ਖਾ ਖਾ ਕਾਲੇ ਧਨ ਨਾਲ ਪਲਿਆ ਏਂ

ਡਾ. ਅਜੀਤ ਸਿੰਘ ਕੋਟਕਪੂਰਾ
ਫੋਨ: 585-305-0443
“ਹਰ ਮਜ਼ਦੂਰ ਨੂੰ ਉਸ ਦੀ ਮਜ਼ਦੂਰੀ ਉਸ ਦਾ ਪਸੀਨਾ ਸੁੱਕ ਜਾਣ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਹੈ।” ਇਹ ਸ਼ਬਦ ਮਹਾਨ ਵਿਗਿਆਨੀ ਤੇ ਫਿਲਾਸਫਰ ਕਾਰਲ ਮਾਰਕਸ ਨੇ ਉਚਾਰੇ ਸਨ| ਉਸ ਨੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਚੇਤੱਨ ਕਰਨ ਦੇ ਯਤਨ ਕੀਤੇ ਕਿ ਮਜ਼ਦੂਰਾਂ ਨੂੰ ਜਾਤ-ਪਾਤ ਤੋਂ ਉਚਾ ਉਠ ਕੇ ਇੱਕ ਝੰਡੇ ਹੇਠਾਂ ਇਕੱਠੇ ਹੋਣ ਦੀ ਲੋੜ ਹੈ| ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮਜ਼ਦੂਰਾਂ ਦੇ ਅਤਿ ਘਟੀਆ ਦਰਜੇ ਦੇ ਜਿਉਣ-ਢੰਗਾਂ ਲਈ ਕੇਵਲ ਤੇ ਕੇਵਲ ਪੂੰਜੀਪਤੀ ਹੀ ਜਿੰਮੇਵਾਰ ਹਨ|

ਉਹ ਆਪਣੀਆਂ ਚਾਲਾਂ ਰਾਹੀਂ ਹੋਰ ਤੋਂ ਹੋਰ ਅਮੀਰ ਹੋ ਰਹੇ ਹਨ ਅਤੇ ਕੰਮ ਕਰਨ ਵਾਲਿਆਂ ਦੀ ਹਾਲਤ ਦਿਨੋ ਦਿਨ ਨਿੱਘਰਦੀ ਜਾ ਰਹੀ ਹੈ| ਇਸ ਹਾਲਤ ਨਾਲ ਨਜਿੱਠਣ ਲਈ ਜਰੂਰੀ ਹੈ ਕਿ ਇਕੱਠੇ ਹੋ ਹੰਭਲਾ ਮਾਰਿਆ ਜਾਵੇ ਤਾਂ ਹੀ ਅਸੀਂ ਆਪਣੀਆਂ ਜਿਉਣ ਹਾਲਤਾਂ ਬਿਹਤਰ ਬਣਾ ਸਕਦੇ ਹਾਂ|
ਜਦੋਂ ਅਸੀਂ ਪਹਿਲਾਂ ਵਾਲੇ ਮਜ਼ਦੂਰ ਦੀ ਹਾਲਤ ਵਲ ਦੇਖਣ ਲਈ ਇਤਿਹਾਸ ਦੇ ਪੰਨੇ ਪਰਤਦੇ ਹਾਂ ਤਾਂ ਪਤਾ ਲਗਦਾ ਹੈ ਕਿ ਮਜ਼ਦੂਰਾਂ ਕੋਲੋਂ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ ਅਤੇ ਕਈ ਵਾਰ ਵਗਾਰ ਵੀ ਲਈ ਜਾਂਦੀ ਸੀ| ਉਸ ਨੂੰ ਬੇਹੱਦ ਮਾੜੀ ਹਾਲਤ ਵਿਚ ਦਰ ਗੁਜ਼ਰ ਕਰਨੀ ਪੈਂਦੀ ਸੀ| ਉਸ ਦੀ ਕੋਈ ਪ੍ਰਵਾਹ ਨਹੀਂ ਸੀ ਕੀਤੀ ਜਾਂਦੀ। ਤਨ ਢਕਣ ਲਈ ਕੱਪੜੇ ਦੀ ਤਾਂ ਗੱਲ ਛੱਡੋ, ਪੇਟ ਭਰ ਖਾਣਾ ਵੀ ਨਸੀਬ ਨਹੀਂ ਸੀ ਹੁੰਦਾ |
ਉਸ ਸਮੇਂ ਮਜ਼ਦੂਰ ਆਪਣੇ ਮਾਲਕ ਦੀ ਬੰਧੂਆ ਮਜ਼ਦੂਰੀ ਕਰਦੇ ਸਨ। ਮਾਲਕ ਨੂੰ ਇਹ ਹੱਕ ਵੀ ਸੀ ਕਿ ਉਹ ਆਪਣੇ ਮਜ਼ਦੂਰਾਂ ਨੂੰ ਜਦੋਂ ਮਰਜ਼ੀ ਕਿਸੇ ਹੋਰ ਮਾਲਕ ਕੋਲ ਵੇਚ ਸਕਦਾ ਸੀ, ਤੇ ਮਜ਼ਦੂਰ ਕੋਈ ਉਜ਼ਰ ਵੀ ਨਹੀਂ ਸੀ ਕਰ ਸਕਦਾ| ਇਥੋਂ ਤਕ ਕਿ ਇਕ ਮਾਲਕ ਆਪਣਾ ਕਰਜ਼ਾ ਉਤਾਰਨ ਲਈ ਆਪਣੇ ਅਧੀਨ ਮਜ਼ਦੂਰਾਂ ਨੂੰ ਕਿਸੇ ਹੋਰ ਮਾਲਕ ਕੋਲ ਗਹਿਣੇ ਧਰ ਦਿੰਦਾ ਸੀ| ਉਸ ਨੂੰ ਡਾਕਟਰੀ ਮਦਦ ਦੇਣ ਅਤੇ ਮੌਤ ਹੋ ਜਾਣ ‘ਤੇ ਜਾਂ ਕੰਮ ਤੋਂ ਅਯੋਗ ਹੋ ਜਾਣ ‘ਤੇ ਕੋਈ ਵਿੱਤੀ ਇਮਦਾਦ ਦੇਣ ਬਾਰੇ ਸੋਚਿਆ ਹੀ ਨਹੀਂ ਸੀ ਜਾਂਦਾ|
ਕਿਸੇ ਵੀ ਸਮਾਜ ਦੇ ਅਸਲ ਸਿਰਜਕ ਮਜ਼ਦੂਰ ਹੁੰਦੇ ਹਨ, ਜੋ ਧੁੱਪ-ਛਾਂ, ਸਰਦੀ-ਗਰਮੀ, ਦਿਨ-ਰਾਤ ਦੀ ਪ੍ਰਵਾਹ ਨਾ ਕਰਦਿਆਂ ਅੱਗ ਕੱਢਦੀਆਂ ਭੱਠੀਆਂ ਤੇ ਬਰਫੀਲੇ ਖੇਤਰਾਂ ਵਿਚ ਕੰਮ ਕਰਦੇ ਹਨ ਅਤੇ ਸਮਾਜ ਨੂੰ ਬੁਲੰਦੀਆਂ ਵਲ ਲੈ ਕੇ ਜਾਂਦੇ ਹਨ| ਅਮੀਰ ਆਦਮੀ ਤਾਂ ਪੈਸਾ ਹੀ ਲਾ ਰਿਹਾ ਹੁੰਦਾ ਹੈ, ਹਰ ਕਿਸਮ ਦਾ ਜੋਖਮ ਉਠਾ ਕੇ ਮਜ਼ਦੂਰ ਉਸ ਦੇ ਸਿਰਜੇ ਸੁਪਨਿਆਂ ਨੂੰ ਅਸਲੀ ਰੂਪ ਪ੍ਰਦਾਨ ਕਰਦਾ ਹੈ| ਸਰਮਾਏਦਾਰ ਉਸ ਨੂੰ ਘੱਟ ਮਿਹਨਤਾਨਾ ਦੇ ਕੇ ਵੀ ਉਸ ‘ਤੇ ਅਹਿਸਾਨ ਜਤਾਉਂਦਾ ਹੈ|
ਆਪਣੀ ਹਾਲਤ ਸੁਧਾਰਨ ਲਈ ਸੋਚਣ ਖਾਤਿਰ ਮਜ਼ਦੂਰ ਮਈ ਦਿਵਸ ਵਾਲੇ ਦਿਨ ਇਕੱਠੇ ਹੋ ਵਿਚਾਰ ਕਰਦੇ ਹਨ| ਵਧੇਰੇ ਦੇਸ਼ਾਂ ‘ਚ ਵਿਸ਼ਵ ਮਜ਼ਦੂਰ ਦਿਵਸ, ਜਿਸ ਨੂੰ ਮਈ ਦਿਵਸ ਵੀ ਆਖਿਆ ਜਾਂਦਾ ਹੈ, ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ, ਜੋ 1882 ਈਸਵੀ ਤੋਂ ਅਰੰਭ ਹੋਇਆ ਮੰਨਿਆ ਜਾਂਦਾ ਹੈ| ਸ਼ਿਕਾਗੋ ਅਤੇ ਮਿਲਵਾਕੀ (ਵਿਸਕਾਨਸਿਨ) ਦੀਆਂ ਘਟਨਾਵਾਂ ਦਾ ਇਸ ਦਿਨ ਨੂੰ ਪੱਕੇ ਪੈਰੀਂ ਕਰਨ ਵਿਚ ਵਿਸ਼ੇਸ਼ ਯੋਗਦਾਨ ਹੈ| ਵਿਸ਼ਵ ਸ਼ਾਂਤੀ ਦੇ ਉਦੇਸ਼ ਨੂੰ ਚਿਤਵ ਕੇ ਕੁਝ ਸਮਾਜਕ ਅਤੇ ਕਮਿਊਨਿਸਟ ਪਾਰਟੀਆਂ ਨੇ ਆਪਣੀਆਂ ਕੁਝ ਮੰਗਾਂ ਜਿਵੇਂ ਮਜ਼ਦੂਰੀ ਦੇ ਅੱਠ ਘੰਟੇ ਨਿਸ਼ਚਿਤ ਕਰਨ, ਕਥਿਤ ਨਿਮਨ ਵਰਗਾਂ ਪ੍ਰਤੀ ਹੋ ਰਹੇ ਵਿਤਕਰੇ ਵਿਰੁਧ ਆਵਾਜ਼ ਬੁਲੰਦ ਕਰਨ ਅਤੇ ਹੋਰ ਮੰਦੀਆਂ ਹਾਲਤਾਂ ਤੋਂ ਛੁਟਕਾਰਾ ਪਾਉਣ ਹਿਤ ਧਰਨੇ ਲਾਏ ਤੇ ਪ੍ਰਦਰਸ਼ਨ ਕੀਤੇ ਸਨ| ਜਦੋਂ ਪੁਲਿਸ ਭੀੜ ਨੂੰ ਕਾਬੂ ਕਰਨ ਹਿਤ ਯਤਨ ਕਰ ਰਹੀ ਸੀ ਤਾਂ ਕਿਸੇ ਨੇ ਪੁਲਿਸ ਵੱਲ ਬੰਬ ਸੁੱਟ ਦਿੱਤਾ ਤਾਂ ਪੁਲਿਸ ਵਲੋਂ ਚਲਾਈ ਗਈ ਗੋਲੀ ਨਾਲ 4 ਲੋਕਾਂ ਦੀ ਮੌਤ ਹੋ ਗਈ ਸੀ| ਕਿਹਾ ਜਾਂਦਾ ਹੈ ਕਿ ਇੰਨਾ ਖੂਨ ਡੁੱਲ੍ਹਿਆ ਕਿ ਮਜ਼ਦੂਰਾਂ ਦੇ ਚਿੱਟੇ ਝੰਡੇ ਦਾ ਰੰਗ ਲਾਲ ਹੋ ਗਿਆ ਅਤੇ ਉਸ ਦਿਨ ਤੋਂ ਮਜ਼ਦੂਰ ਲਾਲ ਝੰਡੇ ਨੂੰ ਆਪਣਾ ਮੰਨਦਿਆਂ ਸਲਾਮ ਕਰਦੇ ਹਨ|
ਉਸੇ ਸਾਲ ਮਿਲਵਾਕੀ ‘ਚ ਸੁਰੱਖਿਆ ਬਲਾਂ ਵਲੋਂ ਕੀਤੀ ਗਈ ਗੋਲੀ ਬਾਰੀ ਨਾਲ ਸੱਤ ਜਾਨਾਂ ਅਜਾਈਂ ਚਲੀਆਂ ਗਈਆਂ, ਜਿਨ੍ਹਾਂ ਵਿਚ ਆਪਣੇ ਘਰ ਦੇ ਲਾਅਨ ਵਿਚ ਕੰਮ ਕਰਦਾ ਇਕ ਨਿਰਦੋਸ਼ ਵਿਅਕਤੀ ਅਤੇ ਸਕੂਲ ਦਾ ਇਕ ਮਾਸੂਮ ਬਾਲਕ ਵੀ ਸ਼ਾਮਲ ਸੀ| ਡੂੰਘੇ ਵਿਰੋਧ ਕਾਰਨ ਇਹ ਦਿਨ ਮਈ ਦਿਵਸ ਜਾਂ ਮਜ਼ਦੂਰ ਦਿਵਸ ਬਣ ਗਿਆ| ਸਾਰੇ ਮਜ਼ਦੂਰ ਇਸ ਛੁੱਟੀ ਨੂੰ ਸਾਥੀ ਮਜ਼ਦੂਰਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਹਿਤ ਥਾਂ ਥਾਂ ਜਲਸੇ ਅਤੇ ਪ੍ਰਦਰਸ਼ਨ ਕਰਦੇ ਹਨ|
ਬਰਮਿੰਘਮ, ਅਲਬਾਮਾ (ਅਮਰੀਕਾ) ਵਿਚ ਬਣਾਇਆ ਵਲਕਨ ਬੁੱਤ ਲੋਹਾ ਅਤੇ ਇਸਪਾਤ ਇੰਡਸਟਰੀ ਦੇ ਵਿਸ਼ੇਸ਼ ਯੋਗਦਾਨ ਦੀ ਬਾਤ ਪਾਉਂਦਾ ਹੈ| ਇਸ ਖੇਤਰ ਦੇ ਖਾਣ ਮਜ਼ਦੂਰ ਇਸ ‘ਤੇ ਮਾਣ ਕਰਦੇ ਹਨ| ਬੁੱਤ ਪੂਰਨ ਤੌਰ ‘ਤੇ ਬਰਮਿੰਘਮ ਦੀਆਂ ਖਾਣਾਂ ਵਿਚੋਂ ਪ੍ਰਾਪਤ ਲੋਹੇ ਤੋਂ ਹੀ ਬਣਾਇਆ ਗਿਆ ਹੈ, ਜਿਸ ਦਾ ਭਾਰ ਹੱਥ ਵਿਚ ਦਿੱਤੇ ਭਾਲੇ ਸਮੇਤ 120,000 ਪੌਂਡ ਜਾਂ 54,431 ਕਿਲੋਗ੍ਰਾਮ ਹੈ। ਇਹ 123 ਫੁੱਟ ਜਾਂ 37 ਮੀਟਰ ਲੰਬੇ ਮੀਨਾਰ ਉਤੇ ਸੁਸ਼ੋਭਿਤ ਹੈ| ਬੁੱਤ ਦੀ ਛਾਤੀ ਦਾ ਘੇਰਾ 22 ਫੁੱਟ 6 ਇੰਚ ਜਾਂ 7 ਮੀਟਰ ਹੈ ਅਤੇ ਲੱਕ ਦਾ ਘੇਰਾ 18 ਫੁੱਟ 3 ਇੰਚ ਜਾਂ 6 ਮੀਟਰ ਹੈ| ਹਜ਼ਾਰਾਂ ਸੈਲਾਨੀ ਇਸ ਨੂੰ ਦੇਖਣ ਜਾਂਦੇ ਹਨ| ਸੈਲਾਨੀਆਂ ਦੇ ਦੇਖਣ ਲਈ ਇਕ ਉਚੀ ਲਿਫਟ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ|
ਇੱਕ ਕਵੀ ਹਰਦੀਪ ਵਿਰਦੀ ਨੇ ਇਕ ਗਜ਼ਲ ਵਿਚ ਆਪਣੇ ਕਾਰਖਾਨੇਦਾਰ ਮਾਲਿਕ ਨੂੰ ਉਲ੍ਹਾਮਾ ਦਿੱਤਾ ਹੈ ਕਿ ਜੇ ਉਹ ਵੀ ਮਜ਼ਦੂਰ ਬਣ ਦੇਖੇ ਤਾਂ ਉਸ ਨੂੰ ਮਜ਼ਦੂਰ ਦੀ ਹਾਲਤ ਦੀ ਸੱਚਾਈ ਨਜ਼ਰ ਆ ਸਕਦੀ ਹੈ| ਉਹ ਲਿਖਦਾ ਹੈ:
ਕਦੇ ਤੂੰ ਵੀ ਮੇਰੀ ਜੂਨ ਹੰਢਾ ਤਾਂ ਜਾਣੇ
ਰੋਟੀ ਨਿਤ ਕਮਾ ਕੇ ਖਾ ਤਾਂ ਜਾਣੇ।
ਕਿੱਦਾਂ ਪੈ ਜਾਂਦਾ ਹੈ ਫਿਕਰ ਤੜਕੇ ਹੀ
ਤੂੰ ਕਦੇ ਇੱਕ ਦਿਹਾੜੀ ਲਾ ਤਾਂ ਜਾਣੇ।
ਵਿਚ ਬੀਤੇ ਦਿਨ ਏ. ਸੀ. ਬੰਗਲੇ ਦੇ
ਕਦੇ ਧੁੱਪ-ਲੂ ਨਾਲ ਕੁਮਲਾ ਤਾਂ ਜਾਣੇ।
ਵਿਤੋਂ ਵੱਧ ਖਾ ਹੋ ਜਾਂਦਾ ਔਖਾ ਤੂੰ
ਕਦੇ ਭੁੱਖੇ ਪੇਟ ਦਿਹਾੜੀ ਲਾ ਤਾਂ ਜਾਣੇ।
ਨੋਟਾਂ ਦੇ ਥੱਬੇ ਰੱਖ ਭੁੱਲਦਾ ਏਂ
ਕਦੇ ਗਿਣਵੇਂ ਜੇਬ ‘ਚ ਪਾ ਤਾਂ ਜਾਣੇ।
ਖਾ ਖਾ ਕਾਲੇ ਧਨ ਨਾਲ ਪਲਿਆ ਏਂ
ਕਦੇ ਹੱਕ ਸੱਚ ਦੀ ਖਾ ਤਾਂ ਜਾਣੇ|
(‘ਪੰਜਾਬੀ ਜਾਗਰਣ’ ਵਿਚੋਂ ਧੰਨਵਾਦ ਸਹਿਤ)
ਸਿੱਖ ਧਰਮ ‘ਚ ਵੀ ਕਿਰਤ ਨੂੰ ਉਤਮ ਦਰਜ ਪ੍ਰਾਪਤ ਹੈ। ਮਜ਼ਦੂਰ ਨੂੰ ਸਭ ਤੋਂ ਵਧੇਰੇ ਗੁਣਾ ਵਾਲਾ ਸਮਝਿਆ ਗਿਆ ਹੈ। ਗੁਰਮਤਿ ਦੇ ਮੁਢਲੇ ਸਿਧਾਂਤ ਵਿਚ ‘ਕਿਰਤ’ ਪਹਿਲੇ ਥਾਂ ਹੈ, “ਕਿਰਤ ਕਰੋ, ਨਾਮ ਜਪੋ, ਵੰਡ ਛਕੋ।”
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ,
ਸਲੋਕ ਮ: ੧॥
ਗਿਆਨ ਵਿਹੂਣਾ ਗਾਵੈ ਗੀਤ॥
ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨ ਪੜਾਏ॥
ਫਕਰੁ ਕਰੇ ਹੋਰੁ ਜਾਤਿ ਗਵਾਏ॥
ਗੁਰੁ ਪੀਰੁ ਸਦਾਏ ਮੰਗਣ ਜਾਇ॥
ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥੧॥ (ਪੰਨਾ 1245)
ਗੁਰੂ ਜੀ ਸਮਝਾ ਰਹੇ ਹਨ ਕਿ ਪੰਡਿਤ ਦਾ ਇਹ ਹਾਲ ਹੈ ਕਿ ਉਹ ਪ੍ਰਭੂ ਦੇ ਭਜਨ ਤਾਂ ਗਾ ਲੈਂਦਾ ਹੈ ਪਰ ਆਪ ਸਮਝ ਤੋਂ ਖਾਲੀ ਹੈ ਅਰਥਾਤ ਭਜਨ ਗਾਉਣ ਨੂੰ ਉਸ ਨੇ ਰੋਜ਼ੀ-ਰੋਟੀ ਦਾ ਵਸੀਲਾ ਬਣਾ ਲਿਆ ਹੈ ਅਤੇ ਉਸ ਦੀ ਆਪਣੀ ਸਮਝ ਉਚੀ ਨਹੀਂ ਹੋ ਸਕੀ| ਭੁੱਖ ਦੇ ਮਾਰੇ ਮੁੱਲਾਂ ਦੀ ਮਸੀਤ ਵੀ ਰੋਜ਼ੀ ਦੀ ਖਾਤਿਰ ਹੀ ਹੈ ਅਰਥਾਤ ਮੁੱਲਾਂ ਨੇ ਵੀ ਬਾਂਗ ਨਮਾਜ਼ ਆਦਿ ਮਸੀਤ ਦੀ ਕ੍ਰਿਆ ਨੂੰ ਰੋਜ਼ੀ-ਰੋਟੀ ਦਾ ਵਸੀਲਾ ਹੀ ਬਣਾਇਆ ਹੋਇਆ ਹੈ| ਤੀਜੇ ਹੋਰ ਹਨ, ਜੋ ਹੱਡ ਹਰਾਮ ਹਨ ਅਤੇ ਕੰਨ ਪੜਵਾ ਲੈਂਦੇ ਹਨ| ਕੁਝ ਫਕੀਰ ਬਣ ਜਾਂਦੇ ਹਨ ਅਤੇ ਆਪਣੀ ਕੁਲ ਦੀ ਅਣਖ ਗਵਾ ਲੈਂਦੇ ਹਨ| ਭਾਵੇਂ ਉਹ ਆਪਣੇ ਆਪ ਨੂੰ ਗੁਰੂ ਪੀਰ ਅਖਵਾਂਦੇ ਹਨ ਪਰ ਰੋਟੀ ਦਰ ਦਰ ਤੋਂ ਮੰਗਦੇ ਹਨ| ਅਜਿਹੇ ਬੰਦੇ ਦੇ ਕਦੇ ਵੀ ਪੈਰੀਂ ਨਹੀਂ ਪੈਣਾ ਚਾਹੀਦਾ| ਜੋ ਮਨੁੱਖ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਖਾਂਦਾ ਹੈ, ਮੁਸ਼ੱਕਤ ਕਰਦਾ ਹੈ ਅਤੇ ਆਪਣੇ ਹੱਥੋਂ ਪੁੰਨ ਦਾਨ ਵੀ ਕਰਦਾ ਹੈ, ਉਨ੍ਹਾਂ ਬਾਰੇ ਗੁਰੂ ਜੀ ਆਖਦੇ ਹਨ ਕਿ ਅਜਿਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ|
ਮਜ਼ਦੂਰ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੇ ਰੀੜ੍ਹ ਦੀ ਹੱਡੀ ਦਾ ਧਿਆਨ ਨਾ ਰੱਖਿਆ ਜਾਵੇ ਅਤੇ ਇਹ ਰੋਗੀ ਹੋ ਜਾਵੇ ਤਾਂ ਸਾਰਾ ਸਰੀਰ ਬੇਕਾਰ ਤੇ ਰੋਗ ਗ੍ਰਸਤ ਹੋ ਜਾਵੇਗਾ। ਇਸ ਲਈ ਸਮੇਂ ਦੀ ਲੋੜ ਹੈ ਕਿ ਤੰਦਰੁਸਤ ਸਮਾਜ ਲਈ ਮਜ਼ਦੂਰਾਂ ਵੱਲ ਸਮੇਂ ਦੀਆਂ ਸਰਕਾਰਾਂ ਧਿਆਨ ਦੇਣ। ਜੇ ਅਸੀਂ ਉਨਤੀ ਕਰਨੀ ਚਾਹੁੰਦੇ ਹਾਂ ਤਾਂ ਮਜ਼ਦੂਰਾਂ ਦੀਆਂ ਸਹੂਲਤਾਂ ਦਾ ਪੂਰਾ ਧਿਆਨ ਰੱਖੀਏ|