ਚਾਲੀ ਦੇ ਦਹਾਕੇ ਦੌਰਾਨ ਫ਼ਿਲਮੀ ਦੁਨੀਆਂ ਵਿਚ ਪਹਿਲੀ ਵਾਰ ਨਾਲੋ-ਨਾਲ ਕਈ ਅਜ਼ੀਜ਼ ਅਦਾਕਾਰਾਂ ਦਾ ਪ੍ਰਵੇਸ਼ ਹੋਇਆ ਜਿਨ੍ਹਾਂ ਦੇ ਸਾਹਮਣੇ ਫ਼ਨ, ਸ਼ੁਹਰਤ ਤੇ ਬੁਲੰਦੀ ਨੂੰ ਇਕ ਵਾਰ ਨਹੀਂ ਕਈ ਵਾਰ ਝੁਕ ਕੇ ਸਲਾਮ ਕਰਨਾ ਪਿਆ। ਅਜਿਹੇ ਮਹਾਨ ਸਿਤਾਰਿਆਂ ਵਿਚ ਇਕ ਨਾਂ ਜਨਾਬ ਦਲੀਪ ਕੁਮਾਰ ਦਾ ਵੀ ਆਉਂਦਾ ਹੈ ਜਿਨ੍ਹਾਂ ਦੀਆਂ ਬੋਲਦੀਆਂ ਅੱਖਾਂ ਤੇ ਲਰਜ਼ਦੇ ਹੋਠਾਂ ਨੇ ਸੰਵਾਦ-ਅਦਾਇਗੀ ਨੂੰ ਨਵੀਂ ਦਿਸ਼ਾ ਮੁਹੱਈਆ ਕੀਤੀ। ਆਪਣੀ ਜ਼ਿੰਦਗੀ ਦੀ ਅੱਧੀ ਸਦੀ ਫ਼ਿਲਮੀ ਦੁਨੀਆਂ ਵਿਚ ਗੁਜ਼ਾਰਨ ਤੇ ਕੁੱਲ 60 ਫ਼ਿਲਮਾਂ ਵਿਚ ਨਜ਼ਰ ਆਉਣ ਵਾਲਾ ਇਹ ਅਦਾਕਾਰ ਆਪਣਾ 90ਵਾਂ ਜਨਮ-ਦਿਨ ਮਨਾਉਣ ਜਾ ਰਿਹਾ ਹੈ। ਪੰਜ ਫੁੱਟ 10 ਇੰਚ ਲੰਮੇ ਭਾਰਤੀ ਸਿਨੇਮੇ ਦੇ ਇਸ ਅਜ਼ੀਜ਼ ਅਦਾਕਾਰ ਦਾ ਜਨਮ 11 ਦਸੰਬਰ, 1922 ਨੂੰ ਪੇਸ਼ਾਵਰ (ਹੁਣ ਪਾਕਿਸਤਾਨ) ਦੇ ਮੁਸਲਿਮ ਪਰਿਵਾਰ ਵਿਚ ਫਲਾਂ ਦੇ ਸੌਦਾਗਰ ਗ਼ੁਲਾਮ ਸਰਵਰ ਖ਼ਾਨ ਤੇ ਆਇਸ਼ਾ ਬੇਗ਼ਮ ਦੇ ਘਰ ਪੰਜਵੀਂ ਸੰਤਾਨ ਦੇ ਰੂਪ ਵਿਚ ਹੋਇਆ।
ਉਨ੍ਹਾਂ ਦਾ ਅਸਲੀ ਨਾਂ ਮੁਹੰਮਦ ਯੂਸਫ਼ ਖ਼ਾਨ ਸੀ। 12 ਭੈਣ-ਭਰਾਵਾਂ ਵਿਚੋਂ ਇਕੱਲੇ ਦਲੀਪ ਕੁਮਾਰ ਨੇ ਫ਼ਿਲਮੀ ਦੁਨੀਆਂ ਵਿਚ ਪ੍ਰਵੇਸ਼ ਕੀਤਾ ਤੇ ਦਲੀਪ ਕੁਮਾਰ ਅਜਿਹੇ ਅਦਾਕਾਰ ਸਾਬਤ ਹੋਏ ਜਿਨ੍ਹਾਂ ਦੀ ਅਭਿਨੈ-ਸ਼ੈਲੀ ਹੋਰਨਾਂ ਨਾਲੋਂ ਅਲਹਿਦਾ ਸੀ, ਜਿਸ ਤੋਂ ਨਾ ਸਿਰਫ਼ ਦੇਸ਼ ਦੇ ਆਮ ਨੌਜਵਾਨ ਬਲਕਿ ਬਾਅਦ ਵਿਚ ਆਉਣ ਵਾਲੇ ਅਦਾਕਾਰਾਂ ਦੀ ਪੂਰੀ ਦੀ ਪੂਰੀ ਪੀੜ੍ਹੀ ਮੁਤਾਸਿਰ ਹੋਈ। ਰਾਜੇਸ਼ ਖੰਨਾ ਤੇ ਅਮਿਤਾਭ ਬਚਨ ਵਰਗੇ ਸੁਪਰ-ਸਟਾਰ ਵੀ ਉਨ੍ਹਾਂ ਦੇ ਪ੍ਰਭਾਵ ਤੋਂ ਆਪਣੇ-ਆਪ ਨੂੰ ਨਾ ਬਚਾ ਸਕੇ। ਦਲੀਪ ਕੁਮਾਰ ਨੇ ਵੱਖਰੇ ਕਿਰਦਾਰਾਂ ਤੇ ਸੰਵਾਦ ਅਦਾਇਗੀ ਨੂੰ ਅਪਣਾਇਆ। ਪ੍ਰਸਿੱਧ ਮਜ਼ਾਹੀਆ ਅਦਾਕਾਰ ਓਮ ਪ੍ਰਕਾਸ਼ ਨੇ ‘ਆਦਮੀ’ ਵੇਖ ਕੇ ਦਲੀਪ ਕੁਮਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਸੀ ਕਿ ਯਕੀਨ ਨਹੀਂ ਆਉਂਦਾ ਕਿ ਫ਼ਨ ਐਨੀ ਬੁਲੰਦੀ ‘ਤੇ ਵੀ ਜਾ ਸਕਦਾ ਹੈ। ਦਲੀਪ ਕੁਮਾਰ ਦੇ ਲੰਮੇਰੇ ਫ਼ਿਲਮੀ ਸਫ਼ਰ, ਸਫ਼ਲਤਾ, ਆਹਲਾ-ਅਦਾਕਾਰੀ ਤੇ ਜਾਦੂਈ ਸੰਵਾਦ-ਅਦਾਇਗ਼ੀ ਨੂੰ ਪ੍ਰਮਾਣਿਤ ਕਰਨ ਦੇ ਲਈ ਸ਼ਬਦਾਂ ਤੇ ਪੁਰਸਕਾਰਾਂ ਦੀ ਜ਼ਰੂਰਤ ਨਹੀਂ।
ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਕ ਵਾਰ ਦਿੱਲੀ ਦੇ ਰਾਮ-ਲੀਲ੍ਹਾ ਗਰਾਊਂਡ ਵਿਚ ਆਖਿਆ ਸੀ ਕਿ ਹਿੰਦੁਸਤਾਨ ਦੇ ਕੋਨੇ-ਕੋਨੇ ਵਿਚ ਸਿਰਫ਼ ਦੋ ਬੰਦਿਆਂ ਦੀ ਆਵਾਜ਼ ਨੂੰ ਬਾਰੀਕੀ ਨਾਲ ਸੁਣਿਆ ਜਾਂਦਾ ਹੈ, ‘ਇੱਕ ਮੇਰੀ ਤੇ ਦੂਜੀ ਦਲੀਪ ਸਾਹਿਬ ਦੀ।’ ਸ਼ਾਇਦ ਇਸੇ ਕਾਰਨ ਵਿਦੇਸ਼ੀ ਯਾਤਰੀ ਕਹਿੰਦੇ ਹਨ ਕਿ ਭਾਰਤ ਵਿਚ ਦੋ ਚੀਜ਼ਾਂ ਵੇਖਣ ਲਾਇਕ ਹਨ, ਇਕ ਤਾਜ-ਮਹੱਲ ਜਿਸ ਵਿਚ ਹਜ਼ਾਰਾਂ ਮੁਹੱਬਤ ਕਰਨ ਵਾਲਿਆਂ ਦੀ ਯਾਦਗਾਰ ਦਫ਼ਨ ਹੈ ਤੇ ਦੂਜੇ ਦਲੀਪ ਕੁਮਾਰ।
ਰੋਮਾਂਟਿਕ ਹੀਰੋ ਰਾਜ ਕਪੂਰ ਨੇ ਜਦੋਂ ਵੀ ਦੁਖਾਂਤਕ ਫ਼ਿਲਮਾਂ ਵਿਚ ਹੱਥ ਅਜ਼ਮਾਇਆ ਤਾਂ ਉਹ ਅਵਾਮ ਦੁਆਰਾ ਮੁਕੰਮਲ ਨਕਾਰ ਦਿੱਤੇ ਗਏ। ਉਹ ਇਸ ਲਈ ਵੀ ਕਿ ਦੁਖਾਂਤਕ ਕਿਰਦਾਰਾਂ ਵਿਚ ਦਲੀਪ ਕੁਮਾਰ ਲੋਕਾਂ ਨੂੰ ਐਨੇ ਭਾਅ ਗਏ ਸਨ ਕਿ ਉਹ ਕਿਸੇ ਦੂਜੇ ਕਲਾਕਾਰ ਨੂੰ ਸਹਿਣ ਕਰਨ ਨੂੰ ਤਿਆਰ ਨਹੀਂ ਹੁੰਦੇ ਸਨ। ਇਹ ਵੀ ਹੈਰਤ ਦੀ ਗੱਲ ਹੈ ਕਿ ਦਲੀਪ ਸਾਹਿਬ ਦੀ ਜਿਸ ਸਾਲ ਕੋਈ ਟ੍ਰੈਜਿਡੀ ਫ਼ਿਲਮ ਰਿਲੀਜ਼ ਹੁੰਦੀ ਸੀ, ਉਸ ਦੇ ਨਾਲ ਹੀ ਇਕ ਮਜ਼ਾਹੀਆ ਫ਼ਿਲਮ ਵੀ। ਮਸਲਨ ਅੰਦਾਜ਼ ਦੇ ਸਾਲ ਸ਼ਬਨਮ ਤੇ ਦਾਗ਼ ਦੇ ਨਾਲ ਉਨ੍ਹਾਂ ਦੀ ਆਨ ਤੇ ਇੱਥੋਂ ਤਕ ਕਿ ਜਿਸ ਸਾਲ ਉਨ੍ਹਾਂ ਦੀ ਫ਼ਿਲਮ ਦੇਵਦਾਸ ਨੁਮਾਇਸ਼ ਹੋਈ ਉਸੇ ਸਾਲ ਹੀ ਉਨ੍ਹਾਂ ਦੀ ਸੁਪਰਹਿੱਟ ਕਾਮੇਡੀ ਫ਼ਿਲਮ ਆਜ਼ਾਦ ਨੇ ਤਹਿਲਕਾ ਮਚਾ ਦਿੱਤਾ ਸੀ ਪਰ ਫਿਰ ਵੀ ਲੋਕ ਦਲੀਪ ਕੁਮਾਰ ਨੂੰ ‘ਟ੍ਰੈਜਿਡੀ ਕਿੰਗ’ ਹੀ ਮੰਨਦੇ ਰਹੇ। ਦਲੀਪ ਕੁਮਾਰ ਨੇ ਸਾਲ 1966 ਵਿਚ ਆਪਣੀ ਪਹਿਲੀ ਮਹਿਬੂਬਾ ਦੀ ਪਰੀਆਂ ਵਰਗੀ ਸੁਨੱਖੀ ਧੀ ਸ਼ਾਇਰਾ ਬਾਨੋ ਨਾਲ ਨਿਕਾਹ ਕਰਵਾ ਲਿਆ ਤੇ ਨਸੀਮ ਬਾਨੋ, ਦਲੀਪ ਦੀ ਸੱਸ ਬਣ ਗਈ। ਇਸ ਅਨੋਖੇ ਵਿਆਹ ਵੇਲੇ ਦਲੀਪ ਦੀ ਉਮਰ 44 ਸਾਲ ਤੇ ਸਾਇਰ ਬਾਨੋ ਦੀ ਉਮਰ ਮਹਿਜ਼ 22 ਸਾਲ ਸੀ।
Leave a Reply