ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਭੰਗ

ਨਵੀਂ ਦਿੱਲੀ: ਤੀਸ ਹਜ਼ਾਰੀ ਅਦਾਲਤ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਬੋਰਡ ਦੀ ਚੋਣ ਉਤੇ 20 ਫਰਵਰੀ ਤੱਕ ਰੋਕ ਲਾਉਣ ਮਗਰੋਂ ਕਮੇਟੀ ਦੇ ਜਰਨਲ ਹਾਊਸ ਨੇ ਕਾਰਜਕਾਰਨੀ ਬੋਰਡ ਦੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਅਸਤੀਫੇ ਮਨਜ਼ੂਰ ਕਰ ਲਏ। ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਦਾਲਤ ਨੂੰ ਅਪੀਲ ਕੀਤੀ ਜਾਵੇਗੀ ਕਿ ਹਾਊਸ ਦੀ ਨਵੀਂ ਕਾਰਜਕਾਰਨੀ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਕਿਉਂਕਿ ਫਰਵਰੀ-ਮਾਰਚ ਦੌਰਾਨ ਕਮੇਟੀ ਦੇ ਸਕੂਲਾਂ ਕਾਲਜਾਂ ਤੇ ਹੋਰ ਸਿੱਖਿਆ ਸੰਸਥਾਵਾਂ ਦੇ ਦਾਖ਼ਲਿਆਂ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਸਬੰਧੀ ਤਰਕ ਅਦਾਲਤ ਵਿਚ ਦਿੱਤਾ ਜਾਵੇਗਾ। ਕਾਰਜਕਾਰਨੀ ਬੋਰਡ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫੇ ਸੌਂਪ ਕੇ ਗੁਰਦੁਆਰਾ ਚੋਣ ਬੋਰਡ ਨੂੰ ਨਵੇਂ ਅੰਤ੍ਰਿਮ ਹਾਊਸ ਦਾ ਗਠਨ ਕਰਨ ਦੀ ਅਪੀਲ ਕੀਤੀ ਸੀ। ਅਦਾਲਤ ਨੇ ਚੋਣ ‘ਤੇ ਰੋਕ ਲਾਈ ਸੀ। ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 19 ਜਨਵਰੀ ਹੋਣ ਵਾਲੀ ਕਾਰਜਕਾਰੀ ਬੋਰਡ ਦੀ ਚੋਣ ਨੂੰ ਗ਼ੈਰਕਾਨੂੰਨੀ ਦੱਸਦੇ ਹੋਏ ਤੀਸ ਹਜ਼ਾਰੀ ਕੋਰਟ ਨੇ ਅਗਲੇ ਹੁਕਮਾਂ ਤੱਕ ਚੋਣ ਉੱਤੇ ਰੋਕ ਲਾ ਦਿੱਤੀ ਸੀ।
ਕਮੇਟੀ ਦੇ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਸ਼ੰਟੀ ਦੀ ਅਰਜ਼ੀ ‘ਤੇ ਅਦਾਲਤ ਨੇ ਇਹ ਅੰਤ੍ਰਿਮ ਰੋਕ ਲਾਈ ਹੈ। ਗੁਰਮੀਤ ਸਿੰਘ ਸ਼ੰਟੀ ਨੇ ਅਦਾਲਤ ਵਿਚ ਦਲੀਲ ਦਿੱਤੀ ਸੀ ਕਿ ਇਹ ਚੋਣ ਸਮੇਂ ਤੋਂ ਪਹਿਲਾਂ ਕਰਵਾਈ ਜਾ ਰਹੀ ਹੈ ਤੇ ਗੁਰਦੁਆਰਾ ਚੋਣ ਬੋਰਡ ਵੱਲੋਂ ਬਿਨਾਂ ਮਨਜ਼ੂਰੀ ਕਰਵਾਈ ਜਾ ਰਹੀ ਹੈ। ਸਾਰੇ ਕਾਰਜਕਾਰੀ ਬੋਰਡ ਦੇ ਅਸਤੀਫੇ ਵੀ ਜਨਰਲ ਹਾਊਸ ਬੁਲਾ ਕੇ ਲਏ ਜਾਂਦੇ ਹਨ ਤੇ ਗੁਰਦੁਆਰਾ ਚੋਣ ਬੋਰਡ ਨੂੰ ਭੇਜੇ ਜਾਣ ਮਗਰੋਂ ਹੀ ਨਵੀਂ ਕਾਰਜਕਾਰਨੀ ਚੁਣੀ ਜਾਂਦੀ ਹੈ। ਕਾਰਜਕਾਰੀ ਬੋਰਡ ਦੀ ਪਿਛਲੀ ਚੋਣ 30 ਮਾਰਚ 2017 ਨੂੰ ਹੋਈ ਸੀ, ਜਿਸ ਦਾ ਸਮਾਂ 29 ਮਾਰਚ 2019 ਤੱਕ ਹੈ। ਅਦਾਲਤ ਮੁਤਾਬਕ ਚੋਣ ਡਾਇਰੈਕਟੋਰੇਟ ਵੱਲੋਂ ਮਨਜ਼ੂਰੀ ਨਾ ਮਿਲਣ ਕਰ ਕੇ 19 ਜਨਵਰੀ ਨੂੰ ਹੋਣ ਵਾਲੀ ਚੋਣ ਗ਼ੈਰਕਾਨੂੰਨੀ ਹੈ ਤੇ ਮਾਮਲਾ 21 ਫਰਵਰੀ ‘ਤੇ ਪਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਡਾਇਰੈਕਟਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਚੋਣ ਦੀ ਆਗਿਆ ਨਹੀਂ ਦਿੱਤੀ ਗਈ ਹੈ।
__________________________
ਪੁਲਿਸ ਨੇ ਦਿੱਲੀ ਕਮੇਟੀ ਦਾ ਰਿਕਾਰਡ ਘੋਖਿਆ
ਨਵੀਂ ਦਿੱਲੀ: ਕਮੇਟੀ ਦੇ ਜਨਰਲ ਮੈਨੇਜਰ ਤੋਂ ਦਿੱਲੀ ਪੁਲਿਸ ਅਸਲ ਰਿਕਾਰਡ ਲੈ ਗਈ ਹੈ। ਇਹ ਰਿਕਾਰਡ ਮਨਜੀਤ ਸਿੰਘ ਜੀ.ਕੇ. ਤੇ ਸਾਥੀਆਂ ਨਾਲ ਸਬੰਧਤ ਮੁਕੱਦਮੇ ਲਈ ਲੋੜੀਂਦਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵੱਲੋਂ ਨਾਰਥ ਐਵੇਨਿਊ ਥਾਣੇ ਦੇ ਜਾਂਚ ਅਧਿਕਾਰੀ ਨੂੰ ਹਲਕੀਆਂ ਧਾਰਾਵਾਂ ਲਾਉਣ ਕਰਕੇ ਗੁਰਮੀਤ ਸਿੰਘ ਸ਼ੰਟੀ ਦੀ ਅਰਜ਼ੀ ‘ਤੇ ਤਲਬ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਪੁਲਿਸ ਹਰਕਤ ਵਿਚ ਆਈ ਹੈ ਤੇ ਜਾਂਚ ਵਿਚ ਤੇਜ਼ੀ ਲਿਆਂਦੀ ਗਈ ਹੈ।
__________________________
ਅਹੁਦੇਦਾਰਾਂ ਖਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਮੰਗੀ
ਅੰਮ੍ਰਿਤਸਰ: ਸਰਨਾ ਧੜੇ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਮੰਗ ਪੱਤਰ ਸੌਂਪ ਕੇ ਦਿੱਲੀ ਕਮੇਟੀ ਦੇ ਮੌਜੂਦਾ ਆਗੂ, ਜੋ ਭ੍ਰਿਸ਼ਟਾਚਾਰ ਦੇ ਵਿਵਾਦ ਵਿਚ ਘਿਰੇ ਹੋਏ ਹਨ, ਖਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮੰਗ ਪੱਤਰ ਜਥੇਬੰਦੀ ਦੇ ਨੁਮਾਇੰਦੇ ਮਨਿੰਦਰ ਸਿੰਘ ਧੁੰਨਾ ਤੇ ਹੋਰਨਾਂ ਨੇ ਇਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਚ ਸੌਂਪਿਆ ਹੈ। ਇਹ ਪੱਤਰ ਜਥੇਬੰਦੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਵੱਲੋਂ ਭੇਜਿਆ ਗਿਆ ਹੈ। ਮੰਗ ਪੱਤਰ ਦੇਣ ਮਗਰੋਂ ਸ੍ਰੀ ਧੁੰਨਾ ਨੇ ਆਖਿਆ ਕਿ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਦੇ ਕਾਰਨ ਵਿਵਾਦ ਵਿਚ ਘਿਰੇ ਬਾਦਲ ਦਲ ਨਾਲ ਸਬੰਧਤ ਦਿੱਲੀ ਕਮੇਟੀ ਦੇ ਆਗੂਆਂ, ਜਿਨ੍ਹਾਂ ਵਿਚ ਪ੍ਰਧਾਨ ਮਨਜੀਤ ਸਿੰਘ ਜੀਕੇ, ਅਮਰਜੀਤ ਸਿੰਘ, ਹਰਜੀਤ ਸਿੰਘ ਸੂਬੇਦਾਰ ਤੇ ਹੋਰਨਾਂ ਖ਼ਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਦਿਆਂ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ।