ਟਾਈਟਲਰ ਦੀ ਮੌਜੂਦਗੀ ਨਾਲ ਵਿਵਾਦਾਂ ‘ਚ ਘਿਰੀ ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ

ਨਵੀਂ ਦਿੱਲੀ: ਲਗਾਤਾਰ 15 ਸਾਲ ਤੱਕ ਦਿੱਲੀ ਦੇ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਉਣ ਵਾਲੀ ਕਾਂਗਰਸ ਦੀ ਸੀਨੀਅਰ ਆਗੂ ਸ਼ੀਲਾ ਦੀਕਸ਼ਤ ਨੇ ਦਿੱਲੀ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ, ਪਰ ਇਸ ਪ੍ਰੋਗਰਾਮ ‘ਚ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਮੰਨੇ ਜਾਣ ਵਾਲੇ ਜਗਦੀਸ਼ ਟਾਈਟਲਰ ਦੀ ਮੌਜੂਦਗੀ ਕਾਰਨ ਸ਼ੀਲਾ ਦਾ ਤਾਜਪੋਸ਼ੀ ਸਮਾਗਮ ਵਿਵਾਦਾਂ ‘ਚ ਘਿਰ ਗਿਆ।
ਇਸ ਮਸਲੇ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ

ਰਾਹੁਲ ਵੀ ਆਪਣੇ ਪਰਿਵਾਰ ਦੀ ਪਰੰਪਰਾ ਨੂੰ ਹੀ ਅੱਗੇ ਵਧਾ ਰਹੇ ਹਨ ਅਤੇ ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਸਿੱਖ ਪੀੜਤਾਂ ਲਈ ਕੋਈ ਭਾਵਨਾ ਨਹੀਂ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ ਤੇ ਰਾਹੁਲ ਗਾਂਧੀ ਤੱਕ ਟਾਈਟਲਰ ਉਨ੍ਹਾਂ ਸਾਰਿਆਂ ਦਾ ਬੇਹੱਦ ਕਰੀਬੀ ਰਿਹਾ ਹੈ, ਇਹ ਸਿੱਖਾਂ ਦੇ ਲਈ ਸਪੱਸ਼ਟ ਸੰਕੇਤ ਹੈ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀ ਟਾਈਟਲਰ ਨੂੰ ਸ਼ੀਲਾ ਦੀਕਸ਼ਤ ਦੇ ਤਾਜਪੋਸ਼ੀ ਸਮਾਗਮ ‘ਚ ਪਹਿਲੀ ਕਤਾਰ ਵਿਚ ਬਿਠਾ ਕੇ ਕਾਂਗਰਸ 1984 ਕਤਲੇਆਮ ਦੇ ਪੀੜਤਾਂ ਨੂੰ ਡਰਾਉਣਾ ਤੇ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਕੋਈ ਵੀ ਪੀੜਤ ਟਾਈਟਲਰ ਖਿਲਾਫ਼ ਗਵਾਹੀ ਦੇਣ ਦੀ ਜੁਰਅਤ ਨਾ ਕਰੇ ਅਤੇ ਨਾਲ ਹੀ ਜਾਂਚ ਏਜੰਸੀਆਂ ਨੂੰ ਵੀ ਦੱਸਣਾ ਚਾਹੁੰਦੀ ਹੈ ਕਿ ਕਾਂਗਰਸ ਪੂਰੀ ਤਰ੍ਹਾਂ ਟਾਈਟਲਰ ਦੇ ਨਾਲ ਖੜ੍ਹੀ ਹੈ।
ਸਿਰਸਾ ਨੇ ਇਹ ਵੀ ਕਿਹਾ ਕਿ ਕਾਂਗਰਸ ਟਾਈਟਲਰ ਨੂੰ ਬੇਸ਼ਕ ਜਿੰਨਾ ਮਰਜ਼ੀ ਬਚਾਉਣ ਦੀ ਕੋਸ਼ਿਸ਼ ਕਰੇ ਪਰ ਸੱਜਣ ਕੁਮਾਰ ਵਾਂਗ ਇਕ ਦਿਨ ਉਹ ਜੇਲ੍ਹ ਜ਼ਰੂਰ ਜਾਵੇਗਾ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਣ ਤੋਂ ਬਾਅਦ ਕਾਂਗਰਸ ਬੁਖ਼ਲਾ ਗਈ ਹੈ ਅਤੇ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਮਾਗਮਾਂ ਵਿਚ ਪਹਿਲ ਦੇ ਰਹੀ ਹੈ। ਉਧਰ, ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ਸਮਾਰੋਹ ਦੌਰਾਨ ਜਗਦੀਸ਼ ਟਾਈਟਲਰ ਦੇ ਮੋਹਰਲੀ ਕਤਾਰ ‘ਚ ਸ਼ਾਮਲ ਹੋਣ ਉਤੇ ਛਿੜੇ ਵਿਵਾਦ ‘ਤੇ ਸ਼ੀਲਾ ਦੀਕਸ਼ਤ ਨੇ ਇਹ ਕਹਿੰਦਿਆਂ ਟਾਈਟਲਰ ਦਾ ਸਮਰਥਨ ਕੀਤਾ ਕਿ ਉਹ ਇਕ ਕਾਂਗਰਸੀ ਹੈ। ਉਸ ਨੇ ਕਿਹਾ ਕਿ ਇਹ ਵਸਤੂਆਂ ਨੂੰ ਦੇਖਣ ਦਾ ਬਹੁਤ ਤੰਗ ਨਜ਼ਰੀਆ ਹੈ। ਆਖਰ ਉਹ ਇਕ ਕਾਂਗਰਸੀ ਹੈ। ਕਾਂਗਰਸ ਨੇ ਉਸ ਨੂੰ ਕੱਢਿਆ ਨਹੀਂ ਹੈ ਅਤੇ ਉਹ ਪਾਰਟੀ ਤੋਂ ਦੂਰ ਨਹੀਂ ਗਿਆ ਹੈ। ਫਿਰ ਇਕ ਗ਼ੈਰ ਮੁੱਦੇ ਨੂੰ ਮੁੱਦਾ ਕਿਉਂ ਬਣਾਉਂਦੇ ਹੋ।