਦੋ ਵਿਧਾਇਕਾਂ ਨੂੰ ਲੋਕ ਸਭਾ ਚੋਣ ਲੜਾਈ ਜਾ ਸਕਦੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪਾਰਟੀ ਦੀ ਰਣਨੀਤੀ ਤਿਆਰ ਹੋ ਚੁੱਕੀ ਹੈ। ਪਟਿਆਲਾ ਲੋਕ ਸਭਾ ਹਲਕਾ ਜਿਥੋਂ ਕਾਂਗਰਸ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਪਤਨੀ ਪ੍ਰਨੀਤ ਕੌਰ ਨੂੰ ਟਿਕਟ ਦੇਣ ਦੀ ਸੰਭਾਵਨਾ ਹੈ, ਤੋਂ ਅਕਾਲੀ ਦਲ ਬਾਦਲ ਪਰਿਵਾਰ ਦੇ ਕਿਸੇ ਜੀਅ ਨੂੰ ਉਤਾਰ ਸਕਦਾ ਹੈ। ਇਸ ਤਰਾਂ ਗੁਰਦਾਸਪੁਰ ਹਲਕੇ ਜਿਥੋਂ ਪੰਜਾਬ ਕਾਂਗਰਸ ਪ੍ਰਧਾਨ ਸੱਜਣ ਕੁਮਾਰ ਜਾਖੜ ਨੁਮਾਇੰਦਗੀ ਕਰਦੇ ਹਨ, ਤੋਂ ਵੀ ਇਸੇ ਤਰ੍ਹਾਂ ਦੀ ਰਣਨੀਤੀ ਅਖਤਿਆਰ ਕੀਤੀ ਜਾ ਸਕਦੀ ਹੈ।
________________________
ਅਕਾਲੀ ਦਲ ਤੇ ਭਾਜਪਾ ਵੱਲੋਂ ਸੰਸਦੀ ਸੀਟਾਂ ਬਦਲਣ ਦੀ ਸੰਭਾਵਨਾ
ਅੰਮ੍ਰਿਤਸਰ: ਆਉਂਦੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਅੰਮ੍ਰਿਤਸਰ-ਲੁਧਿਆਣਾ ਅਤੇ ਜਲੰਧਰ-ਹੁਸ਼ਿਆਰਪੁਰ ਲੋਕ ਸਭਾ ਸੀਟਾਂ ਆਪਸ ਵਿਚ ਬਦਲੇ ਜਾਣ ਦੀ ਸੰਭਾਵਨਾ ਹੈ। ਇਸ ਮਾਮਲੇ ‘ਤੇ ਦੋਵਾਂ ਪਾਰਟੀਆਂ ਦੀ ਹਾਈਕਮਾਂਡ ਵਿਚਾਰ ਚਰਚਾ ਕਰ ਰਹੀ ਹੈ। ਇਸ ਦੀ ਪੁਸ਼ਟੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਰਦਿਆਂ ਆਖਿਆ ਕਿ ਇਹ ਮਾਮਲਾ ਪਾਰਟੀ ਦੇ ਸੀਨੀਅਰ ਆਗੂਆਂ ਦੇ ਵਿਚਾਰ ਅਧੀਨ ਹੈ। ਉਨ੍ਹਾਂ ਮੰਨਿਆ ਕਿ ਜੇਕਰ ਅੰਮ੍ਰਿਤਸਰ ਸੰਸਦੀ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਆਉਂਦੀ ਹੈ ਤਾਂ ਇਸ ਦਾ ਦੋਵਾਂ ਧਿਰਾਂ ਨੂੰ ਲਾਭ ਹੋਵੇਗਾ। ਇਸ ਸੰਸਦੀ ਹਲਕੇ ਵਿਚ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿਚੋਂ 4 ਹਲਕੇ ਭਾਜਪਾ ਕੋਲ ਹਨ ਤੇ ਇਕ ਹਲਕਾ ਸ਼੍ਰੋਮਣੀ ਅਕਾਲੀ ਦਲ ਕੋਲ ਹੈ ਜਦਕਿ ਦਿਹਾਤੀ ਚਾਰ ਹਲਕੇ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਕੋਲ ਹਨ। ਅਕਾਲੀ ਦਲ-ਭਾਜਪਾ ਗੱਠਜੋੜ ਸੂਬੇ ਦੀਆਂ 13 ਸੰਸਦੀ ਸੀਟਾਂ ਤੋਂ ਚੋਣ ਲੜਦਾ ਹੈ, ਜਿਨ੍ਹਾਂ ਵਿਚੋਂ ਦਸ ਸੀਟਾਂ ਅਕਾਲੀ ਦਲ ਤੇ ਤਿੰਨ ਭਾਜਪਾ ਦੇ ਖਾਤੇ ਵਿਚ ਹਨ। ਭਾਜਪਾ ਕੋਲ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟਾਂ ਹਨ। ਅੰਮ੍ਰਿਤਸਰ-ਲੁਧਿਆਣਾ ਸੰਸਦੀ ਹਲਕੇ ਦੇ ਬਦਲਾਅ ਬਾਰੇ ਪਹਿਲਾਂ ਵੀ ਗੱਠਜੋੜ ਵਿਚ ਚਰਚਾ ਰਹੀ ਹੈ। ਅੰਮ੍ਰਿਤਸਰ ਸੰਸਦੀ ਹਲਕੇ ਵਿਚ ਵਧੇਰੇ ਸਿੱਖ ਵੋਟਰ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਹੈ ਕਿ ਵਧੇਰੇ ਸਿੱਖ ਵੋਟਰ ਵਾਲਾ ਇਹ ਸੰਸਦੀ ਹਲਕਾ ਸ਼੍ਰੋਮਣੀ ਅਕਾਲੀ ਦਲ ਲਈ ਲਾਹੇਵੰਦ ਹੋ ਸਕਦਾ ਹੈ।
________________________
ਢੀਂਡਸਾ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਤੋਂ ਕੀਤਾ ਇਨਕਾਰ
ਸੰਦੌੜ: ਸਾਬਕਾ ਖਜ਼ਾਨਾ ਮੰਤਰੀ ਅਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਕਿ ਉਹ ਆਗਾਮੀ ਲੋਕ ਸਭਾ ਚੋਣ ਲੜਨ ਦੇ ਇਛੁੱਕ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ‘ਚੋਂ ਕੋਈ ਹੋਰ ਸ਼ਖ਼ਸ ਚੋਣ ਲੜਨਾ ਚਾਹੁੰਦਾ ਹੈ। ਸ੍ਰੀ ਢੀਂਡਸਾ ਨੇ ਪਿੰਡ ਕੁਠਾਲਾ ‘ਚ ਇਹ ਗੱਲ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਹਲਕਾ ਸੰਗਰੂਰ ਤੋਂ ਬਤੌਰ ਅਕਾਲੀ ਉਮੀਦਵਾਰ ਬਣਨ ਦੀ ਚੱਲ ਰਹੀਆਂ ਚਰਚਾਵਾਂ ਦੇ ਜਵਾਬ ਵਿਚ ਕਹੀ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਚੋਣ ਲੜਨ ਲਈ ਹੁਕਮ ਦਿੰਦੀ ਹੈ ਤਾਂ ਉਹ ਇਸ ਸਬੰਧੀ ਪਾਰਟੀ ਆਗੂਆਂ ਨਾਲ ਗੱਲਬਾਤ ਕਰਨਗੇ ਪਰ ਹਾਲੇ ਤੱਕ ਸੰਗਰੂਰ ਤੋਂ ਉਮੀਦਵਾਰ ਦੀ ਚੋਣ ਨੂੰ ਲੈ ਕੇ ਪਾਰਟੀ ਪੱਧਰ ‘ਤੇ ਕੋਈ ਵੀ ਗੱਲਬਾਤ ਨਹੀਂ ਹੋਈ ਹੈ।