ਪੰਜਾਬ ਵਿਚ ਉਪਰੋਥਲੀ ਹੋ ਰਹੀਆਂ ਘਟਨਾਵਾਂ ਨੇ ਇਕੱਲੇ ਪੰਜਾਬੀਆਂ ਨੂੰ ਹੀ ਨਹੀਂ, ਹਰ ਸੰਜੀਦਾ ਬੰਦੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਨਸ਼ਿਆਂ ਵਿਚ ਗਰਕ ਹੋ ਰਹੇ ਨੌਜਵਾਨ, ਧੀਆਂ-ਧਿਆਣੀਆਂ ਦੀ ਹੋ ਰਹੀ ਬੇਪਤੀ ਅਤੇ ਮਾਪਿਆਂ ਦੀ ਬੇਵਸੀ ਨੇ ਅੱਜ ਸਭ ਨੂੰ ਬੇਹਿੱਸ/ਬੇਜਾਨ ਜਿਹਾ ਕਰ ਕੇ ਰੱਖ ਦਿੱਤਾ ਹੈ। ਨਿੱਤ ਦਿਨ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ, ਪਰ ਚਾਰ ਕੁ ਦਿਨਾਂ ਦੇ ਸੋਗ ਅਤੇ ਰੌਲੇ-ਰੱਪੇ ਤੋਂ ਬਾਅਦ ਇਹ ਸਿਲਸਿਲਾ ਫਿਰ ਉਸੇ ਚਾਲੇ ਚੱਲਣ ਲੱਗਦਾ ਹੈ। ਕਿਤੇ ਕੋਈ ਮੋੜਾ ਪੈਣ ਦੀ ਸੂਹ ਨਹੀਂ ਮਿਲ ਰਹੀ, ਸਗੋਂ ਹਰ ਘਟਨਾ ਪਹਿਲੀ ਨਾਲੋਂ ਵੀ ਭਿਅੰਕਰ ਰੂਪ ਅਖਤਿਆਰ ਕਰ ਕੇ ਅੱਖਾਂ ਵਿਚੋਂ ਨੀਂਦ ਉਡਾ ਰਹੀ ਹੈ। ਲਗਦਾ ਹੈ ਕਿ ਸਾਡੇ ਵਤਨ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਸ਼ਾਇਰ ਸੁਰਜੀਤ ਪਾਤਰ ਨੇ ‘ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ/ਲੈ ਕੇ ਮਿਰਚਾਂ ਕੌੜੀਆਂ, ਇਹਦੇ ਸਿਰ ਤੋਂ ਵਾਰੋ’ ਉਸ ਵੇਲੇ ਲਿਖਿਆ ਸੀ ਜਦੋਂ ਪੰਜਾਬ ਲਹੂ-ਲੁਹਾਣ ਹੋਇਆ ਪਿਆ ਸੀ। ਉਸ ਦੌਰ ਵਿਚ ਪੰਜਾਬ ਸਿਰ ਛਾਏ ਕਾਲੇ ਬੱਦਲਾਂ ਦੇ ਬਹੁਤ ਸਾਰੇ ਕਾਰਨ ਸਨ ਜਿਨ੍ਹਾਂ ਬਾਰੇ ਚਰਚਾ ਪੰਜਾਬੀ ਪਿਆਰੇ ਗਾਹੇ-ਬਗਾਹੇ ਕਰਦੇ ਰਹਿੰਦੇ ਹਨ। ਕੁਝ ਤੱਥਾਂ ਨਾਲ ਸਹਿਮਤੀ-ਅਸਹਿਮਤੀ ਦੇ ਬਾਵਜੂਦ ਸਾਰੇ ਇਹ ਮੰਨਦੇ ਹਨ ਕਿ ਉਸ ਦੌਰ ਵਿਚ ਸਾਰੀਆਂ ਧਿਰਾਂ ਕੁਝ ਵਧੇਰੇ ਹੀ ਤੱਤੀਆਂ ਵਗੀਆਂ। ਕਿਸੇ ਇਕ ਧਿਰ ਦੀ ਸੰਜੀਦਾ ਸਿਆਸਤ ਉਨ੍ਹਾਂ ਕਾਲੇ ਬੱਦਲਾਂ ਨੂੰ ਉੜਾ ਸਕਦੀ ਸੀ, ਪਰ ਉਸ ਦੌਰ ਵਿਚ ਤਾਂ ਇਕ-ਦੂਜੇ ਦੀ ਗੱਲ ਸੁਣਨ ਦਾ ਰਿਵਾਜ ਤਕਰੀਬਨ ਖਤਮ ਹੀ ਹੋ ਗਿਆ ਸੀ। ਉਦੋਂ ਸਾਰੀਆਂ ਧਿਰਾਂ ਦੇ ਕੱਟੇ ਕੂਹਣੀ ਮੋੜਾਂ ਨੇ ਸਮੁੱਚੇ ਪੰਜਾਬ ਨੂੰ ਛਿੱਲ ਕੇ ਰੱਖ ਦਿੱਤਾ ਸੀ ਜਿਸ ਦੇ ਜ਼ਖਮ ਅੱਜ ਤੱਕ ਵੀ ਨਹੀਂ ਭਰੇ, ਸਗੋਂ ਰਿਸ ਰਹੇ ਹਨ। ਹੁਣ ਪਿਛਲੇ ਇਕ-ਡੇਢ ਦਹਾਕੇ ਤੋਂ ਪੰਜਾਬ ਦੀ ਸਿਆਸਤ ਅਤੇ ਇਸ ਦੇ ਰੰਗ-ਢੰਗ ਵਿਚ ਜੋ ਤਿੱਖੇ ਮੋੜ ਆ ਰਹੇ ਸਨ, ਉਸ ਤੋਂ ਇਹ ਕਨਸੋਅ ਤਾਂ ਮਿਲਦੀ ਸੀ ਕਿ ਇਕ ਵਾਰ ਫਿਰ ਕੁਝ ਮਾੜਾ ਹੋਣ ਜਾ ਰਿਹਾ ਹੈ, ਪਰ ਪੰਜਾਬ ਦੇ ਸਿਰ ਉਤੇ ਜੋ ਝੱਖੜ ਅੱਜ ਝੁੱਲ ਰਿਹਾ ਹੈ, ਇਸ ਦਾ ਕਿਆਸ ਸ਼ਾਇਦ ਕਿਸੇ ਨੇ ਵੀ ਨਹੀਂ ਸੀ ਕੀਤਾ। ਇਸ ਝੱਖੜ ਦਾ ਇਕ ਸਿਰਾ ਬਹੁਤ ਬੀਬੇ ਬਣ-ਬਣ ਬਹਿੰਦੇ ਸਾਡੇ ਸਿਆਸਤਦਾਨਾਂ ਤੇ ਦੂਜਾ ਸਿਰਾ ਨਸ਼ਿਆਂ ਦੇ ਸਮਗਲਰਾਂ ਅਤੇ ਤੀਜਾ ਸਿਰਾ ਨੌਕਰਸ਼ਾਹਾਂ ਨਾਲ ਜੁੜਿਆ ਹੋਇਆ ਹੈ। ਸਿਆਸਤਦਾਨਾਂ, ਸਮਗਲਰਾਂ ਅਤੇ ਨੌਕਰਸ਼ਾਹਾਂ ਦੀ ਇਸ ਤਿੱਕੜੀ ਨੇ ਜੋ ਤਬਾਹੀ ਪੰਜਾਬ ਵਿਚ ਮਚਾਈ ਹੈ ਤੇ ਜਿਹੜਾ ਨੁਕਸਾਨ ਅੱਜ ਹੋ ਰਿਹਾ ਹੈ, ਉਸ ਦੀ ਭਰਪਾਈ ਸ਼ਾਇਦ ਦਹਾਕਿਆਂ ਤੱਕ ਵੀ ਨਾ ਕੀਤੀ ਜਾ ਸਕੇ। ਸਿਤਮਜ਼ਰੀਫੀ ਇਹ ਹੈ ਕਿ ਇਸ ਤਬਾਹੀ ਦਾ ਸਾਰਾ ਦੋਸ਼ ਨੌਜਵਾਨਾਂ ਉਤੇ ਸੁੱਟ ਕੇ ਇਹ ਤਿੱਕੜੀ ਆਪ ਦੁੱਧ-ਧੋਤੀ ਹੋ ਨਿਕਲੀ ਹੈ। ਇਨ੍ਹਾਂ ਨੇ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਵਿਹਲੇ ਅਤੇ ਨਕਾਰਾ ਸਾਬਤ ਕੀਤਾ; ਹੁਣ ਨਸ਼ਈ, ਗੁੰਡੇ ਅਤੇ ਬਦਮਾਸ਼ਾਂ ਦਾ ਠੱਪਾ ਲਾਉਣ ਲੱਗੀ ਹੋਈ ਹੈ। ਇਸੇ ਕਾਰਨ ਅੱਜ ਇਸ ਸੰਕਟ ਦੀ ਸਹੀ ਨਿਸ਼ਾਨਦੇਹੀ ਕਰਨ ਵਿਚ ਔਖ ਆ ਰਹੀ ਹੈ।
ਨਸ਼ੀਲੇ ਪਦਾਰਥ ਪਹਿਲਾਂ ਵੀ ਪੰਜਾਬ ਵਿਚ ਆਉਂਦੇ ਰਹੇ ਹਨ। ਇਨ੍ਹਾਂ ਪਦਾਰਥਾਂ ਦੇ ਗੜ੍ਹ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਹੋਰ ਥਾਂਈਂ ਇਹ ਨਸ਼ੀਲੇ ਪਦਾਰਥ ਅਪੜਾਉਣ ਦਾ ਲਾਂਘਾ ਪੰਜਾਬ ਵਿਚੋਂ ਹੋ ਕੇ ਹੀ ਲੰਘਦਾ ਹੈ; ਪਰ ਜਦੋਂ ਤੋਂ ਨਸ਼ਿਆਂ ਦੇ ਸਮਗਲਰਾਂ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੋਈ ਹੈ ਅਤੇ ਕੱਚੇ ਨਸ਼ੀਲੇ ਪਦਾਰਥ ਕਸ਼ੀਦਣ ਦਾ ਕੰਮ ਪੰਜਾਬ ਵਿਚ ਹੋਣ ਲੱਗਿਆ ਹੈ, ਇਨ੍ਹਾਂ ਦੀ ਖਪਤ ਪੰਜਾਬ ਵਿਚ ਵੀ ਤੇਜ਼ੀ ਨਾਲ ਵਧਣ ਲੱਗ ਪਈ ਹੈ। ਸਿਆਸਤ ਦੇ ਅਪਰਾਧੀਕਰਨ ਨੇ ਇਸ ਅਮਲ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ। ਅੱਜ ਇਹੀ ਅਮਲ ਝੱਖੜ ਬਣ ਕੇ ਪੰਜਾਬ ਦੇ ਪਿੰਡੇ ਉਤੇ ਕਹਿਰ ਵਰਸਾ ਰਿਹਾ ਹੈ। ਕਿਸੇ ਵੀ ਸਰਕਾਰ ਜਾਂ ਸੰਸਥਾ ਨੇ ਨਸ਼ਿਆਂ ਦੇ ਇਸ ਸਿੰਡੀਕੇਟ ਨੂੰ ਭੰਨਣ ਦੀ ਇੱਛਾ ਨਹੀਂ ਦਿਖਾਈ। ਹਾਂ, ਆਪਣੀ ਨਾਲਾਇਕੀ ਢਕਣ ਲਈ ਸਾਰਾ ਦੋਸ਼ ਨੌਜਵਾਨਾਂ ਸਿਰ ਜ਼ਰੂਰ ਮੜ੍ਹ ਦਿੱਤਾ ਹੈ। ਪੰਜਾਬ ਮੁੱਖ ਰੂਪ ਵਿਚ ਖੇਤੀ ਪ੍ਰਧਾਨ ਸੂਬਾ ਸੀ। ਇਸ ਦੇ ਨੌਜਵਾਨਾਂ ਨੇ ਆਪਣੀ ਮਿਹਨਤ ਸਦਕਾ ਸਾਰੇ ਦੇਸ਼ ਦਾ ਢਿੱਡ ਭਰਿਆ, ਪਰ ਇਵਜ਼ ਵਿਚ ਇਨ੍ਹਾਂ ਨੂੰ ਜਦੋਂ ਦੋ ਕਦਮ ਹੋਰ ਅੱਗੇ ਲੈ ਕੇ ਜਾਣਾ ਸੀ ਤਾਂ ਇਨ੍ਹਾਂ ਦੇ ਪੈਰੀਂ ਪਹਾੜ ਬੰਨ੍ਹ ਦਿੱਤੇ ਗਏ। 1947 ਵਿਚ ਅੰਗਰੇਜ਼ਾਂ ਦੇ ਦੇਸ਼ ਛੱਡਣ ਤੋਂ ਬਾਅਦ ਜੇ ਇਕ-ਇਕ ਦਹਾਕੇ ਦੇ ਹਿਸਾਬ ਨਾਲ ਨੌਜਵਾਨਾਂ ਦੀ ਹਿੰਮਤ ਅਤੇ ਸਿਆਸਤਦਾਨਾਂ ਦੀ ਸਰਗਰਮੀ ਦੀ ਪੁਣ-ਛਾਣ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਨੌਜਵਾਨਾਂ ਨੂੰ ਕਸੂਰਵਾਰ ਦਰਸਾ ਰਹੇ ਸਿਆਸਤਦਾਨ ਇਨ੍ਹਾਂ ਮੰਦੜੇ ਹਾਲਾਂ ਲਈ ਖੁਦ ਜ਼ਿੰਮੇਵਾਰ ਹਨ। ਸੱਤਰਵਿਆਂ ਦੌਰਾਨ ਜਦੋਂ ਭ੍ਰਿਸ਼ਟਾਚਾਰ ਨੇ ਆਪਣੇ ਪੈਰ ਪਸਾਰਨੇ ਅਰੰਭ ਕੀਤੇ ਸਨ ਤਾਂ ਇਸ ਨੂੰ ਠੱਲ੍ਹ ਪਾਉਣ ਦੀ ਥਾਂ ਇਸ ਅਮਲ ਨੂੰ ਜ਼ਰਬ ਦੇਣ ਦਾ ਕੰਮ ਕੀਤਾ ਗਿਆ। ਇਹ ਅਮਲ ਅੱਜ ਤੱਕ ਨਿਰਵਿਘਨ ਚੱਲ ਰਿਹਾ ਹੈ। ਇਸ ਅਮਲ ਵਿਚ ਘਾਣ ਆਮ ਬੰਦੇ ਦਾ ਹੀ ਹੋਇਆ ਹੈ। ਹੁਣ ਦੀਆਂ ਘਟਨਾਵਾਂ ਵੀ ਇਹੀ ਦੱਸਦੀਆਂ ਹਨ। ਪੰਜਾਬ ਜਲ ਰਿਹਾ ਹੈ ਅਤੇ ਪੰਜਾਬ ਦੇ ਹਾਕਮ ਪੰਜਾਬ ਅਤੇ ਆਪਣੀ ਪਾਰਟੀ ਬਾਰੇ ਵਿਚਾਰਾਂ ਕਰਨ ਲਈ ਗੋਆ ਵਰਗੇ ਸੈਲਾਨੀ ਸਟੇਸ਼ਨ ਉਤੇ ਜਾਣ ਦੀ ਤਿਆਰੀ ਕੱਸੀ ਬੈਠੇ ਹਨ; ਰੋਮ ਜਲ ਰਿਹਾ ਹੈ ਅਤੇ ਨੀਰੋ ਬੰਸਰੀ ਵਜਾ ਰਿਹਾ ਹੈ। ਜਿਸ ਵਿਰੋਧੀ ਧਿਰ ਨੇ ਇਨ੍ਹਾਂ ਨੂੰ ਅਜਿਹੀਆਂ ਕਾਰਵਾਈਆਂ ਲਈ ਸਵਾਲ ਕਰਨੇ ਸਨ, ਉਹ ਆਪ ਆਪਣੀ ਹੋਂਦ ਬਚਾਈ ਰੱਖਣ ਲਈ ਹੀ ਫਿਕਰਮੰਦ ਨਜ਼ਰ ਆ ਰਹੀ ਹੈ। ਹਰ ਪਾਸੇ ਸਿਆਸਤ ਦੀਆਂ ਗੋਟੀਆਂ ਵਿਛੀਆਂ ਹੋਈਆਂ ਹਨ। ਅਸਲ ਵਿਚ ਇਨ੍ਹਾਂ ਦੀ ਚਾਲ ਦਾ ਸਮੁੱਚਾ ਤਾਣਾ-ਬਾਣਾ ਚੋਣਾਂ ਅਤੇ ਵੋਟਾਂ ਨਾਲ ਜੁੜਿਆ ਹੋਇਆ ਹੈ। ਇਸ ਤੋਂ ਅਗਲੇ ਸਭ ਰਾਹ ਇਕ ਤਰ੍ਹਾਂ ਨਾਲ ਬੰਦ ਹੀ ਕਰ ਦਿੱਤੇ ਗਏ ਹਨ। ਅਜਿਹੇ ਹਾਲਾਤ ਵਿਚ ਕਿਸੇ ਵੱਢ-ਪਾਊ ਸਿਆਸਤ ਦੀ ਸਰਗਰਮੀ ਦੀ ਘਾਟ ਲਗਾਤਾਰ ਰੜਕ ਰਹੀ ਹੈ। ਲੜਾਕੂ ਧਿਰਾਂ ਦੀ ਖਾਮੋਸ਼ੀ ਬਾਰੇ ਸਵਾਲ-ਦਰ-ਸਵਾਲ ਉਠ ਰਹੇ ਹਨ। ਪੰਜਾਬ ਦੀ ਲੋਕਾਈ ਨੇ ਸਦਾ ਹੀ ਵਧੀਕੀਆਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਅੱਜ ਦੀ ਤਬਾਹੀ ਖਿਲਾਫ ਇੰਨੀ ਹੀ ਤਿੱਖੀ ਕੋਈ ਮੁਹਿੰਮ ਚੱਲੇਗੀ, ਇਹ ਆਸ ਕਰਨੀ ਚਾਹੀਦੀ ਹੈ।
Leave a Reply