ਗੁਰੂ ਸ਼ਬਦ ਹੈ

ਸ੍ਰਿਸ਼ਟੀ ਦਾ ਵਿਕਾਸ ਹੌਲੀ ਹੌਲੀ ਹੋਇਆ ਹੈ। ਧਰਮਾਂ ਦੇ ਪੁਜਾਰੀਆਂ ਤੇ ਠੇਕੇਦਾਰਾਂ ਨੇ ਸ੍ਰਿਸ਼ਟੀ ਦੀ ਰਚਨਾ ਦੀ ਵਿਆਖਿਆ ਆਪੋ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੀ ਹੈ। ਤਰਕ ਦੇ ਆਧਾਰ ‘ਤੇ ਗੱਲ ਕਰਨ ਵਾਲਿਆਂ ਨੂੰ ਹਮੇਸ਼ਾ ਜੁਲਮਾਂ ਦਾ ਸ਼ਿਕਾਰ ਹੋਣਾ ਪਿਆ ਹੈ। ਦੁਨੀਆਂ ਦੇ ਕਰੀਬ ਹਰ ਧਰਮ ਵਿਚ ਹੀ ਇਸੇ ਤਰ੍ਹਾਂ ਹੋਇਆ ਹੈ। ਪੁਜਾਰੀਆਂ ਨੇ ਲੋਕਾਂ ਨੂੰ ਹਮੇਸ਼ਾ ਕਰਮ ਕਾਂਡ ਵਿਚ ਫਸਾ ਕੇ ਰੱਖਿਆ ਹੈ। ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ, ਪਰ ਅਫਸੋਸ ਅੱਜ ਸਿੱਖਾਂ ਵਿਚ ਵੀ ਇਹ ਸਭ ਕੁਝ ਭਾਰੂ ਹੁੰਦਾ ਜਾ ਰਿਹਾ ਹੈ। ਆਪਣੇ ਇਸ ਲੇਖ ਵਿਚ ਨੰਦ ਸਿੰਘ ਬਰਾੜ ਨੇ ਕੁਝ ਗੰਭੀਰ ਟਿੱਪਣੀਆਂ ਕੀਤੀਆਂ ਹਨ।

-ਸੰਪਾਦਕ

ਨੰਦ ਸਿੰਘ ਬਰਾੜ
ਫੋਨ: 916-501-3974

ਗੁਰੂ ਤੋਂ ਕੀ ਭਾਵ ਹੈ? ਵਿਦਵਾਨਾਂ ਅਨੁਸਾਰ ਗੁਰੂ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਜਿਸ ਵਿਚ ਗੁਹ ਦਾ ਭਾਵ ਹਨੇਰਾ ਅਤੇ ਰੂਅ ਦਾ ਭਾਵ ਚਾਨਣ ਹੈ। ਇਸ ਤਰ੍ਹਾਂ ਗੁਰੂ ਦਾ ਅਰਥ ਹਨੇਰੇ ਤੋਂ ਚਾਨਣ ਵੱਲ ਜਾਣਾ ਬਣਦਾ ਹੈ। ਅਸੀਂ ਜਾਣਦੇ ਹਾਂ ਕਿ ਅਗਿਆਨ ਨੂੰ ਹਨੇਰੇ ਅਤੇ ਗਿਆਨ ਨੂੰ ਚਾਨਣ ਨਾਲ ਪ੍ਰਗਟ ਕੀਤਾ ਜਾਂਦਾ ਹੈ। ਕਹਿ ਸਕਦੇ ਹਾਂ ਕਿ ਜੋ ਵੀ ਸਾਨੂੰ ਅਗਿਆਨ ਤੋਂ ਗਿਆਨ ਵੱਲ ਲਿਜਾਂਦਾ ਹੈ, ਉਹ ਹੀ ਗੁਰੂ ਹੈ। ਇਸ ਲਿਖਤ ਰਾਹੀਂ ਕਿਸੇ ਅੰਧਵਿਸ਼ਵਾਸ ਦੇ ਮਗਰ ਲੱਗਣ ਦੀ ਥਾਂ ਤਾਰਕਿਕ ਵਿਚਾਰ ਜਾਂ ਬਿਬੇਕ ਦੀ ਮਦਦ ਨਾਲ ਗੁਰੂ ਬਾਰੇ ਸਮਝਣ ਦਾ ਯਤਨ ਕੀਤਾ ਗਿਆ ਹੈ।
ਸ਼ਬਦ ਤੋਂ ਕੀ ਭਾਵ ਹੈ? ਇਹ ਸਮੁੱਚਾ ਬ੍ਰਹਿਮੰਡ ਅੱਜ ਤੋਂ ਕੋਈ ਪੌਣੇ ਚੌਦਾਂ ਬਿਲੀਅਨ ਸਾਲ ਪਹਿਲਾਂ ਹੋਂਦ ਵਿਚ ਆਇਆ ਅਤੇ ਧਰਤੀ ਉਸ ਤੋਂ ਕਰੀਬ ਅੱਠ ਬਿਲੀਅਨ ਸਾਲ ਪਿੱਛੋਂ ਬਣੀ। ਜੇ ਮਨੁੱਖ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦੋ ਪੈਰਾਂ ‘ਤੇ ਚਲਣ ਵਾਲੇ ਪ੍ਰਾਣੀ ਦੀ ਇਸ ਧਰਤੀ ‘ਤੇ ਹੋਂਦ ਅੱਜ ਤੋਂ ਦਸ ਲੱਖ ਸਾਲ ਤੋਂ ਵੱਧ ਨਹੀਂ ਸੀ ਹੋਈ। ਅੱਜ ਦੇ ਮਨੁੱਖ ਦੇ ਇਹ ਵੱਡੇ ਵਡੇਰੇ ਲੱਖਾਂ ਸਾਲਾਂ ਤੱਕ ਦੂਜੇ ਪ੍ਰਾਣੀਆਂ ਵਾਂਗ ਭਾਵ ਪਸੂਆਂ ਦੀ ਜ਼ਿੰਦਗੀ ਹੀ ਜਿਉਂਦੇ ਰਹੇ, ਜਦੋਂ ਤੱਕ ਕਿ ਇਨ੍ਹਾਂ ਨੇ ਬੋਲਣ ਦੀ ਜਾਚ ਨਹੀਂ ਸਿੱਖੀ। ਬੋਲਣ ਦੀ ਜਾਚ ਨੇ ਇਨ੍ਹਾਂ ਦੇ ਜੀਵਨ ਵਿਚ ਬਹੁਤ ਤਬਦੀਲੀ ਲਿਆਂਦੀ। ਹੁਣ ਇਹ ਆਪਣੇ ਤਜ਼ਰਬੇ ਦੂਜਿਆਂ ਨੂੰ ਬੋਲ ਕੇ ਦੱਸ ਸਕਦੇ ਸਨ, ਜਿਸ ਨਾਲ ਉਹ ਇਨ੍ਹਾਂ ਤੋਂ ਸਿੱਖ ਕੇ ਤਰੱਕੀ ਕਰਦੇ ਗਏ। ਤਜ਼ਰਬੇ ਇਕੱਠੇ ਹੋਣ ਨਾਲ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੁੰਦਾ ਗਿਆ। ਦੂਜੇ ਪ੍ਰਾਣੀ ਕਿਸੇ ਵੀ ਤਰ੍ਹਾਂ ਦੀ ਬੋਲੀ ਵਿਕਸਿਤ ਨਾ ਕਰ ਸਕੇ। ਇੰਜ ਮਨੁੱਖ ਦੇ ਮੁਕਾਬਲੇ ਉਹ ਬਹੁਤ ਪੱਛੜ ਗਏ।
ਹੌਲੀ ਹੌਲੀ ਮਨੁੱਖ ਨੇ ਗਿਆਨ ਨਾਲ ਆਪਣੀ ਬੋਲੀ ਨੂੰ ਲਿਖਣ ਦੇ ਢੰਗ ਵੀ ਸਿੱਖ ਲਏ। ਬੋਲੀ ਲਿਖਣ ਭਾਵ ਭਾਸ਼ਾ ਦੀ ਖੋਜ ਨੇ ਮਨੁੱਖ ਦੇ ਵਿਕਾਸ ਵਿਚ ਵੱਡਾ ਇਨਕਲਾਬ ਲਿਆਂਦਾ। ਲਿਖਣ ਦੀ ਖੋਜ ਤੋਂ ਪਹਿਲਾਂ ਕੋਈ ਵੀ ਮਨੁੱਖ ਸਿਰਫ ਦੂਜੇ ਜਿਉਂਦੇ ਮਨੁੱਖਾਂ ਦੇ ਤਜ਼ਰਬੇ ਤੋਂ ਹੀ ਸਿੱਖ ਸਕਦਾ ਸੀ, ਪਰ ਹੁਣ ਉਹ ਆਪਣੇ ਤੋਂ ਸੈਂਕੜੇ ਜਾਂ ਹਜ਼ਾਰਾਂ ਸਾਲ ਪਹਿਲਾਂ ਹੋਏ ਮਨੁੱਖਾਂ ਦੀਆਂ ਲਿਖਤਾਂ ਤੋਂ ਵੀ ਗਿਆਨ ਪ੍ਰਾਪਤ ਕਰ ਸਕਦਾ ਸੀ। ਇਸ ਤਰ੍ਹਾਂ ਲਿਖਤੀ ਭਾਸ਼ਾ ਨੇ ਮਨੁੱਖ ਦੀ ਤਰੱਕੀ ਅਤੇ ਗਿਆਨ ਵਿਚ ਅੰਤਾਂ ਦਾ ਵਾਧਾ ਕੀਤਾ ਹੈ।
ਸਾਰੀ ਧਰਤੀ ‘ਤੇ ਮਨੁੱਖ ਦੂਰ ਦੂਰ ਵੱਖ ਵੱਖ ਗਰੁਪਾਂ ਵਿਚ ਵਿਕਸਿਤ ਹੋਇਆ, ਜਿਸ ਕਰਕੇ ਉਨ੍ਹਾਂ ਦੀ ਬੋਲੀ ਅਤੇ ਭਾਸ਼ਾ ਵੀ ਵੱਖ ਵੱਖ ਵਿਕਸਿਤ ਹੋਏ, ਪਰ ਫੇਰ ਵੀ ਵੱਖ ਵੱਖ ਭਾਸ਼ਾਵਾਂ ਵਿਚ ਇਕ ਸਾਂਝ ਹੈ ਕਿ ਹਰ ਭਾਸ਼ਾ ਸ਼ਬਦਾਂ ਦਾ ਸਮੂਹ ਹੁੰਦੀ ਹੈ ਭਾਵ ਸ਼ਬਦ ਹਰ ਭਾਸ਼ਾ ਦੀ ਉਹ ਛੋਟੀ ਤੋਂ ਛੋਟੀ ਇਕਾਈ ਹੁੰਦਾ ਹੈ ਜਿਸ ਤੋਂ ਕਿਸੇ ਚੀਜ, ਥਾਂ, ਘਟਨਾ, ਵਿਹਾਰ ਆਦਿ ਦਾ ਗਿਆਨ ਹੁੰਦਾ ਹੈ। ਇਸ ਤਰ੍ਹਾਂ ਸ਼ਬਦ ਸਾਡੇ ਵਾਸਤੇ ਵਿਦਿਆ ਅਤੇ ਗਿਆਨ ਪ੍ਰਾਪਤ ਕਰਨ ਦੀ ਇਕਾਈ ਜਾਂ ਮੁੱਢ ਹੈ ਭਾਵ ਸ਼ਬਦ ਹੀ ਸਾਡਾ ਗੁਰੂ ਹੈ। ਪਰ ਅਫਸੋਸ ਕਿ ਕਦੇ ਅਧਿਆਤਮਵਾਦ ਨਾਲ ਜੋੜ ਕੇ, ਕਦੇ ਕਰਮ ਕਾਂਡਾਂ ਦੇ ਚੱਕਰਾਂ ਵਿਚ ਪਾ ਕੇ ਅਤੇ ਅੰਧਵਿਸ਼ਵਾਸਾਂ ਦੀ ਪੁੱਠ ਚਾੜ੍ਹ ਕੇ ਸ਼ਬਦ ਦੀ ਸੱਚੀ ਸੁੱਚੀ ਮਹਾਨਤਾ ਨੂੰ ਰੋਲ ਕੇ ਰੱਖ ਦਿੱਤਾ ਗਿਆ ਹੈ।
ਮਨੁੱਖ ਦਾ ਸਮੁੱਚਾ ਇਤਿਹਾਸ ਵਾਚਿਆਂ ਸਪਸ਼ਟ ਹੁੰਦਾ ਹੈ ਕਿ ਲਗਭਗ ਸਾਰੇ ਮਨੁੱਖ ਆਪੋ-ਆਪਣੇ ਕਾਰ ਵਿਹਾਰ ਵਿਚ ਅਤੇ ਆਪਣੇ ਪਰਿਵਾਰ ਦੀ ਦੇਖ-ਭਾਲ ਵਿਚ ਪੂਰੀ ਤਰ੍ਹਾਂ ਰੁੱਝੇ ਰਹਿੰਦੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਦੇ ਕਰਾਮਾਤਾਂ, ਕਰਮ-ਕਾਂਡਾਂ ਅਤੇ ਅੰਧਵਿਸ਼ਵਾਸਾਂ ਦੇ ਚੁੰਗਲ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਨ੍ਹਾਂ ਦੇ ਇਸ ਭੋਲੇਪਨ ਦਾ ਫਾਇਦਾ ਉਠਾਉਣ ਵਾਲੇ ਕੁਝ ਇਕ ਚੁਸਤ ਅਤੇ ਚਲਾਕ ਲੋਕ ਵੀ ਹੁੰਦੇ ਹਨ, ਜੋ ਇਨ੍ਹਾਂ ਨੂੰ ਅੰਧਵਿਸ਼ਵਾਸਾਂ ਅਤੇ ਕਰਾਮਾਤਾਂ ਦੇ ਜਾਲ ਵਿਚ ਫਸਾ ਕੇ ਇਨ੍ਹਾਂ ਦੀ ਦਸਾਂ ਨਹੁੰਆਂ ਦੀ ਕਮਾਈ ਲੁਟਦੇ ਤੇ ਐਸ਼ ਕਰਦੇ ਹਨ। ਇਹ ਲੁਟੇਰੇ ਕਿਸਮਾਂ ਦੇ ਲੋਕ-ਹਾਕਮ ਅਤੇ ਪੁਜਾਰੀ ਵਿਖਾਵੇ ਦਾ ਢੌਂਗ ਇਸ ਤਰ੍ਹਾਂ ਕਰਦੇ ਹਨ, ਜਿਵੇਂ ਇਹ ਉਨ੍ਹਾਂ ਦੇ ਸਭ ਤੋਂ ਵੱਡੇ ਹਮਦਰਦ ਅਤੇ ਰਖਵਾਲੇ ਹੋਣ। ਅਸਲ ਵਿਚ ਇਨ੍ਹਾਂ ਨੂੰ ਸਭ ਤੋਂ ਵੱਡੇ ਅਕ੍ਰਿਤਘਣ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਜਿਨ੍ਹਾਂ ਲੋਕਾਂ ਦੀ ਕਮਾਈ ‘ਤੇ ਪਲਦੇ ਹਨ, ਉਨ੍ਹਾਂ ਨੂੰ ਹੀ ਲੁਟਦੇ ਅਤੇ ਕੁੱਟਦੇ ਰਹੇ ਨੇ।
ਜਿਥੇ ਸਮਾਜ ਵਿਚ ਇਸ ਤਰ੍ਹਾਂ ਦੇ ਅਕ੍ਰਿਤਘਣ ਲੋਕ ਹੁੰਦੇ ਹਨ, ਜੋ ਆਪਣੀ ਜ਼ਮੀਰ ਦੀ ਕਦੇ ਪ੍ਰਵਾਹ ਨਹੀਂ ਕਰਦੇ, ਉਥੇ ਹੀ ਹਰ ਦੌਰ ਵਿਚ ਜਾਗਦੀ ਜ਼ਮੀਰ ਵਾਲੇ ਲੋਕ ਵੀ ਪੈਦਾ ਹੁੰਦੇ ਰਹੇ ਹਨ, ਜੋ ਸਮੁੱਚੀ ਮਨੁੱਖਤਾ ਦੀ ਭਲਾਈ ਵਾਸਤੇ ਸੋਚਦੇ ਅਤੇ ਯਤਨ ਕਰਦੇ ਰਹੇ ਹਨ। ਇਹ ਜਾਗਦੀ ਜ਼ਮੀਰ ਵਾਲੇ ਵਿਅਕਤੀ ਹਮੇਸ਼ਾ ਬਿਬੇਕ ਬੁੱਧੀ ਦੇ ਮਾਲਕ ਅਤੇ ਤਾਰਕਿਕ ਵਿਚਾਰਾਂ ਦੇ ਧਾਰਨੀ ਰਹੇ ਹਨ, ਭਾਵ ਉਹ ਮਨੁੱਖ ਨਾਲ ਸਬੰਧਤ ਅਤੇ ਉਸ ਦੇ ਆਲੇ ਦੁਆਲੇ (ਕੁਦਰਤ ਵਿਚ) ਹੁੰਦੀਆਂ ਘਟਨਾਵਾਂ ਅਤੇ ਤਬਦੀਲੀਆਂ ਨੂੰ ਹਮੇਸ਼ਾ ਬਿਬੇਕ ਬੁੱਧੀ ਨਾਲ ਵੇਖ-ਪਰਖ ਕੇ ਸੱਚਾਈ ਦੇ ਨੇੜੇ ਤੋਂ ਨੇੜੇ ਪਹੁੰਚਦੇ ਹਨ ਅਤੇ ਇਨ੍ਹਾਂ ਰਾਹੀਂ ਆਮ ਮਨੁੱਖਾਂ ਨੂੰ ਜਾਗਰੂਕ ਕਰਕੇ ਅੰਧਵਿਸ਼ਵਾਸਾਂ ਤੇ ਕਰਾਮਾਤਾਂ ਦੇ ਚੁੰਗਲ ਵਿਚੋਂ ਕੱਢਣ ਦਾ ਹਰ ਸੰਭਵ ਯਤਨ ਕਰਦੇ ਰਹੇ ਹਨ। ਮਾਨਵਤਾ ਦੀ ਭਲਾਈ ਵਾਸਤੇ ਉਨ੍ਹਾਂ ਦੀ ਦੇਣ ਸਿਰਫ ਧਰਮ ਵਾਸਤੇ ਹੀ ਨਹੀਂ, ਸਗੋਂ ਸਾਡੇ ਜੀਵਨ ਦੇ ਹਰ ਖੇਤਰ ਵਿਚ ਹੈ।
ਹਾਕਮਾਂ ਅਤੇ ਪੁਜਾਰੀ ਲੋਕਾਂ ਵਾਸਤੇ ਅੰਧਵਿਸ਼ਵਾਸਾਂ ਅਤੇ ਕਰਾਮਾਤਾਂ ਦੇ ਸ਼ਿਕਾਰ ਲੋਕ ਉਨ੍ਹਾਂ ਦੀ ਕੀਮਤੀ ਜਾਇਦਾਦ ਹੁੰਦੇ ਹਨ। ਇਸੇ ਕਰਕੇ ਇਹ ਕਿਸੇ ਵੀ ਤਰ੍ਹਾਂ ਦੇ ਅੰਧਵਿਸ਼ਵਾਸ ਨੂੰ ਦੂਰ ਕਰਨ ਵਾਲਿਆਂ ਦੇ ਰਾਹ ਵਿਚ ਸਭ ਤੋਂ ਵੱਡੇ ਅੜਿੱਕੇ ਬਣਦੇ ਰਹੇ ਹਨ। ਜਦੋਂ ਜਾਗਦੀ ਜ਼ਮੀਰ ਵਾਲੇ ਲੋਕਾਂ ਵਲੋਂ ਅਸਲ ਸੱਚਾਈ ਦੱਸ ਕੇ ਅੰਧਵਿਸ਼ਵਾਸ ਦੂਰ ਕਰਨ ਦਾ ਯਤਨ ਕੀਤਾ ਜਾਂਦਾ ਹੈ ਤਾਂ ਇਹ ਪਹਿਲਾਂ ਤੋਂ ਚਲਦੀਆਂ ਮਨੌਤਾਂ ਨੂੰ ਆਧਾਰ ਬਣਾ ਕੇ ਜਾਗ੍ਰਿਤੀ ਲਿਆਉਣ ਵਾਲਿਆਂ ਨੂੰ ਧਰਮ ਭ੍ਰਿਸ਼ਟ ਕਰਨ ਵਾਲੇ ਅਤੇ ਸਮਾਜ ਨੂੰ ਵਿਗਾੜਨ ਵਾਲੇ ਦੱਸ ਕੇ ਬਦਨਾਮ ਕਰਦੇ ਹਨ। ਆਮ ਲੋਕਾਂ ‘ਤੇ ਪੁਜਾਰੀਆਂ ਦਾ ਧਾਰਮਕ ਵਿਅਕਤੀਆਂ ਵਜੋਂ ਡੂੰਘੀ ਸ਼ਰਧਾ ਵਾਲਾ ਪ੍ਰਭਾਵ ਬਣਿਆ ਹੁੰਦਾ ਹੈ। ਇਸ ਕਰਕੇ ਉਨ੍ਹਾਂ ਦਾ ਸਮਰਥਨ ਵੀ ਪੁਜਾਰੀਆਂ ਨਾਲ ਹੀ ਰਹਿੰਦਾ ਹੈ। ਕਈ ਵਾਰ ਤਾਂ ਉਨ੍ਹਾਂ ਦੀਆਂ ਸੱਚਾਈਆਂ ਅਤੇ ਨਵੀਆਂ ਲੱਭਤਾਂ ਦਾ ਮਖੌਲ ਵੀ ਉਡਾਇਆ ਜਾਂਦਾ ਹੈ, ਪਰ ਉਹੀ ਲੱਭਤਾਂ ਜਦੋਂ ਸੱਚੀਆਂ ਸਾਬਤ ਹੁੰਦੀਆਂ ਹਨ ਤਾਂ ਫੇਰ ਉਹੀ ਪੁਜਾਰੀ ਉਨ੍ਹਾਂ ਹੀ ਲੱਭਤਾਂ ਨੂੰ ਆਪਣੇ ਢੰਗ ਨਾਲ ਆਪਣੇ ਫਾਇਦੇ ਵਾਸਤੇ ਵਰਤਣ ਦਾ ਕੋਈ ਨਵਾਂ ਰਾਹ ਲੱਭ ਲੈਂਦੇ ਹਨ। ਮਿਸਾਲ ਵਜੋਂ ਇਕ ਖੋਜ ਬਾਰੇ ਗੱਲ ਕਰਦੇ ਹਾਂ।
ਭਾਰਤ ‘ਚ ਨਾਲੰਦਾ ਵਿਖੇ ਇਕ ਵਿਦਿਆ ਦਾ ਕੇਂਦਰ, ਜਿਸ ਨੂੰ ਅੱਜ ਦੀ ਭਾਸ਼ਾ ਅਨੁਸਾਰ ਯੂਨੀਵਰਸਿਟੀ ਕਿਹਾ ਜਾ ਸਕਦਾ ਹੈ, ਪੰਜਵੀਂ ਸਦੀ ਵਿਚ ਸਥਾਪਤ ਹੋਇਆ ਸੀ। ਇਸ ਦੇ ਇਕ ਵਿਦਵਾਨ ਆਰੀਆ ਭੱਟ ਨੇ ਪੰਜਵੀਂ ਸਦੀ ਦੇ ਅਖੀਰ ਵਿਚ ਦੋ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿਚ ਉਨ੍ਹਾਂ ਆਪਣੀਆਂ ਅਨੇਕਾਂ ਖੋਜਾਂ ਬਾਰੇ ਵਿਸਥਾਰ ਪੂਰਵਕ ਲਿਖਿਆ। ਇਨ੍ਹਾਂ ਖੋਜਾਂ ਵਿਚੋਂ ਇਕ ਧਰਤੀ, ਚੰਦ, ਸੂਰਜ ਅਤੇ ਬ੍ਰਹਿਮੰਡ ਬਾਰੇ ਸੀ, ਜਿਸ ਵਿਚ ਉਸ ਨੇ ਦਸਿਆ ਕਿ ਧਰਤੀ ਗੋਲ ਹੈ ਅਤੇ ਇਹ ਆਪਣੇ ਧੁਰੇ ਦੁਆਲੇ ਘੁੰਮਦੀ ਹੈ, ਜਿਸ ਕਰਕੇ ਦਿਨ ਤੇ ਰਾਤ ਬਣਦੇ ਹਨ। ਉਸ ਨੇ ਇਹ ਵੀ ਦੱਸਿਆ ਕਿ ਇਹ ਸੂਰਜ ਦੁਆਲੇ ਵੀ ਘੁੰਮਦੀ ਹੈ, ਜਿਸ ਨਾਲ ਰੁੱਤਾਂ ਬਣਦੀਆਂ ਹਨ। ਚੰਦ ਧਰਤੀ ਦੁਆਲੇ ਘੁੰਮਦਾ ਹੈ ਅਤੇ ਚੰਦ ਦਾ ਆਪਣਾ ਕੋਈ ਚਾਨਣ ਵੀ ਨਹੀਂ ਹੁੰਦਾ ਸਗੋਂ ਇਹ ਸੂਰਜ ਦੀ ਰੋਸ਼ਨੀ ਕਰਕੇ ਚਮਕਦਾ ਹੈ। ਇਹੀ ਨਹੀਂ, ਉਸ ਨੇ ਧਰਤੀ ਅਤੇ ਚੰਦ ਦੀਆਂ ਗਤੀਆਂ ਨਿਰਧਾਰਤ ਕੀਤੀਆਂ ਅਤੇ ਅੱਗੇ ਤੋਂ ਆਉਣ ਵਾਲੇ ਉਹ ਸਮੇਂ ਵੀ ਨਿਰਧਾਰਤ ਕੀਤੇ, ਜਦੋਂ ਘੁੰਮਦੇ ਘੁੰਮਦੇ ਧਰਤੀ ਤੇ ਚੰਦ ਅਤੇ ਸੂਰਜ ਇਕ ਸੇਧ ਵਿਚ ਆ ਜਾਇਆ ਕਰਨਗੇ, ਜਿਸ ਕਰਕੇ ਕਿਸੇ ਵੇਲੇ ਸੂਰਜ ਗ੍ਰਹਿਣ ਅਤੇ ਕਿਸੇ ਵੇਲੇ ਚੰਦ ਗ੍ਰਹਿਣ ਲੱਗੇਗਾ।
ਲੋਕਾਂ ਨੂੰ ਅਜਿਹੇ ਗਿਆਨ ਦੀ ਪ੍ਰਾਪਤੀ ਨਾਲ ਪੁਜਾਰੀਆਂ ਵਲੋਂ ਉਨ੍ਹਾਂ ਨੂੰ ਗ੍ਰਹਿਣਾਂ ਸਬੰਧੀ ਅਨੇਕਾਂ ਡਰਾਵੇ ਦੇ ਕੇ ਉਨ੍ਹਾਂ ਦੀ ਲੁੱਟ ਦਾ ਪਰਦਾ ਫਾਸ਼ ਹੋ ਜਾਣਾ ਸੀ। ਇਸ ਦੇ ਪ੍ਰਭਾਵ ਤੋਂ ਆਪਣੇ ਆਪ ਨੂੰ ਬਚਾਉਣ ਲਈ ਪੁਜਾਰੀਆਂ ਨੇ ਉਸ ਦੀਆਂ ਇਨ੍ਹਾਂ ਖੋਜਾਂ ਦਾ ਪੂਰਾ ਮਜਾਕ ਬਣਾਇਆ ਕਿ ਜੇ ਧਰਤੀ ਗੋਲ ਹੈ ਤਾਂ ਇਸ ਦੇ ਪਾਸਿਆਂ ‘ਤੇ ਰਹਿਣ ਵਾਲੇ ਤਿਲਕ ਕੇ ਡਿਗਦੇ ਕਿਉਂ ਨਹੀਂ? ਕੀ ਧਰਤੀ ਦੇ ਉਲਟ ਵਾਲੇ ਪਾਸੇ ਦੇ ਲੋਕ ਥੱਲੇ ਨਾ ਡਿੱਗ ਪੈਣਗੇ? ਇਸੇ ਤਰ੍ਹਾਂ ਧਰਤੀ ਦੇ ਗਤੀ ਵਿਚ ਹੋਣ ਦੇ ਵੀ ਅਨੇਕਾਂ ਮਜਾਕ ਬਣਾਏ ਗਏ। ਉਸ ਵੇਲੇ ਤਕ ਗਰੂਤਾ ਸਬੰਧੀ ਕੋਈ ਜਾਣਕਾਰੀ ਨਾ ਹੋਣ ਕਾਰਨ ਆਰੀਆ ਭੱਟ ਇਨ੍ਹਾਂ ਦਾ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ, ਜਿਸ ਕਰਕੇ ਉਨ੍ਹਾਂ ਦੀਆਂ ਖੋਜਾਂ ਨੂੰ ਪੂਰਾ ਮਹੱਤਵ ਨਾ ਮਿਲ ਸਕਿਆ।
ਇਸੇ ਤਰ੍ਹਾਂ ਪੁਜਾਰੀਆਂ ਦੇ ਕੋਝੇ ਹਥਕੰਡੇ ਇਸ ਅਤੇ ਅਜਿਹੀਆਂ ਹੋਰ ਅਗਾਂਹਵਧੂ ਤੇ ਗਿਆਨ ਭਰਪੂਰ ਖੋਜਾਂ ਨੂੰ ਨਿਰਉਤਸ਼ਾਹਿਤ ਕਰਨ ਵਿਚ ਕਾਮਯਾਬ ਹੁੰਦੇ ਰਹੇ, ਪਰ ਜਦੋਂ ਗ੍ਰਹਿਣ ਦਾ ਸਮਾਂ ਨਿਸ਼ਚਿਤ ਕਰਨ ਦਾ ਤਰੀਕਾ ਸਹੀ ਸਾਬਿਤ ਹੋ ਗਿਆ ਤਾਂ ਪੁਜਾਰੀਆਂ ਨੇ ਇਸ ਦਾ ਫਾਇਦਾ ਉਠਾਉਣ ਦਾ ਹੋਰ ਰਾਹ ਭਾਲ ਲਿਆ। ਪਹਿਲਾਂ ਤਾਂ ਗ੍ਰਹਿਣ ਲੱਗਣ ਵੇਲੇ ਹੀ ਪਤਾ ਚਲਦਾ ਸੀ ਤੇ ਸਿਰਫ ਉਦੋਂ ਹੀ ਦਾਨ ਦਖਸ਼ਣਾ ਦਾ ਕੰਮ ਸ਼ੁਰੂ ਹੋ ਸਕਦਾ ਸੀ। ਹੁਣ ਗ੍ਰਹਿਣ ਦੇ ਪੱਕੇ ਸਮੇਂ ਦਾ ਪਤਾ ਹੋਣ ਕਰਕੇ ਦਾਨ ਦਖਸ਼ਣਾ ਦਾ ਕੰਮ ਕਈ ਦਿਨ ਪਹਿਲਾਂ ਤੋਂ ਸ਼ੁਰੂ ਕੀਤਾ ਜਾ ਸਕਦਾ ਸੀ।
ਇਸ ਤਰ੍ਹਾਂ ਅਸੀਂ ਪੁਜਾਰੀਆਂ ਦੀ ਕਿਰਪਾ ਨਾਲ ਵਿਗਿਆਨ ਪੱਖੋਂ ਪਿੱਛੇ ਹੀ ਪਿੱਛੇ ਹੁੰਦੇ ਗਏ ਅਤੇ ਪੱਛਮੀ ਮੁਲਕ, ਜਿਥੇ ਪਹਿਲੀ ਯੂਨੀਵਰਸਿਟੀ ਸਾਥੋਂ ਘੱਟੋ ਘੱਟ ਤਿੰਨ ਸਦੀਆਂ ਪਿੱਛੋਂ ਹੋਂਦ ਵਿਚ ਆਈ, ਸਾਥੋਂ ਅੱਗੇ ਤੋਂ ਅੱਗੇ ਲੰਘਦੇ ਗਏ। ਇਸ ਸਬੰਧ ਵਿਚ ਉਘੇ ਪੱਤਰਕਾਰ ਜਤਿੰਦਰ ਪਨੂੰ ਦੀ ਕਾਫੀ ਸਮਾਂ ਪਹਿਲਾਂ ਕੀਤੀ ਇਕ ਟਿੱਪਣੀ ਸੱਚਾਈ ਦੇ ਬਹੁਤ ਨੇੜੇ ਹੈ। ਮੈਂ ਮੁਆਫੀ ਚਾਹੁੰਦਾ ਹਾਂ ਕਿ ਉਹ ਟਿੱਪਣੀ ਮੇਰੇ ਅੱਖਰ ਅੱਖਰ ਯਾਦ ਨਹੀਂ ਪਰ ਉਨ੍ਹਾਂ ਲਗਭਗ ਇਉਂ ਕਿਹਾ ਸੀ ਕਿ ਜਦੋਂ ਯੂਰਪ ਦੇ ਲੋਕ ਅਜੇ ਕੱਛਾ ਪਾਉਣ ਨਹੀਂ ਸੀ ਸਿੱਖੇ, ਭਾਵ ਅਜੇ ਜੰਗਲਾਂ ਵਿਚ ਭਟਕਦੇ ਫਿਰਦੇ ਸਨ, ਉਦੋਂ ਸਾਡੇ ਮੁਲਕ ਦੇ ਵਿਗਿਆਨੀਆਂ ਨੇ ਬ੍ਰਹਿਮੰਡੀ ਦੂਰੀਆਂ ਤੇ ਗਤੀਆਂ ਵੀ ਮਾਪ ਲਈਆਂ ਸਨ। ਹੁਣ ਇਹ ਯੂਰਪ ਵਾਲੇ ਵਿਗਿਆਨ ਦੇ ਖੇਤਰ ਵਿਚ ਕਿਤੇ ਦੀ ਕਿਤੇ ਪਹੁੰਚ ਗਏ ਹਨ ਅਤੇ ਇਥੋਂ ਤੱਕ ਕਿ ਯੂਰਪ ਦੀ ਆਮ ਜਨਤਾ ਵਿਚ ਵੀ ਵਿਗਿਆਨਕ ਨਜ਼ਰੀਏ ਦਾ ਬਹੁਤ ਵਿਕਾਸ ਹੋ ਚੁਕਾ ਹੈ, ਪਰ ਅਸੀਂ ਵਿਗਿਆਨਕ ਖੋਜਾਂ ਵਿਚ ਤਾਂ ਪਿਛੇ ਰਹੇ ਹੀ ਹਾਂ, ਵਿਗਿਆਨਕ ਨਜ਼ਰੀਏ ਪੱਖੋਂ ਵੀ ਹਾਕਮਾਂ ਅਤੇ ਪੁਜਾਰੀਆਂ ਦੀ ਕਿਰਪਾ ਕਰਕੇ ਪਛੜੇ ਰਹੇ ਹਾਂ ਤੇ ਅਜੇ ਵੀ ਪਛੜਦੇ ਹੀ ਜਾ ਰਹੇ ਹਾਂ।
ਗਿਆਨ ਤੇ ਵਿਗਿਆਨ ਤਾਂ ਦੂਰ ਦੀ ਗੱਲ ਹੈ, ਸਗੋਂ ਸੱਚਾਈ ਤਾਂ ਇਹ ਹੈ ਕਿ ਆਮ ਲੋਕਾਂ ਦਾ ਇਕੱਲੇ ਅੱਖਰਾਂ ਦਾ ਗਿਆਨ ਵੀ ਹਾਕਮਾਂ ਅਤੇ ਪੁਜਾਰੀਆਂ ਨੂੰ ਪੂਰੀ ਤਰ੍ਹਾਂ ਅੱਖਰਦਾ ਰਿਹਾ ਹੈ। 18ਵੀਂ-19ਵੀਂ ਸਦੀ ਤੋਂ ਪਹਿਲਾਂ ਸਾਰੇ ਵਿਸ਼ਿਆਂ ਦਾ ਗਿਆਨ ਜਿਵੇਂ ਧਰਮ, ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ, ਡਾਕਟਰੀ, ਸ਼ਸਤਰ ਵਿਦਿਆ ਆਦਿ ਸਬੰਧੀ ਹਰ ਤਰ੍ਹਾਂ ਦਾ ਗਿਆਨ ਧਾਰਮਕ ਗ੍ਰੰਥਾਂ ਰਾਹੀਂ ਧਾਰਮਕ ਕੇਂਦਰਾਂ ਰਾਹੀਂ ਹੀ ਪ੍ਰਾਪਤ ਕੀਤਾ ਜਾਂਦਾ ਸੀ। ਆਮ ਲੋਕਾਂ ਨੂੰ ਵਿਦਿਆ ਪ੍ਰਾਪਤ ਕਰਨ ਤੋਂ ਦੂਰ ਰੱਖਣ ਵਾਸਤੇ ਉਨ੍ਹਾਂ ਨੇ ਲੋਕਾਂ ਦੀ ਵੱਡੀ ਗਿਣਤੀ ਨੂੰ ਕਿਸੇ ਵੀ ਤਰ੍ਹਾਂ ਦੀ ਵਿਦਿਆ ਪ੍ਰਾਪਤੀ ਤੋਂ ਪੂਰੀ ਤਰ੍ਹਾਂ ਮਨ੍ਹਾ ਕੀਤਾ ਹੋਇਆ ਸੀ ਅਤੇ ਦੂਜੇ ਇਨ੍ਹਾਂ ਗ੍ਰੰਥਾਂ ਦੀ ਭਾਸ਼ਾ ਅਜਿਹੀ ਰੱਖੀ ਹੋਈ ਸੀ, ਜੋ ਸਿਰਫ ਉਚ ਸਿਖਿਆ ਪ੍ਰਾਪਤ ਲੋਕ ਹੀ ਸਮਝ ਸਕਦੇ ਸਨ। ਜਦੋਂ ਵੀ ਕਿਸੇ ਜਾਗਦੀ ਜ਼ਮੀਰ ਵਾਲੇ ਨੇ ਲੋਕਾਂ ਨੂੰ ਗਿਆਨ ਦੇਣ ਵਾਸਤੇ ਇਨ੍ਹਾਂ ਗ੍ਰੰਥਾਂ ਦਾ ਤਰਜਮਾ ਆਮ ਲੋਕਾਂ ਦੀ ਭਾਸ਼ਾ ਵਿਚ ਕਰਨ ਦਾ ਉਪਰਾਲਾ ਕੀਤਾ ਜਾਂ ਆਪਣੇ ਵਲੋਂ ਲੋਕਾਂ ਦੀ ਭਾਸ਼ਾ ਵਿਚ ਗ੍ਰੰਥ ਰਚੇ ਤਾਂ ਉਨ੍ਹਾਂ ਨੂੰ ਅਨੇਕਾਂ ਅਕਹਿ ਤੇ ਅਸਹਿ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ।
ਇਤਿਹਾਸ ਵਿਚ ਅਜਿਹੀਆਂ ਅਨੇਕਾਂ ਮਿਸਾਲਾਂ ਹਨ ਪਰ ਇਸ ਸਬੰਧੀ ਸਿਰਫ ਦੋ ਮਹਾਨ ਪੁਰਸ਼ਾਂ ਦਾ ਜ਼ਿਕਰ ਕਰਦੇ ਹਾਂ। ਮਹਾਂਰਾਸ਼ਟਰ ਵਿਚ ਇਕ ਸੰਤ ਗਿਆਨੇਸ਼ਵਰ ਹੋਏ ਹਨ, ਜੋ ਉਚ ਕੋਟੀ ਦੇ ਵਿਦਵਾਨ ਕਵੀ ਤੇ ਫਿਲਾਸਫਰ ਸਨ। ਉਹ ਭਗਤ ਨਾਮਦੇਵ ਦੇ ਸਮਕਾਲੀ ਸਨ। ਉਨ੍ਹਾਂ ਦਾ ਜਨਮ ਭਗਤ ਜੀ ਦੇ ਜਨਮ ਤੋਂ ਕੁਝ ਸਮਾਂ ਪਿੱਛੋਂ ਅਤੇ ਮੌਤ ਸਿਰਫ 21 ਸਾਲ ਦੀ ਉਮਰ ਭੋਗ ਕੇ, ਭਗਤ ਨਾਮਦੇਵ ਜੀ ਤੋਂ ਕਾਫੀ ਸਮਾਂ ਪਹਿਲਾਂ ਹੋ ਗਈ ਸੀ। ਇੰਨੀ ਛੋਟੀ ਉਮਰੇ ਸੰਤ ਜੀ ਨੇ ਦੋ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ। ਪਹਿਲੀ ਰਚਨਾ ‘ਗਿਆਨੇਸ਼ਵਰੀ’ ਵਿਚ ਉਨ੍ਹਾਂ ਭਗਵਤ ਗੀਤਾ ਦਾ ਉਲੱਥਾ ਮਰਾਠੀ ਵਿਚ ਕਵਿਤਾ ਦੇ ਰੂਪ ਵਿਚ ਕੀਤਾ। ਦੂਸਰੀ ਉਨ੍ਹਾਂ ਦੀ ਆਪਣੀ ਮੌਲਿਕ ਰਚਨਾ ‘ਅਮਰੁਤਨਭਵਾ’ ਵੀ ਮਰਾਠੀ ਵਿਚ ਕਾਵਿ ਰੂਪ ਵਿਚ ਹੈ। ਇਹ ਦੋਵੇਂ ਰਚਨਾਵਾਂ ਅੱਜ ਤੱਕ ਦੀਆਂ ਮਰਾਠੀ ਸਾਹਿਤ ਦੀਆਂ ਸਭ ਤੋਂ ਪੁਰਾਣੀਆਂ ਤੇ ਮੀਲ ਪੱਥਰ ਰਚਨਾਵਾਂ ਹਨ, ਪਰ ਪੁਜਾਰੀਆਂ ਅਤੇ ਹਾਕਮਾਂ ਨੂੰ ਇਹ ਕਿਥੇ ਹਜਮ ਹੋ ਸਕਦਾ ਸੀ? ਉਨ੍ਹਾਂ ਸੰਤ ਜੀ ਨੂੰ ਇਕੱਲੇ ਧਰਮ ਵਿਚੋਂ ਹੀ ਨਹੀਂ ਛੇਕਿਆ ਸਗੋਂ ਸਮੁੱਚੇ ਸਮਾਜ ਵਿਚੋਂ ਅਲੱਗ ਥਲੱਗ ਕਰਕੇ ਸਿਰਫ 21 ਸਾਲ ਦੀ ਛੋਟੀ ਉਮਰੇ ਹੀ ਰੁਲ ਖੁਲ ਕੇ ਮਰਨ ਲਈ ਮਜਬੂਰ ਕਰ ਦਿੱਤਾ।
ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿਚ ਆਮ ਲੋਕਾਂ ਦੀ ਭਾਸ਼ਾ ਵਿਚ ਆਪਣੀ, ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਸਮੇਤ ਕੁਲ ਚੌਵੀ ਮਹਾਂਪੁਰਸ਼ਾਂ ਦੀ ਬਾਣੀ ਦਾ ਸੰਪਾਦਨ ਕਰਕੇ ਇਕ ਪੋਥੀ ਦੀ ਰਚਨਾ ਕੀਤੀ, ਜਿਸ ਨੂੰ ਹੁਣ ਅਸੀਂ ਸਤਿਕਾਰ ਨਾਲ Ḕਆਦਿ ਗ੍ਰੰਥḔ ਕਹਿੰਦੇ ਹਾਂ। ਗੁਰਬਾਣੀ ਵਿਚ ਲੋਕਾਂ ਦੀ ਆਪਣੀ ਬੋਲੀ ਵਿਚ ਸੱਚ ਦੇ ਰਾਹ ਦਾ ਉਪਦੇਸ਼ ਦੇਣ ਦੇ ਨਾਲ ਨਾਲ ਪੁਜਾਰੀਆਂ ਵਲੋਂ ਲੋਕਾਂ ਨੂੰ ਅੰਧਵਿਸ਼ਵਾਸਾਂ ਅਤੇ ਝੂਠੇ ਕਰਮ ਕਾਂਡਾਂ ਵਿਚ ਫਸਾ ਕੇ ਉਨ੍ਹਾਂ ਦੀ ਹੁੰਦੀ ਲੁੱਟ ਤੇ ਕੁੱਟ ਨੂੰ ਬੜੇ ਸਪਸ਼ਟ ਸ਼ਬਦਾਂ ਵਿਚ ਸਮਝਾਇਆ ਗਿਆ ਹੈ ਅਤੇ ਇਹ ਵੀ ਦਸਿਆ ਗਿਆ ਹੈ ਕਿ ਭਰਾ ਮਾਰੂ ਜੰਗ ਅਤੇ ਉਜਾੜੇ ਦਾ ਕਾਰਨ ਵੀ ਇਹ ਪੁਜਾਰੀ ਬਣਦੇ ਹਨ।
ਗੁਰਬਾਣੀ ਦੀ ਸਿਖਿਆ ਰਾਹੀਂ ਲੋਕਾਂ ਵਿਚ ਜਾਗ੍ਰਿਤੀ ਆਉਣੀ ਪੁਜਾਰੀਆਂ ਨੂੰ ਆਪਣੀ ਯੁਗਾਂ ਤੋਂ ਚਲੀ ਆਉਂਦੀ ਪਿਤਾ ਪੁਰਖੀ ਅੰਨੀ ਕਮਾਈ ਅਤੇ ਸ਼ਾਹੀ ਠਾਠ ਬਾਠ ਵਾਲੀ ਜ਼ਿੰਦਗੀ ਖਤਮ ਹੁੰਦੀ ਜਾਪਣ ਲੱਗੀ। ਇਸ ਲਈ ਮੁਸਲਮਾਨ ਅਤੇ ਹਿੰਦੂ ਪੁਜਾਰੀਆਂ ਨੇ ਇੱਕਜੁੱਟ ਹੋ ਕੇ (ਉਂਜ ਅੰਦਰਖਾਤੇ ਤਾਂ ਉਹ ਹਮੇਸ਼ਾ ਇਕੱਠੇ ਹੀ ਹੁੰਦੇ ਹਨ) ਗੁਰੂ ਅਰਜਨ ਦੇਵ ਜੀ ਵਿਰੁੱਧ ਅਕਬਰ ਬਾਦਸ਼ਾਹ ਨੂੰ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਉਹ ਆਪਣੀ ਪੋਥੀ ਵਿਚ ਬਾਦਸ਼ਾਹ ਵਿਰੁੱਧ ਅਪਮਾਨ ਭਰੇ ਸ਼ਬਦ ਵਰਤ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਪਰ ਉਨ੍ਹਾਂ ਦੀ ਦਾਲ ਨਾ ਗਲ ਸਕੀ ਕਿਉਂਕਿ ਅਕਬਰ ਇਕ ਚੁਸਤ ਅਤੇ ਆਤਮਵਿਸ਼ਵਾਸੀ ਪ੍ਰਬੰਧਕ ਸੀ, ਜੋ ਛੇਤੀ ਕੀਤੇ ਕਿਸੇ ਦੀ ਕਹੀ ਕਹਾਈ ਗੱਲ ‘ਤੇ ਕਾਰਵਾਈ ਨਹੀਂ ਸੀ ਕਰਦਾ। ਕੁਝ ਹੀ ਸਮੇਂ ਬਾਅਦ ਅਕਬਰ ਦੀ ਮੌਤ ਪਿਛੋਂ ਜਹਾਂਗੀਰ ਨੂੰ ਰਾਜ ਗੱਦੀ ‘ਤੇ ਕਾਬਜ ਹੋਣ ਲਈ ਮੁਲਾਣਿਆਂ ਅਤੇ ਪੁਜਾਰੀਆਂ ਦੀ ਮਦਦ ਦੀ ਲੋੜ ਪਈ। ਫੇਰ ਓਹੀ ਕੁਝ ਹੋਇਆ, ਜੋ ਉਹ ਚਾਹੁੰਦੇ ਸਨ।
ਸਰਕਾਰ ਵਲੋਂ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ‘ਸਬਕ’ ਸਿਖਾਉਣ, ਉਨ੍ਹਾਂ ਦਾ ਸਾਰਾ ਮਾਲ ਅਸਬਾਬ ਸਰਕਾਰੀ ਕਬਜੇ ਵਿਚ ਕਰਨ ਅਤੇ ਬਾਕੀ ਸਭ ਕੁਝ ਤਹਿਸ-ਨਹਿਸ ਕਰਨ ਦਾ ਸਖਤ ਹੁਕਮ ਜਾਰੀ ਹੋ ਗਿਆ। ਅਸੀਂ ਸਾਰੇ ਜਾਣਦੇ ਹਾਂ ਕਿ ਸਰਕਾਰ ਨੇ ਕਿਸ ਤਰ੍ਹਾਂ ਗੁਰੂ ਜੀ ਨੂੰ ਅਕਹਿ ਤੇ ਅਸਹਿ ਤਸ਼ੱਦਦ ਦੇ ਕੇ ਸ਼ਹੀਦ ਕਰ ਦਿੱਤਾ, ਪਰ ਧੰਨ ਸਨ ਗੁਰੂ ਜੀ, ਜੋ ਆਪਣੇ ਅਕੀਦੇ ਤੋਂ ਨਾ ਡੋਲੇ। ਗੁਰੂ ਹਰਗੋਬਿੰਦ ਸਾਹਿਬ ਅਤੇ ਉਨ੍ਹਾਂ ਦੇ ਸਿੱਖ ਵੀ ਧੰਨ ਸਨ, ਜਿਨ੍ਹਾਂ ਐਨੀਆਂ ਸਖਤੀਆਂ ਦੇ ਬਾਵਜੂਦ ਪੋਥੀ ਸਾਹਿਬ ਦੁਸ਼ਮਣਾਂ ਦੇ ਹੱਥ ਨਾ ਲੱਗਣ ਦਿੱਤੀ, ਜੋ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਚ ਮਨੁੱਖਤਾ ਨੂੰ ਸੱਚ ਦਾ ਰਾਹ ਦਿਖਾਉਣ ਵਾਸਤੇ ਮੌਜੂਦ ਹੈ।
ਇਸ ਤਰ੍ਹਾਂ ਹਾਕਮਾਂ ਤੇ ਪੁਜਾਰੀਆਂ ਨੇ ਹਮੇਸ਼ਾ ਸੱਚ ਦੀ ਆਵਾਜ਼ ਬੰਦ ਕਰਨ ਦੀ ਹਰ ਵਾਹ ਲਾਈ ਹੈ, ਕਦੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਬਦਨਾਮ ਕਰਕੇ, ਕਦੇ ਧਰਮ ‘ਚੋਂ ਛੇਕ ਕੇ, ਦੇਸ਼ ਨਿਕਾਲਾ ਦੇ ਕੇ, ਜੇਲ੍ਹਾਂ ਵਿਚ ਸੁੱਟ ਕੇ, ਹੱਡ ਪੈਰ ਤੋੜ ਕੇ ਜਾਂ ਅਖੀਰ ਜਾਨੋਂ ਮਾਰ ਕੇ ਵੀ। ਪਰ ਸੱਚ ਦੀ ਆਵਾਜ਼ ਨੂੰ ਕਦੇ ਵੀ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਜਾ ਸਕਿਆ। ਫੇਰ ਉਹ ਹੋਰ ਢੰਗ ਲੱਭ ਲੈਂਦੇ ਹਨ। ਉਹ ਸੱਚ ਦੇ ਪਰਵਾਨਿਆਂ ਅਤੇ ਉਨ੍ਹਾਂ ਵਲੋਂ ਰਚੀਆਂ ਲਿਖਤਾਂ ਅਤੇ ਗ੍ਰੰਥਾਂ ਨੂੰ ਪੂਜਣ ਯੋਗ ਬਣਾ ਕੇ ਅਤੇ ਲੋਕਾਂ ਦੀ ਸਿੱਧੀ ਪਹੁੰਚ ਤੋਂ ਦੂਰ ਕਰਕੇ, ਉਨ੍ਹਾਂ ਨੂੰ ਆਪਣੀ ਕਮਾਈ ਦਾ ਸਾਧਨ ਬਣਾ ਲੈਂਦੇ ਹਨ।
ਅਸੀਂ ਦੇਖਦੇ ਰਹੇ ਹਾਂ ਕਿ ਜਦੋਂ ਕੋਈ ਆਪਣੀ ਸਮੱਸਿਆ ਲੈ ਕੇ ਹਿੰਦੂ ਪੁਜਾਰੀ ਕੋਲ ਜਾਂਦਾ ਹੈ ਤਾਂ ਉਹ ਉਸ ਨੂੰ ਕਿਸੇ ਧਾਰਮਕ ਗ੍ਰੰਥ ਵਿਚੋਂ ਕੋਈ ਇਕ ਸ਼ਬਦ ਜਾਂ ਕੁਝ ਤੁਕਾਂ ਕਾਗਜ ਦੇ ਟੁਕੜੇ ‘ਤੇ ਲਿਖ ਕੇ ਦੇ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਇਹ ਤੇਰੀ ਸਮੱਸਿਆ ਵਾਸਤੇ ਮੰਤਰ ਹੈ। ਇਸ ਨੂੰ ਪੂਰੀ ਸ਼ਰਧਾ ਅਤੇ ਵਿਧੀ ਨਾਲ ਐਨੇ ਵਾਰ (ਗਿਣਤੀ ਸਮੱਸਿਆ ਦੀ ਗੰਭੀਰਤਾ ਮੁਤਾਬਕ) ਜਪਣਾ ਹੈ। ਬਹੁਤੀ ਵਾਰ ਮੰਤਰ ਸੰਸਕ੍ਰਿਤ ਵਿਚ ਹੁੰਦਾ ਹੈ, ਜੋ ਆਮ ਬੰਦੇ ਦੇ ਸਮਝ ਨਹੀਂ ਆਉਂਦਾ, ਇਸ ਵਾਸਤੇ ਉਹ ਆਮ ਤੌਰ ‘ਤੇ ਇਹ ਸੁਝਾਅ ਵੀ ਦੇਵੇਗਾ ਕਿ ਹੋ ਸਕਦਾ ਹੈ ਤੈਥੋਂ ਪੂਰੀ ਸ਼ਰਧਾ ਅਤੇ ਰਹਿਤ ਨਾ ਰੱਖੀ ਜਾਵੇ, ਇਸ ਲਈ ਮੈਂ ਹੀ ਤੇਰੇ ਵਾਸਤੇ ਪੂਰਨ ਵਿਧੀ ਨਾਲ ਕਰ ਦੇਵਾਂਗਾ ਅਤੇ ਆਪਣੀ ਭੇਟਾ ਵੀ ਦਸ ਦੇਵੇਗਾ।
ਜੇ ਕੋਈ ਆਪਣੀ ਮੁਸੀਬਤ ਲੈ ਕੇ ਆਪਣੇ ਮੁਸਲਮਾਨ ਪੁਜਾਰੀ ਕੋਲ ਜਾਵੇਗਾ ਤਾਂ ਉਹ ਉਸ ਨੂੰ ਮੁਸਲਮਾਨ ਧਰਮ ਅਨੁਸਾਰ ਮੰਤਰ, ਜਿਸ ਨੂੰ ਉਹ ਜ਼ਿਕਰ ਕਹਿੰਦੇ ਹਨ, ਦੇ ਦੇਵੇਗਾ। ਇਹ ਠੀਕ ਹੈ ਕਿ ਵੱਖ ਵੱਖ ਧਰਮਾਂ ਅਨੁਸਾਰ ਇਨ੍ਹਾਂ ਮੰਤਰਾਂ ਜਾਂ ਸ਼ਬਦਾਂ ਦੇ ਨਾਂ ਵੱਖ ਵੱਖ ਹੁੰਦੇ ਹਨ, ਪਰ ਪੁਜਾਰੀਆਂ ਦਾ ਤਰੀਕਾ ਲਗਭਗ ਉਸੇ ਤਰ੍ਹਾਂ ਦਾ ਹੁੰਦਾ ਹੈ।
ਸਿੱਖ ਸਿਧਾਂਤਾਂ ਵਿਚ ਅਜਿਹੇ ਅੰਧਵਿਸ਼ਵਾਸਾਂ ਦੀ ਕੋਈ ਥਾਂ ਨਹੀਂ ਹੈ, ਪਰ ਦੁੱਖ ਹੁੰਦਾ ਹੈ ਜਦੋਂ ਡੇਰੇਦਾਰ ਤੇ ਪੁਜਾਰੀ ਬਾਕੀ ਪੁਜਾਰੀਆਂ ਤੋਂ ਪਿੱਛੇ ਰਹਿਣ ਦੀ ਗੱਲ ਤਾਂ ਦੂਰ ਸਗੋਂ ਕਈ ਤਰ੍ਹਾਂ ਨਾਲ ਅੱਗੇ ਲੰਘ ਗਏ ਜਾਪਦੇ ਹਨ। ਉਹ ਸ਼ਰਧਾਲੂ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਕੋਈ ਇਕ ਸ਼ਬਦ ਜਾਂ ਬਾਣੀ ਦੀਆਂ ਕੁਝ ਤੁਕਾਂ ਕੱਢ ਕੇ ਇਕ ਸ਼ਬਦ ਦੇ ਦਿੰਦੇ ਹਨ (ਸਿੱਖ ਸ਼ਰਧਾਲੂਆਂ ਵਾਸਤੇ ਮੰਤਰ ਦਾ ਨਾਂ ਸ਼ਬਦ ਹੁੰਦਾ ਹੈ)। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਮ ਲੋਕਾਂ ਦੀ ਭਾਸ਼ਾ ਵਿਚ ਹੈ ਅਤੇ ਉਹ ਉਸ ਨੂੰ ਸਮਝ ਸਕਦੇ ਹਨ। ਇਸ ਵਾਸਤੇ ਪੁਜਾਰੀਆਂ ਨੇ ਕੁਝ ਸ਼ਬਦ (ਮੰਤਰ) ਅਜਿਹੇ ਸਥਾਪਤ ਕਰ ਦਿੱਤੇ ਹਨ, ਜਿਨ੍ਹਾਂ ਦਾ ਉਚਾਰਨ ਸ਼ਰਧਾਲੂ ਦੀ ਸਮੱਸਿਆ ਹੱਲ ਕਰਨ ਵਾਲਾ ਜਾਂ ਇੱਛਾ ਪੂਰਤੀ ਵਾਲਾ ਪ੍ਰਤੀਤ ਹੁੰਦਾ ਹੈ।
ਕਈਆਂ ਨੇ ਤਾਂ ਇਸ ਤਰ੍ਹਾਂ ਦੇ ਸ਼ਬਦ ਇਕੱਠੇ ਕਰਕੇ ਪੁਸਤਕਾਂ ਵੀ ਛਾਪ ਦਿੱਤੀਆਂ ਹਨ। ਇਸ ਤੋਂ ਬਿਨਾ ਉਨ੍ਹਾਂ ਵਲੋਂ ਕਈ ਤਰ੍ਹਾਂ ਦੇ ਪਾਠ ਵੀ ਨਿਰਧਾਰਤ ਕਰ ਦਿੱਤੇ ਗਏ ਹਨ ਜਿਵੇਂ ਸਾਧਾਰਨ ਪਾਠ, ਸਪਤਾਹਿਕ ਪਾਠ, ਅਖੰਡ ਪਾਠ, ਸੰਪਟ ਪਾਠ ਅਤੇ ਇਨ੍ਹਾਂ ਨੂੰ ਕਰਨ ਦੀਆਂ ਵਿਧੀਆਂ ਵੀ ਨਿਰਧਾਰਤ ਹਨ। ਸ਼ਰਧਾਲੂਆਂ ਨੂੰ ਇਹ ਵੀ ਨਿਸ਼ਚਿਤ ਕਰਾਇਆ ਜਾਂਦਾ ਹੈ ਕਿ ਇਨ੍ਹਾਂ ਪਾਠਾਂ ਦਾ ਫਲ ਤਾਂ ਹੀ ਪ੍ਰਾਪਤ ਹੁੰਦਾ ਹੈ, ਜੇ ਇਨ੍ਹਾਂ ਨੂੰ ਸੰਪੂਰਨ ਵਿਧੀ ਰਾਹੀਂ ਸੰਪੰਨ ਕਰਵਾਇਆ ਜਾਵੇ। ਇਸ ਸਾਰੇ ਕੁਝ ਨੂੰ ਸ਼ਬਦ ਗੁਰੂ ਕਰਕੇ ਪ੍ਰਚਾਰਿਆ ਜਾਂਦਾ ਹੈ।
ਇਸ ਸਾਰੇ ਕੁਝ ਤੋਂ ਸ਼ਬਦ ਨੂੰ ਅਸੀਂ ਦੋ ਅਰਥਾਂ ਵਿਚ ਲੈ ਸਕਦੇ ਹਾਂ। ਪਹਿਲਾ ਸ਼ਬਦ (ਪੰਜਾਬੀ, ਹਿੰਦੀ, ਸੰਸਕ੍ਰਿਤ ਵਿਚ ਸ਼ਬਦ; ਉਰਦੂ ਵਿਚ ਲਫਜ਼ ਅਤੇ ਅੰਗਰੇਜ਼ੀ ਵਿਚ ਵਰਡ) ਉਹ ਹੈ, ਜੋ ਕਿਸੇ ਵੀ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਹੁੰਦਾ ਹੈ। ਇਨ੍ਹਾਂ ਸ਼ਬਦਾਂ ਤੋਂ ਹੀ ਸਮੁੱਚੀ ਭਾਸ਼ਾ ਦਾ ਨਿਰਮਾਣ ਹੁੰਦਾ ਹੈ, ਜਿਸ ਤੋਂ ਅਸੀਂ ਹਰ ਤਰ੍ਹਾਂ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ। ਦੂਸਰਾ ਸ਼ਬਦ ਉਹ ਹੈ, ਜੋ ਸਾਨੂੰ ਵੱਖ ਵੱਖ ਧਰਮਾਂ ਦੇ ਪੁਜਾਰੀ ਪ੍ਰਦਾਨ ਕਰਦੇ ਹਨ। ਜਿਸ ਦਾ ਵਾਰ ਵਾਰ ਜਾਪ ਕਰਕੇ ਜਾਂ ਜਾਪ ਕਰਵਾ ਕੇ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਹਾਂ ਜਾਂ ਆਪਣੀ ਇੱਛਾ ਪੂਰਤੀ ਦਾ ਹੱਲ ਲੱਭਦੇ ਹਾਂ। ਹੁਣ ਨਿਰਣਾ ਅਸੀਂ ਆਪਣੀ ਸਾਧਾਰਨ ਬੁੱਧੀ ਨਾਲ ਆਪ ਕਰਨਾ ਹੈ ਕਿ ਅਸੀਂ ਕਿਸ ਸ਼ਬਦ ਨੂੰ ਗੁਰੂ ਸਮਝਣਾ ਹੈ!