ਪੰਜਾਬ: ਇਕ ਬਿਹਤਰ ਭਵਿੱਖ ਦੀ ਤਲਾਸ਼

ਸਤਨਾਮ ਸਿੰਘ ਮਾਣਕ
ਆਪਣੀ ਵਿਸ਼ੇਸ਼ ਭੂਗੋਲਿਕ ਸਥਿਤੀ ਕਰਕੇ ਪੰਜਾਬ ਨੂੰ ਸਦੀਆਂ ਤੋਂ ਵੱਡੇ-ਵੱਡੇ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਕੇਂਦਰੀ ਏਸ਼ੀਆ ਤੋਂ ਆਉਣ ਵਾਲੇ ਹਮਲਾਵਰਾਂ ਦੇ ਤਿੱਖੇ ਵਾਰ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਹੀ ਸਹਿਣੇ ਪੈਂਦੇ ਸਨ। ਅਜਿਹੀਆਂ ਚੁਣੌਤੀਆਂ ਦਾ ਪੰਜਾਬੀ ਬੜੀ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਸਾਹਮਣਾ ਕਰਦੇ ਰਹੇ ਹਨ। ਮੁਗਲ ਸਾਮਰਾਜ ਅਤੇ ਬਰਤਾਨੀਆ ਸਾਮਰਾਜ ਖਿਲਾਫ ਸਭ ਤੋਂ ਵੱਡੀ ਲੜਾਈ ਪੰਜਾਬੀਆਂ ਨੇ ਹੀ ਲੜੀ ਹੈ। ਪੰਜਾਬੀਆਂ ਨੂੰ ਇਸ ਸਮਰੱਥ ਬਣਾਉਣ ਵਿਚ ਗੁਰੂ ਸਾਹਿਬਾਨ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸਾਹਿਬਾਨ ਨੇ ਆਪਣੀ ਕਹਿਣੀ ਤੇ ਕਥਨੀ ਰਾਹੀਂ ਪੰਜਾਬ ਦੀ ਧਰਤੀ ‘ਤੇ ਅਜਿਹੇ ਮਰਜੀਵੜਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਪੰਜਾਬੀਆਂ ਦੀਆਂ ਰਗਾਂ ਵਿਚ ਅਣਖ ਤੇ ਗੈਰਤ ਦਾ ਸੰਚਾਰ ਕੀਤਾ ਅਤੇ ਆਪਣੇ ਹੱਕਾਂ-ਹਿਤਾਂ ਦੀ ਲੜਾਈ ਅਜਿਹੇ ਢੰਗ ਨਾਲ ਲੜੀ ਕਿ ਇਤਿਹਾਸ ਵਿਚ ਪੰਜਾਬੀਆਂ ਦੀ ਬਹਾਦਰੀ ਦੇ ਅਨੇਕਾਂ ਕਾਰਨਾਮੇ ਦਰਜ ਹੋ ਗਏ।

ਪਰ ਅੱਜ ਪੰਜਾਬ ਇਕ ਵਾਰ ਫਿਰ ਵੱਡੇ ਸਿਆਸੀ, ਆਰਥਕ, ਧਾਰਮਕ ਤੇ ਸੱਭਿਆਚਾਰਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਇਨ੍ਹਾਂ ਸਭ ਖੇਤਰਾਂ ਵਿਚ ਇਸ ਨੂੰ ਯੋਗ ਅਗਵਾਈ ਦੀ ਵੱਡੀ ਲੋੜ ਹੈ, ਜੋ ਪੰਜਾਬੀਆਂ ਨੂੰ ਸਹੀ ਲੀਹਾਂ ‘ਤੇ ਰਾਜਨੀਤਕ ਤੇ ਸਮਾਜਕ ਤੌਰ ‘ਤੇ ਲਾਮਬੰਦ ਕਰ ਸਕੇ ਅਤੇ ਉਨ੍ਹਾਂ ਦੇ ਸੰਕਟ ਨਿਵਾਰਣ ਲਈ ਢੁਕਵੀਂ ਸੇਧ ਦੇ ਸਕੇ। ਪਰ ਅਜਿਹੀ ਅਗਵਾਈ ਅਜੇ ਦੂਰ-ਦੂਰ ਤੱਕ ਦਿਖਾਈ ਨਹੀਂ ਦੇ ਰਹੀ।
ਜੇ ਪੰਜਾਬ ਨੂੰ ਦਰਪੇਸ਼ ਵਿਆਪਕ ਸੰਕਟ ਦੀ ਸੰਖੇਪ ਵਿਚ ਚਰਚਾ ਕਰੀਏ ਤਾਂ ਅਜਿਹੀਆਂ ਹਕੀਕਤਾਂ ਸਾਹਮਣੇ ਆਉਂਦੀਆਂ ਹਨ, ਜੋ ਗਹਿਰਾ ਰੰਜ ਪੈਦਾ ਕਰਦੀਆਂ ਹਨ। ਦੇਸ਼ ਲਈ ਹਮੇਸ਼ਾ ਅੱਗੇ ਹੋ ਕੇ ਕੁਰਬਾਨੀਆਂ ਕਰਨ ਵਾਲੇ ਪੰਜਾਬੀਆਂ ਦਾ ਵੱਡਾ ਹਿੱਸਾ ਅੱਜ ਰੋਜ਼ੀ-ਰੋਟੀ ਤੋਂ ਆਤੁਰ ਹੋ ਕੇ ਔਖੇ ਦਿਨ ਕੱਟ ਰਿਹਾ ਹੈ, ਵਿਦੇਸ਼ਾਂ ਨੂੰ ਹਿਜਰਤ ਕਰਨ ਲਈ ਮਜਬੂਰ ਹੋ ਰਿਹਾ ਹੈ। ਕਿਸਾਨ ਭਾਈਚਾਰਾ ਖੁਦਕੁਸ਼ੀਆਂ ਕਰ ਰਿਹਾ ਹੈ। ਰਾਜ ਦੀਆਂ ਕੁਝ ਕੌੜੀਆਂ ਹਕੀਕਤਾਂ ਦੀ ਚਰਚਾ ਅਸੀਂ ਇਥੇ ਕਰਨੀ ਜ਼ਰੂਰੀ ਸਮਝਦੇ ਹਾਂ।
1990 ਤੋਂ ਪੰਜਾਬ ਦੀ ਵਿਕਾਸ ਦਰ ਕੌਮੀ ਵਿਕਾਸ ਦਰ ਨਾਲੋਂ ਅਤੇ ਕਈ ਹੋਰ ਭਾਰਤੀ ਰਾਜਾਂ ਨਾਲੋਂ ਲਗਾਤਾਰ ਹੇਠਾਂ ਵੱਲ ਜਾ ਰਹੀ ਹੈ। ਇਸ ਸਮੇਂ ਪੰਜਾਬ ਦੀ ਪ੍ਰਤੀ ਜੀਅ ਆਮਦਨ ਵੀ 11 ਭਾਰਤੀ ਰਾਜਾਂ ਤੇ ਕੇਂਦਰ ਸ਼ਾਸਤ ਇਲਾਕਿਆਂ ਤੋਂ ਹੇਠਾਂ ਹੈ ਅਤੇ ਇਸ ਸਿਰ 2.11 ਲੱਖ ਕਰੋੜ ਦਾ ਕਰਜ਼ਾ ਹੈ। ਇਸ ਵਿਚ ਜੇ ਕੇਂਦਰੀ ਅਨਾਜ ਭੰਡਾਰ ਲਈ ਪੰਜਾਬ ਦੀਆਂ ਖਰੀਦ ਏਜੰਸੀਆਂ ਵਲੋਂ ਖਰੀਦੇ ਗਏ ਅਨਾਜ ਦੇ ਮਾਮਲੇ ਵਿਚ ਪੰਜਾਬ ਸਿਰ ਪਾਏ ਗਏ 31,000 ਕਰੋੜ ਦੇ ਕਸਾਰੇ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਇਹ ਕਰਜ਼ਾ ਹੋਰ ਵੀ ਵਧ ਜਾਂਦਾ ਹੈ। ਰਾਜ ਸਰਕਾਰ ਨੂੰ ਆਪਣੀਆਂ ਜ਼ਰੂਰੀ ਅਦਾਇਗੀਆਂ ਅਤੇ ਥੋੜ੍ਹੇ-ਬਹੁਤੇ ਵਿਕਾਸ ਕਾਰਜ ਜਾਰੀ ਰੱਖਣ ਲਈ ਹੋਰ ਕਰਜ਼ਾ ਉਠਾਉਣਾ ਪੈ ਰਿਹਾ ਹੈ। ਰਾਜ ਦੀ ਬਹੁਤੀ ਆਮਦਨ ਪਿਛਲੇ ਕਰਜ਼ੇ ਦਾ ਵਿਆਜ ਜਾਂ ਉਸ ਦੀਆਂ ਕਿਸ਼ਤਾਂ ਦੇਣ ਵਿਚ ਚਲੇ ਜਾਂਦੀ ਹੈ। ਸਿਹਤ, ਸਿੱਖਿਆ ਅਤੇ ਰੁਜ਼ਗਾਰ ਵਧਾਉਣ ਦੇ ਹੋਰ ਮੌਕੇ ਪੈਦਾ ਕਰਨ ਲਈ ਰਾਜ ਸਰਕਾਰ ਨੂੰ ਵਿੱਤੀ ਸਰੋਤਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਰਾਜ ਸਰਕਾਰ ਦੇ ਮੰਤਰੀ ਤੇ ਅਫਸਰਸ਼ਾਹੀ ਇਸ ਵਿੱਤੀ ਸੰਕਟ ਦੇ ਸੰਦਰਭ ਵਿਚ ਆਪਣੇ ਖਰਚੇ ਘਟਾਉਣ ਦੀ ਥਾਂ ਵਿੱਤੀ ਸੰਕਟ ਦਾ ਸਾਰਾ ਬੋਝ ਹੇਠਲੇ ਦਰਜੇ ਦੇ ਮੁਲਾਜ਼ਮਾਂ ਜਾਂ ਆਮ ਲੋਕਾਂ ‘ਤੇ ਹੀ ਪਾਈ ਜਾ ਰਹੀ ਹੈ, ਜਿਸ ਕਾਰਨ ਸਿੱਖਿਆ ਅਤੇ ਸਿਹਤ ਜਿਹੀਆਂ ਜ਼ਰੂਰੀ ਸਹੂਲਤਾਂ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਖੇਤੀਬਾੜੀ ਦੀ ਸਥਿਤੀ ਇਹ ਹੈ ਕਿ 2000 ਤੋਂ ਲੈ ਕੇ ਹੁਣ ਤੱਕ 16,600 ਦੇ ਲਗਪਗ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਚੁਕੇ ਹਨ ਅਤੇ ਇਨ੍ਹਾਂ ਖੁਦਕੁਸ਼ੀਆਂ ਦਾ ਵੱਡਾ ਕਾਰਨ ਖੇਤੀ ਕਰਜ਼ਾ ਤੇ ਕਿਸਾਨਾਂ ਨੂੰ ਖੇਤੀ ਜਿਣਸਾਂ ਦੇ ਲਾਭਕਾਰੀ ਭਾਅ ਨਾ ਮਿਲਣ ਕਾਰਨ ਪਿਆ ਵਿੱਤੀ ਘਾਟਾ ਹੀ ਹੈ।
ਖਾੜਕੂਵਾਦ ਦੇ ਦੌਰ ਵਿਚ ਆਰਥਕਤਾ ਦੇ ਹੋਰ ਖੇਤਰਾਂ ਦੇ ਨਾਲ-ਨਾਲ ਰਾਜ ਦੀ ਸਨਅਤ ਨੂੰ ਵੀ ਭਾਰੀ ਨੁਕਸਾਨ ਪੁੱਜਾ ਸੀ। ਅਸੁਰੱਖਿਆ ਦਾ ਵਾਤਾਵਰਣ ਪੈਦਾ ਹੋਣ ਕਾਰਨ ਕਈ ਸਨਅਤਾਂ ਰਾਜ ਤੋਂ ਬਾਹਰ ਚਲੇ ਗਈਆਂ। ਅਟਲ ਬਿਹਾਰੀ ਵਾਜਪਾਈ ਦੇ ਸਮੇਂ ਪਹਾੜੀ ਰਾਜਾਂ ਨੂੰ ਸਨਅਤੀ ਵਿਕਾਸ ਲਈ ਦਿੱਤੀਆਂ ਗਈਆਂ ਵਿਸ਼ੇਸ਼ ਸਹੂਲਤਾਂ ਕਾਰਨ ਰਾਜ ਵਿਚੋਂ ਸਨਅਤੀ ਹਿਜਰਤ ਹੋਰ ਵੀ ਤੇਜ਼ ਹੋ ਗਈ। ਸਨਅਤਾਂ ਨੂੰ ਵਿਕਾਸ ਲਈ ਲੋੜੀਂਦਾ ਮਾਹੌਲ ਤੇ ਹੋਰ ਸਾਧਨ ਮੁਹੱਈਆ ਕਰਨ ਦੇ ਮਾਮਲੇ ਵਿਚ ਕੇਂਦਰ ਅਤੇ ਰਾਜ ਸਰਕਾਰਾਂ-ਦੋਵਾਂ ਦੀ ਨਾਕਾਮੀ ਵਿਚੋਂ ਉਪਜੇ ਹਾਲਾਤ ਕਾਰਨ 2007 ਤੋਂ ਲੈ ਕੇ 2014 ਤੱਕ ਲਗਪਗ 18,770 ਸਨਅਤੀ ਯੂਨਿਟ ਰਾਜ ਵਿਚ ਬੰਦ ਹੋ ਗਏ ਹਨ। ਸਨਅਤੀ ਖੇਤਰ ਵਿਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਲਗਾਤਾਰ ਸੁੰਗੜ ਰਹੀਆਂ ਹਨ।
ਰਾਜ ਵਿਚ ਰੁਜ਼ਗਾਰ ਦੇ ਮੌਕੇ ਵਧਾਉਣ ਦੀ ਸਭ ਤੋਂ ਵਧ ਸੰਭਾਵਨਾ ਇਹ ਸੀ ਕਿ ਇਥੇ ਖੇਤੀਬਾੜੀ ਆਧਾਰਤ ਸਨਅਤਾਂ ਲਾਈਆਂ ਜਾਂਦੀਆਂ। ਖੇਤੀਬਾੜੀ ਜੋ ਵੀ ਕੱਚਾ ਮਾਲ ਪੈਦਾ ਕਰਦੀ, ਉਸ ਨੂੰ ਤਿਆਰ ਕਰਕੇ ਸਨਅਤੀ ਉਤਪਾਦਨਾਂ ਵਿਚ ਬਦਲਿਆ ਜਾਂਦਾ। ਇਸ ਨਾਲ ਖੇਤੀਬਾੜੀ ਦਾ ਸੰਕਟ ਵੀ ਹੱਲ ਹੋ ਸਕਦਾ ਸੀ ਅਤੇ ਨਾਲ-ਨਾਲ ਸਨਅਤੀ ਵਿਕਾਸ ਵੀ ਹੋ ਸਕਦਾ ਸੀ। ਜੇ ਕੇਂਦਰੀ ਅਤੇ ਰਾਜ ਸਰਕਾਰਾਂ ਪਹਾੜੀ ਰਾਜਾਂ ਵਾਂਗ ਹੀ 2-3 ਦਹਾਕਿਆਂ ਲਈ ਪੰਜਾਬ ਵਿਚ ਸਨਅਤਾਂ ਨੂੰ ਟੈਕਸਾਂ ਪੱਖੋਂ ਰਿਆਇਤਾਂ ਮੁਹੱਈਆ ਕਰਕੇ ਇਸ ਤਰ੍ਹਾਂ ਦੀ ਪਹਿਲਕਦਮੀ ਕਰਦੀਆਂ ਤਾਂ ਹੋ ਸਕਦਾ ਸੀ ਕਿ ਰੁਜ਼ਗਾਰ ਪੱਖੋਂ ਅੱਜ ਸਥਿਤੀਆਂ ਕੁਝ ਵੱਖਰੀਆਂ ਹੁੰਦੀਆਂ। ਇਸ ਸਮੇਂ ਹਕੀਕਤ ਇਹ ਹੈ ਕਿ ਰਾਜ ਵਿਚ 22 ਤੋਂ ਲੈ ਕੇ 25 ਲੱਖ ਨੌਜਵਾਨ ਬੇਰੁਜ਼ਗਾਰ ਹਨ। ਇਥੇ ਰੁਜ਼ਗਾਰ ਦੀਆਂ ਕੋਈ ਸੰਭਾਵਨਾਵਾਂ ਨਾ ਦੇਖ ਕੇ ਨੌਜਵਾਨਾਂ ਦਾ ਇਕ ਵੱਡਾ ਹਿੱਸਾ +2 ਤੋਂ ਬਾਅਦ ਹੀ ਔਖਾ-ਸੌਖਾ ਹੋ ਕੇ ਵਿਦੇਸ਼ਾਂ ਵੱਲ ਮੂੰਹ ਕਰ ਰਿਹਾ ਹੈ ਤੇ ਜਿਨ੍ਹਾਂ ਕੋਲ ਅਜਿਹੇ ਸਾਧਨ ਨਹੀਂ ਹਨ, ਉਹ ਇਥੇ ਛੋਟਾ-ਮੋਟਾ ਕੰਮ-ਧੰਦਾ ਕਰਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਬੇਰੁਜ਼ਗਾਰੀ ਕਾਰਨ ਹੀ ਨੌਜਵਾਨਾਂ ਦਾ ਇਕ ਚੋਖਾ ਹਿੱਸਾ ਨਸ਼ਿਆਂ ਅਤੇ ਜੁਰਮਾਂ ਦੀ ਦੁਨੀਆਂ ਵਿਚ ਵੀ ਪ੍ਰਵੇਸ਼ ਕਰਦਾ ਜਾ ਰਿਹਾ ਹੈ, ਜੋ ਰਾਜ ਲਈ ਬੇਹੱਦ ਚਿੰਤਾ ਦੀ ਗੱਲ ਹੈ।
ਰਾਜ ਵਿਚ ਗੰਭੀਰ ਆਰਥਕ ਸੰਕਟ ਹੋਣ ਕਾਰਨ ਇਸ ਦਾ ਪ੍ਰਗਟਾਵਾ ਹੁਣ ਸਿਆਸੀ, ਸਮਾਜਕ ਤੇ ਸੱਭਿਆਚਾਰਕ ਖੇਤਰਾਂ ਵਿਚ ਵੀ ਹੋਣ ਲੱਗਾ ਹੈ। ਕਹਿੰਦੇ ਹਨ, ਇਕ ਸਮੇਂ ਸੋਵੀਅਤ ਯੂਨੀਅਨ ਵਿਚ ਇਨਕਲਾਬ ਲਿਆਉਣ ਵਾਲੇ ਪ੍ਰਸਿੱਧ ਕਮਿਊਨਿਸਟ ਆਗੂ ਕਾਮਰੇਡ ਲੈਨਿਨ ਨੇ ਕਿਹਾ ਸੀ, “ਤੁਸੀਂ ਮੈਨੂੰ ਕਿਸੇ ਦੇਸ਼ ਦੇ ਨੌਜਵਾਨਾਂ ਬਾਰੇ ਇਹ ਦੱਸ ਦਿਓ ਕਿ ਉਨ੍ਹਾਂ ਦੇ ਮੂੰਹ ‘ਤੇ ਕਿਹੋ ਜਿਹੇ ਗਾਣੇ ਚੜ੍ਹੇ ਹੋਏ ਹਨ, ਮੈਂ ਤੁਹਾਨੂੰ ਉਸ ਦੇਸ਼ ਦਾ ਭਵਿੱਖ ਦੱਸ ਦਿਆਂਗਾ।”
ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਲੱਚਰ ਗਾਣੇ ਲਿਖੇ ਜਾ ਰਹੇ ਹਨ, ਲੱਚਰ ਗਾਣੇ ਗਾਏ ਜਾ ਰਹੇ ਹਨ ਅਤੇ ਇਹ ਲੱਚਰ ਗਾਣੇ ਸਾਡੇ ਨੌਜਵਾਨਾਂ ਦੇ ਮੂੰਹ ‘ਤੇ ਚੜ੍ਹੇ ਹੋਏ ਹਨ। ਇਹ ਗਾਣੇ ਗੁੰਡਾਗਰਦੀ, ਲਾਕਾਨੂੰਨੀ ਤੇ ਨਸ਼ੇ ਕਰਨ ਲਈ ਨੌਜਵਾਨਾਂ ਨੂੰ ਉਤੇਜਿਤ ਕਰਦੇ ਹਨ। ਇਸ ਸੰਦਰਭ ਵਿਚ ਲੈਨਿਨ ਦੇ ਕਥਨ ਤੋਂ ਸਹਿਜੇ ਹੀ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸਮਝਿਆ ਜਾ ਸਕਦਾ ਹੈ। ਸਮਾਜ ਵਿਚ ਨਸ਼ਿਆਂ ਕਾਰਨ ਵਧ ਰਹੇ ਅਪਰਾਧ, ਪਰਿਵਾਰਕ ਕਲਹਾ-ਕਲੇਸ਼ ਅਤੇ ਰਿਸ਼ਤਿਆਂ ਦੀ ਟੁੱਟ-ਭੱਜ-ਇਹ ਸਭ ਕੁਝ ਉਕਤ ਗੰਭੀਰ ਸੰਕਟ ਦਾ ਹੀ ਝਲਕਾਰਾ ਹੈ।
ਇਨ੍ਹਾਂ ਕੌੜੀਆਂ ਆਰਥਕ ਤੇ ਰਾਜਨੀਤਕ ਸਥਿਤੀਆਂ ਨੂੰ ਸਮਝਣ ਅਤੇ ਇਨ੍ਹਾਂ ਦੇ ਕੋਈ ਠੋਸ ਹੱਲ ਲੱਭਣ ਦੇ ਮਾਮਲੇ ‘ਚ ਕੇਂਦਰੀ ਅਤੇ ਰਾਜ ਦੀ ਲੀਡਰਸ਼ਿਪ ਲਗਾਤਾਰ ਨਾਕਾਮ ਰਹੀ ਹੈ। ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਕੇ ਅਤੇ ਰਾਜ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਉਨ੍ਹਾਂ ਨੂੰ ਇੱਜਤ ਦੀ ਰੋਟੀ ਤੇ ਗੈਰਤ ਵਾਲਾ ਜੀਵਨ ਮੁਹੱਈਆ ਕਰਨ ਦੀ ਥਾਂ ਨਿਗੁਣੀਆਂ ਸਹੂਲਤਾਂ ਵੰਡ ਕੇ ਲੋਕਾਂ ਦੀ ਅਣਖ ਤੇ ਗੈਰਤ ਮਾਰ ਕੇ, ਉਨ੍ਹਾਂ ਨੂੰ ਮੁਫਤਖੋਰੇ ਬਣਾ ਕੇ ਵੋਟਾਂ ਬਟੋਰਨ ਦਾ ਕੰਮ ਲਗਪਗ ਸੱਭੇ ਸਿਆਸੀ ਪਾਰਟੀਆਂ ਨੇ ਕੀਤਾ ਹੈ।
ਰਾਜ ਦੀਆਂ ਬਹੁਤੀਆਂ ਸਿਆਸੀ ਪਾਰਟੀਆਂ ਭਾਵੇਂ ਉਹ ਕੌਮੀ ਹੋਣ ਜਾਂ ਖੇਤਰੀ, ਉਨ੍ਹਾਂ ਪ੍ਰਤੀ ਰਾਜ ਦੇ ਲੋਕਾਂ ਵਿਚ ਗਹਿਰੀ ਬੇਵਿਸ਼ਵਾਸੀ ਪੈਦਾ ਹੋ ਗਈ ਹੈ। ਲੋਕਾਂ ਦੇ ਵੱਖ-ਵੱਖ ਵਰਗਾਂ ਵਲੋਂ ਇਕ ਪਾਸੇ ਆਪਣੇ ਹੱਕਾਂ-ਹਿੱਤਾਂ ਲਈ ਸੜਕਾਂ ‘ਤੇ ਆ ਕੇ ਸੰਘਰਸ਼ ਲੜੇ ਜਾ ਰਹੇ ਹਨ ਅਤੇ ਦੂਜੇ ਪਾਸੇ ਨਿਰੰਤਰ ਢੁਕਵੇਂ ਰਾਜਨੀਤਕ ਬਦਲਾਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਕਿਸਾਨਾਂ ਵਲੋਂ ਵੱਖ-ਵੱਖ ਪੱਧਰਾਂ ‘ਤੇ ਕੀਤੇ ਗਏ ਸੰਘਰਸ਼ਾਂ, ਅਧਿਆਪਕਾਂ ਅਤੇ ਹੋਰ ਜਥੇਬੰਦੀਆਂ ਵਲੋਂ ਵੱਖ-ਵੱਖ ਥਾਂਵਾਂ ‘ਤੇ ਕੱਢੀਆਂ ਗਈਆਂ ਰੈਲੀਆਂ ਤੇ ਧਰਨਿਆਂ ਨੂੰ ਇਸੇ ਸੰਦਰਭ ਵਿਚ ਦੇਖਿਆ-ਸਮਝਿਆ ਜਾ ਸਕਦਾ ਹੈ।
ਇਹ ਹੋਰ ਵੀ ਅਫਸੋਸ ਦੀ ਗੱਲ ਹੈ ਕਿ ਇਸ ਸਮੁੱਚੇ ਸੰਕਟ ਦੇ ਪ੍ਰਸੰਗ ਵਿਚ ਸਿਆਸੀ ਪਾਰਟੀਆਂ ਵਿਚੋਂ ਕੋਈ ਵੀ ਪਾਰਟੀ ਲੋਕਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਉਨ੍ਹਾਂ ਨੂੰ ਸਹੀ ਲੀਹਾਂ ‘ਤੇ ਲਾਮਬੰਦ ਨਹੀਂ ਕਰ ਸਕੀ ਜਾਂ ਇਹ ਕਹਿ ਲਈਏ ਕਿ ਉਨ੍ਹਾਂ ਦਾ ਵਿਸ਼ਵਾਸ ਨਾ ਜਿੱਤ ਸਕੀ। ਇਸ ਕਰਕੇ ਲੋਕ ਆਪੋ-ਆਪਣੇ ਪੱਧਰ ‘ਤੇ ਹੀ ਸੰਘਰਸ਼ ਲੜਨ ਲਈ ਮਜਬੂਰ ਹੋ ਰਹੇ ਹਨ। ਦੂਜੇ ਪਾਸੇ ਸਿਆਸੀ ਪਾਰਟੀਆਂ ਆਪਣੀ ਹੋਂਦ ਕਾਇਮ ਰੱਖਣ ਅਤੇ ਆਗਾਮੀ ਲੋਕ ਸਭਾ ਚੋਣਾਂ ਲੜਨ ਲਈ ਲੋਕਾਂ ਦਾ ਸਮਰਥਨ ਹਾਸਲ ਕਰਨ ਵਾਸਤੇ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲ ਰਹੀਆਂ ਹਨ।
ਕਾਂਗਰਸ ਪਾਰਟੀ ਬਹੁਤ ਸਾਰੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਪਰ ਆਪਣੇ ਬਹੁਤੇ ਵਾਅਦੇ ਪੂਰੇ ਨਹੀਂ ਕਰ ਸਕੀ। ਭਾਵੇਂ ਇਸ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਅੱਧੇ-ਅਧੂਰੇ ਯਤਨ ਕੀਤੇ ਹਨ ਪਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਤੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਉਨ੍ਹਾਂ ਨੂੰ ਰੁਜ਼ਗਾਰ ਦੇ ਕੇ ਮੁਲਾਜ਼ਮਾਂ ਦੀ ਗਿਣਤੀ ਪੂਰੀ ਕਰਨ ਅਤੇ ਖੇਤੀ ਤੇ ਸਨਅਤੀ ਸੰਕਟ ਹੱਲ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਆਮ ਆਦਮੀ ਪਾਰਟੀ, ਜੋ ਪਿਛਲੇ ਲੰਮੇ ਸਮੇਂ ਤੋਂ ਫੁੱਟ ਦਾ ਸ਼ਿਕਾਰ ਚੱਲੀ ਆ ਰਹੀ ਹੈ ਅਤੇ ਦੋ ਧੜਿਆਂ ਵਿਚ ਵੰਡੀ ਜਾ ਚੁਕੀ ਹੈ, ਦਾ ਖਹਿਰਾ ਧੜਾ ਤਲਵੰਡੀ ਸਾਬੋ ਤੋਂ ਲੈ ਕੇ ਪਟਿਆਲੇ ਤੱਕ ਇਨਸਾਫ ਮਾਰਚ ਰਾਹੀਂ ਆਪਣੀ ਜਮੀਨ ਤਲਾਸ਼ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ, ਜੋ ਪਿਛਲੇ ਦਸ ਸਾਲਾਂ ਤੋਂ ਸੱਤਾ ਵਿਚ ਰਿਹਾ ਸੀ, ਇਸ ਸਮੇਂ ਵੀ ਆਪਣੇ ਕਾਰਜਕਾਲ ਸਮੇਂ ਹੋਈਆਂ ਰਾਜਨੀਤਕ, ਧਾਰਮਕ ਤੇ ਆਰਥਕ ਗਲਤੀਆਂ ਕਾਰਨ ਲੋਕਾਂ ਦੇ ਰੋਹ ਤੇ ਰੋਸ ਦਾ ਸ਼ਿਕਾਰ ਹੈ ਅਤੇ ਲੰਮਾ ਸਮਾਂ ਇਨ੍ਹਾਂ ਗਲਤੀਆਂ ਨੂੰ ਨਕਾਰਨ ਪਿਛੋਂ ਹੁਣ ਆਮ ਲੋਕਾਂ ਤੇ ਸਿੱਖ ਪੰਥ ਦੇ ਰੋਸ ਨੂੰ ਸ਼ਾਂਤ ਕਰਨ ਲਈ ਅਕਾਲ ਤਖਤ ਸਾਹਿਬ ਜਾ ਕੇ ਭੁੱਲ ਬਖਸ਼ਾਉਣ ਲਈ ਮਜਬੂਰ ਹੋਇਆ ਹੈ। ਇਸ ਨੂੰ ਸਿੱਖ ਪੰਥ ਅਤੇ ਪੰਜਾਬ ਦੇ ਲੋਕ ਕਿੱਥੋਂ ਤੱਕ ਮੁਆਫ ਕਰਦੇ ਹਨ, ਇਹ ਅਜੇ ਦੇਖਣ ਵਾਲੀ ਗੱਲ ਹੈ।
ਰਾਜ ਵਿਚ ਭਾਰਤੀ ਜਨਤਾ ਪਾਰਟੀ ਵੀ ਮੋਦੀ ਸਰਕਾਰ ਦੇ ਖਿਲਾਫ ਸਥਾਪਤੀ ਵਿਰੋਧੀ ਰੁਝਾਨ ਵਧਣ ਕਾਰਨ ਕਮਜ਼ੋਰ ਸਥਿਤੀ ਵਿਚ ਹੈ। ਉਕਤ ਸਿਆਸੀ ਧਿਰਾਂ ਤੋਂ ਇਲਾਵਾ ਰਾਜ ਦੇ ਹੋਰ ਸਿਆਸੀ ਤੇ ਸਮਾਜਕ ਸੰਗਠਨ ਵੀ ਅਜੇ ਤੱਕ ਰਾਜ ਨੂੰ ਕੋਈ ਬਦਲਵੀਂ ਲੀਡਰਸ਼ਿਪ ਮੁਹੱਈਆ ਕਰਨ ਦੇ ਸਮਰੱਥ ਹੋਏ ਨਜ਼ਰ ਨਹੀਂ ਆਉਂਦੇ।
ਇਨ੍ਹਾਂ ਸਿਆਸੀ ਸਥਿਤੀਆਂ ਦੀ ਘੁੰਮਣਘੇਰੀ ਵਿਚ ਫਸੇ ਰਾਜ ਦੇ ਲੋਕਾਂ ਲਈ ਢੁਕਵੇਂ ਸਿਆਸੀ ਬਦਲ ਦੀ ਤਲਾਸ਼ ਕਰਨਾ ਇਕ ਵੱਡੀ ਚੁਣੌਤੀ ਹੈ। ਇਸ ਨੂੰ ਪੰਜਾਬ ਦੇ ਲੋਕ ਕਿਵੇਂ ਸਰ ਕਰਦੇ ਹਨ, ਇਹ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀਆਂ ਇਹ ਲਾਈਨਾਂ ਯਾਦ ਆ ਰਹੀਆਂ ਹਨ, “ਪੰਜਾਬ ਦਾ ਅਤੀਤ ਬਹੁਤ ਸ਼ਾਨਦਾਰ ਹੈ, ਪਰ ਇਸ ਦਾ ਭਵਿੱਖ ਬੇਹੱਦ ਮਾੜਾ ਹੈ।”
ਹੁਣ ਇਹ ਦੇਖਣਾ ਹੋਵੇਗਾ ਕਿ ਅਸੀਂ ਸਾਰੇ ਰਲ ਕੇ ਆਪਣੇ ਲਈ ਇਕ ਬਿਹਤਰ ਭਵਿੱਖ ਦੀ ਤਲਾਸ਼ ਕਿਵੇਂ ਕਰਦੇ ਹਾਂ? ਰਾਜ ਦੇ ਸਿਆਸਤਦਾਨ, ਜੋ ਅਜੇ ਵੀ ਪੰਜਾਬ ਤੇ ਪੰਜਾਬੀਆਂ ਲਈ ਦਰਦ ਰੱਖਦੇ ਹਨ; ਰਾਜ ਦੇ ਬੁੱਧੀਜੀਵੀ, ਜੋ ਅਜੇ ਵੀ ਪੰਜਾਬ ਦੇ ਹਾਲਾਤ ਨੂੰ ਦੇਖ ਕੇ ਚਿੰਤਾ ਵਿਚ ਡੁੱਬੇ ਰਹਿੰਦੇ ਹਨ ਅਤੇ ਰਾਜ ਦੇ ਜਾਗਰੂਕ ਲੋਕ, ਜੋ ਅਜੇ ਵੀ ਸਿਆਸੀ ਤੇ ਆਰਥਕ ਵਰਤਾਰਿਆਂ ਨੂੰ ਸਮਝ ਕੇ ਢੁਕਵਾਂ ਪ੍ਰਤੀਕਰਮ ਦੇਣ ਦੇ ਸਮਰੱਥ ਹਨ, ਸਭ ਲਈ ਮੌਜੂਦਾ ਚੁਣੌਤੀਆਂ ਇਕ ਵੱਡੇ ਇਮਤਿਹਾਨ ਵਾਂਗ ਹਨ। ਸਭ ਨੂੰ ਆਪੋ-ਆਪਣਾ ਰੋਲ ਅਦਾ ਕਰਨਾ ਪਵੇਗਾ।