ਤਿਨਾ ਦਰੀਆਵਾ ਸਿਉ ਦੋਸਤੀ

ਕਹਿਣ ਨੂੰ ਨਵੀਂ ਸਭਿਅਤਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪਰ ਅਸਲ ਵਿਚ ਇਸ ਨੇ ਸਾਡੇ ਦਰਿਆਵਾਂ, ਸਾਡੇ ਵਾਤਾਵਰਣ ਤੇ ਸਾਡੀ ਜ਼ਿੰਦਗੀ ਨੂੰ ਪਲੀਤ ਹੀ ਕੀਤਾ ਹੈ। ਹਵਾ ਪਲੀਤ ਹੋ ਚੁਕੀ ਹੈ। ਇਸ ਹਾਲਾਤ ਉਤੇ ਰੁਦਨ ਕਰਦਿਆਂ ਅਵਤਾਰ ਸਿੰਘ ਨੇ ਇਸ ਲੇਖ ਵਿਚ ਸੱਦਾ ਦਿੱਤਾ ਹੈ, ਆਉ ਆਪਣੇ ਦਰਿਆਵਾਂ ਨਾਲ ਜ਼ਿੰਦਗੀ ਦਾ ਨਾਤਾ ਜੋੜੀਏ ਤੇ ਆਪਣੀ ਟੁੱਟੀ ਗੰਢੀਏ। ਦਰਿਆਵਾਂ ਬਾਝੋਂ ਜੀਣਾ, ਕਾਹਦਾ ਜੀਣਾ!

-ਸੰਪਾਦਕ

ਅਵਤਾਰ ਸਿੰਘ (ਪ੍ਰੋ)
ਫੋਨ: 91-94175-18384

ਦਰਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ, ਵਗਦਾ ਹੋਇਆ ਪਾਣੀ। ਖੜ੍ਹੇ ਪਾਣੀ ਦੀ ਨਿਸਬਤ ਵਗਦਾ ਪਾਣੀ ਸ਼ੁੱਧ ਹੁੰਦਾ ਹੈ।
ਦਰਿਆ ਸਾਡੀ ਸੱਭਿਅਤਾ ਹੈ। ਇਹ ਸਾਡੇ ਮੁਹਾਵਰਿਆਂ Ḕਚ ਵੀ ਰਮਿਆ ਹੋਇਆ ਹੈ। Ḕਦਰਿਆ-ਦਿਲḔ ਹੋਣਾ ਬਹੁਤ ਮਹਾਨ ਅਤੇ ਵਿਸ਼ਾਲ-ਚਿੱਤ ਹੋਣਾ ਹੈ। ਦਰਿਆਵਾਂ ਨਾਲ ਮੁਹੱਬਤ ਕਰਨ ਵਾਲੇ ਦਰਿਆ-ਦਿਲ ਹੋਣ ਵੱਲ ਵਧਦੇ ਹਨ। ਦਰਿਆ ਜ਼ਿੰਦਗੀ ਦਾ ਪ੍ਰਤੀਕ ਹੈ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦਾ ਫੁਰਮਾਨ ਹੈ:
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥
ਰਾਤ ਦੇ ਚੌਥੇ ਪਹਿਰ ਸੁਰਤ ਵਾਲੇ ਲੋਕਾਂ ਦੇ ਮਨ ਵਿਚ ਚਾਅ ਉਪਜਦਾ ਹੈ। ਉਹ ਦਰਿਆਵਾਂ ਦੇ ਦੋਸਤ ਹੁੰਦੇ ਹਨ; ਉਨ੍ਹਾਂ ਦੇ ਮਨ ਵਿਚ ਪਿਆਰੇ ਦੀ ਯਾਦ ਅਤੇ ਮੁੱਖ Ḕਤੇ ਉਸ ਦਾ ਨਾਮ ਹੁੰਦਾ ਹੈ।
ਇਸ਼ਨਾਨ ਕਰਨਾ ਸੱਭਿਅਕ ਹੋਣ ਦੀ ਨਿਸ਼ਾਨੀ ਹੈ। ਪੁਰਾਤਨ ਸੱਭਿਅਤਾਵਾਂ ਦਰਿਆਵਾਂ ਦੇ ਕੰਢਿਆਂ Ḕਤੇ ਉਸਰੀਆਂ ਅਤੇ ਦਰਿਆਵਾਂ ਦੇ ਨਾਂ ਨਾਲ ਹੀ ਜਾਣੀਆਂ ਗਈਆਂ। ਦਰਿਆ ਕਿਸੇ ਵੇਲੇ ਮਨੁੱਖ ਦੇ ਭਲੇ ਦੋਸਤ ਹੁੰਦੇ ਸਨ।
ਪੰਜਾਬ ਦਾ ਅਰਥ ਹੈ, ਪੰਚ-ਅਪ, ਅਰਥਾਤ ਪੰਜ-ਆਬ, ਅਰਥਾਤ ਪੰਜ ਦਰਿਆ। ਅਸੀਂ ਪੰਜਾਬੀ ਪੰਜ ਦਰਿਆਵਾਂ ਦੇ ਦੋਸਤ ਹਾਂ। ਦਰਿਆ ਸਾਡੀ ਪਛਾਣ ਹਨ। ਵਿਦੇਸ਼ੀ ਹਮਲਾਵਰ ਵੀ ਸਾਨੂੰ ਦਰਿਆਵਾਂ ਨਾਲ ਜੋੜ ਕੇ ਦੇਖਦੇ ਸਨ। ਹਿੰਦੂ ਸ਼ਬਦ ਦਾ ਸਬੰਧ ਵੀ ਸਿੰਧ ਦਰਿਆ ਨਾਲ ਜੋੜਿਆ ਜਾਂਦਾ ਹੈ। ਸਿੰਧੀ ਲੋਕ ਆਪਣੇ ਆਪ ਨੂੰ ਅਸਲ ਪੰਜਾਬੀ ਮੰਨਦੇ ਹਨ।
ਗੁਰੂ ਨਾਨਕ ਪਾਤਸ਼ਾਹ ਨੇ ਪਵਣ ਨੂੰ ਗੁਰੂ ਕਿਹਾ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ। ਪਰ ਸਾਡੀ ਪ੍ਰੀਤ ਇਨ੍ਹਾਂ ਤਿੰਨਾਂ ਨਾਲ ਹੀ ਟੁੱਟ ਚੁਕੀ ਹੈ; ਤੜੱਕ ਕਰਕੇ ਨਹੀਂ; ਸਾਨੂੰ ਪਤਾ ਹੀ ਨਾ ਲੱਗਾ ਕਦੋਂ ਟੁੱਟ ਗਈ। ਪਵਣ, ਪਾਣੀ ਅਤੇ ਧਰਤੀ ਹੁਣ ਰਾਕਸ਼ਾਂ ਵਾਂਗ ਮੂੰਹ ਅੱਡੀ ਖਲੋਤੇ ਹਨ ਤੇ ਮਨੁੱਖ ਨੂੰ ਨਿਗਲ ਜਾਣ ਲਈ ਤਿਆਰ ਬਰ ਤਿਆਰ ਹਨ।
ਜਦੋਂ ਦਾ ਸਾਡੀ ਸੱਭਿਅਤਾ ਨੇ ਦਰਿਆਵਾਂ ਨਾਲੋਂ ਤੋੜ ਵਿਛੋੜਾ ਕੀਤਾ ਹੈ, ਅਸੀਂ ਉਦੋਂ ਦੀ ਦਰਿਆਵਾਂ ਪ੍ਰਤੀ ਬੇਰੁਖੀ ਅਪਨਾਈ ਹੋਈ ਹੈ। ਸਾਡੇ ਦਰਿਆ ਉਦਾਸ ਹਨ ਤੇ ਸਾਡੇ ਪਿਆਰ ਨੂੰ ਤਰਸਦੇ ਹਨ। ਉਹ ਸਾਨੂੰ ਖਾਣਾ ਨਹੀਂ ਚਾਹੁੰਦੇ; ਅਸੀਂ ਉਨ੍ਹਾਂ ਨੂੰ ਮਜਬੂਰ ਕਰ ਰਹੇ ਹਾਂ। ਅਸੀਂ ਨਾ ਗੁਰੂ ਦੇ ਸਕੇ ਰਹੇ ਹਾਂ, ਨਾ ਪਿਓ ਦੇ ਤੇ ਨਾ ਮਾਂ ਦੇ, “ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ॥”
ਪੱਛਮੀ ਸੱਭਿਅਤਾ ਨੇ ਸਾਨੂੰ ਸ਼ੁੱਧਤਾ ਦੀ ਬਿਮਾਰੀ ਚਮੇੜ ਦਿੱਤੀ ਹੈ। ਅਸੀਂ ਸ਼ੁੱਧ ਹੁੰਦੇ ਹੁੰਦੇ ਘੋਰ ਅਸ਼ੁੱਧਤਾ ਵਿਚ ਗਰਕ ਹੋ ਗਏ ਹਾਂ। ਅਸੀਂ ਆਪਣੀ ਤਰੱਕੀ ਦੀ ਸਾਰੀ ਮੈਲ ਦਰਿਆਵਾਂ ਦੇ ਹਵਾਲੇ ਕਰ ਦਿੱਤੀ ਹੈ। ਅੰਮ੍ਰਿਤ ਦੇ ਚਸ਼ਮਿਆਂ ਨੂੰ ਅਸੀਂ ਜ਼ਹਿਰੀਲੇ ਨਾਗ ਬਣਾ ਦਿੱਤਾ ਹੈ। ਸਾਡੇ ਜੀਵਨ ਸੋਮੇ ਸਾਡੀ ਮੌਤ ਦੇ ਕਾਰਨ ਬਣ ਗਏ ਹਨ। ਸਾਡੇ ਦਰਿਆ ਬੇਜ਼ੁਬਾਨ ਹਨ; ਉਹ ਦੱਸ ਨਹੀਂ ਸਕਦੇ, ਬੋਲ ਨਹੀਂ ਸਕਦੇ।
ਕਿਸੇ ਵਲੈਤੀਏ ਨੇ ਸ਼ਿਕਾਇਤ ਕੀਤੀ ਕਿ ਸਾਡੇ ਇੱਥੇ ਗੰਦਗੀ ਬਹੁਤ ਹੈ। ਮੇਰੇ ਦੋਸਤ ਨੇ ਉਸ ਨੂੰ ਆਖਿਆ ਕਿ ਇਹ ਗੰਦਗੀ ਤੁਹਾਡੀ ਦੇਣ ਹੈ। ਉਹ ਬੜਾ ਹੈਰਾਨ ਹੋਇਆ। ਮੇਰੇ ਦੋਸਤ ਨੇ ਦੱਸਿਆ ਕਿ ਵਲੈਤੀ ਹਾਈਜੀਨ ਨੇ ਸਾਡੇ ਵਾਤਾਵਰਣ ਨੂੰ ਕਿਵੇਂ ਭ੍ਰਸ਼ਟ ਅਤੇ ਨਸ਼ਟ ਕੀਤਾ ਹੈ; ਕਿਵੇਂ ਵਲੈਤੀ ਸ਼ੈਂਪੂ, ਸਰਫਾਂ, ਹੈਂਡਵਾਸ਼, ਫਾਸਟ ਫੂਡ ਅਤੇ ਫੀਡ ਦੇ ਰੁਝਾਨ ਨੇ ਸਾਡੀ ਪੌਸ਼ਟਿਕਤਾ ਹਰਨ ਕਰ ਲਈ ਹੈ।
ਸਾਨੂੰ ਮੱਛਰਦਾਨੀਆਂ ਜਾਂ ਸੁਰਮੇਦਾਨੀਆਂ ਦੀ ਤਹਿਜੀਬ ਨੇ ਨਹੀਂ ਮਾਰਿਆ। ਸਾਨੂੰ ਮਾਰਿਆ ਹੈ ḔਔਡੋਮਾਸḔ, Ḕਗੁੱਡ ਨਾਈਟḔ, Ḕਆਲ ਆਊਟḔ ਤੇ Ḕਫੇਅਰ ਐਂਡ ਲਵਲੀḔ ਨੇ। ਸਾਨੂੰ ਗੱਡਿਆਂ ਦੀ ਨਹੀਂ, ਗੱਡੀਆਂ ਦੀ ਮਾਰ ਪਈ ਹੈ। ਅਗਿਆਨ ਨਹੀਂ, ਅਲਪ ਗਿਆਨ ਸਾਡੇ ਹੱਡੀਂ ਬਹਿ ਗਿਆ ਹੈ।
ਸਾਨੂੰ ਮਹਿੰਗਾਈ ਨੇ ਨਹੀਂ, ਅਮੀਰੀ ਨੇ ਮਾਰਿਆ; ਫੀਮ ਨੇ ਨਹੀਂ, ਚਿੱਟੇ ਨੇ ਖਾ ਲਿਆ; ਸ਼ਰਾਬ ਨੇ ਨਹੀਂ, ਕੋਕ ਨੇ ਪੀ ਲਿਆ; ਕੋਠਿਆਂ ਨੇ ਨਹੀਂ, ਸਾਨੂੰ ਕੋਠੀਆਂ ਨੇ ਠਾਰ ਕੇ ਅਤੇ ਸਾੜ ਕੇ ਰੱਖ ਦਿੱਤਾ ਹੈ। ਅਨਪੜ੍ਹਾਂ ਨੇ ਨਹੀਂ, ਪਾੜ੍ਹਿਆਂ ਨੇ ਸਾਡੀ ਸੁਰਤ ਮਾਰ ਦਿੱਤੀ ਹੈ; ਸਾਡੀ ਖਬਰਸਾਰ ਨੂੰ ਅਖਬਾਰ ਨੇ ਹੜੱਪ ਲਿਆ ਹੈ; ਰੁੱਖਾਂ ਨੂੰ ਪੱਖੇ ਖਾ ਗਏ ਹਨ ਤੇ ਪੱਖਿਆਂ ਨੂੰ ਏ. ਸੀ. ਨਿਗਲ ਗਿਆ ਹੈ। ਸਾਨੂੰ ਅੰਦਰਲੀ ਕਸਰ ਨੇ ਨਹੀਂ, ਬਾਹਰਲੇ ਝੋਰਿਆਂ ਨੇ ਖਤਮ ਕਰ ਦਿੱਤਾ ਹੈ; ਪੂਰਬੀ ਸੰਜਮ ਅਤੇ ਸਹਿਜ ਨੂੰ ਪੱਛਮੀ ਅਸਹਿਜ ਨੇ ਚਟਮ ਕਰ ਦਿੱਤਾ ਹੈ।
ਮੇਰੇ ਮਿੱਤਰ ਨੇ ਦੱਸਿਆ ਕਿ ਉਸ ਦਾ ਬਾਬਾ ਖੇਤਾਂ ਵਿਚ ਖਾਦ ਨਹੀਂ ਸੀ ਪਾਉਣ ਦਿੰਦਾ; ਅਖੇ ਇਹ ਖੇਤਾਂ ਨੂੰ ਲੱਗ ਜਾਵੇਗੀ; ਜਿਵੇਂ ਬੰਦੇ ਨੂੰ ਨਸ਼ਾ ਲੱਗ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਬਾਬੇ ਦੀਆਂ ਗੱਲਾਂ Ḕਤੇ ਹੱਸ ਛੱਡਦੇ ਸਨ; ਸਮਝਦੇ ਸਨ ਕਿ ਇਹ ਬੂਝੜ ਗਿਆਨ ਹੈ। ਅਸਲ ਵਿਚ ਉਹ ਲੋਕ ਤਾਂ ਸੱਚੇ ਸਨ ਜੋ ਬੇਜ਼ੁਬਾਨ ਜਮੀਨ ਦੀ ਜ਼ੁਬਾਨ ਵੀ ਸਮਝਦੇ ਸਨ। ਅਸੀਂ ਤਾਂ ਜ਼ੁਬਾਨ ਵਾਲਿਆਂ ਦੀ ਜ਼ੁਬਾਨ ਵੀ ਨਹੀਂ ਸਮਝਦੇ।
ਵਰਦਾਨ ਸਮਝੀ ਜਾਂਦੀ ਤਕਨਾਲੋਜੀ ਨੇ ਨਵਾਂ ਕੂੜਾ ਈਜਾਦ ਕਰ ਦਿੱਤਾ ਹੈ, ਜਿਸ ਦਾ ਕੋਈ ਹੱਲ ਹੀ ਨਹੀਂ। ਸਾਡਾ ਕੂੜਾ ਤਾਂ ਪਸੂਆਂ ਦੀ ਖੁਰਾਕ ਬਣਦਾ ਸੀ ਤੇ ਰੂੜੀ ਬਣ ਫਸਲਾਂ ਦੇ ਕੰਮ ਆਉਂਦਾ ਸੀ। ਇਹ ਆਧੁਨਿਕ ਕੂੜਾ ਸਾਡੀ ਜਾਨ ਦਾ ਖਉ ਬਣ ਗਿਆ ਹੈ। ਕਿਸੇ ਵੇਲੇ ਸਾਡਾ ਵਾਤਾਵਰਣ ਹਾਲ-ਪਾਹਰਿਆ ਮਚਾ ਰਿਹਾ ਸੀ ਕਿ Ḕਮੈਨੂੰ ਬਚਾਓḔ; ਅਸੀਂ ਉਸ ਨੂੰ ਨਹੀਂ ਬਚਾਇਆ; ਹੁਣ ਉਹ ਗੁਹਾਰਾਂ ਪਾ ਰਿਹਾ ਹੈ ਕਿ Ḕਮੈਥੋਂ ਬਚੋ।।
ਹੁਣ ਵੀ ਜੇ ਅਸੀਂ ਨਾ ਸੁਣੀਏ; ਫਿਰ ਮਰੀਏ ਖਪੀਏ! ਹਰਮਨ ਹੈਸ ਦੇ ਨਾਵਲ ḔਸਿਧਾਰਥḔ ਵਿਚ ਦਰਿਆ ਬੋਲਦੇ ਹਨ, ਗੱਲਾਂ ਕਰਦੇ ਹਨ ਤੇ ਬੁੱਧ ਪੁਰਸ਼ ਉਨ੍ਹਾਂ ਨੂੰ ਸੁਣਦੇ ਹਨ। ਉਸ ਨਾਵਲ ਵਿਚ ਸਿਧਾਰਥ ਨੂੰ ਅਨਪੜ੍ਹ ਪਰ ਅਨੁਭਵੀ ਮਲਾਹ ਸਲਾਹ ਦਿੰਦਾ ਹੈ ਕਿ ਦਰਿਆ ਸਾਡੇ ਮਹਾਨ ਗੁਰੂ ਹਨ, ਇਨ੍ਹਾਂ ਨੂੰ ਸੁਣੋ, ਇਹ ਸਾਨੂੰ ਕੀ ਕਹਿੰਦੇ ਹਨ, “ਜੀਭੈ ਬਾਝਹੁ ਬੋਲਣਾ” … “ਵਿਣੁ ਕੰਨਾ ਸੁਨਣਾ।”
ਦਰਿਆਵਾਂ ਤੋਂ ਦੂਰ ਹੋ ਕੇ, ਅਸੀਂ ਉਸ ਮੋੜ Ḕਤੇ ਪੁੱਜ ਗਏ ਹਾਂ, ਜਿੱਥੋਂ ਸਾਨੂੰ ਹੁਣ ਸੋਚਣਾ ਪੈ ਰਿਹਾ ਹੈ ਕਿ ਜਾਈਏ ਤਾਂ ਜਾਈਏ ਕਿੱਥੇ! ਨਾ ਬੂਹਾ, ਨਾ ਬਾਰੀ, ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ!
ਕਹਿੰਦੇ ਹਨ, Ḕਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ।Ḕ ਸੱਚਮੁਚ ਦਰਿਆਵਾਂ ਜਿਹੇ ਡੂੰਘੇ ਦਿਲਾਂ ਦੇ ਦਰਦ ਕੌਣ ਜਾਣ ਸਕਦਾ ਹੈ! ਕਵੀ ਮਨ ਹੀ ਦਰਿਆਵਾਂ ਦੇ ਦਰਦ ਜਾਣ ਸਕਦੇ ਹਨ; ਦਰਅਸਲ ਕਵਿਤਾ ਦਰਿਆਵਾਂ ਜਿਹੇ ਦਿਲਾਂ ਦੀ ਦਾਸਤਾਂ ਹੀ ਹੁੰਦੀ ਹੈ। ਇਸ ਵਾਰ ਲੁਧਿਆਣੇ ਦੇ ਬੁੱਢੇ ਦਰਿਆ ਦਾ ਦਰਦ ਵੀ ਕਵਿਤਾ ਨੇ ਸੁਣਿਆ ਹੈ ਤੇ ਇਸ ਦਾ ਗਮ ਦੂਰ ਕਰਨ ਦੀ ਗੁਹਾਰ ਪਾਈ ਹੈ। ਆਉ ਆਪਣੇ ਦਰਿਆਵਾਂ ਨਾਲ ਜ਼ਿੰਦਗੀ ਦਾ ਨਾਤਾ ਜੋੜੀਏ ਤੇ ਆਪਣੀ ਟੁੱਟੀ ਗੰਢੀਏ। ਦਰਿਆਵਾਂ ਬਾਝੋਂ ਜੀਣਾ, ਕਾਹਦਾ ਜੀਣਾ!
ਦਰਿਆ ਸਾਡੇ ਇਤਿਹਾਸ ਦੇ ਉਸਰੱਈਏ ਹਨ; ਸਾਡੀ ਸੱਭਿਅਤਾ ਦੇ ਪਾਲਣਹਾਰੇ ਹਨ; ਇਹ ਸਾਡੀ ਜਿੰਦ ਜਾਨ ਹਨ; ਸਾਡੇ Ḕਤੇ ਇਨ੍ਹਾਂ ਦਾ ਮਣਾਂ ਮੂੰਹੀ ਕਰਜ਼ ਹੈ; ਅਸੀਂ ਇਨ੍ਹਾਂ ਦੇ ਦੇਣਦਾਰ ਹਾਂ; ਇਹ ਸਾਡੇ ਲਹਿਣੇਦਾਰ ਹਨ। ਗੁਰੂ ਨਾਨਕ ਪਾਤਸ਼ਾਹ ਦੇ ਲਹਿਣੇਦਾਰ ਭਾਈ ਲਹਿਣੇ ਦੇ ਵਾਰਿਸ ਅਤੇ ਦਰਿਆਵਾਂ ਦੇ ਦਰਦਮੰਦ ਇਹ ਗੁਹਾਰ ਸੁਣ ਰਹੇ ਹਨ।
ਪੰਜਾਂ ਦਰਿਆਵਾਂ ਦੇ ਧਰਮੀ ਪੁੱਤਰ ਆਪਣੇ ਪਿਤਰਾਂ ਜਿਹੇ ਦਰਿਆਵਾਂ ਦੀ ਸਾਰ ਜ਼ਰੂਰ ਲੈਣਗੇ। ਇਸ ਵਾਰ ਲੁਧਿਆਣੇ ਦੇ ਬੁੱਢੇ ਦਰਿਆ ਦਾ ਕਰਜ਼ ਉਤਾਰਨ ਦੀ ਵਾਰੀ ਹੈ। ਆਉ, 27 ਜਨਵਰੀ ਨੂੰ ਸੇਵਾ-ਸਦਭਾਵ ਦੇ ਇਸ ਮਹਾਂ ਕੁੰਭ ਵਿਚ ਹਾਜਰੀ ਭਰੀਏ ਅਤੇ ਬੁੱਢੇ ਦਰਿਆ ਨੂੰ ਮੁੜ ਉਸ ਦੀ ਜੁਆਨੀ Ḕਚ ਲੈ ਆਈਏ। ਗੁਰਮੁਖਿ ਬੁੱਢੇ ਕਦੇ ਨਾਹੀ…।