ਦੋ ਦੂਣੀ ਪੰਜ: ਫਿਲਮ ਬਣਾਉਣ ਵਾਲਿਆਂ ਦੇ ਕੱਚਘਰੜ ਪਹਾੜੇ

ਇਕਬਾਲ ਸਿੰਘ ਚਾਨਾ
ਵਿਸ਼ਾ ਬਹੁਤ ਚੰਗਾ ਤੇ ਹਟਵਾਂ ਹੋਵੇ, ਪਰ ਉਸ ਉਤੇ ਇੰਨੀ ਮਾੜੀ ਤੇ ਵਾਹੀਆਤ ਫਿਲਮ ਬਣੀ ਹੋਵੇ ਤਾਂ ‘ਦੋ ਦੂਣੀ ਪੰਜ’ ਤੋਂ ਵੱਡੀ ਮਿਸਾਲ ਸ਼ਾਇਦ ਹੀ ਕੋਈ ਹੋਰ ਹੋਵੇਗੀ। ਮੇਰੀ ਜਾਚੇ ਸਿੱਖਿਆ ਪ੍ਰਣਾਲੀ ਵਿਚ ਹੋ ਰਹੀ ਲੁੱਟ ਖਸੁੱਟ ਜਿਹੇ ਸੰਵੇਦਨਸ਼ੀਲ ਤੇ ਭਾਵਨਾਤਮਕ ਵਿਸ਼ੇ ਦਾ ਨਾਸ ਮਾਰਨ ਲਈ ਫਿਲਮ ਦਾ ਲੇਖਕ ਤੇ ਡਾਇਰੈਕਟਰ ਪੂਰੀ ਤਰ੍ਹਾਂ ਜਿੰਮੇਵਾਰ ਹਨ।

ਫਿਲਮ ਦਾ ਲੇਖਕ ਨਵਾਂ ਹੈ, ਨਾਂ ਹੈ ਜੀਵਾ। ਸਕ੍ਰਿਪਟ ‘ਤੇ ਕੰਮ ਵੀ ਉਸ ਦਾ ਨਵਿਆਂ ਵਰਗਾ ਹੀ ਹੈ। ਕਨਸੈਪਟ ਉਸ ਦਾ ਚੰਗਾ ਹੋ ਸਕਦਾ ਹੈ, ਪਰ ਕਹਾਣੀ ਲਾਈਨ, ਸਕ੍ਰੀਨਪਲੇ ਅਤੇ ਡਾਇਲਾਗ ਪੁਸ਼ਟੀ ਕਰਦੇ ਹਨ ਕਿ ਫਿਲਮ ਸਕ੍ਰਿਪਟ ਲਿਖਣ ਦੇ ਮਾਮਲੇ ਵਿਚ ਉਹ ਪੂਰੀ ਤਰ੍ਹਾਂ ਅਨਾੜੀ ਹੈ। ਪੰਜਾਬੀ ਸਿਨੇਮਾ ਵਿਚ ਪੈਸੇ ਲਾਉਣ ਵਾਲੇ ਬਹੁਤੇ ਲੋਕ ਵਿਸ਼ੇ ਬਾਰੇ ਮਾੜਾ ਮੋਟਾ ਸੁਣ ਕੇ ਹੀ ਸਮਝ ਬੈਠਦੇ ਹਨ ਕਿ ਇਹੀ ਬੰਦਾ ਫਿਲਮ ਕਹਾਣੀ ਲਿਖਣ ਬਾਰੇ ਨਿਪੁੰਨ ਹੈ, ਤੇ ਅੰਤ ਨਤੀਜਾ ਉਹੀ ਨਿਕਲਦਾ ਹੈ ਜੋ ‘ਦੋ ਦੂਣੀ ਪੰਜ’ ਜਿਹੀ ਕੱਚਘਰੜ ਫਿਲਮ ਨੇ ਵਿਖਾਇਆ ਹੈ।
ਬਾਲੀਵੁੱਡ ਵਿਚ ਅਸੀਂ ਅਕਸਰ ਵੇਖਿਆ ਹੈ ਕਿ ਵੱਡੇ ਤੋਂ ਵੱਡੇ ਫਿਲਮ ਲੇਖਕ ਵੀ ਆਪਣੇ ਸਕ੍ਰਿਪਟ ਵਰਕ ਲਈ ਇਕ ਟੀਮ ਰੱਖਦੇ ਸਨ। ਬਾਲੀਵੁੱਡ ਲਈ ਕਈ ਲੇਖਕ ਸਕ੍ਰੀਨਪਲੇ ਵਿਚ ਮਾਸਟਰੀ ਰੱਖਦੇ ਸਨ ਜਿਵੇਂ ਵਿਜੈ ਆਨੰਦ, ਸਤੀਸ਼ ਭਟਨਾਗਰ ਤੇ ਸਲੀਮ ਵਗੈਰਾ ਅਤੇ ਕਈ ਡਾਇਲਾਗ ਲਿਖਣ ਵਿਚ ਕਮਾਲ ਵਿਖਾਉਂਦੇ ਸਨ ਜਿਵੇਂ ਸਾਗਰ ਸਰਹੱਦੀ, ਰਾਹੀ ਮਾਸੂਮ ਰਜ਼ਾ, ਜਾਵੇਦ ਅਖਤਰ ਤੇ ਕਾਦਿਰ ਖਾਨ ਵਗੈਰਾ। ਅੱਜ ਵੀ ਤੁਸੀਂ ਟੀ. ਵੀ. ‘ਤੇ ਕਿਸੇ ਪੁਰਾਣੀ ਵਧੀਆ ਫਿਲਮ ਦੇ ਸਕ੍ਰਿਪਟ ਦੇ ਟਾਈਟਲ ਵੇਖੋਗੇ ਤਾਂ ਸਕ੍ਰੀਨਪਲੇ ਅਤੇ ਡਾਇਲਾਗ ਲਈ ਅਲੱਗ ਅਲੱਗ ਲੇਖਕਾਂ ਦੇ ਨਾਂ ਮਿਲਣਗੇ।
ਪੰਜਾਬੀ ਫਿਲਮ ਖੇਤਰ ਵਿਚ ਹਰ ਲੇਖਕ ‘ਇਕੱਲਾ’ ਹੀ ਆਪਣੇ ਆਪ ਨੂੰ ਸਲੀਮ ਜਾਵੇਦ ਦੇ ਬਰਾਬਰ ਹੀ ਨਹੀਂ, ਉਨ੍ਹਾਂ ਤੋਂ ਉਤੇ ਸਮਝਣ ਲੱਗ ਪੈਂਦਾ ਹੈ। ਕੁਝ ਸਾਲਾਂ ਤੋਂ 90 ਫੀਸਦੀ ਪੰਜਾਬੀ ਫਿਲਮਾਂ ਦੀ ਤ੍ਰਾਸਦੀ ਇਹੀ ਹੈ ਕਿ ਉਨ੍ਹਾਂ ਦੇ ਸਕ੍ਰਿਪਟ ਉਤੇ ਬਿਲਕੁਲ ਮਿਹਨਤ ਨਹੀਂ ਕੀਤੀ ਜਾਂਦੀ। ਇਸ ਵਾਸਤੇ ਫਿਲਮ ਦਾ ਡਾਇਰੈਕਟਰ ਵੀ ਓਨਾ ਹੀ ਜਿੰਮੇਵਾਰ ਹੁੰਦਾ ਹੈ।
ਫਿਲਮ ‘ਦੋ ਦੂਣੀ ਪੰਜ’ ਦਾ ਡਾਇਰੈਕਟਰ ਹੈਰੀ ਭੱਟੀ ਹੈ। 2017 ਦੀ ਲੀਕ ਤੋਂ ਹੱਟ ਕੇ ਬਣੀ ਹਿੱਟ ਫਿਲਮ ‘ਰੱਬ ਦਾ ਰੇਡੀਓ’ ਦਾ ਉਹ ਕੋ-ਡਾਇਰੈਕਟਰ ਸੀ। ਉਸ ਪਿਛੋਂ ‘ਸਰਦਾਰ ਮੁਹੰਮਦ’, ‘ਆਟੇ ਦੀ ਚਿੜੀ’ ਅਤੇ ਹੁਣ ‘ਦੋ ਦੂਣੀ ਪੰਜ’ ਬਣਾ ਕੇ ਉਸ ਨੇ ਫਲਾਪ ਫਿਲਮਾਂ ਦੀ ਹੈਟ-ਟ੍ਰਿਕ ਮਾਰ ਲਈ ਹੈ। ਇਸ ਤੋਂ ਪਹਿਲਾਂ ਉਹ ਕਈ ਪੰਜਾਬੀ ਡਾਇਰੈਕਟਰਾਂ ਦਾ ਅਸਿਸਟੈਂਟ ਰਹਿ ਚੁਕਾ ਸੀ। ‘ਰੱਬ ਦਾ ਰੇਡੀਓ’ ਬਲਾਕ-ਬਸਟਰ ਸੀ, ਪਰ ਬਾਅਦ ਵਿਚ ਹਟਵੇਂ ਵਿਸ਼ਿਆਂ ‘ਤੇ ਪੰਜਾਬੀ ਫਿਲਮਾਂ ਬਣਾਉਣ ਲਈ ਯਤਨਸ਼ੀਲ ਹੀਰੋ ਤਰਸੇਮ ਜੱਸੜ ਦੀ ਅਗਲੀ ਫਿਲਮ ‘ਸਰਦਾਰ ਮੁਹੰਮਦ’ ਹਾਲਾਂਕਿ ਅਲੱਗ ਵਿਸ਼ੇ ‘ਤੇ ਬਣੀ ਸੀ ਪਰ ਮਾੜੇ ਨਿਰਦੇਸ਼ਨ ਤੇ ਸਕ੍ਰਿਪਟ ਕਾਰਨ ਬਾਕਸ-ਆਫਿਸ ‘ਤੇ ਮੂਧੇ ਮੂੰਹ ਡਿੱਗੀ।
2018 ਵਿਚ ਆਈ ‘ਆਟੇ ਦੀ ਚਿੜੀ’ ਅਤੇ ਹੁਣ ਆਈ ‘ਦੋ ਦੂਣੀ ਪੰਜ’ ਜਿੱਥੇ ਡਾਇਰੈਕਟਰ ਦੀਆਂ ਫਲਾਪ ਫਿਲਮਾਂ ਦੀ ਹੈਟ-ਟ੍ਰਿਕ ਬਣਾਉਣ ਵਿਚ ਸਫਲ ਹੋਈਆਂ, ਉਥੇ ਇਹ ਵੀ ਸਾਬਤ ਹੋ ਗਿਆ ਕਿ ਵਿਸ਼ਾ ਭਾਵੇਂ ਕਿੰਨਾ ਵੀ ਵਧੀਆ ਤੇ ਹਟਵਾਂ ਹੋਵੇ, ਉਸ ਨੂੰ ਸੰਭਾਲਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਦੂਜੇ ਪਾਸੇ ‘ਰੱਬ ਦਾ ਰੇਡੀਓ’ ਦੇ ਦੂਜੇ ਡਾਇਰੈਕਟਰ ਤਰਨਵੀਰ ਜਗਪਾਲ ਦੀ ਫਿਲਮ ‘ਦਾਣਾ ਪਾਣੀ’ ਆਈ, ਜਿਸ ਬਾਰੇ ਮੈਂ ਲਿਖਿਆ ਸੀ ਕਿ ਸ਼ਾਇਦ ਫਿਲਮ ਦਾ ਡਾਇਰੈਕਟਰ ਫਿਲਮ ਦੇ ਵੱਡੇ ਕਨਸੈਪਟ ਅਤੇ ਲੇਖਕ ਦੇ ਦਬਾਅ ਹੇਠ ਆ ਗਿਆ ਹੈ। ਪਰ ਮੈਂ ਉਸ ਦੀ ਡਾਇਰੈਕਸ਼ਨ ਦੇ ਵਿਜ਼ਨ ਦੀ ਨਿੰਦਿਆ ਕਤੱਈ ਨਹੀਂ ਸੀ ਕੀਤੀ। ਹੁਣ ‘ਰੱਬ ਦਾ ਰੇਡੀਓ-2’ ਦੀ ਡਾਇਰੈਕਸ਼ਨ ਕਮਾਂਡ ਤਰਨਵੀਰ ਜਗਪਾਲ ਨੂੰ ਸੌਂਪਣਾ ਇਹ ਸਾਬਿਤ ਕਰਦਾ ਹੈ ਕਿ ਉਸ ਫਿਲਮ ਦਾ ‘ਅਸਲ ਡਾਇਰੈਕਟਰ’ ਇਹ ਨਵਾਂ ਨੌਜਵਾਨ ਹੀ ਸੀ।
‘ਦੋ ਦੂਣੀ ਪੰਜ’ ਵਿਚ ਪੀਐਚ. ਡੀ. ਕਰ ਚੁਕਾ ਇਕ ਬੇਰੋਜ਼ਗਾਰ ਨੌਜਵਾਨ ਸਕੂਲ ਪ੍ਰਬੰਧਕਾਂ ਕੋਲੋਂ ਆਪਣੇ ਬਾਰਾਂ ਵਰ੍ਹਿਆਂ ਦੀ ਫੀਸ ਵਸੂਲਣ ਲਈ ਕੋਰਟ ਦਾ ਦਰਵਾਜਾ ਖੜਕਾਉਂਦਾ ਹੈ। ਇਸ ਤੋਂ ਬਾਅਦ ਜੋ ਕੁਝ ਵਿਖਾਇਆ ਜਾਂਦਾ ਹੈ, ਫਿਲਮ ਦੇ ਲੇਖਕ ਤੇ ਡਾਇਰੈਕਟਰ ਦੀ ਸੋਚ ‘ਤੇ ਤਰਸ ਆਉਂਦਾ ਹੈ। ਜਿਸ ਤਰ੍ਹਾਂ ਦਾ ਸਕੂਲ, ਜਿਸ ਤਰ੍ਹਾਂ ਦੀ ਕੋਰਟ, ਜਿਸ ਤਰ੍ਹਾਂ ਦੇ ਅਧਿਆਪਕ, ਜਿਸ ਤਰ੍ਹਾਂ ਦੇ ਜੱਜ-ਵਕੀਲ ਵਿਖਾਏ ਗਏ ਹਨ-ਇਹ ਸਿੱਧੇ ਤੌਰ ‘ਤੇ ਵਿੱਦਿਆ ਪ੍ਰਣਾਲੀ ਅਤੇ ਜੁਡੀਸ਼ਰੀ ਦਾ ਮਜ਼ਾਕ ਉਡਾਉਣ ਤੇ ਬੇਅਦਬੀ ਕਰਨ ਤੋਂ ਬਿਨਾ ਕੁਝ ਵੀ ਨਹੀਂ ਹੈ।
ਕਲਾਕਾਰਾਂ ਦੀ ਗੱਲ ਕਰੀਏ ਤਾਂ ਹੀਰੋ ਅੰਮ੍ਰਿਤ ਮਾਨ ਨੇ ਇਕ ਵੇਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਸਿੰਗਰ ਹੋਣਾ ਐਕਟਰ ਹੋਣ ਦਾ ਸਰਟੀਫਿਕੇਟ ਨਹੀਂ ਹੈ। ਹੀਰੋਇਨ ਇਸ਼ਿਤਾ ਰਿਖੀ ਦੇ ਕਰਨ ਲਈ ਕੁਝ ਸੀ ਹੀ ਨਹੀਂ। ਨਿਰਮਲ ਰਿਸ਼ੀ, ਕਰਮਜੀਤ ਅਨਮੋਲ ਅਤੇ ਮਲਕੀਤ ਰੌਣੀ ਸਾਧਾਰਨ ਹਨ। ਲਗਦਾ ਹੈ ਕਿ ‘ਫਿੱਲਰ’ ਵਾਂਗ ਵਰਤੇ ਗਏ ਹਨ। ਰਾਣਾ ਰਣਬੀਰ ਦਾ ਕਿਰਦਾਰ ਵੇਖ ਕੇ ਹੈਰਾਨੀ ਹੋਈ। ‘ਬਣਜਾਰਾ’ ਤੋਂ ਬਾਅਦ ਇਸ ਫਿਲਮ ਵਿਚ ਵੀ ਉਸ ਦਾ ਰੋਲ ਫਾਲਤੂ ਜਿਹਾ ਹੀ ਹੈ। ਪਤਾ ਨਹੀਂ ਏਨਾ ਵੱਡਾ ਫਿਲਮ ਲੇਖਕ ਤੇ ਐਕਟਰ ਹੋਣ ਦੇ ਬਾਵਜੂਦ ਉਹ ਇਹੋ ਜਿਹੇ ਫਾਲਤੂ ਰੋਲ ਕਿਉਂ ਕਰ ਰਿਹਾ ਹੈ? ਇੱਕ ਜੱਜ ਦੇ ਰੋਲ ਵਿਚ ਫੁਕਰਿਆਂ ਵਰਗੀ ਡਰੈਸ ਪਹਿਨ ਕੇ ਤੇ ਮੇਜ ‘ਤੇ ਚੜ੍ਹ ਬੈਠ ਕੇ ਉਹ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਇਹ ਤਾਂ ਓਹੀ ਜਾਣੇ।
ਗੁਰਿੰਦਰ ਮਕਨਾ ਪ੍ਰਭਾਵਤ ਕਰਦਾ ਹੈ। ਰੁਪਿੰਦਰ ਰੂਪੀ, ਹਾਰਬੀ ਸੰਘਾ ਤੇ ਸਰਦਾਰ ਸੋਹੀ ਓਵਰ ਐਕਟਿੰਗ ਦਾ ਸ਼ਿਕਾਰ ਹਨ। ਸਰਦਾਰ ਸੋਹੀ ਦਾ ਜ਼ਿਕਰ ਵੀ ਮੈਂ ਖਾਸ ਤੌਰ ‘ਤੇ ਕਰਨਾ ਚਾਹਾਂਗਾ। ਮੇਰਾ ਬੜਾ ਕਰੀਬੀ ਮਿੱਤਰ ਰਿਹਾ ਹੈ, ਜਿੰਨੇ ਸਾਲ ਮੁੰਬਈ ਵਿਚ ਰਿਹਾ। ਬਿਨਾ ਸ਼ੱਕ ਬਹੁਤ ਵਧੀਆ ਐਕਟਰ ਹੈ, ਓਮ ਪੁਰੀ ਦੇ ਲੈਵਲ ਦਾ। ਓਮ ਪੁਰੀ ਵਾਂਗ ਹੀ ਹਰਪਾਲ ਟਿਵਾਣਾ ਦਾ ਸਟੂਡੈਂਟ ਰਿਹਾ ਹੈ। ਮੁੰਬਈ ਦੀਆਂ ਹਿੰਦੀ ਫਿਲਮਾਂ ਵਿਚ ਉਸ ਨੂੰ ਕੋਈ ਖਾਸ ਸਫਲਤਾ ਹਾਸਿਲ ਨਹੀਂ ਹੋ ਸਕੀ, ਸ਼ਾਇਦ ਇਸ ਨੂੰ ਕਿਸਮਤ ਨਾਲ ਵੀ ਜੋੜਿਆ ਜਾ ਸਕਦਾ ਹੈ, ਪਰ ਪੰਜਾਬੀ ਫਿਲਮਾਂ ਵਿਚ ਉਸ ਨੇ ਬੜੇ ਵਧੀਆ ਕਿਰਦਾਰ ਨਿਭਾਏ। ਪਿਛਲੇ ਬਾਰਾਂ ਪੰਦਰਾਂ ਵਰ੍ਹਿਆਂ ਤੋਂ ਪੰਜਾਬੀ ਸਿਨੇਮਾ ਵਿਚ ਆਏ ਸਫਲਤਾ ਦੇ ਤੁਫਾਨ ਨੇ ਉਸ ਨੂੰ ਬਹੁਤ ਬਿਜ਼ੀ ਕਰ ਦਿੱਤਾ, ਪਰ ਉਸ ਬਾਰੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਉਸ ਨੇ ਵੀ ਸ਼ਾਇਦ ਰੋਲ ਚੁਣਨ ਬਾਰੇ ਫੈਸਲਾ ਤਾਕ ‘ਤੇ ਰੱਖ ਕੇ ਪੈਸੇ ਬਣਾਉਣ ਲਈ ਜਾਂਦੀ ਵਾਰ ਦਾ ਮੇਲਾ ਲੁੱਟਣ ਦਾ ਮਨ ਬਣਾਇਆ ਹੋਇਆ ਹੈ। ‘ਮੇਲਾ’, ‘ਬਾਗੀ’ ਅਤੇ ‘ਅਰਦਾਸ’ ਜਿਹੀਆਂ ਫਿਲਮਾਂ ਵਾਲਾ ਸੋਹੀ ਪੈਸੇ ਦੀ ਦੌੜ ਵਿਚ ਆਪਣੀ ਐਕਟਿੰਗ ਕਲਾ ਦਿਖਾਉਣ ਦੀ ਥਾਂ ਵੇਚਣ ‘ਤੇ ਤੁਲਿਆ ਹੋਇਆ ਹੈ। ਫਿਲਮ ਰਿਲੀਜ਼ ਹੋਣ ‘ਤੇ ਹਰ ਕਲਾਕਾਰ ਫਿਲਮ ਦੀ ਪ੍ਰੋਮੋਸ਼ਨ ਵਿਚ ਹਿੱਸਾ ਲੈਂਦਾ ਹੈ, ਪਰ ਹਰ ਫਿਲਮ ਜਿਸ ਵਿਚ ਉਹ ਕੰਮ ਕਰਦਾ ਹੋਵੇ, ਦੇ ਸ਼ੁਰੂ ਹੋਣ ਤੋਂ ਹੀ ਉਸ ਬਾਰੇ ਕੱਛਾਂ ਵਜਾਈ ਜਾਣੀਆਂ ਇਕ ਵਧੀਆ ਐਕਟਰ ਨੂੰ ਸ਼ੋਭਾ ਨਹੀਂ ਦਿੰਦਾ। ਇਸ ਦੀ ਥਾਂ ਸੋਹੀ ਨੂੰ ਆਪਣੇ ਰੋਲ ਦੀ ਚੋਣ ਵੱਲ ਧਿਆਨ ਦੇਣ ਦੀ ਲੋੜ ਹੈ। ਆਮਿਰ ਖਾਨ ਨੇ ‘ਠੱਗਜ਼ ਆਫ ਹਿੰਦੁਸਤਾਨ’ ਜਿਹੀ ਘਟੀਆ ਫਿਲਮ ਦੇਣ ਲਈ ਆਪਣੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਤੋਂ ਖੁੱਲ੍ਹੇ ਤੌਰ ‘ਤੇ ਮੁਆਫੀ ਮੰਗੀ ਹੈ।
ਮੇਰੀ ਇਹ ਸਮੀਖਿਆ ਵਿਸ਼ੇ ਤੋਂ ਏਧਰ ਓਧਰ ਆਊਟ-ਟਰੈਕ ਹੋ ਗਈ ਹੈ, ਕਿਉਂਕਿ ਪੰਜਾਬੀ ਸਿਨੇਮਾ ਨੂੰ ਪ੍ਰਦੂਸ਼ਿਤ ਕਰਨ ਵਾਲਾ ਰਾਇਤਾ ਤੇਜ਼ੀ ਨਾਲ ਫੈਲ ਰਿਹਾ ਹੈ, ਇਹ ਮਹਿਸੂਸ ਕਰ ਕੇ ਦੁੱਖ ਹੁੰਦਾ ਹੈ। ਗੁਸਤਾਖੀ ਮੁਆਫ!