ਨਿਰਮਲ ਸਿੰਘ ਕਾਹਲੋਂ, ਸਿਡਨੀ
ਫੋਨ: +0468395922
ਉਸ ਸਮੇਂ ਦੇ ਸਿੰਘ ਜੇ ਹਿੰਮਤ ਨਾ ਕਰਦੇ ਤਾਂ ਅੱਜ ਅਸੀਂ ਕਰਮ ਦੀਨ ਤੇ ਮੁਹੰਮਦ ਅਲੀ ਹੋ ਕੇ ਮਸੀਤਾਂ ਵਿਚੋਂ ਕੁੱਤੇ ਮੋੜਦੇ।
ਗੁਰਦਾਸਪੁਰ ਦੀ ਪਵਿੱਤਰ ਧਰਤੀ ਸ਼ਹੀਦ ਸਿੰਘਾਂ ਦੇ ਖੂਨ ਨਾਲ ਰੰਗੀ ਹੋਈ ਹੈ। ਇਸ ਧਰਤੀ ਉਤੇ ਗੁਰਦਾਸ ਨੰਗਲ ਵਿਚ ਇਕ 1706 ਈਸਵੀ ‘ਚ ਅਤੇ ਕਾਹਨੂੰਵਾਨ ਦੇ ਛੰਬ ਦੇ ਜੰਗਲ ਵਿਚ ਪਹਿਲਾ 1727 ਈਸਵੀ ‘ਚ ਅਤੇ ਦੂਜਾ 1746 ਈਸਵੀ ‘ਚ-ਦੋ ਘੱਲੂਘਾਰੇ ਵਾਪਰ ਚੁਕੇ ਹਨ। ਕਾਹਨੂੰਵਾਨ ਦੇ ਦੋਵੇਂ ਘੱਲੂਘਾਰੇ ਇਕ ਹਿੰਦੂ ਰਾਜੇ ਲਖਪਤ ਰਾਏ ਨੇ ਕੀਤੇ ਅਤੇ ਗੁਰਦਾਸ ਨੰਗਲ ਦੇ ਘੱਲੂਘਾਰੇ ਸਮੇਂ ਬਾਬਾ ਬੰਦਾ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਫੌਜ ਦੀ ਮਦਦ ਗੁਰਦਾਸਪੁਰ ਦੇ ਮਹੰਤ ਨੇ ਕੀਤੀ ਸੀ।
ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ 8 ਜੂਨ 1745 ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਲੁਹਾਈ ਸੀ। 11 ਜੂਨ ਨੂੰ ਇਸ ਦਾ ਬੇਟਾ ਬਿਜੇ ਖਾਂ ਸ਼ਿਕਾਰ ਖੇਡਣ ਗਿਆ, ਘੌੜੇ ‘ਤੋ ਡਿੱਗ ਕੇ ਪੈਰ ਰਕਾਬ ਵਿਚ ਫਸ ਕੇ ਘੜੀਸ ਹੁੰਦਾ ਮਰ ਗਿਆ ਸੀ। 23 ਜੂਨ ਨੂੰ ਜ਼ਕਰੀਆ ਖਾਨ ਨੂੰ ਬੰਨ ਪੈ ਗਿਆ ਤੇ ਤਾਰੂ ਸਿੰਘ ਦੀ ਜੁੱਤੀ ਆਪਣੇ ਸਿਰ ਵਿਚ ਖਾਂਦਾ ਪਹਿਲੀ ਜੁਲਾਈ 1745 ਨੂੰ ਮਰ ਗਿਆ। ਖਬਰ ਸੁਣ ਕੇ ਤਾਰੂ ਸਿੰਘ ਨੇ ਵੀ ਪ੍ਰਾਣ ਤਿਆਗ ਦਿੱਤੇ। ਜ਼ਕਰੀਆ ਖਾਨ ਦੀ ਮੌਤ ਪਿਛੋਂ ਇਸ ਦਾ ਬੇਟਾ ਯਾਹੀਆ ਖਾਂ ਲਾਹੌਰ ਦਾ ਸੂਬੇਦਾਰ ਬਣ ਗਿਆ। ਮਾਰਚ 1747 ਨੂੰ ਯਾਹੀਆ ਖਾਂ ਨੂੰ ਕੈਦ ਕਰਕੇ ਸ਼ਾਹ ਨਵਾਜ਼ ਲਾਹੌਰ ਦਾ ਸੂਬੇਦਾਰ ਬਣ ਗਿਆ।
ਜ਼ਕਰੀਆ ਖਾਨ ਦੇ 4 ਬੇਟੇ ਸਨ। ਉਸ ਨੇ ਆਪਣੇ ਬੇਟੇ ਬਿਜੇ ਖਾਂ ਨੂੰ ਲਾਹੌਰ, ਇਜੇ ਖਾਂ ਨੂੰ ਜਲੰਧਰ ਅਤੇ ਯਾਹੀਆ ਖਾਂ ਨੂੰ ਮੁਲਤਾਨ ਦਾ ਹਾਕਮ ਥਾਪਿਆ ਹੋਇਆ ਸੀ। ਸ਼ਾਹ ਨਵਾਜ਼ ਦਿੱਲੀ ਦਰਬਾਰ ਵਿਚ ਆਪਣੇ ਚਾਚੇ ਕਮਰ ਦੀਨ ਕੋਲ ਰਹਿੰਦਾ ਸੀ।
ਘੱਲੂਘਾਰੇ ਦਾ ਕਾਰਨ: ਲਾਹੌਰ ਦੇ ਦੀਵਾਨ ਲਖਪਤ ਰਾਏ ਦਾ ਭਰਾ ਜਸਪਤ ਰਾਏ ਏਮਨਾਬਾਦ ਵਿਚ ਆਪਣੀ ਜਗੀਰ ਵਿਚ ਕਿਲੇ ਅੰਦਰ ਰਹਿੰਦਾ ਸੀ। ਉਸ ਨੇ ਕਈ ਸਿੰਘ ਲਾਹੌਰ ਦੇ ਸੂਬੇਦਾਰ ਨੂੰ ਫੜਾ ਕੇ ਇਨਾਮ ਪ੍ਰਾਪਤ ਕੀਤੇ ਸਨ। 1746 ਦੀ ਵਿਸਾਖੀ ਵਾਲੇ ਦਿਨ (ਕਈ 8 ਮਾਰਚ 1746 ਲਿਖਦੇ ਹਨ) ਏਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਵਿਚ ਸਿੰਘਾਂ ਦੇ ਨਿੱਕੇ ਨਿੱਕੇ ਦੋ ਜਥੇ ਆ ਗਏ। ਜਸਪਤ ਰਾਏ ਨੇ ਆਖ ਭੇਜਿਆ, “ਤੁਸੀ ਇਥੇ ਠਹਿਰੋਗੇ ਤਾਂ ਮੈਥੋਂ ਬੁਰਾ ਕੋਈ ਨਹੀਂ।” ਸਿੰਘਾਂ ਨੇ ਉਤਰ ਦਿੱਤਾ, “ਅੱਜ ਦੀ ਰਾਤ ਭਗਤੀ ਕਰਾਂਗੇ, ਸਵੇਰੇ ਚਲੇ ਜਾਵਾਂਗੇ, ਕਿਸੇ ਨੂੰ ਕੁਝ ਨਹੀਂ ਆਖਾਂਗੇ।”
ਫਿਰ ਸਿਪਾਹੀ ਭੇਜੇ ਗਏ ਪਰ ਸਿੰਘ ਨਾ ਉਠੇ। ਲਗਭਗ 100 ਫੌਜੀ ਲੈ ਕੇ ਆਪ ਹਾਥੀ ਉਤੇ ਚੜ੍ਹ ਕੇ ਆ ਕੇ ਸਿੰਘਾਂ ਨੂੰ ਬੁਰਾ-ਭਲਾ ਕਹਿਣ ਲੱਗ ਪਿਆ। ਕਹਿੰਦਾ, “ਤੁਹਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਏਗਾ।” ਚੜ੍ਹਤ ਸਿੰਘ ਨੇ ਉਤਰ ਦਿੱਤਾ, “ਕਰਾੜਾ! ਕਿਉਂ ਮੌਤ ਨੂੰ ਆਵਾਜ਼ਾਂ ਮਾਰਦਾ ਏਂ। ਹਿੰਦੂਆਂ ਦੀ ਰਾਖੀ ਕਰਨ ਵਾਲੇ ਸਿੰਘਾਂ ਨੂੰ ਬੁਰਾ ਭਲਾ ਬੋਲੀ ਜਾਨਾਂ?”
ਸੁਣ ਕੇ ਇਕ ਖੱਤਰੀ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ, “ਫੜ ਲਵੋ ਜੱਟ ਨੂੰ।” ਸਿਪਾਹੀ ਸਿੰਘ ਵਲ ਵਧੇ, ਸਿੰਘ ਨੇ ਕਿਰਪਾਨ ਖਿੱਚ ਕੇ ਪੰਜ ਸਿਪਾਹੀ ਝਟਕਾ ਦਿੱਤੇ ਅਤੇ 20 ਸਿਪਾਹੀ ਦੂਜੇ ਸਿੰਘਾਂ ਨੇ ਝਟਕਾ ਦਿੱਤੇ। ਭਾਈ ਮਨੀ ਸਿੰਘ ਸ਼ਹੀਦ ਦੇ ਭਤੀਜੇ ਅਘੜ ਸਿੰਘ ਨੇ ਬਰਛਾ ਮਾਰ ਕੇ ਜਸਪਤ ਨੂੰ ਜਮੀਨ ਉਤੇ ਸੁੱਟ ਦਿੱਤਾ। ਚੜ੍ਹਤ ਸਿੰਘ ਨੇ ਆਖਿਆ, “ਖਾਲਸਾ ਜੀ, ਧੌਲੇ ਕਿਹੜੀ ਰੁੱਤੇ ਬੀਜੀਦੇ ਨੇ। ਜੋ ਹੋਣਾ ਸੀ ਹੋ ਗਿਆ, ਹੁਣ ਕੰਮ ਸਾਫ ਕਰੋ।” ਸਿੰਘਾਂ ਨੇ Ḕਸਤਿ ਸ੍ਰੀ ਅਕਾਲḔ ਦਾ ਜੈਕਾਰਾ ਛੱਡਿਆ, ਫੌਜ ਦੌੜ ਗਈ। ਸਿੰਘ ਅਤੇ ਲੋਕ ਵੀ ਸ਼ਹਿਰ ਵਿਚ ਲੁੱਟ ਮਾਰ ਕਰਨ ਲਈ ਜਾ ਵੜੇ।
ਆਪਣੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਲਖਪਤ ਰਾਏ ਸੂਬੇਦਾਰ ਯਾਹੀਆ ਖਾਂ ਪਾਸ ਜਾ ਕੇ ਰੋਇਆ ਅਤੇ ਆਪਣੀ ਪੱਗ ਜਮੀਨ ਉਤੇ ਸੁਟ ਕੇ ਬੋਲਿਆ, “ਮੇਰੀ ਪੱਗ ਬੰਨਾਓਗੇ ਤਾਂ ਬੰਨਾਂਗਾ, ਪਰ ਸਿੰਘਾਂ ਦਾ ਖੁਰਾ ਖੋਜ ਮਿਟਾ ਕੇ ਹੀ ਬੰਨਾਂਗਾ।” ਯਾਹੀਆ ਖਾਂ ਨੇ ਆਖਿਆ, “ਮੈਂ ਤਾਂ ਇਸ ਖਾਤਰ ਸੁਖਣਾ ਸੁਖਦਾ ਹਾਂ, ਜੋ ਚਾਹੀਦਾ ਹੈ, ਲੈ ਲਵੋ।”
ਪਹਿਲੇ ਦਿਨ ਲਖਪਤ ਰਾਏ ਨੇ ਲਾਹੌਰ ਦੇ ਸਿੰਘਾਂ ਨੂੰ ਕਤਲ ਕਰਵਾਇਆ। ਦੂਜੇ ਦਿਨ ਦੀਵਾਨ ਕੌੜਾ ਮਲ, ਰਾਏ ਸੂਰਤ ਸਿੰਘ, ਲੱਛੀ ਰਾਮ, ਚੌਧਰੀ ਜਵਾਹਰ ਮਲ ਅਤੇ ਪੰਡਿਤ ਸੂਰਤ ਰਾਮ ਆਦਿ ਨੇ ਲਖਪਤ ਰਾਏ ਕੋਲ ਜਾ ਕੇ ਆਖਿਆ, “ਜੋ ਹੋਣਾ ਸੀ ਹੋ ਗਿਆ, ਨਿਰਦੋਸ਼ੇ ਸਿੰਘਾਂ ਉਤੇ ਜ਼ੁਲਮ ਨਾ ਕਰੋ, ਸਿੰਘ ਵੀ ਆਪਣੇ ਹੀ ਭਾਈ ਅਤੇ ਹਿੰਦੂ ਧਰਮ ਦੇ ਰਾਖੇ ਹਨ। ਜੇ ਇਹ ਹਿੰਮਤ ਨਾ ਕਰਦੇ, ਤਾਂ ਅੱਜ ਅਸਾਂ ਕਰਮ ਦੀਨ ਤੇ ਮੁਹੰਮਦ ਅਲੀ ਹੋ ਕੇ ਮਸੀਤਾਂ ਵਿਚ ਕੁੱਤੇ ਮੋੜਦੇ ਹੁੰਦੇ।”
ਬਥੇਰਾ ਸਮਝਾਇਆ, ਪਰ ਉਹ ਪਾਪੀ ਨਾ ਮੰਨਿਆ। ਐਸੀ ਮੂਰਖ ਮੱਤ ਕੀਤੀ, ਗੁਰਬਾਣੀ ਦੀਆਂ ਪੋਥੀਆਂ ਲੱਭ ਲੱਭ ਕੇ ਸਾੜ ਦਿੱਤੀਆਂ, ਕਈ ਗੁਰਦੁਆਰੇ ਵੀ ਸਾੜ ਦਿੱਤੇ। ਢੰਡੋਰਾ ਫੇਰ ਦਿੱਤਾ, “ਕੋਈ ਗੁਰੂ ਦਾ ਸਿੱਖ ਸਦਵਾਏਗਾ ਜਾਂ ਸਿੰਘਾਂ ਨੂੰ ਸ਼ਰਨ ਦੇਵੇਗਾ, ਸਜ਼ਾ ਪਾਏਗਾ। ਗੁੜ ਨੂੰ ਰੋੜੀ ਆਖੋ।” ਸਿੰਘਾਂ ਨੂੰ ਫੜਨ ਲਈ ਫੌਜ ਚਾੜ੍ਹ ਦਿੱਤੀ।
ਕਾਹਨੂੰਵਾਨ ਦਾ ਯੁੱਧ: ਖਬਰ ਸੁਣ ਕੇ ਨਵਾਬ ਕਪੂਰ ਸਿੰਘ ਨੇ ਸਾਰੇ ਜਥੇਦਾਰਾਂ ਨੂੰ ਕਾਹਨੂੰਵਾਨ ਛੰਬ ਦੇ ਜੰਗਲ ਵਿਚ ਆਪਣੇ ਜਥੇ ਸਮੇਤ ਇਕੱਤਰ ਹੋਣ ਲਈ ਸੁਨੇਹੇ ਭੇਜੇ। 15 ਜੂਨ 1746 (ਪਹਿਲੀ ਹਾੜ 1807, ਕਈ 23 ਮਈ ਲਿਖਦੇ ਹਨ) ਤੱਕ ਆਟਾ, ਦਾਣੇ ਅਤੇ ਘਾਹ ਲੈ ਕੇ ਕੋਈ 15,000 ਸਿੰਘ ਕਾਹਨੂੰਵਾਨ ਦੇ ਜੰਗਲ ਵਿਚ ਪਹੁੰਚ ਗਏ। ਲਖਪਤ ਰਾਏ ਨੇ ਵੀ ਤੋਪਾਂ ਤੇ ਬੰਦੂਕਾਂ ਨਾਲ ਲੈਸ ਹੋ ਕੇ ਵੱਡੀ ਫੌਜ ਅਤੇ ਧਾੜਵੀਆਂ ਨਾਲ ਕਾਹਨੂੰਵਾਨ ਦੇ ਜੰਗਲ ਨੂੰ ਘੇਰਾ ਪਾ ਕੇ ਗੋਲੀਆਂ ਤੇ ਗੋਲੇ ਦਾਗ ਦਿੱਤੇ। ਕਈ ਦਿਨ ਮੋਰਚੇ ਲੱਗੇ ਰਹੇ। ਦਿਨੇ ਤਾਂ ਸਿੰਘ ਫਿਰਦੇ ਰਹਿੰਦੇ ਅਤੇ ਰਾਤ ਨੂੰ ਕਈ ਥਾਂ ਫੌਜ ਉਤੇ ਹਮਲਾ ਕਰਕੇ ਕਈ ਫੌਜੀ ਮਾਰ ਕੇ ਕੱਚੀ ਪੱਕੀ ਲੈ ਆਉਂਦੇ। ਸਿੰਘਾਂ ਕੋਲ ਆਟਾ, ਦਾਣੇ ਅਤੇ ਘਾਹ ਖਤਮ ਹੋ ਗਿਆ ਅਤੇ ਬਰਸਾਤ ਦਾ ਮੌਸਮ ਵੀ ਨੇੜੇ ਆ ਰਿਹਾ ਸੀ। ਜਥੇਦਾਰਾਂ ਨੇ ਇਥੋਂ ਚਲੇ ਜਾਣਾ ਹੀ ਠੀਕ ਸਮਝ ਕੇ ਪਹਾੜ ਵੱਲ ਜਾਣ ਦਾ ਗੁਰਮਤਾ ਪਾਸ ਕਰਕੇ ਚਾਲੇ ਪਾ ਦਿੱਤੇ। ਅੱਗੇ ਅੱਗੇ ਸਿੰਘ ਤੇ ਪਿੱਛੇ ਪਿੱਛੇ ਬੇਓੜਕੀ ਫੌਜ ਲੈ ਕੇ ਲਖਪਤ ਰਾਏ ਤੀਰਾਂ ਅਤੇ ਗੋਲੀਆਂ ਦਾ ਮੀਂਹ ਵਰ੍ਹਾ ਰਿਹਾ ਸੀ। ਗੁਰਦਿਆਲ ਸਿੰਘ, ਬਹਾਦਰ ਸਿੰਘ ਅਤੇ ਕਈ ਹੋਰ ਸਿੰਘ ਵੀ ਘੋੜਿਆਂ ਸਣੇ ਦਰਿਆ ਬਿਆਸ ਵਿਚ ਡੁੱਬ ਗਏ।
ਸਰਦਾਰ ਜੱਸਾ ਸਿੰਘ ਅਤੇ ਨਵਾਬ ਕਪੂਰ ਸਿੰਘ ਨੇ ਆਖਿਆ, “ਖਾਲਸਾ ਜੀ, ਡੁੱਬ ਕੇ ਮਰਨ ਨਾਲੋਂ ਲੜ ਕੇ ਮਰਨਾ ਚੰਗਾ ਹੈ।”
ਲੜਦੇ-ਭਿੜਦੇ ਜਿਸ ਸਮੇਂ ਸਿੰਘ ਪਠਾਨਕੋਟ ਦੇ ਨੇੜੇ ਪਹੁੰਚ ਗਏ ਤਾਂ ਅੱਗੇ ਪਹਾੜੀ ਰਾਜਿਆਂ ਨੇ ਆਪਣੀਆਂ ਫੌਜਾਂ ਨਾਲ ਘਾਟ ਰੋਕੇ ਹੋਏ ਸਨ। ਇਨ੍ਹਾਂ ਇਹ ਨਾ ਸੋਚਿਆ ਕਿ ਸਿੰਘ ਤਾਂ ਹਿੰਦੂ ਧਰਮ ਦੀ ਰਾਖੀ ਲਈ ਲੜਦੇ ਹਨ। “ਡੋਗਰੇ ਮੀਤ ਕਿਸ ਕੇ, ਭਾਤ ਖਾਈ ਔਰ ਖਿਸਕੇ।”
ਹਾੜ ਦੀ ਧੁੱਪ, ਦੂਜੇ ਭੁੱਖ ਅਤੇ ਪਿਆਸ-ਇਕ ਪਾਸੇ ਦਰਿਆ ਬਿਆਸ, ਅੱਗੇ ਪਹਾੜੀ ਫੌਜਾਂ, ਪਿਛੇ ਸੂਬੇ ਦੀਆਂ ਫੌਜਾਂ। ਸਿੰਘਾਂ ਉਤੇ ਬੜੀ ਬਿਪਤਾ ਦਾ ਸਮਾਂ ਸੀ। ਅੱਲਾ ਹੂ ਅਤੇ ਜੈ ਮਾਤਾ ਦੇ ਨਾਅਰੇ ਲੱਗ ਰਹੇ ਸਨ। ਇਸ ਲੜਾਈ ਵਿਚ ਜਸਪਤ ਦਾ ਬੇਟਾ ਹਰਭਜ ਰਾਏ, ਬਿਜੇ ਖਾਂ ਦਾ ਬੇਟਾ ਨਾਹਰ ਖਾਂ, ਫੌਜਦਾਰ ਸੈਫ ਅਲੀ ਖਾਂ ਅਤੇ ਕਈ ਫੌਜਦਾਰ ਵੀ ਮਾਰੇ ਗਏ। ਤਿੰਨ ਪਹਿਰ ਬੜੇ ਘਮਸਾਣ ਦਾ ਯੁਧ ਹੋਇਆ। 3-4 ਕੋਹ ਵਿਚ ਫੌਜ ਨੂੰ ਚੀਰ ਕੇ ਸਿੰਘ ਇਕ ਪਾਸੇ ਨਿਕਲ ਗਏ। ਲਗਭਗ 7,000 ਸਿੰਘ ਸ਼ਹੀਦ ਹੋ ਗਏ ਅਤੇ 1,000 ਤੋਂ ਵੱਧ ਕੈਦ ਹੋ ਗਏ। ਰਾਤ ਪੈ ਗਈ ਅਤੇ ਥੱਕੀ ਟੁੱਟੀ ਫੌਜ ਨੂੰ ਜਰਨੈਲਾਂ ਨੇ ਰੋਕ ਲਿਆ। ਉਥੇ ਹੀ ਖੇਤਾਂ ਵਿਚ ਫੌਜ ਸੌਂ ਗਈ ਅਤੇ 4-5 ਮੀਲ ਦੀ ਦੂਰੀ ਉਤੇ ਸਿੰਘ ਵੀ ਨਿਕਲ ਗਏ।
ਸਿੰਘਾਂ ਦਾ ਛਾਪਾ: ਨਵਾਬ ਕਪੂਰ ਸਿੰਘ, ਸਰਦਾਰ ਸ਼ਾਮ ਸਿੰਘ ਅਤੇ ਹੋਰ ਜਥੇਦਾਰਾਂ ਨੇ ਗੁਰਮਤਾ ਕਰਕੇ ਆਵਾਜ਼ਾ ਦਿੱਤਾ, “ਖਾਲਸਾ ਜੀ, ਵੈਰੀਆਂ ਨੂੰ ਹੱਥ ਦਿਖਾਉਣ ਦਾ ਹੁਣ ਵੇਲਾ ਹੈ, ਕਿਉਂਕਿ ਕੁਝ ਤਾਂ ਉਨ੍ਹਾਂ ਨੂੰ ਨੀਂਦ ਨੇ ਦਬੋਚਿਆ ਹੋਇਆ ਹੈ, ਕੁਝ ਤੁਸੀਂ ਜਾ ਦੱਬੋ।” ਇਹ ਗੱਲ ਖਾਲਸੇ ਨੇ ਮੰਨ ਕੇ ਵਾਗਾਂ ਫੜ ਲਈਆਂ। ਕੁੱਕੜ ਦੀ ਬਾਂਗ ਤੋਂ ਪਹਿਲਾਂ, ਸਿੰਘ ਸੁੱਤੇ ਵੈਰੀਆਂ ਉਤੇ ਜਾ ਪਏ। ਝੱਟ ਪੱਟ ਬੇਸ਼ੁਮਾਰ ਵੈਰੀਆਂ ਨੂੰ ਕੱਟ ਕੁੱਟ ਕੇ ਸ਼ਸਤਰ, ਬਸਤਰ ਅਤੇ ਚੰਗੇ ਘੋੜੇ, ਜਿੱਥੋਂ ਤਾਂਈਂ ਹੱਥ ਮਾਰਿਆ ਗਿਆ, ਮਾਰ ਕੇ ਮੁੜ ਗਏ। ਹਰਿਗੋਬਿੰਦਪੁਰ ਵੱਲ ਚਾਲੇ ਪਾ ਕੇ ਦਰਿਆ ਬਿਆਸ ਜਾ ਪਹੁੰਚੇ। ਮਲਾਹਾਂ ਨੇ ਬੇੜੀਆਂ ਖਿੱਚ ਲਈਆਂ। ਅਦੀਨਾ ਬੇਗ ਸੈਨਾ ਲੈ ਕੇ ਆ ਗਿਆ, ਪਰ ਗੁਰੂ ਦੇ ਭਰੋਸੇ ਸਿੰਘ ਦਰਿਆ ਲੰਘ ਗਏ।
ਦੁਆਬੇ ਅਤੇ ਮਾਲਵੇ ਜਾਣਾ: ਕਈ ਦਿਨਾਂ ਦੇ ਭੁੱਖੇ ਸਿੰਘਾਂ ਨੇ ਦੁਆਬੇ ਦੇ ਪਿੰਡਾਂ ਵਿਚੋਂ ਰਸਦ ਅਤੇ ਘਾਹ ਲੈ ਕੇ ਮੀਰ ਕੋਟ ਦੀ ਝਿੜੀ ਵਿਚ ਲੰਗਰ ਤਿਆਰ ਕੀਤਾ। ਅਜੇ ਲੰਗਰ ਛਕਿਆ ਨਹੀਂ ਸੀ, ਇਜੇ ਖਾਂ ਜੋ ਈਜਾਪੁਰ ਪਿੰਡ ਵਿਚ ਸੀ, ਫੌਜ ਲੈ ਕੇ ਆ ਗਿਆ। ਇਸ ਨੂੰ ਤਾਂ ਸਿੰਘ ਚਣੇ ਚਬਾਉਂਦੇ, ਇੰਨੇ ਨੂੰ ਅਦੀਨਾ ਬੇਗ ਵੀ ਫੌਜ ਲੈ ਕੇ ਆ ਗਿਆ। ਸਿੰਘ ਲੜਦੇ-ਭਿੜਦੇ ਅਲੀਵਾਲ ਦੇ ਪੱਤਣੋਂ ਮਾਲਵੇ ਚਲੇ ਗਏ। ਕਈ ਸਿੰਘ ਆਪਣੇ ਘਰੀਂ ਚਲੇ ਗਏ, ਕਈਆਂ ਦੀ ਮਾਲਵੇ ਦੇ ਸਿੰਘਾਂ ਨੇ ਸੇਵਾ ਕੀਤੀ।
ਸਿੰਘਾਂ ਦਾ ਜਲੂਸ ਕੱਢਣਾ: ਗੱਡਿਆਂ ਉਤੇ ਲੱਦ ਕੇ ਕੈਦੀ ਸਿੰਘ ਅਤੇ ਫੌਜ ਲੈ ਕੇ ਦੱਸਣ ਲਈ ਕਿ ਅਸੀਂ ਸਾਰੇ ਸਿੰਘ ਖਤਮ ਕਰ ਦਿੱਤੇ ਹਨ, ਢੋਲ ਢਮੱਕੇ ਨਾਲ ਲਖਪਤ ਰਾਏ ਲਾਹੌਰ ਦੇ ਸੂਬੇਦਾਰ ਯਾਹੀਆ ਖਾਨ ਕੋਲ ਗਿਆ। ਯਾਹੀਆ ਖਾਨ ਨੇ ਕੈਦੀ ਸਿੰਘਾਂ ਨੂੰ ਖੋਤਿਆਂ ਉਤੇ ਚਾੜ੍ਹ ਕੇ ਲਾਹੌਰ ਦੇ ਬਾਜ਼ਾਰਾਂ ਵਿਚ ਜਲੂਸ ਕੱਢਿਆ। ਨਿਖਾਸ ਚੌਂਕ ਵਿਚ ਲਿਜਾ ਕੇ ਸਾਰੇ ਸਿੰਘ ਸ਼ਹੀਦ ਕਰ ਦਿੱਤੇ। ਇਸ ਥਾਂ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ।
ਪਾਪੀ ਨੂੰ ਸਜ਼ਾ ਮਿਲੀ: ਅਪਰੈਲ 1748 ਨੂੰ ਮੰਨੂ ਨੇ ਅਬਦਾਲੀ ਨੂੰ ਹਰਾ ਕੇ ਸਰਹਿੰਦ ਅਤੇ ਲਾਹੌਰ ਦਾ ਸੂਬੇਦਾਰ ਬਣ ਕੇ ਕੌੜਾ ਮੱਲ ਨੂੰ ਆਪਣਾ ਦੀਵਾਨ ਬਣਾ ਲਿਆ। ਕੌੜਾ ਮੱਲ ਨੇ ਬਦਲਾ ਲੈਣ ਲਈ ਲਖਪਤ ਨੂੰ 6 ਲੱਖ ਰੁਪਏ ਜੁਰਮਾਨਾ ਕਰ ਦਿੱਤਾ। ਲਖਪਤ ਜੁਰਮਾਨਾ ਨਾ ਦੇ ਸਕਿਆ। ਕੌੜਾ ਮੱਲ ਨੇ ਲਖਪਤ ਨੂੰ ਕੈਦ ਕਰਕੇ ਸਿੰਘਾਂ ਨੂੰ ਦੇ ਦਿੱਤਾ। ਸਿੰਘਾਂ ਨੇ ਲਖਪਤ ਨੂੰ ਇਕ ਬੁਰਜ ਵਿਚ ਕੈਦ ਕਰ ਦਿੱਤਾ। ਲੋਕ ਇੱਥੇ ਪਾਖਾਨਾ ਕਰਦੇ ਸਨ। ਨਰਕ ਦਾ 6 ਮਹੀਨੇ ਕਸ਼ਟ ਭੋਗ ਕੇ ਲਖਪਤ ਰਾਏ ਮਰ ਗਿਆ।
ਕਈ ਲਿਖਦੇ ਹਨ ਕਿ ਸਿੰਘ ਜਾਨਵਰ ਮਾਰ ਕੇ ਖਾਂਦੇ ਸਨ। ਮੋਰਚੇ 3 ਮਹੀਨੇ ਲੱਗੇ ਰਹੇ ਅਤੇ ਫੌਜ ਨੇ ਜੰਗਲ ਨੂੰ ਅੱਗ ਲਾ ਦਿੱਤੀ, ਪਰ ਇਸ ਤਰ੍ਹਾਂ ਨਹੀਂ ਹੋ ਸਕਦਾ। ਕਿਉਂਕਿ ਗੋਲੀਆਂ ਦੀ ਆਵਾਜ਼ ਸੁਣ ਕੇ ਜਾਨਵਰ ਦੌੜ ਜਾਂਦੇ ਹਨ। ਸੌਣ-ਭਾਦਰੋਂ ਦੀ ਬਰਸਾਤ ਵਿਚ ਬਿਨਾ ਛੱਤ, ਗਿੱਲੇ ਬਾਲਣ ਨਾਲ ਸਿੰਘ ਕਿਸ ਤਰ੍ਹਾਂ 15,000 ਸਿੰਘਾਂ ਲਈ ਲੰਗਰ ਤਿਆਰ ਕਰ ਸਕਦੇ ਸਨ, ਕਿੱਥੇ ਰਸਦ ਰਖਦੇ ਸਨ ਅਤੇ ਨਾ ਹੀ ਬਰਸਾਤ ਵਿਚ ਜੰਗਲ ਨੂੰ ਅੱਗ ਲੱਗ ਸਕਦੀ ਹੈ?