ਆਜ਼ਾਦੀ ਸੰਗਰਾਮੀਆ ਗਦਰੀ ਸੋਹਨ ਸਿੰਘ ਭਕਨਾ

ਕਿਰਪਾਲ ਸਿੰਘ ਸੰਧੂ
ਫਰਿਜ਼ਨੋ (ਕੈਲੀਫੋਰਨੀਆ)
ਫੋਨ: 559-259-4844
ਹਿੰਦੋਸਤਾਨੀ ਵਸੋਂ ਸਦੀਆਂ ਤੋਂ ਆਪਣੀ ਪਿੱਠ ‘ਤੇ ਪਈ ਗੁਲਾਮੀ ਵਾਲੀ ਢੱਠ ਦੀ ਆਦੀ ਹੋ ਚੁਕੀ ਸੀ। ਜਲਾਵਤਨੀਆਂ, ਮਿਹਨਤਕਸ਼ਾਂ, ਵਿਦਿਆਰਥੀਆਂ ਅਤੇ ਫੌਜੀਆਂ ਦੀ ਸਾਂਝੀ ਕੋਸ਼ਿਸ਼ ਸਦਕਾ ਅਮਰੀਕਾ ਦੀ ਧਰਤੀ ‘ਤੇ ਮਾਰਚ 1913 ਵਿਚ ਪੂਰਨ ਆਜ਼ਾਦੀ ਅਤੇ ਬਰਾਬਰੀ ਵਾਲੇ ਸਮਾਜ ਦੇ ਰਾਹ ਪਾਉਣ ਵਾਲੀ ਪਹਿਲੀ ਜਥੇਬੰਦੀ ਜੋ ਵਜੂਦ ਵਿਚ ਆਈ, ਉਹ ਗਦਰ ਪਾਰਟੀ ਵਜੋਂ ਮਸ਼ਹੂਰ ਹੋਈ। ਇਸ ਨੇ ਪੰਜਾਬੀਆਂ ਤੇ ਹਿੰਦੋਸਤਾਨੀਆਂ ਦੇ ਠੰਡੇ ਖੂਨ ਵਿਚ ਆਜ਼ਾਦੀ ਹਾਸਲ ਕਰਨ ਲਈ ਐਸੀ ਰੂਹ ਫੂਕ ਦਿਤੀ, ਜਿਨ੍ਹਾਂ ਆਜ਼ਾਦੀ ਹਾਸਲ ਕਰ ਲੈਣ ਤਕ ਹਰ ਸਮੇਂ ਉਠਦੀਆਂ ਰਹੀਆਂ ਇਨਕਲਾਬੀ ਲਹਿਰਾਂ ਵਿਚ ਲਹੂ ਵੀਟਵਾਂ ਹਿੱਸਾ ਪਾਇਆ ਅਤੇ ਕਾਬਜ਼ ਵਿਦੇਸ਼ੀ ਬਰਤਾਨੀਆ ਸਰਕਾਰ ਦੀ ਨੀਂਦ ਹਰਾਮ ਕਰੀ ਰੱਖੀ। ਉਸ ਗਦਰ ਪਾਰਟੀ ਦਾ ਪ੍ਰਧਾਨ ਸੀ, ਸੋਹਨ ਸਿੰਘ ਭਕਨਾ।

ਸ਼ ਭਕਨਾ ਲਿਖਦੇ ਹਨ ਕਿ ਇਨਸਾਨ ਗਲਤੀਆਂ ਅਤੇ ਦਰੁਸਤੀਆਂ ਦਾ ਸੰਗ੍ਰਿਹ ਹੈ। ਮਾਜੀ ਵਿਚ ਸੂਝਵਾਨਾਂ ਦੇ ਤਜਰਬੇ, ਪ੍ਰਚਲਿਤ ਜ਼ਬਾਨਾਂ ਵਿਚ ਚਲ ਰਹੇ ਮਾਮਲਿਆਂ ਦੇ ਸੁਮੇਲ ਤੋਂ ਉਸਾਰੂ ਸਮਾਜ ਨੂੰ ਹਮੇਸ਼ਾ ਸਿੱਖਣ ਦੀ ਲੋੜ ਹੁੰਦੀ ਹੈ। ਦੇਸ਼ ਭਗਤੀ ਉਹ ਲਗਨ ਤੇ ਇਸ਼ਕ ਹੈ, ਜਿਸ ਨੂੰ ਲੱਗ ਜਾਵੇ, ਉਹ ਨਿਜੀ ਸੁੱਖ ਭੁੱਲ ਜਾਂਦਾ ਹੈ। ਇਥੋਂ ਤਕ ਕਿ ਲਾਲਚ, ਸ਼ੁਹਰਤ ਤੋਂ ਉਪਰ ਉਠ ਕੇ ਮੌਤ ਦੀ ਵੀ ਪ੍ਰਵਾਹ ਨਹੀਂ ਕਰਦਾ। ਆਪਣੇ ਦੇਸ਼ ਦੀ ਮਨੁੱਖ ਜਾਤੀ ਦੇ ਦੁੱਖਾਂ ਤਕਲੀਫਾਂ ਨੂੰ ਦੂਰ ਕਰਨ ਲਈ ਪਤੰਗੇ ਵਾਂਗ ਸੜ ਮਰਦਾ ਹੈ।
ਉਹ ਹੋਰ ਲਿਖਦੇ ਹਨ ਕਿ ਜ਼ਾਲਮਾਂ, ਠੱਗਾਂ, ਵਹਿਮ-ਭਰਮ ਫੈਲਾਉਣ ਵਾਲਿਆਂ ਦੇ ਖੂਨੀ ਪੰਜੇ ਤੋਂ ਭੋਲੀ-ਭਾਲੀ ਜਨਤਾ ਨੂੰ ਛੁਡਾਉਣ ਲਈ ਆਪਣੇ ਜਿਸਮਾਂ ਦੀ ਕੁਰਬਾਨੀ ਦੇਣ ਵਾਲਿਆਂ ਦੇ ਨਾਂ ਦੀ ਦਿਨ-ਰਾਤ ਮੈਂ ਮਾਲਾ ਫੇਰਦਾ ਹਾਂ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜਿਸ ਵੀ ਜਗ੍ਹਾ ‘ਤੇ ਕੰਮ ਕਰਦੇ ਹਨ, ਸੱਚੇ ਦਿਲ ਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਆਪਣੇ ਫਰਜ਼ ਅਦਾ ਕਰਨ।
ਆਜ਼ਾਦੀ ਤੋਂ ਬਾਅਦ 1960 ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਦਿੱਲੀ ਵਿਚ ਕਾਨਫਰੰਸ ਕੀਤੀ, ਜਿਸ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਮੋਹਰੀ ਕਾਰਕੁਨਾਂ ਨੂੰ ਸੱਦੇ ਪੱਤਰ ਭੇਜੇ ਗਏ। ਗਦਰ ਪਾਰਟੀ ਦੇ ਦੇਸ਼ ਭਗਤ ਪਰਿਵਾਰ ਨੂੰ ਵੀ ਕਾਨਫਰੰਸ ਵਿਚ ਸ਼ਮੂਲੀਅਤ ਕਰਨ ਲਈ ਖਾਸ ਬੇਨਤੀ ਕੀਤੀ ਗਈ। ਗਦਰ ਪਾਰਟੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਬਾਰੇ ਇਹ ਗੱਲ ਆਮ ਪ੍ਰਚਲਿਤ ਸੀ ਕਿ ਕੌੜੀ ਤੋਂ ਕੌੜੀ ਤੇ ਕੁਸੈਲੀ ਗੱਲ ਵੀ ਐਸੇ ਮਿਠਾਸ ਭਰੇ ਲਹਿਜ਼ੇ ਵਿਚ ਕਹਿ ਜਾਣਾ ਉਨ੍ਹਾਂ ਦੇ ਸੁਭਾਅ ਦੀ ਖੂਬੀ ਸੀ। ਪੰਡਿਤ ਨਹਿਰੂ ਨੇ ਸਤਿਕਾਰ ਵਜੋਂ ਦੇਸ਼ ਭਗਤ ਪਰਿਵਾਰ ਦੇ ਸਾਥੀਆਂ ਨੂੰ ਆਪਣੇ ਗ੍ਰਹਿ ‘ਆਨੰਦ ਭਵਨ’ ਵਿਚ ਚਾਹ ‘ਤੇ ਬੁਲਾਇਆ। ਜਦੋਂ ਸਾਰੇ ਮੇਜ਼ ਦੁਆਲੇ ਬੈਠ ਗਏ ਤਾਂ ਬਾਬਾ ਭਕਨਾ ਨਹਿਰੂ ਨੂੰ ਮੁਖਾਤਬ ਹੋਏ, “ਪੰਡਿਤ ਜੀ, ਪੰਜਾਬੀਆਂ ਵਿਚ ਇਕ ਰਿਵਾਜ਼ ਪ੍ਰਚਲਿਤ ਹੈ, ਜਿਨ੍ਹਾਂ ਨੂੰ ਬੁਲਾਵਾ ਦੇ ਕੇ ਘਰ ਸੱਦੀਏ, ਬਾਅਦ ਵਿਚ ਦਾਨ-ਦੱਖਣਾ ਵੀ ਦਿੱਤੀ ਜਾਂਦੀ ਹੈ।” ਪੰਡਿਤ ਨਹਿਰੂ ਸੋਚਾਂ ਵਿਚ ਡੁੱਬ ਗਏ ਅਤੇ ਬੋਲੇ, “ਦੱਸ ਦੇਵੋ।” ਬਾਬਾ ਭਕਨਾ ਕਹਿਣ ਲੱਗੇ, “ਪੰਡਿਤ ਜੀ, ਅਸੀਂ ਸਾਰਾ ਭਾਰਤ ਹੀ ਆਨੰਦ ਭਵਨ ਵੇਖਣਾ ਚਾਹੁੰਦੇ ਹਾਂ। ਸਾਡੀ ਆਖਰੀ ਖਾਹਿਸ਼ ਇਹੋ ਹੈ। ਦੂਸਰਾ, ਅੰਗਰੇਜ਼ ਸਰਕਾਰ ਵੇਲੇ ਦੇ ਰਾਏ ਬਹਾਦਰ, ਝੋਲੀ ਚੁੱਕ ਤੇ ਧੋਤੀ ਲਾਣਾ ਹੁਣ ਖੱਦਰ ਪਾ ਕੇ ਤੁਹਾਡੇ ਸ਼ਾਸਨ ਦੁਆਲੇ ਕੁੰਡਲੀ ਮਾਰੀ ਬੈਠੇ ਹਨ। ਇਨ੍ਹਾਂ ਨੇ ਗਦਰੀ ਦੇਸ਼ ਭਗਤਾਂ ਨੂੰ ਫਾਹੇ ਲਾਉਣ ਲਈ ਫੈਸਲੇ ਸੁਣਾਏ ਸਨ। ਅਗਲੀ ਗੱਲ, ਮਹਾਤਮਾ ਗਾਂਧੀ ਨੇ ਇਕ ਕਤਰਾ ਖੂਨ ਵਹਾਏ ਬਿਨਾ ਆਜ਼ਾਦੀ ਲੈ ਦਿੱਤੀ, ਉਹ ਭੁੱਲ ਗਏ ਕਿ ਗਦਰ ਲਹਿਰ ਨਾਲ ਸਬੰਧਤ ਢਾਈ ਸੌ ਦੇਸ਼ ਭਗਤ ਫਾਂਸੀ ਲੱਗੇ। ਸੈਂਕੜੇ ਜੇਲ੍ਹਾਂ ਅੰਦਰ ਤਸ਼ੱਦਦ ਸਹਾਰਦੇ ਜਾਨਾਂ ਵਾਰ ਗਏ। ਫੌਜੀਆਂ ਨੇ ਸੀਨੇ ਉਤੇ ਖਿੜੇ ਮੱਥੇ ਗੋਲੀਆਂ ਖਾਧੀਆਂ। ਆਜ਼ਾਦੀ ਵੇਲੇ ਦੋਹਾਂ ਪਾਸਿਆਂ ਤੋਂ ਅਣਗਿਣਤ ਬੇਗੁਨਾਹ ਲੋਕ ਆਪਣਾ ਖੂਨ ਵਹਾਉਂਦੇ ਆਜ਼ਾਦੀ ਦੀ ਭੇਟ ਚੜ੍ਹ ਗਏ। ਆਜ਼ਾਦੀ ਐਵੇਂ ਤਾਂ ਨਹੀਂ ਮਿਲ ਗਈ ਪੰਡਿਤ ਜੀ। ਸ਼ਹੀਦਾਂ ਦੇ ਪਵਿੱਤਰ ਖੂਨ ਦੀ ਕਦਰ ਕਰਿਓ।”
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭਕਨਾ ਦੇ ਰਹਿਣ ਵਾਲੇ ਸ਼ ਕਰਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਸ਼ੁਰੂ ਜਨਵਰੀ 1870 ਵਿਚ ਪੈਦਾ ਹੋਏ ਲੜਕੇ ਦਾ ਨਾਂ ਸੋਹਨ ਸਿੰਘ ਰਖਿਆ ਗਿਆ। ਇਸ ਲੜਕੇ ਦਾ ਜਨਮ ਆਪਣੇ ਨਾਨਕੀਂ ਪਿੰਡ ਖਤਰਾ ਖੁਰਦ (ਜ਼ਿਲ੍ਹਾ ਅੰਮ੍ਰਿਤਸਰ) ਵਿਚ ਹੋਇਆ। ਸ਼ ਕਰਮ ਸਿੰਘ ਦਾ ਪਹਿਲਾ ਵਿਆਹ ਹਰ ਕੌਰ ਨਾਲ ਹੋਇਆ ਸੀ। ਕਈ ਸਾਲ ਬੀਤ ਗਏ, ਕੋਈ ਔਲਾਦ ਨਾ ਹੋਈ ਤਾਂ ਹਰ ਕੌਰ ਦੇ ਜ਼ੋਰ ਪਾਉਣ ‘ਤੇ ਸ਼ ਕਰਮ ਸਿੰਘ ਦੂਜੇ ਵਿਆਹ ਲਈ ਰਾਜ਼ੀ ਹੋ ਗਏ। ਇਹ ਵਿਆਹ ਹਰ ਕੌਰ ਦੀ ਮਰਜ਼ੀ ਮੁਤਾਬਕ ਹੋਇਆ ਸੀ।
ਸੋਹਨ ਸਿੰਘ ਇਕ ਸਾਲ ਦਾ ਹੋਇਆ ਸੀ ਕਿ ਸ਼ ਕਰਮ ਸਿੰਘ ਦੀ ਮੌਤ ਹੋ ਗਈ। ਘਰ ਵਿਚ ਸਿਰਫ ਤਿੰਨ ਔਰਤਾਂ ਹੀ ਰਹਿ ਗਈਆਂ। ਤਿੰਨ ਪੀੜ੍ਹੀਆਂ ਤੋਂ ਘਰ ਵਿਚ ਸਿਰਫ ਇਕ ਲੜਕਾ ਹੀ ਪੈਦਾ ਹੁੰਦਾ ਰਿਹਾ। ਕੋਈ ਨਜ਼ਦੀਕੀ ਤਾਇਆ, ਚਾਚਾ ਜਾਂ ਹੋਰ ਕੋਈ ਰਿਸ਼ਤੇਦਾਰ ਵੀ ਨਹੀਂ ਸੀ। ਜਮੀਨ ਦਾ ਟੁਕੜਾ ਵੀ ਇਕੱਠਾ ਹੀ ਚਲਿਆ ਆ ਰਿਹਾ ਸੀ। ਪਿੰਡ ਭਕਨਾ ਦੇ ਨਜ਼ਦੀਕ 65 ਏਕੜ ਜਮੀਨ ਦਾ ਇਕੱਠਾ ਰਕਬਾ ਸੀ, ਜਿਸ ਵਿਚ ਦੋ ਖੂਹ ਲੱਗੇ ਹੋਏ ਸਨ। ਜਮੀਨ ਉਪਜਾਊ ਸੀ।
ਦਾਦੀ ਮਾਂ ਹੁਕਮ ਕੌਰ ਨੇ ਖੇਤੀ ਦਾ ਕੰਮ ਸੰਭਾਲ ਲਿਆ ਤੇ ਮਾਤਾ ਰਾਮ ਕੌਰ ਨੇ ਘਰ ਦਾ ਸਾਰਾ ਕੰਮਕਾਰ ਆਪਣੇ ਜ਼ਿੰਮੇ ਲੈ ਲਿਆ। ਹਰ ਕੌਰ ਨੇ ਸੋਹਣ ਸਿੰਘ ਦੀ ਪਰਵਰਿਸ਼, ਅੰਗ-ਸਾਕੇ, ਪਿੰਡ ਵਿਚ ਗਮੀ-ਖੁਸ਼ੀ ਵੇਲੇ ਸਮਾਗਮਾਂ ਵਿਚ ਜਾਣ ਦਾ ਕੰਮ ਸੰਭਾਲ ਲਿਆ। 12 ਸਾਲ ਤਕ ਇਸੇ ਤਰ੍ਹਾਂ ਚਲਦਾ ਰਿਹਾ। ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਸੋਹਨ ਸਿੰਘ ਨੇ ਪ੍ਰਾਇਮਰੀ ਪਾਸ ਕਰ ਲਈ। ਮਿਡਲ ਸਕੂਲ ਸ਼ਹਿਰ ਵਿਚ ਸੀ। ਉਥੇ ਦਾਖਲ ਨਾ ਕਰਵਾਇਆ ਗਿਆ। ਚੰਗੀ ਤੇ ਸਾਫ ਸੁਥਰੀ ਖੁਰਾਕ ਕਰਕੇ ਸੋਹਨ ਸਿੰਘ ਗੱਭਰੂ ਮਾਲੂਮ ਹੋਣ ਲੱਗਾ। ਦਾਦੀ ਨੇ ਸੋਹਨ ਸਿੰਘ ਨੂੰ ਖੇਤੀ ਦਾ ਕਾਰੋਬਾਰ ਸੰਭਾਲ ਦਿਤਾ। ਚੜ੍ਹਦੀ ਜਵਾਨੀ ਨਾ-ਤਜਰਬੇਕਾਰੀ ਕਾਰਨ ਪਿੰਡ ਦੇ ਕੁਝ ਹਮਉਮਰ ਅਯਾਸ਼ ਕਿਸਮ ਦੇ ਮੁੰਡਿਆਂ ਨਾਲ ਦੋਸਤੀ ਪੈ ਗਈ। ਮਾੜੀ ਸੰਗਤ ਕਾਰਨ ਸੋਹਨ ਸਿੰਘ ਰੋਜ਼ ਸ਼ਰਾਬ ਪੀਣ ਲੱਗ ਪਿਆ। ਦਾਦੀ ਦੀ ਜੋੜੀ ਰਕਮ ਅਤੇ ਆਮਦਨ ਸਭ ਸ਼ਰਾਬ ਦੇ ਮੂੰਹ ਖਤਮ ਹੋ ਗਈ, ਕਰਜ਼ਈ ਹੋ ਗਿਆ। ਫਿਰ ਇਕ ਦਿਨ ਜਮੀਨ ਗਹਿਣੇ ਰੱਖ, ਕਰਜ਼ਾ ਅਦਾ ਕਰਕੇ ਸੋਹਨ ਸਿੰਘ ਨੇ ਸ਼ਰਾਬ ਤੋਂ ਤੌਬਾ ਕਰ ਲਈ।
ਸੋਹਨ ਸਿੰਘ ਨੇ ਆਪਣੇ ਇਕ ਦੋਸਤ ਰਾਹੀਂ ਅਮਰੀਕਾ ਜਾਣ ਬਾਰੇ ਗੱਲ ਚਲਾਈ। ਇਉਂ ਸੋਹਨ ਸਿੰਘ 3 ਫਰਵਰੀ 1909 ਨੂੰ ਅਮਰੀਕਾ ਲਈ ਚਲ ਪਿਆ। ਚਾਰ ਅਪਰੈਲ 1909 ਨੂੰ ਅਮਰੀਕਾ ਦੀ ਸਿਆਟਲ ਬੰਦਰਗਾਹ ‘ਤੇ ਜਹਾਜ ਪਹੁੰਚ ਗਿਆ। ਉਥੇ ਇੰਮੀਗਰੇਸ਼ਨ ਵਾਲਿਆਂ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ੀ ਨਾ ਆਉਂਦੀ ਹੋਣ ਕਰਕੇ ਦੁਭਾਸ਼ੀਆ ਮੰਗਵਾਇਆ ਗਿਆ। ਉਨ੍ਹਾਂ ਜੋ ਸਵਾਲ ਕੀਤੇ, ਠੀਕ-ਠੀਕ ਜਵਾਬ ਦਿੱਤੇ। ਇੰਮੀਗਰੇਸ਼ਨ ਵਾਲਿਆਂ ਦੀ ਤਸੱਲੀ ਨਾ ਹੋਈ। ਪੇਸ਼ੀ ਅਗਲੇ ਦਿਨ ‘ਤੇ ਪਾ ਦਿੱਤੀ। ਅਗਲੇ ਦਿਨ ਦੁਭਾਸ਼ੀਏ ਵਜੋਂ ਬਾਬੂ ਹਰਨਾਮ ਸਿੰਘ ਕਾਲੀ ਸਾਰੀ ਵਾਲਿਆਂ, ਜੋ ਸਿਆਟਲ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਸਨ, ਨੂੰ ਬੁਲਾਇਆ ਗਿਆ। ਪਹਿਲੇ ਦਿਨ ਵਾਲੇ ਹੀ ਸਵਾਲ ਪੁੱਛੇ, ਫਿਰ ਠੀਕ-ਠੀਕ ਜਵਾਬ ਦਿੱਤੇ ਤਾਂ ਇੰਮੀਗਰੇਸ਼ਨ ਵਾਲਿਆਂ ਦੀ ਤਸੱਲੀ ਹੋ ਗਈ।
ਪਹਿਲੀ ਰਾਤ ਸੋਹਨ ਸਿੰਘ ਹਰਨਾਮ ਸਿੰਘ ਕੋਲ ਹੀ ਰਿਹਾ। ਉਸੇ ਰਾਤ ਬਾਬੂ ਹਰਨਾਮ ਸਿੰਘ ਨੇ 1906-07 ਵਾਲੀ ਜਮੀਨੀ ਐਜੀਟੇਸ਼ਨ ਬਾਰੇ ਪੁੱਛਿਆ। ਜਵਾਬ ਵਿਚ ਕਿਹਾ ਕਿ ਸਾਂਦਲ ਬਾਰ ਤੇ ਨੀਲੀ ਬਾਰ ਕਹੀ ਜਾਣ ਵਾਲੀ ਬੰਜਰ ਜਮੀਨ ਕਿਸਾਨਾਂ ਨੇ ਸਖਤ ਮਿਹਨਤ ਕਰਕੇ ਉਪਜਾਊ ਧਰਤੀ ਬਣਾ ਕੇ ਨਹਿਰੀ ਪਾਣੀ ਲਗਦਾ ਕਰ ਲਿਆ। ਅੰਗਰੇਜ਼ ਸਰਕਾਰ ਦੀ ਨੀਅਤ ਬਦਲ ਗਈ। ਉਸ ਨੇ ਕਾਲੋਨਾਈਜੇਸ਼ਨ ਬਿੱਲ ਲੈ ਆਂਦਾ, ਜਿਸ ਦਾ ਮਤਲਬ ਸੀ ਕਿ ਕਿਸਾਨ ਆਪਣੀ ਜਮੀਨ ਜ਼ਿਆਦਾ ਡੂੰਘੀ ਨਹੀਂ ਪੁੱਟ ਸਕਦਾ। ਜਮੀਨ ਵਿਚ ਉਗਾਏ ਦਰੱਖਤ ਬਿਨਾ ਮਨਜ਼ੂਰੀ ਨਹੀਂ ਵੱਢ ਸਕਦਾ। ਇਥੋਂ ਤਕ ਕਿ ਜ਼ਿਮੀਦਾਰ ਹਲ ਪੰਜਾਲੀ ਵਾਸਤੇ ਵੀ ਨਹੀਂ। ਨਹਿਰੀ ਪਾਣੀ ਦਾ ਮਾਲੀਆ ਦੁੱਗਣਾ ਕਰ ਦਿੱਤਾ। ਇਸ ਬਿਲ ਖਿਲਾਫ ਅਜੀਤ ਸਿੰਘ, ਸੂਫੀ ਅੰਬਾ ਪ੍ਰਸਾਦਿ ਅਤੇ ਲਾਲਾ ਲਾਜਪਤ ਰਾਏ ਨੇ ਪਿੰਡ-ਪਿੰਡ ਘੁੰਮ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ। ਇਹ ਸੰਘਰਸ਼ ‘ਪਗੜੀ ਸੰਭਾਲ ਉਏ ਜੱਟਾ’ ਦੇ ਨਾਂ ਥੱਲੇ ਲੜਿਆ ਗਿਆ।
ਅਜੀਤ ਸਿੰਘ ਦੇ ਛੋਟੇ ਭਰਾ ਸ਼ ਸਵਰਨ ਸਿੰਘ ਦੇ ਨਾਂ ਹੇਠ ਗੁਪਤ ‘ਭਾਰਤ ਮਾਤਾ ਸੁਸਾਇਟੀ’ ਬਣਾਈ ਗਈ। ਸਰਕਾਰ ਖਿਲਾਫ ਸਾਰਾ ਲਿਟਰੇਚਰ ਇਸ ਗੁਪਤ ਸੁਸਾਇਟੀ ਦੀ ਪ੍ਰੈਸ ਵਿਚ ਛਪਦਾ ਸੀ। ਸਰਕਾਰ ਨੇ ਸਵਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਤਸ਼ੱਦਦ ਕੀਤਾ। ਆਖਰ ਕਿਸਾਨਾਂ ਦੀ ਜਿੱਤ ਹੋਈ ਅਤੇ ਸਰਕਾਰ ਨੂੰ ਇਹ ਕਾਲੋਨਾਈਜੇਸ਼ਨ ਬਿੱਲ ਵਾਪਸ ਲੈਣਾ ਪਿਆ।
ਅਗਲੇ ਦਿਨ ਸੋਹਨ ਸਿੰਘ ਬਾਬੂ ਹਰਨਾਮ ਸਿੰਘ ਨਾਲ ਰਿਆਸਤ ਔਰੇਗਾਨ ਦੇ ਦਰਿਆ ਕੋਲੰਬੀਆ ਕੰਢੇ ਬਣੇ ਲੱਕੜ ਦੇ ਕਾਰਖਾਨੇ, ਜਿਸ ਦਾ ਨਾਂ ਮੋਨਾਰਕ ਸੀ, ਵਿਚ ਕੰਮ ਦੀ ਤਲਾਸ਼ ਲਈ ਗਏ। ਇਸ ਮਿੱਲ ਵਿਚ 200 ਪੰਜਾਬੀ ਕੰਮ ਕਰਦੇ ਸਨ। ਉਥੇ ਸੋਹਨ ਸਿੰਘ ਨੂੰ ਕੰਮ ਮਿਲ ਗਿਆ। ਰੋਜ਼ਾਨਾ 8 ਘੰਟੇ ਕੰਮ ਕਰਕੇ ਢਾਈ ਡਾਲਰ ਰੋਜ਼ ਦੇ ਮਿਲਦੇ। ਕੰਮ ਸਖਤ ਸੀ। ਸੋਹਨ ਸਿੰਘ ਤੋਂ ਅੱਧਾ ਦਿਨ ਹੀ ਕੰਮ ਹੋਇਆ। ਮੈਨੇਜਰ ਨੇ ਇਕ ਮਹੀਨੇ ਲਈ ਅੱਧੇ ਦਿਨ ਦੇ ਕੰਮ ‘ਤੇ ਰੱਖ ਲਿਆ। ਇਕ ਮਹੀਨੇ ਬਾਅਦ ਸੋਹਨ ਸਿੰਘ ਕੰਮ ਦਾ ਆਦਮੀ ਹੋ ਗਿਆ ਅਤੇ ਪੂਰਾ ਦਿਨ ਕੰਮ ਕਰਨ ਲੱਗਾ।
ਅਮਰੀਕਨ ਮਜ਼ਦੂਰਾਂ ਦਾ ਰਹਿਣ-ਸਹਿਣ ਵਿਦੇਸ਼ੀ ਮਜ਼ਦੂਰਾਂ ਦੇ ਮੁਕਾਬਲੇ ਬਿਹਤਰ ਹੋਣ ਕਰਕੇ ਉਹ ਪੂਰੀ ਤਨਖਾਹ ‘ਤੇ ਹੀ ਕੰਮ ਕਰਦੇ। ਵਿਦੇਸ਼ੀ ਮਜ਼ਦੂਰ ਥੋੜ੍ਹੀ ਤਨਖਾਹ ‘ਤੇ ਵੀ ਕੰਮ ਕਰ ਲੈਂਦੇ; ਇਉਂ ਕਾਰਖਾਨੇਦਾਰ ਦਾ ਕੰਮ ਤਾਂ ਚਲਦਾ ਰਹਿੰਦਾ ਪਰ ਅਮਰੀਕਨ ਅਤੇ ਵਿਦੇਸ਼ੀ ਕਾਮਿਆਂ ਵਿਚਾਲੇ ਟਕਰਾਓ ਹੋਣਾ ਕੁਦਰਤੀ ਸੀ। ਲੜਾਈ-ਝਗੜੇ ਵੀ ਹੁੰਦੇ। ਹਿੰਦੀ ਕਾਮਿਆਂ ਨੂੰ ਬੱਸਾਂ ਵਿਚ ਸਫਰ ਵੀ ਨਾ ਕਰਨ ਦਿੱਤਾ ਜਾਂਦਾ ਤੇ ਹੋਟਲਾਂ ਦੇ ਬਾਹਰ ਬੋਰਡ ‘ਤੇ ਲਿਖਿਆ ਹੁੰਦਾ, ਹਿੰਦੁਸਤਾਨੀਆਂ ਲਈ ਖਾਣੇ ਦੀ ਮਨਾਹੀ ਹੈ। ਕਈ ਵਾਰੀ ਗਲੀਆਂ, ਬਾਜ਼ਾਰਾਂ ਵਿਚ ਗੋਰੀ ਨਸਲ ਦੇ ਬੱਚੇ ‘ਹਿੰਦੁਸਤਾਨੀ ਗੁਲਾਮ’ ਕਹਿ ਕੇ ਆਵਾਜ਼ੇ ਕੱਸਦੇ।
ਰਿਆਸਤ ਔਰੇਗਾਨ ਤੇ ਵਾਸ਼ਿੰਗਟਨ ਦੇ ਲੱਕੜ ਦੇ ਵੱਡੇ ਕਾਰਖਾਨਿਆਂ ਵਿਚ ਹਿੰਦੀ, ਪੰਜਾਬੀ ਵੱਡੀ ਗਿਣਤੀ ਵਿਚ ਕੰਮ ਕਰਦੇ। ਇਹ ਆਪਣੀ ਗੁਲਾਮੀ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਦੇ। ਐਤਵਾਰ ਛੁੱਟੀ ਵਾਲੇ ਦਿਨ ਇਕ ਕਾਰਖਾਨੇ ਵਿਚ ਕੰਮ ਕਰਨ ਵਾਲੇ ਮਜ਼ਦੂਰ ਇਕੱਠੇ ਹੁੰਦੇ ਅਤੇ ਕਦੇ ਦੂਜੇ ਐਤਵਾਰ ਕਿਸੇ ਹੋਰ ਕਾਰਖਾਨੇ ਦੇ ਪੰਜਾਬੀ ਮਜ਼ਦੂਰ ਇਕੱਠੇ ਹੁੰਦੇ। ਏਜੰਡਾ ਸਿਰਫ ਇਕੋ ਹੀ ਸੀ, ਗੁਲਾਮੀ ਕਾਰਨ ਨਿੱਤ ਦਿਨ ਹੋ ਰਹੀ ਬੇਇੱਜਤੀ ਵਾਲਾ। ਇਉਂ ਇਹ ਵਿਦੇਸ਼ੀ ਕਾਮੇ ਇਕ-ਦੂਜੇ ਦੇ ਕਰੀਬ ਹੁੰਦੇ ਗਏ।
1913 ਵਿਚ ਮਾਰਚ ਦੇ ਦੂਜੇ ਹਫਤੇ ਪੰਡਿਤ ਕਾਂਸੀ ਰਾਮ ਨੇ ਔਰੇਗਾਨ ਅਤੇ ਵਾਸ਼ਿੰਗਟਨ ਰਿਆਸਤਾਂ ਦੇ ਲੱਕੜ ਦੇ ਕਾਰਖਾਨਿਆਂ ਜਿਵੇਂ ਆਸਟਰੀਆ, ਮੋਨਾਰਕ, ਬਡਾਲਵਲ, ਸੇਂਟ ਜੋਨ, ਵੀਆਨਾ, ਪੋਰਟਲੈਂਡ, ਲਿੰਕਨ ਆਦਿ ਮਿੱਲਾਂ ਵਿਚ ਕੰਮ ਕਰਨ ਵਾਲੇ ਹਿੰਦੀ-ਪੰਜਾਬੀਆਂ, ਸਭ ਨੂੰ ਸੇਂਟ ਜੋਨ ਸ਼ਹਿਰ ਵਿਚ ਐਤਵਾਰ ਵਾਲੇ ਦਿਨ ਰੱਖੀ ਮੀਟਿੰਗ ਵਿਚ ਸ਼ਿਰਕਤ ਲਈ ਇਤਲਾਹ ਕਰ ਦਿੱਤੀ। ਲਾਲਾ ਹਰਦਿਆਲ ਨੂੰ ਕੈਲੀਫੋਰਨੀਆ ਤੋਂ ਉਚੇਚੇ ਤੌਰ ‘ਤੇ ਬੁਲਾਇਆ ਗਿਆ। ਹਿੰਦੀ-ਪੰਜਾਬੀ ਕਾਮੇ ਬੜੀ ਤਾਦਾਦ ਵਿਚ ਉਤਸ਼ਾਹ ਨਾਲ ਆਏ। ਸਰਬਸੰਮਤੀ ਨਾਲ ਪਹਿਲਾਂ ਹਰ ਲੱਕੜ ਮਿੱਲ ਵਿਚ ਕੰਮ ਕਰਨ ਵਾਲਿਆਂ ਦਾ ਸੈਲ ਕਾਇਮ ਕੀਤਾ। ਫਿਰ ਇਨ੍ਹਾਂ ਸੈਲਾਂ ਦੇ ਪ੍ਰਧਾਨ ਅਤੇ ਖਜਾਨਚੀ ਚੁਣੇ। ਇਸ ਤੋਂ ਬਾਅਦ ਸਾਰੇ ਸੈਲਾਂ ਦੀ ਸਾਂਝੀ ਜਥੇਬੰਦੀ ਬਣਾਈ ਜਿਸ ਦਾ ਨਾਂ Ḕਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟḔ ਰੱਖਿਆ ਗਿਆ। ਫਿਰ ਇਸ ਜਥੇਬੰਦੀ ਦੀ ਚੋਣ ਵੀ ਕਰਵਾਈ, ਜਿਸ ਵਿਚ ਪ੍ਰਧਾਨ ਸੋਹਨ ਸਿੰਘ ਭਕਨਾ, ਮੀਤ ਪ੍ਰਧਾਨ ਕੇਸਰ ਸਿੰਘ, ਸਕੱਤਰ ਲਾਲਾ ਹਰਦਿਆਲ ਤੇ ਖਜਾਨਚੀ ਕਾਂਸੀ ਰਾਮ ਬਣਾਏ ਗਏ। ਇਸ ਤੋਂ ਇਲਾਵਾ ਇੰਤਜ਼ਾਮੀਆ ਕਮੇਟੀ ਵਿਚ ਹਰਨਾਮ ਸਿੰਘ ਟੁੰਡੀਲਾਟ, ਊਧਮ ਸਿੰਘ ਕਸੇਲ, ਰਾਮ ਰੱਖਾ ਤੇ ਕੁਝ ਹੋਰ ਸਾਥੀ ਲਏ ਗਏ। ਤਿੰਨ ਮੈਂਬਰੀ ਖੁਫੀਆ ਵਿਭਾਗ ਬਣਾਇਆ ਗਿਆ।
ਪਾਰਟੀ ਦਾ ਉਦੇਸ਼ ਹਿੰਦੋਸਤਾਨ ਦੀ ਮੁਕੰਮਲ ਆਜ਼ਾਦੀ, ਹਥਿਆਰਬੰਦ ਇਨਕਲਾਬ ਰਾਹੀਂ ਆਜ਼ਾਦੀ ਪਿਛੋਂ ਬਰਾਬਰੀ ਵਾਲਾ ਰਾਜ ਸਥਾਪਤ ਕਰਨਾ, ਪ੍ਰਚਾਰ ਲਈ ਪਾਰਟੀ ਦਾ ਹਫਤਾਵਾਰੀ ਅਖਬਾਰ ਕੱਢਣਾ ਮਿਥਿਆ ਗਿਆ। ਇਹ ਵੀ ਫੈਸਲਾ ਲਿਆ ਗਿਆ ਕਿ ਪਾਰਟੀ ਦੀ ਮਾਲੀ ਹਾਲਤ ਸੁਧਾਰਨ ਲਈ ਹਰ ਮੈਂਬਰ ਇਕ ਇਕ ਡਾਲਰ ਹਰ ਮਹੀਨੇ ਆਪਣੇ ਸੈਲ ਦੇ ਖਜਾਨਚੀ ਕੋਲ ਜਮ੍ਹਾਂ ਕਰਵਾਇਆ ਕਰੇਗਾ।
31 ਦਸੰਬਰ 1913 ਨੂੰ ਕ੍ਰਿਸਮਸ ਦੀਆਂ ਛੁੱਟੀਆਂ ਵਿਚ ਸੈਕਰਾਮੈਂਟੋ (ਕੈਲੀਫੋਰਨੀਆ) ਵਿਚ ਮੀਟਿੰਗ ਰੱਖੀ ਗਈ, ਜੋ ਇਤਿਹਾਸਕ ਹੋ ਨਿਬੜੀ। ਪਹਿਲਾਂ ਸੇਂਟ ਜੋਨ ਵਿਚ ਹੋਈ ਕਾਨਫਰੰਸ, ਜਿਸ ਵਿਚ ਇਨਕਲਾਬੀ ਜਥੇਬੰਦੀ ਦਾ ਨਾਂ ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਰੱਖਿਆ ਗਿਆ ਸੀ, ਦੀਆਂ ਸਾਰੀਆਂ ਮੱਦਾਂ ਨੂੰ ਮਨਜ਼ੂਰੀ ਦਿੱਤੀ ਗਈ। ਕੈਲੀਫੋਰਨੀਆ ਦੇ ਬਾਗਾਂ ਵਿਚ ਅਤੇ ਗੈਸ ਸਟੇਸ਼ਨਾਂ ‘ਤੇ ਕੰਮ ਕਰਦੇ ਪੰਜਾਬੀਆਂ ਦੇ ਸੈਲ ਕਾਇਮ ਕਰਕੇ ਪ੍ਰਧਾਨ ਤੇ ਖਜਾਨਚੀ ਬਣਾਏ ਗਏ। ਫਿਰ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ। ਇਥੇ ਜਥੇਬੰਦੀ ਹੁਣ ਸਰਬ-ਅਮਰੀਕਨ ਬਣ ਚੁਕੀ ਸੀ। ਇਸ ਦਾ ਨਾਂ 1857 ਵਾਲੇ ਪਹਿਲੇ ਆਜ਼ਾਦੀ ਘੋਲ ਅਤੇ ਫਿਰ 1870 ਵਿਚ ਕੂਕਾ ਅੰਦੋਲਨ ਰਾਹੀਂ ਆਜ਼ਾਦੀ ਲਈ ਮਾਰੇ ਹੰਭਲੇ ਦੇ ਆਧਾਰ ‘ਤੇ ਗਦਰ ਪਾਰਟੀ ਰੱਖਿਆ ਗਿਆ। ਫੈਸਲਾ ਹੋਇਆ ਕਿ ਪਾਰਟੀ ਦੇ ਪ੍ਰਚਾਰ ਲਈ ਅਖਬਾਰ ਕੱਢਿਆ ਜਾਵੇ ਅਤੇ ਇਸ ਦਾ ਨਾਂ ‘ਗਦਰ ਦੀ ਗੂੰਜ’ ਰੱਖਿਆ ਜਾਵੇ, ਅਖਬਾਰ ਦੀ ਛਪਾਈ ਲਈ ਪ੍ਰੈਸ ਖਰੀਦੀ ਜਾਵੇ, ਉਸ ਦਾ ਨਾਂ ਵੀ ਗਦਰ ਪ੍ਰੈਸ ਰੱਖਿਆ ਜਾਵੇ। ਸੈਨ ਫਰਾਂਸਿਸਕੋ ਵੱਡੀ ਬੰਦਰਗਾਹ ਹੈ, ਇਸ ਲਈ ਇਸੇ ਸ਼ਹਿਰ ਵਿਚ ਪਾਰਟੀ ਦਫਤਰ ਖੋਲ੍ਹਿਆ ਜਾਵੇ, ਬੰਗਾਲ ਵਿਚ ਨਿਕਲਦੇ ਇਨਕਲਾਬੀ ਅਖਬਾਰ ‘ਯੁਗਾਂਤਰ’ ਦੇ ਨਾਂ ‘ਤੇ ਦਫਤਰ ਦਾ ਨਾਂ ‘ਯੁਗਾਂਤਰ ਆਸ਼ਰਮ’ ਰੱਖਿਆ ਜਾਵੇ। ਹਫਤਾਵਰੀ ਅਖਬਾਰ ‘ਗਦਰ ਦੀ ਗੂੰਜ’ ਉਰਦੂ, ਪੰਜਾਬੀ ਤੇ ਹਿੰਦੀ ਵਿਚ ਛਾਪ ਕੇ ਇਸ ਨੂੰ ਮੁਲਕ ਵਿਚ ਅਪੜਦਾ ਕੀਤਾ ਜਾਵੇ। ਜਿਥੇ ਹਿੰਦੀ, ਪੰਜਾਬੀ ਮਜ਼ਦੂਰ ਕੰਮ ਕਰਦੇ ਹਨ, ਉਥੇ ਅਖਬਾਰ ਮੁਫਤ ਭੇਜਿਆ ਜਾਵੇ। ਇਹ ਵੀ ਪਾਸ ਹੋਇਆ ਕਿ ਦਫਤਰ ਵਿਚ ਕੰਮ ਕਰਨ ਵਾਲਿਆਂ ਨੂੰ ਤਨਖਾਹ ਤੋਂ ਇਲਾਵਾ ਲੰਗਰ ਦੀ ਰੋਟੀ ਤੇ ਲੋੜ ਮੁਤਾਬਕ ਕੱਪੜਾ ਦਿੱਤਾ ਜਾਇਆ ਕਰੇਗਾ।
ਗਦਰ ਪਾਰਟੀ ਦੀ ਬੇਨਤੀ ‘ਤੇ ਉਸ ਵੇਲੇ 10 ਹਜ਼ਾਰ ਡਾਲਰ ਜਮ੍ਹਾਂ ਹੋ ਗਿਆ। ਇਸ ਤੋਂ ਇਲਾਵਾ ਸਰਬਸੰਮਤੀ ਨਾਲ ਕੁਝ ਹੋਰ ਅਹੁਦੇਦਾਰ ਵੀ ਚੁਣੇ ਗਏ। ਦੂਸਰਾ ਮੀਤ ਪ੍ਰਧਾਨ ਜੁਆਲਾ ਸਿੰਘ ਠੱਠੀਆਂ, ਦੂਸਰਾ ਖਜਾਨਚੀ ਹਰਨਾਮ ਸਿੰਘ ਟੁੰਡੀਲਾਟ, ਜਥੇਬੰਦਕ ਸਕੱਤਰ ਮੁਣਸ਼ੀ ਰਾਮ ਤੇ ਕਰੀਮ ਬਖਸ਼ ਥਾਪੇ ਗਏ। ਇੰਤਜ਼ਾਮੀਆ ਕਮੇਟੀ ਵਿਚ ਹੋਰ ਮੈਂਬਰ ਸੰਤ ਵਿਸਾਖਾ ਸਿੰਘ, ਭਾਈ ਨਿਧਾਨ ਸਿੰਘ, ਭਾਈ ਰੂੜ ਸਿੰਘ, ਭਾਈ ਚੰਨਣ ਸਿੰਘ, ਹਜ਼ਾਰਾ ਸਿੰਘ, ਕਰਮ ਸਿੰਘ, ਪੰਡਿਤ ਜਗਤ ਰਾਮ ਤੇ ਕਰਤਾਰ ਸਿੰਘ ਦੁੱਕੀ ਲਾਏ ਗਏ। ਦਫਤਰ ਵਿਚ ਲਾਲਾ ਹਰਦਿਆਲ ਦੇ ਨਾਲ ਕਰਤਾਰ ਸਿੰਘ ਸਰਾਭਾ ਤੇ ਹੋਰ ਸਾਥੀ ਅਖਬਾਰ ਦੀ ਛਪਾਈ ਲਈ ਚੁਣੇ ਗਏ।
ਇਉਂ ਜਮਹੂਰੀ ਢੰਗ-ਤਰੀਕੇ ਨਾਲ ਜਦੋਂ ਗਦਰ ਪਾਰਟੀ ਅਮਰੀਕਾ ਦੀ ਧਰਤੀ ‘ਤੇ ਵਜੂਦ ਵਿਚ ਆ ਗਈ, ਇਸ ਨੇ ਹਥਿਆਰਬੰਦ ਘੋਲ ਰਾਹੀਂ ਸਰਕਾਰ ਨਾਲ ਲੋਹਾ ਲੈਂਦਿਆਂ ਹਿੰਦੁਸਤਾਨ ਦੀ ਮੁਕੰਮਲ ਆਜ਼ਾਦੀ ਦਾ ਬੀੜਾ ਚੁਕਿਆ। ਵਿਦੇਸ਼ਾਂ ਵਿਚ ਕੰਮ ਕਰਦੇ ਸੂਰਮੇ ਗਦਰ ਪਾਰਟੀ ਦੇ ਝੰਡੇ ਹੇਠ ਇਕੱਠੇ ਹੁੰਦੇ ਗਏ। ਕੈਲੀਫੋਰਨੀਆ ਤੋਂ ਔਰੇਗਾਨ, ਵਾਸ਼ਿੰਗਟਨ ਤੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤਕ, ਪਨਾਮਾ ਵਿਚ ਬਾਬਾ ਦੁੱਲਾ ਸਿੰਘ ਤੇ ਤੇਜਾ ਸਿੰਘ ਸੁਤੰਤਰ ਦੀ ਮਿਹਨਤ ਸਦਕਾ ਪੰਜਾਬੀਆਂ ਦਾ ਮਜ਼ਬੂਤ ਸੈਲ ਕਾਇਮ ਹੋ ਗਿਆ। ਜਾਪਾਨ ਵਿਚ ਪ੍ਰੋਫੈਸਰ ਮੌਲਾਨਾ ਬਰਕਤ ਉਲਾ ਜਦੋਂ ਯੂਨੀਵਰਸਿਟੀ ਵਿਚ ਪੜ੍ਹਾਇਆ ਕਰਦੇ ਸਨ, ਮਜ਼ਬੂਤ ਸੈਲ ਕਾਇਮ ਕਰ ਗਏ ਸਨ। ਚੀਨ, ਹਾਂਗਕਾਂਗ, ਸ਼ੰਘਾਈ ਵਿਚ ਭਾਈ ਨਿਧਾਨ ਸਿੰਘ ਚੁੱਘਾ, ਡਾ. ਮਥਰਾ ਸਿੰਘ, ਭਾਈ ਗੁਜਰ ਸਿੰਘ ਤੇ ਭਾਈ ਭਗਵਾਨ ਸਿੰਘ ਦੀ ਦੇਖ-ਰੇਖ ਹੇਠ ਤਾਕਤਵਰ ਸੈਲ ਬਣ ਗਿਆ। ਸਿੰਗਾਪੁਰ, ਪਨਾਂਗ, ਬਰਮਾ, ਸਿਆਮ ਵਿਚ ਸੋਹਨ ਸਿੰਘ ਪਾਠਕ, ਬਾਬੂ ਅਮਰ ਸਿੰਘ ਇੰਜੀਨੀਅਰ ਤੇ ਸਾਥੀਆਂ ਨੇ ਮਿਲ ਕੇ ਖੁਫੀਆ ਸੈਲ ਕਾਇਮ ਕਰ ਲਿਆ।
ਵਿਦੇਸ਼ਾਂ ਵਿਚ ਕੰਮ ਕਰਦੇ ਦੇਸ਼ ਭਗਤ ਕਾਮਿਆਂ ਨੂੰ ਹੁਣ ਅਮਲੀ ਤੌਰ ‘ਤੇ ਗੁਲਾਮੀ ਦਾ ਅਹਿਸਾਸ ਹੋ ਚੁਕਾ ਸੀ। ਉਹ ਆਜ਼ਾਦੀ ਦੇ ਸੱਚੇ ਆਸ਼ਕ ਬਣ ਚੁਕੇ ਸਨ ਅਤੇ ਗਦਰ ਪਾਰਟੀ ਵਿਚ ਸ਼ਾਮਲ ਹੋ ਕੇ ਇਕ ਲੜੀ ਵਿਚ ਪਰੋਏ ਜਾ ਰਹੇ ਸਨ। ਇਉਂ ਉਸ ਵੇਲੇ ਗਦਰ ਪਾਰਟੀ ਦੀਆਂ ਵੱਡੀਆਂ-ਛੋਟੀਆਂ 72 ਸ਼ਾਖਾਵਾਂ ਬਣ ਗਈਆਂ, ਜਿਨ੍ਹਾਂ ਸਦਕਾ ਬਰਤਾਨੀਆ ਸਰਕਾਰ ਖਿਲਾਫ ਗਦਰ ਪਾਰਟੀ ਦਾ ਪੂਰਾ ਜਾਲ ਵਿਛ ਗਿਆ।
ਸਰਕਾਰੀ ਖੁਫੀਆ ਏਜੰਸੀ (ਸੀ. ਆਈ. ਡੀ.) ਨੇ ਗਦਰ ਪਾਰਟੀ ਦੇ ਫੈਲਾਅ ਦੀ ਰਿਪੋਰਟ ਜਦੋਂ ਸਰਕਾਰ ਨੂੰ ਦਿੱਤੀ ਤਾਂ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਪਿਛੋਂ ਬਰਤਾਨੀਆ ਸਰਕਾਰ ਆਪਣੀ ਦੋਸਤੀ ਦੀ ਸੰਧੀ ਵਾਲੇ ਮੁਲਕਾਂ ‘ਤੇ ਦਬਾਅ ਪਾਉਣ ਲੱਗੀ ਤਾਂ ਜੋ ਗਦਰ ਪਾਰਟੀ ਦੇ ਕੰਮਕਾਰ ‘ਤੇ ਰੋਕ ਪਾਈ ਜਾਵੇ। ਅਮਰੀਕਨ ਸਰਕਾਰ ਨੇ ਲਾਲਾ ਹਰਦਿਆਲ ਦੇ ਵਾਰੰਟ ਜਾਰੀ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪਾਰਟੀ ਨੇ ਇਕ ਹਜ਼ਾਰ ਡਾਲਰ ਨਕਦ ਜ਼ਮਾਨਤ ਦੇ ਕੇ ਅਗਲੀ ਪੇਸ਼ੀ ਤਕ ਰਿਹਾ ਕਰਵਾ ਲਿਆ। ਗਦਰ ਪਾਰਟੀ ਨੇ ਬੜੀ ਹੁਸ਼ਿਆਰੀ ਨਾਲ ਤੇ ਖੁਫੀਆ ਤਰੀਕੇ ਨਾਲ ਲਾਲਾ ਹਰਦਿਆਲ ਨੂੰ ਸਵਿਟਜ਼ਰਲੈਂਡ ਭੇਜ ਦਿੱਤਾ ਤੇ ਜ਼ਮਾਨਤ ਜ਼ਬਤ ਕਰਵਾ ਲਈ। ਦਫਤਰ ਦਾ ਕੰਮਕਾਰ ਫਿਰ ਭਾਈ ਸੰਤੋਖ ਸਿੰਘ ਨੇ ਸੰਭਾਲ ਲਿਆ।
ਗਦਰ ਪਾਰਟੀ ਨੇ ਫੈਸਲਾ ਕੀਤਾ ਕਿ ਕਾਮਾਗਾਟਾਮਾਰੂ ਜਹਾਜ ਦੀ ਵਾਪਸੀ ‘ਤੇ ਜਾਪਾਨ ਦੀ ਬੰਦਰਗਾਹ ਯੋਕੋਹੋਮਾ ਮੁਸਾਫਰਾਂ ਨੂੰ ਮਿਲਿਆ ਜਾਵੇ ਤੇ ਗਦਰ ਪਾਰਟੀ ਵਾਲੀ ਇਨਕਲਾਬੀ ਲਾਈਨ ਸਮਝਾਈ ਜਾਵੇ ਤਾਂ ਜੋ ਉਹ ਹਿੰਦੁਸਤਾਨ ਜਾ ਕੇ ਗਦਰ ਪਾਰਟੀ ਦਾ ਪ੍ਰਚਾਰ ਕਰਨ। ਦੂਸਰੇ ਯੋਕੋਹੋਮਾ ਵਿਚ ਇਕ ਪੇਟੀ 200 ਪਿਸਤੌਲ ਅਤੇ ਪੇਟੀ ਵਿਚ 2000 ਗੋਲੀਆਂ ਉਨ੍ਹਾਂ ਨੂੰ ਫੜਾ ਦਿੱਤੀਆਂ ਜਾਣ। ਭਾਈ ਭਗਵਾਨ ਸਿੰਘ ਤੇ ਕਰਤਾਰ ਸਿੰਘ ਸਰਾਭਾ ਨੇ ਇਸ ਅਸਲੇ ਦਾ ਬੰਦੋਬਸਤ ਕੀਤਾ। ਸਮੁੰਦਰੀ ਜਹਾਜ ਸੈਨ ਫਰਾਂਸਿਸਕੋ ਤੋਂ ਯੋਕੋਹੋਮਾ ਜਾ ਰਿਹਾ ਸੀ। ਉਸ ਵਿਚ ਇਕ ਕਮਰਾ ਸੋਹਨ ਸਿੰਘ ਦੇ ਨਾਂ ‘ਤੇ ਬੁੱਕ ਕਰਵਾ ਦਿੱਤਾ। ਜਹਾਜ ਚਲਣ ਤੋਂ ਘੰਟਾ ਪਹਿਲਾਂ ਇਹ ਦੋ ਪੇਟੀਆਂ, ਸਮਾਨ ਵਜੋਂ ਸੋਹਨ ਸਿੰਘ ਵਾਲੇ ਕਮਰੇ ਵਿਚ ਰਖਵਾ ਦਿੱਤੀਆਂ ਅਤੇ ਆਪ ਇਧਰ-ਉਧਰ ਘੁੰਮਦੇ ਰਹੇ। ਸੋਹਨ ਸਿੰਘ ਯੁਗਾਂਤਰ ਆਸ਼ਰਮ ਦਫਤਰ ਤੋਂ ਚੱਲਿਆ ਤੇ ਰਸਤੇ ਵਿਚ ਕਾਰ ਬਦਲ ਲਈ ਅਤੇ ਸਿਰਫ ਜਹਾਜ ਚੱਲਣ ਤੋਂ 15 ਮਿੰਟ ਪਹਿਲਾਂ ਬੰਦਰਗਾਹ ‘ਤੇ ਪਹੁੰਚ ਗਏ। ਕਰਤਾਰ ਸਿੰਘ ਸਰਾਭਾ ਨੂੰ ਵਾਪਸ ਮੁੜ ਜਾਣ ਦਾ ਇਸ਼ਾਰਾ ਕਰਕੇ ਆਪਣੇ ਕਮਰੇ ਵਿਚ ਬੈਠ ਗਏ। ਜਹਾਜ ਸਮੇਂ ਸਿਰ ਚਲ ਪਿਆ।
ਪ੍ਰੋਫੈਸਰ ਮੌਲਾਨਾ ਮੁਹੰਮਦ ਬਰਕਤ ਉਲਾ ਨੇ ਜਾਪਾਨ ਰਹਿਣ ਦੌਰਾਨ ਜੋ ਸੈਲ ਕਾਇਮ ਕੀਤਾ ਸੀ, ਜਾਪਾਨ ਤਾਰ ਦੇ ਕੇ ਆਪਣੇ ਸਾਥੀਆਂ ਨੂੰ ਸੋਹਨ ਸਿੰਘ ਬਾਰੇ ਇਤਲਾਹ ਦੇ ਕੇ ਪੂਰੀ ਮਦਦ ਕਰਨ ਲਈ ਕਿਹਾ। ਯੋਕੋਹੋਮ ਵਾਲੇ ਸੈਲ ਨੇ ਦੋਵੇਂ ਪੇਟੀਆਂ ਸੰਭਾਲ ਲਈਆਂ ਤੇ ਸੋਹਨ ਸਿੰਘ ਨੂੰ ਹੋਟਲ ਵਿਚ ਠਹਿਰਾ ਦਿੱਤਾ।
ਸੋਹਨ ਸਿੰਘ ਨੂੰ ਜਾਪਾਨ ਵਿਚ ਹੀ ਸੰਸਾਰ ਯੁੱਧ ਛਿੜ ਜਾਣ ਦਾ ਪਤਾ ਲੱਗਾ। ਦੂਸਰੇ ਸਮੁੰਦਰ ਵਿਚ ਜਰਮਨੀ ਦੇ ਜੰਗੀ ਜਹਾਜ, ਜਿਸ ਨੂੰ ਐਡਮਨ ਕਹਿੰਦੇ ਸਨ, ਨੇ ਪਹਿਲੇ ਹੱਲੇ ਵਿਚ ਹੀ ਬਰਤਾਨੀਆ ਦੇ ਕਈ ਜਹਾਜ ਸਮੁੰਦਰ ਵਿਚ ਗਰਕ ਕਰ ਦਿੱਤੇ। ਸੋਹਨ ਸਿੰਘ ਨੂੰ ਡਰ ਸੀ ਕਿ ਕਿਤੇ ਕਾਮਾਗਾਟਾਮਾਰੂ ਜਹਾਜ, ਜੋ ਕਲਕੱਤੇ ਜਾ ਰਿਹਾ ਹੈ, ਨੂੰ ਇਹ ਡੁਬਕਣੀ ਨਾ ਵੱਜ ਜਾਵੇ। ਗਦਰ ਪਾਰਟੀ ਦਾ ਜਰਮਨ ਸਰਕਾਰ ਨਾਲ ਗੋਲੀ-ਸਿੱਕੇ ਦਾ ਖੁਫੀਆ ਸਮਝੌਤਾ ਹੋ ਚੁਕਾ ਸੀ। ਉਸ ਦਾ ਕੋਡ ਵਰਡ ਗਦਰ ਪਾਰਟੀ ਦੇ ਸਿਰਫ ਤਿੰਨ ਖੁਫੀਆ ਗਦਰੀਆਂ ਨੂੰ ਹੀ ਪਤਾ ਸੀ। ਇਸ ਵਿਚੋਂ ਇਕ ਸੋਹਨ ਸਿੰਘ ਭਕਨਾ, ਪ੍ਰਧਾਨ ਗਦਰ ਪਾਰਟੀ ਵੀ ਸਨ। ਸੋਹਨ ਸਿੰਘ ਜਾਪਾਨ ਵਿਚ ਜਰਮਨ ਕੌਂਸਲਰ ਨੂੰ ਜਾਪਾਨੀ ਨੌਕਰ ਨਾਲ ਮਿਲਾਉਣ ਵਿਚ ਕਾਮਯਾਬ ਹੋ ਗਿਆ। ਆਪਣਾ ਕੋਡ ਵਰਡ ਦੱਸ ਕੇ ਕਿਹਾ ਕਿ ਇਹ ਕਾਮਾਗਾਟਾਮਾਰੂ ਜਹਾਜ, ਜੋ ਕਲੱਕਤੇ ਜਾ ਰਿਹਾ ਹੈ, ਉਸ ਵਿਚ ਸਾਰੇ ਹੀ ਦੇਸ਼ ਭਗਤ ਇਨਕਲਾਬੀ ਇੰਡੀਆ ਜਾ ਰਹੇ ਹਨ। ਐਡਮਨ ਨੂੰ ਆਗਾਹ ਕਰ ਦਿੱਤਾ ਜਾਏ। ਜਰਮਨ ਕੌਂਸਲਰ ਨੇ ਤੁਰੰਤ ਇਸ ਦਾ ਬੰਦੋਬਸਤ ਕਰ ਦਿੱਤਾ। ਇਹ ਸਾਰੀ ਗੱਲਬਾਤ ਕਾਮਾਗਾਟਾਮਾਰੂ ਜਹਾਜ ਦੇ ਲੀਡਰਾਂ ਨਾਲ ਸੋਹਨ ਸਿੰਘ ਨੇ ਸਾਂਝੀ ਕਰ ਲਈ। ਜਾਪਾਨ ਸੈਲ ਦੀ ਮਦਦ ਨਾਲ ਹੀ ਉਹ ਸਾਰਾ ਕੰਮਕਾਜ ਸਿਰੇ ਚੜ੍ਹਿਆ।
ਸੋਹਨ ਸਿੰਘ ਭਕਨਾ ਕਿਸੇ ਹੋਰ ਜਹਾਜ ਵਿਚ ਸ਼ੰਘਾਈ, ਫਿਰ ਹਾਂਗਕਾਂਗ ਤੋਂ ਦੂਸਰੇ ਜਹਾਜ ਨਾਮਸੁੰਗ ਵਿਚ ਸਵਾਰ ਹੋ ਕੇ ਸਿੰਗਾਪੁਰ, ਫਿਰ ਪਨਾਂਗ ਪਹੁੰਚ ਗਿਆ। ਪਨਾਂਗ ਵਿਚ ਹੀ ਕਲਕੱਤੇ ਬਜਬਜ ਘਾਟ ‘ਤੇ ਹੋਏ ਖੂਨੀ ਸਾਕੇ ਦਾ ਪਤਾ ਲੱਗਾ। ਜਦੋਂ ਇਹ ਜਹਾਜ ਵੀ ਕਲਕੱਤੇ ਦੀ ਬੰਦਰਗਾਹ ‘ਤੇ ਲੱਗਾ ਤਾਂ ਸਾਰੇ ਮੁਸਾਫਿਰਾਂ ਨੂੰ ਪੁਲਿਸ ਦੀ ਨਿਗਰਾਨੀ ਹੇਠ ਲੁਧਿਆਣਾ ਲਿਆਂਦਾ ਗਿਆ। ਉਥੇ ਪੁਛ-ਪੜਤਾਲ ਕਰਕੇ ਸ਼ੱਕੀ ਮੁਸਾਫਰਾਂ ਨੂੰ ਜੁਦਾ ਦੋ ਜੇਲ੍ਹਾਂ ਵਿਚ ਭੇਜ ਦਿੱਤਾ। ਸੋਹਨ ਸਿੰਘ ਭਕਨਾ ਨੂੰ ਮੁਲਤਾਨ ਜੇਲ੍ਹ ਵਿਚ ਭੇਜਿਆ ਗਿਆ।
ਪਹਿਲਾਂ ਲਾਹੌਰ ਸਾਜ਼ਿਸ਼ ਕੇਸ ਚੱਲਿਆ। ਗਦਰੀ ਦੇਸ਼ ਭਗਤਾਂ ਨੂੰ ਵੱਖ-ਵੱਖ ਜੇਲ੍ਹਾਂ ਤੋਂ ਲਾਹੌਰ ਸੈਂਟਰਲ ਜੇਲ੍ਹ ਲਿਆਂਦਾ ਗਿਆ। ਮੁਕੱਦਮਾ ਸ਼ੁਰੂ ਹੋਇਆ ਤਾਂ ਬਰਤਾਨੀਆ ਸਰਕਾਰ ਖਿਲਾਫ ਬਗਾਵਤ ਕਰਨ ਦੇ ਜੁਰਮ ਵਿਚ 24 ਦੇਸ਼ ਭਗਤਾਂ ਨੂੰ ਫਾਂਸੀ ਤੇ ਬਾਕੀਆਂ ਨੂੰ ਕੈਦ ਦੀਆਂ ਵੱਖ-ਵੱਖ ਸਜ਼ਾਵਾਂ ਸੁਣਾਈਆਂ ਗਈਆਂ। ਅਖਬਾਰਾਂ ਨੇ ਇਸ ਫੈਸਲੇ ਖਿਲਾਫ ਬਹੁਤ ਕੁਝ ਲਿਖਿਆ ਤੇ ਸਰਕਾਰ ਖਿਲਾਫ ਮੁਲਕ ਵਿਚ ਜਲਸੇ ਜਲੂਸ ਕੱਢੇ ਗਏ। ਵਾਇਸਰਾਏ ਹਿੰਦ ਨੇ 7 ਦੇਸ਼ ਭਗਤਾਂ ਨੂੰ ਫਾਂਸੀ ਅਤੇ ਬਾਕੀ 17 ਨੂੰ ਹੋਰ ਸਜ਼ਾਵਾਂ ਵਿਚ ਤਬਦੀਲ ਕਰ ਦਿੱਤਾ ਗਿਆ। ਸੋਹਨ ਸਿੰਘ ਭਕਨਾ ਉਮਰ ਕੈਦ ਵਾਲਿਆਂ ਵਿਚ ਸੀ। ਇਸ ਨੂੰ ਅੰਡੇਮਾਨ ਵਾਲੀ ਜੇਲ੍ਹ ਭੇਜ ਦਿਤਾ।
ਇਸ ਜੇਲ੍ਹ ਵਿਚ ਗਦਰੀ ਦੇਸ਼ ਭਗਤਾਂ ‘ਤੇ ਤਸ਼ੱਦਦ ਕੀਤਾ ਜਾਂਦਾ ਸੀ। ਇਸ ਖਿਲਾਫ ਦੇਸ਼ ਭਗਤਾਂ ਨੇ ਭੁੱਖ ਹੜਤਾਲਾਂ ਕੀਤੀਆਂ। ਸਾਰੇ ਦੇਸ਼ ਵਿਚ ਮੁਜਾਹਰੇ ਹੋਏ। ਸਰਕਾਰ ਨੂੰ ਝੁਕਣਾ ਪਿਆ ਤੇ 1921 ਵਿਚ ਸਾਰੇ ਦੇਸ਼ ਭਗਤ ਗਦਰੀਆਂ ਨੂੰ ਸੂਬਾ ਮਦਰਾਸ ਦੀ ਸੈਂਟਰਲ ਜੇਲ੍ਹ ਲਿਆਂਦਾ, ਫਿਰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰ ਦਿੱਤੇ ਗਏ। ਸੋਹਨ ਸਿੰਘ ਨੂੰ 1928 ਵਿਚ ਸਰਦੀਆਂ ਦੇ ਮੌਸਮ ਵਿਚ ਲਾਹੌਰ ਸੈਂਟਰਲ ਜੇਲ੍ਹ ਤਬਦੀਲ ਕਰ ਦਿੱਤਾ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸਾਥੀਆਂ ‘ਤੇ ਮੁਕੱਦਮਾ ਚਲਾਉਣ ਲਈ ਉਨ੍ਹਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਲਿਆਂਦਾ। ਉਥੇ ਕਈ ਵਾਰੀ ਸੋਹਨ ਸਿੰਘ ਨੂੰ ਭਗਤ ਸਿੰਘ ਨਾਲ ਗੱਲ ਕਰਨ ਦਾ ਮੌਕਾ ਮਿਲ ਜਾਂਦਾ। ਇਕ ਦਿਨ ਸੋਹਨ ਸਿੰਘ ਨੇ ਭਗਤ ਸਿੰਘ ਨੂੰ ਪੁੱਛ ਲਿਆ ਕਿ ਨੌਜਵਾਨਾ! ਤੇਰੀ ਉਮਰ ਪੜ੍ਹਨ-ਲਿਖਣ ਤੇ ਮੌਜ-ਮਸਤੀ ਵਾਲੀ ਸੀ, ਤੂੰ ਇਧਰ ਕਿਸ ਤਰ੍ਹਾਂ ਆ ਗਿਆ? ਭਗਤ ਸਿੰਘ ਨੇ ਹੱਸ ਕੇ ਜਵਾਬ ਦਿੱਤਾ, ਇਹ ਮੇਰਾ ਕਸੂਰ ਨਹੀਂ, ਤੁਹਾਡਾ ਹੈ। ਸੋਹਨ ਸਿੰਘ ਨੇ ਕਿਹਾ, ਇਹ ਕਿਸ ਤਰ੍ਹਾਂ? ਭਗਤ ਸਿੰਘ ਕਹਿਣ ਲੱਗੇ, ਜੇ ਕਰਤਾਰ ਸਿੰਘ ਸਰਾਭਾ ਹਿੰਦੋਸਤਾਨ ਦੀ ਆਜ਼ਾਦੀ ਖਾਤਰ ਹੱਸ ਕੇ ਫਾਂਸੀ ਨਾ ਚੜ੍ਹਦਾ ਤੇ ਤੁਸੀਂ ਗਦਰੀ ਕੁੰਭੀ ਨਰਕ ਕਹੀ ਜਾਣ ਵਾਲੀ ਅੰਡੇਮਾਨ ਜੇਲ੍ਹ ਨਾ ਜਾਂਦੇ, ਤਸ਼ੱਦਦ ਨਾ ਸਹਾਰਦੇ ਤੇ ਸਾਬਤ-ਸਬੂਤ ਜਿਉਂਦੇ ਬਾਹਰ ਨਾ ਆਉਂਦੇ ਤਾਂ ਸ਼ਾਇਦ ਅਸੀਂ ਵੀ ਇਧਰ ਨਾ ਆਉਂਦੇ।
ਸੋਹਨ ਸਿੰਘ ਭਕਨਾ ਲਿਖਦੇ ਹਨ, ਮੈਂ ਪੁਛਿਆ, ਭਗਤ ਸਿੰਘ ਸਾਂਡਰਸ ਨੂੰ ਗੋਲੀ ਕਿਉਂ ਮਾਰੀ? ਭਗਤ ਸਿੰਘ ਕਹਿਣ ਲੱਗਾ, 1914-15 ਵਿਚ ਗਦਰ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਝੰਡਾ ਚੁਕਿਆ। ਅਸੀਂ ਸਾਂਡਰਸ ਨੂੰ ਮਾਰਿਆ ਤੇ ਪਾਰਲੀਮੈਂਟ ਵਿਚ ਬੰਬ ਧਮਾਕਾ ਕੀਤਾ। ਇਹ ਸਭ ਇਸ ਉਦੇਸ਼ ਲਈ ਸੀ ਕਿ ਬਰਤਾਨੀਆ ਸਰਕਾਰ ਨੂੰ ਪਤਾ ਲੱਗ ਜਾਵੇ ਕਿ ਹਿੰਦੁਸਤਾਨੀ ਨੌਜਵਾਨ ਤੇ ਆਵਾਮ ਹੁਣ ਬਹੁਤੀ ਦੇਰ ਤੁਹਾਡੀ ਗੁਲਾਮੀ ਬਰਦਾਸ਼ਤ ਨਹੀਂ ਕਰਨਗੇ।
ਸੋਹਨ ਸਿੰਘ ਭਕਨਾ ਲਿਖਦੇ ਹਨ ਕਿ ਭਗਤ ਸਿੰਘ 6 ਫੁੱਟ ਉਚਾ ਗੱਭਰੂ ਨੌਜਵਾਨ, ਦੁਨੀਆਂ ਭਰ ਦੀ ਪਿਸ ਰਹੀ ਗਰੀਬ ਜਨਤਾ ਦਾ ਦਰਦ ਉਸ ਦੇ ਦਿਲ ਵਿਚ ਵੇਖਿਆ ਜਾ ਸਕਦਾ ਸੀ।
ਸ਼ ਭਕਨਾ ਗਦਰ ਪਾਰਟੀ ਦੇ ਪਹਿਲੇ ਦਿਨੋਂ ਪ੍ਰਧਾਨ ਚੁਣੇ ਗਏ ਅਤੇ ਆਖਰੀ ਵਕਤ ਤਕ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਕਰਦੇ ਰਹੇ। ਅੰਡੇਮਾਨ ਦੀ ਜੇਲ੍ਹ ਵਿਚ, ਮਦਰਾਸ ਅਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੇਪਨਾਹ ਤਸ਼ੱਦਦ ਸਹਾਰਦੇ ਰਾਜਸੀ ਕੈਦੀਆਂ ਦੇ ਹੱਕਾਂ ਖਾਤਰ ਛੇ ਲੰਮੀਆਂ ਭੁੱਖ ਹੜਤਾਲਾਂ ਕੀਤੀਆਂ। ਇਥੇ ਹੀ ਬੱਸ ਨਹੀਂ, ਆਜ਼ਾਦ ਹੋਏ ਦੇਸ਼ ਵੇਲੇ ਵੀ ਯੋਲ ਕੈਂਪ ਜੇਲ੍ਹ ਵਿਚ ਹੱਕ ਬਹਾਲੀ ਲਈ ਸੱਤਵੀਂ ਲੰਮੀ ਭੁੱਖ ਹੜਤਾਲ ਕੀਤੀ। ਬੁਢਾਪੇ ਕਾਰਨ ਉਨ੍ਹਾਂ ਦੀ ਕਮਰ ਟੇਢੀ ਹੋ ਗਈ। ਉਨ੍ਹਾਂ ਦੇ ਜੀਵਨ ਦੀ ਇਕ ਹੋਰ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ। ਆਜ਼ਾਦੀ ਤੋਂ ਬਾਅਦ ਪੰਡਿਤ ਨਹਿਰੂ ਜਲੰਧਰ ਕਾਂਗਰਸ ਕਮੇਟੀ ਦੇ ਦਫਤਰ ਆਏ। ਬਾਬਾ ਭਕਨਾ ਕੁਝ ਦੇਸ਼ ਭਗਤ ਸਾਥੀਆਂ ਨਾਲ ਕਾਂਗਰਸ ਦੇ ਦਫਤਰ ਨਹਿਰੂ ਨੂੰ ਮਿਲਣ ਗਏ ਅਤੇ ਇਕ ਚਿੱਠੀ ਨਾਲ ਲੈ ਗਏ। ਲਿਖਿਆ ਸੀ, ਪੰਡਿਤ ਜੀ, ਤੁਸੀਂ ਤਾਂ ਰਾਜ ਭਾਗ ਦੇ ਮਾਲਕ ਬਣ ਗਏ, ਆਜ਼ਾਦ ਹੋਏ ਦੇਸ਼ ਵਿਚ ਵੀ ਮੇਰਾ ਅਜ਼ੀਜ਼ ਸਾਥੀ ਤੇਜਾ ਸਿੰਘ ਸੁਤੰਤਰ ਕੱਢੇ ਹੋਏ ਵਾਰੰਟਾਂ ਕਾਰਨ ਥਾਂ-ਥਾਂ ਭਟਕ ਰਿਹਾ ਹੈ। ਉਸ ਦਾ ਕਸੂਰ ਇਹ ਹੈ ਕਿ ਉਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਢੰਗ-ਤਰੀਕੇ ਨਾਲ ਸੰਘਰਸ਼ ਲੜਿਆ। ਪੰਡਿਤ ਨਹਿਰੂ ਨੇ ਚਿੱਠੀ ਸਤਿਕਾਰ ਨਾਲ ਬਾਬਾ ਭਕਨਾ ਤੋਂ ਲਈ ਅਤੇ ਅਗਲੇ ਦਿਨ ਦਿੱਲੀ ਜਾ ਕੇ ਤੇਜਾ ਸਿੰਘ ਸੁਤੰਤਰ ਦੇ ਵਾਰੰਟ ਮਨਸੂਖ ਕਰਵਾ ਦਿੱਤੇ। ਬਾਬਾ ਜੀ ਦਾ ਆਪਣੇ ਸਾਥੀਆਂ ਪ੍ਰਤੀ ਇਹ ਨੇਕ ਵਿਹਾਰ ਸੀ।
ਆਜ਼ਾਦੀ ਘੁਲਾਟੀਏ ਬਾਬਾ ਸੋਹਨ ਸਿੰਘ ਭਕਨਾ 98 ਸਾਲ 6 ਮਹੀਨੇ ਦਾ ਸੰਘਰਸ਼ੀ ਜੀਵਨ ਗੁਜ਼ਾਰ ਕੇ 21 ਦਸੰਬਰ 1968 ਨੂੰ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ।