ਵਿਗਿਆਨ, ਵਿਗਿਆਨਕ ਸੋਚ ਤੇ ਫਰਜ਼ੀ ਦਾਅਵੇ

ਅਰਵਿੰਦ
ਫੋਨ: +91-98885-64456
ਭਾਰਤੀ ਵਿਗਿਆਨ ਕਾਂਗਰਸ ਐਸੋਸੀਏਸ਼ਨ ਦਾ ਮਕਸਦ ਭਾਰਤ ਵਿਚ ਵਿਗਿਆਨ ਨੂੰ ਅੱਗੇ ਵਧਾਉਣਾ ਅਤੇ ਉਤਸ਼ਾਹਿਤ ਕਰਨਾ ਹੈ। ਇਹ ਐਸੋਸੀਏਸ਼ਨ 1914 ਵਿਚ ਹੋਂਦ ਵਿਚ ਆਈ ਅਤੇ ਉਸੇ ਸਾਲ ਤੋਂ ਹੀ ਇਹ ਭਾਰਤੀ ਵਿਗਿਆਨ ਕਾਂਗਰਸ ਕਰ ਰਹੀ ਹੈ। 1947 ਵਿਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਇਸ ਐਸੋਸੀਏਸ਼ਨ ਦੇ ਕੰਮ ਨੂੰ ਵਿਗਿਆਨ ਆਧਾਰਿਤ ਕੌਮੀ ਏਜੰਡੇ ਅਤੇ ਭਾਰਤੀ ਸੰਵਿਧਾਨ ਦੀ ਵਿਗਿਆਨਕ ਸੋਚ ਪ੍ਰਤੀ ਵਚਨਬੱਧਤਾ ਨਾਲ ਜੋੜ ਕੇ ਇਸ ਮੁਹਾਜ਼ ਨੂੰ ਨਵਾਂ ਮੋੜ ਦਿੱਤਾ।

1976 ਵਿਚ ਵਿਗਿਆਨ ਅਤੇ ਤਕਨਾਲੋਜੀ ਨਾਲ ਜੁੜੇ ਕੌਮੀ ਮੁੱਦਿਆਂ ਬਾਰੇ ਚਰਚਾ ਨੂੰ ਵਿਗਿਆਨ ਕਾਂਗਰਸ ਦੇ ਮੁੱਖ ਏਜੰਡੇ ਵਿਚ ਲਿਆਂਦਾ ਗਿਆ। ਬਾਅਦ ਵਿਚ ਹੋਰ ਹਿੱਸੇ, ਜਿਵੇਂ ਵਿਗਿਆਨ ਸੰਚਾਰਕਾਂ ਦੀ ਗੋਸ਼ਟੀ, ਸਕੂਲੀ ਵਿਦਿਆਰਥੀਆਂ ਲਈ ਵਿਗਿਆਨ, ਵਿਗਿਆਨ ਵਿਚ ਔਰਤਾਂ ਦੀ ਸ਼ਮੂਲੀਅਤ ਆਦਿ ਵਿਗਿਆਨ ਕਾਂਗਰਸ ਦੇ ਪ੍ਰੋਗਰਾਮਾਂ ਵਿਚ ਜੋੜੇ ਗਏ। ਭਾਰਤੀ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਵੀ ਵਿਗਿਆਨ ਕਾਂਗਰਾਸ ਦੇ ਉਦੇਸ਼ਾਂ ਵਿਚ ਸ਼ਾਮਿਲ ਹੈ। ਪਿਛਲੇ ਸਾਲਾਂ ਵਿਚ ਉਘੇ ਕੌਮਾਂਤਰੀ ਵਿਗਿਆਨੀਆਂ ਨੂੰ ਕਾਂਗਰਸ ਵਿਚ ਸੱਦਿਆ ਜਾ ਰਿਹਾ ਹੈ। ਵਿਗਿਆਨ ਕਾਂਗਰਸ ਵਿਚ ਸਿਆਸੀ ਆਗੂਆਂ ਦੀ ਸ਼ਮੂਲੀਅਤ ਇਸ ਵਿਚਾਰ ਨਾਲ ਕੀਤੀ ਗਈ ਸੀ ਕਿ ਉਹ ਇਸ ਵਿਚਲੇ ਵਿਗਿਆਨਕ ਵਿਚਾਰ-ਵਟਾਂਦਰਿਆਂ ਤੋਂ ਦੇਸ਼ ਦੀ ਤਰੱਕੀ ਸਬੰਧੀ ਸੰਕੇਤ ਲੈਣਗੇ ਤਾਂ ਜੋ ਦੇਸ਼ ਵਿਗਿਆਨਕ ਲੀਹਾਂ ਉਤੇ ਅੱਗੇ ਵਧ ਸਕੇ।
ਪਿਛਲੇ ਸਾਲਾਂ ਦੌਰਾਨ ਜਿਸ ਢੰਗ ਨਾਲ ਵਿਗਿਆਨ ਕਾਂਗਰਸ ਕਰਵਾਈ ਜਾ ਰਹੀ ਹੈ, ਇਸ ਤੋਂ ਸਾਫ ਜ਼ਾਹਿਰ ਹੈ ਕਿ ਵਿਗਿਆਨ ਕਾਂਗਰਸ ਆਪਣੇ ਮਕਸਦ ਤੋਂ ਭਟਕ ਚੁੱਕੀ ਹੈ। ਆਜ਼ਾਦੀ ਤੋਂ ਬਾਅਦ ਦੇ ਸਾਲਾਂ ਵਿਚ ਸਿਆਸੀ ਆਗੂ ਵਿਗਿਆਨ ਕਾਂਗਰਸ ਵਿਚ ਵਿਗਿਆਨ ਤੋਂ ਦੇਸ਼ ਲਈ ਸੇਧ ਲੈਣ ਆਉਂਦੇ ਸਨ। ਹੁਣ ਉਲਟਾ ਹੋ ਰਿਹਾ ਹੈ। ਹੁਣ ਸਿਆਸੀ ਆਗੂ ਵਿਗਿਆਨ ਨੂੰ ਪ੍ਰਭਾਵਿਤ ਕਰਨ, ਵਿਗਿਆਨ ਬਾਰੇ ਦਾਅਵੇ ਕਰਨ ਅਤੇ ਵਿਗਿਆਨੀਆਂ ਨੂੰ ਵਿਗਿਆਨ ਦਾ ਏਜੰਡਾ ਦੱਸਣ ਆਉਂਦੇ ਜਾਪਦੇ ਹਨ। ਦੂਜੇ ਪਾਸੇ, ਦੇਸ਼ ਦੇ ਵਿਗਿਆਨੀ ਇਸ ਤੋਂ ਪਰਾਂ ਹਟਦੇ ਜਾ ਰਹੇ ਹਨ। ਬਹੁਤ ਸਾਰੇ ਵਿਗਿਆਨੀ ਤਾਂ ਇਸ ਵਿਚ ਸ਼ਾਮਿਲ ਹੋਣ ਤੋਂ ਵੀ ਕਤਰਾਉਂਦੇ ਹਨ। ਇਹ ਸਿਰਫ ਇਤਫਾਕ ਨਹੀਂ ਕਿ ਭਾਰਤੀ ਮੂਲ ਦੇ ਨੋਬੇਲ ਇਨਾਮ ਵਿਜੇਤਾ ਵੈਂਕਟਾਰਾਮਨ ਰਾਮਕ੍ਰਿਸ਼ਨਨ ਨੇ ਇਸ ਕਾਂਗਰਸ ਨੂੰ ਸਰਕਸ ਕਿਹਾ ਹੈ। ਬਹੁਤੇ ਵਿਗਿਆਨੀਆਂ ਨੂੰ ਲਗਦਾ ਹੈ ਕਿ ਜਿਸ ਢੰਗ ਨਾਲ ਇਹ ਕਾਂਗਰਸ ਕਰਵਾਈ ਜਾ ਰਹੀ ਹੈ, ਉਨ੍ਹਾਂ ਲਈ ਇਸ ਨਾਲ ਅਰਥਪੂਰਵਕ ਜੁੜਨਾ ਮੁਸ਼ਕਿਲ ਹੈ ਅਤੇ ਇਹ ਕਾਂਗਰਸ ਵਿਗਿਆਨਕ ਇਕੱਠ ਹੋਣ ਦੀ ਥਾਂ ਮਹਿਜ਼ ਸਰਕਾਰੀ ਪ੍ਰਦਰਸ਼ਨੀ ਬਣ ਕੇ ਰਹਿ ਗਈ ਹੈ। ਵੈਸੇ ਵੀ ਜ਼ਿਆਦਾਤਰ ਭਾਰਤੀ ਵਿਗਿਆਨੀਆਂ ਵਿਚ ਆਮ ਲੋਕਾਂ ਨਾਲ ਜੁੜਨ ਦਾ ਰੁਝਾਨ ਘੱਟ ਹੈ ਅਤੇ ਉਹ ਆਪਣੇ ਵਿਸ਼ੇ ਅਤੇ ਕਰੀਅਰ ਵੱਲ ਵਧੇਰੇ ਕੇਂਦਰਤ ਰਹਿੰਦੇ ਹਨ। ਬਹੁਤ ਘੱਟ ਭਾਰਤੀ ਵਿਗਿਆਨੀ ਆਮ ਲੋਕਾਂ ਨਾਲ ਜੁੜ ਕੇ, ਸਮਾਜ ਵਿਚ ਵਿਗਿਆਨ ਤੇ ਵਿਗਿਆਨਕ ਸੋਚ ਦੇ ਪ੍ਰਚਾਰ ਦੇ ਕੰਮ ਲਈ ਸਮਾਂ ਕੱਢਣ ਲਈ ਤਿਆਰ ਹੁੰਦੇ ਹਨ।
ਇਨ੍ਹਾਂ ਹਾਲਾਤ ਵਿਚ, ਵਿਗਿਆਨ ਕਾਂਗਰਸ ਦੁਆਰਾ ਮੁਹੱਈਆ ਕਰਵਾਏ ਮੰਚ ਨੂੰ ਗੈਰ ਵਿਗਿਆਨਕ ਲੋਕਾਂ ਨੇ ਵਰਤਣਾ ਸ਼ੁਰੂ ਕਰ ਦਿਤਾ ਹੈ। ਵਿਗਿਆਨ ਕਾਂਗਰਸ ਦੇ ਮੰਚ ਤੋਂ ਤੱਥਹੀਣ ਗੱਲਾਂ ਹੋਣ ਲਗੀਆਂ ਹਨ ਜਿਸ ਵਿਚ ਪੁਰਾਤਨ ਭਾਰਤ ਵਿਚ ਅਜੋਕਾ ਵਿਗਿਆਨ ਤੇ ਧਾਰਮਿਕ ਗ੍ਰੰਥਾਂ ਵਿਚ ਵਿਗਿਆਨ ਬਾਰੇ ਅਨੇਕਾਂ ਦਾਅਵੇ ਸ਼ਾਮਿਲ ਹਨ। ਇਨ੍ਹਾਂ ਦਾਅਵਿਆਂ ਤੇ ਵਿਗਿਅਨ ਬਾਰੇ ਗਲਤ ਧਾਰਨਾਵਾਂ ਦਾ ਸਿਲਸਿਲਾ ਦੇਸ਼ ਵਿਚ ਹੋਰ ਥਾਵਾਂ ਉਤੇ ਵੀ ਚੱਲ ਰਿਹਾ ਹੈ। ਫਰਜ਼ੀ ਵਿਗਿਆਨ ਦੇ ਦਾਅਵੇਦਾਰਾਂ ਵਾਸਤੇ ਵਿਗਿਆਨ ਕਾਂਗਰਸ ਆਪਣੇ ਵਿਚਾਰਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਮਹਿਜ਼ ਇਕ ਹੋਰ ਮੰਚ ਹੈ। ਕਦੀ ਡਾਰਵਿਨ ਦੇ ਸਿਧਾਂਤ ਨੂੰ ਇਸ ਲਈ ਗਲਤ ਕਿਹਾ ਜਾ ਰਿਹਾ ਹੈ ਕਿ ਸਾਡੇ ਪੁਰਖਿਆਂ ਨੇ ਬਾਂਦਰ ਤੋਂ ਮਨੁੱਖ ਬਣਦਾ ਨਹੀਂ ਵੇਖਿਆ, ਕਦੀ ਨਿਊਟਨ ਤੇ ਆਇੰਸਟਾਈਨ ਦੇ ਸਿਧਾਂਤਾਂ ਨੂੰ ਗਲਤ ਦਸਿਆ ਜਾਂਦਾ ਹੈ। ਬਦਕਿਸਮਤੀ ਨਾਲ 106ਵੀਂ ਸਾਇੰਸ ਕਾਂਗਰਸ ਜੋ ਇਸ ਸਾਲ ਜਲੰਧਰ ਵਿਚ ਹੋਈ, ਵਿਚ ਗੈਰ ਵਿਗਿਆਨਕ ਗੱਲਾਂ ਸਕੂਲ ਦੇ ਵਿਦਿਆਰਥੀਆਂ ਲਈ ਕਰਵਾਏ ਪ੍ਰੋਗਰਾਮ ਵਿਚ ਹੋਈਆਂ ਜੋ ਵਿਦਿਆਰਥੀਆਂ ਨੂੰ ਵਿਗਿਆਨ ਬਾਰੇ ਗੁੰਮਰਾਹ ਕਰ ਸਕਦੀਆਂ ਹਨ।
ਮੁੱਢ ਕਦੀਮ ਤੋਂ ਹੀ ਸਭਿਆਤਾਵਾਂ ਨੇ ਗਿਆਨ ਬਣਾਇਆ ਹੈ ਤੇ ਇਸ ਨੂੰ ਸੂਤਰਬੱਧ ਵੀ ਕੀਤਾ ਹੈ। ਇਸ ਗਿਆਨ ਦੇ ਕਈ ਹਿਸਿਆਂ ਨੂੰ ਉਸ ਸਮੇਂ ਦਾ ਵਿਗਿਆਨ ਕਹਿਣਾ ਵੀ ਬਿਲਕੁਲ ਵਾਜਬ ਹੈ ਪਰ ਇਹ ਕਹਿਣਾ ਕਿ ਸਾਰਾ ਅਜੋਕਾ ਵਿਗਿਆਨ ਪੁਰਾਤਨ ਭਾਰਤੀ ਸਭਿਅਤਾ ਕੋਲ ਮੌਜੂਦ ਸੀ, ਐਨ ਵੱਖਰੀ ਗੱਲ ਹੈ। ਇੱਦਾਂ ਦੀ ਬਿਆਨਬਾਜ਼ੀ ਪੁਰਾਤਨ ਸਭਿਅਤਾ ਦੇ ਗਿਆਨ ਤੇ ਅਜੋਕੇ ਵਿਗਿਆਨ, ਦੋਹਾਂ ਨਾਲ ਜ਼ਿਆਦਤੀ ਹੈ। ਪੁਰਾਤਨ ਸਭਿਆਤਾਵਾਂ ਵਿਚਲੇ ਗਿਆਨ ਦੀ ਤਸਦੀਕ ਤੇ ਇਸ ਦੇ ਇਤਿਹਾਸ ਉਪਰ ਵਿਗਿਆਨ ਦੇ ਇਤਿਹਾਸਕਾਰ ਖੋਜ ਕਰਦੇ ਹਨ ਤੇ ਇਸ ਤਰ੍ਹਾਂ ਦੀ ਚੋਖੀ ਖੋਜ ਹੋ ਵੀ ਚੁੱਕੀ ਹੈ। ਇਹ ਵਿਸ਼ਾ ਵਿਗਿਆਨ ਦਾ ਨਹੀਂ, ਵਿਗਿਆਨ ਦੇ ਇਤਿਹਾਸ ਦਾ ਹੈ। ਇਤਿਹਾਸ ਦੀ ਖੋਜ ਦੇ ਸਥਾਪਤ ਤਰੀਕਾਕਾਰ ਮੌਜੂਦ ਹਨ ਜਿਨ੍ਹਾਂ ਦੁਆਰਾ ਅਸੀਂ ਪੁਰਾਤਨ ਸਭਿਆਤਾਵਾਂ ਵਿਚ ਅਜੋਕੇ ਵਿਗਿਆਨ ਦੇ ਮੌਜੂਦ ਹੋਣ ਬਾਰੇ ਦਾਅਵਿਆਂ ਦਾ ਵਿਗਿਆਨਕ ਤਰਕ ਨਾਲ ਨਰੀਖਣ ਕਰ ਸਕਦੇ ਹਾਂ ਤੇ ਜਾਣ ਸਕਦੇ ਹਾਂ ਕਿ ਇਨ੍ਹਾਂ ਵਿਚ ਕਿੰਨਾ ਕੁ ਸੱਚ ਹੈ। ਹੁਣ ਤੱਕ ਟੈਸਟ ਟਿਊਬ ਬੱਚੇ, ਮਿਜ਼ਾਈਲਾਂ, ਪਲਾਸਟਿਕ ਸਰਜਰੀ ਆਦਿ ਦੇ ਪੁਰਾਤਨ ਭਾਰਤ ਵਿਚ ਹੋਣ ਬਾਰੇ ਕੋਈ ਇਤਿਹਾਸਕ ਤੱਥ ਨਹੀਂ ਮਿਲਦੇ। ਫਿਰ ਵੀ ਇਨ੍ਹਾਂ ਦੇ ਪੁਰਾਤਨ ਭਾਰਤ ਵਿਚ ਮੌਜੂਦ ਹੋਣ ਦਾ ਜ਼ਿਕਰ ਵਿਗਿਆਨ ਕਾਗਰਸਾਂ ਤੇ ਹੋਰ ਮੰਚਾਂ ਉਤੇ ਵਾਰ ਵਾਰ ਹੋਇਆ ਹੈ।
ਇਸੇ ਤਰ੍ਹਾਂ ਜਦੋਂ ਧਾਰਮਿਕ ਗ੍ਰੰਥਾਂ ਵਿਚ ਅਜੋਕਾ ਵਿਗਿਆਨ ਦਰਜ ਹੋਣ ਬਾਰੇ ਕਿਹਾ ਜਾਂਦਾ ਹੈ ਤਾਂ ਇਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਕਿਸ ਵਿਗਿਆਨ ਦੀ ਗੱਲ ਕਰ ਰਹੇ ਹਾਂ? ਵਿਗਿਆਨ ਬਦਲਦਾ ਰਹਿੰਦਾ ਹੈ ਤੇ ਬਹੁਤ ਸਾਰੇ ਸਿਧਾਂਤ ਜੋ ਪਹਿਲਾਂ ਵਿਗਿਆਨ ਦੇ ਸਿਧਾਂਤ ਮੰਨੇ ਜਾਂਦੇ ਸਨ, ਹੁਣ ਨਵੇਂ ਵਿਗਿਆਨਕ ਸਿਧਾਂਤਾਂ ਨਾਲ ਬਦਲ ਦਿਤੇ ਗਏ ਹਨ। ਨਿਊਟਨ ਦੇ ਗਤੀ ਦੇ ਨਿਯਮ ਪਹਿਲਾਂ ਵਿਆਪਕ ਸਚਾਈ ਦੇ ਰੂਪ ਵਿਚ ਮੰਨੇ ਜਾਂਦੇ ਸਨ ਪਰ ਵੀਹਵੀਂ ਸਦੀ ਦੇ ਸ਼ੁਰੂ ਵਿਚ ਇਹ ਪਤਾ ਲੱਗਾ ਕਿ ਜਦੋਂ ਕੋਈ ਵਸਤੂ ਬਹੁਤ ਤੇਜ਼ ਚਲਦੀ ਹੈ ਤੇ ਉਸ ਦਾ ਵੇਗ ਪ੍ਰਕਾਸ਼ ਦੇ ਵੇਗ ਦੇ ਨੇੜੇ ਪਹੁੰਚ ਜਾਂਦਾ ਹੈ ਤਾਂ ਸਾਨੂੰ ਨਿਊਟਨ ਦੇ ਨਿਯਮਾਂ ਨੂੰ ਬਦਲਣਾ ਪੈਂਦਾ ਹੈ। ਜਿਵੇਂ-ਜਿਵੇਂ ਵਿਗਿਆਨਕ ਸਮਝ ਦਾ ਨਵੀਨੀਕਰਨ ਹੁੰਦਾ ਹੈ, ਵਿਗਿਆਨ ਦੀਆਂ ਧਾਰਨਾਵਾਂ ਵੀ ਬਦਲਦੀਆਂ ਰਹਿੰਦੀਆਂ ਹਨ। ਫਿਰ ਕਿਹੜਾ ਵਿਗਿਆਨ ਅਸੀਂ ਧਾਰਮਿਕ ਪੁਸਤਕਾਂ ਨਾਲ ਜੋੜਾਂਗੇ? ਕੀ ਅਸੀਂ ਪਵਿਤਰ ਗ੍ਰੰਥਾਂ ਨੂੰ ਵੀ ਤਬਦੀਲ ਕਰਾਂਗੇ? ਇਹ ਕੁਫਰ ਗਿਣਿਆ ਜਾਵੇਗਾ।
ਵਿਗਿਆਨਕ ਤੇ ਧਾਰਮਿਕ ਗਿਆਨ ਵਿਚਲਾ ਵਖਰੇਵਾਂ ਹੋਰ ਵੀ ਡੂੰਘਾ ਹੈ। ਵਿਗਿਆਨ ਮਨੁੱਖ ਦੁਆਰਾ ਵਿਗਿਆਨਕ ਤਰੀਕੇ ਵਰਤ ਕੇ ਬਣਾਇਆ ਗਿਆ ਗਿਆਨ ਹੈ ਜਿਸ ਦੀਆਂ ਧਾਰਨਾਵਾਂ ਸਮੇਂ ਨਾਲ ਬਦਲਦੀਆਂ ਰਹਿੰਦੀਆਂ ਹਨ। ਅਧਿਆਤਮਿਕ ਗਿਆਨ ਜੋ ਪਵਿਤਰ ਪੁਸਤਕਾਂ ਵਿਚ ਦਰਜ ਹੈ, ਮਨੁੱਖ ਦੁਆਰਾ ਬਣਾਇਆ ਨਹੀਂ ਮੰਨਿਆ ਜਾਂਦਾ। ਇਹ ਸੰਪੂਰਨ ਮੰਨਿਆ ਜਾਂਦਾ ਹੈ ਤੇ ਇਸ ਵਿਚ ਬਦਲਾਓ ਵੀ ਸੰਭਵ ਨਹੀਂ ਹੈ। ਇਸ ਲਈ ਇਨ੍ਹਾਂ ਦੋ ਕਿਸਮ ਦੇ ਗਿਆਨਾਂ ਦਾ ਸੁਮੇਲ ਸੰਭਵ ਨਹੀਂ।
ਵਿਗਿਆਨ ਨੂੰ ਸਹੂਲਤਾਂ ਪੈਦਾ ਕਰਨ ਲਈ ਵਸਤੂਆਂ ਦੇ ਨਿਰਮਾਣ ਦੇ ਸਾਧਨ ਤੱਕ ਸੀਮਿਤ ਰੱਖ ਕੇ ਹੀ ਨਹੀਂ ਵੇਖਣਾ ਚਾਹੀਦਾ ਸਗੋਂ ਇਸ ਨੂੰ ਸੋਚਣ ਤੇ ਜਿਊਣ ਦੇ ਤਰੀਕੇ ਦੇ ਤੌਰ ‘ਤੇ ਸਮਝਣਾ ਚਾਹੀਦਾ ਹੈ। ਵਿਗਿਆਨ ਦਾ ਤਰੀਕਾ ਮਨੁੱਖ ਨੂੰ ਜ਼ਿੰਦਗੀ ਦੇ ਬਹੁਤ ਸਾਰੇ ਹਾਲਾਤ ਵਿਚ ਵਿਗਿਆਨਕ ਤਰਕ ਦੇ ਆਧਾਰ ਤੇ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਦਿੰਦਾ ਹੈ। ਵਿਗਿਆਨ ਦਾ ਇਹ ਅਹਿਮ ਪੱਖ ਵਿਗਿਆਨ ਦੀ ਸਿਖਿਆ, ਵਿਗਿਆਨ ਦੀ ਨੀਤੀ ਤੇ ਕਈ ਵਾਰ ਵਿਗਿਆਨੀਆਂ ਦੀ ਆਪਣੀ ਸੋਚ ਵਿਚ ਵੀ ਸਹੀ ਰੂਪ ਵਿਚ ਉਜਾਗਰ ਨਹੀਂ ਹੁੰਦਾ ਅਤੇ ਅਣਗੌਲਿਆ ਰਹਿ ਜਾਂਦਾ ਹੈ। ਅਸਲ ਵਿਚ ਇਹ ਕੰਮ ਲੋੜੀਂਦੀ ਸੰਜੀਦਗੀ ਨਾਲ ਨਹੀਂ ਹੋ ਰਿਹਾ। ਭਾਰਤ ਵਿਚ ਅੱਜ ਵੀ ਅੰਧ-ਵਿਸ਼ਵਾਸ ਤੇ ਗ਼ੈਰ-ਵਿਗਿਆਨਕ ਸੋਚ ਦਾ ਬੋਲਬਾਲਾ ਹੈ। ਇਨ੍ਹਾਂ ਹਾਲਾਤ ਨੂੰ ਬਦਲਣ ਦੀ ਲੋੜ ਹੈ।
ਵਿਗਿਆਨ ਕਾਂਗਰਸ ਦੇ ਪ੍ਰਬੰਧਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਗਿਆਨ ਕਾਂਗਰਸ ਸਹੀ ਵਿਗਿਆਨਕ ਸੋਚ ਨਾਲ ਜੁੜ ਕੇ ਚਲੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੇਸ਼ ਦੇ ਉਘੇ ਵਿਗਿਆਨੀ ਇਸ ਵਿਚ ਸੰਜੀਦਗੀ ਨਾਲ ਭਾਗ ਲੈਣ। ਸਰਕਾਰ ਦੀ ਸ਼ਮੂਲੀਅਤ ਸਹੂਲਤਾਂ ਮੁਹੱਈਆ ਕਰਨ ਅਤੇ ਵਿਗਿਆਨ ਨੂੰ ਹੱਲਾਸ਼ੇਰੀ ਦੇਣ ਦੇ ਰੂਪ ਵਿਚ ਹੋਵੇ, ਨਾ ਕਿ ਸਰਕਾਰੀ ਏਜੰਡਾ ਕਾਂਗਰਸ ਉਪਰ ਲੱਦਣ ਦੀ ਮਨਸ਼ਾ ਨਾਲ। ਇਹ ਯਕੀਨੀ ਬਣਾਇਆ ਜਾਵੇ ਕਿ ਭਾਸ਼ਨ ਉਨ੍ਹਾਂ ਸ਼ਖ਼ਸਾਂ ਦੇ ਹੋਣ ਜਿਨ੍ਹਾਂ ਦੀ ਆਪਣੇ ਵਿਸ਼ੇ ਵਿਚ ਪਛਾਣ ਹੈ, ਤੇ ਉਹ ਆਪਣੇ ਵਿਸ਼ੇ ਬਾਰੇ ਹੀ ਚਰਚਾ ਕਰਨ। ਵਿਗਿਆਨ ਅਕਾਦਮੀਆਂ ਇਸ ਵਿਚ ਪ੍ਰਬੰਧਕਾਂ ਦੀ ਸਹਾਇਤਾ ਕਰ ਸਕਦੀਆਂ ਹਨ। ਵਿਗਿਆਨ ਦਾ ਇਤਿਹਾਸ ਤੇ ਪੁਰਾਤਨ ਭਾਰਤੀ ਸਭਿਅਤਾ ਦੀ ਵਿਗਿਆਨ ਨੂੰ ਦੇਣ, ਤੇ ਇਸ ਦੇ ਮੁਲੰਕਣ ਨੂੰ ਵਿਗਿਆਨ ਦੇ ਇਤਿਹਾਸਕਾਰਾਂ ਤੇ ਛੱਡ ਦਿੱਤਾ ਜਾਵੇ। ਇਉਂ ਵਿਗਿਆਨ ਕਾਂਗਰਸ ਨੂੰ ਵਾਪਿਸ ਲੀਹ ਉਤੇ ਲਿਆਂਦਾ ਜਾ ਸਕਦਾ ਹੈ ਤੇ ਇਹ ਵਿਗਿਆਨ ਨੂੰ ਆਮ ਲੋਕਾਂ ਨਾਲ ਜੋੜਨ ਦੇ ਕੰਮ ਵਿਚ ਅਹਿਮ ਯੋਗਦਾਨ ਪਾ ਸਕਦੀ ਹੈ।