ਦੀਵਾ ਜਗਦਾ ਰਹੇ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਗਿਆਨ ਦੀ, ਜਜ਼ਬਾਤ ਦੀ ਅਤੇ ਹਿੰਮਤ ਤੇ ਹੌਸਲੇ ਦੀ ਧੂਣੀ ਧੁਖਾਉਣ ਦੀ ਗੱਲ ਕਰਦਿਆਂ ਨਸੀਹਤ ਦਿੱਤੀ ਸੀ, “ਧੂਣੀ ਧੁਖਾਵੋ ਆਪਣੀ ਹਿੰਮਤ ਅਤੇ ਹੌਂਸਲੇ ਨਾਲ ਤਾਂ ਕਿ ਲੋਕਾਂ ਨੂੰ ਮਿਲ-ਬੈਠਣ ਦਾ ਸਬੱਬ ਮਿਲੇ।

ਆਪਸੀ ਗਿਲੇ ਸ਼ਿਕਵੇ ਦੂਰ ਹੋਣ। ਠੰਢੀ ਪੌਣ ਦਾ ਮਹਿਕੀਲਾ ਬੁੱਲਾ ਫਿਜ਼ਾ ‘ਚ ਪਿਆਰ ਦਾ ਪੈਗਾਮ ਫੈਲਾਵੇ।” ਹਥਲੇ ਲੇਖ ਵਿਚ ਉਨ੍ਹਾਂ ਦੀਵੇ ਦੀ ਇਬਾਦਤ ਕਰਦਿਆਂ ਇਸ ਦੀਆਂ ਬਰਕਤਾਂ ਦਾ ਵਿਖਿਆਨ ਕੀਤਾ ਹੈ। ਅਜੋਕੇ ਯੁਗ ਵਿਚ ਭਾਵੇਂ ਦੀਵੇ ਆਪਣੇ ਪੁਰਾਣੇ ਰੂਪ ਵਿਚ ਨਹੀਂ ਰਹੇ ਅਤੇ ਇਨ੍ਹਾਂ ਦੀ ਥਾਂ ਬਿਜਲੀ ਦੇ ਬਲਬਾਂ ਤੇ ਟਿਊਬਾਂ ਨੇ ਲੈ ਲਈ ਹੈ, ਪਰ ਦੀਵਾ ਜਾਂ ਚਿਰਾਗ ਅਸਲ ਵਿਚ ਚਾਨਣ ਦਾ ਇਕ ਸੰਕਲਪ ਹੈ। ਡਾ. ਭੰਡਾਲ ਕਹਿੰਦੇ ਹਨ, “ਚਾਨਣ ਵਰਗੀ ਫਰਾਖ-ਦਿਲੀ ਜੇ ਮਨੁੱਖੀ ਸੋਚ ਦਾ ਹਾਸਲ ਹੋਵੇ ਤਾਂ ਇਹ ਹਰ ਮਨ ਵਿਚ ਚਾਨਣ ਦਾ ਜਾਗ ਲਾਉਂਦੀ।…ਦੀਵੇ ਵਿਕਦੇ ਰਹਿਣ, ਪੁਰਾਣੀ ਜੀਵਨ-ਸ਼ੈਲੀ ਜਿਉਂਦੀ ਰਹੇ ਅਤੇ ਜਿਉਂਦੇ ਰਹਿਣ ਦੀਵੇ ਬਣਾਉਣ ਤੇ ਇਨ੍ਹਾਂ ਨੂੰ ਮਿਕਨਾਤੀਸੀ ਛੋਹ ਪ੍ਰਦਾਨ ਕਰਨ ਵਾਲੇ ਕਾਰੀਗਰ ਹੱਥ।” ਉਨ੍ਹਾਂ ਦਾ ਫਿਕਰ ਹੈ, “ਇਸ ਦੀ ਗੁੰਮਸ਼ੁਦਗੀ ਨੇ ਸਾਨੂੰ ਆਪਣੇ ਹੀ ਵਿਰਸੇ ਤੋਂ ਬੇਮੁੱਖ ਕਰਨ ਦਾ ਕਾਰਨ ਬਣਨਾ ਏ ਅਤੇ ਸੰਵੇਦਨਸ਼ੀਲ ਮਨ ਕਦੇ ਨਹੀਂ ਚਾਹੁੰਦਾ ਕਿ ਉਹ ਆਪਣੇ ਆਪ ਤੋਂ ਹੀ ਬੇਮੁੱਖ ਹੋ ਜਾਵੇ।” ਉਨ੍ਹਾਂ ਦੀ ਨਸੀਹਤ ਹੈ, “ਜਗਦੇ ਦੀਵੇ ਨੂੰ ਕਦੇ ਫੂਕ ਮਾਰ ਕੇ ਨਾ ਬੁਝਾਵੋ। ਹਾਂ ਇੰਨੀ ਕੁ ਹਵਾ ਦਿਓ ਕਿ ਚਿਰਾਗ ਜਗਦਾ ਰਹੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਦੀਵਾ ਜਗਦਾ ਤਾਂ ਆਲੇ-ਦੁਆਲੇ ‘ਚ ਚਾਨਣ-ਆਭਾ। ਹਰ ਵਸਤ ਸੁਹੰਢਣੀ ਅਤੇ ਨਿਖਰੇ ਰੂਪ ‘ਚ ਦ੍ਰਿਸ਼ਟਮਾਨ ਹੁੰਦੀ। ਨੈਣਾਂ ‘ਚ ਨਜ਼ਰ ਦੇ ਦਿੱਸਹਦੇ ਫੈਲਦੇ। ਸੂਰਜੀ ਦੀਵਾ ਜਗਦਾ ਤਾਂ ਧਰਤੀ ਦੇ ਪਿੰਡੇ ‘ਤੇ ਦਿਨ ਦਾ ਆਗਾਜ਼ ਹੁੰਦਾ ਜਦ ਕਿ ਇਸ ਦੀ ਰੁਖਸਤ ਨਾਲ ਹੀ ਰਾਤ ਦਾ ਹਨੇਰ-ਪਹਿਰ ਡੇਰਾ ਲਾਉਂਦਾ।
ਦੀਵਾ ਜਗਦਾ ਤਾਂ ਬੱਤੀ ਨੂੰ ਬਲਣ ਦਾ ਮਾਣ ਮਿਲਦਾ। ਇਸ ਵਿਚ ਪਾਏ ਘਿਓ ਜਾਂ ਤੇਲ ਨੂੰ ਆਪਣੇ ਵਿਚੋਂ ਚਾਨਣ ਦੀ ਪੈਦਾਇਸ਼ ਦਾ ਅਹਿਸਾਸ ਪੈਦਾ ਹੁੰਦਾ। ਚਾਨਣ ਵਰਗੇ ਸਵੈ-ਵਿਸ਼ਵਾਸ ਨਾਲ ਦੀਵਾ ਚਾਨਣ ਚਾਨਣ ਹੋ ਜਾਂਦਾ।
ਦੀਵਾ ਜਗਦਾ ਤਾਂ ਬਨੇਰਿਆਂ ‘ਤੇ ਉਤਰਦੀ ਦੀਵਾਲੀ ਦੀ ਰਾਤ। ਹਨੇਰਿਆਂ ਦੀ ਹੋਂਦ ਲਈ ਖਤਰਾ। ਚਾਨਣ-ਰੱਤੇ ਪਹਿਰਾਂ ਵਿਚ ਰਾਤ ਵੀ ਦਿਨ ਦਾ ਚੋਲਾ ਪਾਉਂਦੀ।
ਦੀਵਾ ਤਾਂ ਹੀ ਜਗਦਾ ਜਦ ਦੀਵੇ ਨੂੰ ਜਗਾਉਣ ਲਈ ਖੁਦ ਦੀਵਾ ਬਣਦਾ। ਦੀਵੇ ਦੀ ਜੂਨੇ ਪੈ ਕੇ, ਦੀਵੇ ਵਾਂਗ ਬਲ ਕੇ ਹੀ ਕਿਰਨ-ਕਾਫਲਿਆਂ ਨੂੰ ਹਨੇਰ-ਬੀਹੀ ਵਿਚ ਤਰੌਂਕਿਆ ਜਾ ਸਕਦਾ।
ਦੀਵਾ ਜਗਾਉਣ ਲਈ ਤਾਂ ਹਰੇਕ ਕਾਹਲਾ ਪਰ ਕੋਈ ਨਹੀਂ ਖੁਦ ਦੀਵਾ ਬਣਦਾ। ਬਹੁਤ ਵਿਰਲੇ ਹੁੰਦੇ ਜੋ ਦੀਵੇ ਵਾਂਗ ਬਲਦੇ ਧੁੰਆਂਖੀਆਂ ਰਾਹਾਂ ਨੂੰ ਪੈੜਾਂ ਦਾ ਨਸੀਬ ਬਣਾਉਂਦੇ। ਇਹ ਪੈੜਾਂ ਹੀ ਮੰਜ਼ਿਲ ਦਾ ਸਿਰਨਾਂਵਾਂ ਬਣਦੀਆਂ।
ਕੁਝ ਲੋਕ ਆਪਣੇ ਆਲੇ ਵਿਚ ਦੀਵਾ ਜਗਾਉਣ ਦੀ ਲਾਲਸਾ ਵਿਚ ਕਈ ਘਰਾਂ ਦਾ ਚਿਰਾਗ ਬੁਝਾ ਜਾਂਦੇ। ਅਜਿਹੇ ਦੀਵੇ ਦੀ ਸਾਰਥਕਤਾ ਕੀ ਏ, ਜੋ ਬਿਗਾਨੇ ਲਹੂ ਦੀ ਲੋਅ ਨਾਲ ਤਹਿਖਾਨਿਆਂ ਨੂੰ ਰੁਸ਼ਨਾਉਂਦੇ ਨੇ। ਇਹ ਤਹਿਖਾਨੇ ਤਾਂ ਜੀਵਨ ਦੀਆਂ ਚੀਖਾਂ, ਲੇਰਾਂ ਤੇ ਹੂੰਗਰਾਂ ਨਾਲ ਭਰੇ, ਜਿਉਣ ਨਾਲੋਂ ਮਰਨ ਦੀ ਤਰਜ਼ੀਹ ਨੇ।
ਦੀਵਾ ਜਦ ਕਿਸੇ ਬਾਲ ਦੇ ਹੱਥਾਂ ਵਿਚ ਹੁੰਦਾ ਤਾਂ ਉਸ ਦੇ ਚਾਨਣ-ਭਿੱਜੇ ਚਿਹਰੇ ਨੂੰ ਨਿਹਾਰਨਾ, ਤੁਹਾਨੂੰ ਭਵਿੱਖ ਦੇ ਨਰੋਏ ਨਕਸ਼ਾਂ ਦੀ ਪਛਾਣ ਹੋ ਜਾਵੇਗੀ। ਇਹ ਨਿੱਕੇ ਨਿੱਕੇ ਬੱਚੇ ਹੀ ਘਰ ਦੇ ਚਿਰਾਗ ਬਣ ਕੇ ਬਨੇਰਿਆਂ ਨੂੰ ਭਾਗ ਲਾਉਂਦੇ, ਡਿਊੜੀਆਂ ਦੇ ਦਰਵਾਜਿਆਂ ਨੂੰ ਯੁੱਗ ਜਿਉਣ ਦਾ ਧਰਵਾਸ ਦਿੰਦੇ ਅਤੇ ਕੱਖਾਂ-ਕਾਨਿਆਂ ਦੀਆਂ ਛੱਤਾਂ ਨੂੰ ਪੱਕੇ ਘਰਾਂ ਦਾ ਵਰਦਾਨ ਦਿੰਦੇ। ਇਨ੍ਹਾਂ ਮਾਸੂਮ ਸੋਚਾਂ ਵਿਚ ਚਾਨਣ-ਚਿਰਾਗ ਬਣਨ ਅਤੇ ਚਾਨਣ ਵੰਡਣ ਦੀ ਤੌਫੀਕ ਤੇ ਤਮੰਨਾ ਜਰੂਰ ਹੋਣੀ ਚਾਹੀਦੀ ਏ।
ਦੀਵਾ ਅਗਨੀ, ਤਪੱਸਿਆ ਤੇ ਤੀਬਰਤਾ ਦਾ ਸੁਮੇਲ। ਇਨ੍ਹਾਂ ਦੇ ਸੰਤੁਲਨ ਵਿਚੋਂ ਘਰਾਂ ਨੂੰ ਭਾਗ ਲੱਗਦੇ ਜਦ ਕਿ ਅਸੰਤੁਲਨ ਨਾਲ ਘਰਾਂ ਦੀਆਂ ਨੀਹਾਂ ‘ਚ ਬਰਬਾਦੀ ਦੀ ਸਿਉਂਕ ਪੈਦਾ ਹੁੰਦੀ।
ਦੀਵਾ ਦੀਵਾਖੀ, ਦੀਵਾਲੀ ਅਤੇ ਦਰਿਆਦਿਲੀ ਦਾ ਦੈਵੀ ਸਬੰਧ। ਜੀਵਨ ਨੂੰ ਸੰਜੀਲਾ ਅਤੇ ਸਦੀਵੀ ਬਣਾਉਣ ਲਈ ਪਹਿਲ-ਕਦਮੀ। ਦੀਵਾਖੀ ‘ਤੇ ਟਿਕਿਆ ਜਗਦਾ ਦੀਵਾ, ਹਰ ਰਾਤ ਨੂੰ ਹੀ ਦੀਵਾਲੀ ਬਣਾ ਦਿੰਦਾ। ਦੇਹਲੀ ‘ਤੇ ਧਰਿਆ ਦੀਵਾ ਘਰ ਨੂੰ ਪਰਤਦੀਆਂ ਪੈੜਾਂ ਲਈ ਸ਼ੁਭ ਸ਼ਗਨ।
ਚਾਨਣ ਵਰਗੀ ਫਰਾਖ-ਦਿਲੀ ਜੇ ਮਨੁੱਖੀ ਸੋਚ ਦਾ ਹਾਸਲ ਹੋਵੇ ਤਾਂ ਇਹ ਹਰ ਮਨ ਵਿਚ ਚਾਨਣ ਦਾ ਜਾਗ ਲਾਉਂਦੀ। ਇਹ ਚਾਨਣ ਜਾਗ ਹੀ ਬੰਨੇਰਿਆਂ ਤੇ ਜਗਦੀਆਂ ਮੋਮਬੱਤੀਆਂ ਦੀ ਡਾਰ ਬਣ ਕੇ ਵਿਹੜੇ ਦਾ ਧੰਨਭਾਗ ਹੁੰਦਾ।
ਖੁਦ ਚਾਨਣ ਚਾਨਣ ਹੋ, ਇਸ ਚਾਨਣ ਨਾਲ ਕਿਸੇ ਦੇ ਦੀਦਿਆਂ ਵਿਚ ਸੁਪਨ-ਚਿਰਾਗ ਜਗਾਉਣ ਦੀ ਰੀਝ ਜੇ ਮਨੁੱਖੀ ਫਿਤਰਤ ਬਣ ਜਾਵੇ ਤਾਂ ਕੋਈ ਵੀ ਦੀਦਾ ਸੁਪਨਹੀਣ ਨਾ ਰਹੇ। ਫਿਰ ਹਰ ਦੀਦੇ ਨੂੰ ਸੁਪਨੇ ਲੈਣ, ਇਨ੍ਹਾਂ ਨੂੰ ਪੂਰਾ ਕਰਨ ਅਤੇ ਪੂਰਨਤਾ ਵਿਚੋਂ ਅੰਤਰੀਵ ਅਹਿਸਾਸ ਮਾਣਨ ਦਾ ਸ਼ਰਫ ਹਾਸਲ ਹੋਵੇਗਾ।
ਬੀਤੇ ਸਮੇਂ ‘ਚ ਪਿੰਡ ਦਾ ਸੋਹਣ ਘੁਮਿਆਰ ਹਰ ਦੀਵਾਲੀ ਤੋਂ ਪਹਿਲਾਂ ਸ਼ਹਿਰ ਆਉਂਦਾ ਸੀ। ਦੀਵਿਆਂ ਦੀ ਟੋਕਰੀ ਚੁੱਕੀ ਸ਼ਹਿਰ ਆ ਕੇ ਵੱਸ ਗਏ ਪਿੰਡ ਦੇ ਹਰ ਘਰ ਵਿਚ ਆਉਂਦਾ ਅਤੇ ਮਿੱਟੀ ਦੇ ਦੀਵੇ ਦੇ ਕੇ ਜਾਂਦਾ। ਅਚੇਤ ਰੂਪ ਵਿਚ ਉਹ ਚਾਨਣ ਦਾ ਵਣਜ ਕਰਦਾ, ਗਰਾਂਈਆਂ ਦੀ ਸੁਖਨ-ਸਬੂਰੀ ਵਿਚੋਂ ਹੀ ਆਪਣੇ ਜੀਵਨ ਦੀ ਸਾਰਥਕਤਾ ਨੂੰ ਕਿਆਸਦਾ। ਕਿਰਤ-ਕਰਮ ਦਾ ਸੁੱਚਾ ਨਾਂ ਸੀ ਸੋਹਣ। ਮਿੱਟੀ ਦੇ ਦੀਵਿਆਂ ਵਿਚੋਂ ਉਸ ਦੇ ਹੱਥਾਂ ਦੀ ਮਿਕਨਾਤੀਸੀ ਛੋਹ ਤੇ ਪਿੰਡ ਦੀ ਮਿੱਟੀ ਦੀ ਮਹਿਕ, ਇਕ ਵਿਸਮਾਦ ਘਰ ਦੀ ਫਿਜ਼ਾ ਦੇ ਨਾਂ ਕਰਦੀ ਸੀ। ਸ਼ਹਿਰ ਵਿਚ ਪ੍ਰਵਾਨ ਚੜ੍ਹੇ ਬੱਚਿਆਂ ਨੂੰ ਆਪਣੇ ਪਿੰਡ ਦੀ ਵਿਰਾਸਤ, ਪੇਂਡੂਆਂ ਦੇ ਮੋਹ ਅਤੇ ਪਿੰਡ ਨਾਲ ਜੁੜਨ ਦਾ ਅਹਿਸਾਸ ਹੁੰਦਾ ਸੀ। ਹਰ ਦੀਵਾਲੀ ‘ਤੇ ਘਰ ਆਉਣ ਵਾਲਾ ਸੋਹਣ ਘੁਮਿਆਰ ਸ਼ਾਇਦ ਹੁਣ ਵੀ ਸ਼ਹਿਰ ਆਉਂਦਾ ਹੋਵੇ, ਪਰ ਪਰਦੇਸ ਵਿਚ ਬੈਠਿਆਂ ਨੂੰ ਉਸ ਦਾ ਆਉਣਾ ਤੇ ਉਸ ਦੇ ਚਾਹ ਦੇ ਸੁੜਾਕਿਆਂ ਵਿਚੋਂ ਪਿੰਡ ਦੀ ਤਫਸੀਲੀ ਜਾਣਕਾਰੀ ਦਾ ਨਿਰੰਤਰ ਵਹਾ, ਹੁਣ ਵੀ ਚੇਤਿਆਂ ਵਿਚ ਅਕਹਿ ਅਤੇ ਮਾਣਮੱਤਾ ਵਿਸਮਾਦ ਮਨ-ਚੇਤਿਆਂ ਵਿਚ ਧਰ ਜਾਂਦਾ ਏ। ਪਿੰਡ ਨਾਲ ਜੁੜ ਕੇ ਉਨ੍ਹਾਂ ਨਾਲ ਬਚਪਨੀ ਸਾਂਝ ਨੂੰ ਚਿਰੰਜੀਵ ਰੱਖਣਾ, ਇਕ ਕਲਾ ਅਤੇ ਕਾਰੀਗਰੀ ਨੂੰ ਚਿਰੰਜੀਵ ਰੱਖਣਾ ਹੈ ਕਿਉਂਕਿ ਘੁਮਿਆਰਾਂ ਦੇ ਹੱਥਾਂ ਦੇ ਬਣੇ ਮਿੱਟੀ ਦੇ ਦੀਵਿਆਂ ਨੂੰ ਚੀਨ ਆਦਿ ਦੀਆਂ ਕਾਰਪੋਰੇਟੀ ਵਸਤਾਂ ਨਿਗਲ ਰਹੀਆਂ ਨੇ।
ਸ਼ਹਿਰ ਦੇ ਬਾਹਰਵਾਰ ਘੁਮਿਆਰਾਂ ਦਾ ਡੇਰਾ ਸੀ (ਜੋ ਸ਼ਾਇਦ ਹੁਣ ਵੀ ਹੋਵੇ) ਜਿਥੇ ਦੀਵਾਲੀ ਦੇ ਦਿਨਾਂ ਵਿਚ ਕਾਫੀ ਰੌਣਕ ਲੱਗਦੀ। ਮੱਧ-ਵਰਗੀ ਲੋਕ ਜਦ ਦੀਵੇ ਲੈਣ ਆਉਂਦੇ ਤਾਂ ਉਨ੍ਹਾਂ ਦੇ ਮੁਖੜਿਆਂ ‘ਤੇ ਖੇੜਾ ਆਉਂਦਾ ਸੀ। ਸਾਰਾ ਪਰਿਵਾਰ ਦੀਵੇ, ਬੁਗਨੀਆਂ ਬਣਾਉਂਦੇ, ਪਕਾਉਂਦੇ, ਸਜਾਉਂਦੇ ਅਤੇ ਵੇਚਦੇ, ਇਕ ਅਨੂਠੇ ਜਲੌਅ ਵਿਚ ਵਿਚਰਦੇ। ਉਨ੍ਹਾਂ ਦੀ ਮਿਹਨਤ ਦੇ ਮੁੜਕੇ ਦਾ ਮਿਹਨਤਾਨਾ ਉਨ੍ਹਾਂ ਦੇ ਚਿਹਰੇ ਦੀ ਆਭਾ ਨੂੰ ਲਿਸ਼ਕਾਉਂਦਾ। ਅਜਿਹੇ ਤਿੱਥ-ਤਿਓਹਾਰਾਂ ਦੀ ਆਮਦਨ ਉਨ੍ਹਾਂ ਦੇ ਚਾਵਾਂ ਅਤੇ ਖੁਸ਼ੀਆਂ ਦਾ ਨਿਉਂਦਾ ਬਣਨ ਦੇ ਨਾਲ-ਨਾਲ, ਆਉਣ ਵਾਲੇ ਸਮੇਂ ਦਾ ਸੁਚਾਰੂ ਆਹਰ ਵੀ ਬਣਦਾ। ਦੀਵੇ ਵਿਕਦੇ ਰਹਿਣ, ਪੁਰਾਣੀ ਜੀਵਨ-ਸ਼ੈਲੀ ਜਿਉਂਦੀ ਰਹੇ ਅਤੇ ਜਿਉਂਦੇ ਰਹਿਣ ਦੀਵੇ ਬਣਾਉਣ ਤੇ ਇਨ੍ਹਾਂ ਨੂੰ ਮਿਕਨਾਤੀਸੀ ਛੋਹ ਪ੍ਰਦਾਨ ਕਰਨ ਵਾਲੇ ਕਾਰੀਗਰ ਹੱਥ। ਇਸ ਦੀ ਗੁੰਮਸ਼ੁਦਗੀ ਨੇ ਸਾਨੂੰ ਆਪਣੇ ਹੀ ਵਿਰਸੇ ਤੋਂ ਬੇਮੁੱਖ ਕਰਨ ਦਾ ਕਾਰਨ ਬਣਨਾ ਏ ਅਤੇ ਸੰਵੇਦਨਸ਼ੀਲ ਮਨ ਕਦੇ ਨਹੀਂ ਚਾਹੁੰਦਾ ਕਿ ਉਹ ਆਪਣੇ ਆਪ ਤੋਂ ਹੀ ਬੇਮੁੱਖ ਹੋ ਜਾਵੇ।
ਦੀਵੇ ਦੇ ਜਗਣ ਅਤੇ ਬਲਣ ਵਿਚ ਅੰਤਰ। ਜਗਦਾ ਦੀਵਾ, ਨਿੱਘੇ ਚਾਨਣ ਦਾ ਪ੍ਰਤੀਕ ਅਤੇ ਹਨੇਰਿਆਂ ਵਿਚ ਚਾਨਣ ਦਾ ਕਰਤਾਰੀ ਵਰਤਾਰਾ। ਇਸ ਵਿਚੋਂ ਜੀਵਨ ਦਾ ਸੁੱਚਮ, ਉਚਮ ਅਤੇ ਸੁਗਮ ਝਲਕਾਰਾ। ਦੀਵਾ ਬਲਣ ਲੱਗ ਪਵੇ ਤਾਂ ਕਈ ਵਾਰ ਇਹ ਰੱਤ ਪੀਂਦਾ, ਮਨੁੱਖੀ ਖਾਹਿਸ਼ਾਂ ਦਾ ਘਾਣ ਕਰਦਾ, ਕਦੇ ਸੋਹਲ ਚਾਵਾਂ ਦੀ ਬਲੀ ਲੈਂਦਾ ਅਤੇ ਕਦੇ ਮਾਸੂਮ ਵਿਚਾਰਾਂ ਨੂੰ ਬਾਲਦਿਆਂ, ਜੀਵਨ ਦੀਆਂ ਸੱਗਵੀਆਂ ਸੌਗਾਤਾਂ ਵੀ ਬੌਣੀਆਂ ਹੋ ਜਾਦੀਆਂ।
ਚਿਰਾਗ ਤਾਂ ਘਰਾਂ ਦੇ ਵੀ ਹੁੰਦੇ ਜਿਨ੍ਹਾਂ ਵਿਚੋਂ ਕੁਝ ਤਾਂ ਘਰ ਦੇ ਹਨੇਰ ਨੂੰ ਦੂਰ ਕਰਦੇ, ਪਰ ਕੁਝ ਚਾਨਣ-ਰੱਤੇ ਘਰਾਂ ਨੂੰ ਹਨੇਰ-ਆਵਾ ਬਣਾ ਦਿੰਦੇ। ਚਿਰਾਗ ਦੀ ਤਾਸੀਰ ਤੇ ਤਕਦੀਰ ‘ਤੇ ਨਿਰਭਰ ਕਰਦਾ ਕਿ ਇਸ ਨੇ ਕਿਸ ਰੌਸ਼ਨੀ ਤੇ ਧਰਾਤਲ ਵਿਚੋਂ ਆਪਣੇ-ਆਪ ਨੂੰ ਪਰਿਭਾਸ਼ਤ ਕਰਨਾ ਏ।
ਦੀਵਾ ਜਗਦਾ ਤਾਂ ਨਿੰਮੀ-ਨਿੰਮੀ ਲੋਅ ਵਿਚ ਮੁਖੜਿਆਂ ‘ਤੇ ਸ਼ਰਮ ਦੀ ਲਾਲੀ ਫੈਲਦੀ। ਅਣਕਹੇ ਬੋਲ ਹੋਠਾਂ ‘ਤੇ ਹੀ ਅਟਕਦੇ। ਬਹੁਤ ਕੁਝ ਚੁੱਪ ਵਿਚੋਂ ਸੁਣਿਆ ਅਤੇ ਚੁੱਪ ਰਾਹੀਂ ਹੀ ਬੋਲਿਆ ਜਾਂਦਾ। ਅਵਾਕ ਰਹਿ ਕੇ ਕੁਝ ਕਹਿ ਦੇਣਾ। ਦੀਵੇ ਦੀ ਮੱਧਮ ਲੋਅ ‘ਚ ਮਨੁੱਖ ਨੂੰ ਪੜ੍ਹਨ ਵਾਲੇ ਬਲਦੀ ਮੋਮਬੱਤੀ ਵਰਗੇ ਹੁੰਦੇ, ਜੋ ਜੀਵਨ-ਜੋਤ ਨੂੰ ਜੀਵਨ ਜੁਗਤਾਂ ਨਾਲ ਲਬਰੇਜ਼ ਕਰਦੇ।
ਗੁਰਬਾਣੀ ਦੇ ਉਪਦੇਸ਼ ‘ਦੀਵਾ ਬਲੈ ਅੰਧੇਰਾ ਜਾਇ’ ਦੇ ਅਰਥ ਮਨੁੱਖੀ ਮਾਨਸਿਕਤਾ ਦਾ ਹਿੱਸਾ ਉਦੋਂ ਹੀ ਬਣਨਗੇ ਜਦ ਦੀਵਾ, ਦੀਵਾ-ਸਮੱਗਰੀ, ਦੀਵੇ ਦੀ ਲੋਅ ਅਤੇ ਇਸ ਦੀ ਬਰਕਤ ਨਾਲ ਖੁਦ ਦੀਵਾ ਬਣਨਾ ਮਨੁੱਖੀ ਸਮਝ ਦਾ ਹਿੱਸਾ ਹੋ ਗਿਆ। ਫਿਰ ਧਾਰਮਕ, ਸਮਾਜਕ ਅਤੇ ਮਾਨਸਿਕ ਅਡੰਬਰ ਦੀ ਕੋਈ ਔਕਾਤ ਨਹੀਂ ਰਹਿਣੀ।
ਬਾਬਾ ਨਜ਼ਮੀ ਵਲੋਂ ਝੱਖੜਾਂ ਵਿਚ ਵੀ ਪੰਜਾਬੀ ਦੇ ਬਾਲੇ ਦੀਵੇ ਵਿਚੋਂ ਪੰਜਾਬੀਅਤ ਦੀ ਹੂਕ ਬਹੁਤ ਵਿਰਲਿਆਂ ਨੂੰ ਸੁਣਦੀ ਏ। ਖੁਦ ਹੂਕ ਬਣਨਾ ਤਾਂ ਬਹੁਤ ਦੂਰ ਦੀ ਗੱਲ ਏ।
ਦੀਵਾ ਡੰਗੋ ਉਨ੍ਹਾਂ ਵਿਹੜਿਆਂ ‘ਚ ਜਿਨ੍ਹਾਂ ਦੀ ਆਸ ਬੇਵਾ ਹੋ ਗਈ ਏ, ਜਿਨ੍ਹਾਂ ਦੇ ਜੰਦਰਿਆਂ ਨੂੰ ਜੰਗਾਲ ਖਾ ਗਿਆ ਏ, ਜਿਨ੍ਹਾਂ ਦੇ ਆਲ੍ਹਿਆਂ ਵਿਚ ਜਾਲਾ ਲੱਗ ਗਿਆ ਏ, ਜਿਨ੍ਹਾਂ ਦਾ ਦੀਵਾ ਹੀ ਰੁੱਸ ਗਿਆ ਏ, ਜਿਨ੍ਹਾਂ ਘਰਾਂ ਨੂੰ ਹਰ ਰੋਜ਼ ਸ਼ਾਮ ਨੂੰ ਦੀਵਾ ਡੰਗਣ ਵਾਲੀਆਂ ਮਾਂਵਾਂ ਨੂੰ ਨਜ਼ਰ ਲੱਗ ਗਈ ਏ, ਜਿਨ੍ਹਾਂ ਦਰਾਂ ਦੀ ਉਡੀਕ ਵਿਚ ਚੋਬਰਾਂ ਦੀਆਂ ਕਬਰਾਂ ਉਗ ਆਈਆਂ ਨੇ, ਜਿਨ੍ਹਾਂ ਵਿਹੜਿਆਂ ਵਿਚ ਵੈਣ ਵੱਸਦੇ ਨੇ। ਜਿਨ੍ਹਾਂ ਕੰਧਾਂ ਦੇ ਲਿਓੜ ਵੀ ਨੰਗੇਜ਼ ਨਹੀਂ ਢੱਕਦੇ, ਜਿਨ੍ਹਾਂ ਦੀਆਂ ਸ਼ਤੀਰੀਆਂ ਤੇ ਬਾਲਿਆਂ ਨੂੰ ਘੁਣ ਖਾ ਗਿਆ ਏ ਅਤੇ ਜ਼ਰਜਰੀ ਕਮਰਿਆਂ ਨੂੰ ਕਮਰੇ ਕਹਿਣ ਲੱਗਿਆਂ ਵੀ ਔਤ ਜਾਈਦਾ ਏ।
ਦੀਵਾ ਜਗਦਾ ਰਹੇ ਤਾਂ ਕਿ ਰਾਹੀਆਂ ਨੂੰ ਤੁਰਨ ਦਾ ਵੱਲ ਆਉਂਦਾ ਰਹੇ, ਉਨ੍ਹਾਂ ਦੇ ਪੈਰਾਂ ਵਿਚ ਪੈਂਡੇ ਉਗਦੇ ਰਹਿਣ ਅਤੇ ਉਨ੍ਹਾਂ ਦੀਆਂ ਰਾਹਾਂ ‘ਤੇ ਮੰਜ਼ਿਲਾਂ ਦੇ ਸਿਰਨਾਂਵਿਆਂ ਦੀ ਕਲਾ-ਨੱਕਾਸ਼ੀ ਹੁੰਦੀ ਰਹੇ।
ਦੀਵਾ ਜਗਦਾ ਰਹੇ ਤਾਂ ਕਿ ਫੱਟੀਆਂ ‘ਤੇ ਪੂਰਨੇ ਉਘੜਦੇ ਰਹਿਣ, ਕਾਪੀਆਂ ਦੇ ਵਰਕਿਆਂ ਨੂੰ ਕਲਮ ਦਾ ਸਾਥ ਮਿਲਦਾ ਰਹੇ ਤੇ ਘੁੱਗੀਆਂ-ਮੋਰਾਂ ਵਾਲੇ ਝੋਲਿਆਂ ਵਿਚ ਅੱਖਰਾਂ ਦੇ ਪਰਿੰਦੇ ਫੁੱਦਕਦੇ ਰਹਿਣ ਅਤੇ ਝੋਲੇ ਵਾਲਿਆਂ ਦੀ ਸੁਪਨ-ਉਡਾਣ ਅਸੀਮਤ ਰਹੇ।
ਦੀਵੇ ਜਗਦੇ ਰਹਿਣ ਤਾਂ ਖੇਤਾਂ ਦੀ ਲਕਸ਼ਮੀ ਘਰ ਦੇ ਭੜੋਲਿਆਂ ਨੂੰ ਭਰਪੂਰ ਕਰਦੀ ਰਹੇ, ਲੋੜਾਂ ਅਤੇ ਥੋੜਾਂ ਦਾ ਵਿਗੋਚਾ ਵਿਸਰਿਆ ਰਹੇ ਅਤੇ ਸੋਚਾਂ, ਸੁਪਨਿਆਂ ਤੇ ਸਾਧਨਾਂ ਵਿਚ ਸਮਤੋਲ ਬਣਿਆ ਰਹੇ। ਇਸ ਨਾਲ ਜੀਵਨ ਨੂੰ ਨਵੀਆਂ ਪੈੜਾਂ ਸਿਰਜਣ ਅਤੇ ਇਸ ‘ਚੋਂ ਤਾਰਾ ਮੰਡਲ ਉਗਾਉਣ ਦਾ ਸ਼ਰਫ ਹਾਸਲ ਹੁੰਦਾ।
ਦੀਵਾ ਜਦ ਦਿਲ ਵਿਚ ਦਰਿਆ ਦਿਲੀ, ਦੀਰਘ ਕਾਮਨਾ, ਦੈਵੀ ਦ੍ਰਿਸ਼ਟੀਕੋਣ ਅਤੇ ਦੂਰ-ਅੰਦੇਸ਼ੀ ਦਾ ਜਗਦਾ ਤਾਂ ਇਹ ਤਰਜ਼ੀਹਾਂ ਅਤੇ ਤਕਦੀਰਾਂ ਦਾ ਹਰਫ ਬਣ ਜਾਂਦਾ। ਇਸ ਦੀ ਅਰਥ-ਸੰਵੇਦਨਾ ਵਿਚੋਂ ਹੀ ਨਵੀਆਂ ਪਹਿਲਾਂ ਅਤੇ ਪੈਗਾਮਾਂ ਦੀ ਪ੍ਰਗੀਤਕਤਾ ਮਿਲਦੀ, ਜੋ ਜੀਵਨ ਜਾਚ ਦਾ ਹਾਸਲ ਹੁੰਦਾ।
ਪਿਆਰ ਦੇ ਚਿਰਾਗ ਜਦ ਜ਼ਿੰਦਗੀ ਦੀਆਂ ਬਰੂਹਾਂ ‘ਤੇ ਜਗਦੇ ਤਾਂ ਰਿਸ਼ਤਿਆਂ ਦੀ ਪਾਕੀਜ਼ਗੀ ਤੇ ਪਕੇਰਾਪਣ ਜੀਵਨ ਦੇ ਨਾਂਵੇਂ ਸਚਿਆਰਾਪਣ ਕਰਦੇ। ਇਸ ਨਾਲ ਜੀਵਨ ਦੇ ਹਰ ਰੰਗ ਨੂੰ ਪੂਰਨਤਾ ਨਾਲ ਨਿਭਾਇਆ ਜਾ ਸਕਦਾ।
ਦੀਵਾ ਜਗਦਾ ਤਾਂ ਆਲੇ-ਦੁਆਲੇ ਵਿਚ ਚਾਨਣ-ਆਭਾ ਸਿਰਜ ਜਾਂਦਾ। ਹਨੇਰ ਵਿਚ ਮਘੋਰੇ ਪਾਉਂਦਾ। ਹਨੇਰ ਕਿੰਨਾ ਵੀ ਸੰਘਣਾ ਹੋਵੇ ਪਰ ਚਾਨਣ ਸਾਹਵੇਂ ਬੇਵੱਸ ਹੋ ਜਾਂਦਾ। ਚਾਨਣ ਹੀ ਹਨੇਰ ਨੂੰ ਇਸ ਦੀ ਔਕਾਤ ਦਿਖਾਉਂਦਾ।
ਜੀਵਨ ਦੇ ਕਸ਼ਟਾਂ, ਕਹਿਰਾਂ ਅਤੇ ਕਠਿਨਾਈਆਂ ਵਿਚ ਕੁਝ ਸੱਜਣ ਅਜਿਹੇ ਹੁੰਦੇ, ਜੋ ਚਿਰਾਗ ਬਣ ਕੇ ਆਸ ਦੀ ਕਿਰਨ ਸਾਡੇ ਮਸਤਕ ਵਿਚ ਧਰ, ਸਾਨੂੰ ਉਨ੍ਹਾਂ ਮਾਰਗਾਂ ਦੀ ਸੂਹ ਦਿੰਦੇ, ਜਿਨ੍ਹਾਂ ‘ਤੇ ਤੁਰ ਕੇ ਜੀਵਨ ਦੇ ਕਸ਼ਟ ਨਿਵਾਰੇ ਜਾਂਦੇ। ਅਜਿਹੇ ਚਿਰਾਗਾਂ ਦੀ ਸੁੱਖ ਮੰਗਦਿਆਂ ਹੀ ਜੀਵਨ ਜਿਉਣ-ਜੋਗਾ ਹੋ ਜਾਂਦਾ।
ਦੀਵਾ ਜਗਾਓ ਅਤੇ ਫਿਰ ਇਸ ਦੀਵੇ ਨਾਲ ਬੁਝੇ ਦੀਵਿਆਂ ਨੂੰ ਜਰੂਰ ਜਗਾਓ ਕਿਉਂਕਿ ਦੀਵੇ ਨਾਲ ਦੀਵੇ ਡੰਗਦਿਆਂ ਹੀ ਚਾਨਣ ਦਾ ਕਾਫਲਾ ਸਮੇਂ ਦੀਆਂ ਬਰੂਹਾਂ ਵਿਚ ਹਨੇਰ ਨੂੰ ਪੂੰਝ ਸੁਟੇਗਾ ਅਤੇ ਜ਼ਿੰਦਗੀ ਨੂੰ ਚਾਨਣ ਦਾ ਨਾਮਕਰਨ ਦਿੱਤਾ ਜਾ ਸਕਦਾ।
ਆਪਣੇ ਅੰਤਰੀਵ ਵਿਚ ਜਗਦੇ ਚਿਰਾਗ ਨੂੰ ਕਦੇ ਵੀ ਮੱਧਮ ਨਾ ਕਰੋ, ਬੁਝਣ ਨਾ ਦਿਓ ਕਿਉਂਕਿ ਜਿੰਨਾ ਚਿਰ ਤੁਹਾਡਾ ਅੰਦਰ ਜਗਦਾ ਹੈ, ਮਨੁੱਖ ਜਿਉਂਦਾ ਹੈ। ਅੰਤਰ-ਜੋਤ ਤੋਂ ਬਿਨਾ ਮਨੁੱਖ ਹੁੰਦਾ ਹੀ ਕੀ ਏ?
ਕਦੇ ਮਜ਼ਾਰ ‘ਤੇ ਜਗ ਰਹੇ ਚਿਰਾਗ ਨੂੰ ਦੇਖਣਾ ਅਤੇ ਉਸ ਦੀ ਕਰਮ-ਸਾਧਨਾ ਨੂੰ ਆਪਣੇ ਚੇਤਿਆਂ ਦਾ ਹਿੱਸਾ ਬਣਾਉਣਾ। ਤੁਹਾਨੂੰ ਅਹਿਸਾਸ ਹੋ ਜਾਵੇਗਾ ਕਿ ਸ਼ਾਂਤ ਰਾਤ ਵਿਚ ਚਾਨਣ ਦੀ ਸੱਦ ਲਾਉਂਦਾ, ਭਟਕਿਆਂ ਨੂੰ ਰਾਹਾਂ ਦੀ ਦੱਸ ਪਾਉਂਦਾ ਅਤੇ ਕਦਮਾਂ ‘ਚ ਤਾਲ ਉਪਜਾਉਣ ਨਾਲ ਕਿੰਨਾ ਸੁਖਨ ਮਿਲਦਾ ਏ।
ਯੋਗ ਅਧਿਆਪਕ, ਕਾਬਲ ਰਹਿਬਰ ਜਾਂ ਮਾਪੇ ਬੱਚਿਆਂ ਲਈ ਅਜਿਹੇ ਚਿਰਾਗ ਹੀ ਹਨ, ਜੋ ਖੁਦ ਬਲ ਕੇ ਚਾਨਣ ਵੰਡਦੇ ਅਤੇ ਨਵੀਂ ਪੀੜ੍ਹੀ ਦਾ ਮਾਰਗ-ਦਰਸ਼ਨ ਕਰਦੇ।
ਬਜੁਰਗਾਂ ਦੀ ਯਾਦ ਵਿਚ ਦੀਵਾ ਜਗਾਉਣਾ ਦਰਅਸਲ ਸਾਡੇ ਤੋਂ ਦੂਰ ਤੁਰ ਗਏ ਚਿਰਾਗਾਂ ਨੂੰ ਅਕੀਦਤ ਹੀ ਹੈ, ਜਿਨ੍ਹਾਂ ਨੇ ਸਾਡੇ ਜੀਵਨ ਨੂੰ ਚਾਨਣ ਨਾਲ ਭਰਿਆ ਸੀ। ਆਪਣੇ ਪਿਆਰਿਆਂ ਨੂੰ ਯਾਦ ਕਰਨ ਦਾ ਇਸ ਤੋਂ ਬਿਹਤਰ ਤਰੀਕਾ ਤਾਂ ਕੋਈ ਹੋ ਹੀ ਨਹੀਂ ਸਕਦਾ।
ਕਿਸੇ ਜਗਦੇ ਦੀਵੇ ਨੂੰ ਬੁਝਾਉਣ ਨਾਲੋਂ ਬਿਹਤਰ ਹੁੰਦਾ ਹੈ ਕਿਸੇ ਦੇ ਬੁੱਝੇ ਜਾਂ ਹਟਕੋਰੇ ਭਰਦੇ ਦੀਵੇ ਨੂੰ ਜਗਾਓ। ਉਸ ਨੂੰ ਜੀਵਨ-ਦਾਨ ਦੀਆਂ ਬਰਕਤਾਂ ਨਾਲ ਨਿਵਾਜੋ ਕਿਉਂਕਿ ਚਾਨਣ ਕਿਸੇ ਦੀ ਜ਼ਰ-ਖਰੀਦ ਨਹੀਂ। ਇਹ ਤਾਂ ਉਸ ਵਿਅਕਤੀ ਦੀ ਹੀ ਅਮਾਨਤ ਏ, ਜੋ ਇਸ ਨੂੰ ਵਰਤਦਾ ਤੇ ਵੰਡਦਾ ਏ।
ਕੁਝ ਲੋਕ ਹਨੇਰੇ ਨੂੰ ਉਲਾਹਮਾ ਦਿੰਦੇ ਪਰ ਹਨੇਰੇ ਨੂੰ ਮਿਟਾਉਣ ਲਈ ਕੋਈ ਉਦਮ ਨਹੀਂ ਕਰਦੇ। ਇਕ ਚਿਰਾਗ ਜਗਾਉਣ ਜਾਂ ਖੁਦ ਚਿਰਾਗ ਬਣਨ ਦਾ ਹੀਆ ਕਰਨਾ, ਹਨੇਰਾ ਨਜ਼ਰ ਹੀ ਨਹੀਂ ਆਵੇਗਾ।
ਜਗਦੇ ਦੀਵੇ ਨੂੰ ਕਦੇ ਫੂਕ ਮਾਰ ਕੇ ਨਾ ਬੁਝਾਵੋ। ਹਾਂ ਇੰਨੀ ਕੁ ਹਵਾ ਦਿਓ ਕਿ ਚਿਰਾਗ ਜਗਦਾ ਰਹੇ। ਹਵਾ ਸਿਰਫ ਦੀਵਾ ਜਗਦਾ ਰੱਖਣ ਲਈ ਜਰੂਰੀ, ਪਰ ਇਸ ਦੀ ਤੁਫਾਨੀ ਜ਼ਬਰਦਸਤੀ ਦੀਵੇ ਦੀ ਮੌਤ ਹੀ ਹੁੰਦੀ।
ਖੁਦ ਦੀਵੇ ਦੀ ਲੋਅ ਵਰਗਿਆ, ਕਾਹਦਾ ਡਰ ਹਨੇਰੇ ਦਾ। ਰਾਤ ਨੇ ਕੰਨੀਆਂ ਲਪੇਟ ਤੁਰ ਜਾਣਾ, ਬਣ ਸਿਰਲੇਖ ਸਵੇਰੇ ਦਾ। ਅੰਬਰ ਦੇ ਵਿਚ ਚਾਨਣ ਚੋਂਦਾ, ਜਦ ਬਲਦਾ ਇਕ ਤਾਰਾ। ਸਾਰਾ ਅੰਬਰ ਜਗਮਗ ਕਰਦਾ, ਮਿੱਟ ਜੇ ਧੰਦੂਕਾਰਾ। ਦੀਵਾ ਬਣ ਦੀਵੇ ਡੰਗਣ ਵਾਲਿਆ, ਲਾ ਦੀਵਿਆਂ ਦੀਆਂ ਡਾਰਾਂ। ਦੀਵੇ ਜਦ ਧਰਮ ਨਿਭਾਵਣ ਤਾਂ ਮਹਿਕਦੀਆਂ ਗੁਲਜ਼ਾਰਾਂ। ਦੀਵੇ ਵਰਗੇ ਸੱਜਣ ਹੋਵਣ ਤਾਂ ਕੀ ਨ੍ਹੇਰੇ ਦੀਆਂ ਧਾੜਾਂ? ਚਾਨਣ ਰੰਗੇ ਚਿਹਰਿਆਂ ਦੁਆਲੇ, ਹੋਵਣ ਚਾਨਣ-ਵਾੜਾਂ। ਲਾਟ ਦੀਵੇ ਦੀ ਉਪਰ ਉਠਦੀ, ਨਹੀਂ ਭਾਲਦੀ ਓਟ। ਬੁੱਕ ਬੁੱਕ ਚਾਨਣ ਵੰਡਦੀ ਜਾਵੇ, ਕੋਈ ਨਾ ਸੋਚ ‘ਚ ਖੋਟ। ਚਾਨਣ ਦੀ ਚੱਲ ਕਰੀਏ ਚਾਕਰੀ, ਤੇ ਚਾਨਣ ਬੀਹੀ ਗਾਈਏ। ਚਾਨਣ ਦੇ ਨਾਲ ਅੰਦਰ ਧੋ ਕੇ, ਚਾਨਣ-ਸੋਚ ਬਣ ਜਾਈਏ।
ਦੀਵਾ ਜਰੂਰ ਡੰਗੋ ਜੋ ਆਸ ਦਾ ਹੋਵੇ, ਵਿਸ਼ਵਾਸ ਦਾ ਹੋਵੇ। ਕਿਸੇ ਤਕਦੀਰ ਦਾ ਹੋਵੇ ਜਾਂ ਤਦਬੀਰ ਦਾ ਹੋਵੇ। ਮਿੱਤਰ-ਮੋਢੇ ਦੀ ਦੁਆ ਹੋਵੇ ਜਾਂ ਅਸੀਸ ਵਿਚ ਜੁੜੇ ਹੱਥਾਂ ਦੀ ਸਦਾਅ ਹੋਵੇ। ਸ਼ੁਭ-ਕਰਮਨ ਦਾ ਕਰਮ ਹੋਵੇ ਜਾਂ ਕਿਸੇ ਦੇ ਹੰਝੂਆਂ ਨੂੰ ਪੂੰਝਣ ਦਾ ਧਰਮ ਹੋਵੇ। ਨੰਗੇ ਸਿਰ ਲਈ ਚੁੰਨੀ ਦਾ ਸੰਧੂਰੀ ਰੰਗ ਹੋਵੇ ਜਾਂ ਰੁੱਸੇ ਵਿਹੜਿਆਂ ਨੂੰ ਸੱਜਣ-ਤਾਈ ਦੀ ਸੰਗ ਹੋਵੇ। ਚਾਨਣ ਵਿਚ ਨਹਾਤੇ ਬਨੇਰਿਆਂ ਦੀ ਲਾਮਡੋਰੀ ਹੋਵੇ ਜਾਂ ਮਾਂ ਦੀ ਬੱਚੇ ਲਈ ਚਾਵਾਂ ਵਿਚ ਗੁੰਦੀ ਲਾਡ-ਲੋਰੀ ਹੋਵੇ।