ਨਵੇਂ ਪੰਜਾਬ ਪੁਲਿਸ ਮੁਖੀ ਲਈ ਖਿੱਚੋਤਾਣ ਮੁੜ ਵਧੀ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦਾ ਜਾਨਸ਼ੀਨ ਬਣਨ ਲਈ ਡੀ.ਜੀ.ਪੀ. ਰੈਂਕ ਦੇ ਸੀਨੀਅਰ ਅਧਿਕਾਰੀਆਂ ਦਰਮਿਆਨ ਚੱਲ ਰਹੀ ਖਿੱਚੋਤਾਣ ਕਾਰਨ ਪੁਲਿਸ ਵਿਭਾਗ ਅੰਦਰ ਗ੍ਰਹਿ ਯੁੱਧ ਵਾਲੀ ਸਥਿਤੀ ਬਣੀ ਹੋਈ ਹੈ। ਸੂਤਰਾਂ ਮੁਤਾਬਕ ਸੀਨੀਅਰ ਪੁਲਿਸ ਅਧਿਕਾਰੀ ਯੂ.ਪੀ.ਐਸ਼ਸੀ. ਵੱਲੋਂ ਰਾਜ ਸਰਕਾਰ ਨੂੰ ਭੇਜੇ ਜਾਣ ਵਾਲੇ ਮੋੜਵੇਂ ਪੈਨਲ ਵਿਚ ਨਾਮ ਪਵਾਉਣ ਲਈ ਹਰ ਤਰ੍ਹਾਂ ਦਾ ਦਾਅ ਖੇਡ ਰਹੇ ਹਨ।

ਸੂਬਾ ਸਰਕਾਰ ਵੱਲੋਂ 1984, 1985, 1986 ਅਤੇ 1987 ਬੈਚ ਵਿਚ ਸ਼ਾਮਲ ਡੀ.ਜੀ.ਪੀ. ਰੈਂਕ ਦੇ 9 ਅਧਿਕਾਰੀਆਂ ਅਤੇ 1988 ਬੈਚ ਨਾਲ ਸਬੰਧਤ ਵਧੀਕ ਡੀ.ਜੀ.ਪੀ. ਰੈਂਕ ਦੇ 3 ਅਧਿਕਾਰੀਆਂ ਦੇ ਨਾਮ ਸੰਘ ਲੋਕ ਸੇਵਾ ਕਮਿਸ਼ਨ ਨੂੰ ਭੇਜੇ ਗਏ ਹਨ। ਸੂਤਰਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਨੁਮਾਇੰਦੇ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਂਵਾਂ ਵਾਲਾ ਪੈਨਲ ਯੂ.ਪੀ.ਐਸ਼ਸੀ. ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ ਅਤੇ ਪੰਜਾਬ ਦੇ ਡੀ.ਜੀ.ਪੀ. ਦੇ ਅਹੁਦੇ ਲਈ ਇਨ੍ਹਾਂ ਅਧਿਕਾਰੀਆਂ ਵਿਚੋਂ ਹੀ ‘ਯੋਗ’ ਅਧਿਕਾਰੀਆਂ ਦੇ ਨਾਮ ਸੁਝਾਉਣ ਲਈ ਕਮਿਸ਼ਨ ਵੱਲੋਂ ਇਸ ਮਹੀਨੇ ਦੇ ਅੰਤਲੇ ਦਿਨਾਂ ਦੌਰਾਨ ਮੀਟਿੰਗ ਕੀਤੇ ਜਾਣ ਦੇ ਆਸਾਰ ਹਨ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਮਿਸ਼ਨ ਵੱਲੋਂ ਸਮੇਂ ਸਿਰ ਮੀਟਿੰਗ ਕਰ ਕੇ ਅਫਸਰਾਂ ਦੇ ਨਾਮ ਭੇਜ ਦਿੱਤੇ ਜਾਂਦੇ ਹਨ ਤਾਂ ਫਰਵਰੀ ‘ਚ ਨਵੇਂ ਪੁਲਿਸ ਮੁਖੀ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ।
ਗ੍ਰਹਿ ਵਿਭਾਗ ਨਾਲ ਸਬੰਧਤ ਸੂਤਰਾਂ ਨੇ ਇਹ ਵੀ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਸੁਰੇਸ਼ ਅਰੋੜਾ ਨੂੰ ਅਹੁਦੇ ‘ਤੇ ਬਣਾਈ ਰੱਖਣ ਜਾਂ ਫਿਰ 1987 ਬੈਚ ਦੇ ਅਧਿਕਾਰੀ ਦਿਨਕਰ ਗੁਪਤਾ ਨੂੰ ਡੀ.ਜੀ.ਪੀ. ਲਾਉਣ ਲਈ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਸ੍ਰੀ ਅਰੋੜਾ ਦਾ ਸੇਵਾਕਾਲ ਭਾਵੇਂ 30 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ ਪਰ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਸੀ ਤੌਰ ‘ਤੇ ਲਏ ਗਏ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹਨ। ਜਾਣਕਾਰੀ ਅਨੁਸਾਰ ਰਾਜ ਸਰਕਾਰ ਵੱਲੋਂ ਪੈਨਲ ਦੇ ਨਾਲ ਸੁਰੇਸ਼ ਅਰੋੜਾ ਵੱਲੋਂ ਮੁੱਖ ਮੰਤਰੀ ਨੂੰ ਲਿਖੀ ਗਈ ਚਿੱਠੀ ਵੀ ਲਗਾ ਦਿੱਤੀ ਗਈ ਹੈ ਤਾਂ ਜੋ ਯੂ.ਪੀ.ਐਸ਼ਸੀ. ਨੂੰ ਫੈਸਲਾ ਕਰਨ ਸਮੇਂ ਸਥਿਤੀ ਸਪੱਸ਼ਟ ਹੋ ਜਾਵੇ ਕਿ ਸ੍ਰੀ ਅਰੋੜਾ ਇਸ ਅਹੁਦੇ ‘ਤੇ ਹੁਣ ਨਹੀਂ ਰਹਿਣਾ ਚਾਹੁੰਦੇ ਹਨ।
ਪੰਜਾਬ ਕਾਡਰ ਨਾਲ ਸਬੰਧਤ 1984 ਬੈਚ ਦੇ ਪੁਲਿਸ ਅਧਿਕਾਰੀ ਸਾਮੰਤ ਗੋਇਲ ਤਾਂ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੀ ਖ਼ੁਫੀਆ ਏਜੰਸੀ ‘ਰਾਅ’ ਵਿਚ ਤਾਇਨਾਤ ਹਨ। ਇਸ ਲਈ 1985 ਬੈਚ ਦੇ ਮੁਹੰਮਦ ਮੁਸਤਫ਼ਾ ਅਤੇ 1987 ਬੈਚ ਦੇ ਦਿਨਕਰ ਗੁਪਤਾ ਦਰਮਿਆਨ ਹੀ ਡੀ.ਜੀ.ਪੀ. ਅਹੁਦੇ ਦੀ ਦੌੜ ਲੱਗੀ ਹੋਈ ਹੈ। ਸ੍ਰੀ ਮੁਸਤਫ਼ਾ ਇਸ ਸਮੇਂ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਨ ਜਦਕਿ ਸ੍ਰੀ ਗੁਪਤਾ ਡੀ.ਜੀ.ਪੀ. (ਇੰਟੈਲੀਜੈਂਸ) ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਅਧਿਕਾਰੀ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ। ਮੁਹੰਮਦ ਮੁਸਤਫ਼ਾ ਦੇ ਸਬੰਧ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਹੋਣ ਕਰ ਕੇ ਹੀ ਇਸ ਵੱਕਾਰੀ ਅਹੁਦੇ ਦੇ ਦਾਅਵੇਦਾਰਾਂ ‘ਚ ਉਹ ਸ਼ਾਮਲ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਸਾਮੰਤ ਗੋਇਲ ਨੂੰ ਡੀ.ਜੀ.ਪੀ. ਲਾਉਣਾ ਚਾਹੁੰਦੇ ਹਨ ਪਰ ਅਜੀਤ ਡੋਵਾਲ ਵੱਲੋਂ ਹਰੀ ਝੰਡੀ ਨਹੀਂ ਦਿੱਤੀ ਜਾ ਰਹੀ ਹੈ।