ਸਾਰੰਗੀ ਦੇ ਸੁਰ: ਪੰਜਾਬ ਦਾ ਸਾਰੰਗੀ ਨਾਲ ਰਿਸ਼ਤਾ

ਪੰਡਿਤ ਰਾਮ ਨਾਰਾਇਣ
ਮੈਂ ਲਾਹੌਰ ਵਿਚ ਗੁਜ਼ਾਰੇ ਦਿਨਾਂ ਦੀ ਗੱਲ ਕਰਨੀ ਚਾਹੁੰਦਾ ਹਾਂ। 1944 ਵਿਚ ਜਦੋਂ ਮੇਰੀ ਉਮਰ 16 ਸਾਲ ਦੀ ਸੀ, ਮੈਂ ਲਾਹੌਰ ਪੁੱਜਾ। ਮੇਰੇ ਗੁਰੂ ਮਰਹੂਮ ਮਹਾਦੇਵ ਪ੍ਰਸਾਦ ਨੇ ਸਲਾਹ ਦਿੱਤੀ ਕਿ ਲਾਹੌਰ ਜਾ ਕੇ ਉਸਤਾਦ ਅਬਦੁਲ ਵਹੀਦ ਖਾਨ ਤੋਂ ਤਾਲੀਮ ਹਾਸਲ ਕਰਾਂ। ਮੈਨੂੰ ਆਪਣੇ ਗੁਜ਼ਾਰੇ ਲਈ ਪੰਚੋਲੀ ਆਰਟਸ ਫਿਲਮ ਸਟੂਡੀਓ ਵਿਖੇ ਸਾਰੰਗੀ ਵਾਦਕ ਵਜੋਂ ਨੌਕਰੀ ਮਿਲਣ ਦੀ ਉਮੀਦ ਸੀ। ਦੋਵੇਂ ਕੰਮ ਹੀ ਸਿਰੇ ਨਹੀਂ ਚੜ੍ਹ ਰਹੇ ਸਨ, ਇਸ ਲਈ ਘਰ ਪਰਤਣ ਵਾਸਤੇ ਪੈਸੇ ਕਮਾਉਣ ਲਈ ਲਾਹੌਰ ਰੇਡੀਓ ਸਟੇਸ਼ਨ ‘ਤੇ ਸੰਗੀਤ ਪ੍ਰੋਗਰਾਮ ਦੇਣ ਚਲਾ ਗਿਆ। ਉਸ ਸਮੇਂ ਪੰਡਤ ਜੀਵਨ ਲਾਲ ਮੱਟੂ ਸੰਗੀਤ ਦੇ ਇੰਚਾਰਜ ਸਨ ਅਤੇ ਛੈਲਾ ਪਟਿਆਲੇ ਵਾਲੇ ਅਤੇ ਨਿਆਜ਼ ਹੁਸੈਨ ਸ਼ਾਮੀ ਸ਼ਾਮ ਚੁਰਾਸੀ ਘਰਾਣੇ ਵਾਲੇ ਸੰਗੀਤ ਕੰਪੋਜ਼ਰ ਸਨ।

ਪੰਡਤ ਮੱਟੂ ਨੇ ਮੈਨੂੰ ਗਾਉਂਦਿਆਂ ਥੋੜ੍ਹੀ ਦੇਰ ਲਈ ਸੁਣਿਆ ਅਤੇ ਉਨ੍ਹਾਂ ਬੜੀ ਹੁਸ਼ਿਆਰੀ ਨਾਲ ਮੇਰੇ ਨਹੂੰਆਂ ਵੱਲ ਵੇਖਿਆ ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਮੈਂ ਸਾਰੰਗੀ ਦਾ ਬਹੁਤ ਰਿਆਜ਼ ਕਰਦਾ ਹਾਂ। ਜੀਵਨ ਲਾਲ ਨੇ ਮੈਨੂੰ ਉਥੇ ਪਈਆਂ 4-5 ਸਾਰੰਗੀਆਂ ਵਜਾਉਣ ਲਈ ਕਿਹਾ। ਮੈਂ ਤੁਰੰਤ ਸਮਝ ਗਿਆ ਕਿ ਮੇਰੀ ਗਾਇਕੀ ਪਸੰਦ ਨਹੀਂ ਆਈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਛੋਟੀ ਉਮਰ ਅਤੇ ਘੱਟ ਸਮਝ ਸਦਕਾ ਮੇਰਾ ਖਿਆਲ ਸੀ ਕਿ ਰੇਡੀਓ ਵਿਚ ਸਾਰੰਗੀ ਲਈ ਕੋਈ ਥਾਂ ਨਹੀਂ ਹੈ। ਮੈਂ ਸਾਰੰਗੀ ਫੜੀ ਅਤੇ ਸੋਚਿਆ ਕਿ ਚਲੋ ਬਿਨਾਂ ਕਿਸੇ ਸਾਜ਼ ਦੇ ਸਾਰੰਗੀ ਚੰਗੀ ਤਰ੍ਹਾਂ ਵਜਾਈ ਜਾਵੇ।
ਹੁਸੈਨ ਹੱਮਾ ਦੇ ਤਬਲਾ ਵਾਦਨ ਦੀ ਸੰਗਤ ਵਿਚ ਮੈਂ ਸਾਰੰਗੀ ਵਜਾਉਣੀ ਸ਼ੁਰੂ ਕੀਤੀ। ਉਹ ਕਮਾਲ ਦੇ ਤਬਲਾ ਵਾਦਕ ਸਨ ਅਤੇ ਹੌਲੀ-ਹੌਲੀ ਸਾਰੇ ਸਟਾਫ ਕਲਾਕਾਰ ਇਕੱਠੇ ਹੋ ਗਏ ਅਤੇ ਸੰਗੀਤ ਦਾ ਆਨੰਦ ਮਾਣਨ ਲੱਗੇ। ਮੈਨੂੰ ਲਗਾਤਾਰ ਪ੍ਰਸੰਸਾ ਮਿਲ ਰਹੀ ਸੀ, ਉਹ ਮੇਰੇ ਨਜ਼ਦੀਕ ਬੈਠ ਕੇ ਬੜੀ ਗਹੁ ਨਾਲ ਸੁਣ ਰਹੇ ਸਨ। 45 ਮਿੰਟ ਸਾਰੰਗੀ ਵਜਾਉਣ ਮਗਰੋਂ ਜਦੋਂ ਮੈਂ ਸਾਰੰਗੀ ਰੱਖੀ ਤਾਂ ਸਾਰਿਆਂ ਨੇ ਹੀ ਹੋਰ ਵਜਾਉਣ ‘ਤੇ ਜ਼ੋਰ ਦਿੱਤਾ ਤਾਂ ਮੈਂ 15 ਮਿੰਟ ਹੋਰ ਪ੍ਰੋਗਰਾਮ ਪੇਸ਼ ਕੀਤਾ। ਫਿਰ ਮੈਂ ਉਠਿਆ ਅਤੇ ਜੀਵਨ ਲਾਲ ਤੋਂ ਜਾਣ ਦੀ ਇਜਾਜ਼ਤ ਮੰਗੀ। ਉਨ੍ਹਾਂ ਇਨਕਾਰ ਕਰ ਦਿੱਤਾ ਅਤੇ ਮੈਨੂੰ ਦਫਤਰ ਵਿਚ ਬੁਲਾ ਕੇ ਨੌਕਰੀ ਦੀ ਚਿੱਠੀ ਫੜਾ ਦਿੱਤੀ। ਇਸ ਤਰ੍ਹਾਂ ਉਹ ਮੇਰੇ ਸਰਪ੍ਰਸਤ ਬਣ ਗਏ। ਚੰਗੀ ਕਿਸਮਤ ਨਾਲ ਉਹ ਉਸਤਾਦ ਅਬਦੁਲ ਵਹੀਦ ਖਾਨ ਸਾਹਿਬ ਦੇ ਪ੍ਰਤਿਭਾਸ਼ਾਲੀ ਅਤੇ ਹੁਸ਼ਿਆਰ ਸ਼ਿਸ਼ ਸਨ। ਵਹੀਦ ਖਾਨ ਸਾਹਿਬ ਦੀ ਸ਼ੈਲੀ ਤੇ ਯੋਗਦਾਨ ਨੂੰ ਡੂੰਘੀ ਤਰ੍ਹਾਂ ਸਮਝਦੇ ਸਨ ਜਿਸ ਦਾ ਮੈਨੂੰ ਬਾਅਦ ਵਿਚ ਪਤਾ ਲੱਗਾ।
ਰੇਡੀਓ ਉਤੇ ਸਾਰੰਗੀ ਵਾਦਕ ਵਜੋਂ ਕੰਮ ਕਰਦਿਆਂ ਮੈਂ ਉਸ ਸਮੇਂ ਦੇ ਸਾਰੇ ਸੰਗੀਤਕਾਰਾਂ ਦੀ ਸੰਗਤ ਕੀਤੀ। ਆਸ਼ਿਕ ਅਲੀ ਖਾਨ, ਉਮੇਦ ਅਲੀ, ਬਿੱਬੇ ਖਾਨ, ਕਾਦਰ ਫਰੀਦੀ, ਭਾਈ ਲਾਲ, ਦਿਲੀਪ ਚੰਦਰ ਵੇਦੀ, ਬੜੇ ਗੁਲਾਮ ਅਲੀ ਖਾਨ ਦੇ ਵੱਡੇ ਭਰਾ ਮੁਬਾਰਕ ਅਲੀ, ਬਰਕਤ ਅਲੀ, ਨਿਆਜ਼ ਹੁਸੈਨ ਸ਼ਾਮੀ ਆਦਿ ਅਤੇ ਔਰਤਾਂ ਵਿਚ ਸ਼ਮਸ਼ਾਦ ਸੁੰਦਰ (ਉਮੇਦ ਅਲੀ ਦੀ ਸ਼ਾਗਿਰਦ) ਇਨਾਇਤੀ ਬਾਈ ਦੇਰੂਵਾਲੀ (ਜਿਸ ਦੀ ਬੜੇ ਗੁਲਾਮ ਅਲੀ ਖਾਨ ਸਾਰੰਗੀ ਨਾਲ ਸੰਗਤ ਕਰਦੇ ਸਨ) ਅਤੇ ਮੁਖਤਾਰ ਬੇਗ਼ਮ ਤੇ ਹੋਰ। ਉਥੇ ਆਉਣ ਵਾਲੇ ਹੋਰਨਾਂ ਸੰਗੀਤਕਾਰਾਂ ਦੀ ਵੀ ਮੈਂ ਸੰਗਤ ਕੀਤੀ ਹੈ, ਜਿਨ੍ਹਾਂ ਵਿਚ ਫਯਾਜ਼ ਖਾਨ, ਪੰਡਿਤ ਕ੍ਰਿਸ਼ਨ ਰਾਓ ਸ਼ੰਕਰ, ਪੰਡਿਤ ਨਾਰਾਇਣ ਰਾਓ ਵਿਆਸ, ਵਿਨਾਇਕਬੁਆ ਪਟਵਰਧਨ, ਗੰਗੂ ਬਾਈ, ਹੰਗਲ, ਹੀਰਾ ਬਾਈ ਬਰੋਡਕਰ, ਸੁਰੇਸ਼ ਮਣੀ, ਕਗਾਲਕਰਬੂਆ, ਪੰਡਿਤ ਓਮਕਾਰਨਾਥ ਠਾਕੁਰ, ਛੋਟੇ ਗੁਲਾਮ ਅਲੀ ਆਦਿ ਸ਼ਾਮਲ ਹਨ।
ਪੰਜਾਬ ਵਿਚ ਜਿਸ ਤਰ੍ਹਾਂ ਸਾਰੰਗੀ ਵਜਾਈ ਜਾਣੀ ਚਾਹੀਦੀ ਸੀ, ਉਹ ਮੈਂ ਹੀ ਸ਼ੁਰੂ ਕੀਤੀ। ਮੇਰੀ ਉਮਰ ਭਾਵੇਂ ਛੋਟੀ ਸੀ ਪਰ ਮੈਂ ਬਾਕੀਆਂ ਨਾਲੋਂ ਕਾਫੀ ਪਰਿਪੱਕ ਹੋ ਚੁੱਕਾ ਸੀ। ਮੈਨੂੰ ਪੰਜਾਬ ਤੋਂ ਲਗਾਤਾਰ ਪਿਆਰ ਮਿਲਿਆ। ਜਿਥੋਂ ਤਕ ਸ਼ਾਸਤਰੀ ਸੰਗੀਤ ਦਾ ਸਬੰਧ ਹੈ, ਪੰਜਾਬ ਵਿਚ ਸੰਗੀਤ ਰਾਗ ਵਿਸਤਾਰ, ਰਾਗ ਸਵਰੂਪ ਅਤੇ ਬੜ੍ਹਤ ਆਪਣੇ ਤਰੀਕੇ ਨਾਲ ਗਾਇਆ ਜਾਂਦਾ ਹੈ। ਉਂਜ, ਸਹੀ ਮਾਅਨਿਆਂ ਵਿਚ ਸ਼ਾਸਤਰੀ ਸੰਗੀਤ ਪੰਜਾਬ ਵਿਚ ਪੰਡਿਤ ਭਾਸਕਰਬੂਆ ਬਾਖਲੇ ਅਤੇ ਉਸਤਾਦ ਵਹੀਦ ਖਾਨ ਨੇ ਹੀ ਸ਼ੁਰੂ ਕੀਤਾ। ਲੋਕ ਵਹੀਦ ਖਾਨ ਸਾਹਿਬ ਦੀ ਉਸਤਾਦੀ ਤੋਂ ਬਹੁਤ ਪ੍ਰਭਾਵਿਤ ਸਨ; ਇਥੋਂ ਤਕ ਕਿ ਬੜੇ ਗੁਲਾਮ ਅਲੀ ਖਾਨ ਸਾਹਿਬ ਵੀ ਵਹੀਦ ਖਾਨ ਦੇ ਪੱਕੇ ਸ਼ਿਸ਼ ਬਣ ਗਏ। ਵਹੀਦ ਖਾਨ ਦੇ ਉਤਮ ਵਿਦਿਆਰਥੀਆਂ ਵਿਚ ਫਿਰੋਜ਼ ਨਿਜ਼ਾਮੀ, ਪ੍ਰਾਣਨਾਥ, ਪੰਡਿਤ ਜੀਵਨ ਲਾਲ ਮੱਟੂ, ਹੀਰਾਬਾਈ, ਬਰੋਦਕਰ, ਬੇਗ਼ਮ ਅਖਤਰ ਅਤੇ ਮੈਂ ਖੁਦ ਵੀ ਸ਼ਾਮਲ ਹਾਂ।
ਜਦੋਂ ਪੰਡਿਤ ਜੀਵਨ ਲਾਲ ਮੱਟੂ ਨੇ ਵਹੀਦ ਖਾਨ ਸਾਹਿਬ ਨੂੰ ਪੁੱਛਿਆ ਕਿ ਬੇਗ਼ਮ ਅਖਤਰ ਕਿੰਨੀ ਕੁ ਪ੍ਰਗਤੀ ਕਰ ਰਹੀ ਹੈ ਤਾਂ ਵਹੀਦ ਖਾਨ ਦਾ ਉਤਰ ਸੀ ਕਿ ‘ਅਬ ਉਸ ਕੇ ਗਲੇ ਸੇ ਅਵਾਰਾਪਨ ਨਿਕਲਤਾ ਜਾ ਰਹਾ ਹੈ।’ ਸਮਝਦਾਰ ਲੋਕ ਜਾਣਦੇ ਹਨ ਕਿ ਬੇਗ਼ਮ ਅਖਤਰ ਕਿਉਂ ਵੱਖਰੇ ਸਨ। ਸੰਤ ਹੋਣ ਦੇ ਨਾਤੇ ਵਹੀਦ ਖਾਨ ਸਾਹਿਬ ਕੋਲ ਸੰਗੀਤਕਾਰਾਂ ਦੀ ਕਾਇਆ ਕਲਪ ਕਰਨ ਦੀ ਸਮਰੱਥਾ ਸੀ। ਇਸੇ ਲਈ ਹੀ ਵਹੀਦ ਖਾਨ ਮੇਰੇ ਲਈ ਸਾਧਾਰਨ ਉਸਤਾਦ ਨਹੀਂ ਸਨ। ਉਹ ਸੂਫੀ ਸੰਤ ਸਨ ਅਤੇ ਇਸੇ ਤਰ੍ਹਾਂ ਹੀ ਸੰਗੀਤ ਵਿਚ ਖੁੱਭ ਜਾਂਦੇ ਸਨ। ਉਨ੍ਹਾਂ ਨੇ ਸੰਗੀਤ ਨੂੰ ਸ਼ਰਧਾ ਅਤੇ ਸਖਤ ਜ਼ਾਬਤੇ ਨਾਲ ਤਿਆਰ ਕੀਤਾ ਸੀ। ਉਹ ਵੈਦਿਕ ਗਿਆਨ ਦਾ ਪੂਰਾ ਸਨਮਾਨ ਕਰਦੇ ਸਨ ਜੋ ਸੰਗੀਤ ਦੀ ਸ਼ੁਰੂਆਤ ਹੈ ਅਤੇ ਜੋ ਸਾਮਵੇਦ ਤੋਂ ਸ਼ੁਰੂ ਹੁੰਦਾ ਹੈ। 13ਵੀਂ ਸਦੀ ਦੀ ਆਪਣੀ ਲਿਖਤ ‘ਸੰਗੀਤ ਰਤਨਾਕਰ’ ਵਿਚ ਜਿਵੇਂ ਸਰੰਗਦੇਵ ਨੇ ਕਿਹਾ ਕਿ ਸੰਗੀਤ ਦਾ ਵਿਗਿਆਨਕ ਸਿਲਸਿਲਾ ਹਜ਼ਾਰਾਂ ਸਾਲਾਂ ਤੋਂ ਮੌਜੂਦ ਹੈ ਅਤੇ ਜਿਨ੍ਹਾਂ ਨੇ ਇਸ ਨੂੰ ਅਧਿਆਤਮਕ ਤੌਰ ‘ਤੇ ਲਿਆ ਹੋਵੇ, ਉਹ ਸੰਗੀਤ ਨੂੰ ਜਿੰਦਾ ਰੱਖਦੇ ਹਨ।
ਵਹੀਦ ਖਾਨ ਦੇ ਗੁਰੂ ਚਿਸ਼ਤੀ ਸਾਬਰੀ ਸਨ ਅਤੇ ਉਨ੍ਹਾਂ ਨੇ ਲਾਹੌਰ ਦੇ ਮੋਚੀ ਗੇਟ ਵਿਖੇ ਆਪਣੇ ਗੁਰੂ ਦੀ ਮਜ਼ਾਰ ਬਣਾਈ ਸੀ। ਉਨ੍ਹਾਂ ਨੂੰ ਆਪਣੇ ਗੁਰੂ ਪ੍ਰਤੀ ਸ਼ਰਧਾ ਸੀ।
ਵਹੀਦ ਖਾਨ ਸਾਹਿਬ ਧਰੁਪਦ-ਧਮਾਰ ਘਰਾਣਿਆਂ ਦੇ ਗਾਇਕਾਂ ਵਰਗੇ ਸੰਤ ਕਲਾਕਾਰ ਸਨ। ਧਰੁਪਦ ਦਾ ਸਭ ਤੋਂ ਵੱਡਾ ਸਕੂਲ ਉਦੈਪੁਰ ਆਲਾਬੰਦ-ਝਕਰੂਦੀਨ (ਡਾਗਰ ਘਰਾਣਾ) ਵਿਚ ਸੀ। ਇਨ੍ਹਾਂ ਦੋਵਾਂ ਭਰਾਵਾਂ ਦੇ ਦੋ-ਦੋ ਪੁੱਤਰ ਸਨ, ਜਿਨ੍ਹਾਂ ਨੂੰ ਸੰਸਕ੍ਰਿਤ ਸਿੱਖਣ ਲਈ ਬਨਾਰਸ ਭੇਜਿਆ ਗਿਆ ਅਤੇ ਇਨ੍ਹਾਂ ਨੇ ਡਿਗਰੀ ਹਾਸਲ ਕੀਤੀ। ਇਨ੍ਹਾਂ ਵਿਚੋਂ ਇਕ ਦਾ ਨਾਂ ਤਾਨਸੇਨ ਪਾਂਡੇ ਸੀ। ਪਾਂਡੇ ਦਾ ਖਿਤਾਬ ਉਨ੍ਹਾਂ ਨੂੰ ਦਿੱਤਾ ਗਿਆ ਸੀ। ਬਾਕੀ ਦੋ ਮਹਾਨ ਜਹਾਊਦੀਨ ਖਾਨ ਅਤੇ ਮਸੀਰੂਦੀਨ ਖਾਨ ਸਨ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਜਹਾਊਦੀਨ ਖਾਨ ਸਾਹਿਬ ਤੋਂ ਕੁਝ ਸੁੰਦਰ ਬੰਦਸ਼ਾਂ ਸਿੱਖ ਸਕਿਆ ਹਾਂ, ਜਿਨ੍ਹਾਂ ਨੂੰ ਮੈਂ ਗਾ ਨਹੀਂ ਸਕਦਾ ਕਿਉਂਕਿ ਮੈਂ ਗਾਇਕ ਨਹੀਂ ਬਣ ਸਕਿਆ, ਪਰ ਮੈਂ ਸਾਰੰਗੀ ਦਾ ਵਾਦਨ ਜ਼ਰੂਰ ਕਰ ਸਕਦਾ ਹਾਂ।
ਧਰੁਪਦ ਦੇ ਸ਼ਾਮ ਚੌਰਾਸੀ ਘਰਾਣੇ ਦੀਆਂ ਕੁਝ ਸੁੰਦਰ ਬੰਦਸ਼ਾਂ ਸਨ, ਜਦੋਂ ਮੈਂ ਲਾਹੌਰ ਵਿਖੇ ਕੰਮ ਕਰਦਾ ਸੀ ਤਾਂ ਉਨ੍ਹਾਂ ਵਿਚੋਂ ਕੁਝ ਮੈਂ ਸਲਾਮਤ ਅਤੇ ਨਜ਼ਾਕਤ ਅਲੀ ਦੇ ਚਾਚੇ ਨਿਆਜ਼ ਹੁਸੈਨ ਸ਼ਾਮੀ ਤੋਂ ਸਿੱਖੀਆਂ। ਮਗਰੋਂ ਇਸ ਘਰਾਣੇ ਦੇ ਗਾਇਕਾਂ ਨੇ ਖਯਾਲ ਤੇ ਤਰਾਨਾ ਵੀ ਸ਼ੁਰੂ ਕੀਤਾ ਅਤੇ ਵੱਖਰੀ ਸ਼ੈਲੀ ਤਿਆਰ ਕੀਤੀ ਜੋ ਸਲਾਮਤ ਅਲੀ ਦੀ ਗਾਇਕੀ ਵਿਚ ਵੇਖੀ ਜਾ ਸਕਦੀ ਹੈ।
ਮੁਹੰਮਦ ਹੁਸੈਨ ਜੋ ਨਿਆਜ਼ ਹੁਸੈਨ ਸ਼ਾਮੀ ਦੇ ਵੱਡੇ ਭਰਾ ਸਨ, 1954 ਵਿਚ ਉਨ੍ਹਾਂ ਨਾਲ ਮੁੰਬਈ ਆ ਗਏ ਸਨ। ਉਹ ਉਮਰ ਦੇ ਕਾਫੀ ਵੱਡੇ ਸਨ ਅਤੇ ਵਹੀਦ ਖਾਨ ਸਾਹਿਬ ਤੋਂ ਸੀਨੀਅਰ ਸਨ। ਮੈਂ ਮੁਹੰਮਦ ਹੁਸੈਨ ਨੂੰ ਪੁੱਛਿਆ ਕਿ ਉਹ ਇਸ ਉਮਰ ਵਿਚ ਵਹੀਦ ਖਾਨ ਸਾਹਿਬ ਦੇ ਸ਼ਾਗਿਰਦ ਕਿਉਂ ਬਣੇ। ਉਨ੍ਹਾਂ ਉਤਰ ਦਿੱਤਾ: ‘ਮੈਂ ਚਾਹੁੰਦਾ ਹਾਂ ਕਿ ਸਲਾਮਤ ਅਲੀ ਨੂੰ ਖਾਨ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਰਹੇ। ਇਸ ਲਈ ਮੈਂ ਇਨ੍ਹਾਂ ਦਾ ਸ਼ਾਗਿਰਦ ਬਣਿਆ ਹਾਂ।’ ਉਨ੍ਹਾਂ ਦੇ ਪੁੱਤਰ ਗੁਲਾਮ ਹਸਨ ਸ਼ਗਨ ਲਾਹੌਰ ਵਿਚ ਰਹਿੰਦੇ ਹਨ।
ਭਾਸਕਰਬੂਆ ਬਾਖਲੇ ਦਾ ਪੰਜਾਬ ਵਿਚ ਯੋਗਦਾਨ ਕਾਫੀ ਪ੍ਰਭਾਵਸ਼ਾਲੀ ਰਿਹਾ ਹੈ। ਉਨ੍ਹਾਂ ਦੇ ਦੋ ਸ਼ਾਗਿਰਦ ਬੜੇ ਮਸ਼ਹੂਰ ਹੋਏ ਹਨ ਭਾਈ ਲਾਲ ਅਤੇ ਦਿਲੀਪ ਚੰਦਰਾ ਵੇਦੀ। ਜਦੋਂ ਲਾਹੌਰ ਵਿਚ ਫਿਰਕੂ ਦੰਗੇ ਸ਼ੁਰੂ ਹੋਏ ਤਾਂ ਬਾਕਾਇਦਾ ਆਉਣ ਵਾਲੇ ਕਲਾਕਾਰਾਂ ਨੇ ਰੇਡੀਓ ਆਉਣਾ ਬੰਦ ਕਰ ਦਿੱਤਾ। ਮੈਂ ਇਕੱਲਾ ਸੀ, ਇਸ ਕਰਕੇ ਲਾਹੌਰ ਰੇਡੀਓ ਸਟੇਸ਼ਨ ਦੇ ਅੰਦਰ ਹੀ ਰਿਹਾ ਕਿਉਂਕਿ ਬਰਤਾਨਵੀ ਪੁਲੀਸ ਇਸ ਦੀ ਸੁਰੱਖਿਆ ਕਰਦੀ ਸੀ। ਇਕ ਵਾਰੀ ਭਾਈ ਲਾਲ ਪ੍ਰਸਾਰਨ ਲਈ ਆਏ ਤਾਂ ਉਨ੍ਹਾਂ ਨਾਲ ਸੰਗੀਤ ਕਰਨ ਲਈ ਕੋਈ ਤਬਲਾ ਵਾਦਕ ਨਹੀਂ ਸੀ। ਇਸ ਲਈ ਉਨ੍ਹਾਂ ਨੇ ਮੈਨੂੰ ਠੇਕਾ ਦੇਣ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੇ ਮੈਨੂੰ ਸਾਰੰਗੀ ਵਜਾਉਣ ਲਈ ਕਿਹਾ। ਉਨ੍ਹਾਂ ਨੇ ਆਪਣੇ ਬਯਾਨ ਨੂੰ ਇਸ ਤਰ੍ਹਾਂ ਸ਼ੁਰੂ ਕੀਤਾ ਕਿ ਪੂਰਾ ਗੀਤ ਹੀ ਅਲਾਪ, ਬਿਲੰਬਤ ਅਤੇ ਧਰੁੱਤ ਵਿਚ ਗਾਇਆ ਜੋ ਬਾਅਦ ਵਿਚ ਪ੍ਰਸਾਰਤ ਵੀ ਕੀਤੇ ਗਏ। ਇਹ ਉਨ੍ਹਾਂ ਦੀ ਯੋਗਤਾ ਦੀ ਇਕ ਮਿਸਾਲ ਹੈ। ਉਨ੍ਹਾਂ ਨੂੰ ਸ਼ਾਸਤਰੀ ਸੰਗੀਤ ਦੇ ਸਖਤ ਜ਼ਾਬਤੇ ਦੀ ਬੜੀ ਚਿੰਤਾ ਸੀ। ਭਾਈ ਲਾਲ ਸ਼ਬਦ ਕੀਰਤਨ ਦੀਆਂ ਸੁੰਦਰ ਬੰਦਸ਼ਾਂ ਗਾਉਣ ਲਈ ਪੰਜਾਬ ਵਿਚ ਜਾਣੇ ਜਾਣ ਲੱਗੇ।
ਪੰਡਤ ਕ੍ਰਿਸ਼ਨਾਰਾਓ ਸ਼ੰਕਰ ਪੰਡਤ ਦੇ ਯੋਗਦਾਨ ਨੂੰ ਵੀ ਪੰਜਾਬ ਦੇ ਲੋਕਾਂ ਨੇ ਬੜਾ ਸਲਾਹਿਆ। ਪਟਿਆਲਾ ਦੇ ਮਹਾਰਾਜਾ ਉਨ੍ਹਾਂ ਦੇ ਗਿਆਨ ਸੰਗੀਤ ਦੀ ਮੁਹਾਰਤ ਤੋਂ ਕਾਫੀ ਪ੍ਰਭਾਵਿਤ ਹੋਏ। ਅਮਾਨਤ ਅਲੀ ਅਤੇ ਫਤਹਿ ਅਲੀ ਪਟਿਆਲਾ ਘਰਾਣੇ ਦੇ ਪ੍ਰਸਿੱਧ ਗਾਇਕ ਸਨ। ਮਹਾਰਾਜਾ ਨੇ ਉਨ੍ਹਾਂ ਦੇ ਮਾਪਿਆਂ ਨੂੰ ਇਹ ਗੱਲ ਮੰਨਣ ਲਈ ਪ੍ਰੇਰਿਤ ਕੀਤਾ ਕਿ ਉਹ ਕ੍ਰਿਸ਼ਨਾਰਾਓ ਜੀ ਦੇ ਸ਼ਾਗਿਰਦ ਬਣ ਜਾਣ। ਲਾਹੌਰ ਦੇ ਕਈ ਸੰਗੀਤਕਾਰਾਂ ਨੇ ਉਨ੍ਹਾਂ ਦੀ ਇਸ ਗੱਲ ਨੂੰ ਪਸੰਦ ਨਹੀਂ ਕੀਤਾ। ਮੈਨੂੰ ਇਸ ਗੱਲ ਤੋਂ ਬਹੁਤ ਫਿਕਰ ਹੋਇਆ ਅਤੇ ਮੈਂ ਕਿਹਾ ਕਿ ਕ੍ਰਿਸ਼ਨਾਰਾਓ ਜੀ ਬਹੁਤ ਮਸ਼ਹੂਰ ਅਤੇ ਸੱਚੇ ਪੰਡਿਤ ਹਨ। ਇਹ ਦੋਵੇਂ ਨੌਜਵਾਨ ਬੱਚੇ ਉਨ੍ਹਾਂ ਤੋਂ ਹਰ ਰਾਗਵਾਦੀ ਅਤੇ ਸਾਮਵਾਦੀ ਦੀ ਤਾਲੀਮ ਹਾਸਲ ਕਰ ਸਕਦੇ ਹਨ।
ਮੈਂ ਇਸ ਗੱਲ ਦਾ ਕੋਈ ਹੰਕਾਰ ਨਹੀਂ ਕਰ ਰਿਹਾ, ਪਰ ਇਹ ਸੱਚ ਹੈ ਕਿ ਜਿਹੜੇ ਕਲਾਕਾਰਾਂ ਨੇ ਮੇਰੀ ਸਾਰੰਗੀ ਦੀ ਸੰਗਤ ਨਹੀਂ ਕੀਤੀ, ਉਹ ਦੁਬਾਰਾ ਕਦੇ ਵੀ ਪ੍ਰਸਿਧੀ ਹਾਸਲ ਨਹੀਂ ਕਰ ਸਕੇ। ਇਥੇ ਮੈਂ ਵਾਇਲਨ ਵਾਦਕ ਜਹੂਦੀ ਮੈਨੁਇਨ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਮੇਰੀ ਸਾਰੰਗੀ ਅਤੇ ਮੇਰੇ ਬਾਰੇ ਕੀ ਕਿਹਾ ਸੀ।
“ਸਾਰੰਗੀ ਮੌਲਿਕ ਭਾਰਤੀ ਸਾਜ਼ ਹੀ ਨਹੀਂ, ਸਗੋਂ ਰਾਮ ਨਾਰਾਇਣ ਦੇ ਹੱਥਾਂ ਵਿਚ ਜਾ ਕੇ ਭਾਰਤੀ ਅਹਿਸਾਸ ਅਤੇ ਚਿੰਤਨ ਦੀ ਆਤਮਾ ਨੂੰ ਪੇਸ਼ ਕਰਦੀ ਹੈ। ਮੈਂ ਸਾਰੰਗੀ ਅਤੇ ਰਾਮ ਨਾਰਾਇਣ ਨੂੰ ਵੱਖੋ-ਵੱਖਰੇ ਤੌਰ ‘ਤੇ ਨਹੀਂ ਵੇਖ ਸਕਦਾ ਕਿਉਂਕਿ ਇਹ ਮੇਰੀ ਯਾਦ ਵਿਚ ਬਹੁਤ ਘੁਲਮਿਲ ਗਏ ਹਨ, ਸਗੋਂ ਤੱਥ ਤਾਂ ਉਨ੍ਹਾਂ ਦਾ ਇਸ ਸਾਜ਼ ਪ੍ਰਤੀ ਸਮਰਪਣ ਬੇਮਿਸਾਲ ਹੈ। ਕਿਉਂਕਿ ਉਹ ਸਾਰੰਗੀ ਰਾਹੀਂ ਸ਼ਬਦ ਭਾਵਾਂ ਨੂੰ ਉਜਾਗਰ ਕਰਨ ਦੇ ਉਸਤਾਦ ਹਨ।”