ਕੰਗਨਾ ਤੇ ਸਨੀ ਦੀ ਜੋੜੀ

ਸੋਹਣੀ-ਸੁਨੱਖੀ ਕੰਗਨਾ ਰਣੌਤ ਅਤੇ ਸਨੀ ਦਿਓਲ ਪਹਿਲੀ ਵਾਰ ਫਿਲਮ ‘ਆਈ ਲਵ ਨਿਊ ਯੀਅਰ’ ਵਿਚ ਇਕੱਠੇ ਆ ਰਹੇ ਹਨ। ਇਹ ਫਿਲਮ ਇਸੇ ਸਾਲ 26 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ। ਬਨਿਆਦੀ ਤੌਰ ‘ਤੇ ਇਹ ਕਾਮੇਡੀ ਅਤੇ ਰੁਮਾਂਟਿਕ ਫਿਲਮ ਹੈ। ਫਿਲਮ ਦੀ ਕਹਣੀ ਮਹਿਜ਼ ਦੋ ਦਿਨਾਂ ਦੀ ਹੈ। ਫਿਲਮ ਵਿਚ ਗਾਇਕਾ/ਸੰਗਤਿਕਾਰ ਦਾ ਕਿਰਦਾਰ ਨਿਭਾਅ ਰਹੀ ਕੰਗਨਾ ਨਵੇਂ ਸਾਲ ਦੀ ਪੂਰਵ-ਸੰਧਿਆ ‘ਤੇ ਵਾਲ ਸਟ੍ਰੀਟ ਦੇ ਬੈਂਕਰ ਦਾ ਰੋਲ ਅਦਾ ਕਰ ਰਹੇ ਸਨੀ ਦਿਓਲ ਨੂੰ ਮਿਲਦੀ ਹੈ। ਇਹ ਅਚਾਨਕ ਮਿਲਣੀ ਹੀ ਫਿਲਮ ਦੀ ਕਹਾਣੀ ਦਾ ਆਧਾਰ ਹੈ। ਸਨ ਿਦਿਓਲ ਚਿਰਾਂ ਬਾਅਦ ਇਸ ਫਿਲਮ ਵਿਚ ਰੁਮਾਂਸ ਕਰਦਾ ਹੱਸਦਾ-ਹਸਾਉਂਦਾ ਦਿਖਾਈ ਦੇਵੇਗਾ। ਉਸ ਦਾ ਆਖਣਾ ਹੈ ਕਿ ਉਹ ਐਕਸ਼ਨ ਫਿਲਮਾਂ ਕਰ ਕਰ ਕੇ ਅੱਕ ਗਿਆ ਸੀ। ਦੂਜੇ ਬੰਨੇ ਕੰਗਨਾ ਵੀ ਇਸ ਫਿਲਮ ਲਈ ਬਹੁਤ ਉਤਸ਼ਾਹਿਤ ਹੈ। 2012 ਵਿਚ ਉਸ ਦੀ ਸਿਰਫ ਇਕ ਫਿਲਮ ‘ਤੇਜ਼’ ਹੀ ਰਿਲੀਜ਼ ਹੋਈ ਅਤੇ ਉਸ ਵਿਚ ਉਸ ਦਾ ਰੋਲ ਬਹੁਤ ਵਧੀਆ ਨਹੀਂ ਸੀ। ਇਸੇ ਸਾਲ ਮਈ ਵਿਚ ਉਸ ਦੀ ਇਕ ਹੋਰ ਫਿਲ ‘ਸ਼ੂਟਆਊਟ ਐਟ ਵਡਾਲਾ’ ਰਿਲੀਜ਼ ਹੋਣੀ ਹੈ। ‘ਉਂਗਲੀ’, ‘ਕੁਈਨ’ ਅਤੇ ‘ਕ੍ਰਿਸ਼-3’ ਇਸ ਸਾਲ ਦੇ ਅਖੀਰ ਵਿਚ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਦੋ ਫਿਲਮਾਂ ‘ਰੱਜੋ’ ਅਤੇ ‘ਰਿਵਾਲਵਰ ਰਾਨੀ’ ਦੀ ਸ਼ੂਟਿੰਗ ਚੱਲ ਰਹੀ ਹੈ। ਕੰਗਨਾ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ 2006 ਵਿਚ ਫਿਲਮ ‘ਗੈਂਗਸਟਰ’ ਨਾਲ ਕੀਤੀ ਸੀ। ਇਸ ਫਿਲਮ ਲਈ ਉਸ ਨੂੰ ਨਵੀਂ ਆਈ ਅਦਾਕਾਰਾ ਦਾ ਫਿਲਮਫੇਅਰ ਪੁਰਸਕਾਰ ਮਿਲਿਆ। 2006 ਵਿਚ ਹੀ ਉਸ ਦੀ ਚਰਚਿਤ ਫਿਲਮ ‘ਵੋਹ ਲਮਹੇ’ ਨੇ ਉਸ ਦੀ ਬਹੁਤ ਚਰਚਾ ਕਰਵਾਈ। ਇਹ ਫਿਲਮ ਫਿਲਮਸਾਜ਼ ਮਹੇਸ਼ ਭੱਟ ਅਤੇ ਅਦਾਕਾਰਾ ਪ੍ਰਵੀਨ ਬਾਬੀ ਦੇ ਪ੍ਰੇਮ ਸਬੰਧਾਂ ਬਾਰੇ ਸੀ।
______________________________
ਨਸੀਰੂਦੀਨ ਦਾ ਨਵਾਂ ਅੰਦਾਜ਼
ਅਭਿਨੇਤਾ ਨਸੀਰੂਦੀਨ ਸ਼ਾਹ ਨਵੇਂ ਅੰਦਾਜ਼ ਵਿਚ ਦਰਸ਼ਕਾਂ ਸਾਹਮਣੇ ਆ ਰਹੇ ਹਨ। ‘ਸੋਨਾ ਸਪਾ’ ਉਸ ਦੀ ਅਗਲੀ ਫ਼ਿਲਮ ਦਾ ਨਾਂ ਹੈ ਤੇ ਇਸ ਵਿਚ ਉਨ੍ਹਾਂ ਨੇ ਸੋਨਾ ਸਪਾ ਦੇ ਮਾਲਕ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਅਭਿਨੇਤਾ ਤੇ ਨਿਰਦੇਸ਼ਕ ਮਕਰੰਦ ਦੇਸ਼ਪਾਂਡੇ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ। ਇਸ ਫ਼ਿਲਮ ਦੀ ਕਹਾਣੀ ਇਸੇ ਨਾਂ ‘ਤੇ ਬਣੇ ਨਾਟਕ ‘ਤੇ ਆਧਾਰਤ ਹੈ। ਇਸ ਨਾਟਕ ਵਿਚ ਖੁਦ ਮਕਰੰਦ ਵੱਲੋਂ ਬਾਬਾ ਦਇਆਨੰਦ ਦੀ ਭੂਮਿਕਾ ਨਿਭਾਈ ਗਈ ਸੀ। ਜਦੋਂ ਮਕਰੰਦ ਨੇ ਇਸ ਨਾਟਕ ‘ਤੇ ਫ਼ਿਲਮ ਬਣਾਉਣ ਬਾਰੇ ਸੋਚਿਆ ਤਾਂ ਇਸ ਭੂਮਿਕਾ ਲਈ ਉਨ੍ਹਾਂ ਨੂੰ ਨਸੀਰੂਦੀਨ ਸ਼ਾਹ ਹੀ ਸਹੀ ਨਜ਼ਰ ਆਏ। ਇਸ ਫ਼ਿਲਮ ਲਈ ‘ਹਾਂ’ ਕਹਿਣ ਤੋਂ ਪਹਿਲਾਂ ਨਸੀਰੂਦੀਨ ਨੇ ਉਹ ਨਾਟਕ ਦੇਖ ਲੈਣਾ ਵੀ ਠੀਕ ਸਮਝਿਆ ਸੀ।
‘ਸੋਨਾ ਸਪਾ’ ਵਿਚ ਬਾਬਾ ਦਇਆਨੰਦ ਨਾਂ ਦੇ ਅਜਿਹੇ ਦੇ ਸ਼ਖ਼ਸ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜੋ ਅਜਿਹੇ ਸਪਾ ਦਾ ਮਾਲਕ ਹੈ ਜਿਥੇ ਗਾਹਕਾਂ ਨੂੰ ਨੀਂਦ ਦੀ ਬਦੌਲਤ ਨਵਚੇਤਨਾ ਦਿੱਤੀ ਜਾਂਦੀ ਹੈ ਜੋ ਉਨੀਂਦਰੇ ਦੀ ਬਿਮਾਰੀ ਤੋਂ ਗ੍ਰਸਤ ਹਨ। ਉਨ੍ਹਾਂ ਲਈ ਇਸ ਸਪਾ ਦੀਆਂ ਦੋ ਕੁੜੀਆਂ ਰੁਚਾ (ਸ਼ਰੂਤੀ ਵਿਆਸ) ਤੇ ਰਿਤੂ (ਆਹਨਾ ਕੁਮਰਾਹ) ਨੂੰ ਸੋਨੇ ਦਾ ਜ਼ਿੰਮਾ ਸੌਂਪਿਆ ਜਾਂਦਾ ਹੈ। ਉਹ ਗਾਹਕ ਲਈ ਸੌਂਦੀਆਂ ਹਨ ਤੇ ਇਨ੍ਹਾਂ ਦੀ ਨੀਂਦ ਦੀ ਬਦੌਲਤ ਗਾਹਕ ਦੀ ਨੀਂਦ ਦੀ ਘਾਟ ਪੂਰੀ ਹੋ ਜਾਂਦੀ ਹੈ। ਅੜਚਨ ਉਦੋਂ ਪੈਦਾ ਹੁੰਦੀ ਹੈ ਜਦੋਂ ਗਾਹਕ ਲਈ ਨੀਂਦ ਲੈਂਦੀ ਇਹ ‘ਸਲੀਪ ਵਰਕਰ’ ਗਾਹਕ ਦੇ ਸੁਪਨਿਆਂ ‘ਤੇ ਵੀ ਆਪਣਾ ਹੱਕ ਪ੍ਰਗਟਾਉਣ ਲੱਗਦੀ ਹੈ ਤੇ ਇਹ ਅੜਚਨ ਕੀ ਰੰਗ ਲਿਆਉਂਦੀ ਹੈ, ਇਹੀ ਇਸ ਫਿਲਮ ਦੀ ਕਹਾਣੀ ਹੈ।
______________________________________
ਹੁਣ ਚੱਲੇਗਾ ਬੰਗਾਲ ਦਾ ਜਾਦੂ
ਫਿਲਮਸਾਜ਼ ਸੁਭਾਸ਼ ਘਈ ਦੀ ਨਵੀਂ ਫਿਲਮ ਵਿਚ ਬੰਗਲਾ ਸੁੰਦਰੀ ਮਿਸ਼ਠੀ ਦਾ ਮੁੱਖ ਰੋਲ ਹੋਵੇਗਾ। ਉਸ ਦਾ ਅਸਲ ਨਾਂ ਇੰਦਰਾਨੀ ਚੱਕਰਵਰਤੀ ਹੈ। ਬੰਗਲਾ ਵਿਚ ‘ਮਿਸ਼ਠੀ’ ਮਿੱਠੇ ਨੂੰ ਕਹਿੰਦੇ ਹਨ। ਆਪਣੀ ਆਦਤ ਮੁਤਾਬਕ ਨਵੀਂ ਅਦਾਕਾਰਾ ਨੂੰ ਲਾਂਚ ਕਰਨ ਵੇਲੇ ਉਸ ਇੰਦਰਾਨੀ ਦਾ ਨਾਂ ਵੀ ਬਦਲ ਦਿੱਤਾ। ਉਸ ਮੁਤਾਬਕ ਇੰਦਰਾਨੀ ਦਾ ਸੁਭਾਅ ਇੰਨਾ ਮਿੱਠਾ ਹੈ ਕਿ ਇਹੀ ਨਾਂ ਉਸ ਲਈ ਸਭ ਤੋਂ ਵਧੀਆ ਹੈ। ਸੁਭਾਸ਼ ਘਈ ਦਾ ਇਹ ਦਾਅਵਾ ਵੀ ਹੈ ਕਿ ਉਸ ਨੂੰ ਹੁਣ ਤੱਕ ਲੱਭੀਆਂ ਅਦਾਕਾਰਾਵਾਂ ਵਿਚੋਂ ਮਿਸ਼ਠੀ ਸਭ ਤੋਂ ਵੱਧ ਪ੍ਰਤਿਭਾਸ਼ਾਲੀ ਜਾਲਦੀ ਹੈ। ਉਹ ਆਖਦਾ ਹੈ, “ਮਿਸ਼ਠੀ ਸੋਹਣੀ ਵੀ ਹੈ ਅਤੇ ਪ੍ਰਤਿਭਾ ਨਾਲ ਵੀ ਭਰਪੂਰ ਹੈ।” ਉਂਜ, ਸੁਭਾਸ਼ ਘਈ ਦੇ ਦਾਅਵੇ ਦੇ ਉਲ ਮਿਸ਼ਠੀ ਪਹਿਲਾਂ ਵੀ ਇਕ ਬੰਗਲਾ ਫਿਲਮ ਵਿਚ ਕੰਮ ਕਰ ਰਹੀ ਹੈ। ਹਾਂ, ‘ਕਾਂਚੀ’ ਉਸ ਦੀ ਪਹਿਲੀ ਹਿੰਦੀ ਫਿਲਮ ਹੋਵੇਗੀ।
ਇਸ ਫਿਲਮ ਵਿਚ ਮਿਸ਼ਠੀ ਦਾ ਹੀਰੋ ਕਾਰਤਿਕ ਤਿਵਾੜੀ ਹੈ। ਇਹ ਫਿਲਮ ਇਸੇ ਸਾਲ 15 ਅਗਸਤ ਨੂੰ ਰਿਲੀਜ਼ ਕੀਤੀ ਜਾਣੀ ਹੈ। ਫਿਲਮ ਵਿਚ ਮਿਥੁਨ ਚੱਕਰਵਰਤੀ ਅਤੇ ਰਿਸ਼ੀ ਕਪੂਰ ਦਾ ਵੀ ਚੰਗਾ-ਚੋਖਾ ਰੋਲ ਹੈ। ‘ਕਾਂਚੀ’ ਉਤਰਾਖੰਡ ਦੀ ਮੁਟਿਆਰ ਦੀ ਕਹਾਣੀ ਜਿਸ ਦੇ ਸਾਬਕਾ ਫੌਜੀ ਪਿਉ ਦਾ ਕਤਲ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਇਕੱਲੀ ਜ਼ਿੰਦਗੀ ਨਾਲ ਜੂਝਦੀ ਹੈ।

Be the first to comment

Leave a Reply

Your email address will not be published.