ਹਿੰਦੂਵਾਦੀ ਲੀਡਰਾਂ ਦੇ ਗੈਰ ਵਿਗਿਆਨਕ ਬਿਆਨ

ਡਾ. ਮਨਜੀਤ ਸਿੰਘ ਬੱਲ
ਫੋਨ: +91-83508-00237
ਭਾਰਤ ਕਈ ਭਾਸ਼ਾਵਾਂ, ਸੰਸਕ੍ਰਿਤੀਆਂ ਤੇ ਧਰਮਾਂ ਵਾਲਾ ਮੁਲਕ ਹੈ ਅਤੇ ਇਸ ਦੇ ਨੇਤਾਵਾਂ ਨੂੰ ਰੋਲ-ਮਾਡਲ ਹੋਣਾ ਚਾਹੀਦਾ ਹੈ ਪਰ ਆਪਣੇ ਮੁਲਕ ਦੇ ਸੰਵਿਧਾਨ ਨੂੰ ਮੰਨਣ ਵਾਲੇ ਅਤੇ ਇਸ ਦੀ ਸਹੁੰ ਚੁੱਕ ਕੇ ਆਹੁਦੇ ਪ੍ਰਾਪਤ ਕਰਨ ਵਾਲੇ ਹੀ ਸੰਵਿਧਾਨ ਨੂੰ ਨਹੀਂ ਮੰਨਦੇ। ਵੱਡੇ-ਵੱਡੇ ਮੰਚਾਂ ਉਤੇ ਆਪ-ਹੁਦਰੀਆਂ, ਗੈਰ ਵਾਜਬ ਤੇ ਗੈਰ ਵਿਗਿਆਨਕ ਗੱਲਾਂ ਕਰੀ ਜਾਂਦੇ ਹਨ।

ਕੈਂਸਰ ਦੇ ਇਲਾਜ ਸਬੰਧੀ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨਵੀਂ ਦਿਲੀ, ਨੈਸ਼ਨਲ ਕੈਂਸਰ ਰਜਿਸਟਰੀ ਬੰਗਲੌਰ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦਿੱਲੀ, ਜਿਪਮਰ ਪੁਡੂਚੇਰੀ ਤੇ ਭਾਰਤ ਦੀਆਂ ਹੋਰ ਸੰਸਥਾਵਾਂ ਸਮੇਤ ਪੂਰੀ ਦੁਨੀਆ ਵਿਚ, ਜਿਵੇਂ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਸਵਿਟਜ਼ਰਲੈਂਡ, ਅਮਰੀਕਾ, ਯੂਰੋਪ, ਆਸਟ੍ਰੇਲੀਆ, ਸਿੰਗਾਪੁਰ, ਮੱਧ ਪੂਰਬ ਆਦਿ ਮੁਲਕਾਂ ਵਿਚ ਖੋਜਾਂ ਹੋ ਰਹੀਆਂ ਹਨ ਜਿਸ ‘ਤੇ ਅਰਬਾਂ-ਖਰਬਾਂ ਡਾਲਰ ਖਰਚ ਕੀਤੇ ਜਾ ਰਹੇ ਹਨ ਪਰ ਗੁਜਰਾਤ ਤੋਂ ਸੰਸਦ ਮੈਂਬਰ ਸ਼ੰਕਰ ਭਾਈ ਵੇਗਾਡ ਦਾ ਕਹਿਣਾ ਹੈ ਕਿ ਗਾਂ ਦੇ ਪਿਸ਼ਾਬ ਤੇ ਗੋਹੇ ਨਾਲ ਕੈਂਸਰ ਬਿਲਕੁਲ ਠੀਕ ਹੋ ਜਾਂਦਾ ਹੈ। ਉਨ੍ਹਾਂ ਨੇ ਪਤਾ ਨਹੀਂ ਕਿਹੜੀ ਖੋਜ ਦੇ ਆਧਾਰ ‘ਤੇ ਇਹ ਬਿਆਨ ਦਿੱਤਾ ਹੈ? ਸਮਝ ਨਹੀਂ ਲਗਦੀ ਕਿ ਜਨਤਾ ਦੁਆਰਾ ਚੁਣੇ ਹੋਏ ਨੇਤਾ ਇਸ ਤਰ੍ਹਾਂ ਦੇ ਹਾਸੋ-ਹੀਣੇ ਬਿਆਨ ਦੇ ਕੇ ਸਾਰੀ ਦੁਨੀਆਂ ‘ਚ ਭਾਰਤ ਦਾ ਮਖੌਲ ਕਿਉਂ ਉਡਾਉਂਦੇ ਹਨ? ਸਿਹਤ ਠੀਕ ਰੱਖਣ ਵਾਸਤੇ ਵਰਜ਼ਿਸ਼, ਯੋਗ, ਆਯੂਸ਼ ਵਗ਼ੈਰਾ ਪੂਰੀ ਦੁਨੀਆ ਵਿਚ ਪ੍ਰਚਲਿਤ ਹਨ। ਜਦ ਬਿਮਾਰੀ ਆਉਂਦੀ ਹੈ ਤਾਂ ਉਹ ਕਿਸੇ ਨੂੰ ਨਹੀਂ ਬਖਸ਼ਦੀ; ਅਰੁਣ ਜੇਤਲੀ ਹੋਵੇ, ਗੋਆ ਦਾ ਮੁੱਖ ਮੰਤਰੀ ਮਨੋਹਰ ਪਰੀਕਰ ਤੇ ਭਾਵੇਂ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ। ਇਲਾਜ ਵਾਸਤੇ ਸਭ ਏਮਜ਼ ਨਵੀਂ ਦਿੱਲੀ ਜਾਂ ਅਮਰੀਕਾ ਦੇ ਹਸਪਤਾਲਾਂ ‘ਚ ਹੀ ਜਾਂਦੇ ਹਨ। ਕਦੀ ਨਹੀਂ ਸੁਣਿਆ ਕਿ ਕਿਸੇ ਨੇ ਗਾਂ ਦੇ ਗੋਹੇ ਜਾਂ ਪਿਸ਼ਾਬ ਨਾਲ ਜਾਂ ਬਾਬਾ ਰਾਮਦੇਵ ਦੇ ਫਾਰਮੂਲਿਆਂ ਨਾਲ ਇਲਾਜ ਕਰਵਾਇਆ ਹੋਵੇ!
ਮਿਥਿਹਾਸ ਨਾ ਤਾਂ ਇਤਿਹਾਸ ਹੁੰਦਾ ਹੈ ਤੇ ਨਾ ਹੀ ਵਿਗਿਆਨ। ਸਮੁੰਦਰਾਂ ‘ਤੇ ਪੁਲ ਬਣਾਉਣ ਵਾਲੇ ਪਲੈਨਰਜ਼ ਤੇ ਇੰਜਨੀਅਰਾਂ ਨੂੰ ਪਤਾ ਹੈ ਕਿ ਇਹ ਕਿਵੇਂ ਬਣਦੇ ਹਨ। ਰਾਮੇਸ਼ਵਰਮ ਤੋਂ ਸ੍ਰੀਲੰਕਾ ਦੇ ਮਨਾੜ ਦਰਮਿਆਨ ‘ਰਾਮ ਸੇਤੂ’ ਜਾਂ ‘ਐਡਮਜ਼ ਬ੍ਰਿਜ’ ਮਿਥਿਹਾਸਕ ਕਥਾ ਅਨੁਸਾਰ ਰਾਮ ਦੀ ਸ਼ਕਤੀ ਨਾਲ ਹਨੂੰਮਾਨ ਦੀ ਵਾਨਰ ਸੈਨਾ ਨੇ ਬਣਾਇਆ ਸੀ। ਚਟਾਨਾਂ ਤੇ ਪੱਥਰਾਂ ਦਾ ਬਣਿਆ ਹੋਇਆ ਇਹ ਤਕਰੀਬਨ ਪੰਜਾਹ ਕਿਲੋਮੀਟਰ ਲੰਮਾ ਕੁਦਰਤੀ ਲਾਂਘਾ (ਪੁਲ਼) ਹੈ। ਇਸ ਜਗਾ੍ਹ ‘ਤੇ ਸਮੰਦਰ ਦੀ ਡੂੰਘਾਈ ਬਹੁਤ ਘੱਟ ਹੈ, ਸੋ ਜਹਾਜ਼ ਨਹੀਂ ਲੰਘ ਸਕਦੇ। ਜਹਾਜ਼ ਲੰਘਾਉਣ ਲਈ ਬਹੁ-ਕਰੋੜੀ ‘ਸੇਤੂ ਸਮੁੰਦਰਮ’ ਨਾਂ ਦਾ ਪ੍ਰਾਜੈਕਟ ਚੱਲ਼ ਰਿਹਾ ਹੈ ਜਿਸ ਵਾਸਤੇ ‘ਰਾਮ ਸੇਤੂ’ ਦੇ ਰਸਤੇ ‘ਚ ਤਬਦੀਲੀ ਕਰਕੇ ਇਸ ਨੂੰ ਡੂੰਘਾ ਕੀਤਾ ਜਾਣਾ ਹੈ ਪਰ ਕੁਝ ਧਾਰਮਿਕ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਭਾਰਤੀ ਪੁਰਾਤੱਤਵ ਨੇ ਸੁਪਰੀਮ ਕੋਰਟ ਵਿਚ ਹਲਫਨਾਮਾ ਦੇ ਕੇ ਕਿਹਾ ਹੈ ਕਿ ਇਹ ਪੁਲ ਕੁਦਰਤੀ ਤੌਰ ‘ਤੇ ਹੀ ਚਟਾਨਾਂ ਤੇ ਪੱਥਰਾਂ ਨਾਲ ਬਣਿਆ ਹੋਇਆ ਹੈ। ਦੂਜੇ ਪਾਸੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਕਹਿੰਦੇ ਹਨ, “ਜ਼ਰਾ ਸੋਚੋ, ਸ੍ਰੀ ਰਾਮ ਜੀ ਕੋਲ ਕਿੰਨੇ ਮਾਹਿਰ ਇੰਜਨੀਅਰ ਹੋਣਗੇ ਜਿਨ੍ਹਾਂ ਨੇ ਭਾਰਤ ਤੇ ਸ੍ਰੀਲੰਕਾ ਦਰਮਿਆਨ ਰਾਮ ਸੇਤੂ ਬਣਵਾਇਆ।”
ਕੇਂਦਰ ਸਰਕਾਰ ਵਿਚ ਮਨੁੱਖੀ ਸੋਮਿਆਂ ਦੇ ਰਾਜ ਮੰਤਰੀ ਸਤਿਆ ਪਾਲ ਸਿੰਘ ਨੇ ਇਸੇ ਸਾਲ ਜਨਵਰੀ ਵਿਚ ਮਹਾਰਾਸ਼ਟਰ ਦੀ ਵਿਗਿਆਨਕ ਕਾਨਫਰੰਸ ਦੇ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਆਪਣੇ ਭਾਸ਼ਨ ਵਿਚ ਕਿਹਾ: “ਮਨੁੱਖਾਂ ਦੀ ਉਤਪਤੀ ਬਾਰੇ ਡਾਰਵਿਨ ਦੀ ਥਿਊਰੀ ਵਿਗਿਆਨਿਕ ਤੌਰ ‘ਤੇ ਗ਼ਲਤ ਹੈ, ਇਸ ਨੂੰ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਵਿਚੋਂ ਕੱਢ ਦੇਣਾ ਚਾਹੀਦਾ ਹੈ, ਕਿਉਂਕਿ ਕਿਸੇ ਨੇ ਵੀ ਬਾਂਦਰ ਤੋਂ ਬੰਦਾ ਬਣਦਾ ਨਹੀਂ ਵੇਖਿਆ।” ਚਾਰਲਸ ਡਾਰਵਿਨ (1809-1882) ਬਾਰੇ ਮੰਤਰੀ ਦੇ ਇਸ ਕਥਨ ਦਾ ਸਾਇੰਸਦਾਨਾਂ ਤੇ ਖੋਜਕਾਰਾਂ ਨੇ ਗੰਭੀਰ ਨੋਟਿਸ ਲਿਆ ਸੀ। ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਨੇ ਇਹ ਕਹਿੰਦਿਆਂ ਰੋਸ ਵੀ ਜ਼ਾਹਿਰ ਕੀਤਾ ਸੀ ਤੇ ਪਟੀਸ਼ਨ ਵੀ ਪਾਈ ਸੀ ਕਿ ਇਸ ਮੰਤਰੀ ਨੇ ਭਾਰਤ ਦਾ ਅਕਸ ਖਰਾਬ ਕਰ ਦਿਤਾ ਹੈ।
ਇਹ ਗੱਲ ਜੱਗ ਜ਼ਾਹਿਰ ਹੈ ਕਿ ਭਾਰਤ ਨੇ 1974 ਤੇ ਬਾਅਦ ਵਿਚ 1998 ਵਿਚ ਪਰਮਾਣੂ ਟੈਸਟ ਕੀਤੇ ਪਰ ਸੰਸਦ ਮੈਂਬਰ ਰਮੇਸ਼ ਨਿਸ਼ਾਂਕ ਦਾ ਕਹਿਣਾ ਹੈ, “ਜਿਹੜੇ ਪਰਮਾਣੂ ਟੈਸਟ ਦੀ ਅਸੀਂ ਅੱਜ ਗੱਲ ਕਰਦੇ ਹਾਂ, ਰਿਸ਼ੀ ਕਨਾਡ ਨੇ ਇਹ ਟੈਸਟ ਬਹੁਤ ਵਰ੍ਹੇ ਪਹਿਲਾਂ ਕੀਤਾ ਸੀ।” ਕਨਾਡ ਰਿਸ਼ੀ ਦੂਜੀ ਸਦੀ ‘ਚ ਹੋਇਆ ਦੱਸਿਆ ਜਾਂਦਾ ਹੈ। ਇਕ ਹੋਰ ਬਿਆਨ ਵਿਚ ਉਹ ਕਹਿੰਦੇ ਹਨ: “ਹਸਤ ਰੇਖਾ ਤੇ ਕੁੰਡਲੀਆਂ ਦੀ ਸਾਇੰਸ ਤੋਂ ਵੱਡੀ ਹੋਰ ਕੋਈ ਸਾਇੰਸ ਨਹੀਂ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਨੂੰ ਹੱਲਾਸ਼ੇਰੀ ਦੇਈਏ।” ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਸਾਇੰਸ ਬਾਰੇ ਬੋਲਣ ਤੋਂ ਨਹੀਂ ਰਹਿ ਸਕੇ, ਕਹਿੰਦੇ ਹਨ, “ਅਮਰੀਕਾ ਦੇ ਖੋਜਕਾਰ ਸੂਰਜ ਤੇ ਚੰਦਰ ਗ੍ਰਹਿਣਾਂ ਦੀਆਂ ਤਰੀਕਾਂ ਬਾਰੇ ਦੱਸਦੇ ਹਨ ਪਰ ਆਪਣੇ ਭਾਰਤ ‘ਚ ਕਿਸੇ ਵੀ ਪੰਡਿਤ ਨੂੰ ਪੁੱਛ ਲਓ, ਉਹ ਪਚਾਂਗ ਖੋਲ੍ਹੇਗਾ ਤੇ ਫੱਟ ਦੱਸ ਦੇਵੇਗਾ ਕਿ ਕਦੋਂ ਗ੍ਰਹਿਣ ਲਗਣਾ ਹੈ।” ਰਾਜਸਥਾਨ ਦੇ ਸਿਖਿਆ ਮੰਤਰੀ ਵਾਸੂਦੇਵ ਦੇਵਨਾਣੀ ਨੇ ਕਿਹਾ ਹੈ; “ਗਾਵਾਂ ਆਪਣੇ ਸਾਹ ਨਾਲ ਆਕਸੀਜਨ ਕੱਢਦੀਆਂ ਹਨ ਜਿਹਦੇ ਨਾਲ ਮਨੁੱਖ ਸਾਹ ਲੈਂਦਾ ਹੈ।” ਸਾਇੰਸਦਾਨਾਂ ਤੇ ਖੋਜਕਾਰਾਂ ਦੀ ਸਮਝ ਤੋਂ ਬਾਹਰ ਹੈ ਕਿ ਇਹ ਭਲਾ ਕਿਹੜੀ ਥਿਊਰੀ ਹੋਈ?
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਆਧੁਨਿਕ ਟੈਕਨਾਲੋਜੀ ਤੇ ਸੰਚਾਰ-ਤੰਤਰ ਨੂੰ ਨਵੇਂ ਹੀ ਢੰਗ ਨਾਲ ਪੇਸ਼ ਕੀਤਾ ਅਤੇ ਕਿਹਾ ਕਿ ‘ਇੰਟਰਨੈਟ ਮਹਾਂਭਾਰਤ ਵੇਲੇ ਵੀ ਸੀ।” ਇਸ ਦਾ ਵਿਸਥਾਰ ਸਹਿਤ ਵਰਨਣ ਕਰਦਿਆਂ ਉਨ੍ਹਾਂ ਕਿਹਾ, “ਕੁਰੂਕਸ਼ੇਤਰ ਦੇ ਅਠਾਰਾਂ ਦਿਨਾਂ ਦੇ ਯੁੱਧ ਨੂੰ ਸੰਜੈ ਨੇ ਇੰਟਰਨੈਟ ਰਾਹੀਂ ਹੀ ਤਾਂ 50 ਕਿਲੋਮੀਟਰ ਦੂਰ ਬੈਠੇ ਦਿਸ਼੍ਰਟੀਹੀਣ ਰਾਜੇ ਧ੍ਰਿਤਰਾਸ਼ਟਰ ਤੱਕ ਪਹੁੰਚਾਇਆ ਸੀ। ਇਹ ਟੈਕਨਾਲੋਜੀ ਤਾਂ ਹਜ਼ਾਰ ਤੋਂ ਵੀ ਵਧ ਸਾਲ ਪਹਿਲਾਂ ਖੋਜ ਲਈ ਗਈ ਸੀ।” ਬਾਰਡਰ ਤੋਂ ਚੀਨ ਦੀਆਂ ਫੌਜਾਂ ਭਜਾਉਣ ਬਾਰੇ ਰਾਸ਼ਟਰੀ ਸਵੈਮਸੇਵਕ ਸੰਘ ਨੇ ਕਿਹਾ ਹੈ: “ਜੇ ਸਾਰੇ ਭਾਰਤੀ ਰੋਜ਼ ਪੰਜ ਵਾਰ ਚੀਨ ਦੇ ਖਿਲਾਫ ਮੰਤਰ ਪੜ੍ਹਨ ਤਾਂ ਡਰੈਗਨ (ਚੀਨ) ਨੂੰ ਬਾਰਡਰ ਤੋਂ ਖਦੇੜਿਆ ਜਾ ਸਕਦਾ ਹੈ।
ਹੋਰ ਤਾਂ ਹੋਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਜਿਹੀਆਂ ਗੱਲਾਂ ਤੋਂ ਨਹੀਂ ਖੁੰਝਦੇ। ਮੈਡੀਕਲ ਸਾਇੰਸ ਦੇ ਅਤਿ ਮੁਹਾਰਤ ਵਾਲੇ ਵਿਸ਼ੇ ਪਲਾਸਟਿਕ ਸਰਜਰੀ ਬਾਰੇ ਉਹ ਕਹਿੰਦੇ ਹਨ, “ਪਲਾਸਟਿਕ ਸਰਜਰੀ ਦੀ ਸ਼ੁਰੂਆਤ ਸ੍ਰੀ ਗਣੇਸ਼ ਜੀ ਦੇ ਜ਼ਮਾਨੇ ਵਿਚ ਹੀ ਹੋਈ ਸੀ। ਉਸ ਸਮੇਂ ਵੀ ਕੋਈ ਐਸਾ ਮਾਹਿਰ ਪਲਾਸਟਿਕ ਸਰਜਨ ਹੋਵੇਗਾ ਜਿਸ ਨੇ ਮਨੁੱਖ ਦੇ ਧੜ ਉਤੇ ਹਾਥੀ ਦਾ ਸਿਰ ਲਗਾ ਦਿੱਤਾ ਸੀ।” ਐਡਵਾਂਸ ਜੈਨੇਟਿਕ ਇੰਜਨੀਅਰਿੰਗ ਬਾਰੇ ਐਸਾ ਹੀ ਗੈਰ ਵਿਗਿਆਨਕ ਬਿਆਨ ਹੈ, “ਮਹਾਂਭਾਰਤ ਬਾਰੇ ਸਾਨੂੰ ਪਤਾ ਹੈ ਕਿ ਕਰਨ ਮਾਂ ਦੇ ਪੇਟ ‘ਚੋਂ ਨਹੀਂ ਸੀ ਜਨਮਿਆ; ਉਹਦਾ ਜਨਮ ਨਿਯੋਗਾ ਵਿਧੀ ਨਾਲ ਹੋਇਆ ਸੀ ਤੇ ਅਸਲ ਵਿਚ ਇਹ ਬੇਹੱਦ ਐਡਵਾਂਸ ਜੈਨੇਟਿਕ ਇੰਜਨੀਅਰਿੰਗ ਦੀ ਕਹਾਣੀ ਹੈ।” ਟੈਲੀਵਿਜ਼ਨ ਬਾਰੇ ਉਨ੍ਹਾਂ ਦਾ ਵਿਚਾਰ ਦੇਖੋ: “ਸਾਡੇ ਭਾਰਤ ਵਰਸ਼ ਦੇ ਰਿਸ਼ੀ ਮੁਨੀ, ਯੋਗ ਦੀ ਵਿਦਿਆ ਨਾਲ ਦਿਵਯਾ ਦ੍ਰਿਸ਼ਟੀ, ਯਾਨੀ ਦੂਰ-ਦ੍ਰਿਸ਼ਟੀ ਹਾਸਲ ਕਰ ਲੈਂਦੇ ਸੀ, ਸੋ ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਟੈਲੀਵਿਜ਼ਨ ਦੀ ਕਾਢ ਪਿੱਛੇ ਇਸੇ ਦਾ ਹੀ ਹੱਥ ਹੈ।”
ਹੁਣੇ ਹੁਣੇ ਫਗਵਾੜੇ ਕੋਲ ਲਵਲੀ ਯੂਨੀਵਰਸਿਟੀ ਵਿਚ ਹੋਈ 106ਵੀਂ ਇੰਡੀਅਨ ਸਾਇੰਸ ਕਾਨਫਰੰਸ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ ਕੀਤਾ ਸੀ, ਵਿਚ ਆਂਧਰਾ ਯਨੀਵਰਸਿਟੀ ਦੇ ਵਾਈਸ ਚਾਂਸਲਰ ਜੀ. ਨਾਗੇਸ਼ਵਰ ਰਾਓ ਨੇ ਵੀ ਅਜਿਹੀਆਂ ਗੈਰ ਵਿਗਿਆਨਕ ਗੱਲਾਂ ਕਰ ਦਿੱਤੀਆਂ। ਉਸ ਨੇ ਕਿਹਾ, “ਕੌਰਵ ‘ਟੈਸਟ ਟਿਊਬ ਬੇਬੀ’ ਵਿਧੀ ਨਾਲ ਪੈਦਾ ਹੋਏ ਸਨ ਤੇ ਰਾਵਣ ਕੋਲ ਹਵਾਈ ਜਹਾਜ਼ ਸਨ।” ਹਾਜ਼ਰ ਸਾਇੰਸਦਾਨਾਂ ਨੇ ਇਸ ਦਾ ਗੰਭੀਰ ਨੋਟਿਸ ਲਿਆ ਤੇ ਇੰਡੀਅਨ ਨੈਸ਼ਨਲ ਸਾਇੰਸ ਦੀ ਕਾਰਜਕਾਰਨੀ, ਅਗ਼ਜ਼ੈਕਟਿਵ ਕੌਂਸਲ ਤੇ ਜਨਰਲ ਬਾਡੀ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਐਲਾਨ ਕੀਤਾ ਹੈ ਕਿ ਅਗਾਂਹ ਤੋਂ ਜਿਹੜਾ ਵੀ ਇਸ ਤਰ੍ਹਾਂ ਦੀ ਗੈਰ ਵਿਗਿਆਨਕ ਗੱਲ ਕਰੇਗਾ, ਉਹਨੂੰ ਸਟੇਜ ਤੋਂ ਲਾਹ ਦਿਤਾ ਜਾਵੇਗਾ। ਸੰਬੋਧਨ ਕਰਨ ਵਾਲੇ ਹਰ ਬੰਦੇ ਨੂੰ ਆਪਣੇ ਲੈਕਚਰ ਦੀ ਕਾਪੀ ਪ੍ਰਬੰਧਕਾਂ ਨੂੰ ਦੇਣੀ ਪਵੇਗੀ ਤਾਂ ਕਿ ਵਿਗਿਆਨਕ ਕਾਨਫਰੰਸ ਦੇ ਮੰਚ ਤੋਂ ਗੈਰ ਵਿਗਿਆਨਕ ਗੱਲਾਂ ਨਾ ਹੋਣ।” ਕਈ ਵਿਗਿਆਨੀਆਂ ਨੇ ਇਸ ਗੱਲ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਵਾਇਸ ਚਾਂਸਲਰ ਜੋ ਖੁਦ ਬਾਇਓਲੋਜਿਸਟ ਹੈ, ਐਸੀ ਗੈਰ ਵਿਗਿਆਨਕ ਤੇ ਬਿਲਕੁਲ ਹੀ ਨਾ-ਮੰਨਣਯੋਗ ਗੱਲ ਕਿਵੇਂ ਕਰ ਸਕਦਾ ਹੈ?
ਨੇਤਾਵਾਂ ਤੇ ਪੜ੍ਹੇ-ਲਿਖੇ ਬੰਦਿਆਂ ਨੂੰ ਆਪਣੀ ਬੁੱਧੀ ਅਨੁਸਾਰ ਤੱਥਾਂ ਅਤੇ ਵਿਗਿਆਨਕ ਖੋਜਾਂ ਦੇ ਆਧਾਰ ‘ਤੇ ਬਿਆਨ ਦੇਣੇ ਚਾਹੀਦੇ ਹਨ। ਅੱਜ ਕਲ੍ਹ ਦੀ ਅਗਾਂਹ-ਵਧੂ ਟੈਕਨਾਲੋਜੀ ਨਾਲ ਵਿਸ਼ੇਸ਼ ਵਿਅਕਤੀਆਂ (ਨੇਤਾਵਾਂ) ਦੇ ਮੁਖਾਰਬਿੰਦ ‘ਚੋਂ ਨਿਕਲੀ ਛੋਟੀ ਤੋਂ ਛੋਟੀ ਗੱਲ ਸਕਿੰਟਾਂ ਵਿਚ ਹੀ ਸਾਰੀ ਦੁਨੀਆਂ ਵਿਚ ਫੈਲ ਜਾਂਦੀ ਹੈ। ਗ਼ਲਤ ਤੇ ਗੈਰ ਵਿਗਿਆਨਕ ਬਿਆਨਾਂ ਨਾਲ ਨੇਤਾ ਅਤੇ ਮੁਲਕ ਦਾ ਸਾਰੀ ਦੁਨੀਆ ਵਿਚ ਮਖੌਲ ਬਣ ਜਾਂਦਾ ਹੈ। ਸਿਆਣੇ ਨੇਤਾਵਾਂ ਨੂੰ ਐਸੀਆਂ ਗੱਲਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।