ਰੁੱਤ ਫਿਰੀ…

ਬਲਜੀਤ ਬਾਸੀ
ਪੰਜਾਬੀ ਦੇ ਆਦਿ ਕਵੀ ਨੇ ਰੁੱਤ ਦੇ ਬਦਲਣ ਬਾਰੇ ਕਿੰਨਾ ਸੋਹਣਾ ਲਿਖਿਆ ਹੈ,
ਫਰੀਦਾ ਰੁਤਿ ਫਿਰੀ ਵਣੁ ਕੰਬਿਆ

ਪਤ ਝੜੇ ਝੜਿ ਪਾਹਿ।
ਚਾਰੇ ਕੁੰਡਾ ਢੂੰਢੀਆਂ
ਰਹਣੁ ਕਿਥਾਊ ਨਾਹਿ।
ਬੁੱਲੇ ਸ਼.ਾਹ ਨੇ ਵੀ ਰੁੱਤ ਫਿਰਨ ਦੀ ਗੱਲ ਕੀਤੀ ਹੈ,
ਫਿਰੀ ਰੁੱਤ ਸ਼ਗੂਫਿਆਂ ਵਾਲੀ
ਚਿੜੀਆਂ ਚੁਗਣ ਨੂੰ ਆਈਆਂ।
ਇਕਨਾ ਨੂੰ ਜੁਰਿਆਂ ਲੈ ਖਾਧਾ
ਇਕਨਾ ਨੂੰ ਫਾਹੀਆਂ ਲਾਈਆਂ।
ਰੁੱਤ ਇਕ ਚੱਕਰਮਈ ਵਰਤਾਰਾ ਹੈ, ਜੋ ਭਾਰਤ ਵਿਚ ਛੇ ਵਾਰ ਫਿਰਦਾ ਹੈ। ਇਸ ਨੂੰ ਖਟਰਿਤੁ (ਖਟ=ਛੇ) ਵੀ ਕਿਹਾ ਜਾਂਦਾ ਹੈ। ਮੋਟੇ ਤੌਰ ‘ਤੇ ਹਰ ਰੁੱਤ ਦੋ ਮਹੀਨੇ ਵਿਚਰਦੀ ਹੈ, ਜੋ ਦੋ-ਦੋ ਦੇਸੀ ਮਹੀਨਿਆਂ ਦੇ ਨਾਂਵਾਂ ਨਾਲ ਇੱਕ ਸ਼ਬਦ ਜੁੱਟ ਵਜੋਂ ਦਰਸਾਈ ਜਾਂਦੀ ਹੈ ਜਿਵੇਂ ਜੇਠ-ਹਾੜ, ਸੌਣ-ਭਾਦੋਂ ਆਦਿ। ਵਿਗਿਆਨਕ ਤੌਰ ‘ਤੇ ਰੁੱਤ ਬਦਲਣ ਦਾ ਸਬੰਧ ਧਰਤੀ ਦੇ ਸੂਰਜ ਦੁਆਲੇ ਪਰਿਕਰਮਾ-ਪੰਧ ਦੇ ਬਦਲਣ ਨਾਲ ਹੈ, ‘ਸੂਰਜ ਏਕੋ ਰੁਤਿ ਅਨੇਕ॥’ (ਗੁਰੂ ਨਾਨਕ ਦੇਵ)। ਉਂਜ ਸਾਲ ਦੇ ਅਰਥਾਂ ਵਾਲੇ ਸ਼ਬਦ ‘ਵਰ੍ਹਾ’ ਵਿਚ ਵੀ ਦੁਹਰਾਈ ਦਾ ਭਾਵ ਹੈ, ਵਰ੍ਹਾ ਵਰਖਾ ਨਾਲ ਜੁੜਿਆ ਹੋਇਆ ਸ਼ਬਦ ਹੈ। ਵਰ੍ਹਾ ਹੈ, ਇਕ ਵਰਖਾ ਰੁੱਤ ਪਿੱਛੋਂ ਦੂਜੀ ਵਰਖਾ ਰੁੱਤ ਜਾਂ ਦੋ ਬਰਸਾਤਾਂ ਦਰਮਿਆਨ ਦਾ ਅਰਸਾ।
ਰੁੱਤ ਲਈ ਅਸੀਂ ਮੌਸਮ ਸ਼ਬਦ ਵੀ ਵਰਤਦੇ ਹਾਂ, ਜੋ ਅਰਬੀ ਵਲੋਂ ਆਇਆ ਹੈ। ਇਸ ਬਾਰੇ ਵਿਸਥਾਰ ਵਿਚ ਚਰਚਾ ਪਹਿਲਾਂ ਹੋ ਚੁਕੀ ਹੈ। ਸਾਡੀਆਂ ਭਾਸ਼ਾਵਾਂ ਵਿਚ ਆ ਕੇ ਮੌਸਮ ਸ਼ਬਦ ਨੇ ਦੋ ਅਰਥ ਧਾਰੇ ਹਨ: ਪਹਿਲਾ, ਸਾਲ ‘ਚ ਲੰਮੇ ਸਮੇਂ ਲਈ ਟਿਕਿਆ ਰਹਿੰਦਾ ਲਗਭਗ ਇਕੋ ਜਿਹੇ ਵਾਤਾਵਰਣ ਵਾਲਾ ਸਮਾਂ, ਜਿਸ ਨੂੰ ਅੰਗਰੇਜ਼ੀ ਵਿਚ ਸੀਜ਼ਨ ਕਿਹਾ ਜਾਂਦਾ ਹੈ ਅਤੇ ਦੂਜਾ, ਵੱਧ-ਘੱਟ ਨਿੱਤ ਬਦਲਦਾ ਵਾਤਾਵਰਣ, ਜਿਸ ਨੂੰ ਅੰਗਰੇਜ਼ੀ ਵਿਚ ਵੈਦਰ ਕਿਹਾ ਜਾਂਦਾ ਹੈ। ਧਿਆਨਯੋਗ ਹੈ ਕਿ ਪਹਿਲੇ ਅਰਥ ਲਈ ਅਸੀਂ ਦੇਸੀ ਸ਼ਬਦ ਰੁੱਤ ਵੀ ਵਰਤਦੇ ਹਾਂ, ਪਰ ਵੈਦਰ ਦੇ ਅਰਥਾਂ ਵਿਚ ਰੁੱਤ ਸ਼ਾਇਦ ਹੀ ਕਦੇ ਵਰਤਿਆ ਜਾਂਦਾ ਹੈ। ਇੱਕ ਖਾਸ ਸਮੇਂ ਪਿਛੋਂ ਹੋਣ ਵਾਲੇ ਵਰਤਾਰੇ ਲਈ ਰੁੱਤ ਸ਼ਬਦ ਦੀ ਲਾਖਣਿਕ ਵਰਤੋਂ ਵੀ ਹੁੰਦੀ ਹੈ ਤੇ ਮੁਹਾਵਰਈ ਵੀ। ਜਿਵੇਂ ਜੋਬਨ ਰੁੱਤ, ‘ਅਸਾਂ ਤਾਂ ਜੋਬਨ ਰੁੱਤੇ ਮਰਨਾ…’ (ਸ਼ਿਵ ਕੁਮਾਰ ਬਟਾਲਵੀ); ਵਿਧਵਾ ਰੁੱਤ, ਤੀਆਂ ਦੀ ਰੁੱਤ, ਰੁੱਤ ਰੁੱਤ ਦਾ ਮੇਵਾ।
ਮਨੁੱਖ ਹਮੇਸ਼ਾ ਜ਼ਿੰਦਗੀ ਵਿਚ ਤਬਦੀਲੀ ਤਾਂਘਦਾ ਹੈ। ਰੁੱਤ ਸਾਡੇ ਚੌਗਿਰਦੇ ਤੇ ਸਾਡੀ ਜ਼ਿੰਦਗੀ ਵਿਚ ਨਾਟਕੀ ਤਬਦੀਲੀ ਲਿਆਉਂਦੀ ਹੈ। ਇਹ ਤਬਦੀਲੀ ਸਾਡੇ ਵਿਚ ਰੁਮਾਨੀ ਜਿਹੇ ਰਾਂਗਲੇ ਭਾਵ ਉਤਪੰਨ ਕਰਦੀ ਹੈ। ਰੁੱਤਾਂ ਬਾਰੇ ਢੇਰ ਸਾਰਾ ਸਾਹਿਤ ਰਚਿਆ ਗਿਆ ਹੈ। ਰਾਗ ਰਾਮਕਲੀ ਵਿਚ ਗੁਰੂ ਅਰਜਨ ਦੇਵ ਨੇ ਛੇ ਰੁੱਤਾਂ ਦਾ ਵਰਣਨ ਕੀਤਾ ਹੈ। ਦੇਖੋ ਵਾਰਸ ਸ਼ਾਹ ਤੇ ਸ਼ਿਵ ਕੁਮਾਰ ਨੇ ਰੁੱਤ ਨੂੰ ਕਿਵੇਂ ਵਡਿਆਇਆ ਹੈ,
ਭਾਬੀ ਖਿਜ਼ਾਂ ਦੀ ਰੁੱਤ ਜਾਂ ਆਨ ਪੁੰਨੀ
ਭੌਰ ਆਸਰੇ ਤੇ ਪਏ ਜਾਲਦੇ ਨੀ।
ਸੇਵਨ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ
ਫੇਰ ਫੁਲ ਲੱਗਣ ਨਾਲ ਡਾਲ ਦੇ ਨੀ।

ਸਾਨੂੰ ਉਹ ਰੁੱਤ ਲੈ ਦਈਂ ਮੁੱਲ
ਵੇ ਧਰਮੀ ਬਾਬਲਾ
ਜਦ ਪੈਣ ਕਪਾਹੀਂ ਫੁੱਲ
ਵੇ ਧਰਮੀ ਬਾਬਲਾ।
ਇਕ ਦਿਨ ਮੈਂ ਤੇ ਗੀਤ ਮੇਰੇ
ਇਸ ਟੂਣੇਹਾਰੀ ਰੁੱਤੇ
ਦਿਲਾਂ ਦੀ ਧਰਤੀ ਵਾਹੀ ਗੋਡੀ
ਬੀਜੇ ਸੁਪਨੇ ਸੁੱਚੇ…।
ਪਹਿਲਾਂ ਸੰਕੇਤ ਕੀਤਾ ਗਿਆ ਹੈ ਕਿ ਰੁੱਤ ਨੇਮ ਨਾਲ ਘਟਣ ਵਾਲਾ, ਰੀਤੀਬਧ ਵਰਤਾਰਾ ਹੈ। ਸੱਚੀ ਗੱਲ ਹੈ ਕਿ ਰੁੱਤ ਵਿਚ ਰੀਤੀ/ਰੀਤ ਦਾ ਭਾਵ ਹੀ ਨਹੀਂ ਸਗੋਂ ਇਹ ਭਾਵ ਇਸੇ ਸ਼ਬਦ ਨਾਲ ਜੁੜਿਆ ਹੋਇਆ ਹੈ। ਰੀਤੀ ਜਾਂ ਰੀਤ ਕੀ ਹੈ? ਇਕ ਅਜਿਹੀ ਸਰਗਰਮੀ, ਜੋ ਅਸੀਂ ਨੇਮ ਨਾਲ ਵਾਰ ਵਾਰ ਉਸੇ ਤਰ੍ਹਾਂ ਨਿਭਾਉਂਦੇ ਹਾਂ, ਜੋ ਪ੍ਰਾਚੀਨ ਸਮੇਂ ਤੋਂ ਚਲੀ ਆਈ ਹੈ, ਜੋ ਮਰਿਆਦਾ ਜਾਂ ਦਸਤੂਰ ਬਣ ਚੁਕੀ ਹੈ, ‘ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ, ਹਰਿ ਮੇਰੀ ਕਥਾ ਕਹਾਣੀ ਜੀ।’ ਪ੍ਰੀਤ ਦੀ ਰੀਤ ਨਿਭਾਉਣਾ ਸੱਚਾ ਸਿਦਕ ਮੰਨਿਆ ਗਿਆ ਹੈ। ਵਾਰਸ ਦੀ ਹੀਰ ਨੇ ਇਸ ਲਈ ਸਹੁੰ ਖਾਧੀ,
ਜਾ ਖਿਜ਼ਰ ‘ਤੇ ਬੈਠ ਕੇ ਕਸਮ ਖਾਧੀ
ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ।
ਕੁਹੜੀ ਹੋ ਕੇ ਨੈਣ ਪਰਾਣ ਜਾਵਣ
ਤੇਰੇ ਬਾਝ ਜੇ ਕੌਂਤ ਮੈਂ ਹੋਰ ਲੋੜਾਂ।
ਹੋਰ ਦੇਖੋ,
ਪਹਿਲੇ ਚੇਲਿਆਂ ਨੂੰ ਚਾ ਹੀਜ਼ ਕਰੀਏ
ਪਿੱਛੋਂ ਜੋਗ ਦੀ ਰੀਤ ਬਤਾਈਏ ਜੀ।
ਇੱਕ ਵਾਰ ਜੋ ਦੱਸਣਾ ਦੱਸ ਛੱਡੋ
ਘੜੀ ਘੜੀ ਨਾ ਗੁਰੂ ਅਕਾਈਏ ਜੀ।
ਰੀਤੀ-ਰਿਵਾਜ ਸ਼ਬਦ ਜੁੱਟ ਵਿਚ ਇਸ ਸ਼ਬਦ ਦੇ ਮਾਅਨੇ ਹੋਰ ਉਘੜਦੇ ਹਨ। ਰੀਤ ਦੇ ਅਰਥ ਚੱਜ, ਢੰਗ-ਤਰੀਕਾ ਵੀ ਹੋ ਜਾਂਦੇ ਹਨ, ‘ਆਵੈ ਨਾਹੀ ਕਛੂ ਰੀਤਿ॥’ (ਗੁਰੂ ਅਰਜਨ ਦੇਵ) ਜਦ ਅਸੀਂ ਰੀਤ ਤੋਂ ਉਲਟ ਜਾਂਦੇ ਹਾਂ ਤਾਂ ਅਸੀਂ ਕੁਰੀਤ ਕਰਨ ਲਗਦੇ ਹਾਂ। ‘ਨਹਿ ਕੁਛ ਮਹਿਮਾ ਲਖਹਿ ਤੁਮਾਰੀ। ਜਾਮਨਿ ਬਸਨਿ ਕੁਰੀਤ ਉਚਾਰੀ।’ (ਸ੍ਰੀ ਗੁਰ ਪ੍ਰਤਾਪ ਸੂਰਜ)
ਰੁੱਤ ਅਸਲ ਵਿਚ ਸੰਸਕ੍ਰਿਤ ਦੇ ਰਿਤੂ ਸ਼ਬਦ ਦਾ ਪੰਜਾਬੀ ਰੂਪ ਹੈ। ਉਰਦੂ ਅਤੇ ਮਰਾਠੀ ਵਿਚ ਵੀ ਰੁੱਤ ਜਿਹਾ ਹੀ ਸ਼ਬਦ ਹੈ, ਪਰ ਹਿੰਦੀ ਵਿਚ ਰਿਤੂ ਹੀ ਹੈ। ਸੰਸਕ੍ਰਿਤ ਵਿਚ ਇਸ ਸ਼ਬਦ ਦੇ ਅਨੇਕਾਂ ਅਰਥ ਹਨ, ਜਿਨ੍ਹਾਂ ਵਿਚ ਬਾਰੰਬਾਰਤਾ ਦਾ ਭਾਵ ਹੈ। ਮੌਸਮ ਤੋਂ ਇਲਾਵਾ ਕੁਝ ਅਰਥ ਦੇਖੀਏ: ਕੁਝ ਕਰਨ ਲਈ ਕੋਈ ਨਿਸ਼ਚਿਤ ਜਾਂ ਠੀਕ ਸਮਾਂ; ਛੇ (ਕਿਉਂਕਿ ਰੁੱਤਾਂ ਛੇ ਮੰਨੀਆਂ ਗਈਆਂ ਹਨ); ਇਸਤਰੀਆਂ ਦੀ ਮਾਹਵਾਰੀ, ਇਸ ਲਈ ਰਿਤੂ ਧਰਮ ਵੀ ਚਲਦਾ ਹੈ; ਇਸ ਸਮੇਂ ਕੀਤਾ ਜਾਣ ਵਾਲਾ ਸੰਭੋਗ; ਨਿਯਮ, ਵਿਧਾਨ, ਅਸੂਲ।
ਗੁਰਬਾਣੀ ਵਿਚ ਰੁਤ ਅਤੇ ਰੁਤਿ ਸ਼ਬਦ ਮਿਲਦੇ ਹਨ। ਕਿਧਰੇ ਕਿਧਰੇ ਰਿਤ ਵੀ ਮਿਲਦਾ ਹੈ, ‘ਸਯਾਮ ਸਨੈ ਸੁਖਦਾਇਕ ਥੀ ਰਿਤ ਸਯਾਮ ਬਿਨਾ ਅਤਿ ਭੀ ਦੁਖਦਾਈ।’ (ਦਸਮ ਗ੍ਰੰਥ) ਅਰਥਾਤ ਕ੍ਰਿਸ਼ਨ ਨਾਲ ਬਿਤਾਇਆ ਸਮਾਂ ਸੁਖਦਾਈ ਸੀ, ਉਸ ਤੋਂ ਬਿਨਾ ਦੁਖਦਾਈ ਹੈ। ਇਸ ਨੂੰ ਮਾਹਵਾਰੀ ਦੇ ਅਰਥਾਂ ਵਿਚ ਵੀ ਲਿਆ ਜਾਂਦਾ ਹੈ। ‘ਮਹਾਨ ਕੋਸ਼’ ਅਨੁਸਾਰ “ਲੋਕਾਂ ਵਿਚ ਹੈਜ਼ (ਹੈਜ਼ਾ?) ਦਾ ਨਾਮ ਭੀ ਰਿਤੁ ਪ੍ਰਸਿੱਧ ਹੋ ਗਿਆ ਹੈ।”
ਸੰਸਕ੍ਰਿਤ ਵਿਚ ਇੱਕ ਅਨੇਕ-ਅਰਥੀ ਸ਼ਬਦ ਹੈ, ਰਿਤ। ਪਰ ਇਸ ਦੇ ਸਾਰੇ ਅਰਥ ਨਿਯਮ ਦੁਆਲੇ ਹੀ ਘੁੰਮਦੇ ਹਨ। ਦਾਰਸ਼ਨਿਕ ਪ੍ਰਸੰਗ ਵਿਚ ਇਹ ਸ਼ਬਦ ਸ੍ਰਿਸ਼ਟੀ ਦੇ ਵਿਆਪਕ ਨਿਯਮਾਂ ਲਈ ਵਰਤਿਆ ਜਾਂਦਾ ਹੈ। ਅਰਥ ਪੱਖੋਂ ਰਿਤ ਦੇ ਲੰਮੇ ਚੌੜੇ ਆਰ-ਪਰਿਵਾਰ ਤੋਂਂ ਪਤਾ ਲਗਦਾ ਹੈ ਕਿ ਕਿਵੇਂ ਇੱਕ ਸ਼ਬਦ ਦਾ ਪਸਾਰਾ ਹੁੰਦਾ ਚਲਿਆ ਜਾਂਦਾ ਹੈ।
ਦਿਲਚਸਪ ਗੱਲ ਹੈ ਕਿ ਸਭ ਆਸ਼ੇ ਸ਼ੁਭ ਸ਼ੁਭ, ਸਾਕਾਰਾਤਮਕ ਹਨ। ਕੁਝ ਵਿਸ਼ੇਸ਼ਣਵਾਚੀ ਅਤੇ ਨਾਂਵਵਾਚੀ ਅਰਥ ਗਿਣਾਉਂਦੇ ਹਾਂ: ਬਹਾਦਰ, ਪ੍ਰਕਾਸ਼ਮਾਨ, ਢੁਕਵਾਂ, ਉਚਿਤ, ਅਨੁਕੂਲ, ਸਾਜ਼ਗਾਰ, ਯੋਗ, ਫਿੱਟ; ਸੱਚਾ; ਈਮਾਨਦਾਰ; ਮਾਣਯੋਗ; ਠੀਕ, ਸਹੀ; ਸੂਰਜ; ਸੱਚਾਈ, ਸਿਦਕ; ਧਨ ਦੌਲਤ; ਪ੍ਰਥਾ, ਦਸਤੂਰ, ਮਰਿਆਦਾ; ਨਿਸਚਾ, ਆਸਥਾ; ਬਲੀ; ਇਕਰਾਰ, ਪ੍ਰਤਿਗਿਆ, ਕਰਤੱਵ ਆਦਿ। ਸਿਆਣੇ ਪਾਠਕ ਸਭ ਅਰਥਾਂ ਵਿਚਕਾਰ ਤਾਲ-ਮੇਲ ਬਿਠਾ ਸਕਦੇ ਹਨ। ਕਹਿਣਾ ਹੋਵੇਗਾ ਕਿ ਇਸ ਸ਼ਬਦ ਦੇ ਪੰਜਾਬੀ ਅਤੇ ਹੋਰ ਆਧੁਨਿਕ ਭਾਸ਼ਾਵਾਂ ਵਿਚ ਇੰਨੇ ਸਾਰੇ ਅਰਥ ਉਪਲਭਦ ਨਹੀਂ। ਦਰਅਸਲ ਰੀਤੀ ਸ਼ਬਦ ਇਸ ਰਿਤ ਦਾ ਹੀ ਪੰਜਾਬੀ ਰੁਪਾਂਤਰ ਹੈ।
ਪਾਠਕ ਜਾਣਦੇ ਹੋਣਗੇ ਕਿ ਸੰਸਕ੍ਰਿਤ ਵਿਚ ਇਕ ਸਵਰ ਹੈ, ਜਿਸ ਨੂੰ ਦੇਵਨਾਗਰੀ ਦੇ ਇੱਕ ਅਜਿਹੇ ਕੁਢੱਬੇ ਜਿਹੇ ਅੱਖਰ ਨਾਲ ਜਾਹਰ ਕੀਤਾ ਜਾਂਦਾ ਹੈ, ਜੋ ਸਕੂਲੀ ਦਿਨਾਂ ‘ਚ ਮਹਾਤੜ ਸਮੇਤ ਬਹੁਤਿਆਂ ਦੇ ਗੇੜ ਵਿਚ ਨਹੀਂ ਸੀ ਆਉਂਦਾ। ਇਹ ਅੱਖਰ ਦੇਵਨਾਗਰੀ ਵਿਚ ਲਿਖੇ ‘ਰਿਸ਼ੀ’ ਸ਼ਬਦ ਦੇ ਅਰੰਭ ਵਿਚ ਆਉਂਦਾ ਹੈ, ਜਿਸ ਨੂੰ ‘ਰਿ’ ਜਿਹਾ ਉਚਾਰਿਆ ਜਾਂਦਾ ਹੈ। ਆਧੁਨਿਕ ਭਾਰਤੀ ਭਾਸ਼ਾਵਾਂ ਵਿਚ ਇਸ ਦਾ ਉਚਾਰਨ ‘ਰ’ ਧੁਨੀ ਜਿਹਾ ਹੋ ਗਿਆ ਹੈ। ਇਹ ‘ਰਿ’ ਅਸਲ ਵਿਚ ਇਕ ਧਾਤੂ ਵੀ ਹੈ। ਪੂਰਵ ਵਰਣਿਤ ਸਾਰੇ ਸ਼ਬਦ ਅੰਤਮ ਤੌਰ ‘ਤੇ ਇਸ ‘ਰਿ’ ਤੋਂ ਹੀ ਬਣੇ ਹਨ। ਇਸ ਧਾਤੂ ਵਿਚ ਆਉਣ ਜਾਣ, ਘੁੰਮਣ, ਪਾਉਣ, ਰਸਾਈ ਕਰਨ ਦੇ ਮੁੱਖ ਭਾਵ ਹਨ। ਰੁੱਤਾਂ ਦਾ ਗੇੜ ਇੱਕ ਚੱਕਰੀ ਪਰਪੰਚ ਹੈ, ਜੋ ਆਉਂਦੀਆਂ-ਜਾਂਦੀਆਂ ਹਨ। ਲੇਖ ਦੇ ਸ਼ੁਰੂ ਵਿਚ ਕਿਹਾ ਗਿਆ ਸੀ ਕਿ ਰੁੱਤ ਫਿਰਨ ਵਾਲਾ ਵਰਤਾਰਾ ਹੈ।
ਕੋਈ ਸ਼ੁਭ ਕਾਰਜ ਅਰੰਭ ਕਰਨ ਲਈ ਪੰਡਿਤਾਂ ਤੋਂ ਢੁਕਵੇਂ ਸਮੇਂ ਦੀ ਵਿਧੀਵਤ ਜਾਣਕਾਰੀ ਲਈ ਜਾਂਦੀ ਹੈ। ਇਸ ਮੰਗਲਮਈ ਸਮੇਂ ਨੂੰ ਮੁਹੂਰਤ/ਮਹੂਰਤ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਅਨੁਸਾਰ “ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ॥” ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਸੰਕੁਚਤ ਰੂਪ ‘ਮੁਹਤ’ ਵੀ ਆਇਆ ਹੈ, “ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ।” ਮੁਹੂਰਤ ਸ਼ਬਦ ਦਾ ਅੱਖਰੀ ਅਰਥ ਅਲਪਕਾਲ ਜਾਂ ਥੋੜ੍ਹੇ ਪਲ ਹੈ। ਦਿਨ ਰਾਤ ਦੀਆਂ ਤੀਹ ਘੜੀਆਂ ਮੰਨ ਕੇ ਮੁਹੂਰਤ ਦੋ ਘੜੀਆਂ ਦਾ ਵਕਫਾ ਹੈ। ਘੰਟੇ-ਮਿੰਟਾਂ ਦੇ ਹਿਸਾਬ ਨਾਲ ਇਹ 48 ਮਿੰਟ ਦਾ ਸਮਾਂ ਬਣਦਾ ਹੈ। ਦਿਨ ਰਾਤ ਦੀਆਂ ਤੀਹ ਘੜੀਆਂ ‘ਚ ਤੀਹ ਹੀ ਮੁਹੂਰਤ ਹਨ, ਜਿਨ੍ਹਾਂ ਦੇ ਨਾਂ ਦੇਵਤਿਆਂ ਦੇ ਨਾਂ ‘ਤੇ ਰੱਖੇ ਗਏ ਹਨ। ਇਨ੍ਹਾਂ ਵਿਚੋਂ ਕਈ ਮੁਹੂਰਤ ਸ਼ੁਭ ਤੇ ਕਈ ਅਸ਼ੁਭ ਮੰਨੇ ਗਏ ਹਨ। ਅੱਜ ਮੁਹੂਰਤ ਦਾ ਅਰਥ ‘ਦੋ ਘੜੀ’ ਹੀ ਲਿਆ ਜਾਂਦਾ ਹੈ।
ਈਸਾ ਪੂਰਵ ਦਸਵੀਂ ਸਦੀ ਦੇ ਪ੍ਰਸਿੱਧ ਨਿਰੁਕਤ-ਸ਼ਾਸਤਰੀ ਯਾਸਕ ਅਨੁਸਾਰ ਮੁਹੂਰਤ ਬਣਿਆ ਹੈ, ਮੁਹ+ਰਿਤੂ ਤੋਂ। ਇਸ ਦਾ ਮਤਲਬ ਹੈ, ਉਹ ਕਾਲ ਜੋ ਛੇਤੀ ਬੀਤ ਜਾਂਦਾ ਹੈ। ‘ਮੁਹ’ ਧਾਤੂ ਵਿਚ ਮੁਰਝਾਉਣ, ਮੂਰਛਿਤ ਹੋਣ ਦੇ ਭਾਵ ਹਨ। ਮੂੜ੍ਹ, ਮੂਰਖ, ਮੂਰਛਿਤ ਸ਼ਬਦ ਇਸੇ ਧਾਤੂ ਤੋਂ ਬਣੇ ਹਨ, ਕਿਉਂਕਿ ਅਜਿਹੇ ਗੁਣ ਵਾਲੇ ਲੋਕਾਂ ਦੀ ਬੁੱਧੀ ਮੁਰਝਾ ਜਾਂਦੀ ਹੈ। ਇਸ ਤਰ੍ਹਾਂ ਮੁਹੂਰਤ ਸ਼ਬਦ ਵਿਚਲੇ ਛੇਤੀ ਬੀਤ ਜਾਣ ਦਾ ਭਾਵ ਬਾਅਦ ਵਿਚ ਸ਼ੁਭ ਸਮੇਂ ਲਈ ਰੂੜ ਹੋ ਗਿਆ। ‘ਰਿ’ ਧਾਤੂ ਤੋਂ ਅਨੇਕਾਂ ਜਾਣੇ-ਪਛਾਣੇ ਸ਼ਬਦ ਬਣੇ ਹਨ, ਜਿਨ੍ਹਾਂ ਦੀ ਵਿਆਖਿਆ ਸ਼ੁਭ ਮੁਹੂਰਤ ਕੱਢ ਕੇ ਹੁੰਦੀ ਰਹੇਗੀ!