ਸ਼ਬਦ ਗੁਰੂ, ਪੰਥ, ਬਾਦਲ ਪਰਿਵਾਰ ਅਤੇ ਪੰਥ ਦੇ ਪ੍ਰਚਾਰਕ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਪਿਛਲੇ ਕੁਝ ਸਮੇਂ ਤੋਂ ਸਿੱਖ ਜਗਤ ਵਿਚ ਬਾਦਲ ਪਰਿਵਾਰ ਦੇ ਚਰਚੇ ਪੂਰੇ ਜੋਰਾਂ ਸ਼ੋਰਾਂ ‘ਤੇ ਹਨ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਘਰ ਬੁਲਾ ਕੇ ਝੂਠੇ ਸਿਰਸਾ ਸਾਧ ਨੂੰ ਮੁਆਫੀ ਦੇਣੀ, ਗੁਰੂ ਗ੍ਰੰਥ ਸਾਹਿਬ ਦੀ ਦੇਹ ਦੀਆਂ ਵਾਰ ਵਾਰ ਬੇ-ਅਦਬੀਆਂ ਅਤੇ ਨਿਹੱਥੀ ਸੰਗਤ ‘ਤੇ ਗੋਲੀ ਚਲਾਉਣੀ-ਇਹ ਸਭ ਕਾਲੇ ਕਾਰਨਾਮੇ ਬਾਦਲ ਰਾਜ ਵਿਚ ਹੀ ਵਾਪਰਨੇ ਅਤੇ ਇਨ੍ਹਾਂ ਗੁਨਾਹਾਂ ਨੂੰ ਡੂੰਘੇ ਟੋਇਆਂ ਵਿਚ ਸੁੱਟ ਕੇ ਧਰਮੀ ਬਣੇ ਰਹਿਣਾ; ਇਹ ਕੋਈ ਛੋਟੇ ਗੁਨਾਹ ਨਹੀਂ ਸਨ। ਆਖਿਰ ਸਮਾਂ ਬਦਲਿਆ ਅਤੇ ਗੰਢੇ ਦੀਆਂ ਛਿਲੜਾਂ ਵਾਂਗ ਇਕ ਇਕ ਕਰਕੇ ਸਾਰੇ ਪਾਪ ਵੀ ਬਾਹਰ ਆ ਗਏ, “ਤਖਤਿ ਬਹੈ ਤਖਤੈ ਕੀ ਲਾਇਕ॥”
ਜੇ ਰਾਜਾ ਅੰਨਾ ਹੋਵੇ ਧ੍ਰਿਤਰਾਸ਼ਟਰ ਵਰਗਾ ਤਾਂ ਪੁੱਤਰ ਵੀ ਦੁਰਯੋਧਨ ਵਰਗਾ ਹੋਣਾ ਲਾਜ਼ਮੀ ਹੈ।

ਪਿਛਲੇ ਲੰਮੇ ਸਮੇਂ ਤੋਂ ਪੰਜਾਬ ‘ਤੇ ਰਾਜ ਕਰਨ ਵਾਲਾ ਇਹ ਇਕੱਲਾ ਪਰਿਵਾਰ ਗੁਰਦੁਆਰਿਆਂ ‘ਤੇ ਵੀ ਆਪਣਾ ਕਬਜਾ ਜਮਾਈ ਬੈਠਾ ਹੈ, ਯਾਨਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਸ ਦੇ ਨਾਲ ਹੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਮਾਲਕ ਵੀ ਇਹ ਪਰਿਵਾਰ ਹੀ ਹੈ। ਕੁਝ ਕੁ ਅਣਖੀਲੇ ਅਤੇ ਗਿਆਨਵਾਨ ਸਿੰਘਾਂ ਜਾਂ ਪਰਿਵਾਰਾਂ ਨੂੰ ਛੱਡ ਕੇ ਸਾਡੀ ਪਿੰਡਾਂ ਵਿਚ ਵੱਸਣ ਵਾਲੀ ਭੋਲੀ ਸਿੱਖ ਕੌਮ ਤਾਂ ਅਜੇ ਵੀ ਬਾਦਲ ਟੱਬਰ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਮੰਨ ਕੇ ਸਾਹ ਪਈ ਲੈਂਦੀ ਹੈ ਪਰ ਹੁਣ ਤੇਜੀ ਨਾਲ ਹਾਲਾਤ ਬਦਲਦੇ ਦਿਖਾਈ ਦੇ ਰਹੇ ਹਨ। ਦੂਜੇ ਪਾਸੇ, ਗੁਰਬਾਣੀ ਅਨੁਸਾਰ “ਖਸਮਹੁ ਘੁਥੀਆ ਫਿਰਹਿ ਨਿਮਾਣੀਆ॥” ਵਾਂਗ ਸਿੱਖ ਕੌਮ ਕੋਲ ਗੁਰੂ ਤੋਂ ਕੁਰਬਾਨ ਹੋਣ ਵਾਲਾ ਆਗੂ ਵੀ ਕੋਈ ਨਹੀਂ, ਜੋ ਇਸ ਟੱਬਰ ਨੂੰ ਮਾਤ ਦੇ ਕੇ ਗੁਰੂ ਘਰਾਂ ਨੂੰ ਆਜ਼ਾਦ ਕਰਵਾਏ ਅਤੇ ਕੌਮ ਨੂੰ ਸੁਚੱਜੀ ਅਗਵਾਈ ਵੀ ਦੇ ਸਕੇ। ਇਸ ਮੱਚੇ ਘਮਸਾਣ ਵਿਚ ਸਿੱਖ ਕੌਮ ਦੇ ਪ੍ਰਚਾਰਕ ਵੀ ਆਪੋ-ਆਪਣੀ ਬੋਲੀ ਤੇ ਆਪੋ-ਆਪਣੀ ਲੋੜ ਮੁਤਾਬਕ ਗੁਰਬਾਣੀ ਦੀ ਵਰਤੋਂ ਕਰੀ ਜਾ ਰਹੇ ਹਨ। ਜਦ ਕੌਮ ਕੋਲ ਕੋਈ ਉਚੇ ਸੁੱਚੇ ਕਿਰਦਾਰ ਵਾਲਾ ਆਗੂ ਨਾ ਹੋਵੇ ਤਾਂ ਫਿਰ ਜੋ ਹੁੰਦਾ ਹੈ, ਹੁਣ ਉਹੀ ਤਾਂ ਹੋ ਰਿਹਾ ਹੈ ਅਤੇ ਸ਼ੱਰੇਆਮ ਹੋ ਰਿਹਾ ਹੈ।
ਅੱਜ ਸਾਡੀ ਕੌਮ ਦੇ ਨਵੀਂ ਪੀੜ੍ਹੀ ਦੇ ਕੀਰਤਨੀਏ ਸਿੰਘਾਂ ਦੇ ਚਿਹਰੇ-ਮੋਹਰੇ ਦੇਖਣ ਵਾਲੇ ਹਨ। ਬਜੁਰਗ ਅਤੇ ਅਧੇੜ ਉਮਰ ਦੇ ਕੀਰਤਨੀਏ ਸਿੰਘਾਂ ਨੂੰ ਛੱਡ ਕੇ ਕਦੀ ਸਾਈਡ ‘ਤੇ ਬੈਠੇ ਜਾਂ ਤਬਲੇ ‘ਤੇ ਸੰਗਤ ਕਰਦੇ (ਸਾਰੇ ਨਹੀਂ) ਕਈ ਜਵਾਨਾਂ ਦੇ ਮੂੰਹ ਮੱਥੇ ਦੇਖੋ ਤਾਂ ਸਹੀ, ਉਹ ਕਿੰਨੀ ਮਿਹਨਤ ਅਤੇ ਲਗਨ ਨਾਲ ਅਪਣੇ ਦਾਹੜੇ ਸੰਵਾਰ-ਸ਼ਿੰਗਾਰ ਕੇ ਰੱਖਦੇ ਹਨ। ਪਤਾ ਨਹੀਂ ਉਹ ਅਪਣੇ ਦਾਹੜੇ ਟ੍ਰਿਮ ਕਰਨ ‘ਤੇ ਕਿੰਨੀ ਮਿਹਨਤ ਕਰਦੇ ਹਨ, ਪਰ ਪੁੱਛੇ ਕੌਣ? ਕੀ ਕਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਗਲ ਕਿਸੇ ਨੇ ਗਾਤਰੇ ਕਿਰਪਾਨ ਪਈ ਦੇਖੀ ਹੈ? ਨਾ ਜੀ ਨਾ! ਲੋੜ ਹੀ ਨਹੀਂ। ਦਾਹੜਾ ਬੰਨ ਕੇ ਪੂਰੇ ਠਾਠ ਨਾਲ ਵਿਚਰਦੇ ਹਨ।
ਸੁਣੀਂਦਾ ਤਾਂ ਇਹ ਵੀ ਹੈ ਕਿ ਸਾਰਾ ਬਾਦਲ ਪਰਿਵਾਰ ਅੰਮ੍ਰਿਤਧਾਰੀ ਹੈ ਪਰ ਬੀਬੀ ਹਰਸਿਮਰਤ ਕੌਰ ਦੇ ਗਲ ਵੀ ਅਸਾਂ ਕਦੇ ਕਿਰਪਾਨ ਨਹੀਂ ਵੇਖੀ। ਵੇਖੀ ਤਾਂ ਅਸਾਂ ਕਦੀ ਵੱਡੇ ਬਾਦਲ ਸਾਹਿਬ ਦੇ ਗਲ ਵੀ ਕੋਈ ਨਹੀਂ। ਚਲੋ ਜੇ ਮਾਲਕਾਂ ਨੂੰ ਗੁਰੂ ਦਾ ਡਰ ਭੈਅ ਕੋਈ ਨਹੀ ਤਾਂ ਨੌਕਰਾਂ ਨੂੰ ਕਾਹਦਾ? ਸਿਰ ‘ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ ਜਾਂ ਫਿਰ ਸਈਆਂ ਭਏ ਕੁਤਵਾਲ ਅਬ ਡਰ ਕਾਹੇ ਕਾ! ਇਹ ਗੁਰੂ ਦੇ ਕੀਰਤਨੀ ਜਥਿਆਂ ਨਾਲ ਬੈਠੇ ਨੌਜਵਾਨ ਮੁੰਡੇ ਇਨ੍ਹਾਂ ਦੇ ਮੁੱਖ ਰਾਗੀ ਸਿੰਘਾਂ ਨੂੰ ਨਜ਼ਰ ਨਹੀਂ ਆਉਂਦੇ ਜਾਂ ਉਹ ਵੀ ਉਨ੍ਹਾਂ ਦੇ ਜਥੇ ਵਿਚੋਂ ਦੌੜ ਜਾਣ ਤੋਂ ਡਰਦੇ ਹਨ?
ਕਿਥੇ ਗਈ ਰਹਿਤ ਅਤੇ ਕਿਥੇ ਗਈ ਮਰਿਆਦਾ? ਅਸੀਂ ਤਾਂ ਬਚਪਨ ਤੋਂ ਇਹੋ ਹੀ ਸਿਖਿਆ ਸੀ ਕਿ ਗੁਰੂ ਜ਼ਾਹਰਾ ਜ਼ਹੂਰ ਹੈ ਹਾਜਰਾ ਹਜੂਰ ਹੈ। ਹੁਣ ਵੀ ਮੰਨਦੇ ਹਾਂ ਅਤੇ ਆਖਰੀ ਸਵਾਸ ਤੀਕ ਮੰਨਾਂਗੇ, ਪਰ ਇਨ੍ਹਾਂ ਨੂੰ ਕੀ? ਦੂਜੇ ਧਰਮਾਂ ਵਾਲਿਆਂ ਨੂੰ ਅਸੀਂ ਮੰਦਾ-ਚੰਗਾ ਆਖਦੇ ਨਹੀਂ ਥੱਕਦੇ, ਪਰ ਜਿੰਨੀ ਮਨ ਮੱਤ ਅੱਜ ਗੁਰੂ ਘਰਾਂ ਵਿਚ ਚਲਦੀ ਪਈ ਹੈ, ਉਸ ਦਾ ਕੋਈ ਸਿਰਾ ਬੰਨਾ ਹੀ ਨਹੀਂ। ਸਾਡੇ ਸਤਿਗੁਰਾਂ ਨੇ ਮੂਰਤੀ ਪੂਜਾ ਦੇ ਪਖੰਡ ਤੋਂ ਸਾਨੂੰ ਬਚਣ ਲਈ ਆਖਿਆ ਸੀ ਪਰ ਅਸੀਂ ਮੂਰਤੀ ਪੂਜਾ ਤੋਂ ਬਹੁਤ ਅੱਗੇ ਨਿਕਲ ਚੁਕੇ ਹਾਂ। ਦੂਜੇ ਧਰਮਾਂ ਦੀਆਂ ਰਸਮਾਂ ਨੂੰ ਸਾਡੇ ਲੋਕ ਪਾਣੀ ਪੀ ਪੀ ਕੇ ਕੋਸਦੇ ਹਨ ਕਿ ਉਹ ਮੂਰਤੀਆਂ ਨੂੰ ਦੁਧ ਪਿਆਉਂਦੇ ਹਨ ਜਾਂ ਦੁੱਧ ਨਾਲ ਇਸ਼ਨਾਨ ਕਰਵਾਉਂਦੇ ਹਨ, ਪਰ ਹਰ ਰੋਜ਼ ਰਾਤ ਨੂੰ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਦੇ ਅੰਦਰਲਾ ਸਾਰਾ ਫਰਸ਼ ਦੁੱਧ ਨਾਲ ਧੋਤਾ ਜਾਂਦਾ ਹੈ, ਉਹ ਕਿਉਂ? ਕੀ ਇਹ ਸਤਿਗੁਰਾਂ ਦਾ ਹੁਕਮ ਹੈ ਅਤੇ ਜਾਂ ਸਾਡੀ ਸਿੱਖ ਰਹਿਤ ਮਰਿਆਦਾ ਦੇ ਖਰੜੇ ਵਿਚ ਇਹ ਸ਼ਾਮਿਲ ਹੈ ਕਿ ਸ਼ਬਦ ਗੁਰੂ ਦੇ ਪ੍ਰਕਾਸ਼ ਵਾਲੇ ਅਸਥਾਨ ਨੂੰ ਰੋਜ਼ ਦੁੱਧ ਨਾਲ ਧੋਣਾ ਹੈ? ਜੇ ਹੁਕਮ ਵੀ ਨਹੀਂ, ਮਰਿਆਦਾ ਵਿਚ ਵੀ ਨਹੀਂ ਤਾਂ ਕਿਉਂ ਧੋਤਾ ਜਾ ਰਿਹਾ ਹੈ?
ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ: ਪੰਥ ਵਲੋਂ ਹੁਕਮ ਹੈ ਕਿ ਇਸ ਪੰਥ ਪ੍ਰਵਾਨਤ ਰਹਿਤ ਮਰਿਆਦਾ ਦਾ ਖਰੜਾ ਗੁਰੂ ਘਰਾਂ ਤੋਂ ਇਲਾਵਾ ਹਰ ਸਿੱਖ ਪਰਿਵਾਰ ਦੇ ਘਰ ਹੋਵੇ ਅਤੇ ਇਸ ‘ਤੇ ਅਮਲ ਵੀ ਕੀਤਾ ਜਾਵੇ।
ਅੱਗੇ ਵੇਖੋ ਸਾਡੀ ਸਿੱਖ ਰਹਿਤ ਮਰਿਆਦਾ ਕੀ ਪਈ ਆਖਦੀ ਹੈ:
ਇਸ ਦੇ ਪੰਨਾ 18 ‘ਤੇ ਲਿਖਿਆ ਹੈ, (A) ਸਿਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਣ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ, (ਇਸ ਗੱਲ ਬਾਬਤ ਪੰਥ ‘ਚ ਅਜੇ ਤਕ ਮਤਭੇਦ ਹੈ) ਭਾਵ ਦਿਲ ਕਰੇ ਤਾਂ ਰਾਗ ਮਾਲਾ ਪੜ੍ਹ ਲਵੋ, ਦਿਲ ਕਰੇ ਤਾਂ ਨਾ ਪੜ੍ਹੋ।
ਗੁਰਮਤਿ ਦੀ ਰਹਿਣੀ: ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦੇ ਪੰਨਾ 20 ‘ਤੇ ਲਿਖਿਆ ਹੈ,
(ਛ) ਗੁਰੂ ਕਾ ਸਿੱਖ ਕੰਨਿਆ ਨਾ ਮਾਰੇ, ਕੁੜੀ-ਮਾਰ ਨਾਲ ਨਾ ਵਰਤੇ। ਪਰ ਸਾਡੇ ਲੀਡਰ ਅਤੇ ਆਗੂ ਤਾਂ ਆਪ ਇਹ ਕਾਰਜ ਕਰ ਕੇ ਵੀ ਜੈਕਾਰੇ ਲਾਉਂਦੇ ਨਹੀਂ ਥੱਕਦੇ। ਇਥੇ ਹੀ ਬਸ ਨਹੀਂ।
ਉਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ ਵਾਂਗ ਅੱਜ ਹਰ ਕੋਈ ਬਾਵਲਾ ਹੋਇਆ ਫਿਰਦਾ ਹੈ।
ਕੋਈ ਦੋ ਕੁ ਮਹੀਨੇ ਪਹਿਲਾਂ ਦੀ ਗੱਲ ਹੈ, ਪੀæ ਟੀæ ਸੀæ ‘ਤੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਤੋਂ ਸਿੱਧਾ ਕੀਰਤਨ ਆ ਰਿਹਾ ਸੀ ਕਿ ਕੀਰਤਨ ਕਰਦਿਆਂ ਜਥੇ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਇਕ ਪਉੜੀ ਦਾ ਗਾਇਨ ਕੀਤਾ,
ਮੇਹੀਵਾਲ ਨੋ ਸੋਹਣੀ ਨੈ ਤਰਦੀ ਰਾਤੀ।
ਰਾਂਝਾ ਹੀਰ ਵਖਾਣੀਐ ਉਹ ਪਿਰਮ ਪਿਰਾਤੀ।
ਮੈਂ ਜਿਵੇਂ ਕੰਬ ਉਠੀ, ਇਹ ਦੇਖ-ਸੁਣ ਕੇ। ਮੈਨੂੰ ਸਮਝ ਹੀ ਨਾ ਆਵੇ ਕਿ ਇਹ ਹੋ ਕੀ ਰਿਹਾ ਹੈ। ਪਿਤਾ ਪੁਰਖੀ ਗੁਰੂ ਦੀ ਸੇਵਾ ਵਿਚ ਹੋਣ ਕਰਕੇ ਅਤੇ ਬਚਪਨ ਤੋਂ ਲੈ ਕੇ ਹੁਣ ਤੀਕ ਮੈਂ ਆਪਣੇ ਜੀਵਨ ਵਿਚ ਇਸ ਪਉੜੀ ਦਾ ਕਦੀ ਕੀਰਤਨ ਨਹੀਂ ਸੁਣਿਆ ਅਤੇ ਉਹ ਵੀ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਦੇ ਪਾਵਨ ਅਸਥਾਨ ਉਤੇ।
ਇਕ ਪਾਸੇ ਰਾਗਮਾਲਾ ਦਾ ਵਿਵਾਦ, ਦੂਜੇ ਪਾਸੇ ਦਸਮ ਗ੍ਰੰਥ ਬਾਰੇ ਵਿਵਾਦ। ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬਾਂ ਦੀਆਂ ਤਾਰੀਕਾਂ ਦੇ ਵਿਵਾਦ। ਖੰਡੇ ਬਾਟੇ ਦੇ ਅੰਮ੍ਰਿਤ ਦੇ ਵਿਵਾਦ ਅਤੇ ਹੁਣ ਇਹ ਸੋਹਣੀ-ਮਹੀਂਵਾਲ, ਹੀਰ-ਰਾਂਝਾ, ਸੱਸੀ-ਪੁਨੂੰ ਅਤੇ ਲੈਲਾ-ਮਜਨੂ ਦੀ ਪਉੜੀ ਦਾ ਕੀਰਤਨ!
ਮੈਂ ਨਾ ਪੰਥ ਦੋਖੀ ਹਾਂ ਅਤੇ ਨਾ ਹੀ ਕਿਸੇ ਪਾਰਟੀ ਜਾਂ ਕੀਰਤਨੀਏ ਦੇ ਖਿਲਾਫ ਹਾਂ, ਪਰ ਇਸ ਸਿਸਟਮ ਦੇ ਜ਼ਰੂਰ ਖਿਲਾਫ ਹਾਂ। ਇਹ ਸਭ ਸੁਣ ਕੇ ਪੰਥ ਕੀ ਸੋਚਦਾ ਹੈ, ਸੰਗਤਾਂ ਕੀ ਸੋਚਦੀਆਂ ਹਨ, ਪਤਾ ਨਹੀਂ? ਪਰ ਮੇਰੇ ਤੋਂ ਸਹਿਣ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਭਾਈ ਗੁਰਦਾਸ ਦੀਆਂ ਵਾਰਾਂ ਅਤੇ ਭਾਈ ਨੰਦ ਲਾਲ ਦੀਆਂ ਲਿਖਤਾਂ ਪੰਥ ਪ੍ਰਵਾਨਤ ਹਨ, ਪਰ ਕੀ ਭਾਈ ਗੁਰਦਾਸ ਦੀਆਂ ਸਭ ਵਾਰਾਂ ਜਾਂ ਪਉੜੀਆਂ ਦਾ ਕੀਰਤਨ ਹੁੰਦਾ ਹੈ? ਬਿਲਕੁਲ ਨਹੀਂ, ਕੁਝ ਕੁ ਹੀ ਪ੍ਰਚਲਿਤ ਵਾਰਾਂ ਸਵੱਈਏ ਅਤੇ ਕਬਿਤ ਹੀ ਸੁਣੀਦੇ ਹਨ। ਸੋਹਣੀ ਮਹੀਂਵਾਲ ਵਾਲੀ ਪਉੜੀ ਦਾ ਕੀਰਤਨ ਤਾਂ ਅਸੀਂ ਕਦੀ ਨਹੀਂ ਸੁਣਿਆ। ਜਦੋਂ ਲੀਡਰਸ਼ਿਪ ਹੀ ਉਹੋ ਜਿਹੀ ਹੈ ਤਾਂ ਕੀਰਤਨੀਏ ਅਤੇ ਪ੍ਰਚਾਰਕ ਵੀ ਮਨਮਾਨੀਆਂ ਕਰਨਗੇ। ਪਰ ਮੈਂ ਤਾਂ ਅਜੇ ਵੀ ਪ੍ਰੇਸ਼ਾਨ ਹਾਂ ਕਿ ਜੇ ਸੋਹਣੀ-ਮਹੀਂਵਾਲ ਜਾਂ ਹੀਰ-ਰਾਂਝੇ ਵਰਗੇ ਆਸ਼ਕਾਂ ਦੀਆਂ ਗੱਲਾਂ ਹੁਣ ਕੀਰਤਨ ਵਿਚ ਹੋਣਗੀਆਂ, ਉਹ ਵੀ ਹਰਮੰਦਿਰ ਸਾਹਿਬ ਦੇ ਅੰਦਰ ਤਾਂ ਅਸੀਂ ਸਮਾਜ ਨੂੰ ਕੀ ਸਿਖਿਆ ਦੇ ਰਹੇ ਹਾਂ? ਵਾਹ! ਠੀਕ ਹੈ, ਪੰਥ ਵੀ ਤੁਹਾਡਾ ਹੈ, ਗੁਰਦੁਆਰਿਆਂ ‘ਤੇ ਵੀ ਕਾਬਜ ਤੁਸੀਂ ਹੋ, ਕੀਰਤਨੀਏ ਵੀ ਤੁਹਾਡੇ ਹਨ, ਐਲਾਨ ਕਰ ਦਿਓ ਕਿ ਸੱਭਿਆਚਾਰ ਵਾਲੇ ਪਾਸੇ ਤਾਂ ਪਹਿਲਾਂ ਹੀ ਇਨ੍ਹਾਂ ਆਸ਼ਕਾਂ ਨੂੰ ਮਾਨਤਾ ਸਹਿਤ ਸਤਿਕਾਰਿਆ ਜਾਂਦਾ ਹੈ, ਹੁਣ ਧਰਮ ਵੀ ਇਨ੍ਹਾਂ ਦਾ ਸਨਮਾਨ ਕਰਿਆ ਕਰੇਗਾ। ਹੁਣ ਗੁਰਬਾਣੀ ਦੇ ਨਾਲ ਇਨ੍ਹਾਂ ਆਸ਼ਕਾਂ ਦਾ ਵੀ ਸ਼ੱਰੇਆਮ ਪ੍ਰਚਾਰ ਹੋਵੇਗਾ ਤਾਂ ਕਿ ਬਚਿਆ ਖੁਚਿਆ ਸਮਾਜ ਵੀ ਉਜਾੜੇ ਦੇ ਰਾਹ ‘ਤੇ ਤੁਰ ਸਕੇ।
ਕੁਝ ਦਿਨ ਪਹਿਲਾਂ ਇਕ ਪੰਜਾਬੀ ਚੈਨਲ ‘ਤੇ ਕੋਈ ਭਾਈ ਸਾਹਿਬ, ਡਾæ ਮਹਿੰਦਰ ਸਿੰਘ ਚਮਕੌਰ ਗੜ੍ਹੀ ਦੇ ਸਾਕੇ ਬਾਰੇ ਬੋਲ ਰਹੇ ਸਨ ਕਿ ਜਦ ਗੜ੍ਹੀ ਛੱਡ ਕੇ ਜਾਂਦਿਆਂ ਮੈਦਾਨੇ ਜੰਗ ਵਿਚ ਅਜੀਤ-ਜੁਝਾਰ ਦੀਆਂ ਲਾਸ਼ਾਂ ਪਈਆਂ ਵੇਖੀਆਂ ਤਾਂ ਭਾਈ ਦਇਆ ਸਿੰਘ ਨੇ ਕਿਹਾ, ਸਤਿਗੁਰੂ ਇੰਨੇ ਨਿਰਮੋਹੀ ਨਾ ਹੋਵੋ, ਬੱਚਿਆਂ ਵਲ ਨਜ਼ਰ ਭਰ ਕੇ ਦੇਖੋ ਤਾਂ ਸਹੀ; ਤਾਂ ਸਤਿਗੁਰੂ ਜੀ ਬੋਲੇ, ਭਲਾ ਹੋਇਆ ਮੇਰਾ ਚਰਖਾ ਟੁਟਾ ਜਿੰਦ ਅਜਾਬੋਂ ਛੁੱਟੀ।
ਵਾਹ ਮੇਰੀ ਕੌਮ ਦੇ ਬੁਲਾਰਿਓ, ਕੌਮ ਨੂੰ ਕੀ ਪਏ ਪਰੋਸਦੇ ਹੋ, ਕੀ ਪਏ ਵੰਡਦੇ ਹੋ? ਕੀ ਹੋ ਗਿਆ ਏ ਤੁਹਾਨੂੰ ਅਤੇ ਤੁਸੀਂ ਕਿਸ ਪਾਸੇ ਨੂੰ ਤੁਰ ਪਏ ਹੋ? ਕਿਉਂ ਅਨਰਥ ਕਰੀ ਜਾਂਦੇ ਓ? ਗੁਰੂ ਤੋਂ ਵੀ ਡਰੋ, ਰੱਬ ਤੋਂ ਵੀ ਡਰੋ। ਇਤਿਹਾਸ ਨੂੰ ਤਮਾਸ਼ਾ ਨਾ ਬਣਾਓ, ਰੱਬ ਦੀ ਡਾਂਗ ਬੇ-ਆਵਾਜ਼ ਹੈ, ਜਦ ਵਰ੍ਹਦੀ ਹੈ ਤਾਂ ਸਭ ਖਤਮ ਕਰ ਦਿੰਦੀ ਹੈ, ਪਰ ਬਾਦਲ ਪਰਿਵਾਰ ਤਾਂ ਅਜੇ ਵੀ ਗੁਰੂ ਗ੍ਰੰਥ ਅਤੇ ਪੰਥ ਦਾ ਮਾਲਕ ਹੈ। ਫਿਰ ਲੀਡਰਾਂ, ਪ੍ਰਚਾਰਕਾਂ ਜਾਂ ਕੀਰਤਨੀਆਂ ਨੂੰ ਕੌਣ ਮੋੜ ਸਕਦਾ ਹੈ?
ਕੌਮ ਨੂੰ ਤਾਂ ਆਪਸ ਵਿਚ ਲੜਨ ਤੋਂ ਹੀ ਕਦੀ ਵਿਹਲ ਨਹੀਂ ਮਿਲਣੀ। ਹੁਣ ਮੈਂ ਕੀ ਕਰਾਂ? ਹਾਂ ਸਤਿਗੁਰਾਂ ਅੱਗੇ ਅਰਦਾਸ ਜ਼ਰੂਰ ਕਰ ਸਕਦੀ ਹਾਂ। ਆਓ, ਪਿਤਾ ਜੀ ਆਪਣੇ ਪੰਥ ਦਾ ਹਾਲ ਵੇਖ ਲਓ।