ਕੇ. ਪੀ. ਐਸ਼ ਗਿੱਲ, ਹਿੰਦੂਤਵੀ ਸੱਤਾ ਅਤੇ ਸਿੱਖਾਂ ਦੀ ਹੋਣੀ

ਪੰਜਾਬ ਪੁਲਿਸ ਦਾ ਮੁਖੀ ਰਹਿ ਚੁਕਾ ਕੇ. ਪੀ. ਐਸ਼ ਗਿੱਲ ਕੋਈ ਵਿਅਕਤੀ ਨਹੀਂ, ਸਗੋਂ ਵਰਤਾਰਾ ਸੀ। ਸਥਾਪਤੀ ਨੇ ਉਸ ਨੂੰ, ਖਾਸ ਕਰਕੇ ਜਿਸ ਤਰ੍ਹਾਂ ਪੰਜਾਬ ਵਿਚ ਖਾੜਕੂ ਲਹਿਰ ਦੌਰਾਨ ਵਰਤਿਆ, ਉਸ ਦੀਆਂ ਕਈ ਪਰਤਾਂ ਅੱਜ ਵੀ ਅਣਫਰੋਲੀਆਂ ਪਈਆਂ ਹਨ। ਪ੍ਰਭਸ਼ਰਨਦੀਪ ਸਿੰਘ ਨੇ ਇਨ੍ਹਾਂ ਅਣਫਰੋਲੀਆਂ ਪਰਤਾਂ ਦੇ ਇਕ ਪੱਖ ਦੀਆਂ ਕੁਝ ਪਰਤਾਂ ਆਪਣੇ ਇਸ ਲੇਖ ਵਿਚ ਉਭਾਰੀਆਂ ਹਨ, ਜੋ ਅਸੀਂ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ।

-ਸੰਪਾਦਕ

ਪ੍ਰਭਸ਼ਰਨਦੀਪ ਸਿੰਘ

26 ਮਈ 2017 ਨੂੰ ਕੇ. ਪੀ. ਐਸ਼ ਗਿੱਲ ਦੀ ਮੌਤ ਹੋ ਗਈ। ਗਿੱਲ ਉਦੋਂ ਤੱਕ ਜਿਉਂਦਾ ਸੀ ਕਿਉਂਕਿ ਜ਼ਮੀਰ ਦੇ ਮਰ ਜਾਣ ਨੂੰ ਉਹ ਮੌਤ ਨਹੀਂ ਸੀ ਮੰਨਦਾ। ਗਿੱਲ, ਜੋ ਸੱਤਾ ਦੀ ਸੂਖਮ ਹਿੰਸਾ ਦੀ ਪੈਦਾਇਸ਼ ਸੀ, ਸਾਰੀ ਉਮਰ ਸੱਤਾ ਦੀ ਜਿਸਮਾਨੀ ਹਿੰਸਾ ਦਾ ਜ਼ਰੀਆ ਰਿਹਾ। ਅਜ਼ਲਾਂ ਤੋਂ ਸੱਤਾ ਜ਼ੁਲਮ ਅਤੇ ਜਬਰ ਦੇ ਆਸਰੇ ਪਲਦੀ ਆ ਰਹੀ ਹੈ। ਮੁੱਢ ਕਦੀਮ ਤੋਂ ਹੀ ਮਨੁੱਖ ਜਾਤੀ ‘ਚ ਸੱਤਾ ਦੀ ਹਿੰਸਾ ਨੂੰ ਅਗਾਂਹ ਤੋਰਨ ਵਾਲਾ ਵਰਗ ਵੀ ਪੈਦਾ ਹੁੰਦਾ ਆ ਰਿਹਾ ਹੈ। ਇਸ ਵਰਗ ਦੀ ਪੈਦਾਇਸ਼ ਦੇ ਆਧਾਰ ਬੁਨਿਆਦੀ ਮਨੁੱਖੀ ਕਮਜ਼ੋਰੀ ਜਾਂ ਸਵੈ-ਮੋਹੀ ਮਾਨਸਿਕਤਾ ਆਦਿ ਕੁੱਝ ਵੀ ਮਿੱਥੇ ਜਾ ਸਕਦੇ ਹਨ ਪਰ ਕਾਰਨ ਕੁੱਝ ਵੀ ਹੋਣ, ਅਫਸੋਸਨਾਕ ਅਸਲੀਅਤ ਇਹੀ ਹੈ ਕਿ ਮਨੁੱਖ ਜਾਤੀ ਵਿਚ ਅਜਿਹਾ ਵਰਗ ਸਦਾ ਰਿਹਾ ਹੈ, ਜਿਸ ਦੇ ਵਜੂਦ ਦੇ ਘੱਟ ਹਿੱਸੇ ਜਿਉਂਦੇ ਬਚੇ ਹੁੰਦੇ ਹਨ। ਬੇਜਾਨ ਰੂਹਾਂ ਚੁੱਕੀ ਫਿਰਦੇ ਇਹ ਸਰੀਰ ਮੌਤ ਦੇ ਦੂਤ ਹਨ, ਜਿਨ੍ਹਾਂ ਲਈ ਹਰ ਪਾਸੇ ਮੁਰਦੇਹਾਣੀ ਪਸਰੀ ਵੇਖਣੀ ਅਣਸਰਦੀ ਲੋੜ ਹੁੰਦੀ ਹੈ। ਬੇਮੁਹਾਰੀ ਹਿੰਸਾ ਇਨ੍ਹਾਂ ਬੰਦਿਆਂ ਦੇ ਵਜੂਦ ਵਿਚ ਕਿਸੇ ਨਾਮੁਰਾਦ ਰੋਗ ਵਾਂਗ ਪਸਰ ਕੇ ਆਪਣੇ-ਆਪ ਵਿਚ ਤਰਕਸੰਗਤ ਵਾਜਬੀਅਤ ਹਾਸਲ ਕਰ ਚੁਕੀ ਹੁੰਦੀ ਹੈ। ਅੱਜ ਹਿੰਦੁਸਤਾਨੀ ਸਥਾਪਤੀ ਅਜਿਹੀ ਮਾਨਸਿਕਤਾ ਨੂੰ ਨਾਇਕਪੁਣੇ ਦੇ ਆਧਾਰ ਵਜੋਂ ਵੇਖਦੀ ਹੈ ਕਿਉਂਕਿ ਇਨ੍ਹਾਂ ਲੋਕਾਂ ਅੰਦਰ ਬੁਨਿਆਦੀ ਨੈਤਿਕਤਾ ਦੀ ਕਦਰ ਜਾਂ ਸ਼ਰਮ ਦੇ ਅਹਿਸਾਸ ਦੀ ਹੀ ਹੋਂਦ ਨਹੀਂ ਹੈ।
ਗਿੱਲ ਅਤੇ ਉਸ ਦੇ ਹਮਾਇਤੀ ਉਸ ਦੀ ਅਣਮਨੁੱਖੀ ਹਿੰਸਾ ਨੂੰ ਸਹੀ ਠਹਿਰਾਉਣ ਦਾ ਮੂਲ ਆਧਾਰ ਇਸ ਗੱਲ ਨੂੰ ਬਣਾਉਂਦੇ ਰਹੇ ਹਨ ਕਿ ਬਤੌਰ ਪੁਲਿਸ ਅਫਸਰ ਗਿੱਲ ਦਾ ਕੰਮ ਜਨਤਾ ਨੂੰ ਕਾਨੂੰਨ ਦੀ ਜ਼ੱਦ ਵਿਚ ਲਿਆਉਣਾ ਸੀ। ਉਨ੍ਹਾਂ ਦਾ ਤਰਕ ਹੈ ਕਿ ਕੁੱਝ ਲੋਕ ਅਮਨ-ਕਾਨੂੰਨ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਸਨ। ਅਜਿਹੇ ਅਨਸਰਾਂ ਨਾਲ ਸਖਤੀ ਨਾਲ ਸਿੱਝਣਾ ਸਰਕਾਰ ਦੀ ਬੁਨਿਆਦੀ ਜ਼ਿੰਮੇਵਾਰੀ ਸੀ। ਗਿੱਲ ਨੇ ਇਹ ਜ਼ਿੰਮੇਵਾਰੀ ਨਿਭਾਈ ਅਤੇ ਇਸ ਲਈ ਉਹ ਵਧਾਈ ਦਾ ਹੱਕਦਾਰ ਹੈ।
ਉਪਰੋਕਤ ਤਰਕ ਅਸਲੋਂ ਬੇਬੁਨਿਆਦ ਹੈ। ਪਹਿਲੀ ਗੱਲ, ਕਾਨੂੰਨ ਦੀ ਸਾਰਥਕਤਾ ਦਾ ਮਸਲਾ ਐਨਾ ਸਿੱਧ-ਪੱਧਰਾ ਨਹੀਂ। ਭਾਰਤੀ ਕਾਨੂੰਨ ਸੱਤਾ ‘ਤੇ ਕਾਬਜ਼ ਬਹੁਗਿਣਤੀ ਹਿੰਦੂਆਂ ਨੇ ਆਪਣੇ ਸਾਮਰਾਜੀ ਮਨਸੂਬੇ ਪੂਰੇ ਕਰਨ ਲਈ ਘੜਿਆ ਹੈ। ਸਿੱਖਾਂ ਵਰਗੀ ਘੱਟਗਿਣਤੀ ਦਾ ਇਸ ਕਾਨੂੰਨ ਦੀ ਘਾੜਤ ਵਿਚ ਕੋਈ ਹਿੱਸਾ ਨਹੀਂ। ਹਿੰਦੁਸਤਾਨ ਦਾ ਢਾਂਚਾ ਮਜ਼ਬੂਤ ਕੇਂਦਰ ਵਾਲਾ ਹੈ ਜਿਸ ਤਹਿਤ ਸੂਬਿਆਂ ਦਾ ਅਧਿਕਾਰ ਨਾਂਮਾਤਰ ਹਨ। ਸੂਬਾ ਸਰਕਾਰਾਂ ਕੇਂਦਰ ਦੀਆਂ ਨੀਤੀਆਂ ਲਾਗੂ ਕਰਨ ਲਈ ਮਜਬੂਰ ਹੁੰਦੀਆਂ ਹਨ ਅਤੇ ਆਪਣੇ ਕੁਦਰਤੀ ਸੋਮਿਆਂ ਆਦਿ ਦੀ ਲੁੱਟ ਰੋਕਣ ਦੇ ਵੀ ਸਮਰੱਥ ਨਹੀਂ ਹੁੰਦੀਆਂ। ਮਿਸਾਲ ਵਜੋਂ ਪੰਜਾਬ ਸਰਕਾਰ ਨਾ ਫਸਲਾਂ ਦੇ ਭਾਅ ਮਿੱਥ ਸਕਦੀ ਹੈ, ਨਾ ਹੀ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਕਰ ਸਕਦੀ ਹੈ। ਸਿੱਟੇ ਵਜੋਂ ਪੰਜਾਬ ਦੇ ਸਿੱਖ ਪੂਰੇ ਹਿੰਦੁਸਤਾਨ ਨੂੰ ਅੰਨ ਮੁਹੱਈਆ ਕਰਵਾਉਂਦੇ-ਕਰਵਾਉਂਦੇ ਖੁਦ ਕੰਗਾਲ ਹੋ ਗਏ। ਜ਼ਿਕਰਯੋਗ ਹੈ ਕਿ ਇਸ ਦੇ ਐਨ ਉਲਟ ਪੰਜਾਬੀ ਹਿੰਦੂਆਂ ਨੇ ਬੇਮਿਸਾਲ ਤਰੱਕੀ ਕੀਤੀ ਕਿਉਂਕਿ ਨੀਤੀਆਂ ਸਾਰੀਆਂ ਉਨ੍ਹਾਂ ਦੇ ਹਿਸਾਬ ਨਾਲ ਬਣਦੀਆਂ ਹਨ।
ਹਿੰਦੁਸਤਾਨ ਵਿਚ ਫੈਸਲੇ ਕਰਨ ਜਾਂ ਕਾਨੂੰਨ ਘੜਨ ਦੀ ਤਾਕਤ ਪੂਰੀ ਤਰ੍ਹਾਂ ਕੇਂਦਰ ਕੋਲ ਹੈ। ਕੇਂਦਰੀ ਪਾਰਲੀਮੈਂਟ ਵਿਚ ਪੰਜਾਬ ਦੇ ਕੁੱਲ ਤੇਰਾਂ ਐਮ.ਪੀ. ਹਨ, ਜਿਨ੍ਹਾਂ ਦੀ ਵੋਟ ਹਿੰਦੂ ਬਹੁਗਿਣਤੀ ਸਾਹਮਣੇ ਕਦੇ ਵੀ ਮਾਅਨਾ ਨਹੀਂ ਰੱਖਦੀ। ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਕਾਨੂੰਨ ਬਣਾਉਣ ਦੇ ਅਮਲ ਵਿਚ ਕੋਈ ਅਹਿਮੀਅਤ ਨਹੀਂ ਰੱਖਦੇ। ਹਿੰਦੂ ਬਹੁਗਿਣਤੀ, ਜੋ ਕਾਨੂੰਨ ਚਾਹੇ ਸਿੱਖਾਂ ਸਿਰ ਮੜ੍ਹ ਸਕਦੀ ਹੈ। ਪਹਿਲਾਂ ਹਿੰਦੁਸਤਾਨ ਦਾ ਸੰਵਿਧਾਨ ਸਿੱਖਾਂ ਦੀ ਸਹਿਮਤੀ ਤੋਂ ਬਗੈਰ ਹੋਂਦ ਵਿਚ ਆਇਆ, ਫਿਰ ਉਸ ਵਿਚ ਲਗਾਤਾਰ ਸੋਧਾਂ ਕਰ-ਕਰ ਉਸ ਨੂੰ ਹਿੰਦੂ ਫਾਸ਼ੀਵਾਦ ਦੀਆਂ ਲੋੜਾਂ ਅਨੁਸਾਰ ਢਾਲਿਆ ਜਾ ਰਿਹਾ ਹੈ। ਹੁਣ ਤੱਕ ਇਸ ਸੰਵਿਧਾਨ ਵਿਚ 101 ਸੋਧਾਂ ਹੋ ਚੁਕੀਆਂ ਹਨ। ਸੋਧਾਂ ਦੇ ਇਸ ਅਮਲ ਤਹਿਤ ਭਾਰਤੀ ਸੰਵਿਧਾਨ ਦੇ ਨਿੱਤ-ਦਿਨ ਹੁੰਦੇ ਹਿੰਦੂਕਰਨ ਦੇ ਰੁਕਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਸਿੱਖਾਂ ਦੇ ਚੁਣੇ ਨੁਮਾਇੰਦੇ ਇਸ ਅਮਲ ਵਿਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਸਿੱਖਾਂ ਲਈ ਨੁਮਾਇੰਦੇ ਚੁਣ ਕੇ ਭੇਜਣ ਦਾ ਅਰਥ ਹੀ ਕੋਈ ਨਹੀਂ। ਸਿੱਖਾਂ ਲਈ ਜਮਹੂਰੀਅਤ ਦਾ ਹੀ ਕੋਈ ਮਾਅਨਾ ਨਹੀਂ। ਜਮਹੂਰੀਅਤ ਸਿਰਫ ਹਿੰਦੂ ਬਹੁਗਿਣਤੀ ਲਈ ਹੋਂਦ ਰੱਖਦੀ ਹੈ।
ਜੇ ਸਿੱਖਾਂ ਨੇ ਇਸ ਦਮਨਕਾਰੀ ਢਾਂਚੇ ਤੋਂ ਨਿਜਾਤ ਪਾਉਣ ਲਈ ਹਿੰਦੁਸਤਾਨ ਦੇ ਅੰਦਰ ਹੀ ਰਹਿ ਕੇ ਖੁਦਮੁਖਤਾਰੀ ਦੀ ਮੰਗ ਕੀਤੀ ਤਾਂ ਭਾਰਤੀ ਹਕੂਮਤ ਨੇ ਟੈਂਕਾਂ-ਤੋਪਾਂ ਨਾਲ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਨੇਕਾਂ ਹੋਰ ਗੁਰਧਾਮਾਂ ‘ਤੇ ਹਮਲਾ ਕੀਤਾ। ਚੁਰਾਸੀ ਤੋਂ ਬਾਅਦ ਸਿੱਖ ਆਪਣੇ ਆਜ਼ਾਦੀ ਦੇ ਹੱਕ ਲਈ ਲੜੇ ਤਾਂ ਸਿੱਖਾਂ ਨੂੰ ਹੋਰ ਨਸਲਕੁਸ਼ੀ ਦਾ ਸਾਹਮਣਾ ਕਰਨਾ ਪਿਆ।
ਜੇ ਹਿੰਦੁਸਤਾਨ ਜਮਹੂਰੀਅਤ ਹੈ ਤਾਂ ਫਿਰ ਸਿੱਖਾਂ ਕੋਲ ਰਾਇਸ਼ੁਮਾਰੀ ਰਾਹੀਂ ਆਜ਼ਾਦ ਹੋਣ ਦਾ ਹੱਕ ਹੋਣਾ ਚਾਹੀਦਾ ਸੀ, ਪਰ ਭਾਰਤੀ ਹਕੂਮਤ ਨੇ ਇਸ ਦੇ ਐਨ ਉਲਟ ਕੇ. ਪੀ. ਐਸ਼ ਗਿੱਲ ਵਰਗਿਆਂ ਨੂੰ ਸ਼ਸ਼ਕੇਰ ਕੇ, ਕਾਨੂੰਨ ਦੀ ਰਾਖੀ ਦੇ ਨਾਂ ‘ਤੇ ਆਪਣੇ ਹੀ ਕਾਨੂੰਨਾਂ ਦੀਆਂ ਧੱਜੀਆਂ ਉਡਾ, ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ। ਗੱਲ ਸਿੱਧੀ ਹੈ, ਭਾਰਤੀ ਕਾਨੂੰਨ ਸਿੱਖਾਂ ਦੇ ਦਮਨ ਦਾ ਆਧਾਰ ਹੈ ਤੇ ਗਿੱਲ ਨੇ ਇਸ ਦਮਨਕਾਰੀ ਨੀਤੀ ਨੂੰ ਅਮਲੀ ਰੂਪ ਦਿੱਤਾ। ਭਾਰਤੀ ਕਾਨੂੰਨ ਦੇ ਸਮਰਥਕਾਂ ਲਈ ਇਹ ਗੱਲ ਕਦੇ ਮਾਅਨਾ ਨਹੀਂ ਰੱਖਦੀ ਕਿ ਉਨ੍ਹਾਂ ਦੇ ਕਾਨੂੰਨ ਕਿੰਨੇ ਜਾਇਜ਼ ਜਾਂ ਨਿਆਂਕਾਰੀ ਹਨ। ਉਨ੍ਹਾਂ ਲਈ ਕਾਨੂੰਨ ਜੋ ਵੀ ਹੈ, ਉਸ ਦਾ ਰਾਜ ਹੈ। ਕਾਨੂੰਨ ਦੇ ਵਿਰੋਧ ਵਿਚ ਖੜ੍ਹਨ ਵਾਲੇ ਕਿੰਨੇ ਵੀ ਸਹੀ ਹੋਣ, ਉਨ੍ਹਾਂ ਨੂੰ ਕੁੱਟਣਾ, ਮਾਰਨਾ ਤੇ ਜ਼ਲੀਲ ਕਰਨਾ ਰਾਜ ਦਾ ਹੱਕ ਹੈ। ਦੂਜੀ ਗੱਲ, ਅਸਲ ਵਿਚ ਗਿੱਲ ਭਾਰਤੀ ਕਾਨੂੰਨ ਦੀ ਰਾਖੀ ਵੀ ਨਹੀਂ ਸੀ ਕਰਦਾ, ਉਹ ਤਾਂ ਕਾਨੂੰਨ ਦੇ ਰਾਜ ਦੀਆਂ ਧੱਜੀਆਂ ਉਡਾਉਂਦਾ ਸੀ। ਇਹ ਕਿਹੋ ਜਿਹਾ ਕਾਨੂੰਨ ਹੈ, ਜਿਸ ਦੀ ਪੈਰਵੀ ਯਕੀਨੀ ਬਣਾਉਣ ਲਈ ਅੰਨੀ ਹਿੰਸਾ ਦੀ ਵਰਤੋਂ ਜ਼ਰੂਰੀ ਹੈ? ਸੁਆਲ ਹੈ ਕਿ ਕਾਨੂੰਨ ਇਨਸਾਨਾਂ ਲਈ ਹੁੰਦਾ ਹੈ ਜਾਂ ਇਨਸਾਨ ਕਾਨੂੰਨ ਦਾ ਸ਼ਿਕਾਰ ਬਣਨ ਲਈ ਹੁੰਦੇ ਹਨ? ਜੁਆਬ ਹੈ, ਭਾਰਤੀ ਕਾਨੂੰਨ ਬਹੁਗਿਣਤੀ ਹਿੰਦੂ ਇਨਸਾਨਾਂ ਦੀ ਰਾਖੀ ਲਈ ਹਨ ਤੇ ਸਿੱਖਾਂ ਵਰਗੀਆਂ ਘੱਟਗਿਣਤੀਆਂ ਨੂੰ ਸ਼ਿਕਾਰ ਬਣਾਉਣ ਲਈ।
ਭਾਰਤੀ ਹਕੂਮਤ ਨੇ ਗਿੱਲ ਵਰਗੇ ਆਪਣੇ ਕਾਨੂੰਨ ਦੇ ਰਖਵਾਲੇ ਦੇ ਇਸ ਲਾਕਾਨੂੰਨੀ ਰਵੱਈਏ ਨੂੰ ਮੂਕ ਸਹਿਮਤੀ ਦਿੱਤੀ ਹੀ ਸੀ ਪਰ ਹਿੰਦੂ ਬਹੁਗਿਣਤੀ ਗਿੱਲ ਦੀ ਬੇਮੁਹਾਰੀ ਹਿੰਸਾ ਨੂੰ ਚੁੱਪ ਸਮਰਥਨ ਦੇਣ ਤੱਕ ਸੀਮਤ ਨਹੀਂ ਸੀ, ਉਹ ਨੈਤਿਕਤਾ ਦੀਆਂ ਸਭ ਕਦਰਾਂ-ਕੀਮਤਾਂ ਛਿੱਕੇ ਟੰਗ, ਸਿੱਖਾਂ ਦੀ ਨਸਲਕੁਸ਼ੀ ਦੇ ਜਸ਼ਨ ਮਨਾ-ਮਨਾ, ਕੂਕ-ਕੂਕ ਕੇ ਗਿੱਲ ਨੂੰ ਸਿਰ ‘ਤੇ ਚੁੱਕ ਰਹੇ ਸਨ। ਖਬਰਾਂ ਅਤੇ ਮਨਪ੍ਰਚਾਵੇ ਦੇ ਕਾਰੋਬਾਰਾਂ ਦੇ ਨਾਲ-ਨਾਲ ਮੌਤ ਦੇ ਇਸ ਤਾਂਡਵ ਨਾਚ ਨੂੰ ਕਰੋੜਾਂ ਆਮ ਲੋਕਾਂ ਦੀ ਇਸ ਕਿਸਮ ਦੀ ਖੁੱਲ੍ਹੀ ਪ੍ਰਵਾਨਗੀ ਇਸ ਗੱਲ ਦੀ ਗਵਾਹੀ ਹੈ ਕਿ ਹਿੰਦੂ ਬਹੁਗਿਣਤੀ ਦੇ ਮਾਮਲੇ ਵਿਚ ਇਨਸਾਨੀ ਨੈਤਿਕਤਾ ਅਸਲੋਂ ਨੀਵੀਂ ਲਹਿ ਚੁਕੀ ਸੀ। ਨਵੰਬਰ ਚੁਰਾਸੀ ਵਿਚ ਸਿੱਖਾਂ ਦੀ ਨਸਲਕੁਸ਼ੀ ਦੌਰਾਨ ਹਿੰਦੂ ਜਨਤਾ ਨੇ ਆਪਣੇ ਅੰਦਰਲੀ ਹਿੰਸਾ ਨੂੰ ਬੇਝਿਜਕ ਬਾਹਰ ਆਉਣ ਦਿੱਤਾ। ਉਸ ਹਿੰਸਾ ਦੀ ਭਿਆਨਕਤਾ ਦੀ ਕੋਈ ਹੱਦ ਨਹੀਂ ਸੀ। ਆਪਣੇ ਅੰਦਰ ਇਸ ਕਿਸਮ ਦੀ ਖੂੰਖਾਰ ਹਿੰਸਾ ਸਮੋਈ ਬੈਠੀ ਜਨਤਾ ਕੇ. ਪੀ. ਐਸ਼ ਗਿੱਲ ਨੂੰ ਕਾਨੂੰਨ ਤੇ ਨੈਤਿਕਤਾ ਦੀ ਹਰ ਹੱਦ ਉਲੰਘਣ ਲਈ ਚਿਤਾਵਨੀ ਭਰੀ ਹੱਲਾਸ਼ੇਰੀ ਦੇ ਰਹੀ ਸੀ। ਗਿੱਲ ਵਰਗੇ ਬੰਦੇ ਸਮਝਦੇ ਸਨ ਕਿ ਉਹ ਕੀਹਦੇ ਨੌਕਰ ਸਨ! ਉਨ੍ਹਾਂ ਨੂੰ ਪਤਾ ਸੀ ਕਿ ਆਪਣੇ ਆਕਾਵਾਂ ਨੂੰ ਚੰਗੀ ਤਰ੍ਹਾਂ ਖੁਸ਼ ਨਾ ਕਰਨ ਦਾ ਕੀ ਸਿੱਟਾ ਨਿੱਕਲਣਾ ਸੀ। ਸੱਤਾ ਦੇ ਇਹ ਏਲਚੀ ਨਿਰੰਤਰ ਦਬਾਅ ਹੇਠ ਵਿਚਰਦੇ ਸਨ। ਇਸ ਲਈ ਗਿੱਲ ਨੇ ਆਪਣੇ ਆਪ ਨੂੰ ਹਿੰਦੂਆਂ ਨਾਲੋਂ ਵੱਧ ਜ਼ਾਲਮ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਸ ਸਾਰੇ ਅਮਲ ਦੌਰਾਨ, ਖੁਦ ਗਿੱਲ ਲਈ ਜਾਂ ਉਸ ਦੇ ਮਾਲਕ ਹਿੰਦੂ ਹੁਕਮਰਾਨਾਂ ਲਈ, ਉਸ ਦੀ ਔਕਾਤ ਹਲਕਾਏ ਪਾਲਤੂ ਜਾਨਵਰ ਤੋਂ ਵੱਧ ਨਹੀਂ ਸੀ।
ਕੇ. ਪੀ. ਐਸ਼ ਗਿੱਲ ਹੇਠਾਂ ਕੰਮ ਕਰ ਚੁਕੇ ਇੱਕ ਹੋਰ ਪੁਲਿਸ ਅਫਸਰ ਸਰਬਦੀਪ ਸਿੰਘ ਵਿਰਕ ਨੇ ਗਿੱਲ ਦੀ ਮੌਤ ਪਿਛੋਂ ਆਪਣੇ ਲੇਖ ਵਿਚ ਇਸ ਗੱਲ ‘ਤੇ ਸਹੀ ਪਾਈ ਹੈ। ਵਿਰਕ ਮੁਤਾਬਕ, ਕੇ. ਪੀ. ਐਸ਼ ਗਿੱਲ ਇਸ ਗੱਲੋਂ ਦੁਖੀ ਸੀ ਕਿ ਜਿਨ੍ਹਾਂ ਨੇ ਗਿੱਲ ਦੀ ਲਿਆਂਦੀ ਸ਼ਾਂਤੀ ਦਾ ਸਭ ਤੋਂ ਵੱਧ ਲਾਹਾ ਲਿਆ, ਉਹੀ ਉਸ ਦੇ ਸਭ ਤੋਂ ਵੱਡੇ ਆਲੋਚਕ ਬਣੇ ਰਹੇ। ਸਪੱਸ਼ਟ ਹੈ ਕਿ ਵਿਰਕ ਆਪਣਾ ਤੇ ਗਿੱਲ ਦਾ ਸਾਂਝਾ ਦੁੱਖ ਰੋ ਰਿਹਾ ਸੀ। ਹੈਰਾਨੀ ਦੀ ਗੱਲ ਹੈ, ਲੋਕ ਇਸ ਕਦਰ ਅੰਨੇ ਵੀ ਹੋ ਸਕਦੇ ਹਨ! ਇਨ੍ਹਾਂ ਨੂੰ ਇਹ ਹੀ ਨਹੀਂ ਦਿਸਦਾ ਕਿ ਜਿਸ ਕੌਮ ਨੇ ਸਿੱਖਾਂ ਦੀਆਂ ਕੁਰਬਾਨੀਆਂ, ਜੋ ਪੂਰੇ ਮਨੁੱਖੀ ਇਤਿਹਾਸ ਵਿਚ ਲਾਮਿਸਾਲ ਹਨ, ਚੇਤੇ ਨਹੀਂ ਰੱਖੀਆਂ, ਉਹ ਗਿੱਲ ਤੇ ਵਿਰਕ ਵਰਗੇ ਪਾਲਤੂਆਂ ਨੂੰ ਕੀ ਸਮਝਦੀ ਹੈ?
ਗਿੱਲ ਦੀ ਮੌਤ ਪਿਛੋਂ ਹਿੰਦੂ ਬਹੁਗਿਣਤੀ ਉਸ ਨੂੰ ਵਡਿਆ ਰਹੀ ਹੈ। ਹਿੰਸਾ ਦੀ ਇਹ ਪੁਸ਼ਤਪਨਾਹੀ ਇਸ ਗੱਲ ਦਾ ਸਬੂਤ ਹੈ ਕਿ ਸਿੱਖਾਂ ਜਾਂ ਹੋਰ ਘੱਟਗਿਣਤੀ ਕੌਮਾਂ ਦੀਆਂ ਨਸਲਕੁਸ਼ੀਆਂ ਇਤਿਹਾਸ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਨਹੀਂ ਸਨ, ਜਿਨ੍ਹਾਂ ਦਾ ਉਨ੍ਹਾਂ ਦੇ ਖਾਸ ਪ੍ਰਸੰਗ ਵਿਚ ਕੋਈ ਤਰਕ ਬਣਾਇਆ ਜਾ ਸਕੇ। ਇਹ ਹਿੰਦੂ ਬਹੁਗਿਣਤੀ ਅੰਦਰ ਜੁਗਾਂ ਤੋਂ ਪਨਪਦੀ ਆ ਰਹੀ ਹਿੰਸਾ ਸੀ ਜਿਸ ਨੇ ਆਪਣੇ ਪ੍ਰਗਟਾਓ ਲਈ ਮੌਕੇ ਪੈਦਾ ਕਰ ਲਏ। ਸੰਨ ਚੁਰਾਸੀ ਤੋਂ ਹੁਣ ਤੱਕ ਦਾ ਇਤਿਹਾਸ ਗਵਾਹ ਹੈ ਕਿ ਇਹ ਅਮਲ ਕਦੇ ਬੰਦ ਨਹੀਂ ਹੋਇਆ।
ਨਰਿੰਦਰ ਮੋਦੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਹਿੰਦੂਤਵੀ ਸੰਗਠਨਾਂ ਦੀਆਂ ਕਾਰਵਾਈਆਂ ਤੋਂ ਸਪੱਸ਼ਟ ਹੈ ਕਿ ਉਹ ਕਿਸੇ ਜ਼ਿਆਦਾ ਭਿਆਨਕ ਨਸਲਕੁਸ਼ੀ ਦੇ ਮਨਸੂਬੇ ਪੂਰੇ ਕਰਨ ਵੱਲ ਵਧ ਰਹੇ ਹਨ। ਇਨ੍ਹਾਂ ਮਨਸੂਬਿਆਂ ਦੀ ਪੂਰਤੀ ਲਈ ਗਿੱਲ ਵਰਗਿਆਂ ਦੇ ਬੁੱਤ ਬਣਾ-ਬਣਾ ਉਨ੍ਹਾਂ ਤੇ ਫੁੱਲ ਚੜ੍ਹਾਏ ਜਾ ਰਹੇ ਹਨ।
ਗਿੱਲ ਦੇ ਹਿੰਦੂ ਮਨਾਂ ਵਿਚ ਖੜ੍ਹੇ ਕੀਤੇ ਬੁੱਤ ਨੂੰ ਸਮਝਣ ਦੀ ਲੋੜ ਹੈ। ਗਿੱਲ ਦਾੜ੍ਹੀ ਤੇ ਦਸਤਾਰ ਵਾਲਾ ਸਿੱਖ ਸੀ, ਜਿਸ ਨੂੰ ਦਾੜ੍ਹੀ ਤੇ ਦਸਤਾਰ, ਦੋਹਾਂ ਦੀ ਕੋਈ ਸ਼ਰਮ ਨਹੀਂ ਸੀ। ਹਿੰਦੂ ਸਥਾਪਤੀ ਨੂੰ ਐਨ ਇਸੇ ਤਰ੍ਹਾਂ ਦੇ ਕਿਰਦਾਰ ਦੀ ਲੋੜ ਸੀ। ਅਜਿਹਾ ਕਿਰਦਾਰ ਹਿੰਦੂ ਕਾਨੂੰਨ ਦੀ ਅਜਾਰੇਦਾਰੀ ਨੂੰ ਵਾਜਬ ਠਹਿਰਾਉਣ ਲਈ ਲੋੜੀਂਦਾ ਸੀ। ਭਾਰਤੀ ਖੁਫੀਆ ਏਜੰਸੀਆਂ ਨੇ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਨੂੰ ਖਤਮ ਕਰਨ ਲਈ ਵਿਉਂਤਬੰਦੀ ਕੀਤੀ ਜਿਸ ਵਿਚ ਗਿੱਲ ਦੀ ਕੋਈ ਖਾਸ ਭੂਮਿਕਾ ਨਹੀਂ ਸੀ। ਖੁਫੀਆ ਏਜੰਸੀਆਂ ਦੇ ਮਨਸੂਬੇ ਸਿਰੇ ਚਾੜ੍ਹਨ ਲਈ ਭਾਰਤੀ ਹਕੂਮਤ ਨੇ ਓ. ਪੀ. ਸ਼ਰਮਾ ਤੇ ਉਸ ਦੇ ਖਾਸ ਮਾਤਹਿਤਾਂ ਦੀ ਟੀਮ ਚੁਣੀ। ਇਨ੍ਹਾਂ ਅਸਲ ਖਿਡਾਰੀਆਂ ਦੀ ਹਿਫਾਜ਼ਤ ਲਈ, ਤੇ ਸਿੱਖਾਂ ਦੀ ਨਸਲਕੁਸ਼ੀ ਲਈ ਸਿੱਖ ਚਿਹਰਾ ਵਰਤਣ ਦੇ ਮਕਸਦ ਨਾਲ ਕੇ. ਪੀ. ਐਸ਼ ਗਿੱਲ ਨੂੰ ਮੂਹਰੇ ਲਾਇਆ ਗਿਆ। ਗਿੱਲ ਨਿੱਘਰਿਆ ਹੋਇਆ ਬਦਮਾਸ਼ ਬੰਦਾ ਸੀ, ਜੋ ਹਾਕਮਾਂ ਦੀਆਂ ਨਜ਼ਰਾਂ ਵਿਚ ਪ੍ਰਵਾਨ ਚੜ੍ਹਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ। ਭਾਰਤੀ ਹਕੂਮਤ ਨੇ ਗਿੱਲ ਨੂੰ ਆਪਣੇ ਮਕਸਦ ਲਈ ਵਰਤਿਆ ਤੇ ਪ੍ਰਚਾਰਿਆ ਕਿ ਗਿੱਲ ਨੇ ਖਾਲਿਸਤਾਨ ਦੀ ਲਹਿਰ ਨੂੰ ਖਤਮ ਕਰਕੇ ਭਾਰਤਵਰਸ਼ ਦੀ ਵੱਡੀ ਸੇਵਾ ਕੀਤੀ। ਗਿੱਲ ਦੀ ਇਹ ਅਖੌਤੀ ਪ੍ਰਾਪਤੀ ਅਸਲ ਵਿਚ ਨੀਤੀਗਤ ਝੂਠ ਸੀ। ਕੇ. ਪੀ. ਐਸ਼ ਗਿੱਲ ਦੀ ਅਸਲ ਵਿਚ ਕੋਈ ਔਕਾਤ ਨਹੀਂ ਸੀ। ਉਹ ਬੁਨਿਆਦੀ ਸਲੀਕੇ ਤੋਂ ਸੱਖਣਾ ਬੀਬੀਆਂ ਨਾਲ ਬਦਸਲੂਕੀ ਕਰਨ ਵਾਲਾ ਬਦਮਾਸ਼ ਕਿਸਮ ਦਾ ਬੰਦਾ ਸੀ। ਹਿੰਦੂ ਸਥਾਪਤੀ ਨੇ ਪਹਿਲਾਂ ਇੱਕ ਬਦਮਾਸ਼ ਪਾਲਿਆ ਤੇ ਫਿਰ ਉਸ ਬਦਮਾਸ਼ ਦੀ ਪੁਸ਼ਤਪਨਾਹੀ ਲਈ ਇਤਿਹਾਸਕ ਅਹਿਮੀਅਤ ਵਾਲਾ ਝੂਠ ਸਿਰਜਿਆ।
ਕੇ. ਪੀ. ਐਸ਼ ਗਿੱਲ ਨੇ ਹਿੰਦੂ ਰਾਸ਼ਟਰਵਾਦ ਦੀ ਰਾਖੀ ਕਰਨ ਵਾਲਾ ਬਦਮਾਸ਼ ਬਣਨਾ ਮਨਜ਼ੂਰ ਕੀਤਾ। 1992 ਵਿਚ ਉਹ ਅਜਿਹੇ ਹੀ ਇੱਕ ਹੋਰ ਅਨਸਰ ਬੇਅੰਤ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਿਹਾ ਸੀ। ਜਿਸ ਸਰਕਾਰ ਨੇ ਦਾਅਵਾ ਕੀਤਾ ਕਿ ਉਸ ਨੇ ਸਾਰੇ ਦੇ ਸਾਰੇ ਖਾਲਿਸਤਾਨੀ ਜੁਝਾਰੂ ਮਾਰ ਮੁਕਾਏ ਹਨ ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੀ ਲਹਿਰ ਖਤਮ ਕਰ ਦਿੱਤੀ ਹੈ, ਉਸ ਦੀ ਅਗਵਾਈ ਅਸਲ ਵਿਚ ਬੇਅੰਤ ਸਿੰਘ ਕਰ ਰਿਹਾ ਸੀ। 31 ਅਗਸਤ 1995 ਨੂੰ ਖਾਲਿਸਤਾਨੀ ਜੁਝਾਰੂਆਂ ਨੇ ਕੇ. ਪੀ. ਐਸ਼ ਗਿੱਲ ਦੇ ਸਿਰ ‘ਤੇ ਬੈਠੇ ਦਿੱਲੀ ਦੇ ਸੂਬੇਦਾਰ ਬੇਅੰਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬੰਦੂਕ ਦਾ ਘੋੜਾ ਨੱਪਣ ਵਾਲਾ ਬੇਅੰਤ ਸਿੰਘ ਦਾ ਹੱਥ ਮਿੱਟੀ ਵਿਚ ਮਿਲ ਗਿਆ। ਹਿੰਦੂ ਸਥਾਪਤੀ ਦੀ ਜਰਜਰੀ ਬੰਦੂਕ, ਕੇ. ਪੀ. ਐਸ਼ ਗਿੱਲ ਦੇ ਰੂਪ ਵਿਚ, ਬਦੀ ਦੇ ਸਬੂਤ ਵਜੋਂ ਬਚੀ ਰਹਿ ਗਈ। ਕੇ. ਪੀ. ਐਸ਼ ਗਿੱਲ ਦੇ ਇਤਿਹਾਸਕ ਪ੍ਰਾਪਤੀ ਦੇ ਦਮਗਜੇ ਇੱਕ ਝਟਕੇ ਨਾਲ ਕੱਖੋਂ ਹੌਲੇ ਹੋ ਗਏ। ਗਿੱਲ ਨੂੰ ਰਹਿੰਦੀ ਜ਼ਿੰਦਗੀ ਆਪਣੇ ਇੱਕੋ-ਇੱਕ ਦਾਅਵੇ ਦੀ ਅਸਲੀਅਤ ਦੀ ਨਮੋਸ਼ੀ ਵਿਚ ਗੁਜ਼ਾਰਨੀ ਪਈ। ਸੁਨੇਹਾ ਸਪੱਸ਼ਟ ਸੀ ਕਿ ਸੱਤਾ ਕਿਸੇ ਧਿਰ ‘ਤੇ ਵਕਤੀ ਤੌਰ ‘ਤੇ ਹਾਵੀ ਹੋ ਸਕਦੀ ਹੈ, ਪਰ ਆਜ਼ਾਦੀ ਦੀ ਚਿਣਗ ਦਮਨ ਨਾਲ ਖਤਮ ਨਹੀਂ ਕੀਤੀ ਜਾ ਸਕਦੀ।
ਗਿੱਲ ਦੀ ਮੌਤ ਨਾਲ ਇਨਸਾਨੀਅਤ ਦੇ ਨਿਘਾਰ ਦਾ ਇੱਕ ਨੁਮਾਇੰਦਾ ਖੇਹ ਵਿਚ ਰਲ ਗਿਆ ਹੈ। ਇਹ ਆਪਣੇ-ਆਪ ਵਿਚ ਸੰਤੋਖ ਵਾਲੀ ਗੱਲ ਹੈ, ਪਰ ਜਿਸ ਨਿਰਲੱਜਤਾ ਨਾਲ ਹਿੰਦੂਤਵੀ ਨਸਲਪ੍ਰਸਤ ਗਿੱਲ ਦੀ ਖੇਹ ਨੂੰ ਆਪਣੇ ਮੂੰਹ-ਸਿਰ ‘ਤੇ ਮਲ ਕੇ ਆਪਣੀ ਹਸਤੀ ਦਾ ਨੁਮਾਇੰਦਾ ਬਿੰਬ ਬਣਾ ਰਹੇ ਹਨ, ਉਸ ਤੋਂ ਜਾਹਰ ਹੈ ਕਿ ਇਨਸਾਨੀਅਤ ਨੂੰ ਚੁਣੌਤੀਆਂ ਖਤਮ ਹੋਣ ਦੇ ਨੇੜੇ ਨਹੀਂ ਹਨ। ਹਿੰਦੂਤਵੀ ਧਿਰਾਂ ਵਿਚ ਘੁਲਦੀ ਵਿਹੁ ਨੂੰ ਇਸ ਦੇ ਸਹੀ ਰੂਪ ਵਿਚ ਵੇਖਣਾ ‘ਤੇ ਬਿਆਨ ਕਰਨਾ ਜ਼ਰੂਰੀ ਹੈ।
ਸਿਆਸੀ ਪੱਖੋਂ ਦਰੁਸਤ ਭਾਸ਼ਾ ਅਜਿਹੇ ਗੰਭੀਰ ਖਤਰੇ ਨੂੰ ਬਿਆਨ ਕਰਨ ਲਈ ਕਾਫੀ ਨਹੀਂ। ਇਹ ਮਾਮਲਾ ਕਰੋੜਾਂ ਮਾਸੂਮ ਲੋਕਾਂ ਦੀ ਸਲਾਮਤੀ ਤੇ ਪੱਤ ਨਾਲ ਸਬੰਧ ਰੱਖਦਾ ਹੈ, ਇਸ ਨੂੰ ਫਿਰਕੂ ਭਾਸ਼ਾ ਤੋਂ ਗੁਰੇਜ ਦੇ ਨਾਂ ਹੇਠ ਗੰਧਲਾ ਕਰਕੇ ਪੇਸ਼ ਨਹੀਂ ਕੀਤਾ ਜਾ ਸਕਦਾ। ਕਰੋੜਾਂ ਲੋਕਾਂ ਦੀ ਜਾਨ ਤੇ ਮਾਲ ਨੂੰ ਹਿੰਦੂਤਵੀ ਤਾਂਡਵ ਨਾਚ ਤੋਂ ਖਤਰਾ ਹੈ। ਉਹ ਅਗਾਂਹ ਨੂੰ ਵੀ ਗਿੱਲ ਵਰਗੇ ਦਰਿੰਦੇ ਪੈਦਾ ਕਰਦੇ ਰਹਿਣਗੇ ਤੇ ਆਪਣੀ ਹਿੰਸਕ ਬਿਰਤੀ ਦੀ ਤ੍ਰਿਪਤੀ ਲਈ ਉਨ੍ਹਾਂ ਨੂੰ ਨਿਵਾਜਦੇ ਰਹਿਣਗੇ।