ਲੋਕ ਮਨਾਂ ਦਾ ਜੱਗਾ ਡਾਕੂ

ਗੁਲਜ਼ਾਰ ਸਿੰਘ ਸੰਧੂ
ਵੀਹਵੀਂ ਸਦੀ ਦੇ ਪਹਿਲੇ ਅੱਧ ਦਾ ਲੋਕ ਨਾਇਕ ਜੱਗਾ ਡਾਕੂ ਜਿਉਣਾ ਮੌੜ ਅਤੇ ਦੁੱਲਾ ਭੱਟੀ ਵਾਂਗ ਹੀ ਹਰਮਨ ਪਿਆਰਾ ਤੇ ਪ੍ਰਸਿੱਧ ਨਹੀਂ ਹੋਇਆ, ਪਰ ਕੌਮਾਂਤਰੀ ਪ੍ਰਸਿੱਧੀ ਵਾਲੇ ਰੌਬਿਨ ਹੁੱਡ ਦਾ ਸਾਨੀ ਹੋ ਗੁਜ਼ਰਿਆ। ਅਜਿਹੇ ਨਾਇਕ ਸਭ ਧਰਮਾਂ ਦੇ ਸਾਂਝੇ ਹੁੰਦੇ ਹਨ। ਜੱਗਾ ਬੁਰਜ ਰਣਸਿੰਘ ਵਾਲਾ (ਪਾਕਿਸਤਾਨ) ਦੇ ਵਸਨੀਕ ਮੱਖਣ ਸਿੰਘ ਸਿੱਧੂ ਦਾ ਪੁੱਤ ਸੀ। ਉਸ ਨੂੰ ਮੁਸਲਮਾਨ ਵੀ ਆਪਣਾ ਮੰਨਦੇ ਹਨ, ਹਿੰਦੂ ਤੇ ਸਿੱਖ ਵੀ।

ਜੱਗਾ ਡਾਕੂ (ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਪੰਨੇ 135, ਮੁੱਲ 200 ਰੁਪਏ) ਦੇ ਲੇਖਕ ਧਰਮ ਸਿੰਘ ਗੋਰਾਇਆ ਦੀ ਖੋਜ ਅਨੁਸਾਰ ਜੱਗੇ ਦੇ ਚਾਚੇ ਦਾ ਨਾਂ ਸੁਲੱਖਣ ਸਿੰਘ ਸੀ, ਜਿਸ ਦੇ ਤਿੰਨੋ ਪੁੱਤਰ-ਕਸ਼ਮੀਰ ਸਿੰਘ, ਜੀਤ ਸਿੰਘ ਤੇ ਮਹਿੰਦਾ ਸਿੰਘ ਪਾਕਿਸਤਨ ਰਹਿ ਕੇ ਕ੍ਰਮਵਾਰ ਬਸ਼ੀਰ ਮੁਹੰਮਦ ਦੀਨ ਮੁਹੰਮਦ ਤੇ ਮੁਹੰਮਦ ਦੀਨ ਨਾਂਵਾਂ ਵਾਲੇ ਮੁਸਲਮਾਨ ਵੀ ਬਣੇ ਤੇ ਖਾੜਕੂ ਵੀ ਸਿੱਧ ਹੋਏ। ਉਨ੍ਹਾਂ ਵਿਚੋਂ ਸਭ ਤੋਂ ਛੋਟਾ ਮਹਿੰਦਰ ਸਿੰਘ, ਜੋ ਆਪਣੇ ਨਾਂ ਨਾਲ ਸੰਧੂ (ਸਿੱਧੂ ਨਹੀਂ) ਲਿਖਦਾ ਸੀ, ਓਧਰ ਮੰਨਾ ਜੱਟ ਵਜੋਂ ਵੀ ਜਾਣਿਆ ਜਾਂਦਾ ਹੈ, ਜਿਵੇਂ ਏਧਰ ਦੇ ਲੋਕ ਜਗਤ ਸਿੰਘ ਨੂੰ ਜੱਗਾ ਜੱਟ ਕਹਿੰਦੇ ਹਨ। ਲੇਖਕ ਨੇ ਜੱਗੇ ਬਾਰੇ ਬਹੁਤੀ ਜਾਣਕਾਰੀ ਮੰਨੇ ਜੱਟ ਅਤੇ ਜੱਗੇ ਦੀ ਧੀ ਗੁਲਾਬ ਕੌਰ ਉਰਫ ਗਾਬੋ ਕੋਲੋਂ ਪ੍ਰਾਪਤ ਕੀਤੀ ਹੈ। ਉਹ ਜੱਗੇ ਦੀ ਮੌਤ ਸਮੇਂ ਕੇਵਲ ਨੌਂ ਸਾਲ ਦੀ ਸੀ।
ਜੱਗੇ ਨੇ ਸਭ ਤੋਂ ਪਹਿਲਾਂ ਉਸ ਸ਼ਾਹੂਕਾਰ ਦਾ ਕਤਲ ਕੀਤਾ ਸੀ, ਜਿਸ ਨੇ ਉਸ ਦੇ ਬਾਪ ਨੂੰ ਦਿੱਤੇ ਕਰਜ਼ੇ ਬਦਲੇ ਉਸ ਦੇ ਘਰ ਦੀ ਕੁਰਕੀ ਕਰਵਾ ਕੇ ਉਸ ਦੀ ਬੇਇੱਜਤੀ ਕੀਤੀ ਸੀ। ਉਸ ਤੋਂ ਪਿਛੋਂ ਉਸ ਨੇ ਇੱਕ ਗਰੀਬ ਕੁੜੀ ਨੂੰ ਚੁੱਕ ਕੇ ਲਿਜਾਣ ਵਾਲਿਆਂ ਦਾ ਕਤਲ ਕਰਕੇ ਕੁੜੀ ਨੂੰ ਛੁਡਾਉਣ ਤੋਂ ਬਿਨਾ ਕਈ ਸ਼ਾਹੂਕਾਰ ਵੀ ਸੋਧੇ ਅਤੇ ਇੱਕ ਪੜਾਅ ਉਤੇ ਲਾਇਲਪੁਰ ਡਾਕਾ ਮਾਰ ਕੇ ਆਪਣੀ ਵਰਤੋਂ ਲਈ ਹਥਿਆਰ ਵੀ ਇਕੱਠੇ ਕੀਤੇ। ਆਪਣੇ ਕਾਰਨਾਮਿਆਂ ਕਾਰਨ ਉਹ ਲੋਕ ਮਨਾਂ ਵਿਚ ਕਿਵੇਂ ਵਸਿਆ, ਹੇਠ ਲਿਖੇ ਟੱਪਿਆਂ ਵਿਚ ਦਰਜ ਹੈ। ਉਸ ਦਾ ਮੁਰਗੇ ਦੀ ਬਾਂਗ ਨਾਲ ਜੰਮ ਕੇ ਲੌਢੇ ਵੇਲੇ ਤੱਕ ਖੇਡਣ ਲੱਗ ਜਾਣ ਤੋਂ ਲੈ ਕੇ ਬੋਹੜ ਦੀ ਛਾਂਵੇਂ ਵੱਢੇ ਜਾਣ ਤੋਂ ਪਿਛੋਂ ਨੌਂ ਮਣ ਰੇਤ ਭਿੱਜਣ ਤੱਕ,
ਜੱਗਾ ਜੰਮਿਆ ਫਜਰ ਦੀ ਬਾਂਗੇ
ਲੌਢੇ ਵੇਲੇ ਖੇਡਦਾ ਫਿਰੇ।
ਜੱਗਾ ਜੰਮਿਆ ਤੇ ਮਿਲਣ ਵਧਾਈਆਂ
ਵੱਡਾ ਹੋ ਕੇ ਡਾਕੇ ਮਾਰਦਾ।
ਜੱਗੇ ਜੱਟ ਦੇ ਕਬੂਤਰ ਚੀਨੇ
ਨਦੀਓਂ ਪਾਰ ਚੁਗਦੇ।
ਕੱਚੇ ਪੁਲਾਂ ‘ਤੇ ਲੜਾਈਆਂ ਹੋਈਆਂ
ਛਵੀਆਂ ਦੇ ਕਿੱਲੇ ਟੁੱਟ ਗਏ।
ਜੱਗੇ ਮਾਰਿਆ ਲਾਇਲਪੁਰ ਡਾਕਾ
ਤਾਰਾਂ ਖੜਕ ਗਈਆਂ।
ਜੱਗਾ ਮਾਰਿਆ ਬੋਹੜ ਦੀ ਛਾਂਵੇਂ
ਤੇ ਨੌਂ ਮਣ ਰੇਤ ਭਿੱਜ ਗਈ।
ਜੱਗੇ ਦੀ ਮਾਂ ਦੇ ਮੂੰਹੋਂ ਹੇਠ ਲਿਖਿਆ ਟੱਪਾ ਅਖਵਾਉਣਾ ਵੀ ਇਸੇ ਲੜੀ ਵਿਚ ਆਉਂਦਾ ਹੈ,
ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ
ਇਕ ਦੀ ਥਾਂ ਦੋ ਜੰਮਦੀ।
ਉਸ ਦੇ ਕੀਤੇ ਕਾਰਨਾਮਿਆਂ ਦੀਆਂ ਬਾਤਾਂ ਦਾ ਕੋਈ ਪਾਰ ਨਹੀਂ, ਇਨ੍ਹਾਂ ਨੇ ਜੱਗੇ ਦਾ ਕੱਦ ਇੰਨਾ ਉਚਾ ਕੀਤਾ ਕਿ ਉਹ ਅੱਜ ਵੀ ਲੋਕ ਮਨਾਂ ‘ਤੇ ਰਾਜ ਕਰਦਾ ਹੈ। ਇੱਥੋਂ ਤੱਕ ਕਿ ਉਸ ਦੀ ਮੌਤ ਪਿਛੋਂ ਕਿੱਲੀ ਉਤੇ ਲਟਕਦੇ ਜਾਂਘੀਏ ਨੂੰ ਵੀ ਰੇਸ਼ਮ ਦਾ ਦੱਸਿਆ ਜਾਂਦਾ ਹੈ, ਸੂਤੀ ਨਹੀਂ,
ਜੱਗੇ ਜੱਟ ਦਾ ਜਾਂਘੀਆ ਪੱਟ ਦਾ
ਕਿੱਲੀ ਉਤੇ ਟੰਗਿਆ ਗਿਆ।
ਸਿਖਰ ਦੀ ਗੱਲ ਇਹ ਕਿ ਜੱਗੇ ਨੂੰ ਧੋਖੇ ਨਾਲ ਕਤਲ ਕਰਨ ਵਾਲੇ ਨਾਈ ਨੂੰ ਲੋਕ ਮਨੁੱਖ ਦੀ ਥਾਂ ਕੁੱਤਾ ਕਹਿ ਕੇ ਚੇਤੇ ਕਰਦੇ ਹਨ,
ਜੱਗਾ ਜੰਮਿਆ ਬੋਹੜ ਦਾ ਬੂਟਾ
ਤੇ ਕੁੱਤੇ ਨਾਈ ਵੱਢ ਸੁੱਟਿਆ।
ਕੇਵਲ ਭਾਰਤ ਵਿਚ ਹੀ ਨਹੀਂ, ਇਹਦੇ ਨਾਲੋਂ ਟੁੱਟੇ ਪਾਕਿਸਤਾਨੀ ਪੰਜਾਬੀ ਵੀ ਉਸ ਦਾ ਗੁਣ ਗਾਇਨ ਹੇਠ ਲਿਖੇ ਟੱਪੇ ਨਾਲ ਕਰਦੇ ਹਨ,
ਜੱਗਾ ਜੱਟ ਨਹੀਂ ਕਿਸੇ ਨੇ ਬਣ ਜਾਣਾ
ਘਰ ਘਰ ਪੁੱਤ ਜੰਮਦੇ।
ਮੰਟੋ ਦੀ ਆਤਮਾ ਦੇ ਦੋਖੀ: ਪਾਕਿਸਤਾਨ ਦੀ ਸਰਕਾਰੀ ਮਸ਼ੀਨਰੀ ਉਰਦੂ ਅਫਸਾਨਾ ਨਿਗਾਰ ਸਆਦਤ ਹਸਨ ਮੰਟੋ ਦੀ ਰੂਹ ਨੂੰ ਵੀ ਚੈਨ ਨਹੀਂ ਲੈਣ ਦਿੰਦੀ। ਨੰਦਿਤਾ ਦਾਸ ਦੀ ਫਿਲਮ ‘ਮੰਟੋḔ ਜਾਰੀ ਕਰਨ ਉਤੇ ਪਾਬੰਦੀ ਲਾਉਣਾ ਗਮੋ ਹੀਣਾ ਨਹੀਂ ਤਾਂ ਹੋਰ ਕੀ ਹੈ? ਅਖੰਡ ਹਿੰਦੁਸਤਾਨ ਵਿਚ ਮੰਟੋ ਦੀਆਂ ਛੇ ਕਹਾਣੀਆਂ ਉਤੇ ਮੁਕੱਦਮੇ ਚੱਲੇ-ਉਸ ਦੇ 1936 ਤੋਂ 1948 ਤੱਕ ਮੁੰਬਈ ਰਹਿੰਦਿਆਂ ਤੇ 1948 ਤੋਂ ਪਿਛੋਂ ਲਾਹੌਰ ਦਾ ਵਸਨੀਕ ਹੋਣ ਤੱਕ। ਫੇਰ ਵੀ ਨਿੱਕੀ ਕਹਾਣੀ ਦੇ ਰੱਬ ਵਜੋਂ ਜਾਣਿਆ ਜਾਂਦਾ ਇਹ ਕਹਾਣੀਕਾਰ ਦੁਨੀਆਂ ਭਰ ਦੇ ਪੰਜਾਬੀ ਪਿਆਰਿਆਂ ਦੀ ਜ਼ੁਬਾਨ ਉਤੇ ਹੈ।
ਪਾਕਿਸਤਾਨ ਦੇ ਅਦੀਬਾਂ, ਫਨਕਾਰਾਂ ਤੇ ਤਹਿਜੀਬ ਦੀ ਰਾਖੀ ਨਾਲ ਜੁੜੇ ਪਾਕਿਸਤਾਨੀਆਂ ਨੇ 15 ਜਨਵਰੀ 2019 ਦੇ ਦਿਨ ਲਾਹੌਰ, ਪੇਸ਼ਾਵਰ, ਕਰਾਚੀ ਤੇ ਮੁਲਤਾਨ ਵਿਚ ਸ਼ਾਮ ਦੇ ਚਾਰ ਵਜੇ ਇਸ ਪਾਬੰਦੀ ਦਾ ਸਰਬਵਿਆਪੀ ਵਿਰੋਧ ਕਰਕੇ ਇਮਰਾਨ ਖਾਨ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲੀਆਂ ਸਰਕਾਰਾਂ ਵਾਲੇ ਰਾਹ ਨਾ ਤੁਰੇ, ਜੋ Ḕਰਾਜ਼ੀḔ, ḔਪਾਰੀḔ, Ḕਵੀਰੇ ਦੀ ਸ਼ਾਦੀḔ, ḔਮੁਲਕḔ ਆਦਿ ਅੱਧੀ ਦਰਜਨ ਫਿਲਮਾਂ ਉਤੇ ਪਾਬੰਦੀ ਲਾ ਚੁਕੀਆਂ ਹਨ। ਆਸ ਹੈ, ਇਮਰਾਨ ਖਾਨ ਦੀ ਸਰਕਾਰ ਜ਼ਰੂਰ ਗੌਰ ਕਰੇਗੀ। ਵੇਖੋ!
ਅੰਤਿਕਾ: ਮੌਲਾਨਾ ਹਾਲੀ
ਅਮਨ ਸੇ ਜ਼ਿੰਦਗੀ ਬਨਤੀ ਹੈ
ਜੱਨਤ ਭੀ ਔਰ ਜਹੱਨਮ ਭੀ,
ਯੇਹ ਖਾਕੀ ਅਪਨੀ ਫਿਤਰਤ ਸੇ
ਨਾ ਨੂਰੀ ਹੈ ਨਾ ਨਾਰੀ ਹੈ।