ਸ਼ਗੂਫੇ: ਸੁਲਤਾਨਾ ਬੇਗਮ ਦਾ ਹਾਸ ਵਿਅੰਗ

ਪ੍ਰੋ. ਮੇਵਾ ਸਿੰਘ ਤੁੰਗ
ਫੋਨ: 91-96462-47926
ਮੈਂ ਡਾ. ਸੁਲਤਾਨਾ ਬੇਗਮ ਦਾ ਪੰਜਾਬੀ ਤਨਜ਼ੋ-ਮਜ਼ਾਹ ਅਰਥਾਤ ਹਾਸ ਵਿਅੰਗ ਦੇ ਖੇਤਰ ਵਿਚ ਪਹਿਲੀ ਕਾਮਯਾਬ ਕਿਤਾਬ ‘ਸ਼ਗੂਫੇ’ ਨਾਲ ਪਰਵੇਸ਼ ਦਾ ਸੁਆਗਤ ਕਰਦਾ ਹਾਂ।
ਪੰਜਾਬੀ ਵਿਚ ਉਰਦੂ-ਹਿੰਦੀ ਵਾਂਗ ਹੀ ਬੜੀ ਲੰਬੀ ਧਾਰਾ ਚੱਲੀ ਆਉਂਦੀ ਹੈ, ਜਿਸ ਦਾ ਆਪਣਾ ਦੀਰਘ ਅਤੇ ਜੀਵੰਤ ਇਤਿਹਾਸ ਹੈ, ਜੋ ਸਿੱਧਾਂ, ਜੋਗੀਆਂ ਅਤੇ ਨਾਥਾਂ ਦੇ ਜ਼ਮਾਨੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਚੱਲਦੀ ਆ ਰਹੀ ਹੈ। ਇਸ ਧਾਰਾ ਦਾ ਦਰਸ਼ਨ ਗੁਰੂ ਕਾਵਿ, ਭਾਈ ਗੁਰਦਾਸ, ਕਿੱਸਾ ਸਾਹਿਤ, ਸੂਫੀ ਕਾਵਿ, ਭਗਤੀ ਕਾਵਿ ਵਿਚੋਂ ਹੁੰਦਾ ਹੋਇਆ ਵੀਹਵੀਂ ਸਦੀ ਤੱਕ ਪੁੱਜਦਾ ਹੈ।

ਇਕ ਸਮੇਂ ਸ਼ ਚਰਨ ਸਿੰਘ ਸ਼ਹੀਦ ਨੇ ਨਿਰੋਲ ਹਾਸ-ਰਸ ਦਾ ਝੰਡਾ ਚੁੱਕਿਆ ਅਤੇ ਵੱਡੇ-ਵੱਡੇ ਮਸਲੇ ਇਸ ਸਾਧਨ ਰਾਹੀਂ ਹੱਲ ਕੀਤੇ। ਉਸ ਦੀ ਕਿਤਾਬ ‘ਬਾਦਸ਼ਾਹੀਆਂ’, ਕਵਿਤਾਵਾਂ, ਉਸ ਦੇ ਨਾਵਲ, ਕਹਾਣੀਆਂ ਅਤੇ ਲੇਖ ਸਦਾ ਰਹਿਣ ਵਾਲੀਆਂ ਰਚਨਾਵਾਂ ਹਨ। ਉਸ ਨੇ ਆਪਣੇ ਜ਼ਮਾਨੇ ਵਿਚ ਆਪਣਾ ਪਾਤਰ ‘ਬਾਬਾ ਵਰਿਆਮਾ’ ਸਿਰਜਿਆ ਅਤੇ ਪੰਜਾਬੀ ਹਾਸ-ਵਿਅੰਗ ਨੂੰ ਇਕ ਵੱਖਰੀ ਪਛਾਣ ਤੇ ਪੱਧਰ ਪ੍ਰਦਾਨ ਕੀਤੇ।
ਪਿੱਛੋਂ ਇਸ ਧਾਰਾ ਨੂੰ ਸ਼ ਈਸ਼ਰ ਸਿੰਘ ਨੇ ਅੱਗੇ ਤੋਰਿਆ। ਉਨ੍ਹਾਂ ਨੇ ‘ਭਾਈਆ’ ਪਾਤਰ ਸਿਰਜਿਆ ਅਤੇ ਆਪਣੇ ਕਾਵਿ ਸੰਗ੍ਰਿਹ ਦਾ ਨਾਂ ‘ਭਾਈਆ’ ਰੱਖਿਆ। ਫਿਰ ਉਨ੍ਹਾਂ ਨੇ ਕਿੰਨੇ ਭਾਈਏ ‘ਨਵਾਂ ਭਾਈਆ’, ‘ਰੰਗੀਲਾ ਭਾਈਆ’, ‘ਗੁਰਮੁਖ ਭਾਈਆ’ ਆਦਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਅਗਲੇ ਲੇਖਕਾਂ ਵਿਚ ਤੇਜਾ ਸਿੰਘ ਸਾਬਰ, ਈਸ਼ਵਰ ਚਿੱਤਰਕਾਰ, ਗੁਰਨਾਮ ਸਿੰਘ ਤੀਰ ਅਤੇ ਸੂਬਾ ਸਿੰਘ ਦੇ ਨਾਂ ਪ੍ਰਸਿੱਧ ਹਨ। ਗੁਰਨਾਮ ਸਿੰਘ ਤੀਰ ਨੇ ‘ਚਾਚੇ ਚੰਡੀਗੜ੍ਹੀਏ’ ਨੂੰ ਅਮਰ ਕਰ ਦਿੱਤਾ ਅਤੇ ਚਾਚੇ ਚੰਡੀਗੜ੍ਹੀਏ ਨੇ ਗੁਰਨਾਮ ਸਿੰਘ ਤੀਰ ਨੂੰ ਸਦਾ ਲਈ ਜ਼ਿੰਦਗੀ ਦੇ ਦਿੱਤੀ।
ਉਕਤ ਮਹਾਂਰਥੀਆਂ ਦੇ ਸਿਰਜਣਾਤਮਕ ਯਤਨਾਂ ਨਾਲ ਸਤਿਕਾਰੇ ਗਏ ਖੇਤਰ ਵਿਚ ਡਾ. ਸੁਲਤਾਨਾ ਬੇਗਮ ਨੇ ਬੜੇ ਪੱਕੇ ਪੈਰੀਂ ਤੇ ਭਰੋਸੇ ਨਾਲ ਕਦਮ ਧਰਿਆ ਹੈ।
ਉਸ ਦੀ ਕਲਾਕ੍ਰਿਤ ‘ਸ਼ਗੂਫੇ’ ਦਾ ਪਹਿਲੀ ਨਜ਼ਰੇ ਜੋ ਪ੍ਰਭਾਵ ਪੈਂਦਾ ਹੈ, ਉਹ ਇਕ ਨਵੇਂ ਲੇਖਕ ਦਾ ਪ੍ਰਤੀਤ ਨਹੀਂ ਹੁੰਦਾ। ਜਾਪਦਾ ਹੈ, ਡਾ. ਸੁਲਤਾਨਾ ਜਿਵੇਂ ਵੱਡੇ ਤਜਰਬੇ ਭਰਪੂਰ ਜੀਵਨ ਅਨੁਭਵ ਤੇ ਕਲਾ ਦੇ ਮਾਲਿਕ ਹੋਣ। ਇਹ ਕਥਨ ਵਾਸਤਵ ਵਿਚ ਠੀਕ ਅਤੇ ਵਿਹਾਰਕ ਰੂਪ ਵਿਚ ਸੱਚ ਹੈ। ਲੇਖਿਕਾ ਇਕ ਉਚ ਤਾਲੀਮ ਯਾਫਤਾ, ਉਰਦੂ ਪੰਜਾਬੀ ਦੀ ਇਕੋ ਜਿਹੀ ਗਿਆਤਾ ਅਤੇ ਮਾਹਿਰ ਵਿਦਵਾਨ ਹੈ। ਉਹ ਉਰਦੂ ਅਤੇ ਪੰਜਾਬੀ ਵਿਚ ਇਕੋ ਜਿਹੀ ਮੁਹਾਰਤ ਨਾਲ ਸ਼ਾਇਰੀ ਕਰਦੇ ਅਤੇ ਨਸਰ ਲਿਖਦੇ ਹਨ।
ਪੰਜਾਬੀ ਮਾਧਿਅਮ ਵਿਚ ‘ਪਾਕਿਸਤਾਨੀ ਪੰਜਾਬੀ ਨਾਵਲ’ ਵਿਸ਼ੇ ‘ਤੇ ਪੀਐਚ. ਡੀ. ਹਨ। ਇਹ ਗੱਲਾਂ ਮੇਰੀ ਜ਼ਾਤੀ ਗਿਆਤ ਦੀ ਉਪਜ ਹਨ, ਪਰ ਕੋਈ ਜਿਗਿਆਸੂ ਕੇਵਲ ਤੇ ਕੇਵਲ ਉਨ੍ਹਾਂ ਦੀਆਂ ਲਿਖਤਾਂ ਪੜ੍ਹੇ ਤਾਂ ਉਸ ਦੀ ਆਪ ਮੁਹਾਰੇ ਹੀ ਰਾਏ ਇਹੋ ਜਿਹੀ ਹੋਵੇਗੀ, ਕਿਉਂਕਿ ਉਸ ਵਿਚ ਸਿਰਜਣਾਤਮਕ ਸ਼ਕਤੀ ਦਾ ਜਲੌ ਝਲਕਦਾ ਹੈ। ਉਸ ਦੀਆਂ ਰਚਨਾਵਾਂ ‘ਗੁਲਜ਼ਾਰਾਂ’, ‘ਰੁਸਵਾਈਆਂ’ ਅਤੇ ‘ਸ਼ਗੂਫੇ’ ਇਸੇ ਅਮਲ ਨੂੰ ਹੀ ਸਿੱਧ ਕਰਦੀਆਂ ਹਨ। ਉਸ ਦਾ ਇਕ ਸ਼ਿਅਰ ਬਾਬਾ ਸ਼ੇਖ ਫਰੀਦ ਦੀ ਕਾਵਿ-ਪਰੰਪਰਾ ਨਾਲ ਜਾ ਜੁੜਦਾ ਹੈ।
ਗੋਰ ਮੇਂ ਜਾਨੇ ਸੇ ਨ ਘਬਰਾ ਐ, ‘ਸੁਲਤਾਨ’
ਯਹੀ ਤੋ ਹੈ ਜੋ ਤੁਮਹੇ ਯਾਦ ਕਰਤੀ ਰਹੀ।
‘ਸ਼ਗੂਫੇ’ ਦੀਆਂ ਕਿਰਤਾਂ ਦਾ ਮੁਤਾਲਾ ਪਾਠਕ ਨੂੰ ਕਾਇਲ ਕਰ ਲੈਂਦਾ ਹੈ, ਕਿਉਂਕਿ ਸੁਲਤਾਨਾ ਵਿਚ ਭਾਵਨਿਯੰਤਰਣ ਹੈ, ਭਰਤੀ ਨਹੀਂ। ਉਸ ਵਿਚ ਮਜ਼ਾਹ ਦੇ ਨਾਲ ਚੋਟ ਹੈ। ਉਸ ਦਾ ਤਿੱਖਾਪਨ ਅਤੇ ਸਾਹਿਤਕ ਪ੍ਰਭਾਵ ਪ੍ਰਾਪਤੀ ਜਨਕ ਹੈ।
ਉਸ ਨੇ ਉਰਦੂ ਅਦਬ ਦਾ ਮੁਤਾਲਾ ਵਸੀਹ ਪੈਮਾਨੇ ‘ਤੇ ਕੀਤਾ ਹੈ। ਇਹ ‘ਸ਼ਗੂਫੇ’ ਦੇ ਪਾਠ ਤੋਂ ਸਿੱਧ ਹੋ ਜਾਂਦਾ ਹੈ। ਉਸ ‘ਤੇ ਉਰਦੂ ਵਿਅੰਗਕਾਰਾਂ ਸਆਦਤ ਹਸਨ ਮੰਟੋ ਅਤੇ ਇਸਮਤ ਚੁਗਤਾਈ ਦਾ ਭਰਪੂਰ ਤਖਲੀਕੀ ਅਸਰ ਹੋਇਆ ਹੈ। ਇਸ ਲਈ ਜਦੋਂ ਉਹ ਤਨਜ਼ ਲਿਖਦੀ ਹੈ ਤਾਂ ਉਸੇ ਪੱਧਰ ‘ਤੇ ਹੀ ਪਹੁੰਚ ਜਾਂਦੀ ਹੈ।
ਉਸ ਦੀਆਂ ਲਿਖਤਾਂ ਫਨੀ ਤੌਰ ‘ਤੇ ਮੰਟੋ ਦੇ ‘ਹਾਸ਼ੀਏ’, ਇਸਮਤ ਚੁਗਤਾਈ ਦੀ ‘ਬੱਛੋ ਭੂਆ’ ਵਰਗੀਆਂ ਈ ਖੂਬਸੂਰਤ ਤੇ ਵਡਿਆਈ ਭਰਪੂਰ ਹਨ।
ਮੰਟੋ ਦੀ ਲਘੂ ਕਥਾ ਹੈ, ‘ਗੰਗਾ ਰਾਮ ਦਾ ਬੁੱਤ।’ “ਭੀੜ ‘ਚੋਂ ਇਕ ਆਦਮੀ ਅੱਗੇ ਵਧਿਆ, ਉਸ ਜੁੱਤੀਆਂ ਦਾ ਹਾਰ ਸਰ ਗੰਗਾ ਰਾਮ ਦੇ ਬੁੱਤ ਦੇ ਗਲ ਵਿਚ ਪਾ ਦਿੱਤਾ। ਕਾਰਾਂ ਭੱਜੀਆਂ, ਗੱਡੀਆਂ ਆਈਆਂ…ਲਾਠੀਚਾਰਜ ਹੋਇਆ…ਐਂਬੂਲੈਂਸ ਆਈ…ਜ਼ਖਮੀਆਂ ਨੂੰ ਸਰ ਗੰਗਾ ਰਾਮ ਹਸਪਤਾਲ ਪਹੁੰਚਾਇਆ ਗਿਆ।”
ਸੁਲਤਾਨਾ ਨੇ ਵੀ ਇਕ ਲਘੂ ਰਚਨਾ ਕੀਤੀ ਹੈ, ਜਿਸ ਵਿਚ ਪੰਜਾਬੀ ਸੈਲ (ਸੁਧਾਰ ਸੈਲ) ਵਿਚ ਬਦਲ ਕੇ ਆਏ ਮੁੰਡੇ ਨੂੰ ਪੁੱਛਿਆ ਜਾਂਦਾ ਹੈ ਕਿ ਉਸ ਦੀ ਬਦਲੀ ਕਿਉਂ ਹੋਈ ਹੈ ਤਾਂ ਆਪਣੀਆਂ ਸ਼ਿਕਾਇਤਾਂ ਦੱਸਦਾ ਕਹਿੰਦਾ ਹੈ ਕਿ ਮੇਰਾ ਅਫਸਰ ਬਹੁਤ ਘਟੀਆ ਸੀ। ਸੈਕਟਰੀ ਕੋਲ ਸ਼ਿਕਾਇਤ ਹੋਈ। ਸੈਕਟਰੀ ਕਹਿੰਦਾ, ‘ਮੈਂ ਤੇਰੀ ਇਨਕਰੀਮੈਂਟ ਬੰਦ ਕਰ ਦਿਆਂਗਾ।’ ਤਾਂ ਇਹ ਮੁੰਡਾ ਪੰਜ ਰੁਪਏ ਕੱਢ ਕੇ ਮੇਜ਼ ‘ਤੇ ਰੱਖ ਦਿੰਦਾ ਹੈ, ‘ਜੀ ਛੇ ਮਹੀਨਿਆਂ ਨੂੰ ਲੱਗਣੀ ਐ, ਅੱਜ ਈ ਲਓ ਬੰਦ ਕਰ ਦਿਓ…।’
ਉਹ ਮੁੰਡਾ ਸੱਤ ਸਾਲ ਅਮਨ ਚੈਨ ਨਾਲ ਉਸ ਬ੍ਰਾਂਚ ਵਿਚ ਕੰਮ ਕਰਦਾ ਰਿਹਾ।
‘ਸ਼ਗੂਫੇ’ ਇਹੋ ਜਿਹੇ ਸ਼ਾਹਪਾਰਿਆਂ ਨਾਲ ਭਰਪੂਰ ਹੈ, ਇਸ ਨੂੰ ਪੜ੍ਹ ਕੇ ਹੀ ਜਾਣਿਆ ਤੇ ਮਾਣਿਆ ਜਾ ਸਕਦਾ ਹੈ। ਇਸ ਦਾ ਖੈਰ ਮਕਦਮ ਕਰਦਿਆਂ ਮੈਂ ਲੇਖਿਕਾ ਤੋਂ ਐਨੀ ਆਸ ਜ਼ਰੂਰ ਕਰਦਾ ਹਾਂ ਕਿ ਕ੍ਰਿਸ਼ਨ ਚੰਦਰ ਰਚਿਤ ‘ਏਕ ਗਧੇ ਕੀ ਸਰ ਗੁਜ਼ਸ਼ਤ’ ਤੇ ‘ਗਧੇ ਕੀ ਵਾਪਸੀ’; ਖਵਾਜਾ ਅਹਿਮਦ ਅੱਬਾਸ ਦੀ ‘ਅਲਿਫ ਲੈਲਾ’, ‘ਬੰਬਈ ਰਾਤ ਕੀ ਬਾਹੋਂ ਮੇਂ’ ਤੇ ‘ਸ਼ਹਿਰ ਔਰ ਸਪਨਾ’ ਅਤੇ ਮੁਜ਼ਤਬਾ ਹੁਸੈਨ ਦੀ ਵਿਅੰਗ ਰਚਨਾ ‘ਸਿੰਧਬਾਦ ਅਹਿਮਦਾਬਾਦ ਮੇਂ’ ਵਰਗੀਆਂ ਵਡੇਰੀਆਂ ਤੇ ਲੰਮੀਆਂ ਅਰਥ-ਭਰਪੂਰ ਰਚਨਾਵਾਂ ਰਚੇ ਤਾਂ ਜੋ ਪੰਜਾਬੀ ਦੀ ਵਿਗੜੀ ਸੌਰ ਸਕੇ।
‘ਸ਼ਗੂਫੇ’ ਦੇ ਪੰਨਾ 77 ‘ਤੇ ਸੁਲਤਾਨਾ ਸ਼ਰਮਾ ਭੈਣਾਂ ਦਾ ਤਜ਼ਕਰਾ ਕਰਦਿਆਂ ਲਿਖਦੀ ਹੈ ਕਿ ਪੰਡਿਤ ਜੀ ਕਥਾ ਕਰਦੇ ਬੋਲੇ, “ਤੋ, ਦਰੋਪਦੀ ਕੇ ਪੰਜ ਪਤੀ ਥੇ।”
ਸ਼ਰਮਾ ਭੈਣਾਂ ‘ਚੋਂ ਇੱਕ ਬੋਲੀ, “ਹਾਏ! ਸਾਨੂੰ ਤੇ ਰੁੜ੍ਹ ਗਿਆ ਇਕ ਵੀ ਨਹੀਂ ਮਿਲਿਆ, ਇਹਨੂੰ ਪੰਜ ਕਿਵੇਂ ਮਿਲ ਗਏ।” ਇਥੇ ਕਥਾ ਦੇ ਨਾਲ ਸਹੇਲੀਆਂ ਦੀ ਮਜਲਸ ਵਿਚ ਹਾਸਾ ਪੈ ਗਿਆ ਤੇ ਸਮਾਨੰਤਰ ਟਿੱਚਰ ਤੋਂ ਚੁਟਕਲਾ ਕਥਾ ਵੀ ਟੁਰ ਪਈ।
ਇਥੇ ਪਹੁੰਚ ਕੇ ਮੈਨੂੰ ਇਸਮਤ ਚੁਗਤਾਈ ਯਾਦ ਆਈ, ਜੋ ਆਪਣੇ ਨਾਵਲੈਟ ‘ਜ਼ਿੱਦੀ’ ਵਿਚ ਲਿਖਦੀ ਹੈ, “ਰਈਸਜ਼ਾਦੀਆਂ ਦੇ ਇਸ਼ਕ ਵਿਚ ਫੇਲ੍ਹ ਹੋ ਜਾਣਾ, ਸ਼ਰਾਬਨੋਸ਼ੀ ਕਰਨਾ। ਇਸ ਤਰ੍ਹਾਂ ਧੁਤ ਹੋ ਕਰ ਰਾਤ ਕੋ ਸੜਕੋਂ ਪਰ ਅਵਾਰਾ ਘੂੰਮਨਾ ਔਰ ਸ਼ਾਇਰੀ ਕਰਨਾ ਕਿ ਯੇ ਤਰੱਕੀ ਪਸੰਦ ਸ਼ਾਇਰੀ ਹੈ।” ਤਾਂ ਮੈਨੂੰ ਇਹ ਦੋਵੇਂ ਤਜ਼ਕਰੇ, ਇੰਜ ਲੱਗਦਾ ਹੈ, ਜਿਵੇਂ ਇਸਮਤ ਦੇ ਹੀ ਲਿਖੇ ਹੋਣ।
ਸੁਲਤਾਨਾ ਦੇ ਚੰਡੀਗੜ੍ਹ ਰਹਿੰਦੇ ਉਰਦੂਦਾਨ ਦੋਸਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਨ੍ਹਾਂ ਦੋਹਾਂ ਦਾ ਮਵਾਜ਼ਨਾ ਕਰਨਾ ਚਾਹੀਦਾ ਹੈ, ਜਿਵੇਂ ਲਖਨਊ ਵਿਚ ਮਵਾਜ਼ਨਾ ਅਨੀਸ ਤੇ ਦਬੀਰ ਕੀਤਾ ਗਿਆ ਸੀ।
ਜਿਥੋਂ ਤੱਕ ਹਾਸਰਸ ਉਪਜਾਉਣ ਅਤੇ ਲੋਕਾਂ ਨੂੰ ਹਸਾਉਣ ਰਾਹੀਂ ਭਾਰ ਮੁਕਤ ਕਰਨ ਦਾ ਸਵਾਲ ਹੈ, ਸੁਲਤਾਨਾ ਨੂੰ ਕਾਮਯਾਬੀ ਹਾਸਿਲ ਹੋਈ ਹੈ। ਪਰ ਮੇਰੀ ਦਿਲੀ ਇੱਛਾ ਹੈ ਕਿ ਉਹ ਏਥੇ ਹੀ ਬਸ ਨਾ ਕਰੇ। ਉਸ ਨੂੰ ਚਾਹੀਦਾ ਹੈ ਕਿ ਇਸ ਦੇ ਘੇਰੇ ਨੂੰ ਏਨਾ ਵਿਸ਼ਾਲ ਕਰੇ ਕਿ ਉਹ ਸਾਰੀ ਸਿਆਸਤ ਅਤੇ ਸਮਾਜ ਨੂੰ ਆਪਣੇ ਘੇਰੇ ਵਿਚ ਲੈ ਲਵੇ ਅਤੇ ਸਾਡੇ ਵਰਤਮਾਨ ਜੀਵਨ ਦੀਆਂ ਸੱਭੇ ਬੁਰਾਈਆਂ ਤੇ ਔਗੁਣ ਨੰਗੇ ਕਰੇ ਅਤੇ ਲੋਕਾਂ ਨੂੰ ਹੱਸਦੇ ਹੱਸਦੇ ਹੀ ਉਨ੍ਹਾਂ ਦੇ ਤਿਆਗ ਲਈ ਮਜਬੂਰ ਕਰ ਦੇਵੇ। ਬਿਲਕੁਲ ਜਿਸ ਤਰ੍ਹਾਂ ਉਰਦੂ ਵਿਚ ਕ੍ਰਿਸ਼ਨ ਚੰਦਰ, ਇਸਮਤ, ਫਿਕਰ ਤੌਸਵੀ ਅਤੇ ਉਰਦੂ ਤਨਜ਼ੋ ਮਜ਼ਾਹ ਦਾ ਕੁਤਬ ਮੀਨਾਰ ਕਨ੍ਹਈਆ ਨਾਲ ਕਪੂਰ ਕਰਦੇ ਹਨ। ਜੇ ਉਹ ਏਧਰ ਧਿਆਨ ਦੇਵੇ ਤਾਂ ਇਹ ਉਸ ਦੀ ਵਿਸ਼ੇਸ਼ ਪ੍ਰਾਪਤੀ ਹੋ ਸਕਦੀ ਹੈ।
ਇਸ ਤੋਂ ਛੁੱਟ ਚਰਨ ਸਿੰਘ ਸ਼ਹੀਦ ਤੋਂ ਬਾਅਦ ਇਸ ਪਾਸੇ ਉਚੇਚਾ ਤੇ ਵਿਸ਼ੇਸ਼ ਧਿਆਨ ਡਾ. ਗੁਰਨਾਮ ਤੀਰ ਨੇ ਹੀ ਦਿੱਤਾ ਹੈ। ਉਹ ਇਹ ਸਮਝਦੇ ਸਨ ਕਿ ਸੰਸਾਰ ਵਿਚ ਹਾਸਰਸੀ ਸਾਹਿਤ ਦੀ ਕਮੀ ਹੈ। ਇਸ ਲਈ ਲੱਖਾਂ ਮੌਤਾਂ ਸਮੇਂ ਤੋਂ ਪਹਿਲਾਂ ਹੋ ਜਾਂਦੀਆਂ ਹਨ। ਜੇ ਇਹ ਕਮੀ ਦੂਰ ਹੋ ਜਾਵੇ ਤਾਂ ਲੱਖਾਂ ਲੋਕ ਲੰਮੀ ਤੇ ਖੁਸ਼ਗਵਾਰ ਜ਼ਿੰਦਗੀ ਜੀ ਸਕਦੇ ਹਨ। ਇਸ ਲਈ ਉਨ੍ਹਾਂ ਨੇ ਸਰੋਦੀ ਕਵਿਤਾ ਵਿਚਲੀ ਆਪਣੀ ਪ੍ਰਾਪਤੀ ਅਤੇ ਕਾਮਯਾਬੀ ਵਿਚੇ ਛੱਡਦਿਆਂ ਹਾਸ ਰਸ ਸਾਹਿਤ ਵੱਲ ਧਿਆਨ ਦਿੱਤਾ ਅਤੇ ‘ਅੱਧੀ ਰਾਤ ਦੀਆਂ ਹਾਕਾਂ’, ‘ਗੁੜਤੀ’ ਤੇ ਕਈ ਹੋਰ ਕਹਾਣੀ ਸੰਗ੍ਰਿਹ ਲਿਖੇ ਤੇ ਛਪਵਾਏ। ‘ਮੇਰੀ ਹਾਸਰਸੀ ਕਵਿਤਾ’ ਤੇ ਕਈ ਹੋਰ ਕਾਵਿ ਪੁਸਤਕਾਂ ਵੀ ਛਪਵਾਈਆਂ। ਸੱਤਰ ਸਾਲ ਪਹਿਲਾਂ ਤੀਰ ਦੀ ਇੱਕ ਕਵਿਤਾ ‘ਰਾਂਝੇ ਦਾ ਮੈਮੋਰੰਡਮ’ ਬਹੁਤ ਪ੍ਰਸਿੱਧ ਹੋਈ ਸੀ, ਜਿਸ ਵਿਚਲਾ ਇਹ ਸ਼ਿਅਰ ਪੜ੍ਹਨ ਵਾਲਿਆਂ ਦੀ ਜ਼ੁਬਾਨ ‘ਤੇ ਚੜ੍ਹ ਗਿਆ ਸੀ,
ਟੀ. ਏ. ਡੀ. ਏ. ਬਿਲ ਮੇਰੇ ਦਾ
ਕਰ ਕੁਝ ਹੀਰੇ ਲੇਖਾ।
ਇਸੇ ਤਰ੍ਹਾਂ ਤੇਜਾ ਸਿੰਘ ਸਾਬਰ ਦੀ ਕਵਿਤਾ ‘ਜੇ ਹੀਰ ਤੇ ਰਾਂਝਾ ਅੱਜ ਕੱਲ੍ਹ ਹੁੰਦੇ’ ਬੜੀ ਮਸ਼ਹੂਰ ਹੋਈ। ਉਸ ਦੀਆਂ ਇਹ ਸਤਰਾਂ ਯਾਦਗਾਰੀ ਬਣ ਗਈਆਂ,
ਸਾਂਦਲ ਬਾਰ ਦੇ ਬੇਲੇ ਭੁੱਲ ਕੇ
ਸੌਂ ਜਾਂਦਾ ਕਿਸੇ ਕਾਰ ਦੇ ਅੰਦਰ।
ਤੱਕ ਕੇ ਹੀਰ ਸਿਨੇਮਾ ਆਉਂਦੀ
ਪਿਆਰ ਹੁੰਦਾ ਉਹਦੀ ਮਾਰ ਦੇ ਅੰਦਰ।
ਫੁੰਮਨਾਂ ਵਾਲੀ ਵੰਝਲੀ ਦੀ ਥਾਂ
ਵਾਇਲਨ ਖੂਬ ਵਜਾਂਦਾ ਫਿਰਦਾ।
‘ਸ਼ਹਿਰ ਕੀ ਲੌਂਡੀਆ ਮਾਰ ਗਈ ਹੈ’
ਗਲੀ ਗਲੀ ਵਿਚ ਗਾਂਦਾ ਫਿਰਦਾ।’
ਭੂਸ਼ਨ ਧਿਆਨਪੁਰੀ ਬਹੁਤ ਅੱਗੇ ਵਧ ਸਕਦਾ ਸੀ ਪਰ ਮਾੜੇ ਭਾਗ ਕਿ ਉਹ ਛੇਤੀ ਹੀ ਰੁਖਸਤ ਹੋ ਗਿਆ। ਹੁਣੇ ਹੁਣੇ ਡਾ. ਸੁਲਤਾਨਾ ਬੇਗਮ ਨੇ ਇਸ ਖੇਤਰ ਵਿਚ ਪਰਵੇਸ਼ ਕੀਤਾ ਹੈ ਅਤੇ ਕਾਫੀ ਹੋਣਹਾਰੀ ਵਿਖਾਈ ਹੈ। ਉਸ ਦੀ ਉਰਦੂ ਸ਼ਾਇਰੀ ਦੇ ਸੰਗ੍ਰਿਹ ‘ਰੁਸਵਾਈਆਂ’ ਦੇ 75 ਪੰਨੇ ‘ਤੇ ਇੱਕ ਮਕਤਾ ਦਰਜ ਹੈ,
ਕੁੱਛ ਤੋ ਸੋਚ ਲੇ ਤੂ
ਅਬ ਗਮ-ਏ-ਜ਼ਿੰਦਗੀ ਮੇਂ
ਸੁਲਤਾਨ ਹੋਸ਼ ਕਰ
ਪੱਥਰ ਕੇ ਸਨਮ,
ਸਨਮ ਨਹੀਂ ਹੋਤੇ।
ਪਰ ਜਿਸ ਸਿਨਫ ਦੀ ਚੋਣ ਸੁਲਤਾਨਾ ਨੇ ਕੀਤੀ ਹੈ, ਉਸ ਵਿਚ ਪੱਥਰ ਦੇ ਸਨਮ ਵੀ ਸਨਮ ਹੋ ਜਾਂਦੇ ਹਨ। ਇਸ ਵਿਚ ਹੱਸਦੇ ਹਸਾਉਂਦੇ ਹੀ ਅਗਲੇ ਨੂੰ ਛੇੜ ਜਾਣਾ, ਟੁੰਭ ਜਾਣਾ ਤੇ ਸੁਚੇਤ ਕਰ ਜਾਣਾ ਹੁੰਦਾ ਹੈ ਅਤੇ ਫੇਰ ਹੱਸਦਿਆਂ ਹੀ ਪਲਕਾਂ ਤੋਂ ਓਹਲੇ ਹੋ ਜਾਣਾ ਹੁੰਦਾ ਹੈ,
ਹੱਸਦੇ ਹੱਸਦੇ ਲੰਘ ਗਿਆ ਮਾਹੀ
ਪਲਕਾਂ ਓਹਲੇ ਹੋ ਕੇ।
ਤਨਜ਼ੋ ਮਜ਼ਾਹ ਦਾ ਹੱਸਦਾ ਹੱਸਾਉਂਦਾ ਫਨਕਾਰ ਯਕੀਨਨ ਹਜ਼ਾਰਾਂ ਲੱਖਾਂ ਦਾ ਮਾਹੀ ਹੁੰਦਾ ਹੈ, ਇਸ ਲਈ ਲੋਕ ਉਹਨੂੰ ਪਿਆਰ ਕਰਦੇ ਹਨ, ਉਹਦਾ ਸਤਿਕਾਰ ਕਰਦੇ ਹਨ। ਡਾ. ਸੁਲਤਾਨਾ ਇਸੇ ਪਿਆਰ ਤੇ ਸਤਿਕਾਰ ਦੀ ਸਹੀ ਪਾਤਰ ਹੈ।