ਕੌਡੀ ਦੀ ਕੀਮਤ

ਹਿੰਦੀ ਕਹਾਣੀਕਾਰ ਊਸ਼ਾ ਯਾਦਵ ਨੇ ‘ਕਾਹੇ ਰੀ ਨਲਿਨੀ’, ‘ਪ੍ਰਕਾਸ਼ ਕੀ ਓਰ’, ‘ਏਕ ਔਰ ਅਹਿੱਲਿਆ’ ਵਰਗੇ ਨਾਵਲ ਅਤੇ ‘ਟੁਕੜੇ-ਟੁਕੜੇ ਸੁਖ’, ‘ਸਪਨੋਂ ਕਾ ਇੰਦਰਧਨੁਸ਼’, ‘ਜਾਨੇ ਕਿਤਨੇ ਕੈਕਟਸ’, ‘ਚਾਂਦੀ ਕੀ ਹੰਸਲੀ’ ਵਰਗੇ ਕਹਾਣੀ ਸੰਗ੍ਰਿਹ ਲਿਖ ਨੇ ਨਾਮਣਾ ਖੱਟਿਆ ਹੈ। ਕਹਾਣੀ ‘ਕੌਡੀ ਦੀ ਕੀਮਤ’ ਵਿਚ ਉਸ ਨੇ ਘਰਾਂ ਵਿਚ ਬਜੁਰਗਾਂ ਦਾ ਹਾਲ ਬਹੁਤ ਭਾਵੁਕ ਅੰਦਾਜ਼ ਵਿਚ ਬਿਆਨ ਕੀਤਾ ਹੈ। ਕਹਾਣੀ ਦਾ ਅਨੁਵਾਦ ਨਵਸੰਗੀਤ ਸਿੰਘ ਨੇ ਕੀਤਾ ਹੈ।

-ਸੰਪਾਦਕ

ਊਸ਼ਾ ਯਾਦਵ

ਅੱਜ ਸਵੇਰ ਤੋਂ ਹੀ ਘਰ ਵਿਚ ਕਾਫੀ ਰੌਣਕ ਹੈ।
ਮਣਿਕਾ ਨੂੰ ਵੇਖਣ ਲਈ ਇਕ ਪਰਿਵਾਰ ਆ ਰਿਹਾ ਹੈ। ਪੂਰੇ ਘਰ ਵਿਚ ਵੱਡੀ ਖੁਸ਼ਖਬਰੀ ਹੈ ਇਹ। ਕਿਸੇ ਨੂੰ ਯਕੀਨ ਨਹੀਂ ਆ ਰਿਹਾ ਕਿ ਨਿੱਕੀ ਜਿਹੀ ਮਣੀ ਇੰਨੀ ਵੱਡੀ ਹੋ ਗਈ ਕਿ ਉਹਦੀ ਸ਼ਾਦੀ ਦੀ ਚਰਚਾ ਸ਼ੁਰੂ ਹੋ ਗਈ। ਵਿਆਹ ਦੀ ਪੇਸ਼ਕਸ਼ ਖੁਦ ਮੁੰਡੇ ਵਾਲਿਆਂ ਵਲੋਂ ਆਈ ਹੈ ਅਤੇ ਉਨ੍ਹਾਂ ਨੇ ਲੜਕੀ ਵੇਖਣ ਦੀ ਇੱਛਾ ਪ੍ਰਗਟਾਈ ਹੈ। ਘਰ-ਵਰ ਨੂੰ ਲੈ ਕੇ ਇਥੇ ਕਿਸੇ ਦੇ ਮਨ ਵਿਚ ਕੋਈ ਸ਼ੰਕਾ ਨਹੀਂ ਹੈ। ਬਰਾਦਰੀ ਦਾ ਉਘਾ ਪਰਿਵਾਰ ਹੈ ਅਤੇ ਹਾਲ ਹੀ ਵਿਚ ਲੜਕੇ ਦੀ ਡਿਪਟੀ ਕਲੈਕਟਰ ਦੇ ਅਹੁਦੇ ਲਈ ਚੋਣ ਹੋਈ ਹੈ। ਉਹਦੇ ਟ੍ਰੇਨਿੰਗ ‘ਤੇ ਜਾਣ ਤੋਂ ਪਹਿਲਾਂ ਹੀ ਉਹ ਰਿਸ਼ਤਾ ਪੱਕਾ ਕਰ ਦੇਣਾ ਚਾਹੁੰਦੇ ਹਨ।
ਸੱਚ ਤਾਂ ਇਹ ਹੈ ਕਿ ਹੀਰੇ ਵਰਗੇ ਵਰ ‘ਤੇ ਮੋਹਿਤ ਹੋਣ ਦੀ ਇਸ ਘਰ ਦੀ ਔਕਾਤ ਹੀ ਨਹੀਂ ਸੀ। ਦਾਜ ਦੀ ਕੋਈ ਚਰਚਾ ਨਾ ਕਰਕੇ ਉਨ੍ਹਾਂ ਨੇ ਪੂਰਾ ਰਹੱਸ ਲੋਕ ਹੀ ਸਿਰਜ ਦਿੱਤਾ ਹੈ। ਜੇ ਰਿਸ਼ਤਾ ਜੁੜ ਗਿਆ ਤਾਂ ਇਹੋ ਸਮਝਿਆ ਜਾਵੇਗਾ ਕਿ ਲੜਕੀ ਦੀ ਕਿਸਮਤ ਵਿਚ ਰਾਜ ਰਾਣੀ ਬਣਨ ਦਾ ਯੋਗ ਸੀ।
ਤਿਆਰੀਆਂ ਦੇ ਰੁਝੇਵਿਆਂ ਵਿਚ ਮਣੀ ਦੇ ਪਿਤਾ ਬਿਸ਼ੰਭਰ ਨੂੰ ਆਪਣੇ ਪਿਉ ਦੀਪ ਚੰਦ ਦਾ ਚੇਤਾ ਆਇਆ। ਇਕਦਮ ਹਿਟਲਰੀ ਅੰਦਾਜ਼ ਵਿਚ ਉਹਨੇ ਪਿਉ ਨੂੰ ਚਬੂਤਰੇ ‘ਤੇ ਜਾ ਫੜਿਆ, “ਬੁੜ੍ਹਿਆ, ਤੇਰੇ ਕੰਨ ਮਤਲਬ ਦੀ ਗੱਲ ਸੁਣਨ ਨੂੰ ਬਹੁਤ ਤੇਜ਼ ਹਨ। ਹੁਣ ਤੱਕ ਤੈਨੂੰ ਜ਼ਰੂਰ ਪਤਾ ਲੱਗ ਗਿਆ ਹੋਊ ਕਿ ਮਣੀ ਨੂੰ ਵੇਖਣ ਕੁਝ ਲੋਕ ਆ ਰਹੇ ਹਨ।”
ਦੀਪ ਚੰਦ ਖਾਮੋਸ਼ ਰਹੇ। ਆਪਣੇ ਇਸ ਮੂੰਹ ਫਟ ਬੇਟੇ ਤੋਂ ਡਰਦੇ ਸਨ ਉਹ। ਅੱਜ ਤੋਂ ਨਹੀਂ, ਵਰ੍ਹਿਆਂ ਤੋਂ। ਕੁਝ ਬੋਲਣ ਦਾ ਮਤਲਬ ਆਪਣੀ ਬੇਇੱਜਤੀ ਕਰਾਉਣਾ ਹੈ, ਉਹ ਜਾਣਦੇ ਹਨ। ਇਸ ਲਈ ਹੁਣ ਵੀ ਬੇਟੇ ਦੀ ਗੱਲ ਦਾ ਜਵਾਬ ਦੇਣਾ ਉਨ੍ਹਾਂ ਵਾਜਬ ਨਾ ਸਮਝਿਆ, ਪਰ ਉਨ੍ਹਾਂ ਦੀ ਇਸ ਹੁਕਮ-ਅਦੂਲੀ ‘ਤੇ ਬਿਸ਼ੰਭਰ ਦੀਆਂ ਅੱਖਾਂ ਲਾਲ ਹੋ ਗਈਆਂ, “ਇਉਂ ਗੁੰਗਾ ਬਣ ਕੇ ਕੀ ਦੱਸਣਾ ਚਾਹੁੰਦਾ ਹੈਂ ਤੂੰ? ਜੱਲਾਦ ਹਾਂ ਮੈਂ, ਫਾਂਸੀ ਟੰਗ ਦਊਂ ਤੈਨੂੰ?”
ਦੀਪ ਚੰਦ ਨੂੰ ਮੂੰਹ ਖੋਲ੍ਹਣਾ ਪਿਆ, “ਸੱਚਮੁਚ ਸਾਡੇ ਲਈ ਬੜੀ ਖੁਸ਼ੀ ਅਤੇ ਫਖਰ ਦੀ ਗੱਲ ਹੈ ਕਿ ਬਰਾਦਰੀ ਦੀ ਨੱਕ ਸਮਝੇ ਜਾਣ ਵਾਲੇ ਪਰਿਵਾਰ ਨੇ ਖੁਦ ਸਾਡੀ ਮਣੀ ਦਾ ਹੱਥ ਮੰਗਿਆ ਹੈ।”
“ਸ਼ੁਕਰ ਹੈ, ਜ਼ਬਾਨ ਤਾਂ ਖੁੱਲ੍ਹੀ!” ਬਿਸ਼ੰਭਰ ਨੇ ਮੂੰਹ ਬਣਾਇਆ, “ਹੁਣ ਕੰਨ ਖੋਲ੍ਹ ਕੇ ਸੁਣ ਲੈ, ਜਦੋਂ ਤੱਕ ਉਹ ਲੋਕ ਏਥੇ ਹੋਣਗੇ, ਤੂੰ ਪਾਰਕ ਜਾਂ ਮੰਦਿਰ ਦੇ ਚਬੂਤਰੇ ‘ਤੇ ਰਹੀਂ। ਭੁੱਲ ਕੇ ਵੀ ਘਰ ਵਿਚ ਪੈਰ ਰੱਖਿਆ ਤਾਂ ਮੈਥੋਂ ਬੁਰਾ ਕੋਈ ਨਹੀਂ।”
“ਠੀਕ ਹੈ!” ਦੀਪ ਚੰਦ ਨੇ ਹਾਮੀ ਭਰੀ। ਵਿਰੋਧ ਦਾ ਨਤੀਜਾ ਜਾਣਦੇ ਸਨ। ਬੇਟੇ ਨੇ ਆਪ ਹੀ ਕਾਰਨ ਦੱਸ ਦਿੱਤਾ, “ਦਰਅਸਲ ਤੂੰ ਹੈਂ ਪਾਗਲ ਬੰਦਾ! ਕਦੋਂ, ਕਿਸੇ ਦੇ ਸਾਹਮਣੇ ਕੀ ਬਕਵਾਸ ਕਰਨ ਲੱਗ ਪਏਂ, ਇਹਦਾ ਮੈਨੂੰ ਭਰੋਸਾ ਨਹੀਂ। ਬਿਹਤਰ ਹੈ, ਪਰਛਾਵਾਂ ਵੀ ਤੇਰਾ ਏਥੇ ਨਾ ਪਵੇ। ਤੇਰੀ ਕਿਸੇ ਘਟੀਆ ਹਰਕਤ ਨਾਲ ਮੈਂ ਉਨ੍ਹਾਂ ਲੋਕਾਂ ਸਾਹਮਣੇ ਸ਼ਰਮਿੰਦਾ ਨਹੀਂ ਹੋਣਾ ਚਾਹੁੰਦਾ।”
ਦੀਪ ਚੰਦ ਦੇ ਚਿਹਰੇ ‘ਤੇ ਪਿਲੱਤਣ ਛਾ ਗਈ।
“ਹੁਣ ਖੜ੍ਹਾ-ਖੜ੍ਹਾ ਮੇਰਾ ਮੂੰਹ ਕੀ ਵੇਖੀ ਜਾਨੈਂ?” ਬਿਸ਼ੰਭਰ ਚੀਕਿਆ, “ਦਫਾ ਹੋ ਜਾ ਏਥੋਂ!”
ਮਾਰ-ਖਾਧੇ ਕੁੱਤੇ ਵਾਂਗ ਦੀਪ ਚੰਦ ਉਥੋਂ ਚੱਲ ਪਏ। ਇੰਨਾ ਕਹਿਣ ਦੀ ਹਿੰਮਤ ਵੀ ਨਾ ਕਰ ਸਕੇ ਕਿ ਢਿੱਡ ਵਿਚ ਕੁਝ ਬੇਹੀ, ਬਚੀ-ਖੁਚੀ ਪਾ ਲੈਣ ਦੇ। ਭੁੱਖੇ ਢਿੱਡ ਬੈਠ ਕੇ ਤਪੱਸਿਆ ਕਰਨ ਦੀ ਇਸ ਜਿਸਮ ਵਿਚ ਹਿੰਮਤ ਨਹੀਂ ਹੈ। ਅੱਖਾਂ ਜ਼ਰੂਰ ਨਮ ਹੋ ਗਈਆਂ। ਇਨ੍ਹਾਂ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਉਹ ਬੇਟੇ ਦੀਆਂ ਨਜ਼ਰਾਂ ਤੋਂ ਛੁਪਾਉਣਾ ਚਾਹੁੰਦੇ ਸਨ। ਨਹੀਂ ਤਾਂ ਉਹ ਫਿਰ ਚਾਬਕ ਮਾਰਦਾ, “ਤੂੰ ਬੰਦਾ ਹੈਂ ਕਿ ਜਾਨਵਰ? ਘਰ ਵਿਚ ਮੰਗਲ-ਕਾਰਜ ਦੀ ਸ਼ੁਰੂਆਤ ਹੋਈ ਨਹੀਂ ਕਿ ਤੂੰ ਰੋਣਾ-ਧੋਣਾ ਸ਼ੁਰੂ ਕਰਕੇ ਬੇਸ਼ਗਨੀ ਕਰਨ ਬਹਿ ਗਿਆਂ।”
ਦੀਪ ਚੰਦ ਚਲੇ ਜ਼ਰੂਰ ਗਏ, ਪਰ ਉਨ੍ਹਾਂ ਦਾ ਮਨ ਘਰ ਵਿਚ ਹੀ ਲੱਗਾ ਰਿਹਾ। ਮਣੀ ਉਨ੍ਹਾਂ ਦੀ ਲਾਡਲੀ ਪੋਤੀ ਹੀ ਨਹੀਂ, ਅੱਖਾਂ ਦਾ ਤਾਰਾ ਵੀ ਹੈ, ਉਹਦੀ ਸ਼ਾਦੀ ਦੇ ਪ੍ਰਸੰਗ ਤੋਂ ਖੁਦ ਨੂੰ ਪਰ੍ਹੇ ਰੱਖਣਾ ਉਨ੍ਹਾਂ ਦੇ ਦਿਲ ਨੂੰ ਕਿਵੇਂ ਚੰਗਾ ਲੱਗ ਸਕਦਾ ਸੀ? ਇਸ ਲਈ ਮੰਦਿਰ ਦੀਆਂ ਪੌੜੀਆਂ ‘ਤੇ ਬੈਠਣ ਪਿਛੋਂ ਵੀ ਉਹ ਚਿੰਤਤ ਹੀ ਰਹੇ। ਨਹੀਂ ਪਤਾ ਲਾ ਸਕੇ ਕਿ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਡਿਪਟੀ ਕੁਲੈਕਟਰ ਲੜਕਾ ਕਦੋਂ ਆਪਣੇ ਮਾਤਾ-ਪਿਤਾ ਨਾਲ ਆਇਆ। ਕਦੋਂ ਚਾਹ-ਪਾਣੀ ਦੌਰਾਨ ਲੜਕੇ ਦੇ ਪਿਤਾ ਨੇ ਬਿਸ਼ੰਭਰ ਤੋਂ ਪੁੱਛਿਆ, “ਤੁਹਾਡੇ ਪਿਤਾ ਜੀ ਕਿਥੇ ਨੇ? ਨਜ਼ਰ ਨਹੀਂ ਆਏ।”
“ਉਹ ਸ਼ਹਿਰੋਂ ਬਾਹਰ ਗਏ ਹਨ।” ਉਨ੍ਹਾਂ ਨੂੰ ਜਵਾਬ ਮਿਲਿਆ ਹੈ।
“ਕਦੋਂ ਤਕ ਆਉਣਗੇ? ਜੇ ਨੇੜੇ-ਤੇੜੇ ਹੀ ਹਨ ਤਾਂ ਫੋਨ ਕਰਕੇ ਸੱਦ ਲਓ। ਉਨ੍ਹਾਂ ਨੂੰ ਮੈਂ ਖਾਸ ਤੌਰ ‘ਤੇ ਮਿਲਣਾ ਚਾਹੁੰਦਾ ਹਾਂ।”
“ਪਿੰਡ ਗਏ ਹਨ। ਤਿੰਨ-ਚਾਰ ਦਿਨਾਂ ਪਿਛੋਂ ਆਉਣਗੇ। ਉਥੇ ਪਛੜੇ ਇਲਾਕੇ ਵਿਚ ਸਿਗਨਲ ਨਾ ਹੋਣ ਕਰਕੇ ਫੋਨ ਨਹੀਂ ਚਲਦਾ।”
“ਹੈਂ, ਪਿੰਡ?” ਮਹਿਮਾਨ ਦਾ ਚਿਹਰਾ ਇਹ ਸੁਣ ਕੇ ਗੰਭੀਰ ਹੋ ਗਿਆ ਹੈ।
ਜੋ ਵੀ ਹੈ, ਇਸ ਗੱਲਬਾਤ ਤੋਂ ਅਣਜਾਣ ਰਹਿਣ ‘ਤੇ ਵੀ ਦੀਪ ਚੰਦ ਆਪਣੇ ਢਿੱਡ ਦੀ ਭੁੱਖ ਤੋਂ ਅਣਜਾਣ ਨਹੀਂ ਸਨ। ਹੋ ਸਕਦਾ ਹੈ ਕਿ ਜੇ ਕੰਮ ਵਿਚ ਰੁਝੇ ਹੁੰਦੇ ਤਾਂ ਵਾਰ-ਵਾਰ ਇਸ ਪਾਸੇ ਧਿਆਨ ਨਾ ਜਾਂਦਾ ਪਰ ਖਾਲੀ ਬੈਠੇ ਰਹਿਣ ਕਾਰਨ ਮਨ ਘੁੰਮ-ਫਿਰ ਕੇ ਉਸੇ ਬਿੰਦੂ ‘ਤੇ ਪਹੁੰਚ ਜਾਂਦਾ, ਬਿਸ਼ੰਭਰ ਨੇ ਨਾਸ਼ਤਾ ਵੀ ਨਹੀਂ ਕਰਨ ਦਿੱਤਾ।
ਪੂਜਾ ਦੀ ਥਾਲੀ ਅਤੇ ਪਾਣੀ ਦਾ ਭਰਿਆ ਲੋਟਾ ਲੈ ਕੇ ਮੰਦਿਰ ਆਉਣ ਵਾਲੀਆਂ ਕਾਲੋਨੀ ਦੀਆਂ ਔਰਤਾਂ ਨੂੰ ਜਦੋਂ ਆਪਣੇ ਕਾਰਨ ਔਖ ਹੁੰਦੀ ਵੇਖੀ ਤਾਂ ਦੀਪ ਚੰਦ ਪੌੜੀਆਂ ਤੋਂ ਉਠ ਖੜ੍ਹੇ ਹੋਏ। ਉਨ੍ਹਾਂ ਦੇ ਕਦਮ ਪਾਰਕ ਵਲ ਵਧ ਗਏ। ਸਵੇਰ ਦਾ ਸਮਾਂ ਹੁੰਦਾ ਤਾਂ ਉਥੇ ਅਕਸਰ ਸੈਰ ਕਰਨ ਵਾਲਿਆਂ ਦੀ ਭੀੜ ਹੁੰਦੀ। ਦੋ-ਚਾਰ ਸੰਗੀ-ਸਾਥੀ ਵੀ ਕੁਝ ਚਿਰ ਗੱਲਬਾਤ ਕਰਨ ਨੂੰ ਮਿਲ ਜਾਂਦੇ। ਰੋਜ਼ ਯੋਗ ਕਰਨ ਵਾਲਿਆਂ ਦੀਆਂ ਕਸਰਤਾਂ ਹੀ ਕੁਝ ਚਿਰ ਵੇਖੀਆਂ ਜਾ ਸਕਦੀਆਂ ਸਨ ਪਰ ਇਸ ਵੇਲੇ ਮਾਲੀ ਖੁਰਪੀ ਨਾਲ ਕਿਆਰੀਆਂ ਦੀ ਗੋਡੀ ਕਰ ਰਿਹਾ ਸੀ ਅਤੇ ਤੇਜ਼ ਧੁੱਪ ਚਾਰੇ ਪਾਸੇ ਪਸਰੀ ਹੋਈ ਸੀ।
ਦੀਪ ਚੰਦ ਨੂੰ ਵੇਖ ਕੇ ਮਾਲੀ ਨੇ ਆਪਣੇ ਮੱਥੇ ਦਾ ਮੁੜ੍ਹਕਾ ਪੂੰਝਦਿਆਂ ਕਿਹਾ, “ਬਾਬੂ ਜੀ, ਇਹ ਵੇਲਾ ਪਾਰਕ ਵਿਚ ਘੁੰਮਣ ਦਾ ਥੋੜ੍ਹੇ ਹੈ? ਪੰਜ ਮਿੰਟ ਵਿਚ ਹੀ ਤੁਸੀਂ ਪਸੀਨਿਓ ਪਸੀਨਾ ਹੋ ਜਾਓਗੇ।”
“ਜਾਣਦਾਂ ਭਰਾਵਾ!” ਦੀਪ ਚੰਦ ਵਿਅੰਗ ਨਾਲ ਮੁਸਕਰਾਏ, “ਖੋਟੇ ਸਿੱਕੇ ਤੋਂ ਸਾਰੇ ਇਉਂ ਹੀ ਬੇਰੁਖੀ ਨਾਲ ਮੂੰਹ ਫੇਰ ਲੈਂਦੇ ਹਨ। ਵੇਖ, ਤੈਨੂੰ ਮੇਰਾ ਇਥੇ ਘੜੀ ਭਰ ਖੜ੍ਹਨਾ ਵੀ ਚੁਭ ਗਿਆ।”
ਮਾਲੀ ਨੇ ਦੰਦਾਂ ਹੇਠਾਂ ਜੀਭ ਦਬਾਈ ਅਤੇ ਦੋਵੇਂ ਹੱਥ ਜੋੜੇ, “ਤੁਸੀਂ ਕੀ ਕਹਿ ਰਹੇ ਹੋ ਬਾਬੂ ਜੀ! ਮੈਨੂੰ ਭਲਾ ਤੁਹਾਡੇ ਏਥੇ ਆਉਣ ‘ਤੇ ਕਿਉਂ ਇਤਰਾਜ਼ ਹੋਵੇਗਾ? ਉਹ ਤਾਂ ਤੇਜ਼ ਧੁੱਪ ਵੇਖ ਕੇ ਮੈਂ ਕਹਿ ਦਿੱਤਾ। ਮੈਂ ਵੀ ਹੁਣ ਘਰੇ ਜਾਨਾਂ, ਘਰ ਵਾਲੀ ਰਾਹ ਵੇਖ ਰਹੀ ਹੋਊ। ਹੋਰ ਲੇਟ ਹੋ ਗਿਆ ਤਾਂ ਅੱਖਾਂ ਕੱਢਦੀ ਏਥੇ ਹੀ ਆ ਵੱਜੂ। ਉਤੋਂ ਦੋ-ਚਾਰ ਖਰੀਆਂ-ਖੋਟੀਆਂ ਵੀ ਸੁਣਾਊ।”
ਦੀਪ ਚੰਦ ਨੂੰ ਪਤਾ ਸੀ ਕਿ ਮਾਲੀ ਦੀ ਛੋਟੀ ਜਿਹੀ ਝੌਂਪੜੀ ਪਾਰਕ ਦੇ ਪਿਛੇ ਹੀ ਹੈ। ਉਹਨੂੰ ਉਠ ਕੇ ਜਾਂਦਿਆਂ ਵੇਖ ਖੁਦ ਵੀ ਨਾਲ ਤੁਰ ਪਏ, “ਸੋਚਦਾਂ ਜਦੋਂ ਇਥੋਂ ਤੱਕ ਆ ਹੀ ਗਿਆਂ ਤਾਂ ਤੇਰੇ ਕੋਲੋਂ ਘੜੇ ‘ਚੋਂ ਪਾਣੀ ਦਾ ਗਲਾਸ ਹੀ ਪੀਂਦਾ ਜਾਵਾਂ। ਹੁਣ ਤਾਂ ਘਰ-ਘਰ ਫਰਿਜ ਆ ਗਏ ਨੇ! ਮੇਰੇ ਵਰਗੇ ਪੇਂਡੂ ਬੰਦੇ ਘੜੇ ਦੇ ਪਾਣੀ ਨੂੰ ਤਰਸ ਜਾਂਦੇ ਨੇ।”
“ਆਓ ਬਾਬੂ ਜੀ! ਖੁਸ਼ੀ ਨਾਲ ਪਾਣੀ ਪੀਓ ਪਰ ਗਰੀਬ ਆਦਮੀ ਦੇ ਘਰੇ ਤੁਹਾਨੂੰ ਪਾਣੀ ਨਾਲ ਗੁੜ ਦੀ ਡਲੀ ਹੀ ਮਿਲੇਗੀ। ਮਿਠਾਈ ਤਾਂ ਖੁਆ ਨਹੀਂ ਸਕਾਂਗਾ।”
“ਮੇਰੇ ਲਈ ਉਹ ਗੁੜ ਦੀ ਡਲੀ ਕਿਸੇ ਮੇਵੇ-ਮਿਠਾਈ ਤੋਂ ਘੱਟ ਨਹੀਂ ਹੋਵੇਗੀ ਭਰਾਵਾ!” ਕਹਿੰਦਿਆਂ ਦੀਪ ਚੰਦ ਦੀ ਆਵਾਜ਼ ਲਰਜ਼ ਗਈ। ਅੱਖਾਂ ਵਿਚ ਇਕ ਵਾਰ ਫਿਰ ਹੰਝੂ ਭਰ ਆਏ ਪਰ ਐਤਕੀਂ ਵੀ ਉਹ ਆਪਣੀ ਪੀੜ ਨੂੰ ਪੀ ਗਏ।
ਮੋਹਨ ਭੋਗ ਤੋਂ ਮਿੱਠਾ ਗੁੜ ਦੀ ਡਲੀ ਦਾ ਸੁਆਦ। ਉਹਦੇ ਨਾਲ ਲੋਟਾ-ਭਰ ਠੰਢਾ ਪਾਣੀ। ਦੀਪ ਚੰਦ ਨੂੰ ਕੁਝ ਸਕੂਨ ਮਿਲਿਆ। ਮਾਲੀ ਦੀ ਕੋਠੜੀ ਸਾਹਮਣੇ ਨਿੰਮ ਦਾ ਸੰਘਣਾ ਰੁੱਖ ਸੀ। ਉਹਦੀ ਛਾਂ ਹੇਠ ਮੰਜਾ ਪਿਆ ਸੀ। ਹਵਾ ਦੇ ਬੁੱਲ੍ਹਿਆਂ ਨਾਲ ਹਿੱਲਦੀਆਂ ਪੱਤੀਆਂ ਅਤੇ ਉਹ ਮੰਜਾ ਦੀਪ ਚੰਦ ਨੂੰ ਘੰਟਾ-ਅੱਧਾ ਘੰਟਾ ਉਥੇ ਹੀ ਲੇਟ ਕੇ ਆਰਾਮ ਕਰਨ ਦਾ ਸੱਦਾ ਦੇਣ ਲੱਗੇ ਪਰ ਇਹ ਤਾਂ ਉਂਗਲ ਫੜ ਕੇ ਪੌਂਚਾ ਫੜਨ ਵਰਗੀ ਗੱਲ ਹੋ ਜਾਂਦੀ। ਸਵੇਰ ਦਾ ਥੱਕਿਆ-ਹਾਰਿਆ ਮਾਲੀ ਵੀ ਕੰਮ-ਧੰਦਾ ਕਰਕੇ ਇਸ ਮੰਜੇ ‘ਤੇ ਪੈ ਕੇ ਆਰਾਮ ਕਰਨਾ ਚਾਹੇਗਾ; ਇੰਨੀ ਸਮਝ ਉਨ੍ਹਾਂ ਨੂੰ ਸੀ।
ਪਾਣੀ ਪੀ ਕੇ ਕੁਝ ਉਦਾਸ ਆਵਾਜ਼ ਵਿਚ ਬੋਲੇ, “ਹੁਣ ਚਲਦਾਂ।”
“ਹਾਂ ਬਾਬੂ ਜੀ, ਸਿੱਧੇ ਘਰ ਜਾਓ। ਹੁਣ ਸਾਡੀ ਤੁਹਾਡੀ ਮੁੰਡਿਆਂ-ਖੁੰਡਿਆਂ ਵਾਲੀ ਉਮਰ ਥੋੜ੍ਹੇ ਹੈ ਜੋ ਬਾਰਿਸ਼, ਧੁੱਪ ਜਾਂ ਸਰਦੀ ਦੀ ਮਾਰ ਸਹਿ ਸਕੇ।”
“ਠੀਕ ਆਖਦੈਂ ਭਰਾਵਾ।” ਦੀਪ ਚੰਦ ਭਾਰੀ ਆਵਾਜ਼ ਵਿਚ ਬੋਲੇ ਅਤੇ ਚੱਲ ਪਏ।
ਮਾਲੀ ਨੇ ਉਨ੍ਹਾਂ ਨੂੰ ਸਿੱਧਾ ਘਰ ਜਾਣ ਦੀ ਨਸੀਹਤ ਦਿੱਤੀ ਸੀ, ਪਰ ਉਨ੍ਹਾਂ ਨੂੰ ਪਤਾ ਸੀ ਕਿ ਇਸ ਵੇਲੇ ਘਰ ਦਾ ਬੂਹਾ ਉਨ੍ਹਾਂ ਲਈ ਬੰਦ ਹੈ। ਠੀਕ ਹੈ, ਬਿਸ਼ੰਭਰ ਦੀ ਇੱਛਾ ਅਨੁਸਾਰ ਉਹ ਮਹਿਮਾਨਾਂ ਦੇ ਮੂਹਰੇ ਨਾ ਆਉਂਦੇ ਪਰ ਕਬਾੜ ਰੱਖਣ ਵਾਲੀ ਕੋਠੜੀ ਵਿਚ ਤਾਂ ਬੈਠ ਹੀ ਸਕਦੇ ਸਨ। ਹੰਕਾਰੀ ਬੇਟੇ ਨੂੰ ਬੁੱਢੇ ਪਿਉ ਦਾ ਘਰ ਵਿਚ ਰੁਕਣਾ ਵਾਜਬ ਨਾ ਲੱਗਾ। ਵਾਜਬ ਤਾਂ ਉਸ ਔਰੰਗਜ਼ੇਬ ਲਈ ਪਿਉ ਦੇ ਸਾਹਾਂ ਦਾ ਚਲਣਾ ਵੀ ਨਹੀਂ ਹੈ ਪਰ ਆਪਣੇ ਹੱਥੀਂ ਗਲਾ ਨਾ ਘੁੱਟ ਸਕਣ ਦੀ ਬੇਵਸੀ ਕਾਰਨ ਇਸ ਸ਼ਾਹ ਜਹਾਨ ਨੂੰ ਸਹਾਰ ਰਿਹਾ ਹੈ। ਉਨ੍ਹਾਂ ਨੇ ਉਦਾਸੀ ਵਿਚ ਸੋਚਿਆ। ਮਣ-ਮਣ ਭਰ ਦੇ ਪੈਰ ਇਕ ਵਾਰ ਫੇਰ ਮੰਦਿਰ ਦੇ ਚਬੂਤਰੇ ਵੱਲ ਉਨ੍ਹਾਂ ਦੇ ਬੁੱਢੇ ਸਰੀਰ ਨੂੰ ਘੜੀਸਦੇ ਲਿਜਾਣ ਲੱਗੇ। ਉਥੇ ਵੀ ਬੇਕਾਰ ਬੈਠੇ ਰਹਿਣਾ ਚੁਭੇਗਾ-ਉਹ ਜਾਣਦੇ ਸਨ, ਪਰ ਬੇਵਸ ਸਨ।
ਦੁਪਹਿਰੇ ਬਾਰਾਂ ਵਜੇ ਦੀ ਆਰਤੀ ਪਿਛੋਂ ਪੁਜਾਰੀ ਮੰਦਿਰ ਦੇ ਦਰਵਾਜੇ ਬੰਦ ਕਰਕੇ ਘਰ ਚਲਾ ਗਿਆ। ਹੁਣ ਸ਼ਾਮੀਂ ਪੰਜ ਵਜੇ ਮੁੜੇਗਾ, ਦੀਪ ਚੰਦ ਨੂੰ ਪਤਾ ਸੀ। ਇਸ ਦੌਰਾਨ ਸਿਰਫ ਲੋ ਦੇ ਥਪੇੜੇ ਹੀ ਉਨ੍ਹਾਂ ਦੇ ਸੰਗੀ-ਸਾਥੀ ਬਣਨਗੇ, ਇਹ ਵੀ ਜਾਹਰ ਸੀ। ਸਿਰਫ ਅਣਜਾਣ ਸੀ, ਉਨ੍ਹਾਂ ਲਈ ਆਪਣੇ ਪਹੁੰਚਣ ਦਾ ਸਮਾਂ ਅਤੇ ਇਹ ਪੀੜ ਛੋਟੀ ਨਹੀਂ ਸੀ।
ਅਚਾਨਕ ਦੀਪ ਚੰਦ ਖੁਸ਼ ਹੋ ਉਠੇ। ਉਨ੍ਹਾਂ ਨੂੰ ਲੱਗਾ, ਲੜਕੀ ਵੇਖ ਕੇ ਮਹਿਮਾਨ ਹੁਣ ਤੱਕ ਚਲੇ ਗਏ ਹੋਣਗੇ, ਉਨ੍ਹਾਂ ਨੂੰ ਵੀ ਘਰੇ ਚਲੇ ਜਾਣਾ ਚਾਹੀਦਾ ਹੈ। ਏਥੇ ਬੈਠੇ ਰਹਿਣ ‘ਤੇ ਬਿਸ਼ੰਭਰ ਗੁੱਰਾਏ ਬਿਨਾ ਨਹੀਂ ਰਹੇਗਾ, “ਘੋੜਾ-ਗੱਡੀ ਭੇਜੇ ਜਾਣ ਦੀ ਉਡੀਕ ਕਰ ਰਿਹਾ ਸੈਂ? ਬਹੂ-ਬੇਟੀ ਭੋਜਨ ਲਈ ਤੈਨੂੰ ਉਡੀਕਦੀਆਂ ਸ਼ਾਮ ਤੱਕ ਬੈਠੀਆਂ ਰਹਿਣਗੀਆਂ, ਵੱਡਾ ਲਾਟ ਸਾਹਿਬ?”
ਆਪਣੀ ਗਲਤੀ ਦਾ ਅਹਿਸਾਸ ਹੁੰਦਿਆਂ ਹੀ ਦੀਪ ਚੰਦ ਘਬਰਾ ਕੇ ਉਠ ਖੜ੍ਹੇ ਹੋਏ। ਹਾਲਾਂਕਿ ਤੇਜ਼ ਧੁੱਪ ਕਰਕੇ ਪੈਦਲ ਤੁਰਨਾ ਮੁਸ਼ਕਿਲ ਸੀ ਪਰ ਘਰ ਪਹੁੰਚਣ ਦੀ ਖੁਸ਼ੀ ਨਾਲ ਪੈਰਾਂ ਨੂੰ ਖੰਭ ਲਗ ਗਏ ਸਨ। ਜੋਸ਼-ਜੋਸ਼ ਵਿਚ ਬੇਟੇ ਦੀ ਆਲੀਸ਼ਾਨ ਕੋਠੀ ਤਕ ਤਾਂ ਪਹੁੰਚ ਗਏ ਪਰ ਗੇਟ ‘ਤੇ ਖੜ੍ਹੇ ਹੋ ਕੇ ਪੈਰ ਫਿਰ ਮਣ-ਮਣ ਭਰ ਦੇ ਹੋ ਗਏ।
ਸੋਚਣ ਲੱਗੇ, ਸਿਰਫਿਰੇ ਬੰਦੇ ਦਾ ਕੀ ਭਰੋਸਾ? ਬਿਸ਼ੰਭਰ ਕਿਤੇ ਉਹਦਾ ਚਿਹਰਾ ਵੇਖ ਕੇ ਹੀ ਗੁੱਸੇ ਵਿਚ ਲਾਲ-ਪੀਲਾ ਨਾ ਹੋ ਜਾਵੇ? ਪਰ ਜਦੋਂ ਗੇਟ ਤੱਕ ਆ ਹੀ ਗਏ ਤਾਂ ਸੋਚਿਆ, ਉਖਲੀ ਵਿਚ ਸਿਰ ਦਿੱਤਾ ਤਾਂ ਮੋਹਲਿਆਂ ਤੋਂ ਕੀ ਡਰ? ਜੋ ਹੋਊ, ਵੇਖੀ ਜਾਊ।
ਦੀਪ ਚੰਦ ਨੇ ਕੋਠੀ ਦਾ ਗੇਟ ਇੰਨੀ ਹੌਲੀ ਖੋਲ੍ਹਿਆ ਕਿ ਅੰਦਰ ਆਵਾਜ਼ ਨਾ ਜਾਏ। ਤੰਗ ਰਾਹ ਪਾਰ ਕਰਕੇ ਵਰਾਂਡੇ ਵਿਚ ਜਾ ਖੜ੍ਹੇ ਹੋਏ। ਡਰਾਇੰਗ ਰੂਮ ਦਾ ਦਰਵਾਜਾ ਖੁੱਲ੍ਹਿਆ ਤਾਂ ਪਰਦਾ ਲਹਿਰਾ ਰਿਹਾ ਸੀ। ਮਨ ਵਿਚ ਸ਼ੰਕਾ ਹੋਇਆ, ਕਿਤੇ ਮਹਿਮਾਨ ਅਜੇ ਇਥੇ ਹੀ ਨਾ ਹੋਣ? ਜੇ ਕਮਰੇ ਵਿਚ ਹੋਏ ਤਾਂ ਤੂਫਾਨ ਆ ਜਾਊ।
ਪਰ ਦੋ-ਤਿੰਨ ਮਿੰਟ ਭਿਣਕ ਲੈਣ ਦੀ ਕੋਸ਼ਿਸ਼ ਪਿਛੋਂ ਵੀ ਖਾਮੋਸ਼ੀ ਛਾਈ ਰਹੀ। ਗੱਲਬਾਤ ਦੀ ਕੋਈ ਆਵਾਜ਼ ਕੰਨੀਂ ਨਾ ਪਈ। ਉਂਜ ਵੀ ਸਵੇਰੇ ਅੱਠ ਵਜੇ ਦੇ ਆਏ ਮਹਿਮਾਨਾਂ ਦਾ ਹੁਣ ਤਕ ਰੁਕਣਾ ਅਸੰਭਵ ਹੀ ਸੀ। ਲੜਕੀ ਵੇਖਣ ਵਿਚ ਸਮਾਂ ਹੀ ਕਿੰਨਾ ਲੱਗਾ ਹੋਊ? ਉਸ ਪਿਛੋਂ ਚਾਹ-ਪਾਣੀ ਵਿਚ ਜੇ ਘੰਟਾ-ਡੇਢ ਘੰਟਾ ਵੀ ਲਗ ਗਿਆ ਹੋਵੇ ਤਾਂ ਗਿਆਰਾਂ ਵਜੇ ਤਕ ਉਨ੍ਹਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਸੀ। ਤੇ ਹੁਣ ਤਾਂ ਦੁਪਹਿਰ ਬਾਰਾਂ ਵਜੇ ਮੰਦਿਰ ਦੇ ਦਰਵਾਜੇ ਬੰਦ ਹੋ ਜਾਣ ਪਿਛੋਂ ਵੀ ਘੰਟੇ ਭਰ ਤੋਂ ਵੱਧ ਸਮਾਂ ਬੀਤ ਗਿਆ ਸੀ। ਇਕ-ਡੇਢ ਵਜੇ ਤਕ ਉਨ੍ਹਾਂ ਦਾ ਰੁਕੇ ਰਹਿਣਾ ਸੰਭਵ ਨਹੀਂ ਹੈ। ਇਸੇ ਲਈ ਡਰਾਇੰਗ ਰੂਮ ਵਿਚ ਖਾਮੋਸ਼ੀ ਸੀ। ਕੋਈ ਅਵਾਜ਼ ਨਹੀਂ ਆ ਰਹੀ…ਤੇ ਹਾਂ, ਕੋਠੀ ਦੇ ਸਾਹਮਣੇ ਕੋਈ ਗੱਡੀ ਵੀ ਨਹੀਂ ਸੀ। ਬਿਸ਼ੰਭਰ ਦੀ ਗੱਡੀ ਗੈਰਾਜ ਵਿਚ ਹੈ। ਨਿਸ਼ਚੇ ਹੀ ਆਪਣੀ ਗੱਡੀ ਵਿਚ ਆਏ ਉਹ ਲੋਕ ਮੁੜ ਚੁਕੇ ਹਨ।
ਦੀਪ ਚੰਦ ਨੇ ਖੁਦ ਨੂੰ ਸੰਭਾਲਿਆ। ਮੱਥੇ ‘ਤੇ ਚਮਕਦੀਆਂ ਮੁੜ੍ਹਕੇ ਦੀਆਂ ਬੂੰਦਾਂ ਪੂੰਝੀਆਂ ਅਤੇ ਦਿਲ ਮਜ਼ਬੂਤ ਕਰਕੇ ਡਰਾਇੰਗ ਰੂਮ ਦਾ ਪਰਦਾ ਹਟਾ ਕੇ ਅੰਦਰ ਕਦਮ ਰੱਖਿਆ। ਪਰ ਇਹ ਕੀ? ਸਾਹਮਣੇ ਕਿਸੇ ਗਰਜਦੇ ਸ਼ੇਰ ਨੂੰ ਖੜ੍ਹੇ ਵੇਖ ਕੇ ਹੀ ਉਹ ਇੰਨਾ ਨਾ ਡਰਦੇ, ਜਿੰਨਾ ਸਾਹਮਣੇ ਸੋਫੇ ‘ਤੇ ਬੈਠੇ ਕਿਸੇ ਅਮੀਰ ਬੰਦੇ ਨੂੰ ਵੇਖ ਕੇ ਭੈਭੀਤ ਹੋ ਗਏ। ਕਮਰੇ ਵਿਚ ਕੁਝ ਹੋਰ ਲੋਕਾਂ ਦੀ ਹਾਜ਼ਰੀ ਦਾ ਅਨੁਭਵ ਹੋਇਆ ਪਰ ਉਹ ਕੀ ਕਰ ਸਕਦੇ ਹਨ, ਜਾਣਨ ਦੀ ਸੁਧ ਦੀਪ ਚੰਦ ਨੂੰ ਨਾ ਰਹੀ। ਹਾਂ, ਸੋਫੇ ‘ਤੇ ਬੈਠੇ ਬੰਦੇ ਦੇ ਨੇੜੇ ਬੈਠਾ ਬਿਸ਼ੰਭਰ ਜ਼ਰੂਰ ਨਜ਼ਰ ਆ ਗਿਆ।
ਦੀਪ ਚੰਦ ਨੇ ਸੋਚਿਆ ਕਿ ਬਿਨਾ ਕੋਈ ਖੜਕਾ ਕੀਤਿਆਂ ਉਹ ਵਾਪਸ ਮੁੜਨ ਅਤੇ ਕਮਰੇ ਤੋਂ ਬਾਹਰ ਨਿਕਲ ਜਾਣ। ਪਰਦਾ ਪਹਿਲਾਂ ਵਾਂਗ ਲਹਿਰਾਉਣ ਲੱਗੇ ਤਾਂ ਸ਼ਾਇਦ ਕਿਸੇ ਨੂੰ ਉਨ੍ਹਾਂ ਦਾ ਏਥੇ ਆਉਣ ਦਾ ਪਤਾ ਨਾ ਲੱਗੇ, ਪਰ ਉਨ੍ਹਾਂ ਦੇ ਕਦਮ ਪਿਛੇ ਹਟਣ ਤੋਂ ਪਹਿਲਾਂ ਹੀ ਮਹਿਮਾਨ ਦੇ ਮੂੰਹੋਂ ਸੁਣਾਈ ਦਿੱਤਾ, “ਬਿਸ਼ੰਭਰ ਬਾਬੂ, ਜ਼ਰਾ ਦੇਖਣਾ, ਕੌਣ ਆਏ ਨੇ?”
ਇਹ ਸ਼ਬਦ ਕੰਨੀਂ ਪੈਂਦਿਆਂ ਹੀ ਦੀਪ ਚੰਦ ਅਹਿਲ ਪੱਥਰ ਦੀ ਮੂਰਤੀ ਵਿਚ ਬਦਲ ਗਏ। ਉਨ੍ਹਾਂ ਦੇ ਚਿਹਰੇ ਦਾ ਰੰਗ ਫੱਕ ਹੋ ਗਿਆ। ਹੁਣ ਬਾਹਰ ਨਿਕਲਣਾ ਫਜ਼ੂਲ ਸੀ। ਉਨ੍ਹਾਂ ਦੇ ਆਉਣ ਦਾ ਪਤਾ ਲੱਗ ਗਿਆ ਸੀ। ਉਨ੍ਹਾਂ ਉਤੇ ਬਿਜਲੀ ਡਿਗੇਗੀ, ਇਹ ਨਿਸ਼ਚਿਤ ਸੀ। ਕਿਸ ਰੂਪ ਵਿਚ ਡਿਗੇਗੀ, ਇਹ ਨਹੀਂ ਸੀ ਪਤਾ।
ਬਿਸ਼ੰਭਰ ਸ਼ਾਇਦ ਸਿਰ ਝੁਕਾਈ ਕੁਝ ਪੜ੍ਹ ਰਿਹਾ ਸੀ। ਨੇੜੇ ਬੈਠੇ ਮਹਿਮਾਨ ਦੀ ਆਵਾਜ਼ ਸੁਣ ਕੇ ਤ੍ਰਭਕਿਆ ਅਤੇ ਸਿਰ ਚੁਕ ਕੇ ਵੇਖਿਆ। ਸਾਹਮਣੇ ਖੜ੍ਹੇ ਦੀਪ ਚੰਦ ਨੂੰ ਵੇਖ ਕੇ ਉਹਦੇ ਸਿਰ ‘ਤੇ ਭੂਤ ਸਵਾਰ ਹੋ ਗਿਆ। ਖੁਦ ਨੂੰ ਰੋਕਦਿਆਂ ਵੀ ਗਲੇ ‘ਚੋਂ ਆਵਾਜ਼ ਨਿਕਲੀ, “ਤੈਨੂੰ ਆਉਣ ਨੂੰ ਮਨ੍ਹਾਂ ਕੀਤਾ ਸੀ ਨਾ? ਚਲ ਵਾਪਸ ਜਾਹ।”
ਦੀਪ ਚੰਦ ਆਪਣਾ ਭੰਤਰਿਆ ਸਿਰ ਤੇ ਲੜਖੜਾਉਂਦੇ ਕਦਮ ਲੈ ਕੇ ਪਿਛੇ ਮੁੜੇ ਅਤੇ ਬਾਹਰ ਨਿਕਲ ਕੇ ਖੁੱਲ੍ਹੇ ਦਰਵਾਜੇ ਤੋਂ ਕੁਝ ਪਰੇ ਹੋ ਕੇ ਖੜ੍ਹੇ ਹੋ ਗਏ। ਸਾਹ ਠੀਕ ਕਰਨ ਪਿਛੋਂ ਹੀ ਉਨ੍ਹਾਂ ਵਿਚੋਂ ਉਥੋਂ ਜਾਣ ਦੀ ਤਾਕਤ ਆ ਸਕਦੀ ਸੀ। ਮੌਜੂਦਾ ਸਰੀਰਕ-ਮਾਨਸਿਕ ਹਾਲਤ ਵਿਚ ਉਨ੍ਹਾਂ ਲਈ ਦੋ ਕਦਮ ਚੱਲਣਾ ਵੀ ਔਖਾ ਸੀ। ਸਿਰਫ ਇਹੋ ਨੰਗੀ ਤਲਵਾਰ ਉਨ੍ਹਾਂ ਦੀ ਧੌਣ ‘ਤੇ ਲਟਕ ਰਹੀ ਸੀ, ਕਮਰੇ ਵਿਚ ਪੈਰ ਰੱਖਣ ਦੇ ਅਪਰਾਧ ਦਾ ਸਿੱਟਾ ਕੀ ਹੋਵੇਗਾ? ਜਿਸ ਹੁਲੀਏ ਵਿਚ ਉਹ ਬਿਸ਼ੰਭਰ ਦੇ ਖਾਸ ਮਹਿਮਾਨ ਦੇ ਸਾਹਮਣੇ ਆ ਪਹੁੰਚੇ ਸਨ, ਕੀ ਉਨ੍ਹਾਂ ਦਾ ਗੁੱਸੇਖੋਰ ਬੇਟਾ ਇਹਨੂੰ ਬਰਦਾਸ਼ਤ ਕਰ ਲਊ?
ਦੀਪ ਚੰਦ ਦੀ ਨਜ਼ਰ ਆਪਣੇ ਪਹਿਰਾਵੇ ‘ਤੇ ਗਈ-ਪੈਰਾਂ ਵਿਚ ਬੇਟੇ ਦੀਆਂ ਸੁੱਟੀਆਂ ਪੁਰਾਣੀਆਂ ਚੱਪਲਾਂ, ਮੈਲੀ-ਕੁਚੈਲੀ ਧੋਤੀ ਅਤੇ ਪਿੰਡੇ ਅੱਧੀ ਬਾਂਹ ਵਾਲੀ ਬੁਨੈਣ। ਸਿਰ ‘ਤੇ ਖਿਲਰੇ ਹੋਏ ਵਾਲ। ਚਿਹਰੇ ‘ਤੇ ਵਧੀ ਹੋਈ ਖਿਚੜੀ ਦਾੜ੍ਹੀ। ਵੇਖਣ ਨੂੰ ਮੰਗਤੇ ਦੀ ਸ਼ਕਲ। ਇਹ ਹਾਲਤ ਉਦੋਂ ਸੀ, ਜਦੋਂ ਸਾਰੇ ਘਰ ਦੇ ਕੱਪੜੇ ਵਾਸ਼ਿੰਗ ਮਸ਼ੀਨ ਵਿਚ ਧੋਤੇ ਜਾਂਦੇ ਸਨ। ਉਨ੍ਹਾਂ ਨੂੰ ਸਾਬਣ ਦੀ ਟਿੱਕੀ ਪੱਚੀ ਵਾਰ ਫਰਿਆਦ ਕਰਨ ਪਿਛੋਂ ਮਿਲਦੀ।
ਪਰ ਬੇਟੇ ਦੀ ਅਦਾਲਤ ਵਿਚ ਸਫਾਈ ਦੇਣ ਦਾ ਉਨ੍ਹਾਂ ਨੂੰ ਮੌਕਾ ਹੀ ਕਦੋਂ ਮਿਲੇਗਾ? ਹੰਕਾਰ ਦੇ ਨਸ਼ੇ ਵਿਚ ਚੂਰ ਉਨ੍ਹਾਂ ਦੇ ਬੇਟੇ ਨੇ ਇਨਸਾਨੀਅਤ ਦਾ ਪਾਠ ਪੜ੍ਹਿਆ ਹੀ ਕਦੋਂ ਹੈ? ਜਿਵੇਂ ਨਮੂਨਾ ਬਣ ਕੇ ਉਹ ਡਰਾਇੰਗ ਰੂਮ ਦੇ ਦਰਵਾਜੇ ‘ਤੇ ਖੜ੍ਹੇ ਹੋ ਗਏ ਸਨ, ਉਹਨੂੰ ਨਵੀਂ ਰਿਸ਼ਤੇਦਾਰੀ ਜੁੜਦੇ ਸਮੇਂ ਸਹਿਨ ਨਹੀਂ ਕੀਤਾ ਜਾਵੇਗਾ। ਬਿਸ਼ੰਭਰ ਇਸ ਗਲਤੀ ਲਈ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗਾ।
ਉਦੋਂ ਹੀ ਉਨ੍ਹਾਂ ਦੇ ਕੰਨੀਂ ਕਮਰੇ ਵਿਚੋਂ ਮਹਿਮਾਨ ਦੀ ਆਵਾਜ਼ ਪਈ, “ਕੌਣ ਸਨ ਉਹ ਸੱਜਣ? ਜੇ ਮਿਲਣਾ ਜ਼ਰੂਰੀ ਹੋਵੇ ਤਾਂ ਤੁਸੀਂ ਉਨ੍ਹਾਂ ਨੂੰ ਬੁਲਾ ਲਓ। ਅਜੇ ਏਥੇ ਹੀ ਹੋਣਗੇ।”
“ਭਾਈ ਸਾਹਿਬ, ਤੁਸੀਂ ਅਜੇ ਤਕ ਉਸ ਬੇਕਾਰ ਬੰਦੇ ਬਾਰੇ ਹੀ ਸੋਚ ਰਹੇ ਹੋ।” ਬਿਸ਼ੰਭਰ ਦੀ ਉਚੀ ਆਵਾਜ਼ ਗੂੰਜੀ, “ਉਹ ਤਾਂ ਸਾਡਾ ਮਾਲੀ ਹੈ। ਜ਼ਰਾ ਸਿਰ-ਫਿਰਿਆ ਅਤੇ ਪਾਗਲ ਕਿਸਮ ਦਾ ਬੁੜ੍ਹਾ ਹੈ, ਪਰ ਮੈਂ ਤਰਸ ਖਾ ਕੇ ਕੰਮ ‘ਤੇ ਲਾਇਆ ਹੋਇਐ। ਵਿਚਾਰਾ ਦੁਨੀਆਂ ਵਿਚ ਇਕੱਲਾ ਹੈ। ਕਿਸੇ ਹੋਰ ਬੰਗਲੇ ਵਿਚ ਤਾਂ ਇਹਨੂੰ ਕੰਮ ਮਿਲਣਾ ਨਹੀਂ। ਸਾਡੇ ਏਥੇ ਲੱਗਾ ਰਹਿਣ ‘ਤੇ ਘੱਟੋ-ਘੱਟ ਭੁੱਖਾ ਤਾਂ ਨਹੀਂ ਮਰੇਗਾ।”
“ਠੀਕ ਕਹਿੰਦੇ ਹੋ ਤੁਸੀਂ!” ਕਹਿ ਕੇ ਮਹਿਮਾਨ ਨੇ ਗੱਲ ਖਤਮ ਕਰ ਦਿੱਤੀ।
“ਤੁਸੀਂ ਵੇਖਿਐ ਕਿ ਉਹ ਦਿਮਾਗੀ ਤੌਰ ‘ਤੇ ਕਿੰਨਾ ਕਮਜ਼ੋਰ ਹੈ। ਇਹ ਵੇਲਾ ਕੋਈ ਰੁੱਖ-ਬੂਟਿਆਂ ਦੀ ਸਾਰ-ਸੰਭਾਲ ਦਾ ਹੈ? ਮੈਂ ਕਈ ਵਾਰ ਸਮਝਾਇਐ ਕਿ ਇਸ ਭਿਆਨਕ ਗਰਮੀ ਵਿਚ ਸਿਰਫ ਸਵੇਰੇ-ਸ਼ਾਮ ਹੀ ਬਗੀਚੇ ਦੀ ਦੇਖਭਾਲ ਕਰਿਆ ਕਰੇ ਪਰ ਪਾਗਲ ਹੈ ਨਾ, ਕੁਝ ਸਮਝਦਾ ਹੀ ਨਹੀਂ। ਇਸੇ ਲਈ ਵਾਪਸ ਭੇਜਣਾ ਪਿਆ।”
ਸਿਰਫ ਗੰਭੀਰ ‘ਹੂੰ’ ਉਸ ਮਹਿਮਾਨ ਦੇ ਗਲੇ ‘ਚੋਂ ਨਿਕਲੀ।
ਕੰਧ ਦੇ ਓਹਲੇ ਖੜ੍ਹੇ ਦੀਪ ਚੰਦ ਨੇ ਸਾਰੀ ਗੱਲਬਾਤ ਸੁਣੀ। ਉਨ੍ਹਾਂ ਨੂੰ ਲੱਗਾ ਜਿਵੇਂ ਕਿਸੇ ਨੇ ਪਿਘਲਿਆ ਕੱਚ ਕੰਨਾਂ ਵਿਚ ਉਲਟਾ ਦਿੱਤਾ ਹੋਵੇ। ਕੀ ਕੋਈ ਬੇਟਾ ਆਪਣੇ ਪਿਤਾ ਲਈ…।
ਅਗਲੇ ਹੀ ਪਲ ਉਨ੍ਹਾਂ ਨੂੰ ਜਾਪਿਆ, ਉਥੇ ਖੜ੍ਹੇ ਰਹਿ ਕੇ ਉਹ ਆਪਣੇ ਗੁਨਾਹਾਂ ਵਿਚ ਹੋਰ ਵਾਧਾ ਕਰ ਰਹੇ ਹਨ। ਜੇ ਕਿਸੇ ਕਾਰਨ ਕੋਈ ਜਣਾ ਡਰਾਇੰਗ ਰੂਮ ‘ਚੋਂ ਨਿਕਲ ਆਇਆ ਤਾਂ ਹੋਣ ਵਾਲੇ ਅਨਰਥ ਦੀ ਕਲਪਨਾ ਤੋਂ ਉਹ ਕੰਬ ਗਏ। ਕਿਵੇਂ ਨਾ ਕਿਵੇਂ ਤਾਕਤ ਇਕੱਠੀ ਕਰਕੇ ਉਥੋਂ ਚਲੇ ਗਏ। ਇਕ ਵਾਰ ਫੇਰ ਸਾਵਧਾਨੀ ਨਾਲ ਬਿਨਾ ਖੜਕਾ ਕੀਤਿਆਂ ਕੋਠੀ ਦਾ ਗੇਟ ਖੋਲ੍ਹਿਆ ਅਤੇ ਬਾਹਰ ਨਿਕਲ ਕੇ ਬੰਦ ਕਰਨ ਪਿਛੋਂ ਅੱਗ ਵਰ੍ਹਾਉਂਦੀ ਸੜਕ ‘ਤੇ ਆ ਗਏ।
ਖੱਬੇ ਪੈਰ ਦੀ ਚੱਪਲ ਵੀ ਇਸੇ ਸਮੇਂ ਟੁੱਟਣੀ ਸੀ। ਇਸ ਯੋਗ ਨਾ ਰਹੀ ਕਿ ਪਾ ਕੇ ਦੋ ਕਦਮ ਵੀ ਤੁਰਿਆ ਜਾ ਸਕੇ। ਨੰਗੇ ਪੈਰੀਂ ਇਸ ਲੂੰਹਦੀ ਧੁੱਪ ਵਿਚ ਮੰਦਿਰ ਤਕ ਜਾਣ ਦੀ ਕਲਪਨਾ ਨਾਲ ਦੀਪ ਚੰਦ ਦਾ ਸਿਰ ਚਕਰਾ ਗਿਆ।
ਪਰ ਆਕਾਸ਼ ਤੋਂ ਵਰ੍ਹਦੀ ਅੱਗ ਨਾਲੋਂ ਪੇਟ ਵਿਚ ਉਠਦੀ ਅੱਗ ਕੀ ਘੱਟ ਭਿਆਨਕ ਸੀ। ਧੁੱਪ ਇਕ ਵਾਰੀ ਸਹਾਰੀ ਜਾ ਸਕਦੀ ਸੀ ਪਰ ਭੁੱਖ ਸਹਾਰਨੀ ਮੁਸ਼ਕਿਲ ਸੀ।
ਦੀਪ ਚੰਦ ਨੇ ਨਿਰਾਸ਼ਾ ਨਾਲ ਹੱਥ ਮਲੇ।
ਉਦੋਂ ਹੀ ਕੇਲੇ ਦੀ ਰੇਹੜੀ ਵਾਲਾ ਨੇੜਿਓਂ ਲੰਘਿਆ। ਭੁੱਖ ਨਾਲ ਬੇਹਾਲ ਦੀਪ ਚੰਦ ਦੇ ਮਨ ਵਿਚ ਆਇਆ, ਮਿੰਨਤ ਕਰਕੇ ਕੇਲਾ ਮੰਗ ਲੈਣ ਪਰ ਇਸ ਭਿਖਾਰੀਪੁਣੇ ਨੂੰ ਉਨ੍ਹਾਂ ਦੇ ਖੁੱਦਾਰ ਦਿਲ ਨੇ ਪ੍ਰਵਾਨ ਨਾ ਕੀਤਾ। ਅੱਖਾਂ ਵਿਚ ਫੈਲੀ ਭੁੱਖ ਨੂੰ ਸ਼ਾਇਦ ਇਕੋ ਨਜ਼ਰ ਨਾਲ ਹੀ ਉਸ ਮਾਮੂਲੀ ਰੇਹੜੀ ਵਾਲੇ ਨੇ ਪੜ੍ਹ ਲਿਆ ਸੀ। ਰੇਹੜੀ ਰੋਕ ਕੇ ਹਮਦਰਦੀ ਨਾਲ ਉਹ ਬੋਲਿਆ, “ਭੂਖੇ ਹੋ ਬਾਬਾ, ਕੇਲਾ ਖਾਓਗੇ?”
“ਨਹੀਂ ਬੇਟਾ, ਰੱਬ ਤੇਰਾ ਭਲਾ ਕਰੇ।” ਦੀਪ ਚੰਦ ਥਿੜਕਦੀ ਆਵਾਜ਼ ਵਿਚ ਬੋਲੇ। ਭੁੱਖ ਦਰਸਾਉਣ ਵਾਲੀਆਂ ਅੱਖਾਂ ਦੀ ਚੁਗਲੀ ‘ਤੇ ਉਨ੍ਹਾਂ ਨੂੰ ਗੁੱਸਾ ਆਇਆ ਪਰ ਬੇਵਸ ਸਨ। ਦਰਅਸਲ ਕੱਲ੍ਹ ਸ਼ਾਮੀਂ ਵੀ ਉਨ੍ਹਾਂ ਨੂੰ ਭੁੱਖੇ ਰਹਿਣਾ ਪਿਆ ਸੀ। ਬਿਸ਼ੰਭਰ ਆਪਣੇ ਪਰਿਵਾਰ ਸਮੇਤ ਕਿਤੇ ਬਾਹਰ ਗਿਆ ਸੀ ਅਤੇ ਉਦੋਂ ਉਹ ਸਾਰੇ ਖਾ-ਪੀ ਕੇ ਆਏ ਸਨ। ਬੁੱਢੇ ਪਿਉ ਦੇ ਪੇਟ ਦੀ ਪਹਿਲਾਂ ਕਦੋਂ ਕਿਸੇ ਨੇ ਚਿੰਤਾ ਕੀਤੀ ਸੀ ਜੋ ਕੱਲ੍ਹ ਕਰਦੇ! ਡੱਬੇ ਵਿਚ ਸਵੇਰ ਦੀਆਂ ਦੋ ਬੇਹੀਆਂ ਰੋਟੀਆਂ ਪਈਆਂ ਵੀ ਹੋਣਗੀਆਂ, ਜੋ ਉਨ੍ਹਾਂ ਨੇ ਬੁੱਢੇ ਨੂੰ ਦੇਣ ਦੀ ਥਾਂ ਕੁੱਤੇ ਮੂਹਰੇ ਸੁੱਟਣੀਆਂ ਬਿਹਤਰ ਸਮਝਿਆ ਹੋਵੇਗਾ। ਉਹ ਵੀ ਇਹ ਸੋਚ ਕੇ ਸਬਰ ਕਰ ਗਏ ਸਨ ਕਿ ਇਕ ਡੰਗ ਨਾ ਖਾਣ ਨਾਲ ਪੇਟ ਨੂੰ ਅਰਾਮ ਹੀ ਮਿਲੇਗਾ। ਕੀ ਪਤਾ ਸੀ, ਅਗਲੇ ਦਿਨ ਫਿਰ ਵਰਤ ਦੀ ਨੌਬਤ ਆ ਜਾਵੇਗੀ। ਬਿਸ਼ੰਭਰ ਦੇ ਹਿਟਲਰੀ ਹੁਕਮ ‘ਤੇ ਅਮਲ ਕਰਨ ਤੋਂ ਪਹਿਲਾਂ ਜੇਬ ਵਿਚ ਦਸ-ਵੀਹ ਰੁਪਏ ਪਾਉਣ ਦਾ ਹੀ ਜੇ ਧਿਆਨ ਆ ਜਾਂਦਾ ਤਾਂ ਇਉਂ ਭੁੱਖ ਨਾਲ ਕੁਸ਼ਤੀ ਨਾ ਲੜਨੀ ਪੈਂਦੀ ਪਰ ਹੁਣ ਤਾਂ…।
ਕੇਲੇ ਵਾਲੇ ਦੇ ਦੂਜੇ ਪਾਸੇ ਚਲੇ ਜਾਣ ਪਿਛੋਂ ਉਹ ਨੰਗੇ ਪੈਰ ਤਪਦੀ ਸੜਕ ‘ਤੇ ਤੁਰਨ ਲੱਗੇ। ਮੰਜ਼ਿਲ ਸੀ, ਉਹੀ ਦੁਰਗਾ ਮੰਦਿਰ, ਪਰ ਉਨ੍ਹਾਂ ਦੀ ਥੋੜ੍ਹ-ਚਿਰੀ ਮੌਜੂਦਗੀ ਨਾਲ ਹੀ ਕੋਠੀ ਦੇ ਡਰਾਇੰਗ ਰੂਮ ਦਾ ਖੁਸ਼ਨੁਮਾ ਮਾਹੌਲ ਜਿਵੇਂ ਕਿਸੇ ਬਦਬੋ ਨਾਲ ਭਰ ਗਿਆ ਸੀ। ਮਹਿਮਾਨ ਸੱਜਣ ਨੇ ਉਬਾਸੀ ਲੈਂਦਿਆਂ ਆਪਣੀ ਜੇਬ ‘ਚੋਂ ਮੋਬਾਇਲ ਕੱਢਿਆ ਅਤੇ ਨੰਬਰ ਮਿਲਾ ਕੇ ਪੁੱਛਿਆ, “ਦਿਵਾਕਰ, ਗੱਡੀ ਠੀਕ ਹੋ ਗਈ?”
“ਜੀ ਸਰ! ਸਰਵਿਸ ਸੈਂਟਰ ਕਾਫੀ ਦੂਰ ਸੀ, ਇਸੇ ਲਈ ਟਾਈਮ ਲਗ ਗਿਆ ਪਰ ਹੁਣ ਮਕੈਨਿਕ ਨੇ ਪੁਰਜ਼ਾ ਬਦਲ ਦਿੱਤਾ ਹੈ। ਵਾਪਸੀ ਵੇਲੇ ਗੱਡੀ ਸਾਨੂੰ ਪ੍ਰੇਸ਼ਾਨ ਨਹੀਂ ਕਰੇਗੀ। ਮੈਂ ਬਸ, ਦਸ ਮਿੰਟਾਂ ਵਿਚ ਪਹੁੰਚ ਜਾਵਾਂਗਾ।” ਉਧਰੋਂ ਜਵਾਬ ਮਿਲਿਆ।
ਮਹਿਮਾਨ ਨੇ ਮੋਬਾਇਲ ਬੰਦ ਕਰਕੇ ਕਿਹਾ, “ਬਿਸ਼ੰਭਰ ਬਾਬੂ, ਸਾਡੀ ਗੱਡੀ ਠੀਕ ਹੋ ਗਈ ਹੈ। ਡਰਾਈਵਰ ਦਸ ਮਿੰਟਾਂ ਵਿਚ ਆ ਰਿਹਾ ਹੈ। ਸਾਨੂੰ ਜਾਣ ਦੀ ਆਗਿਆ ਦਿਓ।”
“ਦਰਅਸਲ ਮੈਂ ਚਾਹੁੰਦਾ ਸਾਂ ਕਿ ਜੇ ਤੁਹਾਨੂੰ ਸਾਡੀ ਮਣਿਕਾ ਪਸੰਦ ਹੈ ਤਾਂ ਕਿਉਂ ਨਾ ਅੱਜ ਹੀ ਗੱਲ ਪੱਕੀ ਕਰ ਲਈਏ।” ਬਿਸ਼ੰਭਰ ਨੇ ਬੇਨਤੀ ਕੀਤੀ।
“ਵੇਖੋ, ਸਾਨੂੰ ਤੁਹਾਡੀ ਬੇਟੀ ਬਿਲਕੁਲ ਪਸੰਦ ਹੈ ਪਰ ਅਸੀਂ ਸ਼ਾਦੀ ਤਾਂ ਹੀ ਪੱਕੀ ਕਰਾਂਗੇ, ਜਦੋਂ ਤੁਹਾਡੇ ਪਿਤਾ ਜੀ ਆ ਜਾਣਗੇ।”
“ਉਨ੍ਹਾਂ ਦੀ ਗੈਰਹਾਜ਼ਰੀ ਵਿਚ ਵੀ ਗੱਲ ਪੱਕੀ ਕੀਤੀ ਜਾ ਸਕਦੀ ਹੈ। ਪੋਤੀ ਦੀ ਸ਼ਾਦੀ ਤੈਅ ਹੋਣ ਦੀ ਖਬਰ ਸੁਣ ਕੇ ਉਹ ਕਾਫੀ ਖੁਸ਼ ਹੋਣਗੇ।”
“ਠੀਕ ਹੈ ਪਰ ਸਾਡੇ ਪਰਿਵਾਰ ਦੀ ਖੁਸ਼ੀ ਅਧੂਰੀ ਰਹੇਗੀ।” ਉਹ ਗੰਭੀਰ ਹੋ ਕੇ ਬੋਲੇ।
“ਉਹ ਕਿਵੇਂ?” ਬਿਸ਼ੰਭਰ ਨੇ ਹੈਰਾਨੀ ਨਾਲ ਮਹਿਮਾਨ ਦੇ ਚਿਹਰੇ ਵੱਲ ਵੇਖਿਆ।
ਉਨ੍ਹਾਂ ਗੱਲ ਸਪਸ਼ਟ ਕੀਤੀ, “ਇਹ ਤਾਂ ਤੁਸੀਂ ਵੀ ਮੰਨਦੇ ਹੋਵੋਗੇ ਕਿ ਤੁਹਾਡੇ ਘਰ ਆਪਣੇ ਵਲੋਂ ਪਹਿਲ ਕਰਕੇ ਸਾਡਾ ਸ਼ਾਦੀ ਦਾ ਸੁਝਾਅ ਭੇਜਣ ਤੋਂ ਜਾਹਰ ਹੁੰਦਾ ਹੈ ਕਿ ਅਸੀਂ ਤੁਹਾਡੀ ਬੇਟੀ ਨਾਲ ਆਪਣੇ ਬੇਟੇ ਦੀ ਸ਼ਾਦੀ ਕਰਨ ਦੇ ਇੱਛੁਕ ਹਾਂ।”
“ਜੀ ਹਾਂ।” ਬਿਸ਼ੰਭਰ ਝਿਜਕਿਆ।
“ਇਹ ਕੋਈ ਛੋਟੀ ਗੱਲ ਨਹੀਂ ਹੈ। ਕੋਈ ਕਾਰਨ ਤਾਂ ਇਸ ਦੇ ਮੂਲ ਵਿਚ ਜ਼ਰੂਰ ਹੋਵੇਗਾ।”
“ਜੀ ਹਾਂ।” ਬਿਸ਼ੰਭਰ ਨੂੰ ਫਿਰ ਸਵੀਕਾਰ ਕਰਨਾ ਪਿਆ।
“ਤਾਂ ਸੁਣੋ। ਇਸ ਦਾ ਕਾਰਨ ਤੁਹਾਡੇ ਪਿਤਾ ਜੀ ਹਨ। ਸਿਰਫ ਇਸੇ ਲਈ ਅਸੀਂ ਤੁਹਾਡੇ ਘਰ ਦੀ ਬੇਟੀ ਨੂੰ ਆਪਣੀ ਵਹੁਟੀ ਬਣਾਉਣਾ ਚਾਹੁੰਦੇ ਹਾਂ, ਕਿਉਂਕਿ ਉਹ ਬਾਬੂ ਦੀਪ ਚੰਦ ਦੀ ਪੋਤੀ ਹੈ। ਇਸ ਤੋਂ ਇਲਾਵਾ ਤੁਹਾਡੇ ਪਰਿਵਾਰ ਵਿਚ ਸਾਡੀ ਦਿਲਚਸਪੀ ਦੀ ਕੋਈ ਹੋਰ ਵਜ੍ਹਾ ਨਹੀਂ ਹੈ।”
ਬਿਸ਼ੰਭਰ ਤ੍ਰਭਕ ਗਿਆ।
ਸ਼ਬਦ ਨਹੀਂ, ਜਿਵੇਂ ਕੋਈ ਜਾਦੂ ਉਹਦੇ ਸਾਹਮਣੇ ਛਾ ਗਿਆ ਸੀ। ਉਹਨੂੰ ਲੱਗਾ, ਇਸ ਜਾਦੂ ਦਾ ਟੁੱਟਣਾ ਜ਼ਰੂਰੀ ਹੈ, ਨਹੀਂ ਤਾਂ ਉਹ ਪਾਗਲ ਹੋ ਜਾਵੇਗਾ। ਜਿਸ ਬੁੱਢੇ ਪਿਉ ਨੂੰ ਉਹਨੇ ਕੌਡੀ ਤੋਂ ਵੱਧ ਦਰਜਾ ਨਹੀਂ ਦਿੱਤਾ, ਉਸ ਕੌਡੀ ਦੀ ਕੀਮਤ ਇੰਨੀ ਵੱਧ ਕਿਵੇਂ ਹੋ ਸਕਦੀ ਹੈ? ਆਖਰ ਉਸ ਬੁੱਢੇ ਵਿਚ ਅਜਿਹਾ ਕੀ ਹੈ? ਜਿਹਦੇ ਮੂਹਰੇ ਸਿਜਦਾ ਕਰਕੇ ਇਹ ਖੁਸ਼ਹਾਲ ਪਰਿਵਾਰ ਭੱਜਾ ਆਇਆ ਹੈ?
ਮਹਿਮਾਨ ਨੇ ਮੇਜ਼ਬਾਨ ਦੇ ਚਿਹਰੇ ਦੇ ਭਾਵ ਪੜ੍ਹੇ ਅਤੇ ਰਹੱਸ ਤੋਂ ਪਰਦਾ ਚੁਕਦਿਆਂ ਬੋਲੇ, “ਦਰਅਸਲ, ਬਾਬੂ ਜੀ ਮੇਰੇ ਪਿਤਾ ਦੇ ਬਚਪਨ ਦੇ ਦੋਸਤ ਹਨ। ਦੋਹਾਂ ਨੇ ਇਕੱਠਿਆਂ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਮੁੱਢਲੀ ਪੜ੍ਹਾਈ ਪੂਰੀ ਕੀਤੀ ਸੀ। ਉਸ ਵੇਲੇ ਮੇਰੇ ਪਿਤਾ ਦੀ ਜ਼ਿੰਦਗੀ ਬੜੀ ਮੁਸ਼ਕਿਲਾਂ ਵਾਲੀ ਸੀ। ਮਾਤਾ-ਪਿਤਾ ਨਹੀਂ ਰਹੇ ਸਨ। ਚਾਚਾ-ਚਾਚੀ ਦੇ ਜ਼ੁਲਮਾਂ ਕਰਕੇ ਭਵਿਖ ਹਨੇਰੇ ਵਾਲਾ ਸੀ। ਉਦੋਂ ਤੁਹਾਡੇ ਪਿਤਾ ਜੀ ਨੇ ਉਨ੍ਹਾਂ ਨੂੰ ਸਿਰਫ ਅੱਗੇ ਵਧਣ ਦਾ ਹੌਂਸਲਾ ਹੀ ਨਹੀਂ ਦਿੱਤਾ, ਸਗੋਂ ਮੇਰੇ ਮਾਤਾ-ਪਿਤਾ ਦੀ ਨਿਰੰਤਰ ਮਿੰਨਤ ਕਰਕੇ ਪੈਸੇ ਨਾਲ ਵੀ ਬਹੁਤ ਮਦਦ ਕੀਤੀ। ਆਪਣੇ ਅਜ਼ੀਜ਼ ਦੋਸਤ ਦੀਪ ਚੰਦ ਦੀ ਵਜ੍ਹਾ ਕਰਕੇ ਹੀ ਮੇਰੇ ਪਿਤਾ ਦਾ ਹੌਂਸਲਾ ਨਹੀਂ ਡਿਗਿਆ ਅਤੇ ਉਹ ਸਰਕਾਰੀ ਨੌਕਰੀ ਲੈਣ ਵਿਚ ਕਾਮਯਾਬ ਹੋਏ। ਕਿਸਮਤ ਨਾਲ ਉਨ੍ਹਾਂ ਦਾ ਮਨੋਰਥ ਸਫਲ ਹੋਇਆ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਡਾਕ ਵਿਭਾਗ ਵਿਚ ਉਚਾ ਅਹੁਦਾ ਮਿਲ ਗਿਆ ਪਰ ਟਰਾਂਸਫਰ ਵਾਲੀ ਨੌਕਰੀ ਸੀ, ਨੌਕਰੀ ਦੀਆਂ ਮਜਬੂਰੀਆਂ ਸਨ, ਚਾਹੁੰਦੇ ਹੋਏ ਵੀ ਪਿੰਡ ਆ ਕੇ ਆਪਣੇ ਬਚਪਨ ਦੇ ਦੋਸਤ ਨੂੰ ਉਹ ਨਾ ਮਿਲ ਸਕੇ। ਦੋਹਾਂ ਵਿਚ ਕਾਫੀ ਚਿਰ ਚਿੱਠੀ-ਪੱਤਰ ਚਲਦਾ ਰਿਹਾ, ਫਿਰ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਉਹ ਵੀ ਬੰਦ ਹੋ ਗਿਆ ਪਰ ਆਪਣੇ ਬਚਪਨ ਦੇ ਪਿਆਰੇ ਦੋਸਤ ਦੇ ਅਹਿਸਾਨਾਂ ਨੂੰ ਮੇਰੇ ਪਿਤਾ ਜੀ ਆਖਰੀ ਸਮੇਂ ਤਕ ਨਹੀਂ ਭੁੱਲੇ। ਮਰਦੇ ਸਮੇਂ ਉਨ੍ਹਾਂ ਨੇ ਮੈਨੂੰ ਤੁਹਾਡੇ ਪਿੰਡ ਦਾ ਪੂਰਾ ਪਤਾ ਦੱਸਦਿਆਂ ਕਿਹਾ ਸੀ ਕਿ ਮੈਂ ਉਨ੍ਹਾਂ ਦੇ ਬਚਪਨ ਦੇ ਦੋਸਤ ਦੀ ਭਾਲ ਕਰਾਂ ਅਤੇ ਕਿਸੇ ਨਾ ਕਿਸੇ ਢੰਗ ਨਾਲ ਉਸ ਅਹਿਸਾਨ ਦਾ ਘੱਟ ਹੀ ਸਹੀ, ਬਦਲਾ ਚੁਕਾਵਾਂ।”
ਕਮਰੇ ਦਾ ਮਾਹੌਲ ਭਾਰੀ ਹੋ ਗਿਆ ਸੀ। ਬਿਸ਼ੰਭਰ ਦੇ ਮੂੰਹੋਂ ਕੋਈ ਆਵਾਜ਼ ਨਾ ਨਿਕਲੀ।
ਮਹਿਮਾਨ ਨੇ ਲੰਮੀ ਗੱਲਬਾਤ ਦੌਰਾਨ ਕੁਝ ਰੁਕਣ ਲਈ ਮੇਜ ‘ਤੇ ਪਏ ਪਾਣੀ ਦੇ ਗਲਾਸ ਵਿਚੋਂ ਕੁਝ ਪਾਣੀ ਪੀਤਾ ਅਤੇ ਫਿਰ ਗੱਲ ਦੀ ਲੜੀ ਜੋੜੀ, “ਇਸ ਕੋਸ਼ਿਸ਼ ਵਿਚ ਮੈਂ ਸਭ ਤੋਂ ਪਹਿਲਾਂ ਪਿੰਡ ਵਿਚ ਹੀ ਬਾਬੂ ਜੀ ਨੂੰ ਲੱਭਿਆ। ਪਤਾ ਲੱਗਾ ਕਿ ਉਹ ਆਪਣੀ ਸਾਰੀ ਜਾਇਦਾਦ ਵੇਚ ਕੇ ਕਿਸੇ ਸ਼ਹਿਰ ਵਿਚ ਵੱਸ ਗਏ ਹਨ। ਕਿਉਂਕਿ ਸ਼ਹਿਰ ਦਾ ਨਾਂ ਅਤੇ ਨਿਸ਼ਚਿਤ ਪਤਾ-ਟਿਕਾਣਾ ਕੋਈ ਨਹੀਂ ਦੱਸ ਸਕਿਆ, ਫਿਰ ਵੀ ਹਨੇਰੇ ਵਿਚ ਮੇਰੀ ਭਾਲ ਬਰਾਬਰ ਚਲਦੀ ਰਹੀ। ਹੁਣੇ ਪਿਛੇ ਜਿਹੇ ਮੈਨੂੰ ਉਨ੍ਹਾਂ ਦੇ ਘਰ-ਪਰਿਵਾਰ ਬਾਰੇ ਪੂਰੀ ਜਾਣਕਾਰੀ ਮਿਲੀ। ਰੱਬ ਦੀ ਕਿਰਪਾ ਨਾਲ ਆਪਣੇ ਪ੍ਰਤਿਭਾਸ਼ਾਲੀ ਬੱਚਿਆਂ ਕਰਕੇ ਮੈਨੂੰ ਵੀ ਬਰਾਦਰੀ ਵਿਚ ਜਾਣਿਆ ਜਾਣ ਲੱਗ ਪਿਆ ਹੈ, ਇਸ ਲਈ ਮੈਂ ਪੁਰਾਣੀ ਦੋਸਤੀ ਨੂੰ ਸਥਾਈ ਬਣਾਉਣ ਲਈ ਦੋਹਾਂ ਪਰਿਵਾਰਾਂ ਵਿਚਾਲੇ ਵਿਆਹ-ਸਬੰਧ ਜੋੜਨ ਦੀ ਵਿਉਂਤ ਬਣਾਈ। ਇਸੇ ਕਰਕੇ ਮੇਰਾ ਪਰਿਵਾਰ ਅੱਜ ਤੁਹਾਡੇ ਕੋਲ ਮੌਜੂਦ ਹੈ ਪਰ ਤੁਸੀਂ ਆਪ ਹੀ ਦੱਸੋ, ਕੀ ਬਾਬੂ ਜੀ ਦੀ ਗੈਰ ਹਾਜ਼ਰੀ ਵਿਚ ਸਾਡੇ ਲਈ ਸ਼ਾਦੀ ਪੱਕੀ ਕਰਨੀ ਠੀਕ ਹੋਵੇਗੀ?”
ਖਾਮੋਸ਼ੀ ਜਿਹੀ ਛਾ ਗਈ। ਉਸ ਅਚੇਤ ਅਵਸਥਾ ਵਿਚ ਬਿਸ਼ੰਭਰ ਦੇ ਦਿਲ ਦੀ ਵਧੀ ਧੜਕਣ ਸਾਫ ਸੁਣੀ ਜਾ ਸਕਦੀ ਸੀ। ਜਿਸ ਬੰਦੇ ਪ੍ਰਤੀ ਸ਼ੁਕਰਾਨਾ ਕਰਨ ਲਈ ਇਹ ਪਰਿਵਾਰ ਉਹਦੇ ਘਰ ਆਇਆ, ਉਸੇ ਦੀ ਉਹਨੇ ‘ਮਾਲੀ’ ਕਹਿ ਕੇ ਜਾਣਕਾਰੀ ਦਿੱਤੀ ਹੈ। ਇਹ ਸੱਚ ਹੈ ਕਿ ਬੁੜ੍ਹੇ…ਨਾ ਨਾ, ਪਿਤਾ ਜੀ ਦਾ ਹੁਲੀਆ ਉਸ ਸਮੇਂ ਅਜਿਹਾ ਨਹੀਂ ਸੀ ਕਿ ਖਾਨਦਾਨੀ ਪਰਿਵਾਰ ਨਾਲ ਜਾਣ-ਪਛਾਣ ਕਰਵਾਈ ਜਾ ਸਕਦੀ ਪਰ ਉਨ੍ਹਾਂ ਦੀ ਇਸ ਹਾਲਤ ਦਾ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਚਾਣਚੱਕ ਪਲਾਂ ਵਿਚ ਉਸ ਨੂੰ ਸਿਰਫ ਆਪਣੀ ਪਛਾਣ ਬਚਾਉਣ ਦਾ ਖਿਆਲ ਦਿਮਾਗ ਵਿਚ ਆਇਆ ਸੀ। ਸੋਚਿਆ ਸੀ, ਕਿਸੇ ਬੰਦੇ ਦੀ ਥੋੜ੍ਹੀ ਅਤੇ ਉਹ ਵੀ ਮੂਕ ਦਿਖ ਲੋਕਾਂ ਨੂੰ ਕਿਥੇ ਯਾਦ ਰਹਿੰਦੀ ਹੈ? ਸ਼ਾਦੀ ਵੇਲੇ ਕੰਨਿਆਂ ਦੇ ਦਾਦੇ ਨੂੰ ਉਹ ਇੰਨੀ ਸਜਧਜ ਨਾਲ ਪੇਸ਼ ਕਰੇਗਾ ਕਿ ਅਸਮਾਨ ਦੇ ਫਰਿਸ਼ਤੇ ਵੀ ਮਾਲੀ ਨਾਲ ਉਸ ਦੀ ਤੁਲਨਾ ਨਹੀਂ ਕਰ ਸਕਣਗੇ ਪਰ ਇਸ ਨਵੇਂ ਰਹੱਸ ਤੋਂ ਪਰਦਾ ਉਠਣ ਪਿਛੋਂ…।
“ਠੀਕ ਹੈ ਫਿਰ, ਅਸੀਂ ਚਲਦੇ ਹਾਂ।” ਕਹਿੰਦਿਆਂ ਮਹਿਮਾਨ ਉਠ ਖੜ੍ਹੇ ਹੋਏ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਨਾਲ ਹੀ ਉਠ ਖੜ੍ਹੇ ਹੋਏ।
ਉਦੋਂ ਹੀ ਗੇਟ ‘ਤੇ ਦਸਤਕ ਹੋਈ, “ਕੌਣ?” ਬਿਸ਼ੰਭਰ ਨੇ ਪੁੱਛਿਆ।
ਕਾਲੋਨੀ ਦੇ ਕਿਸੇ ਜਾਣਕਾਰ ਮੁੰਡੇ ਨੇ ਅੰਦਰ ਆ ਕੇ ਗੰਭੀਰ ਆਵਾਜ਼ ਵਿਚ ਦੱਸਿਆ, “ਛੇਤੀ ਚੱਲੋ, ਤੁਹਾਡੇ ਪਿਤਾ ਜੀ ਦਾ ਮੰਦਿਰ ਦੀਆਂ ਪੌੜੀਆਂ ‘ਤੇ ਬੈਠੇ-ਬੈਠੇ ਦਿਹਾਂਤ ਹੋ ਗਿਆ ਹੈ।” ਬਿਸ਼ੰਭਰ ਨੂੰ ਲੱਗਾ, ਉਹ ਬੇਹੋਸ਼ ਹੋ ਜਾਵੇਗਾ। ਮਹਿਮਾਨ ਦੀ ਜਿਵੇਂ ਸੈਂਕੜੇ ਮੀਲ ਦੂਰੋਂ ਆਉਂਦੀ ਆਵਾਜ਼ ਉਹਦੇ ਕੰਨਾਂ ਵਿਚ ਪੈ ਰਹੀ ਸੀ, “ਬਾਬੂ ਜੀ ਦੇ ਇਸ ਰੂਪ ਵਿਚ ਦਰਸ਼ਨ ਕਰਨ ਦੀ ਮੇਰੀ ਬਦਕਿਸਮਤੀ ਹੈ, ਕੀ ਪਤਾ ਸੀ?”
ਪਤਾ ਤਾਂ ਉਹਨੂੰ ਵੀ ਨਹੀਂ ਸੀ ਕਿ ਕਿਸ ਗੈਬੀ ਤਾਕਤ ਨਾਲ ਖੁਦ ਨੂੰ ਲੋਪ ਕਰਕੇ ਇਸ ਪਰਿਵਾਰ ਨੂੰ ਮੂੰਹ ਵਿਖਾਉਣ ਤੋਂ ਬਚ ਸਕੇ। ਉਹਨੇ ਦੋਹਾਂ ਹੱਥਾਂ ਨਾਲ ਆਪਣਾ ਮੱਥਾ ਫੜ ਲਿਆ ਅਤੇ ਅਸਪਸ਼ਟ ਦੁਖੀ ਆਵਾਜ਼ ਗਲੇ ‘ਚੋਂ ਨਿਕਲੀ।