ਮਨੁੱਖਤਾ ਦਾ ਪੁਜਾਰੀ ਮ੍ਰਿਣਾਲ ਸੇਨ

ਮ੍ਰਿਣਾਲ ਸੇਨ ਬੰਗਾਲੀ ਸਿਨਮੇ ਦੀ ਉਸ ਮੰਨੀ-ਪ੍ਰਮੰਨੀ ਤਿੱਕੜੀ ਦਾ ਹਿੱਸਾ ਸਨ, ਜਿਸ ਵਿਚ ਉਨ੍ਹਾਂ ਦੇ ਦੋ ਸਮਕਾਲੀ ਕੱਦਾਵਰ ਫਿਲਮਸਾਜ਼ ਸੱਤਿਆਜੀਤ ਰੇਅ ਤੇ ਰਿਤਵਿਕ ਘਟਕ ਵੀ ਸ਼ਾਮਲ ਸਨ। ਮ੍ਰਿਣਾਲ ਸੇਨ ਬੀਤੀ 30 ਦਸੰਬਰ ਨੂੰ 95 ਸਾਲ ਦੀ ਉਮਰ ਭੋਗ ਕੇ ਆਪਣੇ ਘਰ, ਕੋਲਕਾਤਾ ਵਿਖੇ ਚਲਾਣਾ ਕਰ ਗਏ।

ਮ੍ਰਿਣਾਲ ਸੇਨ ਨੇ ਕਰੀਬ ਡੇਢ ਦਹਾਕਾ ਪਹਿਲਾਂ ਆਪਣੀ ਆਖਰੀ ਫਿਲਮ ‘ਆਮਾਰ ਭੂਬੋਨ’ (ਇਹ ਮੇਰੀ ਜਮੀਨ) ਬਣਾਈ ਸੀ। ਇਸ ਵਿਦਰੋਹੀ ਕਿਸਮ ਦੇ ਲੇਖਕ-ਨਿਰਦੇਸ਼ਕ ਦੀ ਸਮੁੱਚੀ ਫਿਲਮਕਾਰੀ (ਸੱਤ ਫੀਚਰ ਫਿਲਮਾਂ, ਪੰਜ ਦਸਤਾਵੇਜ਼ੀ ਤੇ 14 ਨਿੱਕੀਆਂ ਫਿਲਮਾਂ) ਹਾਲੇ ਵੀ ਨਵੇਂ ਫਿਲਮਕਾਰਾਂ ਨੂੰ ਪ੍ਰੇਰਿਤ ਕਰਦੀ ਹੈ, ਖਾਸ ਕਰ ਉਹ, ਜੋ ਸਮਝਦੇ ਹਨ ਕਿ ਸਿਨੇਮਾ ਮਹਿਜ ਮਨਪ੍ਰਚਾਵੇ ਦਾ ਹੀ ਸਾਧਨ ਨਹੀਂ, ਸਗੋਂ ਇਸ ਤੋਂ ਵਧ ਕੇ ਹੈ।
ਕੌਮੀ ਐਵਾਰਡ ਜੇਤੂ ਫਿਲਮਸਾਜ਼ ਸ਼ੇਖਰ ਕਪੂਰ, ਜੋ ਸੇਨ ਤੋਂ ਬਾਅਦ ਵਾਲੀ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹਨ, ਦਾ ਕਹਿਣਾ ਸੀ, “ਉਨ੍ਹਾਂ (ਸੇਨ) ਦਾ ਸਭ ਤੋਂ ਵਧੀਆ ਪੱਖ ਹੈ, ਉਨ੍ਹਾਂ ਦੀ ਨਿਮਰਤਾ, ਜਿਸ ਵਿਚੋਂ ਉਦਾਰਤਾ ਝਲਕਦੀ ਹੈ।” ਉਹ ਨਾਲ ਹੀ ਆਖਦੇ ਹਨ, “ਮ੍ਰਿਣਾਲਦਾ (ਮ੍ਰਿਣਾਲ ਦਾਦਾ) ਹਮੇਸ਼ਾ ਆਪਣੇ ਜੂਨੀਅਰਾਂ ਦੀ ਗੱਲ ਸੁਣਨ ਅਤੇ ਉਨ੍ਹਾਂ ਨੂੰ ਸਹੀ ਰਾਹੇ ਪਾਉਣ ਲਈ ਤਿਆਰ ਰਹਿੰਦੇ ਸਨ।”
ਸਿਆਸੀ ਤੌਰ ‘ਤੇ ਪੂਰੇ ਚੇਤੰਨ ਅਤੇ ਹਮੇਸ਼ਾ ਸਮੇਂ ਦੇ ਹਾਣੀ ਰਹੇ ਸੇਨ ਨੇ ਸਥਾਪਤੀ ਦੀਆਂ ਬੁਰਾਈਆਂ ਨੂੰ ਫੜਿਆ ਅਤੇ ਉਨ੍ਹਾਂ ਢਾਂਚਿਆਂ ‘ਤੇ ਸਵਾਲ ਖੜ੍ਹੇ ਕੀਤੇ, ਜੋ ਤਬਦੀਲੀ ਦੇ ਰਾਹ ਵਿਚ ਰੁਕਾਵਟ ਬਣਦੇ ਸਨ। ਉਹ ਬੜੇ ਸੰਸਕਾਰੀ ਬਾਗੀ ਸਨ। ਉਹ ਉਦੋਂ ਕਦੇ ਵੀ ਆਪਣੀ ਸਿਨੇਮਾਈ ਆਵਾਜ਼ ਬੁਲੰਦ ਕਰਨ ਤੋਂ ਪਿੱਛੇ ਨਾ ਰਹੇ, ਜਦੋਂ ਵੀ ਉਨ੍ਹਾਂ ਇਸ ਦੀ ਲੋੜ ਮਹਿਸੂਸ ਕੀਤੀ।
ਆਪਣੀ ਚੜ੍ਹਤ ਦੇ ਦਿਨੀਂ ਸੇਨ ਇਕੋ ਵੇਲੇ ਬੁੱਤਸ਼ਿਕਨ ਵੀ ਸਨ ਤੇ ਮਨੁੱਖਤਾਵਾਦੀ ਵੀ। ਉਹ ਨਾਲ ਹੀ ਭਾਰਤ ਦੇ ਇਕ ਤਰ੍ਹਾਂ ਸਭ ਤੋਂ ਵੱਡੇ ਸਿਆਸੀ ਫਿਲਮਸਾਜ਼ ਸਨ। ਉਹ ਅਕਸਰ ਹੀ ਥੁੜ੍ਹਾਂ ਦੇ ਮਾਰੇ ਤੇ ਅਸੰਤੁਸ਼ਟ ਨੌਜਵਾਨਾਂ ਅਤੇ ਸ਼ਹਿਰੀ ਮੱਧਵਰਗ ਦੀਆਂ ਸਦਾਚਾਰਕ ਤੇ ਨੈਤਿਕ ਦੁਚਿਤੀਆਂ ‘ਤੇ ਆਧਾਰਤ ਸੰਵੇਦਨਸ਼ੀਲ ਵਿਸ਼ਿਆਂ ਨੂੰ ਲੈ ਕੇ ਫਿਲਮਾਂ ਬਣਾਉਂਦੇ। ਉਨ੍ਹਾਂ ਦਾ ਸਿਨੇਮਾ ਰੋਹ ਤੇ ਉਕਸਾਹਟ ਦਾ ਸਿਨੇਮਾ ਸੀ। ਉਨ੍ਹਾਂ ਦੀਆਂ ਬਹੁਤੀਆਂ ਫਿਲਮਾਂ ਕੁਝ ਕਰ ਗੁਜ਼ਰਨ ਦਾ ਸੱਦਾ ਦਿੰਦੀਆਂ ਹਨ। ਉਨ੍ਹਾਂ ਵਲੋਂ ਵੱਡੇ ਪਰਦੇ ਉਤੇ ਪੇਸ਼ ਬਹੁਤੀਆਂ ਕਹਾਣੀਆਂ ਨਿਤਾਣਿਆਂ ਤੇ ਮਜ਼ਲੂਮਾਂ ਪ੍ਰਤੀ ਡੂੰਘੀ ਹਮਦਰਦੀ ਜਗਾਉਂਦੀਆਂ ਹਨ।
ਜਿਸ ਚੀਜ਼ ਨੇ ਉਨ੍ਹਾਂ ਦੇ ਸਿਨੇਮਾ ਨੂੰ ਆਮ ਦੇ ਮੁਕਾਬਲੇ ਕਈ ਦਰਜੇ ਉਚਾ ਉਠਾਇਆ, ਉਹ ਸੀ ਆਪਣੇ-ਆਪ ਹੀ ਸਭ ਕੁਝ ਜਾਣਦੇ ਤੇ ਸਾਰੇ ਹੱਲ ਦੱਸਣ ਵਾਲੇ ਦਾ ਰੂਪ ਧਾਰਨ ਤੋਂ ਬਿਨਾ ਇਕ ਇਤਿਹਾਸਕਾਰ ਤੇ ਸਮੀਖਿਅਕਾਰ ਬਣ ਸਕਣ ਦੀ ਉਨ੍ਹਾਂ ਦੀ ਸਮਰੱਥਾ। ਉਨ੍ਹਾਂ ਦੀਆਂ ਆਪਣੇ ਸਭਿਆਚਾਰ ਵਿਚ ਬੜੀਆਂ ਡੂੰਘੀਆਂ ਜੜ੍ਹਾਂ ਸਨ। ਉਹ ਆਪਣੇ ਸ਼ਹਿਰ ਦੇ ਸੁਚੇਤ ਨਿਗਰਾਨ ਅਤੇ ਨਾਲ ਹੀ ਬੜੇ ਮਿਲਣਸਾਰ ਸਨ। ਉਹ ਕਦੇ ਵੀ ਮੱਧਵਰਗ ਦੀ ਆਲੋਚਨਾ ਕਰਨ ਪੱਖੋਂ ਸਮਝੌਤਾ ਨਹੀਂ ਸਨ ਕਰਦੇ।
ਸੇਨ ਦੀਆਂ ਸ਼ੁਰੂਆਤੀ ਫਿਲਮਾਂ ਵਿਚੋਂ ਇਕ ਸੀ ‘ਨੀਲ ਅਕਸ਼ਰ ਨੀਚੇ’ (ਨੀਲੇ ਅੰਬਰ ਦੇ ਥੱਲੇ) ਜੋ ਹਿੰਦੀ ਲੇਖਿਕਾ ਮਹਾਦੇਵੀ ਵਰਮਾ ਦੀ ਕਹਾਣੀ ਉਤੇ ਆਧਾਰਤ ਸੀ। ਇਸ ਨੇ ਉਨ੍ਹਾਂ ਦੀ ਕੌਮਾਂਤਰੀਵਾਦ ਮੁਖੀ ਸੋਚ, ਪੀੜਤਾਂ ਪ੍ਰਤੀ ਹਮਦਰਦੀ ਅਤੇ ਸਿਆਸੀ ਝੁਕਾਅ ਨੂੰ ਜੱਗ ਜਾਹਰ ਕੀਤਾ। ਇਹ ਫਿਲਮ ਇਕ ਫੇਰੀ ਵਾਲੇ ਚੀਨੀ ਰੇਸ਼ਮਫਰੋਸ਼ ਦੀ ਕਹਾਣੀ ਉਤੇ ਆਧਾਰਤ ਹੈ, ਜੋ ਕੋਲਕਾਤਾ ਦੀਆਂ ਸੜਕਾਂ-ਗਲੀਆਂ ‘ਚ ਆਪਣਾ ਸਾਮਾਨ ਵੇਚਦਾ ਹੈ। ਇਸ ਦੌਰਾਨ ਬੰਗਾਲੀ ਲੋਕਾਂ ਨਾਲ ਉਸ ਦੀ ਸਾਂਝ ਵਧਦੀ ਜਾਂਦੀ ਹੈ। ਇਹ ਫਿਲਮ 1930ਵਿਆਂ ਦੇ ਸਮੇਂ ਨਾਲ ਸਬੰਧਤ ਹੈ, ਜਦੋਂ ਭਾਰਤ ਵਿਚ ਬਰਤਾਨਵੀ ਸਾਮਰਾਜ ਆਪਣੇ ਆਖਰੀ ਦੌਰ ਵਿਚ ਸੀ ਅਤੇ ਦੂਜੇ ਪਾਸੇ ਸਾਮਰਾਜਵਾਦੀ ਜਾਪਾਨ ਵੱਲੋਂ ਚੀਨ ਉਤੇ ਹਮਲੇ ਕੀਤੇ ਜਾ ਰਹੇ ਸਨ। ਫਿਲਮ ਵਿਚ ਖੁੱਲ੍ਹ ਕੇ ਸਿਆਸੀ ਟਿੱਪਣੀਆਂ ਕੀਤੀਆਂ ਗਈਆਂ ਸਨ। ਆਜ਼ਾਦ ਭਾਰਤ ਵਿਚ ਇਹ ਪਹਿਲੀ ਫਿਲਮ ਸੀ ਜਿਸ ‘ਤੇ ਪਾਬੰਦੀ ਲਾਈ ਗਈ।
ਆਪਣੇ ਸਿਨੇਮਾਈ ਸ਼ਾਹਕਾਰਾਂ ਵਿਚਲੇ ਬਹੁਤੇ ਕਿਰਦਾਰਾਂ ਵਾਂਗ, ਸੇਨ ਖੁਦ ਵੀ ਲੋਕਾਂ ਨੂੰ ਕੁਝ ਕਰ ਗੁਜ਼ਰਨ ਲਈ ਉਕਸਾਉਣ ਵਾਲੇ ਸਨ ਜੋ ਬੰਗਾਲੀ ਅਤੇ ਫਿਰ ਅਗਾਂਹ ਭਾਰਤੀ ਸਮਾਜ ਵਿਚਲੀ ਵਿਆਪਕ ਨਾਬਰਾਬਰੀ ਤੇ ਬੇਇਨਸਾਫੀਆਂ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕਰਦੇ। ਉਹ ਉਚ ਸਮਾਜਕ ਜਮਾਤ, ਜਿਸ ਨਾਲ ਉਹ ਖੁਦ ਸਬੰਧਤ ਸਨ, ਸਭ ਤੋਂ ਵੱਧ ਉਨ੍ਹਾਂ ਦੇ ਨਿਸ਼ਾਨੇ ਉਤੇ ਰਹਿੰਦੀ। ਅਜਿਹਾ ਖਾਸਕਰ ਉਨ੍ਹਾਂ ਦੀਆਂ ਫਿਲਮਾਂ ‘ਖਾਰਿਜ’ (ਕੇਸ ਰੱਦ, 1982) ਤੇ ‘ਏਕ ਦਿਨ ਪ੍ਰਤੀਦਿਨ’ (ਇਕ ਦਿਨ ਰੋਜ਼ਾਨਾ, 1979) ਤੋਂ ਜਾਹਰ ਹੁੰਦਾ ਹੈ। ‘ਖਾਰਿਜ’ ਅਜਿਹੀ ਕਹਾਣੀ ਹੈ, ਜਿਸ ਵਿਚ ਗਰੀਬ ਨੌਕਰ ਦੇ ਬੱਚੇ ਦੀ ਦਮ ਘੁਟਣ ਨਾਲ ਹੋਈ ਮੌਤ ਇਕ ਅਮੀਰ ਪਰ ਰੂੜ੍ਹੀਵਾਦੀ ਪਰਿਵਾਰ ਨੂੰ ਅਸ਼ਾਂਤ ਕਰ ਦਿੰਦੀ ਹੈ। ਇਸੇ ਤਰ੍ਹਾਂ ‘ਏਕ ਦਿਨ ਪ੍ਰਤੀਦਿਨ’ ਅਜਿਹੇ ਪਰਿਵਾਰ ਦੀ ਕਹਾਣੀ ਹੈ, ਜਿਸ ਨੂੰ ਇਸ ਦੀ ਕੰਮਕਾਜੀ ਧੀ ਦੇ ਇਕ ਦਿਨ ਘਰੇ ਨਾ ਪਰਤਣ ਕਾਰਨ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮ੍ਰਿਣਾਲ ਸੇਨ ਭਾਰਤ ਦੇ ਸਮਾਨੰਤਰ ਸਿਨੇਮਾ ਦੇ ਉਘੇ ਫਿਲਮਸਾਜ਼ ਸਨ। ਉਨ੍ਹਾਂ ਨੇ ਥੁੜ੍ਹਾਂ ਮਾਰੇ ਅਸੰਤੁਸ਼ਟ ਨੌਜਵਾਨਾਂ ਅਤੇ ਸ਼ਹਿਰੀ ਮੱਧਵਰਗ ਦੀਆਂ ਵੱਖ ਵੱਖ ਸਦਾਚਾਰਕ ਤੇ ਨੈਤਿਕ ਦੁਚਿੱਤੀਆਂ ‘ਤੇ ਆਧਾਰਤ ਸੰਵੇਦਨਸ਼ੀਲ ਵਿਸ਼ਿਆਂ ‘ਤੇ ਫਿਲਮਾਂ ਬਣਾਈਆਂ। ਸਿਆਸੀ ਤੌਰ ‘ਤੇ ਚੇਤੰਨ ਇਸ ਫਿਲਮਸਾਜ਼ ਦੀ ਸੁਰ ਸਦਾ ਬਾਗੀਆਨਾ ਰਹੀ।
ਮ੍ਰਿਣਾਲ ਸੇਨ ਅਕਸਰ ਹੀ ਆਪਣੇ ਮੌਕੇ ਦੇ ਘੇਰੇ ਤੋਂ ਬਾਹਰ ਚਲੇ ਜਾਂਦੇ ਤਾਂ ਕਿ ਉਹ ਸਮਾਜ ਦੇ ਬਿਲਕੁਲ ਹੇਠਲੇ ਵਰਗਾਂ ਨੂੰ ਪੇਸ਼ ਮੁਸ਼ਕਿਲਾਂ ਘੋਖ ਸਕਣ। ਮਿਸਾਲ ਵਜੋਂ ਫਿਲਮ ‘ਮ੍ਰਿਗਯਾ’ (ਸ਼ਾਹੀ ਸ਼ਿਕਾਰ, 1976) ਅਜਿਹੀ ਕਹਾਣੀ ਹੈ, ਜੋ ਮੱਧ ਭਾਰਤ ਦੇ ਜੰਗਲਾਂ ਵਿਚ ਰਹਿੰਦੇ ਆਮ ਕਬਾਇਲੀਆਂ ਦੀ ਜ਼ਿੰਦਗੀ ਉਤੇ ਅੰਗਰੇਜ਼ ਹਕੂਮਤ ਦੇ ਪਏ ਅਸਰ ਦੀ ਗੱਲ ਕਰਦੀ ਹੈ। ਫਿਲਮ ਇਕ ਬਸਤੀਵਾਦੀ ਹਾਕਮ ਤੇ ਕਬਾਇਲੀ ਸ਼ਿਕਾਰੀ (ਇਹ ਕਿਰਦਾਰ ਮਿਥੁਨ ਚੱਕਰਵਰਤੀ ਨੇ ਨਿਭਾਇਆ ਸੀ, ਜੋ ਉਸ ਦੇ ਕੈਰੀਅਰ ਦੀ ਪਹਿਲੀ ਫਿਲਮ ਸੀ) ਵਿਚਕਾਰ ਭਰਪੂਰ ਰਿਸ਼ਤਿਆਂ ਨੂੰ ਘੋਖਦੀ ਹੈ, ਪਰ ਕੁਲੀਨ ਵਰਗ ਦੀ ਨਜ਼ਰ ਤੋਂ ਨਹੀਂ ਸਗੋਂ ਗੁਲਾਮ ਬਣਾਏ ਗਏ ਕਬਾਇਲੀ ਲੋਕਾਂ ਦੀ ਨਜ਼ਰ ਤੋਂ। ਇਸ ਫਿਲਮ ਵਿਚ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਮਿਥੁਨ ਨੂੰ ਕੌਮੀ ਐਵਾਰਡ ਹਾਸਲ ਹੋਇਆ।
ਫਿਲਮ ‘ਪਰਸ਼ੂਰਾਮ’ (1978) ਵਿਚ ਇਕ ਹੋਰ ਕੌਮੀ ਐਵਾਰਡ ਜੇਤੂ ਅਦਾਕਾਰ ਭਾਵ ਅਰੁਣ ਮੁਖਰਜੀ ਨੇ ਮੁੱਖ ਕਿਰਦਾਰ ਨਿਭਾਇਆ। ਫਿਲਮ ਦਾ ਨਾਇਕ ਇਕ ਪੇਂਡੂ ਪਰਵਾਸੀ ਹੈ, ਜੋ ਕਬਰਿਸਤਾਨ ਵਿਚ ਰਹਿਣ ਵਾਲੇ ਮੰਗਤੇ ਨਾਲ ਝੁੱਗੀ ਵਿਚ ਰਹਿੰਦਾ ਹੈ। ਇਸ ਫਿਲਮ ਵਿਚ ਵੱਡੇ ਸ਼ਹਿਰਾਂ ‘ਚ ਹਾਸ਼ੀਏ ਵਾਲੀ ਜ਼ਿੰਦਗੀ ਜਿਉਣ ਵਾਲੇ ਲੋਕਾਂ ਦੇ ਭਿਆਨਕ ਇਕਲਾਪੇ ਅਤੇ ਉਨ੍ਹਾਂ ਦੇ ਅਸਹਿ ਅਣਮਨੁੱਖੀ ਹਾਲਾਤ ਦਾ ਚਿਤਰਣ ਕੀਤਾ ਗਿਆ ਹੈ। ਜਦੋਂ ਸੇਨ ਨੇ ਫਿਲਮ ‘ਮ੍ਰਿਗਯਾ’ ਬਣਾਈ ਤਾਂ ਉਹ ਪਹਿਲਾਂ ਹੀ ਫਿਲਮਸਾਜ਼ੀ ਦੇ ਪਿੜ ਵਿਚ ਕਰੀਬ ਦੋ ਦਹਾਕਿਆਂ ਤੋਂ ਵੱਧ ਸਮਾਂ ਲਾ ਚੁਕੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਆਪਣੇ ਆਪ ਨੂੰ ਇਕ ਅਜਿਹੀ ਮੋਹਰੀ ਤੇ ਬੁਲੰਦ ਸਿਨੇਮਾਈ ਆਵਾਜ਼ ਵਜੋਂ ਸਥਾਪਤ ਕਰ ਲਿਆ ਸੀ, ਜੋ ਉਨ੍ਹਾਂ ਵਿਗਾੜਾਂ ਸਬੰਧੀ ਸਰੋਕਾਰਾਂ ਬਾਰੇ ਸਪਸ਼ਟ ਢੰਗ ਨਾਲ ਬੋਲਦੀ ਸੀ, ਜੋ ਕੁਝ ਸਮਾਂ ਪਹਿਲਾਂ ਹੀ ਆਜ਼ਾਦ ਹੋਏ ਇਕ ਮੁਲਕ ਦੀ ਗਤੀਸ਼ੀਲਤਾ ਉਤੇ ਬੁਰਾ ਅਸਰ ਪਾਉਂਦੇ ਸਨ। ਉਨ੍ਹਾਂ ਸਥਾਪਿਤ ਪ੍ਰਬੰਧ ਨੂੰ ਦੱਬ ਕੇ ਚੁਣੌਤੀ ਦਿੱਤੀ।
‘ਮ੍ਰਿਗਯਾ’, ਸੇਨ ਦੀ ਬਹੁਤ ਹੀ ਸਿਆਸੀ ਬਿਆਨ ਵਾਲੀ ਅਜ਼ਮਾਇਸ਼ੀ ਕੋਲਕਾਤਾ ਫਿਲਮ-ਤਿੱਕੜੀ ਭਾਵ ‘ਇੰਟਰਵਿਊ’ (1970), ‘ਕਲਕੱਤਾ 71’ (1972) ਅਤੇ ‘ਪਦਾਤਿਕ’ (ਪੈਦਲ ਫੌਜ, 1973) ਤੋਂ ਬਾਅਦ ਆਈ ਸੀ। ਇਸ ਤਿੱਕੜੀ ਤੋਂ ਬਾਅਦ ਆਈ ਇਕ ਹੋਰ ਫਿਲਮ ‘ਕੋਰਸ’ (1974) ਨਾ ਸਿਰਫ ਬਹੁਤ ਹੀ ਸਿਆਸੀ ਫਿਲਮ ਸੀ ਸਗੋਂ ਇਸ ਨੇ ਸੇਨ ਦੇ ਬੇਬਾਕ ਅੰਦਾਜ਼ ਨੂੰ ਵੀ ਜਾਰੀ ਰੱਖਿਆ।
ਸੇਨ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 1955 ਵਿਚ ਫਿਲਮ ‘ਰਾਤ ਭੋਰੇ’ ਨਾਲ ਕੀਤੀ। ਇਸ ਫਿਲਮ ਦੇ ਮੁੱਖ ਅਦਾਕਾਰਾਂ ਵਿਚ ਉਤਮ ਕੁਮਾਰ ਵੀ ਸ਼ਾਮਲ ਸੀ, ਜੋ ਉਦੋਂ ਬੰਗਾਲੀ ਸਿਨੇਮਾ ਦਾ ਸੁਪਰ ਸਟਾਰ ਨਹੀਂ ਸੀ ਬਣਿਆ। ਉਤਮ ਕੁਮਾਰ ਨਾਲ ਉਨ੍ਹਾਂ ਦੀ ਇਹ ਪਹਿਲੀ ਤੇ ਆਖਰੀ ਫਿਲਮ ਸੀ। ਦੂਜੇ ਪਾਸੇ ਬੰਗਾਲੀ ਫਿਲਮਾਂ ਦੇ ਇਕ ਹੋਰ ਸਟਾਰ ਅਦਾਕਾਰ ਸ਼ੌਮਿਤਰ ਚੈਟਰਜੀ, ਜਿਸ ਨੂੰ ਸੱਤਿਆਜੀਤ ਰੇਅ ਦੇ ਗੂੜ੍ਹੇ ਦੋਸਤ ਵਜੋਂ ਚੇਤੇ ਕੀਤਾ ਜਾਂਦਾ ਹੈ, ਨਾਲ ਉਨ੍ਹਾਂ ਦੀ ਸਾਂਝ ਲੰਬਾ ਚਿਰ ਰਹੀ। ਸੇਨ ਨੇ ਸ਼ੌਮਿਤਰ ਨੂੰ ਪਹਿਲੀ ਵਾਰ 1961 ਵਿਚ ‘ਪੁਨਾਸ਼ਚਾ’ (ਮੁੜ ਤੋਂ) ਵਿਚ ਲਿਆ ਅਤੇ ਫਿਰ ‘ਪ੍ਰਤੀਨਿਧੀ’ (ਨੁਮਾਇੰਦਾ, 1964), ‘ਆਕਾਸ਼ ਕੁਸੁਮ’ (ਬੱਦਲਾਂ ਵਿਚ, 1965) ਅਤੇ ‘ਮਹਾਪ੍ਰਥਿਬੀ’ (ਮਹਾਂ ਸਰਬਸ਼ਕਤੀਮਾਨ, 1991) ਵਿਚ ਲਿਆ।
ਸੇਨ ਦੀਆਂ ਸਭ ਤੋਂ ਵੱਧ ਮਸ਼ਹੂਰ ਹੋਈਆਂ ਫਿਲਮਾਂ ਵਿਚ ‘ਅਕਾਲਰ ਸ਼ਾਂਧਯਾਨਯੇ’ (ਕਾਲ ਦੀ ਭਾਲ ਵਿਚ, 1980) ਵੀ ਅਹਿਮ ਹੈ। ਇਹ ਫਿਲਮ, ਫਿਲਮਾਂ ਬਣਾਉਣ ਵਾਲੀ ਇਕ ਅਜਿਹੀ ਮੰਡਲੀ ਦੀ ਕਹਾਣੀ ਉਤੇ ਆਧਾਰਤ ਹੈ, ਜੋ ਦੂਜੀ ਸੰਸਾਰ ਜੰਗ ਦੌਰਾਨ ਇਨਸਾਨ ਵੱਲੋਂ ਸਿਰਜੀ ਆਫਤ ਭਾਵ 1942-43 ਵਿਚ ਬੰਗਾਲ ‘ਚ ਪਏ ਭਿਆਨਕ ਕਾਲ ਬਾਰੇ ਫਿਲਮ ਬਣਾਉਣ ਲਈ ਇਕ ਪਿੰਡ ਪਹੁੰਚਦੀ ਹੈ। ਜਦੋਂ ਕੰਮ ਅੱਗੇ ਵਧਣਾ ਸ਼ੁਰੂ ਹੁੰਦਾ ਹੈ ਤਾਂ ਫਿਲਮ ਬਣਾਉਣ ਵਾਲੀ ਮੰਡਲੀ ਦੇ ਲੋਕਾਂ ਦੇ ਮਨਾਂ ‘ਤੇ ਉਹ ਆਰਾਮਪ੍ਰਸਤੀ ਭਾਰੂ ਪੈਣ ਲੱਗਦੀ ਹੈ, ਜਿਸ ਦੀ ਉਨ੍ਹਾਂ ਨੂੰ ਆਦਤ ਪੈ ਚੁਕੀ ਹੈ ਅਤੇ ਵਰਤਮਾਨ ਅਕਾਲ ਜਿਹੀ ਭਿਆਨਕ ਸਥਿਤੀ ਸਾਹਮਣੇ ਉਹ ਡਾਵਾਂਡੋਲ ਹੋ ਜਾਂਦੇ ਹਨ।
ਸੇਨ ਦੀਆਂ ਜੜ੍ਹਾਂ ਭਾਵੇਂ ਕਲਕੱਤਾ ਵਿਚ ਡੂੰਘੀਆਂ ਸਮਾਈਆਂ ਹੋਈਆਂ ਸਨ, ਪਰ ਅਕਸਰ ਉਹ ਰਚਨਾਤਮਕ ਪ੍ਰੇਰਨਾ ਦੀ ਤਲਾਸ਼ ‘ਚ ਬੰਗਾਲ ਅਤੇ ਇਸ ਦੀਆਂ ਭਾਸ਼ਾਈ ਸਰਹੱਦਾਂ ਤੋਂ ਕਿਤੇ ਦੂਰ ਚਲੇ ਜਾਂਦੇ, ਜੋ ਵੱਖੋ-ਵੱਖਰੇ ਸੱਭਿਆਚਾਰਾਂ ਨੂੰ ਅੰਗੀਕਾਰ ਕਰ ਸਕਣ ਦੀ ਉਨ੍ਹਾਂ ਦੀ ਸਮਰੱਥਾ ਦਾ ਇਕ ਹੋਰ ਸਬੂਤ ਸੀ। ਉਨ੍ਹਾਂ ਕੁੱਲ ਮਿਲਾ ਕੇ ਛੇ ਹਿੰਦੀ ਫਿਲਮਾਂ ‘ਭੁਵਨ ਸ਼ੋਮੇ’ (1969), ‘ਏਕ ਅਧੂਰੀ ਕਹਾਨੀ’ (1971), ‘ਏਕ ਦਿਨ ਪ੍ਰਤੀਦਿਨ’ (1979), ‘ਖੰਡਹਰ’ (1983), ‘ਜੈਨੇਸਿਸ’ (1986), ਅਤੇ ‘ਮ੍ਰਿਗਯਾ’ ਬਣਾਈਆਂ। ਉਨ੍ਹਾਂ ਤੈਲਗੂ (‘ਓਕਾ ਊਰੀ ਕਥਾ’ ਜੋ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ਉਤੇ ਆਧਾਰਤ ਸੀ) ਅਤੇ ਉੜੀਆ (‘ਮੈਤਿਰਾ ਮਾਨਿਸ਼ਾ’) ਭਾਸ਼ਾਵਾਂ ਵਿਚ ਵੀ ਇਕ-ਇਕ ਫਿਲਮ ਬਣਾਈ।
-ਸਾਇਬਲ ਚੈਟਰਜੀ